ਸੰਯੁਕਤ ਸਮਾਜ ਮੋਰਚੇ ਨੇ ਚੋਣ ਕਮਿਸ਼ਨ ਦੀ ਨੀਅਤ `ਤੇ ਚੁੱਕੇ ਸਵਾਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿਚ ਨਿੱਤਰੇ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚੇ ਨੂੰ ਚੋਣ ਕਮਿਸ਼ਨ ਨੇ ਪਾਰਟੀ ਵਜੋਂ ਮਾਨਤਾ ਦੇ ਦਿੱਤੀ ਹੈ। ਮੋਰਚੇ ਦੇ ਉਮੀਦਵਾਰ ਹਾਲਾਂਕਿ ਆਜ਼ਾਦ ਉਮੀਦਵਾਰ ਵਜੋਂ ਹੀ ਚੋਣ ਲੜਨਗੇ। ਚੋਣ ਕਮਿਸ਼ਨ ਦੇ ਇਸ ਫੈਸਲੇ ਤੋਂ ਨਾਰਾਜ਼ ਉਮੀਦਵਾਰਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਸਾਰਿਆਂ ਨੂੰ ਇਕੋ ਜਿਹਾ ਚੋਣ ਨਿਸ਼ਾਨ ਦਿੱਤਾ ਜਾਵੇ।

ਸੰਯੁਕਤ ਸਮਾਜ ਮੋਰਚੇ ਨੇ ਨਾਮਜ਼ਦਗੀਆਂ ਦੇ ਆਖਰੀ ਦਿਨ ਆਜ਼ਾਦ ਉਮੀਦਵਾਰ ਵਜੋਂ ਚੋਣ ਨਾਮਜ਼ਦਗੀਆਂ ਭਰੀਆਂ ਸਨ ਤੇ ਦੇਰ ਸ਼ਾਮ ਚੋਣ ਕਮਿਸ਼ਨ ਨੇ ਮੋਰਚੇ ਨੂੰ ਪਾਰਟੀ ਵਜੋਂ ਮਾਨਤਾ ਦੇ ਦਿੱਤੀ। ਮਾਨਤਾ ਮਿਲਣ ਮਗਰੋਂ ਮੋਰਚੇ ਵੱਲੋਂ ਇਸ ਫੈਸਲੇ ਦੇ ਸਮੇਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਉਧਰ, ਵਿਧਾਨ ਸਭਾ ਹਲਕਾ ਲੁਧਿਆਣਾ (ਉਤਰੀ) ਤੋਂ ਉਮੀਦਵਾਰ ਸ਼ਿਵਮ ਅਰੋੜਾ ਬੀਤੇ ਦਿਨੀਂ ਸੰਯੁਕਤ ਸਮਾਜ ਮੋਰਚੇ ਦੀ ਟਿਕਟ ਮਿਲਣ ਦੇ ਬਾਵਜੂਦ ਕਿਸਾਨਾਂ ਦਾ ਸਾਥ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ।
ਸੰਯੁਕਤ ਸਮਾਜ ਮੋਰਚਾ ਵੱਲੋਂ ਲੁਧਿਆਣਾ ਦੇ ਹਲਕਾ ਗਿੱਲ ਤੋਂ ਚੋਣ ਮੈਦਾਨ ਵਿਚ ਉਤਰੇ ਰਾਜੀਵ ਕੁਮਾਰ ਲਵਲੀ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਫੈਸਲਾ ਦੇਣ ਵਿਚ ਕਾਫੀ ਦੇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਨਾਮਜ਼ਦਗੀ ਆਜ਼ਾਦ ਉਮੀਦਵਾਰ ਵਜੋਂ ਹੈ ਤੇ ਉਹ ਆਜ਼ਾਦ ਉਮੀਦਵਾਰ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਮੋਰਚੇ ਨੂੰ ਮਾਨਤਾ ਦੇਣ ਵਿਚ ਕੀਤੀ ਦੇਰੀ ਕਾਰਨ ਉਹ ਕਾਫੀ ਪਰੇਸ਼ਾਨ ਹਨ। ਉਨ੍ਹਾਂ ਨੂੰ ਚੋਣ ਨਿਸ਼ਾਨ ਨਹੀਂ ਮਿਲਿਆ, ਜਿਸ ਕਰਕੇ ਉਹ ਪੋਸਟਰ ਬੈਨਰ ਨਹੀਂ ਛਪਵਾ ਸਕੇ।
