ਕਿਰਪਾਲ ਸਿੰਘ ਪੰਨੂੰ
ਫੋਨ: 365-994-8850,
ਡਾ. ਰਾਜਵਿੰਦਰ ਸਿੰਘ
ਫੋਨ: 94633-27683
ਆਪਣੀ ਸਮਰੱਥਾ ਅਤੇ ਸਪੀਡ ਬਣਾਈ ਰੱਖਣ ਲਈ ਠੀਕ ਵਿਧੀ ਨਾਲ਼ ਟਾਈਪ ਕਰਨਾ ਬਹੁਤ ਜ਼ਰੂਰੀ ਹੈ। ਬਹੁਤੇ ਟਾਈਪ ਕਰਤਾ ਆਪੇ ਸਿੱਖੇ ਹੋਏ ਹੁੰਦੇ ਹਨ, ਜਿਸ ਵਿਚ ਉਨ੍ਹਾਂ ਦੀ ਮਨਮਰਜ਼ੀ ਭਾਰੂ ਹੁੰਦੀ ਹੈ। ਠੀਕ ਵਿਧੀ ਨਾਲ਼ ਟਾਈਪ ਕਰਨਾ ਇਕ ਸਾਧਨਾ ਹੈ, ਕਲਾ ਹੈ। ਲਗਨ ਦੇ ਨਾਲ਼ ਯਤਨ ਕਰ ਕੇ ਇਸ ਨੂੰ ਹਰ ਕੋਈ ਸਿੱਖ ਸਕਦਾ ਹੈ। ਕੇਵਲ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਕਿਹੜਾ ਅੱਖਰ ਕਿਵੇਂ ਪੈਣਾ ਹੈ, ਉਸ ਦੇ ਅੱਗੇ-ਪਿੱਛੇ ਕਿਹੜਾ ਸਹਾਇਕ ਮੋਤੀ (ਪੰਕਚੂਏਸ਼ਨ) ਬੀੜਨਾ ਹੈ। ਅਭਿਆਸ ਨਾਲ਼ ਅੱਖਰਾਂ ਨੇ ਤੁਹਾਡੀਆਂ ਉਂਗਲ਼ਾਂ ਦੇ ਅੱਗੇ ਪਾਣੀ ਵਾਂਗੂੰ ਵਹਿਣਾ ਹੈ, ਤਾਲ ਵਿਚ ਨੱਚਣਾ ਹੈ। ਆਓ ਲੋੜੀਂਦਾ ਚਾਨਣ ਵਿਚਾਰੀਏ।
ਸਿਧਾਈ: ਕੀਅਬੋਰਡ ਅਤੇ ਵਰਤੋਂਕਾਰ ਕੁਦਰਤੀ ਸਿਧਾਈ ਵਿਚ ਹੋਣੇ ਚਾਹੀਦੇ ਹਨ। ਕੰਪਿਊਟਰ ਉੱਤੇ ਕੰਮ ਕਰਨ ਲੱਗਿਆਂ ਅੱਖਾਂ ਬੰਦ ਕਰ ਕੇ ਆਪਣੇ ਦੋਵੇਂ ਹੱਥ ਕੀਅਬੋਰਡ ਉੱਤੇ ਰੱਖੋ। ਉਹ ਦੋਵੇਂ ਹੀ ਲਗਭਗ ਠੀਕ ਕੀਅਜ਼ ਉੱਤੇ ਟਿਕਣੇ ਚਾਹੀਦੇ ਹਨ। ਕੀਅਬੋਰਡ ਦੇ ਬਟਨ ‘ਐੱਫ ਅਤੇ ਜੇ’ ਉੱਤੇ ਇੱਕ-ਇੱਕ ਸਟੱਡ ਬਣਿਆ ਹੋਇਆ ਹੈ। ਹੱਥ ਦੀ ਪਹਿਲੀ ਉਂਗਲ਼ ਨਾਲ਼ ਟੋਹ ਕੇ ਹੱਥ ਦੀ ਦਰੁਸਤੀ ਦੇਖ ਲੈਣੀ ਚਾਹੀਦੀ ਹੈ।
ਆਧਾਰ: ਇਸ ਕੀਅਬੋਰਡ ਦੇ ਚਿੱਤਰ ਵਿਚ ਦੇਖਿਆ ਜਾ ਸਕਦਾ ਹੈ ਕਿ ਕੈਪਸ ਅਤੇ ਐਂਟਰ ਵਾਲ਼ੀ ਸਤਰ ਵਿਚ ਏ, ਐੱਸ ਦੇ ਨਾਲ਼ ਐੱਫ ਅਤੇ ਜੇ ਆਦਿ ਬਟਨ ਹਨ। ਇਹ ਸਾਰੀ ਸਤਰ ਆਧਾਰ (ਬੇਸ) ਲਾਈਨ ਕਹਾਉਂਦੀ ਹੈ। ਕੋਈ ਵੀ ਉਂਗਲ਼ ਆਪਣਾ ਕੰਮ ਪੂਰਾ ਕਰਨ ਲਈ ਉੱਪਰ ਥੱਲੇ ਜਾ ਸਕਦੀ ਹੈ ਪਰ ਉਸ ਨੇ ਟਿਕਣਾ ਇਸ ਆਧਾਰ ਉੱਤੇ ਆ ਕੇ ਹੀ ਹੈ। ਹੱਥ ਟਿਕਾਉਣ ਵੇਲ਼ੇ ਵੀ ਸੱਜੇ ਹੱਥ ਦੀ ਪਹਿਲੀ ਉਂਗਲ ‘ਜੇ’ ਉੱਤੇ ਫਿਰ ਬਾਕੀ ਦੀਆਂ ਤਿੰਨੇ ਉਂਗਲਾਂ ਕੇ, ਐੱਲ ਅਤੇ ਸੈਮੀਕੋਲਨ ਉੱਤੇ ਟਿਕਾਉਣੀਆਂ ਹਨ। ਇਸੇ ਤਰ੍ਹਾਂ ਹੀ ਖੱਬਾ ਹੱਥ ਕੀਅਬੋਰਡ ਉੱਤੇ ਟਿਕਾਉਣ ਵੇਲ਼ੇ ਪਹਿਲੋਂ ਖੱਬੇ ਹੱਥ ਦੀ ਪਹਿਲੀ ਉਂਗਲ ‘ਐੱਫ’ ਉੱਤੇ ਅਤੇ ਬਾਕੀ ਦੀਆਂ ਡੀ, ਐੱਸ ਅਤੇ ਏ ਉੱਤੇ ਟਿਕਾਉਣੀਆਂ ਹਨ। ਦੋਵੇਂ ਅੰਗੂਠੇ ਸਪੇਸਬਾਰ ਉੱਤੇ ਟਿਕਾਉਣੇ ਹਨ।
ਧੁਰ ਦਰਗਾਹੋਂ: ਅੱਖਰਾਂ ਅਤੇ ਉਂਗਲਾਂ ਦਾ ਜੋੜ, ਵਿਆਹ ਵਾਂਗ, ਧੁਰ ਦਰਗਾਹੋਂ ਨਿਸ਼ਚਿਤ ਹੈ। ਦਸਾਂ ਉਂਗਲਾਂ ਵਿਚੋਂ ਹਰ ਉਂਗਲ ਨੂੰ ਕੀਅਜ਼ ਦਾ ਇੱਕ ਵਿਸ਼ੇਸ਼ ਸੈੱਟ ਟਾਈਪ ਕਰਨ ਲਈ ਮਿੱਥਿਆ ਗਿਆ ਹੈ। ਉਂਗਲਾਂ ਦੀ ਹੱਦਬੰਦੀ ਭਾਵੇਂ ਕਿ ਇਸ ਕੀਅਬੋਰਡ ਦੇ ਚਿੱਤਰ ਵਿਚ ਬਿਲਕੁਲ ਸਾਫ ਹੈ, ਫਿਰ ਵੀ ਵਰਣਨ ਕਰ ਦੇਣੀ ਠੀਕ ਰਹੇਗੀ। ਕੇਂਦਰ ਵਿਚ ਇੱਕ ਪੀਲ਼ੇ ਰੰਗ ਦੀ ਸਭ ਤੋਂ ਲੰਮੀ ਤੇ ਮੋਟੀ ਲਾਈਨ ਹੈ। ਉਸ ਦੇ ਦੋਵੇਂ ਪਾਸੇ ਹੀ ਤੀਰ ਦੇ ਨਿਸ਼ਾਨ ਹਨ। ਇਹ ਜ਼ੀਰੋ ਲਾਈਨ ਭਾਵ ਬਾਰਡਰ ਹੈ। ਸੱਜੇ ਖੱਬੇ ਹੱਥ ਦੀਆਂ ਉਂਗਲਾਂ ਆਪੋ ਆਪਣੇ ਪਾਸੇ ਹੀ ਰਹਿੰਦੀਆਂ ਹਨ। ਦੂਜੇ ਪਾਸੇ ਜਾਣਾ ਭਾਰੀ ਗੁਨਾਹ ਹੈ। ਸੱਜੇ ਹੱਥ ਵਾਲ਼ੀ ‘ਆਰ-1’ ਹਲਕੇ ਲਾਲ ਰੰਗ ਦੇ ਅੱਖਰ ਟਾਈਪ ਕਰਦੀ ਹੈ, ‘ਆਰ-2’ ਨੀਲੇ ਰੰਗ ਦੇ ਚਾਰ, ‘ਆਰ-3’ ਹਰੇ ਰੰਗ ਦੇ ਚਾਰ ਅਤੇ ‘ਆਰ-4’ ਚੀਚੀ ਸੱਜੇ ਪਾਸੇ ਦੇ ਪੀਲ਼ੇ ਰੰਗ ਦੀਆਂ ਸਾਰੀਆਂ ਕੀਆਂ ਦਬਾਉਂਦੀ ਹੈ। ਇਹੋ ਕਾਰਵਾਈ ਖੱਬਾ ਹੱਥ ਆਪਣੀਆਂ ਉਂਗਲਾਂ ਨਾਲ਼ ਕਰਦਾ ਹੈ।
ਧਿਆਨ ਯੋਗ ਨੁਕਤੇ: ਟਾਈਪ ਕਰਦੇ ਸਮੇਂ ਇਹ ਨੁਕਤੇ ਸਦਾ ਹੀ ਧਿਆਨ ਵਿਚ ਰੱਖਣੇ ਚਾਹੀਦੇ ਹਨ: 1. ਉਂਗਲ ਨੂੰ ਕੀਅ ਉੱਤੇ ਪੰਛੀ ਦੇ ਚੋਗ ਚੁਗਣ ਵਾਂਗ ਮਾਰਨਾ ਚਾਹੀਦਾ ਹੈ। ਇੱਕ ਚੁੰਝ ਇੱਕ ਦਾਣਾ ਭਾਵ ਇੱਕ ਸਟਰੋਕ ਇੱਕ ਅੱਖਰ।
2. ਉਂਗਲ ਨੂੰ ਕੀਅ ਦੇ ਉੱਤੇ ਹਥੌੜੀ ਵਾਂਗ ਨਹੀਂ ਮਾਰਨਾ ਚਾਹੀਦਾ। ਸਗੋਂ ਇੱਕ ਉਂਗਲ ਦੇ ਦਬਾਉਣ ਦੀ ਖ਼ਬਰ ਦੂਸਰੀ ਉਂਗਲ ਨੂੰ ਨਹੀਂ ਹੋਣੀ ਚਾਹੀਦੀ।
