ਸੜਕ ਕਿਨਾਰੇ ਬੈਠਾ ਉਹ ਜੋਤਸ਼ੀ ਮੈਨੂੰ ਦਿਸਿਆ ਤਾਂ ਸੋਚਿਆ ਇਸ ਕੋਲੋਂ ਹੀ ਪੁੱਛ ਵੇਖਾਂ, ਸ਼ਾਇਦ ਇਹੋ ਮੇਰੀ ਸਮੱਸਿਆ ਦਾ ਹੱਲ ਦੱਸ ਦਵੇ। ਉਸ ਕੋਲ ਜਾ ਕਿਹਾ ‘ਸਵਾਮੀ ਜੀ ਮੇਰੀ ਸਮੱਸਿਆ ਦਾ ਸਮਾਧਾਨ ਕਰੋ ਧੰਨਵਾਦੀ ਹੋਵਾਂਗਾ’ ਸ਼ਾਇਦ ਉਸ ਦੀ ਬੋਹਨੀ ਹੋਈ ਸੀ, ਖੁਸ਼ ਹੋ ਕੇ ਬੋਲਿਆ ‘ਆਉ ਜਜਮਾਨ ਪਧਾਰੋ! ਮੇਰੇ ਪਾਸ ਹਰ ਸਮੱਸਿਆ ਕਾ ਹੱਲ ਹੈ। ਫੋਕੇ ਧੰਨਵਾਦ ਸੇ ਕਾਮ ਨਹੀਂ ਚਲੇਗਾ, ਬਲਕਿ ਥੋੜੀ ਸੀ ਜੇਬ ਢੀਲੀ ਕਰਨੀ ਪੜੇਗੀ।
ਸਮੱਸਿਆ ਬਤਾਈਏ’। ਮੈਂ ਸਮੱਸਿਆ ਦੱਸੀ ‘ਪ੍ਰਭੂ ਸਭ ਕੁਛ ਉਲਟਾ-ਪੁਲਟਾ ਹੋ ਰਿਹੈ। ਅਡਾਨੀ-ਅੰਬਾਨੀ ਕੇ ਟਾਵਰ ਹਮ ਨੇ ਉਖਾੜ ਫੈਂਕੇ। ਉਸ ਕੀ ਕੰਪਨੀ ਕੇ ਕੁਨੈਕਸ਼ਨ ਕੈਂਸਲ ਕੀਏ। ਇਨਕੇ ਬਿਜ਼ਨਸ ਕੋ ਨੁਕਸਾਨ ਪਹੁੰਚਾਨੇ ਕੀ ਹਰ ਸੰਭਵ ਕੋਸਿ਼ਸ਼ ਕੀ। ਸੋਚਾ ਥਾ ਕਿ ਅਬ ਯੇ ਅਰਬਪਤੀ ਕੇਲੇ ਦੀ ਰੇੜ੍ਹੀ ਲਗਾ ਹੋਕਾ ਦੇਂਗੇ ‘ਚਿਤਰੀ ਵਾਲੇ ਕੇਲੇ 60 ਰੁਪਏ ਦਰਜਨ’ ਪਰ ਹੂਆ ਉਲਟਾ! ਕਿਉਂਕਿ ਉਨਕਾ ਬਿਜ਼ਨਸ ਤੋ ਦਿਨ ਦੂਨੀ ਰਾਤ ਚੌਗੁਨੀ ਤਰੱਕੀ ਕਰ ਰਹਾ ਸੁਨਾ ਜਾਤਾ ਹੈ। ਜਨਾਬ ਮੋਦੀ ਕੀ ਬਥੇਰੀ ਹਾਇ-ਹਾਇ ਕਰੀ, ਬਥੇਰਾ ਉਸ ਕੋ ਕੋਸਾ ਔਰ ਸੋਚਾ ਕਿ ਅਬ ਤੋ ਯਿਹ ਸੱਦਾਮ ਹੁਸੈਨ ਕੀ ਤਰ੍ਹਾਂ ਕਿਸੀ ਟੋਏ ਮੇਂ ਜਾ ਛੁਪੇਗਾ ਪਰ ਵੋਹ ਕਮਬਖ਼ਤ ਭੀ ਦੁਨੀਆ ਕੇ ਸ੍ਰੇਸ਼ਠ ਚਹੇਤੋਂ ਕੀ ਲਿਸਟ ਮੇਂ ਮੌਜੂਦ ਸੁਨਾ ਗਿਆ ਹੈ। ਬੀ ਜੇ ਪੀ ਕੋ ਭੀ ਬਥੇਰਾ ਕੋਸਾ ਪਰ ਵੋਹ ਵੀ ਸਿਰ ਪੇ ਚੜ੍ਹਤੀ ਜਾ ਰਹੀ ਹੈ। ਕੋਈ ਉਪਾਅ ਬਤਾਈਏ ਜਿਸ ਸੇ ਹਮਾਰੀ ਮਨੋਕਾਮਨਾ ਪੂਰਣ ਹੋ।’ ਉਸ ਕੁਝ ਦੇਰ ਸੋਚ ਕਿਹਾ ‘ਜਜਮਾਨ ਮੇਰੇ ਏਕ ਸਵਾਲ ਕਾ ਜਵਾਬ ਦੀਜੀਏ। ਬਰਫ ਪੜੀ ਹੈ ਔਰ ਭਾਰੀ ਫਿਸਲਨ ਹੈ। ਆਪ ਨੇ ਸਟੇਸ਼ਨ ਜਾਣਾ ਹੈ ਪਰ ਜਬ ਆਪ ਏਕ ਕਦਮ ਆਗੇ ਬੜ੍ਹਾਤੇ ਹੈਂ ਤੋ ਦੋ ਕਦਮ ਪੀਛੇ ਫਿਸਲ ਜਾਤੇ ਹੈਂ। ਬਤਾਈਏ ਭਲਾ ਕੈਸੇ ਸਟੇਸ਼ਨ ਪਹੁੰਚੇਂਗੇ?’ ਮੈਂ ਆਪਣੀ ਅਕਲ ਦੇ ਘੋੜੇ ਦੌੜਾਏ ਅਤੇ ਜਵਾਬ ਦਿੱਤਾ ‘ਗੁਰੂ ਜੀ ਮੈਂ ਸਟੇਸ਼ਨ ਕੀ ਤਰਫ ਪੀਠ ਕਰ ਉਲਟੀ ਦਿਸ਼ਾ ਮੇਂ ਚਲਨਾ ਅਰੰਭ ਕਰ ਦੂੰਗਾ ਔਰ ਸਟੇਸ਼ਨ ਪਹੁੰਚ ਜਾਊਂਗਾ।’ ਉਹ ਬੋਲਿਆ ‘ਬਸ ਬੱਚਾ ਯਹੀ ਤੁਮ੍ਹਾਰੀ ਸਮੱਸਿਆ ਕਾ ਸਮਾਧਾਨ ਹੈ। ਆਪ ਲੋਗ ਅਡਾਨੀ, ਅੰਬਾਨੀ, ਮੋਦੀ, ਬੀ ਜੇ ਪੀ ਆਦਿ ਜਿਸ ਕਾ ਵੀ ਭੱਠਾ ਬਿਠਾਨਾ ਚਾਹੇਂ ਉਸ ਕੀ ਜੈ ਜੈਕਾਰ ਕਰੇਂ। ਉਨ ਕੀ ਸਪੋਰਟ ਕਰੇਂ ਵੋਹ ਪਾਨੀ ਭੀ ਮਾਂਗ ਜਾਂਏਂ ਤੋ ਕਹਿਨਾ’। ਜਾਪਿਆ ਇਹ ਪਤੰਦਰ ਤਾਂ ਠੀਕ ਹੀ ਕਹਿੰਦਾ ਹੈ। ਮੇਰੇ ਦਿਮਾਗ ਵਿਚ ਇਹ ਸਕੀਮ ਪਹਿਲਾਂ ਕਿਉਂ ਨਹੀਂ ਆਈ। ਮੈਂ ਉਸ ਨੂੰ ਸਵਾ ਰੁਪਈਏ ਦਾ ਮੱਥਾ ਟੇਕਿਆ ਤੇ ਤੁਰ ਪਿਆ। ਉਹ ਪਿੱਛੋਂ ਆਵਾਜ਼ ਮਾਰ ਬੋਲਿਆ, ‘ਜਜਮਾਨ ਸਵਾ ਰੁਪਈਏ ਮੇਂ ਤੋ ਚਾਏ ਕਾ ਕਪ ਭੀ ਨਹੀਂ ਮਿਲਤਾ। ਕੁਛ ਔਰ ਦੀਜੀਏ’। ਮੈਂ ਕਿਹਾ ‘ਮਹਾਰਾਜ ਮੇਰੀ ਅਭੀਲਾਸ਼ਾ ਪੂਰਣ ਹੋਤੇ ਹੀ ਆਪਕੋ ਸਮਸਤ ਐਨ ਆਰ ਆਈਜ਼ ਕੀ ਤਰਫ ਸੇ ਯਥੇਸ਼ਠ ਦਕਸ਼ਣਾ ਦੀ ਜਾਏਗੀ। ਬੇਫਿਕਰ ਰਹੀਏ’ ਤੇ ਮੈਂ ਅੱਗੇ ਵਧ ਗਿਆ।
-ਹਰਜੀਤ ਦਿਓਲ ਬਰੈਂਪਟਨ