ਲਤਾ ਮੰਗੇਸ਼ਕਰ ਦੇ ਸੰਗੀਤ ਸਫਰ ਬਾਰੇ ਕੁਝ ਖਾਸ ਗੱਲਾਂ

ਰੇਹਾਨ ਫਜ਼ਲ
ਲਤਾ ਮੰਗੇਸ਼ਕਰ ਨੇ ਭਾਵੇਂ ਆਪਣੀ ਜੀਵਨ ਯਾਤਰਾ ਪੂਰੀ ਕਰ ਲਈ ਪਰ ਕਈ ਦਹਾਕੇ ਪਹਿਲਾਂ ਸ਼ੁਰੂ ਹੋਇਆ ਉਨ੍ਹਾਂ ਦਾ ਸੰਗੀਤ ਸਫਰ ਅਮੁੱਕ ਹੈ। ਉਹ ਸੰਗੀਤ ਦੇ ਇਤਿਹਾਸ ਦੀ ਅਜਿਹੀ ਯਾਤਰੀ ਹੈ ਜਿਸ ਦੀ ਯਾਤਰਾ ਸ਼ਾਇਦ ਹੀ ਕਦੀ ਖਤਮ ਹੋਵੇ। ਉਘੇ ਪੱਤਰਕਾਰ ਰੇਹਾਨ ਫਜ਼ਲ ਨੇ ਇਸ ਲੇਖ ਵਿਚ ਲਤਾ ਮੰਗੇਸ਼ਕਰ (28 ਸਤੰਬਰ 1929-6 ਫਰਵਰੀ 2022) ਦੇ ਜੀਵਨ ਅਤੇ ਕਲਾ-ਜੀਵਨ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ। ਇਸ ਵਿਚ ਉਨ੍ਹਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਅਣਛੋਹੇ ਵਾਕਿਆਤ ਦੀ ਬਾਤ ਪਾਈ ਗਈ ਹੈ।

ਜਵਾਹਰਲਾਲ ਨਹਿਰੂ ਬਾਰੇ ਮਸ਼ਹੂਰ ਸੀ ਕਿ ਉਹ ਨਾ ਤਾਂ ਕਦੇ ਜਨਤਕ ਰੂਪ ਵਿਚ ਰੋਂਦੇ ਸਨ ਅਤੇ ਨਾ ਹੀ ਕਿਸੇ ਦੂਜੇ ਦਾ ਇਸ ਤਰ੍ਹਾਂ ਰੋਣਾ ਪਸੰਦ ਕਰਦੇ ਸਨ ਪਰ 27 ਜਨਵਰੀ, 1963 ਨੂੰ ਜਦੋਂ ਲਤਾ ਮੰਗੇਸ਼ਕਰ ਨੇ ਕਵੀ ਪ੍ਰਦੀਪ ਦਾ ਲਿਖਿਆ ਗੀਤ ‘ਐ ਮੇਰੇ ਵਤਨ ਕੇ ਲੋਗੋਂ’ ਗਾਇਆ ਤਾਂ ਨਹਿਰੂ ਆਪਣੇ ਅੱਥਰੂ ਰੋਕ ਨਾ ਸਕੇ।
ਗਾਣੇ ਤੋਂ ਬਾਅਦ ਜਦੋਂ ਲਤਾ ਸਟੇਜ ਦੇ ਪਿੱਛੇ ਬੈਠੇ ਸਨ ਤਾਂ ਨਿਰਦੇਸ਼ਕ ਮਹਿਬੂਬ ਖਾਨ ਨੇ ਲਤਾ ਨੂੰ ਕਿਹਾ ਕਿ ਨਹਿਰੂ ਜੀ ਸੱਦ ਰਹੇ ਹਨ। ਮਹਿਬੂਬ ਨੇ ਲਤਾ ਨੂੰ ਨਹਿਰੂ ਦੇ ਸਾਹਮਣੇ ਲਿਜਾ ਕਿ ਕਿਹਾ, “ਇਹ ਹੈ ਸਾਡੀ ਲਤਾ, ਤੁਹਾਨੂੰ ਕਿਵੇਂ ਲੱਗਿਆ ਇਸ ਦਾ ਗਾਣਾ?” ਨਹਿਰੂ ਨੇ ਕਿਹਾ, “ਬਹੁਤ ਵਧੀਆ। ਇਸ ਲੜਕੀ ਨੇ ਮੇਰੀਆਂ ਅੱਖਾਂ ਵਿਚ ਪਾਣੀ ਲਿਆ ਦਿੱਤਾ।” ਇਹ ਕਹਿ ਕੇ ਨਹਿਰੂ ਨੇ ਲਤਾ ਨੂੰ ਗਲ ਨਾਲ ਲਗਾ ਲਿਆ।
ਫੌਰਨ ਹੀ ਇਸ ਗਾਣੇ ਦੀ ਮਾਸਟਰ ਟੇਪ ਨੂੰ ਵਿਵਿਧ ਭਾਰਤੀ ਦੇ ਸਟੇਸ਼ਨ ਪਹੁੰਚਾਇਆ ਗਿਆ ਅਤੇ ਰਿਕਾਰਡ ਸਮੇਂ ਵਿਚ ਐਚ.ਐਮ.ਵੀ. ਉਸ ਦਾ ਰਿਕਾਰਡ ਬਣਵਾ ਕੇ ਮਾਰਕੀਟ ਵਿਚ ਲੈ ਆਈ। ਦੇਖਦੇ ਹੀ ਦੇਖਦੇ ਗਾਣਾ ਪੂਰੇ ਦੇਸ਼ ਵਿਚ ਛਾਅ ਗਿਆ ਤੇ ‘ਨੈਸ਼ਨਲ ਰੇਜ’ ਬਣ ਗਿਆ। 1964 ਵਿਚ ਜਦੋਂ ਨਹਿਰੂ ਮੁੰਬਈ ਆਏ ਤਾਂ ਲਤਾ ਨੇ ਉਨ੍ਹਾਂ ਦੇ ਸਾਹਮਣੇ ਬ੍ਰੇਬੋਰਨ ਸਟੇਡੀਅਮ ਵਿਚ ਆਰਜ਼ੂ ਫਿਲਮ ਦਾ ਗਾਣਾ ‘ਅਜੀ ਰੂਠ ਕਰ ਅਬ ਕਹਾਂ ਜਾਈਏਗਾ’ ਗਾਇਆ ਸੀ। ਉਸ ਸਮੇਂ ਨਹਿਰੂ ਨੇ ਚਿੱਟ ਭੇਜ ਕੇ ਮੁੜ ਤੋਂ ‘ਐ ਮੇਰੇ ਵਤਨ ਕੇ ਲੋਗੋਂ’ ਗਾਉਣ ਦੀ ਮੰਗ ਰੱਖੀ ਤੇ ਲਤਾ ਨੇ ਉਹ ਪੂਰੀ ਕੀਤੀ।