3. ਉਂਗਲਾਂ ਕੀਅਬੋਰਡ ਦੀਆਂ ਲਾਈਨਾਂ ਦੇ ਉੱਪਰ ਥੱਲੇ ਜਾਣ ਲੱਗੀਆਂ ਤੀਰਾਂ ਦੀ ਸੇਧ ਅਪਣਾਉਂਦੀਆਂ ਹਨ। ਉੱਪਰ ਨੂੰ ਤੇ ਥੋੜ੍ਹੀ ਖੱਬੇ ਨੂੰ, ਹੇਠਾਂ ਨੂੰ ਤੇ ਥੋੜ੍ਹੀ ਸੱਜੇ ਨੂੰ। ਟਾਈਪ ਕਰਨ ਲਈ ਸਿਖਾਂਦਰੂ ਉਂਗਲਾਂ ਅਗਲੀਆਂ ਚਾਰ ਵਿਧੀਆਂ ਵਿਚੋਂ ਲੰਘਦੀਆਂ ਹਨ।
ੳ) ਸਲਾਈਡ ਵਿਧੀ; ਹੱਥ ਦੀਆਂ ਚਾਰੇ ਉਂਗਲਾਂ ਉੱਪਰ ਜਾਂ ਥੱਲੇ ਜਾਂਦੀਆਂ ਹਨ। ਆਪਣੀ ਕੀਅ ਦਬਾ ਕੇ ਮੁੜ ਆਪਣੇ ਆਧਾਰ ਉੱਤੇ ਆ ਜਾਂਦੀਆਂ ਹਨ।
ਅ) ਪਿਵਟ ਜਾਂ ਧੁਰੀ ਵਿਧੀ; ਹੱਥ ਦੀ ਕੇਵਲ ਇੱਕ ਕੀਅ ਹੀ ਉਂਗਲ ਅੱਗੇ ਪਿੱਛੇ ਜਾਂਦੀ ਹੈ ਅਤੇ ਦੂਸਰੀ ਕੋਈ ਵੀ ਇੱਕ ਉਂਗਲ ਆਪਣੀ ਆਧਾਰ ਕੀਅ ਨਾਲ਼ ਜੁੜੀ ਰਹਿੰਦੀ ਹੈ।
ੲ) ਮਿਲ਼ਵੀਂ ਵਿਧੀ; ਇਸ ਵਿਚ ੳ ਅਤੇ ਅ ਦੀਆਂ ਦੋਵੇਂ ਵਿਧੀਆਂ ਰਲ਼ ਕੇ ਵਰਤ ਲਈਆਂ ਜਾਂਦੀਆਂ ਹਨ। ਵਰਤੋਂਕਾਰ ਨੂੰ ਜਿਹੜੀ ਕੀਅ ਲਈ ਸਲਾਈਡ ਜਾਂ ਪਿਵਟ ਠੀਕ ਲਗਦੀ ਹੈ, ਉਹੋ ਹੀ ਵਰਤ ਲੈਂਦਾ ਹੈ।
ਸ) ਆਜ਼ਾਦ ਜਾਂ ਮੁਕਤ ਵਿਧੀ; ਜਦੋਂ ਟਾਈਪ ਕਰਦਿਆਂ ਵਰਤੋਂਕਾਰ ਦਾ ਕਾਫੀ ਅਭਿਆਸ ਹੋ ਜਾਂਦਾ ਹੈ ਫਿਰ ਉਹ ਕਿਸੇ ਵੀ ਵਿਧੀ ਨਾਲ਼ ਬੱਝਾ ਨਹੀਂ ਰਹਿੰਦਾ ਸਗੋਂ ਉੱਪਰ ਥੱਲੇ ਆਜ਼ਾਦ ਉਂਗਲਾਂ ਮਾਰਦਾ ਹੈ।
