ਮੁੰਬਈ: ਆਪਣੀ ਵਿਲੱਖਣ ਤੇ ਸੁਰੀਲੀ ਆਵਾਜ਼ ਨਾਲ ਦੱਖਣੀ ਏਸ਼ੀਆ ਦੀਆਂ ਪੀੜ੍ਹੀਆਂ ‘ਚ ਇਕ ਵੱਖਰੀ ਪਛਾਣ ਬਣਾਉਣ ਵਾਲੀ ਅਤੇ ਭਾਰਤ ਦੀਆਂ ਮਹਾਨ ਸ਼ਖਸੀਅਤਾਂ ਵਿਚ ਸ਼ੁਮਾਰ ਲਤਾ ਮੰਗੇਸ਼ਕਰ ਦਾ 92 ਵਰ੍ਹਿਆਂ ਦੀ ਉਮਰ ‘ਚ ਦਿਹਾਂਤ ਹੋ ਗਿਆ। ਸਰੀਰ ਦੇ ਕਈ ਅੰਗਾਂ ਦੇ ਕੰਮ ਬੰਦ ਕਰਨ ਤੋਂ ਬਾਅਦ ਉਨ੍ਹਾਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਿਆ।
ਉਨ੍ਹਾਂ ਨੂੰ ਕਰੋਨਾ ਦੇ ਹਲਕੇ ਲੱਛਣਾਂ ਤੋਂ ਬਾਅਦ 8 ਜਨਵਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਨਮੂਨੀਆ ਵੀ ਹੋ ਗਿਆ ਸੀ। ‘ਸੁਰਾਂ ਦੀ ਮਲਿਕਾ` ਲਤਾ ਮੰਗੇਸ਼ਕਰ ਨੇ ਕਰੀਬ ਹਰ ਭਾਵਨਾ ਨੂੰ ਆਪਣੀ ਗੀਤਾਂ ਰਾਹੀਂ ਜ਼ਾਹਿਰ ਕੀਤਾ। ਭਾਵੇਂ ਉਹ ਉਦਾਸ ਭਾਵ ਹੋਵੇ ਜਾਂ ਫਿਰ ਖੁਸ਼ੀ ਵਾਲਾ, ਜਾਂ ਦੇਸ਼ ਭਗਤੀ ਨਾਲ ਭਿੱਜਿਆ ਤੇ ਜਾਂ ਫਿਰ ਇਸ਼ਕ ਦੇ ਰੰਗ ਵਿਚ ਰੰਗਿਆ।
1942 ਵਿਚ ਆਈ ਮਰਾਠੀ ਫਿਲਮ ‘ਕਿਤੀ ਹਸਾਲ` ਨਾਲ 13 ਸਾਲ ਦੀ ਨਿੱਕੀ ਉਮਰੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਕਰਨ ਵਾਲੀ ਲਤਾ ਸੰਗੀਤਕ ਸੁਰਾਂ ਦੇ ਉਸ ਪੱਧਰ ਉਤੇ ਜਾ ਪਹੁੰਚੀ ਜਿੱਥੇ ਪਹਿਲਾਂ ਕੋਈ ਨਹੀਂ ਪਹੁੰਚਿਆ ਸੀ। ਮੰਗੇਸ਼ਕਰ ਨੇ ਨਾ ਸਿਰਫ ਹਿੰਦੀ ਬਲਕਿ ਕਰੀਬ ਹਰ ਵੱਡੀ ਭਾਰਤੀ ਭਾਸ਼ਾ ਵਿਚ ਗੀਤ ਗਾਏ। ਉਨ੍ਹਾਂ ਫਿਲਮ ਜਗਤ ਦੀਆਂ ਕਈ ਮੋਹਰੀ ਅਭਿਨੇਤਰੀਆਂ ਜਿਵੇਂ ਮਧੂਬਾਲਾ, ਵਹੀਦਾ ਰਹਿਮਾਨ, ਮੀਨਾ ਕੁਮਾਰੀ, ਜਯਾ ਬਚਨ, ਕਾਜੋਲ ਤੇ ਪ੍ਰੀਤੀ ਜਿੰਟਾ ਲਈ ਪਿੱਠਵਰਤੀ ਆਵਾਜ਼ ਦਿੱਤੀ।
