ਭਾਜਪਾ ਦੀ ਡੇਰਾ ਮੁਖੀ `ਤੇ ਮਿਹਰਬਾਨੀ ਬਾਰੇ ਵੀ ਉਠੇ ਸਵਾਲ
ਚੰਡੀਗੜ੍ਹ: ਪੰਜਾਬ ਅਤੇ ਉਤਰ ਪ੍ਰਦੇਸ਼ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਭਖੇ ਮਾਹੌਲ ਵਿਚਾਲੇ ਜਬਰ ਜਨਾਹ ਦੇ ਦੋਸ਼ਾਂ ਹੇਠ ਹਰਿਆਣਾ ਦੇ ਰੋਹਤਕ ਸਥਿਤ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ‘ਤੇ ਛੱਡਣ ਪਿੱਛੋਂ ਸਿਆਸੀ ਪਾਰਾ ਚੜ੍ਹ ਗਿਆ ਹੈ।
ਹਰਿਆਣਾ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਚਰਚਾ ਹੈ ਕਿ ਭਗਵਾ ਧਿਰ ਨੇ ਵੋਟਾਂ ਵਿਚ ਸਿਆਸੀ ਲਾਹਾ ਲੈਣ ਲਈ ਹੀ ਡੇਰਾ ਮੁਖੀ ਨੂੰ ‘ਆਜ਼ਾਦ’ ਕੀਤਾ ਹੈ। ਡੇਰਾ ਮੁਖੀ ਵੱਲੋਂ 23 ਜਨਵਰੀ ਨੂੰ ਜੇਲ੍ਹ ਵਿਚੋਂ ਭੇਜੀ ਚਿੱਠੀ ਵੀ ਇਸ਼ਾਰਾ ਕਰਦੀ ਹੈ ਕਿ ਰਾਮ ਰਹੀਮ ਨੂੰ ਫਰਲੋ ਦੇਣ ਬਾਰੇ ਫੈਸਲਾ ਕਾਫੀ ਪਹਿਲਾਂ ਕਰ ਲਿਆ ਸੀ ਅਤੇ ਡੇਰੇ ਨੂੰ ਇਸ ਬਾਰੇ ਪਤਾ ਸੀ। ਚਿੱਠੀ ਵਿਚ ਡੇਰੇ ਮੁਖੀ ਨੇ ਸਾਫ ਆਖਿਆ ਹੈ ਕਿ ਉਹ ਛੇਤੀ ਹੀ ਬਾਹਰ ਆਉਣਗੇ। ਯਾਦ ਰਹੇ ਕਿ ਡੇਰਾ ਮੁਖੀ ਨੇ ਪਹਿਲਾਂ ਵੀ ਛੇ ਵਾਰ ਪੈਰੋਲ ਲਈ ਹਰਿਆਣਾ ਜੇਲ੍ਹ ਪ੍ਰਸ਼ਾਸਨ ਨੂੰ ਦਰਖਾਸਤ ਕੀਤੀ ਸੀ ਪਰ ਹਰ ਵਾਰ ਵਿਰੋਧ ਪਿੱਛੋਂ ਹਰਿਆਣਾ ਸਰਕਾਰ ਨੂੰ ਪਿੱਛੇ ਹਟਣਾ ਪਿਆ। ਹੁਣ ਚੋਣ ਮਾਹੌਲ ਵਿਚ ਡੇਰਾ ਮੁਖੀ ਨੂੰ ਪੈਰੋਲ ਉਤੇ ਛੱਡਣ ਪਿੱਛੋਂ ਵੱਡੇ ਸਵਾਲ ਉਠ ਰਹੇ ਹਨ। ਡੇਰੇ ਬਾਰੇ ਹੁਣ ਤੱਕ ਇਹੀ ਚਰਚਾ ਰਹੀ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਜਾਂ ਇਸ ਦੀਆਂ ਭਾਈਵਾਲਾਂ ਦੇ ਹੱਕ ਵਿਚ ਭੁਗਤਦਾ ਆਇਆ ਹੈ।
ਡੇਰਾ ਮੁਖੀ ਨੂੰ ਪੈਰੋਲ ਪਿੱਛੋਂ ਜਿਥੇ ਭਾਜਪਾ ਵਾਲੇ ਇਸ ਨੂੰ ਕਾਨੂੰਨ ਮੁਤਾਬਕ ਮਿਲੀ ਰਾਹਤ ਦੱਸ ਰਹੇ ਹਨ, ਉਤੇ ਦੂਜੀਆਂ ਧਿਰਾਂ ਇਸ ਬਾਰੇ ਚੁੱਪ ਵੱਟਣ ਵਿਚ ਹੀ ਭਲਾਈ ਸਮਝ ਰਹੀਆਂ ਹਨ। ਅਸਲ ਵਿਚ, ਸਿਆਸੀ ਧਿਰ ਡੇਰੇ ਦੀ ਵੋਟ ਤਾਕਤ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਪੰਜਾਬ ਵਿਚ ਭਾਵੇਂ ਭਾਜਪਾ ਖਿਲਾਫ ਬਣੇ ਮਾਹੌਲ ਦੇ ਮੱਦੇਨਜ਼ਰ ਸਿਆਸੀ ਮਾਹਰਾਂ ਨਫੇ-ਨੁਕਸਾਨ ਬਾਰੇ ਦੁਚਿੱਤੀ ਵਿਚ ਹਨ ਪਰ ਸੂਬੇ ਦੀਆਂ ਰਵਾਇਤੀ ਧਿਰਾਂ ਤਾਜ਼ਾ ਹਾਲਾਤ ਉਤੇ ਨੇੜਿਉਂ ਨਜ਼ਰ ਰੱਖ ਰਹੀਆਂ ਹਨ। ਮਾਲਵੇ ‘ਚ ਡੇਰਾ ਮੁਖੀ ਦੇ ਸ਼ਰਧਾਲੂਆਂ ਦਾ ਖਾਸਾ ਪ੍ਰਭਾਵ ਹੈ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ ਮਾਲਵੇ 56 ਵਿਧਾਨ ਸਭਾ ਹਲਕਿਆਂ ‘ਚ ਡੇਰਾ ਸਿਰਸਾ ਸ਼ਰਧਾਲੂਆਂ ਦੀ ਵੱਡੀ ਗਿਣਤੀ ਹੈ ਜਿਸ ਨਾਲ ਪੰਜਾਬ ਸਿਆਸੀ ਮਾਹੌਲ ਪ੍ਰਭਾਵਿਤ ਹੋਵੇਗਾ।