ਹਲਕੇ ਵਿਚ ਉਨ੍ਹਾਂ ਦੇ ਪ੍ਰਚਾਰ ਲਈ ਬੋਰਡ ਵੀ ਨਹੀਂ ਲੱਗੇ ਹਨ। ਉਨ੍ਹਾਂ ਕਿਹਾ ਕਿ ਮੋਰਚੇ ਦੇ ਸਾਰੇ ਉਮੀਦਵਾਰਾਂ ਨੂੰ ਇਕੋ ਜਿਹੇ ਚੋਣ ਨਿਸ਼ਾਨ ਦਿੱਤੇ ਜਾਣ ਤਾਂ ਕਿ ਉਹ ਸਹੀ ਤਰੀਕੇ ਨਾਲ ਸਮੇਂ ਸਿਰ ਆਪਣੇ ਪ੍ਰਚਾਰ ਵਿਚ ਲੱਗ ਜਾਣ। ਸੰਯੁਕਤ ਸਮਾਜ ਮੋਰਚਾ ਵੱਲੋਂ ਟਰੈਕਟਰ ਟਰਾਲੀ, ਹੱਲ ਜੋੜਦਾ ਕਿਸਾਨ ਤੇ ਇਕੱਲੀ ਟਰਾਲੀ ਵਿਚੋਂ ਕਿਸੇ ਇਕ ਦੀ ਚੋਣ ਨਿਸ਼ਾਨ ਵਜੋਂ ਮੰਗ ਕੀਤੀ ਜਾ ਰਹੀ ਹੈ।
ਕਾਬਲੇਗੌਰ ਹੈ ਕਿ ਸੰਯੁਕਤ ਸਮਾਜ ਮੋਰਚੇ ਨੇ ਸੰਯੁਕਤ ਸੰਘਰਸ਼ ਮੋਰਚੇ ਨਾਲ ਮਿਲ ਕੇ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਚੋਣ ਲੜਨ ਦਾ ਫੈਸਲਾ ਲਿਆ ਸੀ। ਗੁਰਨਾਮ ਸਿੰਘ ਚੜੂਨੀ ਦੇ ਸੰਯੁਕਤ ਸੰਘਰਸ਼ ਮੋਰਚੇ ਨੂੰ 10 ਸੀਟਾਂ ਦਿੱਤੀਆਂ ਗਈਆਂ ਸਨ ਜਦੋਂਕਿ ਸੰਯੁਕਤ ਸਮਾਜ ਮੋਰਚੇ ਨੂੰ 97 ਸੀਟਾਂ ਮਿਲੀਆਂ ਸਨ। ਬਹੁਤ ਸਾਰੀਆਂ ਥਾਵਾਂ ‘ਤੇ ਮੋਰਚੇ ਦੇ ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਿਚ ਨਾਕਾਮ ਰਹੇ ਹਨ।
ਮੋਰਚੇ ਨੂੰ ਚੋਣ ਨਿਸ਼ਾਨ ਦੇਣ `ਚ ਦੇਰੀ ਕੀਤੀ: ਰੁਲਦੂ ਸਿੰਘ
ਮਾਨਸਾ: ਸੰਯੁਕਤ ਸਮਾਜ ਮੋਰਚਾ ਦੇ ਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਜਾਰੀ ਕਰਨ ਵਿਚ ਕੀਤੀ ਗਈ ਦੇਰੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਸੰਯੁਕਤ ਸਮਾਜ ਮੋਰਚੇ ਵੱਲੋਂ ਆਪਣਾ ਚੋਣ ਨਿਸ਼ਾਨ ਟਰੈਕਟਰ, ਟਰੈਕਟਰ-ਟਰਾਲੀ ਅਤੇ ਤੰਬੂ-ਟਰਾਲੀ ਮੰਗਿਆ ਗਿਆ ਸੀ ਜਦਕਿ ਚੋਣ ਨਿਸ਼ਾਨ ਮੰਜਾ ਕਦੇ ਮੰਗਿਆ ਨਹੀਂ ਗਿਆ ਸੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਨਿਸ਼ਾਨ ਦੇਣ ਵਿਚ ਜਾਣ-ਬੁਝ ਕੇ ਦੇਰ ਕੀਤੀ ਹੈ ਜਿਸ ਨੂੰ ਆਪਣੇ ਤੌਰ ‘ਤੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਚੋਣਾਂ ਵਾਲੇ ਆਗੂਆਂ ਦਾ ਮੋਰਚੇ ਨਾਲ ਕੋਈ ਸਬੰਧ ਨਹੀਂ: ਉਗਰਾਹਾਂ
ਬੀ.ਕੇ.ਯੂ. (ਉਗਰਾਹਾਂ) ਦੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਸੰਯੁਕਤ ਸਮਾਜ ਮੋਰਚੇ ਨਾਲ ਕੋਈ ਸਬੰਧ ਨਹੀਂ ਤੇ ਸਾਡਾ ਮੋਰਚਾ ਗੈਰ-ਸਿਆਸੀ ਹੀ ਰਹੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਸਿਆਸੀ ਆਗੂ ਜਾਂ ਪਾਰਟੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਹੋ ਸਕਦੀ। ਟਰੇਡ ਯੂਨੀਅਨਾਂ ਨਾਲ ਸਾਡਾ ਰਾਬਤਾ ਜਾਰੀ ਰਹੇਗਾ, ਜੋ ਪਹਿਲਾਂ ਵੀ ਸੀ। ਉਨ੍ਹਾਂ ਕਿਹਾ ਕਿ ਰਾਜਸੀ ਫਰੰਟ ਬਣਾ ਕੇ ਕੋਈ ਵੀ ਚੋਣ ਲੜ ਸਕਦਾ ਹੈ, ਪਰ ਕਿਸਾਨ ਮੋਰਚੇ ਤੋਂ ਨਹੀਂ। ਚੋਣਾਂ ਨਾਲ ਜੁੜੇ ਇਸ ਮੁੱਦੇ ‘ਤੇ ਟਿਕੈਤ ਨੇ ਕਿਹਾ ਕਿ ਕਿਸਾਨ ਕੁਝ ਸਮੇਂ ਲਈ ਛੁੱਟੀ ਉਪਰ ਗਏ ਹੋਏ ਹਨ।
ਚੋਣ ਕਮਿਸ਼ਨ ਇਕੋ ਚੋਣ ਨਿਸ਼ਾਨ ਦੇਵੇ: ਰਾਜੇਵਾਲ
ਸੰਯੁਕਤ ਸਮਾਜ ਮੋਰਚਾ ਨੂੰ ਪਾਰਟੀ ਵਜੋਂ ਮਾਨਤਾ ਮਿਲਣ ਮਗਰੋਂ ਬਲਬੀਰ ਸਿੰਘ ਰਾਜੇਵਾਲ ਨੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਹੈ ਕਿ ਮੋਰਚੇ ਦੇ ਉਮੀਦਵਾਰਾਂ ਨੂੰ ਇਕੋ ਜਿਹਾ ਚੋਣ ਨਿਸ਼ਾਨ ਦਿੱਤਾ ਜਾਵੇ, ਤਾਂ ਕਿ ਲੋਕਾਂ ਵਿੱਚ ਮੋਰਚੇ ਦੇ ਉਮੀਦਵਾਰਾਂ ਦੀ ਪਛਾਣ ਆਸਾਨੀ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਮੋਰਚੇ ਦੇ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਭਰੀਆਂ ਹਨ, ਲਿਹਾਜ਼ਾ ਇਕੋ ਜਿਹੇ ਚੋਣ ਨਿਸ਼ਾਨ ਦੀ ਅਲਾਟਮੈਂਟ ਜਰੂਰੀ ਹੈ।