ਅੰਮ੍ਰਿਤਪਾਲ ਕਲੇਰ ਚੀਦਾ
ਫੋਨ: 99157-80980
ਸੰਧੂਆਂ ਦੀ ਛੋਟੀ ਕੁੜੀ ਜੱਸੀ ਦਾ ਵਿਆਹ ਸੀ। ਸਾਰਾ ਸੁਖਾਨੰਦ ਪਿੰਡ ਬਾਜਾਖਾਨਾ ਰੋਡ ‘ਤੇ ਪੈਂਦੇ ਖੁਸ਼ਬੂ ਪੈਲੇਸ ਵਿਚ ਪਹੁੰਚਿਆ ਹੋਇਆ ਸੀ। ਜੱਸੀ ਤਿੰਨ ਸਾਲ ਕੈਨੇਡਾ ਲਾ ਕੇ ਆਈ ਸੀ। ਅਜੇ ਆਈ ਨੂੰ ਮਹੀਨਾ ਹੀ ਹੋਇਆ ਸੀ ਕਿ ਰਿਸ਼ਤਿਆਂ ਦਾ ਤਾਂਤਾ ਲੱਗ ਗਿਆ। ਕੈਨੇਡਾ ਵਿਚ ਪੀ.ਆਰ. ਹੋਣ ਕਰਕੇ ਚੰਗੇ-ਚੰਗੇ ਘਰਾਂ ਦੇ ਰਿਸ਼ਤੇ ਆ ਰਹੇ ਸਨ, ਭਾਵੇਂ ਮੁੰਡਿਆਂ ਦੀ ਵਿਦਿਅਕ ਯੋਗਤਾ ਕੋਈ ਬਹੁਤੀ ਨਾ ਹੁੰਦੀ ਪਰ ਕੈਨੇਡਾ ਜਾਣ ਦੇ ਚਾਅ ਵਿਚ ਪੱਚੀ-ਤੀਹ ਲੱਖ ਰੁਪਏ ਦੇਣ ਨੂੰ ਤਿਆਰ ਹੋ ਜਾਂਦੇ। ਜੱਸੀ ਦੇ ਪਿਓ ਦੀ ਮੰਗ ਪੈਂਤੀ ਲੱਖ ਤੇ ਵਿਆਹ ਦਾ ਸਾਰਾ ਖਰਚਾ ਸੀ। ਦਸ ਕਿੱਲੇ ਜ਼ਮੀਨ ਵੀ ਤਾਂ ਛੁਡਾਉਣੀ ਸੀ, ਜੋ ਜੱਸੀ ਨੂੰ ਵਿਦੇਸ਼ ਭੇਜਣ ਲਈ ਗਹਿਣੇ ਧਰੀ ਸੀ। ਗੰਗਾ ਪਿੰਡ ਵਿਚ ਜੱਸੀ ਦਾ ਰਿਸ਼ਤਾ ਤੈਅ ਹੋ ਗਿਆ। ਮੁੰਡਾ ਆਪਣੇ ਮਾਂ-ਪਿਓ ਦੀ ਇਕਲੌਤੀ ਔਲਾਦ ਸੀ। ਸੋ ਮੁੰਡੇ ਵਾਲਿਆਂ ਨੇ ਪੈਂਤੀ ਲੱਖ ਰੁਪਏ ਅਤੇ ਵਿਆਹ ਦਾ ਸਾਰਾ ਭਾਰ ਓਟ ਲਿਆ। ਪੈਂਤੀ ਲੱਖ ਨੇ ਮੰੁਡੇ ਦਾ ਟੀਰ ਵੀ ਕੱਜ ਲਿਆ, ਭਾਵੇਂ ਜੱਸੀ ਬੇਹੱਦ ਖ਼ੂਬਸੂਰਤ ਸੀ। ਤਾਂ ਹੀ ਮੇਰੀ ਤਾਈ ਕਹਿੰਦੀ ਹੁੰਦੀ ਸੀ,
