ਚੰਨੀ ਦੇ ਭਾਣਜੇ ਨੇ 10 ਕਰੋੜ ਨਕਦੀ ਮਿਲਣ ਦੀ ਗੱਲ ਕਬੂਲੀ: ਈ.ਡੀ.

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਉਰਫ ਹਨੀ ਨੇ ਰੇਤਾ ਦੀ ਗ਼ੈਰ-ਕਾਨੂੰਨੀ ਮਾਈਨਿੰਗ ਅਤੇ ਸੂਬੇ ਵਿਚ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ‘ਚ ਸਹੂਲਤ ਮੁਹੱਈਆ ਕਰਵਾਉਣ ਬਦਲੇ 10 ਕਰੋੜ ਰੁਪਏ ਨਕਦੀ ਮਿਲਣ ਦੀ ਗੱਲ ਕਬੂਲ ਕੀਤੀ ਹੈ।

ਦੱਸਣਯੋਗ ਹੈ ਕਿ ਈ.ਡੀ. ਨੇ ਹਵਾਲਾ ਜਾਂਚ ਦੇ ਸਿਲਸਿਲੇ ‘ਚ ਹਨੀ ਨੂੰ ਬੀਤੀ 3 ਫਰਵਰੀ ਨੂੰ ਜਲੰਧਰ ਵਿਖੇ ਆਪਣੀ ਹਿਰਾਸਤ ‘ਚ ਲੈ ਲਿਆ ਸੀ। ਈ.ਡੀ. ਨੇ ਆਪਣੇ ਬਿਆਨ ‘ਚ ਕਿਹਾ ਕਿ ਛਾਪੇਮਾਰੀ ਦੌਰਾਨ ਉਨ੍ਹਾਂ ਕੁਦਰਤਦੀਪ ਸਿੰਘ, ਭੁਪਿੰਦਰ ਸਿੰਘ ਹਨੀ, ਹਨੀ ਦੇ ਪਿਤਾ ਸੰਤੋਖ ਸਿੰਘ ਅਤੇ ਸੰਦੀਪ ਕੁਮਾਰ ਦੇ ਬਿਆਨ ਦਰਜ ਕੀਤੇ ਅਤੇ ਇਸ ਤੋਂ ਇਹ ਸਿੱਧ ਹੋਇਆ ਕਿ ਜ਼ਬਤ ਕੀਤੇ 10 ਕਰੋੜ ਹਨੀ ਦੇ ਸਨ। ਇਸ ਤੋਂ ਇਲਾਵਾ ਹਨੀ ਨੇ ਵੀ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਸ ਨੂੰ ਰੇਤ ਮਾਈਨਿੰਗ ਦੇ ਕੰਮਾਂ ਅਤੇ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ‘ਚ ਸਹੂਲਤ ਦੇਣ ਬਦਲੇ ਜ਼ਬਤ ਕੀਤੀ ਗਈ ਨਕਦੀ ਪ੍ਰਾਪਤ ਹੋਈ ਸੀ। ਈ.ਡੀ. ਨੇ ਦੱਸਿਆ ਕਿ ਹਨੀ ਨੂੰ 3 ਫਰਵਰੀ ਨੂੰ ਕੁਝ ਦਸਤਾਵੇਜ਼ਾਂ ਨਾਲ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ। ਜਿਸ ਉਤੇ ਹਨੀ ਈ.ਡੀ. ਸਾਹਮਣੇ ਪੇਸ਼ ਹੋਇਆ ਅਤੇ ਆਪਣਾ ਬਿਆਨ ਦਰਜ ਕਰਵਾਇਆ, ਜਿਸ ‘ਚ ਉਸ ਨੇ ਹੋਰਨਾਂ ਗੱਲਾਂ ਨਾਲ ਇਹ ਵੀ ਕਿਹਾ ਕਿ ਉਹ ਮਾਈਨਿੰਗ ਨਾਲ ਸਬੰਧਤ ਸਰਗਰਮੀਆਂ ‘ਚ ਸ਼ਾਮਲ ਸੀ ਪਰ ਦੋਸ਼ ਸਾਬਤ ਕਰਨ ਵਾਲਾ ਡਾਟਾ ਸਾਹਮਣੇ ਰੱਖੇ ਜਾਣ ‘ਤੇ ਉਸ ਨੇ ਟਾਲ-ਮਟੋਲ ਵਾਲਾ ਰਵੱਈਆ ਅਪਣਾਇਆ।