4. ਸੱਜੇ ਹੱਥ ਦੀ ਉਂਗਲ ਨਾਲ਼ ਜੇ ਕੈਪੀਟਲ ਅੱਖਰ ਪਾਉਣਾ ਹੈ ਤਾਂ ਸ਼ਿਫਟ ਕੀਅ ਖੱਬੀ ਚੀਚੀ ਨਾਲ਼ ਦਬਾਉਣੀ ਹੈ। ਜੇ ਖੱਬੇ ਹੱਥ ਨਾਲ਼ ਪਾਉਣਾ ਹੈ ਤਾਂ ਸ਼ਿਫਟ ਕੀਅ ਸੱਜੀ ਉਂਗਲ ਨਾਲ਼ ਦੱਬਣੀ ਹੈ। 5. ਟਾਈਪ ਕਰਦਿਆਂ ਸਪੀਡ ਨਾਲ਼ੋਂ ਦਰੁਸਤੀ ਨੂੰ ਪਹਿਲ ਦੇਣੀ ਹੈ। 6. ਜੇ ਅੱਖਰ ਗ਼ਲਤ ਪੈ ਜਾਵੇ ਤਾਂ ਉਸਨੂੰ ਉਸੇ ਵੇਲ਼ੇ ਹੀ ਠੀਕ ਕਰਨਾ ਹੈ। ਨਹੀਂ ਤਾਂ ਉਂਗਲੀ ਨੂੰ ਗ਼ਲਤ ਅੱਖਰ ਪਾਊਣ ਦੀ ਆਦਤ ਪੱਕ ਜਾਏਗੀ। 7. ਸੁਸਤੀ ਜਾਂ ਲਾਪ੍ਰਵਾਹੀ ਹੱਥੋਂ ਕਦੀ ਵੀ ਨਾ ਤਾਂ ਇੱਕ ਵੀ ਸਟਰੋਕ ਘੱਟ ਮਾਰਨੀ ਹੈ, ਜਿਵੇਂ ਇੱਕ, ਵਿਚ ਆਦਿ ਨਾਲ਼ ਅੱਧਕ ਨਾ ਟਾਈਪ ਕਰਨੀ ਅਤੇ ਨਾ ਹੀ ਵੱਧ, ਜਿਵੇਂ ਵਾਧੂ ਸਪੇਸਾਂ ਪਾਉਣੀਆਂ। ਕੰਪਿਊਟਰ ਵਿਚ ਹਰ ਇੱਕ ਰੰਗ ਰੂਪ ਸੁਆਰਨ ਲਈ ਕਮਾਂਡਾਂ ਬਣੀਆਂ ਹੋਈਆਂ ਹਨ। ਠੀਕ ਥਾਂ ਉੱਤੇ ਠੀਕ ਅਤੇ ਇੱਕ ਹੀ ਕਮਾਂਡ ਦੇਣੀ ਹੈ, ਜਿਵੇਂ ਵਾਰ-ਵਾਰ ਸਪੇਸ ਦੱਬ ਕੇ ਸਿਰਲੇਖ ਨੂੰ ਸੈਂਟਰ ਕਰਨ ਦੀ ਥਾਂ ‘ਕੰਟਰੋਲ + ਈ’ ਕਮਾਂਡ ਦੇਣੀ। 8. ਕੰਟਰੋਲ + ਐੱਸ ਦੱਬ ਕੇ ਹਰ ਪੰਜ ਸੱਤ ਮਿੰਟ ਪਿੱਛੋਂ ਆਪਣੇ ਕੰਮ ਨੂੰ ਸੰਭਾਲਣਾ। ਨਹੀਂ ਤਾਂ ਪਿੱਛੋਂ ਪਛਤਾਉਣਾ ਪੈਂਦਾ ਹੈ। 9. ਦੋਵੇਂ ਅੰਗੂਠੇ ਸਦਾ ਸਪੇਸਬਾਰ ਦੇ ਸੰਪਰਕ ਵਿਚ ਰਹਿਣੇ ਚਾਹੀਦੇ ਹਨ। ਕਿਸੇ ਵੀ ਅੰਗੂਠੇ ਨਾਲ਼ ਸਪੇਸਬਾਰ ਦਬਾਈ ਜਾ ਸਕਦੀ ਹੈ। ਯਾਦ ਰਹੇ ਸਪੇਸ ਦੋ ਸ਼ਬਦਾਂ ਵਿਚ ਕੇਵਲ ਇੱਕ ਵਾਰ ਹੀ ਪਾਈ ਜਾਂਦੀ ਹੈ। ਕਿਤੇ ਵੀ ਇਕੱਠੀਆਂ ਦੋ ਸਪੇਸਾਂ ਪਾਈਆਂ ਹੋਈਆਂ ਅਨਾੜੀ ਹੋਣ ਦਾ ਸਰਟੀਫਿਕੇਟ ਹਨ। 10. ਟਾਈਪ ਕਰਨ ਵੇਲ਼ੇ 1. ਕੀਅਬੋਰਡ, 2. ਟਾਈਪ ਕੀਤੇ ਜਾਣ ਵਾਲ਼ੀ ਕਿਤਾਬ ਜਾਂ ਦਸਤਾਵੇਜ਼ ਅਤੇ 3. ਮੌਨੀਟਰ, ਇਨ੍ਹਾਂ ਤਿੰਨਾਂ ਵਿਚੋਂ ਕੇਵਲ ਕਿਤਾਬ ਉੱਤੇ ਹੀ ਅੱਖ ਰੱਖਣੀ ਹੁੰਦੀ ਹੈ। ਕਦੀ-ਕਦੀ ਮੌਨੀਟਰ ਉੱਤੇ ਉਡਦੀ ਝਾਤ ਮਾਰ ਲੈਣੀ ਹੁੰਦੀ ਹੈ ਕਿ ਟਾਈਪ ਠੀਕ ਹੋ ਰਿਹਾ ਹੈ। ਠੀਕ ਵਿਧੀ ਨਾਲ਼ ਟਾਈਪ ਸਿੱਖਣ ਲਈ ਕੁੱਝ ਵੱਧ ਸਮਾਂ ਲੱਗ ਸਕਦਾ ਹੈ ਪਰ ਫਿਰ ਸਾਰੀ ਉਮਰ ਤੁਹਾਡੇ ਸਮੇਂ ਵਿਚ ਢੇਰ ਬੱਚਤ ਹੁੰਦੀ ਰਹੇਗੀ। ਟਾਈਪ ਕਰਦਿਆਂ ਬੈਠਣਾ ਕਿਵੇਂ ਹੈ? ਦੇਖੋ ਉੱਪਰਲੀ ਤਸਵੀਰ।
ਸੂਚਨਾ: ਟਾਈਪ ਕਰਨ ਵੇਲ਼ੇ ਉਂਗਲਾਂ ਦਾ ਸਹੀ ਥਾਂ ‘ਤੇ ਹੋਣ ਦਾ ਧਿਆਨ ਰੱਖਣਾ ਕੇਵਲ ਟਾਈਪ ਕਰਨ ਵੇਲ਼ੇ ਹੀ ਜ਼ਰੂਰੀ ਹੈ। ਰਚਨਾ ਵਿਚ ਸੋਧ ਸੁਧਾਈ ਕਰਨ ਵੇਲ਼ੇ ਆਪਣੀ ਸੌਖ ਅਨੁਸਾਰ ਕਿਸੇ ਵੀ ਉਂਗਲ ਤੋਂ ਕੋਈ ਵੀ ਕੰਮ ਲਿਆ ਜਾ ਸਕਦਾ ਹੈ। (ਚਲਦਾ…)