ਜਾਖੜ ਵੱਲੋਂ ਸਰਗਰਮ ਸਿਆਸਤ ਨੂੰ ਅਲਵਿਦਾ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਸਿਆਸਤ ਨੂੰ ਅਲਵਿਦਾ ਆਖ ਦਿੱਤਾ ਹੈ। ਉਂਜ ਉਨ੍ਹਾਂ ਕਾਂਗਰਸ ਪਾਰਟੀ ਨਾਲ ਜੁੜੇ ਰਹਿਣ ਦੀ ਗੱਲ ਜ਼ੋਰਦਾਰ ਤਰੀਕੇ ਨਾਲ ਆਖੀ ਹੈ। ਉਨ੍ਹਾਂ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਉਹ ਸਰਗਰਮ ਸਿਆਸਤ ਨੂੰ ਛੱਡ ਰਹੇ ਹਨ ਪਰ ਉਹ ਕਾਂਗਰਸ ਦਾ ਹਿੱਸਾ ਬਣੇ ਰਹਿਣਗੇ। ਕਾਂਗਰਸ ‘ਚ ਪੰਜਾਬ ਦੇ ਹਿੰਦੂ ਚਿਹਰੇ ਵਜੋਂ ਜਾਣੇ ਜਾਂਦੇ ਸੁਨੀਲ ਜਾਖੜ ਨੇ ਇਹ ਫੈਸਲਾ ਉਦੋਂ ਲਿਆ ਹੈ ਜਦੋਂ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ।

ਜਾਖੜ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਬਣਾਏ ਜਾਣ ਦੀ ਪੂਰਨ ਹਮਾਇਤ ਕਰਦਿਆਂ ਰਾਹੁਲ ਗਾਂਧੀ ਦੇ ਇਸ ਫੈਸਲੇ ਨੂੰ ਸ਼ਾਨਦਾਰ ਦੱਸਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਇਸ ਫੈਸਲੇ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਜਾਖੜ ਨੇ ਸਰਗਰਮ ਸਿਆਸਤ ਤੋਂ ਲਾਂਭੇ ਹੋਣ ਦਾ ਰਸਮੀ ਐਲਾਨ ਬੇਸ਼ੱਕ ਹੁਣ ਕੀਤਾ ਹੈ ਪਰ ਉਨ੍ਹਾਂ ਇਸ ਦਾ ਇਸ਼ਾਰਾ ਉਸ ਸਮੇਂ ਹੀ ਕਰ ਦਿੱਤਾ ਸੀ ਜਦੋਂ ਅਬੋਹਰ ਹਲਕਾ ਉਨ੍ਹਾਂ ਆਪਣੇ ਭਤੀਜੇ ਸੰਦੀਪ ਜਾਖੜ ਲਈ ਖਾਲੀ ਕਰ ਦਿੱਤਾ ਸੀ।
ਇਸੇ ਦੌਰਾਨ ਅੰਮ੍ਰਿਤਸਰ ਵਿਚ ਚੋਣ ਪ੍ਰਚਾਰ ਕਰਦਿਆਂ ਡਾ. ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਮੁੱਖ ਮੰਤਰੀ ਦੇ ਉਮੀਦਵਾਰ ਦੀ ਚੋਣ ਵਾਸਤੇ ਇਕ ਪੈਮਾਨਾ ਤੈਅ ਕੀਤਾ ਜਾਣਾ ਚਾਹੀਦਾ ਸੀ ਜਿਸ ਵਿਚ ਵਿਦਿਅਕ ਯੋਗਤਾ, ਕੀਤੇ ਕੰਮ ਤੇ ਇਮਾਨਦਾਰੀ ਨੂੰ ਦੇਖਿਆ ਜਾਂਦਾ। ਇਸ ਅਹੁਦੇ ਵਾਸਤੇ ਨਵਜੋਤ ਸਿੰਘ ਸਿੱਧੂ ਸਹੀ ਵਿਅਕਤੀ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪਾਰਟੀ ਨੇਤਾ ਰਾਹੁਲ ਗਾਂਧੀ ਨੂੰ ਗੁਮਰਾਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਸ ਵਾਸਤੇ ਨਹੀਂ ਕਹਿ ਰਹੇ ਕਿ ਸ੍ਰੀ ਸਿੱਧੂ ਉਨ੍ਹਾਂ ਦੇ ਪਤੀ ਹਨ, ਸਗੋਂ ਇਸ ਲਈ ਕਹਿ ਰਹੇ ਹਨ ਕਿ ਉਨ੍ਹਾਂ ਦਾ ਪੰਜਾਬ ਮਾਡਲ ਸਭ ਤੋਂ ਬਿਹਤਰ ਸੀ, ਜੇ ਉਨ੍ਹਾਂ ਨੂੰ ਸਮਾਂ ਮਿਲਦਾ ਤਾਂ ਉਹ ਛੇ ਮਹੀਨਿਆਂ ਵਿਚ ਪੰਜਾਬ ਵਿਚ ਬਦਲਾਅ ਲਿਆ ਸਕਦੇ ਸਨ।