‘ਭਾਈ ਪੈਸਾ ਸਾਰੇ ਐਬ ਢਕ ਲੈਂਦਾ ਹੈ’
ਪੈਲੇਸ ਵਿਚ ਸਜੀਆਂ-ਧੱਜੀਆਂ ਮੇਲਣਾਂ ਅਤੇ ਮੁਟਿਆਰਾਂ ਹੁਸਨਾਂ ਦੀਆਂ ਪਰੀਆਂ ਲੱਗ ਰਹੀਆਂ ਸਨ। ਇਕ ਦੂਜੀ ਨਾਲ ਅਠਖੇਲੀਆਂ ਕਰਦੀਆਂ ਅੱਲ੍ਹੜ ਮੁਟਿਆਰਾਂ ਬਰਾਤੀਆਂ ਨਾਲ ਅੱਖ-ਮਟੱਕਾ ਕਰਦੀਆਂ ਉਨ੍ਹਾਂ ਨੂੰ ਨਹੋਰੇ ਮਾਰ ਰਹੀਆਂ ਸਨ। ਹੁਸਨਾਂ ਦੀਆਂ ਬਹਾਰਾਂ ਚੁੰਨੀਆਂ ਨੂੰ ਕਦੇ ਹਵਾ ਵਿਚ ਲਹਿਰਾਉਂਦੀਆਂ ਤੇ ਕਦੇ ਮੋਢਿਆਂ ‘ਤੇ ਸੁੱਟ ਕੇ ਤਾਜ ਮਹਿਲ ਉਸਾਰ ਰਹੀਆਂ ਸਨ। ਬਰਾਤੀ ਵੀ ਦੋ-ਤਿੰਨ ਹਾੜੇ ਲਾਉਣ ਪਿੱਛੋਂ ਗੁਲਾਬੀ ਜਿਹੇ ਹੋਏ, ਧਰਤੀ ‘ਤੇ ਉਤਰੇ ਸਿਤਾਰਿਆਂ ਨੂੰ ਬਲੌਰੀ ਅੱਖਾਂ ਨਾਲ਼ ਤੱਕ ਰਹੇ ਸਨ। ਪਿੰਡ ਤੋਂ ਦਸ-ਪੰਦਰਾਂ ਮੋਹਤਬਰ ਬੰਦਿਆਂ ਦੀ ਟੋਲੀ ਗੋਲ ਮੇਜ ਦੁਆਲ਼ੇ ਆਪਣਾ ਮਅਜ਼ਮਾਂ ਲਾਈ ਬੈਠੀ ਸੀ। ਤਾਇਆ ਦਲੀਪ ਸਿਹੁੰ ਇਕ ਪਾਸੇ ਕੁਰਸੀ ‘ਤੇ ਬੈਠਾ ਹਰ ਆਉਂਦੇ-ਜਾਂਦੇ ਨੂੰ ਨਿਹਾਰ ਰਿਹਾ ਸੀ। ਪਤਾ ਨਹੀਂ ਪਥਰਾਈਆਂ ਨਜ਼ਰਾਂ ਕਿਸ ਨੂੰ ਲੱਭ ਰਹੀਆਂ ਸਨ। ਹੁਣ ਤਾਂ ਜ਼ਿੰਦਗੀ ਦੀ ਸ਼ਾਮ ਢਲ ਚੱਲੀ ਸੀ। ਤਾਇਆ ਹੁਣ ਸੱਤਰਵਿਆਂ ਪਾਰ ਕਰ ਗਿਆ ਸੀ। ਤਾਇਆ ਸਰੀਰ ਦਾ ਬਹੁਤ ਤਕੜਾ ਸੀ। ਜਵਾਨੀ ਵੇਲੇ ਇਕ ਘੁਮਾਂ ਕਣਕ ਆਥਣ ਤੱਕ ਇਕੱਲਾ ਹੀ ਵੱਢ ਸੁੱਟਦਾ ਸੀ। ਦਸ-ਦਸ ਪਸ਼ੂਆਂ ਦੀਆਂ ਧਾਰਾਂ ਕੱਢਣੀਆਂ ਅਤੇ ਖੇਤੀਬਾੜੀ ਦਾ ਸਾਰਾ ਕੰਮ ਇਕੱਲਾ ਹੀ ਸਾਂਭ ਲੈਂਦਾ ਸੀ। ਸਵੇਰੇ ਪਾਠੀ ਬੋਲਦੇ ਨਾਲ ਉਠਣਾ, ਪਸ਼ੂਆਂ ਨੂੰ ਪੱਠੇ ਪਾਉਣੇ, ਧਾਰਾਂ ਕੱਢਣੀਆਂ। ਫੇਰ ਗੱਡਾ ਤੇ ਬਲ਼ਦ ਜੋੜ ਖੇਤ ਪੱਠੇ ਲੈਣ ਚਲੇ ਜਾਣਾ। ਉਸ ਦਾ ਜੀਵਨ ਖੇਤ ਤੋਂ ਘਰ ਅਤੇ ਘਰ ਤੋਂ ਖੇਤ ਤਕ ਹੀ ਸੀਮਤ ਸੀ। ਘਰ ਦੀ ਕਬੀਲਦਾਰੀ ਅਜੇ ਬਾਪ ਤੋਰੀ ਜਾਂਦਾ ਸੀ। ਉਸ ਤੋਂ ਪੰਜ ਸਾਲ ਵੱਡੀ ਇੱਕ ਭੈਣ ਸੀ, ਜੋ ਬਾਪ ਨੇ ਦੋ ਸਾਲ ਪਹਿਲਾਂ ਕਿੱਲਾ ਬੈਅ ਕਰ ਕੇ ਵਿਆਹ ਦਿੱਤੀ ਸੀ। ਤਾਏ ਦਲੀਪ ਨੂੰ ਜਦੋਂ ਪਤਾ ਲੱਗਿਆ ਤਾਂ ਸੀਨਾ ਚੀਰਿਆ ਗਿਆ ਸੀ। ਜ਼ਮੀਨ ਤਾਂ ਉਨ੍ਹਾਂ ਕੋਲ ਪਹਿਲਾਂ ਹੀ ਤਿੰਨ ਕਿੱਲੇ ਸੀ। ਹੁਣ ਤਾਂ ਦੋ ਹੀ ਰਹਿ ਗਏ। ਵਾਹੀ ਵਾਲੇ ਸੰਦ ਵੀ ਨਹੀਂ ਸਨ। ਬਾਪ ਨੇ ਸੁਸਾਇਟੀ ਤੋਂ ਕਰਜ਼ਾ ਲੈ ਕੇ ਕੁਝ ਖੇਤੀ ਵਾਲੇ ਸੰਦ ਬਣਾ ਲਏ ਪਰ ਰੇਹਾਂ-ਸਪਰੇਹਾਂ ਦਾ ਖਰਚਾ ਵੀ ਬਹੁਤ ਪੈ ਜਾਂਦਾ ਸੀ। ਦੋ ਕਿੱਲਿਆਂ ਵਿਚੋਂ ਫਸਲ ਵੀ ਬਹੁਤੀ ਨਹੀਂ ਸੀ ਨਿਕਲਦੀ। ਘਰ ਦੇ ਪੰਜ ਪਾਂਜੇ ਹੀ ਮਸਾਂ ਪੂਰੇ ਹੁੰਦੇ। ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਲੱਗੀਆਂ। ਤਾਇਆ ਕਰਜ਼ਾ ਲਾਹੁਣ ਲਈ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ।