1949 ਵਿਚ ‘ਅੰਦਾਜ਼’ ਰਿਲੀਜ਼ ਹੋਣ ਤੋਂ ਬਾਅਦ ਸੰਗੀਤ ਚਾਰਟ ਦੇ ਪਹਿਲੇ ਪੰਜ ਸਥਾਨ ਹਮੇਸ਼ਾ ਲਤਾ ਮੰਗੇਸ਼ਕਰ ਦੇ ਹੀ ਨਾਮ ਰਹੇ। ਜਦੋਂ ਲਤਾ ਮੰਗੇਸ਼ਕਰ 80 ਸਾਲ ਦੇ ਹੋਏ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਰੀਅਰ ਨੂੰ ਖੰਭ ਲੱਗੇ ਰਾਜ ਕਪੂਰ-ਨਰਗਿਸ ਦੀ ਫਿਲਮ ‘ਬਰਸਾਤ’ ਦੇ ਆਉਣ ਤੋਂ ਬਾਅਦ।
ਲਤਾ ਬਾਰੇ ਮਦਨ ਮੋਹਨ ਨੇ ਸੋਲਾਂ ਆਨੇ ਸੱਚੀ ਗੱਲ ਕਹੀ, ਉਨ੍ਹਾਂ ਨੇ ਲਿਖਿਆ, “1965 ਵਿਚ ਮੈਟਰੋ-ਮਰਫੀ ਵੱਲੋਂ ਸਾਨੂੰ ਸੰਗੀਤਕਾਰਾਂ ਨੂੰ ਪ੍ਰਤਿਭਾ ਪਛਾਨਣ ਲਈ ਪੂਰੇ ਦੇਸ਼ ਵਿਚ ਭੇਜਿਆ ਗਿਆ, ਅਸੀਂ ਕੋਈ ਵੀ ਅਜਿਹਾ ਨਹੀਂ ਲੱਭ ਸਕੇ ਜੋ ਪ੍ਰਤਿਭਾ ਦੇ ਮਾਮਲੇ ਵਿਚ ਨੇੜੇ-ਤੇੜੇ ਵੀ ਹੋਵੇ। ਇਹ ਸਾਡੀ ਖੁਸ਼ਕਿਸਮਤੀ ਸੀ ਕਿ ਲਤਾ ਸਾਡੇ ਜ਼ਮਾਨੇ ਵਿਚ ਪੈਦਾ ਹੋਏ।”
ਲਤਾ ਮੰਗੇਸ਼ਕਰ ਨੇ ਸ਼ੁਰੂਆਤੀ ਸਮੇਂ ਵਿਚ ਅਦਾਕਾਰੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਅਸਲ ਵਿਚ ਜਦੋਂ 1948 ਵਿਚ ‘ਮਹਿਲ’ ਰਿਲੀਜ਼ ਹੋਈ ਤਾਂ ਗੀਤਾ ਰਾਏ ਨੂੰ ਛੱਡ ਕੇ ਇੱਕ-ਇੱਕ ਕਰਕੇ ਲਤਾ ਮੰਗੇਸ਼ਕਰ ਦੇ ਸਾਰੇ ਮੁਕਾਬਲੇਦਾਰ ਸ਼ਮਸ਼ਾਦ ਬੇਗਮ, ਜ਼ੋਹਰਾਬਾਈ ਅੰਬਾਲਾਵਾਲੀ ਤੇ ਪਾਰੁਲ ਘੋਸ਼ ਅਤੇ ਅਮੀਰਬਾਈ ਕਰਨਾਟਕੀ ਉਨ੍ਹਾਂ ਦੇ ਰਸਤੇ ਤੋਂ ਪਾਸੇ ਹੁੰਦੇ ਗਏ। ਜਦੋਂ 1950 ਵਿਚ ਉਨ੍ਹਾਂ ਨੇ ‘ਆਏਗਾ ਆਨੇ ਵਾਲਾ’ ਗੀਤ ਗਾਇਆ ਤਾਂ ਆਲ ਇੰਡੀਆ ਰੇਡੀਓ ਉਪਰ ਫਿਲਮ ਸੰਗੀਤ ਬਜਾਉਣ ਦੀ ਪਾਬੰਦੀ ਸੀ। ਉਸ ਸਮੇਂ ਰੇਡੀਓ ਸੀਲੋਨ ਵੀ ਨਹੀਂ ਸੀ। ਭਾਰਤ ਵਾਸੀਆਂ ਨੇ ਪਹਿਲੀ ਵਾਰ ਰੇਡੀਓ ਗੋਆ ਤੋਂ ਲਤਾ ਦੀ ਆਵਾਜ਼ ਸੁਣੀ। ਗੋਆ ਉਸ ਸਮੇਂ ਪੁਰਤਗਾਲ ਦੇ ਕਬਜ਼ੇ ਵਿਚ ਸੀ। ਭਾਰਤ ਨੇ ਇਸ ਨੂੰ 1961 ਵਿਚ ਆਜ਼ਾਦ ਕਰਵਾਇਆ।
ਉਘੇ ਸ਼ਾਸਤਰੀ ਸੰਗੀਤ ਗਾਇਕ ਪੰਡਿਤ ਜਸਰਾਜ ਦਿਲਚਸਪ ਕਿੱਸਾ ਸੁਣਾਉਂਦੇ ਹਨ, “ਇੱਕ ਵਾਰ ਮੈਂ ਬੜੇ ਗੁਲਾਮ ਅਲੀ ਖਾਨ ਨੂੰ ਮਿਲਣ ਅੰਮ੍ਰਿਤਸਰ ਗਿਆ। ਅਸੀਂ ਗੱਲਾਂ ਹੀ ਕਰ ਰਹੇ ਸਨ ਕਿ ਟਰਾਂਜਿ਼ਸਟਰ ‘ਤੇ ਲਤਾ ਦਾ ਗਾਣਾ ‘ਯੇ ਜਿ਼ੰਦਗੀ ਉਸੀ ਕੀ ਹੈ ਜੋ ਕਿਸੀ ਕਾ ਹੋ ਗਿਆ’ ਸੁਣਨ ਵਿਚ ਆਇਆ। ਖਾਨ ਸਾਹਿਬ ਗੱਲ ਕਰਦੇ-ਕਰਦੇ ਇੱਕਦਮ ਰੁਕ ਗਏ ਤੇ ਜਦੋਂ ਗਾਣਾ ਮੁੱਕਿਆ ਤਾਂ ਮੈਨੂੰ ਕਹਿੰਦੇ, ਕਮਬਖਤ ਕਦੇ ਬੇਸੁਰੀ ਹੁੰਦੀ ਹੀ ਨਹੀਂ। ਇਸ ਟਿੱਪਣੀ ਵਿਚ ਪਿਤਾ ਦਾ ਪਿਆਰ ਵੀ ਸੀ ਤੇ ਕਲਾਕਾਰ ਦੀ ਈਰਖਾ ਵੀ।”