ਡੇਰਾ ਮੁਖੀ ਵੱਲੋਂ ਜਿਸ ਵੀ ਸਿਆਸੀ ਪਾਰਟੀ ਦੇ ਪੱਖ ਵਿਚ ਡੇਰਾ ਸ਼ਰਧਾਲੂਆਂ ਨੂੰ ਇਸ਼ਾਰਾ ਕੀਤਾ ਜਾਵੇਗਾ, ਉਸ ਸਿਆਸੀ ਪਾਰਟੀ ਦੀ ਲਾਟਰੀ ਲੱਗ ਸਕਦੀ ਹੈ। ਡੇਰਾ ਸਿਰਸਾ ਦਾ ਮਾਲਵਾ ਖੇਤਰ ਦੇ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮੁਕਤਸਰ ਆਦਿ ਜ਼ਿਲ੍ਹਿਆਂ ਵਿਚ ਜ਼ਿਆਦਾ ਆਧਾਰ ਹੈ ਅਤੇ ਸੂਬੇ ਦੀਆਂ ਸਭ ਤੋਂ ਜ਼ਿਆਦਾ 69 ਸੀਟਾਂ ਵੀ ਮਾਲਵਾ ਖਿੱਤੇ ‘ਚ ਪੈਂਦੀਆਂ ਹਨ।
ਪੰਜਾਬ ਵਿਚ ਡੇਰਿਆਂ ਦਾ ਬੜਾ ਪ੍ਰਭਾਵ ਹੈ। ਇਸੇ ਕਰਕੇ ਚੋਣਾਂ ਨੇੜੇ ਤਕਰੀਬਨ ਸਾਰੀਆਂ ਸਿਆਸੀ ਧਿਰਾਂ ਡੇਰਿਆਂ ਉਤੇ ਚੌਂਕੀਆਂ ਭਰਦੀਆਂ ਹਨ। ਪੰਜਾਬ ਵਿਚ 300 ਦੇ ਕਰੀਬ ਡੇਰਿਆਂ ਦੇ 10 ਲੱਖ ਤੋਂ ਉੱਪਰ ਸ਼ਰਧਾਲੂ ਹਨ। ਸ਼ਰਧਾਲੂ ਪੰਜਾਬ ਦੇ ਵੱਖ-ਵੱਖ ਡੇਰਿਆਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਵਿਚ ਰਾਧਾ ਸੁਆਮੀ ਬਿਆਸ, ਨਿਰੰਕਾਰੀ ਨਾਮਧਾਰੀ, ਦਿਵਿਆ ਜਿਓਤੀ ਨੂਰਮਹਿਲ, ਡੇਰਾ ਸੱਚ ਖੰਡ ਬੱਲਾ, ਡੇਰਾ ਬੇਗੋਵਾਲ ਆਦਿ ਦੇ ਪ੍ਰਮੁੱਖ ਨਾਮ ਹਨ। ਇਨ੍ਹਾਂ ਸਮੂਹ ਡੇਰਿਆਂ ‘ਚ ਡੇਰਾ ਸੱਚਾ ਸੌਦਾ ਡੇਰਾ ਸ਼ਰਧਾਲੂਆਂ ਦੀ ਗਿਣਤੀ ਸਭ ਤੋਂ ਵੱਡੀ ਹੈ। ਚੋਣਾਂ ਦੇ ਨੇੜੇ ਡੇਰਾ ਮੁਖੀ ਨੂੰ ਫਰਲੋ ਮਿਲਣਾ ਪੰਜਾਬ ਦੇ ਰਾਜਨੀਤਕ ਭਵਿੱਖ ਲਈ ਨਵੀਂ ਚਰਚੇ ਛਿੜ ਚੁੱਕੀ ਹੈ।
ਰਾਮ ਰਹੀਮ ਨੂੰ ਸਾਧਵੀ ਜਬਰ ਜਨਾਹ ਮਾਮਲੇ ‘ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਥੇ ਹੀ ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆ ਕਾਂਡ ਤੇ ਰਣਜੀਤ ਸਿੰਘ ਹੱਤਿਆ ਕਾਂਡ ‘ਚ ਵੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਤਦ ਤੋਂ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਹੈ। ਬਿਮਾਰ ਹੋਣ ‘ਤੇ ਡੇਰਾ ਮੁਖੀ ਨੂੰ ਕਈ ਵਾਰ ਜੇਲ੍ਹ ਤੋਂ ਬਾਹਰ ਪੀ.ਜੀ.ਆਈ. ਰੋਹਤਕ, ਗੁਰੂਗ੍ਰਾਮ ਅਤੇ ਏਮਜ਼ ਹਸਪਤਾਲ ਦਿੱਲੀ ‘ਚ ਵੀ ਲਿਜਾਇਆ ਗਿਆ।