ਦਹਾਕਿਆਂ ਤੱਕ ਲੋਕ ਮਨਾਂ ਉਤੇ ਰਾਜ ਕਰਨ ਵਾਲੇ ਉਨ੍ਹਾਂ ਦੇ ਗੀਤਾਂ ਵਿਚੋਂ ਇਕ ‘ਮਹਿਲ` (1949) ਫਿਲਮ ਦਾ ਗੀਤ ‘ਆਏਗਾ ਆਨੇਵਾਲਾ` ਵੀ ਸੀ। ਕਵੀ ਪ੍ਰਦੀਪ ਵੱਲੋਂ ਲਿਖਿਆ ਤੇ ਲਤਾ ਵੱਲੋਂ ਗਾਇਆ ਗੀਤ ‘ਐ ਮੇਰੇ ਵਤਨ ਕੇ ਲੋਗੋ` ਜੋ ਕਿ 1962 ਦੀ ਭਾਰਤ-ਚੀਨ ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸਮਰਪਿਤ ਸੀ, ਅਮਿੱਟ ਛਾਪ ਛੱਡ ਗਿਆ। ਹਾਲਾਂਕਿ ਇਹ ਗੀਤ ਕਿਸੇ ਫਿਲਮ ਨਾਲ ਸਬੰਧਤ ਨਹੀਂ ਸੀ। ਸੀ. ਰਾਮਚੰਦਰ ਵੱਲੋਂ ਸੰਗੀਤਬੱਧ ਕੀਤੇ ਇਸ ਗੀਤ ਨੂੰ ਲਤਾ ਨੇ 27 ਜਨਵਰੀ, 1963 ਨੂੰ ਕੌਮੀ ਸਟੇਡੀਅਮ ਵਿਚ ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਹਾਜਰੀ ਵਿਚ ਗਾਇਆ ਸੀ। ਕਿਹਾ ਜਾਂਦਾ ਹੈ ਕਿ ਗੀਤ ਸੁਣ ਕੇ ਨਹਿਰੂ ਦੀਆਂ ਅੱਖਾਂ ਭਰ ਆਈਆਂ ਸਨ। ਇਸ ਤੋਂ ਇਲਾਵਾ ‘ਪਾਕੀਜ਼ਾ` (1972) ਫਿਲਮ ਦਾ ਗੀਤ ‘ਚਲਤੇ ਚਲਤੇ ਯੂੰ ਹੀ ਕੋਈ` ਲਤਾ ਵੱਲੋਂ ਗਾਏ ਸਭ ਤੋਂ ਖੂਬਸੂਰਤ ਗੀਤਾਂ ਵਿਚੋਂ ਇਕ ਸੀ। ਕੈਫੀ ਆਜਮੀ, ਮਜਰੂਹ ਸੁਲਤਾਨਪੁਰੀ ਤੇ ਕੈਫ ਭੁਪਾਲੀ ਵੱਲੋਂ ਲਿਖਿਆ ਇਹ ਗੀਤ ਖੁਸ਼ੀ, ਡੂੰਘੀ ਮੁਹੱਬਤ ਤੇ ਗਹਿਰੇ ਸਮਰਪਣ ਨੂੰ ਪ੍ਰਗਟ ਕਰਦਾ ਸੀ।
ਇਸੇ ਤਰ੍ਹਾਂ ‘ਅਨਾਮਿਕਾ` (1973) ਫਿਲਮ ਦਾ ਗੀਤ ‘ਬਾਹੋਂ ਮੇਂ ਚਲੇ ਆਓ` ਜਿਸ ਨੂੰ ਆਰ.ਡੀ ਬਰਮਨ ਨੇ ਸੰਗੀਤਬੱਧ ਕੀਤਾ ਸੀ, ਰੁਮਾਂਸ ਨਾਲ ਭਰਿਆ ਹੋਇਆ ਗੀਤ ਸੀ। ਇਸ ਵਿਚ ਲਤਾ ਨੇ ਵੱਖ-ਵੱਖ ਤਰ੍ਹਾਂ ਦੇ ਗੀਤਾਂ ਉਤੇ ਆਪਣੀ ਡੂੰਘੀ ਪਕੜ ਦਾ ਸਬੂਤ ਦਿੱਤਾ।