ਪੱਤੀ ‘ਚੋਂ ਸਕਿਆਂ ਵਿਚੋਂ ਤਾਏ ਦਲੀਪ ਦੇ ਹਾਣੀ ਗੇਜੂ ਦਾ ਵਿਆਹ ਸੀ। ਨਾਨਕਾ ਮੇਲ ਲਹਿਰਾ ਮੁਹੱਬਤ ਤੋਂ ਆਇਆ ਸੀ। ਮੇਲਣਾਂ ਵਿਚ ਮੇਲੋ ਭਰ ਨੌਜਵਾਨ ਮੁਟਿਆਰ ਸੀ। ਤਾਇਆ ਦਲੀਪ ਮੇਲੋ ਨੂੰ ਦੇਖ ਕੇ ਗੁੰਮ-ਸੁੰਮ ਜਿਹਾ ਹੋ ਗਿਆ ਸੀ। ਪੁਰਾਣੇ ਵਿਆਹਾਂ ਵਿਚ ਨਾਨਕਾ ਮੇਲ ਚਾਰ-ਪੰਜ ਦਿਨ ਰਹਿੰਦਾ ਸੀ ਅਤੇ ਤਾਇਆ ਉਨੇ ਦਿਨ ਹੀ ਵਿਆਹ ਵਿਚ ਪਰੀਹਾ ਬਣ ਪੈਲਾਂ ਪਾਉਂਦਾ ਰਿਹਾ। ਉਹ ਸੁਨੱਖੀ ਮੁਟਿਆਰ ਮੇਲੋ ਤਾਏ ਨੂੰ ਟਿੱਚਰਾਂ ਕਰਦੀ ਦਰਿਆ ਦਾ ਪੁਲ ਬਣਾਉਂਦੀ ਰਹੀ। ਵਿਆਹ ਦੀ ਹਰ ਰਸਮ ਉਤੇ ਤਾਏ ਨੂੰ ਗੀਤ ਗਾਉਂਦੀ ਅਤੇ ਦੋਹੇ ਲਾਉਂਦੀ ਰਹੀ। ਤਾਇਆ ਵੀ ਕਿਸੇ ਹੋਰ ਹੀ ਦੁਨੀਆ ਦਾ ਵਾਸੀ ਹੋ ਗਿਆ ਸੀ। ਇਸ ਤਰ੍ਹਾਂ ਦੀ ਰੰਗੀਨ ਦੁਨੀਆ ਉਸ ਨੇ ਪਹਿਲੀ ਵਾਰ ਵੇਖੀ ਸੀ। ਸੁੱਖੀ-ਸਾਂਦੀ ਵਿਆਹ ਨੇਪਰੇ ਚੜ੍ਹ ਗਿਆ। ਸਾਰਾ ਆਇਆ ਗਿਆ ਮੇਲ ਤੁਰ ਗਿਆ। ਨਾਨਕਾ ਮੇਲ ਵੀ ਚਲਿਆ ਗਿਆ, ਪਰ ਤਾਏ ਦਾ ਮਨ ਵੀ ਮੇਲੋ ਨਾਲ ਹੀ ਹੋ ਤੁਰਿਆ। ਹੁਣ ਉਸਦਾ ਖੇਤ ਦਿਲ ਨਾ ਲੱਗਦਾ। ਉਹ ਗੁਆਚਿਆ ਜਿਹਾ ਰਹਿੰਦਾ। ਬੇਬੇ ਦਲੀਪ ਨੂੰ ਰਿਸ਼ਤਾ ਕਰਵਾਉਣ ਲਈ ਆਪਣੇ ਸਕਿਆਂ ਦੇ ਘਰ ਗੇੜੇ ਲਾਉਣ ਲੱਗੀ। ਬੇਬੇ ਦੀ ਦਰਾਣੀ ਨੇ ਆਪਣੀ ਭਤੀਜੀ ਦਾ ਰਿਸ਼ਤਾ ਦਲੀਪ ਨੂੰ ਲਹਿਰਾ ਮੁਹੱਬਤ ਤੋਂ ਕਰਵਾਉਣ ਲਈ ਕੱਚੀ-ਪੱਕੀ ਹਾਮੀ ਭਰੀ। ਤਾਏ ਦਲੀਪ ਨੂੰ ਕੁੜੀ ਦਾ ਪਿਓ ਅਤੇ ਭਰਾ ਦੇਖਣ ਆਏ। ਤਾਇਆ ਖੇਤ ਪੱਠੇ ਵੱਢਣ ਗਿਆ ਹੋਇਆ ਸੀ। ਬੇਬੇ ਨੇ ਮਗਰੇ ਮੁੰਡਾ ਭੇਜ ਕੇ ਦਲੀਪ ਨੂੰ ਬੁਲਾ ਲਿਆ। ਸਿਰ ਤੋਂ ਮੈਲਾ ਜਿਹਾ ਪਰਨਾ ਲਾਹ ਕੇ ਤਾਏ ਨੇ ਮੂੰਹ ਪੂੰਝਿਆ ਅਤੇ ਪੈਰ ਝਾੜੇ। ਆਏ ਹੋਇਆਂ ਨੂੰ ਇਕ ਹੱਥ ਨਾਲ ਫਤਹਿ ਬੁਲਾ ਉਹ ਤੇਜ਼ੀ ਨਾਲ ਮੂੰਹ ਧੋਣ ਲੱਗ ਪਿਆ। ਦੇਖਣ ਆਇਆ ਕੁੜੀ ਦਾ ਪਿਓ ਨਾਂਹ ਵਿਚ ਸਿਰ ਮਾਰ ਗਿਆ। ਵਿਚੋਲੇ ਦੇ ਘਰ ਆ ਕੇ ਉਸ ਨੇ ਕਿਹਾ,
‘ਦੇਖ ਸਰਦਾਰਾ, ਮੇਰੀ ਕੁੜੀ ਆ ਲੱਖਾਂ ਸੁੱਖ਼ਣਾਂ ਦੀ ਇੱਕ, ਮੈਂ ਮੁੰਡਾ ‘ਮੁੱਛ ਮਰੋੜ’ ਲੱਭਣੈ। ਇਹ ਮੁੰਡਾ ਤਾਂ ਮੈਨੂੰ ਭੋਰਾ ਪਸੰਦ ਨਹੀਂ, ਜੇ ਕੋਈ ਹੋਰ ਹੈ ਤਾਂ ਦੱਸ।’
ਤਾਂ ਕੁੜੀ ਦਾ ਪਿਓ ਉਥੇ ਹੀ ਗੁਆਂਢੀ ਦੇ ਬਾਰ੍ਹਵੀਂ ਵਿਚ ਪੜ੍ਹਦੇ ਸੁਨੱਖੇ ਮੁੰਡੇ ਨੂੰ ਦੇਖ ਕੇ ਰਿਸ਼ਤੇ ਲਈ ਹਾਂ ਕਰ ਆਇਆ ਸੀ। ਜਦੋਂ ਉਹ ਵਿਆਹ ਕੇ ਲਾੜੀ ਨੂੰ ਲਿਆਇਆ ਤਾਂ ਤਾਏ ਦਲੀਪ ਦੇ ਕਾਲਜੇ ਰੁੱਗ ਭਰਿਆ ਗਿਆ। ਇਹ ਮੇਲੋ ਸੀ, ਜੋ ਗੇਜੂ ਦੇ ਵਿਆਹ ਵਿਚ ਆਈ ਸੀ ਅਤੇ ਤਾਏ ਦਲੀਪ ਨੂੰ ਇੱਕ ਚੱਕਦੀ ਸੀ ਤੇ ਇੱਕ ਧਰਦੀ ਸੀ।
ਤਾਏ ਦਲੀਪ ਨੇ ਵੀ ਸਹੁੰ ਖਾ ਲਈ ਕਿ ਤੇਰੇ ਬਿਨਾਂ ਸਾਰੀ ਉਮਰ ਕਿਸੇ ਦਾ ਨਹੀਂ ਹੋਵੇਗਾ। ਪੈਲੇਸ ਦੇ ਇਕ ਖੁੰਝੇ ਕੁਰਸੀ ‘ਤੇ ਬੈਠਾ ਤਾਇਆ ਦਲੀਪ ਸਿਹੁੰ ਬਹੁਤ ਪਿੱਛੇ ਚਲਾ ਗਿਆ। ‘ਕਿੰਨਾ ਕੁਝ ਬਦਲ ਗਿਆ, ਨਵੀਆਂ ਗੁੱਡੀਆਂ ਨਵੇਂ ਪਟੋਲੇ।’
‘ਕਿਵੇਂ ਆ ਤਾਇਆ? ਠੀਕ ਆ?’ ਨਿੱਕੇ ਨੇ ਤਾਏ ਨੂੰ ਹਲੂਣਿਆ। ਤਾਏ ਦੀ ਸੋਚਾਂ ਦੀ ਲੜੀ ਟੁੱਟ ਗਈ। ‘ਹਾਂ ਸ਼ੇਰਾ ਠੀਕ ਹੀ ਆ, ਜੋ ਲੰਘੀ ਜਾਂਦੀ ਆ। ਬਹੁਤੀ ਲੰਘ ਗਈ ਥੋੜ੍ਹੀ ਰਹਿਗੀ।’
ਨਿੱਕੇ ਨੂੰ ਦੇਖ ਕੇ ਤਾਏ ਦੇ ਚਿਹਰੇ ਉਤੇ ਰੌਂ ਆ ਗਈ। ਉਸ ਨੇ ਇਕਦਮ ਪੁੱਛਿਆ,
‘ਸ਼ੇਰਾ, ਤੇਰੀ ਬੇਬੇ ਨੀ ਆਈ?’
‘ਆਈ ਆ ਤਾਇਆ।’
ਪਿੱਛੇ ਆਉਂਦੀ ਨਿੱਕੇ ਦੀ ਮਾਂ ਨੇ ਲੰਬਾ ਸਾਰਾ ਘੁੰਡ ਕੱਢ ਕੇ ਕਿਹਾ, ‘ਰਾਜ਼ੀ “ ਭਾਈ ਜੀ? ਹੋਰ ਤਾਂ ਸੁੱਖ ਸਾਂਦ ਆ?’
‘ਹਾਂ, ਸਰਦਾਰਨੀਏ ਠੀਕ ਆ, ਤੂੰ ਦੱਸ’
‘ਠੀਕ ਆ ਭਾਈ ਜੀ। ਨਿੱਕਾ ਕਹਿੰਦਾ ਸੀ ਕਿ ਤਾਏ ਨੂੰ ਦਿਲ ਦਾ ਦੌਰਾ…’‘ਹਾਂ ਸਰਦਾਰਨੀਏ ਬਸ, ਬਹੁਤੀ ਲੰਘ ਗਈ ਥੋੜ੍ਹੀ ਰਹਿ’ਗੀ। ਅਗਲੇ ਜਨਮ ਵਿਚ ਹੁਣ ‘ਮੁੱਛ ਮਰੋੜ’ ਬਣ ਕੇ ਆਊਂ।’
ਘੁੰਡ ਵਿਚੋਂ ਤੱਕਦੀ ਮੇਲੋ ਦਾ ਤ੍ਰਾਹ ਨਿਕਲ ਗਿਆ। ਪੈਲੇਸ ਵਿਚ ਡੀ ਜੇ ਦੀ ਕੰਨ ਪਾੜਵੀਂ ਆਵਾਜ਼ ਹੋਰ ਉਚੀ ਹੋ ਗਈ।