ਲਤਾ ਦੇ ਗਾਉਣ ਦੀ ਸ਼ੁਰੂਆਤ ਪੰਜ ਸਾਲ ਦੀ ਉਮਰ ਵਿਚ ਹੋਈ ਸੀ। ਨਸਰੀਨ ਮੁੱਨੀ ਕਬੀਰ ਦੀ ਕਿਤਾਬ ‘ਲਤਾ ਇਨ ਹਰ ਓਨ ਵਰਡਸ’ ਵਿਚ ਖੁਦ ਲਤਾ ਦੱਸਦੇ ਹਨ, “ਮੈਂ ਆਪਣੇ ਪਿਤਾ ਦੀਨਾਨਾਥ ਮੰਗੇਸ਼ਕਰ ਨੂੰ ਗਾਉਂਦਿਆਂ ਸੁਣਦੀ ਸੀ ਪਰ ਉਨ੍ਹਾਂ ਦੇ ਸਾਹਮਣੇ ਗਾਉਣ ਦੀ ਹਿੰਮਤ ਨਹੀਂ ਪੈਂਦੀ ਸੀ। ਇੱਕ ਵਾਰ ਉਹ ਆਪਣੇ ਕਿਸੇ ਸ਼ਾਗਿਰਦ ਨੂੰ ਰਾਗ ਪੂਰੀਆ ਧਨਾਸ਼੍ਰੀ ਸਿਖਾ ਰਹੇ ਸਨ। ਕਿਸੇ ਕਾਰਨ ਉਹ ਥੋੜ੍ਹੀ ਦੇਰ ਲਈ ਕਮਰੇ ਤੋਂ ਬਾਹਰ ਚਲੇ ਗਏ। ਮੈਂ ਬਾਹਰ ਖੇਡ ਰਹੀ ਸੀ। ਮੈਂ ਬਾਬਾ ਦੇ ਵਿਦਿਆਰਥੀ ਨੂੰ ਗਾਉਂਦੇ ਹੋਏ ਸੁਣਿਆ। ਮੈਨੂੰ ਲੱਗਿਆ, ਮੁੰਡਾ ਢੰਗ ਨਾਲ ਨਹੀਂ ਗਾ ਰਿਹਾ। ਮੈਂ ਉਸ ਕੋਲ ਗਈ ਤੇ ਉਸ ਦੇ ਸਾਹਮਣੇ ਗਾ ਕੇ ਦੱਸਿਆ ਕਿ ਇਸ ਨੂੰ ਕਿਵੇਂ ਗਾਇਆ ਜਾਂਦਾ ਹੈ। ਜਦੋਂ ਮੇਰੇ ਪਿਤਾ ਵਾਪਸ ਆਏ ਤਾਂ ਉਨ੍ਹਾਂ ਨੇ ਦਰਵਾਜ਼ੇ ਦੀ ਓਟ ਵਿਚੋਂ ਮੈਨੂੰ ਗਾਉਂਦੀ ਨੂੰ ਸੁਣਿਆ। ਉਨ੍ਹਾਂ ਨੇ ਮੇਰੀ ਮਾਂ ਨੂੰ ਬੁਲਾ ਕੇ ਕਿਹਾ- ‘ਸਾਨੂੰ ਇਹ ਪਤਾ ਹੀ ਨਹੀਂ ਸੀ ਕਿ ਸਾਡੇ ਘਰ ਵਿਚ ਵੀ ਚੰਗੀ ਗਾਇਕਾ ਹੈ’। ਅਗਲੇ ਦਿਨ ਸਵੇਰੇ ਛੇ ਵਜੇ ਜਗਾ ਕੇ ਮੇਰੇ ਪਿਤਾ ਨੇ ਮੈਨੂੰ ਕਿਹਾ- ਤਾਨਪੁਰਾ ਚੁੱਕੋ, ਅੱਜ ਤੋਂ ਤੂੰ ਗਾਣਾ ਸਿੱਖੇਂਗੀ। ਉਨ੍ਹਾਂ ਨੇ ਪੂਰੀਆ ਧਨਾਸ਼੍ਰੀ ਰਾਗ ਤੋਂ ਹੀ ਸ਼ੁਰੂ ਕੀਤਾ। ਉਸ ਸਮੇਂ ਮੇਰੀ ਉਮਰ ਮਹਿਜ਼ ਪੰਜ ਸਾਲ ਦੀ ਸੀ।”
ਉਂਝ ਤਾਂ ਲਤਾ ਮੰਗੇਸ਼ਕਰ ਨੇ ਕਈ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ ਪਰ ਗੁਲਾਮ ਹੈਦਰ ਦੇ ਲਈ ਉਨ੍ਹਾਂ ਦੇ ਮਨ ਵਿਚ ਖਾਸ ਥਾਂ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਸੀ ਕਿ ਬੀਟ ‘ਤੇ ਆਉਣ ਵਾਲੇ ਸ਼ਬਦਾਂ ਉਪਰ ਥੋੜ੍ਹਾ ਜਿ਼ਆਦਾ ਜ਼ੋਰ ਦੇਣਾ ਹੈ। ਇਸੇ ਨਾਲ ਗਾਣਾ ਉਠਦਾ ਹੈ।”
ਹਰੀਸ਼ ਭਿਵਾਨੀ ਆਪਣੀ ਕਿਤਾਬ ‘ਲਤਾ ਦੀਦੀ ਅਜੀਬ ਦਾਸਤਾਨ ਹੈ’ ਵਿਚ ਲਿਖਦੇ ਹਨ, “ਅਨਿਲ ਦਾ ਇਸ ਗੱਲ ਉਪਰ ਬਹੁਤ ਜ਼ੋਰ ਦਿੰਦੇ ਸਨ ਕਿ ਗੀਤ ਗਾਉਂਦੇ ਸਮੇਂ ਸਾਂਹ ਕਿੱਥੇ ਤੋੜਨੀ ਚਾਹੀਦੀ ਹੈ ਤਾਂ ਜੋ ਸੁਣਨ ਵਾਲੇ ਨੂੰ ਰੜਕੇ ਨਾ। ਅਨਿਲ ਬਿਸਵਾਸ ਨੇ ਲਤਾ ਨੂੰ ਸਿਖਾਇਆ ਕਿ ਦੋ ਸ਼ਬਦਾਂ ਦੇ ਵਿਚਕਾਰ ਸਾਹ ਲੈਂਦੇ ਸਮੇਂ ਹੌਲੀ ਜਿਹੇ ਮੂੰਹ ਮਾਈਕ੍ਰੋਫੋਨ ਤੋਂ ਪਰੇ ਲੈ ਜਾਓ। ਸਾਹ ਲਓ ਤੇ ਤੁਰੰਤ ਉਸੇ ਥਾਂ ਆ ਕੇ ਗਾਣਾ ਜਾਰੀ ਰੱਖੋ। ਮਾਈਕ ਤੋਂ ਲੁਕਣ-ਮੀਟੀ ਦੀ ਇਸ ਪ੍ਰਕਿਰਿਆ ਵਿਚ ਆਖਰੀ ਸ਼ਬਦ ਦਾ ਅੰਤਿਮ ਅੱਖਰ ਅਤੇ ਨਵੇਂ ਸ਼ਬਦ ਦਾ ਪਹਿਲਾ ਅੱਖਰ ਦੋਵਾਂ ਨੂੰ ਜ਼ਰਾ ਜ਼ੋਰ ਨਾਲ ਗਾਉਣਾ ਚਾਹੀਦਾ ਹੈ।”
ਲਤਾ ਦੇ ਸੁਰੀਲੇਪਨ ਦੇ ਇਲਾਵਾ ਉਨ੍ਹਾਂ ਦੇ ਉਰਦੂ ਭਾਸ਼ਾ ਦੇ ਬਿਹਤਰੀਨ ਉਚਾਰਨ ਨੇ ਵੀ ਹਰ ਕਿਸੇ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ। ਅਸਲ ‘ਚ ਇਸ ਦਾ ਸਿਹਰਾ ਦਲੀਪ ਕੁਮਾਰ ਨੂੰ ਜਾਣਾ ਜਾਣਾ ਚਾਹੀਦਾ ਹੈ। ਹਰੀਸ਼ ਭਿਮਾਨੀ ਆਪਣੀ ਕਿਤਾਬ ‘ਲਤਾ ਦੀਦੀ ਅਜੀਬ ਦਾਸਤਾਨ ਹੈਂ’ ਵਿਚ ਲਿਖਦੇ ਹਨ, “ਇੱਕ ਦਿਨ ਅਨਿਲ ਬਿਸਵਾਸ ਅਤੇ ਲਤਾ ਮੁੰਬਈ ਦੀ ਲੋਕਲ ਟ੍ਰੇਨ ਰਾਹੀਂ ਗੋਰੇਗਾਓਂ ਜਾ ਰਹੇ ਸਨ। ਇਤਫਾਕ ਨਾਲ ਉਸੇ ਰੇਲਗੱਡੀ ‘ਚ ਬਾਂਦਰਾ ਸਟੇਸ਼ਨ ਤੋਂ ਦਲੀਪ ਕੁਮਾਰ ਚੜ੍ਹੇ। ਜਦੋਂ ਅਨਿਲ ਬਿਸਵਾਸ ਨੇ ਦਲੀਪ ਕੁਮਾਰ ਨਾਲ ਨਵੀਂ ਗਾਇਕਾ ਦੀ ਜਾਣ-ਪਛਾਣ ਕਰਵਾਈ ਤਾਂ ਉਨ੍ਹਾਂ ਨੇ ਕਿਹਾ- ‘ਮਰਾਠੀ ਲੋਕਾਂ ਦੇ ਮੂੰਹ ‘ਚੋਂ ਦਾਲ-ਭਾਤ ਦੀ ਖੁਸ਼ਬੂ ਆਉਂਦੀ ਹੈ। ਉਨ੍ਹਾਂ ਨੂੰ ਉਰਦੂ ਬਾਰੇ ਕੀ ਪਤਾ?’… ਲਤਾ ਨੇ ਇਸ ਗੱਲ ਨੂੰ ਚੁਣੌਤੀ ਵਾਂਗ ਸਵੀਕਾਰ ਕੀਤਾ। ਇਸ ਤੋਂ ਬਾਅਦ ਸਫੀ ਸਾਹਿਬ ਨੇ ਉਨ੍ਹਾਂ ਲਈ ਮੌਲਵੀ ਉਸਤਾਦ ਦਾ ਪ੍ਰਬੰਧ ਕੀਤਾ ਜਿਨ੍ਹਾਂ ਦਾ ਨਾਮ ਮਹਿਬੂਬ ਸੀ। ਲਤਾ ਨੇ ਉਨ੍ਹਾਂ ਤੋਂ ਹੀ ਉਰਦੂ ਦੀਆਂ ਬਾਰੀਕੀਆਂ ਦਾ ਗਿਆਨ ਹਾਸਿਲ ਕੀਤਾ।”
ਇਸ ਤੋਂ ਕੁਝ ਸਮੇਂ ਬਾਅਦ ਫਿਲਮ ਲਾਹੌਰ ਦੀ ਸ਼ੂਟਿੰਗ ਚੱਲ ਰਹੀ ਸੀ ਜਿੱਥੇ ਜੱਦਨਬਾਈ ਅਤੇ ਉਨ੍ਹਾਂ ਦੀ ਧੀ ਨਰਗਿਸ ਵੀ ਮੌਜੂਦ ਸਨ। ਲਤਾ ਨੇ ਸਟੂਡੀਓ ‘ਚ ‘ਦੀਪਕ ਬਗੈਰ ਕੈਸੇ ਪਰਵਾਨੇ ਜਲ ਰਹੇਂ ਹੈ’ ਗੀਤ ਦੀ ਰਿਕਾਰਡਿੰਗ ਸ਼ੁਰੂ ਕੀਤੀ। ਰਿਕਾਰਡਿੰਗ ਤੋਂ ਬਾਅਦ ਜੱਦਨਬਾਈ ਨੇ ਲਤਾ ਨੂੰ ਬੁਲਾ ਕੇ ਕਿਹਾ, “ਮਾਸ਼ਾਅੱਲ੍ਹਾ ਕਿੰਨਾ ਸੋਹਣਾ ਗਾਇਆ ਹੈ। ਅਜਿਹਾ ਤਲਫੁੱਜ਼ ਹਰ ਕਿਸੇ ਦਾ ਨਹੀਂ ਹੁੰਦਾ ਹੈ ਬੇਟਾ।”
ਲਤਾ ਦੀ ਆਵਾਜ਼ ਦੀ ਇੱਕ ਹੋਰ ਖਾਸੀਅਤ ਇਹ ਸੀ ਕਿ ਉਨ੍ਹਾਂ ਦੀ ਆਵਾਜ਼ ਸਮਾਂ ਬੀਤਣ ਦੇ ਨਾਲ-ਨਾਲ ਹੋਰ ਸੁਰੀਲੀ ਅਤੇ ਜਵਾਨ ਹੁੰਦੀ ਜਾ ਰਹੀ ਸੀ। 1961 ‘ਚ ਆਈ ਜੰਗਲੀ ਫਿਲਮ ‘ਚ ਜਦੋਂ ਉਨ੍ਹਾਂ ਨੇ ਸਾਇਰਾ ਬਾਨੋ ਲਈ ‘ਕਾਸ਼ਮੀਰ ਕੀ ਕਲੀ ਹੂੰ ਮੈਂ’ ਗਾਇਆ ਸੀ ਤਾਂ ਜੋ ਸੁਰੀਲਾਪਨ ਉਸ ਸਮੇਂ ਉਨ੍ਹਾਂ ਦੀ ਆਵਾਜ਼ ‘ਚ ਸੀ, ਓਨਾ ਹੀ ਪੱਕਾ ਸੁਰ 12 ਸਾਲ ਬਾਅਦ ਫਿਲਮ ਅਨਾਮਿਕਾ ‘ਚ ਵੀ ਲੱਗਾ ਸੀ। ਅਨਾਮਿਕਾ ਫਿਲਮ ‘ਚ ਉਨ੍ਹਾਂ ਨੇ ਜਯਾ ਭਾਦੁੜੀ ਦੇ ਲਈ ‘ਬਾਹੋਂ ਮੇਂ ਚਲੇ ਆਓ’ ਗਾਇਆ ਸੀ।
ਉਨ੍ਹਾਂ ਬਾਰੇ ‘ਚ ਇੱਕ ਹੋਰ ਕਹਾਣੀ ਮਸ਼ਹੂਰ ਹੈ ਕਿ 1958 ‘ਚ ਮਹਿਬੂਬ ਖਾਨ ਅਮਰੀਕਾ ‘ਚ ਆਸਕਰ ਸਮਾਰੋਹ ‘ਚ ਸ਼ਾਮਲ ਹੋਣ ਲਈ ਲਾਸ ਏਂਜਲਸ ਗਏ ਸਨ। ਸਮਾਰੋਹ ਤੋਂ ਦੋ ਦਿਨ ਬਾਅਦ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ।
ਰਾਜੂ ਭਾਰਤਨ ਲਤਾ ਮੰਗੇਸ਼ਕਰ ਦੀ ਜੀਵਨੀ ‘ਚ ਲਿਖਦੇ ਹਨ, “ਲਤਾ ਨੇ ਉਨ੍ਹਾਂ ਨੂੰ ਮੁੰਬਈ ਤੋਂ ਫੋਨ ਕੀਤਾ। ਠੀਕ ਹੋਣ ਤੋਂ ਬਾਅਦ ਮਹਿਬੂਬ ਸਾਹਿਬ ਨੇ ਲਤਾ ਨੂੰ ਕਿਹਾ ਕਿ ਤੁਹਾਡਾ ਇੱਕ ਗੀਤ ਸੁਣਨ ਨੂੰ ਬਹੁਤ ਮਨ ਕਰ ਰਿਹਾ ਹੈ ਪਰ ਇਸ ਦੇਸ਼ ‘ਚ ਉਸ ਦਾ ਰਿਕਾਰਡ ਕਿੱਥੋਂ ਲਿਆਵਾਂ? ਲਤਾ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ ਤੇ ਫਿਰ ਮਹਿਬੂਬ ਸਾਹਿਬ ਦੇ ਕਹਿਣ ‘ਤੇ ਲਤਾ ਨੇ ਟੈਲੀਫੋਨ ‘ਤੇ ਹੀ ‘ਰਸਿਕ ਬਲਮਾ’ ਗੀਤ ਉਨ੍ਹਾਂ ਨੂੰ ਸੁਣਾਇਆ।
ਇੱਕ ਹਫਤੇ ਬਾਅਦ ਲਤਾ ਨੇ ਇੱਕ ਵਾਰ ਫਿਰ ਉਹੀ ਗਾਣਾ ਮਹਿਬੂਬ ਸਾਹਿਬ ਨੂੰ ਸੁਣਾਇਆ। ਮਹਿਬੂਬ ਸਾਹਿਬ ਦੇ ਠੀਕ ਹੋਣ ‘ਚ ਇਸ ਗਾਣੇ ਦਾ ਕਿੰਨਾ ਯੋਗਦਾਨ ਹੈ , ਇਹ ਤਾਂ ਰੱਬ ਹੀ ਦੱਸ ਸਕਦਾ ਹੈ ਪਰ ਉਦੋਂ ਤੋਂ ਹੀ ਲਤਾ ਲਈ ਇਹ ਗੀਤ ਬਹੁਤ ਖਾਸ ਹੋ ਗਿਆ ਸੀ।
ਪਹਿਲਾਂ ਭਾਰਤ ‘ਚ ਰਹੇ ਅਤੇ ਫਿਰ ਪਾਕਿਸਤਾਨ ਚਲੇ ਗਈ ਨੂਰਜਹਾਂ ਅਤੇ ਲਤਾ ਮੰਗੇਸ਼ਕਰ ‘ਚ ਗੂੜ੍ਹੀ ਦੋਸਤੀ ਸੀ। ਇੱਕ ਵਾਰ ਜਦੋਂ ਲਤਾ 1952 ‘ਚ ਅੰਮ੍ਰਿਤਸਰ ਗਏ ਤਾਂ ਉਨ੍ਹਾਂ ਦੀ ਇੱਛਾ ਸੀ ਕਿ ਉਹ ਨੂਰਜਹਾਂ ਨੂੰ ਮਿਲਣ ਜੋ ਮਹਿਜ ਦੋ ਘੰਟੇ ਦੀ ਦੂਰੀ ‘ਤੇ ਲਾਹੌਰ (ਪਾਕਿਸਤਾਨ) ‘ਚ ਰਹਿੰਦੇ ਸਨ। ਤੁਰੰਤ ਹੀ ਨੂਰ ਜਹਾਂ ਨੂੰ ਫੋਨ ਮਿਲਾਇਆ ਗਿਆ ਅਤੇ ਦੋਵਾਂ ਨੇ ਘੰਟਿਆਂਬੱਧੀ ਫੋਨ ‘ਤੇ ਗੱਲਬਾਤ ਕੀਤੀ ਅਤੇ ਫਿਰ ਤੈਅ ਹੋਇਆ ਕਿ ਦੋਵੇਂ ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਦੂਜੇ ਨੂੰ ਮਿਲਣਗੇ। ਮਸ਼ਹੂਰ ਸੰਗੀਤਕਾਰ ਸੀ ਰਾਮਚੰਦਰ ਆਪਣੀ ਸਵੈ-ਜੀਵਨੀ ‘ਚ ਲਿਖਦੇ ਹਨ, “ਮੈਂ ਆਪਣੇ ਸੰਪਰਕਾਂ ਨਾਲ ਇਸ ਮੁਲਾਕਾਤ ਦਾ ਪ੍ਰਬੰਧ ਕਰਵਾਇਆ ਸੀ। ਇਹ ਮੁਲਾਕਾਤ ਵਾਹਗਾ ਸਰਹੱਦ ਦੇ ਨਜ਼ਦੀਕ ਉਸ ਥਾਂ ‘ਤੇ ਹੋਈ ਸੀ ਜਿਸ ਨੂੰ ਫੌਜ ਦੀ ਭਾਸ਼ਾ ‘ਚ ‘ਨੋ ਮੈਨਜ਼ ਲੈਂਡ’ ਕਿਹਾ ਜਾਂਦਾ ਹੈ।… ਜਿਵੇਂ ਹੀ ਨੂਰਜਹਾਂ ਨੇ ਲਤਾ ਨੂੰ ਦੇਖਿਆ ਤਾਂ ਉਹ ਦੌੜਦੀ ਹੋਏ ਆਈ ਅਤੇ ਕਿਸੇ ਵਿਛੜੇ ਹੋਏ ਦੋਸਤ ਵਾਂਗ ਉਨ੍ਹਾਂ ਨੂੰ ਘੁੱਟ ਕੇ ਗਲਵੱਕੜੀ ਪਾ ਲਈ। ਦੋਵਾਂ ਦੀਆਂ ਅੱਖਾਂ ‘ਚ ਹੰਝੂ ਵਹਿ ਤੁਰੇ। ਉਥੇ ਮੌਜੂਦ ਹਰ ਕੋਈ ਇਹ ਨਜ਼ਾਰਾ ਦੇਖ ਕੇ ਆਪਣੇ ਹੰਝੂਆਂ ਨੂੰ ਰੋਕ ਨਾ ਸਕਿਆ। ਇੱਥੋਂ ਤੱਕ ਕਿ ਦੋਵਾਂ ਪਾਸਿਆਂ ਦੇ ਸੈਨਿਕ ਵੀ ਭਾਵੁਕ ਹੋ ਗਏ ਸਨ। ਨੂਰਜਹਾਂ ਲਤਾ ਦੇ ਲਈ ਲਾਹੌਰ ਤੋਂ ਬਿਰਯਾਨੀ ਲਿਆਏ ਸਨ। ਨੂਰਜਹਾਂ ਦੇ ਪਤੀ ਵੀ ਉਨ੍ਹਾਂ ਦੇ ਨਾਲ ਆਏ ਸਨ। ਲਤਾ ਦੇ ਨਾਲ ਉਨ੍ਹਾਂ ਦੀਆਂ ਦੋਵੇਂ ਭੈਣਾਂ ਮੀਨਾ ਅਤੇ ਊਸ਼ਾ ਤੇ ਉਨ੍ਹਾਂ ਦੀ ਇੱਕ ਸਹੇਲੀ ਮੰਗਲਾ ਸਨ। ਇਹ ਘਟਨਾ ਦਰਸਾਉਂਦੀ ਹੈ ਕਿ ਸੰਗੀਤ ਲਈ ਕੋਈ ਵੀ ਸੀਮਾ ਜਾਂ ਰੁਕਾਵਟ ਨਹੀਂ ਹੁੰਦੀ ਹੈ।”
ਵੈਸੇ ਤਾਂ ਲਤਾ ਨੇ ਕਈ ਗਾਇਕਾਂ ਨਾਲ ਕੰਮ ਕੀਤਾ ਹੈ ਪਰ ਮੁਹੰਮਦ ਰਫੀ ਨਾਲ ਗਾਏ ਉਨ੍ਹਾਂ ਦੇ ਗੀਤ ਲੋਕਾਂ ਵੱਲੋਂ ਵਧੇਰੇ ਪਸੰਦ ਕੀਤੇ ਗਏ ਹਨ। ਰਫੀ ਦੇ ਬਾਰੇ ‘ਚ ਗੱਲ ਕਰਦਿਆਂ ਇੱਕ ਵਾਰ ਲਤਾ ਨੇ ਦਿਲਚਸਪ ਕਿੱਸਾ ਸੁਣਾਇਆ ਸੀ, “ਇੱਕ ਵਾਰ ਮੈਂ ਅਤੇ ਰਫੀ ਸਾਹਿਬ ਸਟੇਜ ਤੋਂ ਗਾ ਰਹੇ ਸੀ । ਗੀਤ ਦੀਆਂ ਲਾਈਨਾਂ ਸਨ- ‘ਐਸੇ ਹਸ-ਹਸ ਕੇ ਨਾ ਦੇਖਾ ਕਰੋ ਤੁਮ ਸਬ ਕੀ ਤਰਫ, ਲੋਗ ਐਸੀ ਹੀ ਅਦਾਓਂ ਪਰ ਫਿਦਾ ਹੋਤੇ ਹੈਂ’। ਰਫੀ ਸਾਹਿਬ ਨੇ ਇਸ ਲਾਈਨ ਨੂੰ ਕੁਝ ਇੰਝ ਪੜ੍ਹਿਆ- ‘ਲੋਗ ਐਸੇ ਹੀ ਫਿਦਾਓਂ ਪਰ ਅਦਾ ਹੋਤੇ ਹੈਂ’। ਇਹ ਸੁਣਦਿਆਂ ਹੀ ਲੋਕ ਉਚੀ-ਉਚੀ ਹੱਸਣ ਲੱਗ ਪਏ। ਰਫੀ ਸਾਹਿਬ ਵੀ ਹੱਸਣ ਲੱਗੇ ਅਤੇ ਫਿਰ ਮੈਂ ਵੀ ਆਪਣਾ ਹਾਸਾ ਨਾ ਰੋਕ ਸਕੀ। ਨਤੀਜਾ ਇਹ ਨਿੱਕਲਿਆ ਕਿ ਅਸੀਂ ਇਸ ਗੀਤ ਨੂੰ ਪੂਰਾ ਹੀ ਨਾ ਕਰ ਸਕੇ ਅਤੇ ਪ੍ਰਬੰਧਕਾਂ ਨੂੰ ਪਰਦਾ ਖਿੱਚ ਕੇ ਉਸ ਨੂੰ ਖਤਮ ਕਰਵਾਉਣਾ ਪਿਆ।”
ਸੱਠ ਦੇ ਦਹਾਕੇ ‘ਚ ਉਨ੍ਹਾਂ ਦੇ ਗਾਣਿਆਂ ਦੀ ਰਾਇਲਟੀ ਨੂੰ ਲੈ ਕੇ ਲਤਾ ਅਤੇ ਰਫੀ ਸਾਹਿਬ ਵਿਚਾਲੇ ਮਤਭੇਦ ਹੋ ਗਏ ਸਨ। ਉਸ ਲੜਾਈ ‘ਚ ਮੁਕੇਸ਼, ਤਲਤ ਮਹਿਮੂਦ, ਕਿਸ਼ੋਰ ਕੁਮਾਰ ਅਤੇ ਮੰਨਾ ਡੇ, ਲਤਾ ਦੇ ਨਾਲ ਸਨ ਜਦਕਿ ਆਸ਼ਾ ਭੌਂਸਲੇ ਮੁਹੰਮਦ ਰਫੀ ਦੇ ਹੱਕ ‘ਚ ਸਨ। ਚਾਰ ਸਾਲਾਂ ਤੱਕ ਦੋਵਾਂ ਨੇ ਇੱਕ ਦੂਜੇ ਦਾ ਬਾਈਕਾਟ ਕੀਤਾ ਅਤੇ ਫਿਰ ਸਚਿਨਦੇਵ ਬਰਮਨ ਦੇ ਦੋਵਾਂ ਦੀ ਸੁਲ੍ਹਾ ਕਰਵਾਈ।
ਸਚਿਨਦੇਵ ਬਰਮਨ ਵੀ ਲਤਾ ਨੂੰ ਬਹੁਤ ਪਸੰਦ ਕਰਦੇ ਸਨ। ਜਦੋਂ ਵੀ ਉਨ੍ਹਾਂ ਦੇ ਗੀਤ ਤੋਂ ਖੁਸ਼ ਹੁੰਦੇ ਤਾਂ ਉਨ੍ਹਾਂ ਦੀ ਪਿੱਠ ਥਾਪੜਦੇ ਸਨ ਅਤੇ ਲਤਾ ਨੂੰ ਪਾਨ ਪੇਸ਼ ਕਰਦੇ ਸਨ। ਸਚਿਨ ਪਾਨ ਦੇ ਬਹੁਤ ਸੌਕੀਨ ਸਨ ਅਤੇ ਉਨ੍ਹਾਂ ਨਾਲ ਪਾਨਦਾਨ ਚੱਲਦਾ ਹੁੰਦਾ ਸੀ ਪਰ ਉਹ ਕਿਸੇ ਨੂੰ ਵੀ ਪਾਨ ਨਹੀਂ ਦਿੰਦੇ ਸਨ। ਜੇਕਰ ਉਹ ਕਿਸੇ ਨੂੰ ਆਪਣਾ ਪਾਨ ਪੇਸ਼ ਕਰਦੇ ਤਾਂ ਇਸ ਦਾ ਮਤਲਬ ਇਹ ਸੀ ਕਿ ਉਹ ਤੁਹਾਡੇ ਤੋਂ ਬਹੁਤ ਖੁਸ਼ ਹਨ।
ਇੱਕ ਵਾਰ ਸਚਿਨਦੇਵ ਬਰਮਨ ਅਤੇ ਲਤਾ ਵਿਚਾਲੇ ਲੜਾਈ ਹੋ ਗਈ ਸੀ। ਹੋਇਆ ਇਹ ਸੀ ਕਿ ਲਤਾ ਨੇ ‘ਮਿਸ ਇੰਡੀਆ’ ਫਿਲਮ ‘ਚ ਗਾਣਾ ਗਾਇਆ ਸੀ। ਬਰਮਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲਤਾ ਇਸ ਗਾਣੇ ਨੂੰ ‘ਸੌਫਟ ਮੂਡ’ ਵਿਚ ਗਾਵੇ। ਲਤਾ ਨੇ ਕਿਹਾ- ਠੀਕ ਹੈ, ਮੈਂ ਗਾ ਦੇਵਾਂਗੀ ਪਰ ਅਜੇ ਮੈਂ ਥੋੜ੍ਹਾ ਰੁੱਝੀ ਹੋਈ ਹਾਂ।
ਫਿਰ ਕੁਝ ਦਿਨਾਂ ਬਾਅਦ ਬਰਮਨ ਨੇ ਰਿਕਾਰਡਿੰਗ ਦੀ ਤਰੀਕ ਤੈਅ ਕਰਨ ਲਈ ਲਤਾ ਕੋਲ ਕਿਸੇ ਨੂੰ ਭੇਜਿਆ। ਉਸ ਵਿਅਕਤੀ ਨੇ ਬਰਮਨ ਨੂੰ ਇਹ ਕਹਿਣ ਦੀ ਬਜਾਇ ਕਿ ਲਤਾ ਕੋਲ ਅਜੇ ਸਮਾਂ ਨਹੀਂ ਹੈ, ਇਹ ਕਹਿ ਦਿੱਤਾ ਕਿ ਲਤਾ ਨੇ ਇਸ ਗੀਤ ਨੂੰ ਗਾਉਣ ਤੋਂ ਮਨ੍ਹਾ ਕਰ ਦਿੱਤਾ ਹੈ।
ਦਾਦਾ ਨਾਰਾਜ਼ ਹੋ ਗਏ ਅਤੇ ਉਨ੍ਹਾਂ ਗੁੱਸੇ ‘ਚ ਕਿਹਾ ਕਿ ਹੁਣ ਉਹ ਲਤਾ ਨਾਲ ਕਦੇ ਵੀ ਕੰਮ ਨਹੀਂ ਕਰਨਗੇ। ਲਤਾ ਨੇ ਵੀ ਉਨ੍ਹਾਂ ਨੂੰ ਫੋਨ ਕਰਕੇ ਕਿਹਾ, “ਤੁਹਾਨੂੰ ਇਹ ਐਲਾਨ ਕਰਨ ਦੀ ਲੋੜ ਨਹੀਂ। ਮੈਂ ਖੁਦ ਤੁਹਾਡੇ ਨਾਲ ਕੰਮ ਨਹੀਂ ਕਰਾਂਗੀ।”
ਕਈ ਸਾਲਾਂ ਬਾਅਦ ਦੋਵਾਂ ਵਿਚਾਲੇ ਗਲਤਫਹਿਮੀ ਦੂਰ ਹੋਈ ਅਤੇ ਫਿਰ ਲਤਾ ਨੇ ‘ਬੰਦਨੀ’ ਫਿਲਮ ਵਿਚ ਉਨ੍ਹਾਂ ਲਈ ‘ਮੋਰਾ ਗੋਰਾ ਅੰਗ ਲਇ ਲੇ’ ਗਾਇਆ।
ਲਤਾ ਮੰਗੇਸ਼ਕਰ ਨੂੰ ਕ੍ਰਿਕਟ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੇ ਪਹਿਲੀ ਵਾਰ 1946 ‘ਚ ਮੁਬੰਈ ਦੇ ਬ੍ਰੇਬੋਰਨ ਸਟੇਡੀਅਮ ‘ਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਮੈਚ ਦੇਖਿਆ ਸੀ। ਉਨ੍ਹਾਂ ਨੇ ਇੱਕ ਵਾਰ ਇੰਗਲੈਂਡ ‘ਚ ਓਵਲ ਮੈਦਾਨ ‘ਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਟੈਸਟ ਮੈਚ ਵੀ ਦੇਖਿਆ ਸੀ। ਕ੍ਰਿਕਟ ਦੇ ਮਹਾਨ ਖਿਡਾਰੀ ਡੌਨ ਬ੍ਰੈਡਮੈਨ ਨੇ ਉਨ੍ਹਾਂ ਨੂੰ ਤਸਵੀਰ ਭੇਂਟ ਕੀਤੀ ਸੀ ਜਿਸ ‘ਤੇ ਉਨ੍ਹਾਂ ਨੇ ਆਪਣੇ ਦਸਤਖਤ ਕੀਤੇ ਸਨ।
ਲਤਾ ਮੰਗੇਸ਼ਕਰ ਕੋਲ ਕਾਰਾਂ ਦੀ ਵੱਡੀ ਕੁਲੈਕਸ਼ਨ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸਿਲਵਰ ਰੰਗ ਦੀ ਹਿਲਮੈਨ ਖਰੀਦੀ ਸੀ ਜਿਸ ਲਈ ਉਨ੍ਹਾਂ ਨੇ ਉਸ ਜ਼ਮਾਨੇ ‘ਚ 8 ਹਜ਼ਾਰ ਰੁਪਏ ਖਰਚੇ ਸਨ। ਉਸ ਸਮੇਂ ਉਨ੍ਹਾਂ ਨੂੰ ਹਰ ਗੀਤ ਲਈ 200-500 ਰੁਪਏ ਮਿਲਦੇ ਸਨ। 1964 ‘ਚ ‘ਸੰਗਮ’ ਫਿਲਮ ਤੋਂ ਉਨ੍ਹਾਂ ਨੂੰ ਹਰ ਗੀਤ ਲਈ 2 ਹਜ਼ਾਰ ਰੁਪਏ ਮਿਲਣੇ ਸ਼ੁਰੂ ਹੋ ਗਏ। ਫਿਰ ਉਨ੍ਹਾਂ ਨੇ ਹਿਲਮੈਨ ਵੇਚ ਕੇ ਨੀਲੇ ਰੰਗ ਦੀ ਸ਼ੈਵਰਲੈਟ ਕਾਰ ਖਰੀਦੀ ਸੀ। ਜਦੋਂ ਲਤਾ ਨੇ ਯਸ਼ ਚੋਪੜਾ ਦੀ ਫਿਲਮ ‘ਵੀਰ ਜ਼ਾਰਾ’ ਦੇ ਲਈ ਗੀਤ ਗਾਏ ਤਾਂ ਉਨ੍ਹਾਂ ਨੇ ਚੋਪੜਾ ਵੱਲੋਂ ਦਿੱਤੇ ਗਏ ਮਿਹਨਤਾਨੇ ਨੂੰ ਇਹ ਕਹਿ ਕੇ ਸਵੀਕਾਰ ਨਹੀਂ ਕੀਤਾ ਕਿ ਉਹ ਉਨ੍ਹਾਂ ਦੇ ਭਰਾ ਵਰਗੇ ਹਨ। ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਯਸ਼ ਚੋਪੜਾ ਨੇ ਲਤਾ ਨੂੰ ਤੋਹਫੇ ਵਜੋਂ ਮਰਸਡੀਜ਼ ਕਾਰ ਭੇਂਟ ਕੀਤੀ ਸੀ। ਆਪਣੀ ਜਿ਼ੰਦਗੀ ਦੇ ਆਖਰੀ ਦਿਨਾਂ ਤੱਕ ਲਤਾ ਨੇ ਉਸ ਕਾਰ ‘ਚ ਹੀ ਸਫਰ ਕੀਤਾ।
ਲਤਾ ਮੰਗੇਸ਼ਕਰ ਨੂੰ ਹੀਰਿਆਂ ਅਤੇ ਪੰਨੇ ਦਾ ਬਹੁਤ ਸ਼ੌਕ ਸੀ। 1948 ‘ਚ ਆਪਣੀ ਕਮਾਈ ਨਾਲ ਉਨ੍ਹਾਂ ਨੇ 700 ਰੁਪਏ ‘ਚ ਆਪਣੇ ਲਈ ਇੱਕ ਹੀਰੇ ਦੀ ਮੁੰਦਰੀ ਬਣਵਾਈ ਸੀ। ਉਹ ਉਸ ਮੁੰਦਰੀ ਨੂੰ ਆਪਣੇ ਖੱਬ ਹੱਥ ਦੀ ਤੀਜੀ ਉਂਗਲੀ ‘ਚ ਪਾਇਆ ਕਰਦੇ ਸਨ। ਉਨ੍ਹਾਂ ਨੂੰ ਸੋਨਾ ਬਿਲਕੁਲ ਵੀ ਪਸੰਦ ਨਹੀਂ ਸੀ। ਹਾਂ, ਉਹ ਸੋਨੇ ਦੀ ਝਾਂਜਰ ਜ਼ਰੂਰ ਪਾਉਂਦੇ ਸਨ। ਇਸ ਦੀ ਸਲਾਹ ਉਨ੍ਹਾਂ ਨੂੰ ਪ੍ਰਸਿੱਧ ਗੀਤਕਾਰ ਨਰਿੰਦਰ ਸ਼ਰਮਾ ਨੇ ਦਿੱਤੀ ਸੀ।
ਲਤਾ ਨੂੰ ਜਾਸੂਸੀ ਨਾਵਲ ਪੜ੍ਹਨ ਦਾ ਵੀ ਬਹੁਤ ਸ਼ੌਕ ਸੀ ਅਤੇ ਉਨ੍ਹਾਂ ਕੋਲ ਸ਼ਾਰਲਾਕ ਹੋਮਜ਼ ਦੀਆਂ ਸਾਰੀਆਂ ਕਿਤਾਬਾਂ ਦੀ ਕੁਲੈਕਸ਼ਨ ਸੀ। ਲਤਾ ਮੰਗੇਸ਼ਕਰ ਨੂੰ ਜਲੇਬੀ ਸਭ ਤੋਂ ਵੱਧ ਪਸੰਦ ਸੀ। ਇੱਕ ਜ਼ਮਾਨੇ ‘ਚ ਉਨ੍ਹਾਂ ਨੂੰ ਇੰਦੌਰ ਦਾ ਗੁਲਾਬ ਜਾਮੁਨ ਅਤੇ ਦਹੀਂ-ਵੜਾ ਵੀ ਬਹੁਤ ਪਸੰਦ ਸੀ। ਗੋਵਨ ਫਿਸ਼ ਕਰੀ ਅਤੇ ਸਮੁੰਦਰੀ ਝੀਂਗੇ ਵੀ ਉਨ੍ਹਾਂ ਨੂੰ ਬਹੁਤ ਪਸੰਦ ਸਨ। ਉਹ ਸੂਜੀ ਦਾ ਹਲਵਾ ਵੀ ਬਹੁਤ ਸੁਆਦੀ ਬਣਾਉਂਦੇ ਸਨ। ਜਿਸ ਨੇ ਵੀ ਉਨ੍ਹਾਂ ਦੇ ਹੱਥ ਦਾ ਬਣਿਆ ਮਟਨ ਖਾਧਾ, ਉਹ ਕਦੇ ਵੀ ਉਸ ਸੁਆਦ ਨੂੰ ਭੁੱਲ ਨਹੀਂ ਸਕਿਆ। ਉਨ੍ਹਾਂ ਨੂੰ ਸਮੋਸਾ ਖਾਣਾ ਵੀ ਪਸੰਦ ਸੀ। ਲਤਾ ਮੰਗੇਸ਼ਕਰ ਨੂੰ ਗੋਲਗੱਪੇ ਖਾਣੇ ਬਹੁਤ ਪਸੰਦ ਸਨ। ਉਨ੍ਹਾਂ ਨੂੰ ਨਿੰਬੂ ਦਾ ਅਚਾਰ ਅਤੇ ਜਵਾਰ ਦੀ ਰੋਟੀ ਵੀ ਬਹੁਤ ਪਸੰਦ ਸੀ।
ਅੱਜ ਭਾਰਤ ‘ਚ ਲਤਾ ਮੰਗੇਸ਼ਕਰ ਨੂੰ ਪੂਜਣ ਦੀ ਹੱਦ ਤੱਕ ਪਿਆਰ ਕੀਤਾ ਜਾਂਦਾ ਹੈ। ਕਈ ਲੋਕ ਉਨ੍ਹਾਂ ਦੀ ਆਵਾਜ਼ ਨੂੰ ਪਰਮਾਤਮਾ ਦਾ ਸਭ ਤੋਂ ਵਿਲੱਖਣ ਤੋਹਫਾ ਮੰਨਦੇ ਹਨ।
ਲਤਾ ਮੰਗੇਸ਼ਕਰ ਨੂੰ 1989 ‘ਚ ਫਿਲਮਾਂ ਦੇ ਸਭ ਤੋਂ ਵੱਡੇ ਪੁਰਸਕਾਰ ਦਾਦਾ ਸਾਹਿਬ ਫਾਲਕੇ ਅਤੇ 2001 ‘ਚ ਭਾਰਤ ਦੇ ਸਰਵਉਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਵਾਜਿਆ ਗਿਆ ਸੀ। ਲਤਾ ਮੰਗੇਸ਼ਕਰ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਮਸ਼ਹੂਰ ਗੀਤਕਾਰ ਮਜਰੂਹ ਸੁਲਤਾਨਪੁਰੀ ਨੇ ਦਿੱਤੀ ਸੀ। ਉਨ੍ਹਾਂ ਨੇ ‘ਲਤਾ ਮੰਗੇਸ਼ਕਰ’ ਸਿਰਲੇਖ ਹੇਠ ਲਿਖੀ ਨਜ਼ਮ ‘ਚ ਲਿਖਿਆ ਸੀ-
ਜਹਾਂ ਰੰਗ ਨਾ ਖੁਸ਼ਬੂ ਹੈ ਕੋਈ
ਤੇਰੇ ਹੋਠੋਂ ਸੇ ਮਹਿਕ ਜਾਤੇ ਹੈਂ ਅਫਕਾਰ ਮੇਰੇ
ਮੇਰੇ ਲਫਜ਼ੋਂ ਕੋ ਜੋ ਛੂ ਲੇਤੀ ਹੈ ਆਵਾਜ਼ ਤੇਰੀ
ਸਰਹਦੇਂ ਤੋੜ ਕਰ ਉੜ ਜਾਤੇ ਹੈ ਅਸ਼ਆਰ ਮੇਰੇ।