ਕਾਂਗਰਸ ਵੱਲੋਂ ਮੁੱਖ ਮੰਤਰੀ ਉਮੀਦਵਾਰ ਵਜੋਂ ਚੰਨੀ ਦੇ ਨਾਮ `ਤੇ ਮੋਹਰ

ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਨੂੰ ਲੈ ਕੇ ਕਾਂਗਰਸ ਅੰਦਰ ਚੱਲ ਰਹੇ ਕਿਆਸਾਂ ਨੂੰ ਵਿਰਾਮ ਦਿੰਦਿਆਂ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਦੇ ਨਾਮ ‘ਤੇ ਰਸਮੀ ਮੋਹਰ ਲਾ ਦਿੱਤੀ ਹੈ।

ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਮਗਰੋਂ ਕਾਂਗਰਸ ‘ਤੇ ਵੀ ਲਗਾਤਾਰ ਦਬਾਅ ਸੀ ਕਿ ਉਹ ਮੁੱਖ ਮੰਤਰੀ ਚਿਹਰਾ ਐਲਾਨੇ। ਉਧਰ, ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਤੇ ਪਾਰਟੀ ‘ਤੇ ਸਵਾਲ ਚੁੱਕ ਰਹੇ ਸਨ ਕਿ ‘ਬਿਨਾਂ ਲਾੜੇ ਦੇ ਬਾਰਾਤ ਕਿਵੇਂ ਚੱਲੇਗੀ।‘ ਪਿਛਲੇ ਮਹੀਨੇ ਜਲੰਧਰ ‘ਚ ਕੀਤੀ ਵਰਚੁਅਲ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਸੀ ਕਿ ਪੰਜਾਬ ‘ਚ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਬਾਰੇ ਜਨਤਾ ਤੈਅ ਕਰੇਗੀ।
ਉਨ੍ਹਾਂ ਲੋਕ ਰਾਏ ਮਗਰੋਂ ਇਕ ਹਫਤੇ ਅੰਦਰ ਇਹ ਮਸ਼ਕ ਪੂਰੀ ਕਰ ਲੈਣ ਦਾ ਦਾਅਵਾ ਕੀਤਾ ਸੀ। ਇਥੇ ਹਰਸ਼ਿਲਾ ਰਿਜੌਰਟ ਵਿਚ ਕੀਤੀ ਰੈਲੀ ਦੌਰਾਨ ਰਾਹੁਲ ਗਾਂਧੀ ਹੰਢੇ ਹੋਏ ਸਿਆਸਤਦਾਨ ਵਜੋਂ ਵਿਚਰੇ। ਮੰਚ ਤੋਂ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਤਕਰੀਰ ਕਰਦਿਆਂ ਸਿੱਧੂ ਕਦੇ ਕਦੇ ਜਜ਼ਬਾਤੀ ਹੋ ਜਾਂਦੇ ਹਨ ਅਤੇ ਦਿਲ ਦੀ ਗੱਲ ਆਖ ਜਾਂਦੇ ਹਨ। ਉਨ੍ਹਾਂ ਨਵਜੋਤ ਸਿੱਧੂ ਦੇ ਪੰਜਾਬ ਮਾਡਲ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਵੀ ਤਾਰੀਫ਼ ਕੀਤੀ। ਮਗਰੋਂ ਸਟੇਜ ‘ਤੇ ਮੌਜੂਦ ਸਾਰੇ ਆਗੂਆਂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਗਰੀਬ ਘਰ ਦਾ ਮੁੱਖ ਮੰਤਰੀ ਚਾਹੀਦਾ ਹੈ, ਇਸ ਲਈ ਪੰਜਾਬ ਵਿਧਾਨ ਸਭਾ ‘ਚ ਐਤਕੀਂ ਚਰਨਜੀਤ ਸਿੰਘ ਚੰਨੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣਗੇ। ਸਾਬਕਾ ਕਾਂਗਰਸ ਪ੍ਰਧਾਨ ਵੱਲੋਂ ਇੰਨਾ ਕਹਿਣ ਦੀ ਦੇਰ ਸੀ ਕਿ ਪੂਰੇ ਪੰਡਾਲ ‘ਚ ਚਰਨਜੀਤ ਸਿੰਘ ਚੰਨੀ ਦਾ ਨਾਮ ਅਤੇ ਨਾਅਰੇ ਗੂੰਜਣ ਲੱਗੇ। ਚੰਨੀ ਦੇ ਬਿਲਕੁਲ ਨਾਲ ਵਾਲੀ ਕੁਰਸੀ ‘ਤੇ ਬੈਠੇ ਨਵਜੋਤ ਸਿੰਘ ਸਿੱਧੂ ਨੇ ਚੰਨੀ ਦੀ ਬਾਂਹ ਖੜ੍ਹੀ ਕਰ ਦਿੱਤੀ ਤੇ ਸੁਨੀਲ ਜਾਖੜ ਨੂੰ ਅੱਗੇ ਲਿਆ ਕੇ ਦੋਹਾਂ ਦੇ ਨਾਲ ਚੱਲਣ ਦਾ ਵੀ ਭਰੋਸਾ ਦਿੱਤਾ।
ਕਾਂਗਰਸ ਨੇ ਗਰੀਬ ਘਰੋਂ ਉਠੇ ਬੰਦੇ ਨੂੰ ਮਾਣ ਦਿੱਤਾ: ਚੰਨੀ
ਕਾਂਗਰਸ ਵੱਲੋਂ ਚੋਣਾਂ ਲਈ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਮਗਰੋਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਾਰਟੀ ਨੇ ਗਰੀਬ ਘਰ ਤੋਂ ਉਠੇ ਵਿਅਕਤੀ ਨੂੰ ਵੱਡਾ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਮ ਆਦਮੀ ਨੂੰ ਬਹੁਤ ਵੱਡੇ ਆਹੁਦੇ ‘ਤੇ ਬਿਠਾਇਆ ਹੈ, ਜਿਸ ਦਾ ਉਹ ਤੇ ਪੰਜਾਬ ਦੀ ਜਨਤਾ ਮੁੱਲ ਜਰੂਰ ਮੋੜੇਗੀ। ਚੰਨੀ ਨੇ ਆਪਣੇ ਸੰਬੋਧਨ ਵਿਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਰੀਫ਼ਾਂ ਦੇ ਪੁਲ ਬੰਨ੍ਹੇ।
ਰਾਹੁਲ ਗਾਂਧੀ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ: ਸਿੱਧੂ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕੁੱਲ ਹਿੰਦ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਤਾਰੀਫ ਕੀਤੀ ਅਤੇ ਕਈ ਸ਼ੇਅਰ ਬੋਲੇ, ਉਥੇ ਕਿਹਾ ਕਿ ਉਨ੍ਹਾਂ ਨੂੰ ਅਹੁਦਿਆਂ ਦੀ ਭੁੱਖ ਨਹੀਂ, ਸਗੋਂ ਉਹ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਹੀ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਰਾਹੁਲ ਗਾਂਧੀ ਦਾ ਹਰ ਹੁਕਮ ਮੰਨ ਚੁੱਕੇ ਹਨ ਤੇ ਭਵਿੱਖ ‘ਚ ਵੀ ਹਰ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਿਆ ਰਿਹਾ ਅਤੇ ਪੰਜਾਬ ਅੰਦਰ 2022 ਵਿਚ ਕਾਂਗਰਸ ਦੀ ਸਰਕਾਰ ਬਣੀ, ਤਾਂ ਆਮ ਵਰਕਰਾਂ ਨੂੰ ਚੇਅਰਮੈਨੀਆਂ ਤੇ ਹੋਰ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ।