ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਮੱਧਯੁੱਗੀ ਇਤਿਹਾਸ ਵਿਚ ਮੰਗੋਲਾਂ ਨੂੰ ਖਲਨਾਇਕਾਂ ਅਤੇ ਜ਼ਾਲਮ ਜਾਂਗਲੀਆਂ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਚੰਗੇਜ਼ ਖਾਨ, ਹਲਾਕੂ ਖਾਨ ਤੇ ਤੈਮੂਰਲੰਗ ਦਾ ਅਕਸ ਅੱਜ ਵੀ ਧਾੜਵੀਆਂ ਵਾਲਾ ਹੈ। ਇਹ ਅਕਸ ਯੂਰਪੀ ਇਤਿਹਾਸਕਾਰਾਂ ਦੀ ਦੇਣ ਹੈ। ਗੋਰੀਆਂ ਨਸਲਾਂ ਨੂੰ ਉਦਾਰਵਾਦੀ ਅਤੇ ਨਰਮਗੋਸ਼ਾ ਪੇਸ਼ ਕਰਨ ਅਤੇ ਦੋਵਾਂ ਅਮਰੀਕੀ ਮਹਾਂਦੀਪਾਂ, ਏਸ਼ੀਆ, ਅਫਰੀਕਾ ਤੇ ਓਸ਼ਨੀਆ ਉਪਰ ਸਾਮਰਾਜੀ ਗਲਬੇ ਨੂੰ ਸਹੀ ਦਰਸਾਉਣ ਦੀ ਲਲਕ ਤਹਿਤ ਪਿਛਲੀਆਂ ਚਾਰ ਸਦੀਆਂ ਤੋਂ ਵੱਧ ਸਮੇਂ ਤਕ ਏਸ਼ਿਆਈ ਹੁਕਮਰਾਨਾਂ ਨੂੰ ਦੁਸ਼ਟਾਂ ਤੇ ਜ਼ਾਲਮਾਂ ਵਾਲੇ ਸਾਂਚੇ ਵਿਚ ਫਿੱਟ ਕੀਤਾ ਜਾਂਦਾ ਰਿਹਾ। ਇਨ੍ਹਾਂ ਤੱਥਾਂ ਨੂੰ ਲਗਾਤਾਰ ਵਿਸਾਰਿਆ ਜਾਂਦਾ ਰਿਹਾ ਕਿ ਏਸ਼ਿਆਈ ਹੁਕਮਰਾਨ ਵੀ ਇਨਸਾਫਪਸੰਦ ਤੇ ਕੁਸ਼ਲ ਪ੍ਰਸ਼ਾਸਕ ਸਨ ਅਤੇ ਸਭਿਅਤਾਵਾਂ ਤੇ ਸਭਿਆਚਾਰਾਂ ਦੇ ਪੁੰਗਰਨ-ਮੌਲਣ ਵਿਚ ਉਨ੍ਹਾਂ ਦਾ ਵੀ ਵੱਡਾ ਯੋਗਦਾਨ ਸੀ। ਪਿਛਲੀ ਅੱਧੀ ਸਦੀ ਤੋਂ ਇਤਿਹਾਸ ਦੀ ਸੁਧਾਈ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਹੈ, ਫਰਾਂਸੀਸੀ ਇਤਿਹਾਸਕਾਰ ਮਰੀਅ ਫਾਵਰੋ (ਅੰਗਰੇਜ਼ੀ ਉਚਾਰਨ ਮੇਰੀ ਫੈਵਰੋ) ਦੀ ਕਿਤਾਬ ‘ਦਿ ਹੋਰਡ` ਉਸੇ ਸਿਲਸਿਲੇ ਦੀ ਕੜੀ ਹੈ। ਇਹ ਕਿਤਾਬ ਫਰਾਂਸੀਸੀ ਭਾਸ਼ਾ ਵਿਚ 2019 ਵਿਚ ਛਪੀ। ਹੁਣ ਇਸ ਦਾ ਅੰਗਰੇਜ਼ੀ ਅਨੁਵਾਦ ਪ੍ਰਕਾਸ਼ਿਤ ਹੋਇਆ ਹੈ। ਕਿਤਾਬ ਦਾ ਉਪ ਸਿਰਲੇਖ ਹੈ ‘ਮੰਗੋਲਾਂ ਨੇ ਸੰਸਾਰ ਕਿਵੇਂ ਬਦਲਿਆ`। ਇਸ ਸਿਰਲੇਖ ਨੂੰ ਕਿਤਾਬ ਸਾਰਥਿਕ ਸਿੱਧ ਕਰਦੀ ਹੈ।
ਅੰਗਰੇਜ਼ੀ ਸ਼ਬਦ ‘ਹੋਰਡ` ਦੇ ਸਿੱਧੇ ਅਰਥ ਹਨ: ਹੋੜ੍ਹ, ਧਾੜ, ਦਲ ਜਾਂ ਹਮਲਾਵਰ ਹਜੂਮ। ਇਸ ਸ਼ਬਦ ਨੂੰ ਖਾਨਾਬਦੋਸ਼ਾਂ ਦੀ ਹਕੂਮਤ ਲਈ ਵੀ ਵਰਤਿਆ ਜਾਂਦਾ ਹੈ। ਇਹ ਸ਼ਬਦ ਦਰਅਸਲ ਮੰਗੋਲਿਆਈ ਭਾਸ਼ਾ ਦੇ ‘ਓਰਡਾ` ਸ਼ਬਦ ਦਾ ਵਿਗੜਿਆ ਰੂਪ ਹੈ। ਓਰਡਾ ਤੋਂ ਭਾਵ ਹੈ ਸਾਮਰਾਜ, ਆਰਡਰ (ਪ੍ਰਬੰਧ), ਪ੍ਰਸ਼ਾਸਨ ਆਦਿ। ਕਿਤਾਬ ਮੁੱਖ ਤੌਰ `ਤੇ ਚੰਗੇਜ਼ ਖਾਨ (ਜਿਸ ਨੂੰ ਯੂਰਪੀ ਗੈਂਗਿਜ਼ ਖਾਨ ਲਿਖਦੇ ਹਨ) ਅਤੇ ਉਸ ਦੇ ਪੁੱਤਰਾਂ ਦੇ ਰਾਜ ਬਾਰੇ ਹੈ। ਮੰਗੋਲੀਆ ਵਿਚ ਚੰਗੇਜ਼ ਨੂੰ ਚਿੰਗਿਸ ਖਾਨ ਬੋਲਿਆ ਅਤੇ ਲਿਖਿਆ ਜਾਂਦਾ ਹੈ। ਬੜਾ ਵੱਡਾ ਸੀ ਚੰਗੇਜ਼ਾਂ ਦਾ ਸਾਮਰਾਜ।
ਮਨੁੱਖੀ ਇਤਿਹਾਸ ਵਿਚ ਇਸ ਤੋਂ ਵੱਡਾ ਸਾਮਰਾਜ ਸਿਰਫ ਬ੍ਰਿਟਿਸ਼ਾਂ ਦਾ ਸੀ ਪਰ ਉਹ ਸਿਰਫ ਇਕ ਖਿੱਤੇ ਵਿਚ ਕੇਂਦਰਤ ਨਹੀਂ ਸੀ। ਮੰਗੋਲ ਸਾਮਰਾਜ ਦੋ ਮਹਾਂਦੀਪਾਂ ਵਿਚ ਫੈਲਿਆ ਹੋਇਆ ਸੀ। ਅੱਧਾ ਯੂਰਪ ਅਤੇ ਤਿੰਨ-ਚੌਥਾਈ ਏਸ਼ੀਆ ਇਕ ਸਮੇਂ ਇਸ ਸਾਮਰਾਜ ਦੇ ਅੰਦਰ ਸਮਾਇਆ ਹੋਇਆ ਸੀ।
ਅਜਿਹਾ ਸਾਮਰਾਜ ਕੀ ਸਿਰਫ ਤੇ ਸਿਰਫ ਤਲਵਾਰ ਦੇ ਜ਼ੋਰ ਨਾਲ ਸਥਾਪਿਤ ਕੀਤਾ ਜਾ ਸਕਦਾ ਸੀ? ਕੀ ਦੁਨੀਆ ਦੀ ਦੋ-ਤਿਹਾਈ ਵਸੋਂ ਨੂੰ ਜਬਰ-ਜ਼ੁਲਮ ਰਾਹੀਂ ਡੇਢ ਸਦੀ ਤੋਂ ਵੱਧ ਸਮੇਂ ਤੱਕ ਦਬਾਅ ਕੇ ਰੱਖਿਆ ਜਾ ਸਕਦਾ ਸੀ? ਮਰੀਅ ਫਾਵਰੋ ਦੀ ਕਿਤਾਬ ਅਜਿਹੇ ਦਰਜਨਾਂ ਸਵਾਲਾਂ ਦੇ ਜਵਾਬ ਬੜੇ ਖੋਜਪੂਰਨ ਢੰਗ ਨਾਲ ਦਿੰਦੀ ਹੈ। ਨਾਲ ਹੀ ਦੱਸਦੀ ਹੈ ਕਿ ਚੰਗੇਜ਼ੀ ਮੰਗੋਲਾਂ ਦੇ ਰਾਜ ਪ੍ਰਬੰਧ ਦੇ ਕਈ ਅਹਿਮ ਫੀਚਰ ਅੱਜ ਵੀ ਸਾਡੇ ਸੰਸਾਰ ਦੇ ਰਾਜਸੀੇ ਪ੍ਰਬੰਧਾਂ, ਆਰਥਿਕ ਲੈਣ-ਦੇਣ ਤੇ ਵਣਜ ਵਪਾਰ ਦਾ ਮੁੱਖ ਹਿੱਸਾ ਹਨ। ਰੇਸ਼ਮੀ ਰਾਹ ਮੰਗੋਲ ਸਾਮਰਾਜ ਸਮੇਂ ਹੋਂਦ `ਚ ਆਏ। ਵਪਾਰ ਲਈ ਸਮਾਨ ਟੈਕਸ ਦਰਾਂ ਵੀ ਇਸੇ ਸਾਮਰਾਜ ਦਾ ਮੁੱਖ ਯੋਗਦਾਨ ਸੀ। ਕਾਬਲੀਅਤ ਤੇ ਹੁਨਰਮੰਦੀ ਦੀ ਕਦਰ ਅਤੇ ਰਾਜ ਪ੍ਰਬੰਧ ਵਿਚ ਧਰਮ-ਨਿਰਪੇਖਤਾ ਦੀ ਅਹਿਮੀਅਤ ਵਰਗੇ ਸਿਧਾਂਤ ਵੀ ਚੰਗੇਜ਼ ਖਾਨ ਤੇ ਉਸ ਦੇ ਪੁੱਤਾਂ ਵੱਲੋਂ ਸਥਾਪਿਤ ਸਾਮਰਾਜ ਦੀ ਦੇਣ ਹਨ।
ਚੀਨ ਤੇ ਰੂਸ ਦੀ ਸਰਹੱਦ ਨੇੜੇ ਸਥਿਤ ਨਿੱਕੇ ਜਿਹੇ ਭੂਗੋਲਿਕ ਖਿੱਤੇ ਤੋਂ ਉੱਠੀ ਸੀ ਚੰਗੇਜ਼ ਖਾਨ (ਮੌਤ 1227) ਦੀ ਧਾੜ। ਸ਼ੁਰੂ ਵਿਚ ਪੰਜ ਹਜ਼ਾਰ ਤੋਂ ਘੱਟ ਘੋੜਸਵਾਰਾਂ ਵਾਲੀ। ਅੱਧੀ ਸਦੀ ਦੇ ਅੰਦਰ ਇਨ੍ਹਾਂ ਮੰਗੋਲਾਂ ਦਾ ਸਾਮਰਾਜ ਪੂਰਬ ਵਿਚ ਪੂਰੇ ਸਾਇਬੇਰੀਆ, ਦੱਖਣ-ਪੂਰਬ ਵਿਚ ਵੀਅਤਨਾਮ ਤੋਂ ਲੈ ਕੇ ਦੱਖਣ ਵਿਚ ਹਿਮਾਲਿਆ ਅਤੇ ਦੱਖਣ-ਪੱਛਮ ਵਿਚ ਓਮਾਨ ਦੀ ਖਾੜੀ ਤੱਕ ਫੈਲ ਗਿਆ। ਉੱਤਰ-ਪੱਛਮ ਵਿਚ ਇਸ ਦੀ ਹੱਦ ਬਾਲਟਿਕ ਸਾਗਰ ਸੀ। ਪੱਛਮ ਵਿਚ ਇਹ ਆਸਟਰੀਆ ਦੀਆਂ ਹੱਦਾਂ ਛੋਂਹਦਾ ਸੀ। ਕਾਲਾ ਸਾਗਰ ਤੇ ਕੈਸਪੀਅਨ ਸਾਗਰ ਇਸ ਸਾਮਰਾਜ ਦਾ ਹਿੱਸਾ ਸਨ। ਦੱਖਣੀ ਚੀਨ ਸਾਗਰ, ਅਰਬ ਸਾਗਰ, ਬਾਲਟਿਕ ਸਾਗਰ ਤੇ ਮੱਧ ਸਾਗਰ ਦੀਆਂ ਕਈ ਬੰਦਰਗਾਹਾਂ ਇਸ ਦੇ ਕੰਟਰੋਲ ਹੇਠ ਸਨ। ਕੀ ਜਾਂਗਲੀ ਬਿਰਤੀ ਜਾਂ ਜਬਰ-ਜ਼ੁਲਮ ਦੇ ਸਹਾਰੇ ਇਹ ਸਾਮਰਾਜ ਖੜ੍ਹਾ ਕਰਨਾ ਸੰਭਵ ਸੀ?
ਕਿਤਾਬ ਦੱਸਦੀ ਹੈ ਕਿ ਮੰਗੋਲ ਆਪਣੇ ਵਿਰੋਧੀਆਂ ਨਾਲ ਮੁੱਢ ਵਿਚ ਧਾੜਵੀਆਂ ਵਾਂਗ ਹੀ ਪੇਸ਼ ਆਉਂਦੇ ਸਨ। ਕਤਲੇਆਮ, ਸਾੜ-ਫੂਕ ਤੇ ਲੁੱਟ-ਮਾਰ ਆਪਣਾ ਦਬਦਬਾ ਪੈਦਾ ਕਰਨ ਦੇ ਮੁੱਖ ਹਥਿਆਰ ਸਨ ਪਰ ਇਕ ਵਾਰ ਦਬਦਬਾ ਕਾਇਮ ਹੋਣ ਮਗਰੋਂ ਲੋਕਾਂ ਨੂੰ ਅਮਨ ਚੈਨ ਨਾਲ ਰਹਿਣ ਦਿੱਤਾ ਜਾਂਦਾ ਸੀ; ਜਿੱਤੀ ਹੋਈ ਰਿਆਸਤ ਹਾਰੇ ਹੋਏ ਹੁਕਮਰਾਨ ਨੂੰ ਮੋੜ ਦਿੱਤੀ ਜਾਂਦੀ ਸੀ। ਸਿਰਫ ਇਕ ਸ਼ਰਤ ਬਦਲੇ ਕਿ ਜੰਗੀ ਤਾਵਾਨ ਤੇ ਛਿਮਾਹੀ ਖਿਰਾਜ ਉਸ ਵੱਲੋਂ ਬਾਕਾਇਦਗੀ ਨਾਲ ਅਦਾ ਕੀਤਾ ਜਾਂਦਾ ਰਹੇਗਾ। ਚੰਗੇਜ਼ ਖਾਨ ਸ਼ਮਨਵਾਦੀ ਸੀ ਭਾਵ ਰੂਹਾਂ ਤੇ ਦੇਵਤਿਆਂ ਨੂੰ ਪੂਜਣ ਵਾਲਾ। ਉਸ ਦੇ ਵੰਸ਼ਜਾਂ ਵਿਚੋਂ ਕੋਈ ਬੋਧੀ ਬਣ ਗਿਆ, ਕੋਈ ਮੁਸਲਿਮ ਤੇ ਕੋਈ ਇਸਾਈ। ਕੁਝ ਵੰਸ਼ਜ ਤਾਂ ਯਜ਼ੀਦੀ ਤੇ ਯਹੂਦੀ ਵੀ ਬਣੇ। ਕੁਝ ਸ਼ਮਨਵਾਦੀ ਹੀ ਰਹੇ। ਮੰਗੋਲ ਸ਼ਾਸਕਾਂ ਨੇ ਆਪਣਾ ਰਾਜ ਧਰਮ ਆਪਣੀ ਰਿਆਇਆ `ਤੇ ਠੋਸਣ ਤੋਂ ਗੁਰੇਜ਼ ਕੀਤਾ। ਚੰਗੇਜ਼ ਦੇ ਸੱਤ ਪੁੱਤਰ ਸਨ ਪਰ ਆਪਣਾ ਸਾਮਰਾਜ ਉਸ ਨੇ ਚਾਰ ਪੁੱਤਰਾਂ ਜੋਚੀ, ਚਗਤਾਈ, ਉਗੋਦੇਈ ਤੇ ਤੋਲੂਈ ਵਿਚ ਵੰਡਿਆ ਕਿਉਂਕਿ ਇਹ ਚਾਰੋਂ ਉਸ ਦੀ ਪਟਰਾਣੀ ਬੋਰਾਤ ਤੋਂ ਸਨ। ਰਾਜ ਵੰਡਣ ਵੇਲੇ ਚੰਗੇਜ਼ ਨੇ ਸ਼ਰਤ ਇਕੋ ਰੱਖੀ ਕਿ ਉਹ ਆਪੋ-ਆਪਣੇ ਸਾਮਰਾਜਾਂ ਦਾ ਪਾਸਾਰ-ਵਿਸਥਾਰ ਕਰਨਗੇ ਪਰ ਇਕ ਦੂਜੇ ਦਾ ਇਲਾਕਾ ਨਹੀਂ ਦੱਬਣਗੇ। ਇਹ ਸ਼ਰਤ ਪੁੱਤਰਾਂ ਨੇ ਪੂਰੀ ਨਿਭਾਈ, ਪੋਤਿਆਂ ਨੇ ਨਹੀਂ। ਸਾਮਰਾਜ ਬਿਖਰਿਆ ਵੀ ਇਸੇ ਕਾਰਨ। ਉਪਰੋਂ 13ਵੀਂ ਸਦੀ ਵਿਚ ਕਾਲੇ ਪਲੇਗ ਨੇ ਵੀ ਮੰਗੋਲਾਂ ਉਪਰ ਚੋਖਾ ਕਹਿਰ ਢਾਹਿਆ।
ਆਂਚਲ ਮਲਹੋਤਰਾ ਦੀ ਕਿਤਾਬ: ਸੰਤਾਲੀ ਵਾਲੇ ਦੁਖਾਂਤ ਨਾਲ ਜੁੜੀਆਂ ਸੈਂਕੜੇ ਕਿਤਾਬਾਂ ਹਿੰਦ-ਪਾਕਿ ਤੋਂ ਇਲਾਵਾ ਬ੍ਰਿਟੇਨ, ਅਮਰੀਕਾ, ਕੈਨੇਡਾ ਆਦਿ ਮੁਲਕਾਂ ਵਿਚ ਛਪ ਚੁੱਕੀਆਂ ਹਨ। ਇਸ ਤ੍ਰਾਸਦਿਕ ਸਾਕੇ ਬਾਰੇ ਬਣੀਆਂ ਫੀਚਰ ਤੇ ਦਸਤਾਵੇਜ਼ੀ ਫਿਲਮਾਂ ਦੀ ਗਿਣਤੀ ਵੀ ਦਰਜਨਾਂ ਵਿਚ ਹੈ। ਇਕ ਉਪ ਮਹਾਂਦੀਪ ਦੀ ਵੰਡ ਜਿੰਨੀ ਕਾਹਲ ਤੇ ਬੇਤਰਤੀਬੀ ਨਾਲ ਹੋਈ, ਉਸ ਨੇ ਇਕੋ ਰਾਤ ਘਰਾਂ ਵਾਲਿਆਂ ਨੂੰ ਬੇਘਰੇ ਅਤੇ ਥਾਵਿਆਂ ਨੂੰ ਨਿਥਾਵੇਂ ਬਣਾ ਦਿੱਤਾ। ਅਜਿਹੇ ਆਲਮ ਵਿਚ ਜਿਸ ਦੇ ਹੱਥ ਵਿਚ ਅਤੀਤ ਨਾਲ ਜੁੜਿਆ ਜੋ ਕੁਝ ਵੀ ਰਹਿ ਗਿਆ, ਉਹ ਉਸ ਵਾਸਤੇ ਬੇਸ਼ਕੀਮਤੀ ਬਣ ਗਿਆ- ਅਤੀਤ ਦੀ ਸਥਾਈ ਨਿਸ਼ਾਨੀ। ਅਜਿਹੀਆਂ ਨਿਸ਼ਾਨੀਆਂ ਨੂੰ ਆਧਾਰ ਬਣਾ ਕੇ ਸੰਤਾਲੀ ਦੀ ਦਾਸਤਾਂ ਬਿਆਨ ਕਰਦੀ ਹੈ ਆਂਚਲ ਮਲਹੋਤਰਾ ਦੀ ਕਿਤਾਬ ‘ਬਟਵਾਰੇ ਦੀ ਕਹਾਣੀ, ਵਸਤਾਂ ਦੀ ਜ਼ੁਬਾਨੀ`। ਇਹ ਕਿਤਾਬ ‘ਰੈਮਨੈਂਟਸ ਆਫ ਏ ਸੈਪਰੇਸ਼ਨ` ਦੇ ਨਾਮ ਹੇਠ ਅੰਗਰੇਜ਼ੀ ਵਿਚ 2017 ਵਿਚ ਪ੍ਰਕਾਸ਼ਿਤ ਹੋਈ ਸੀ। ਹੁਣ ਇਸ ਦਾ ਪੰਜਾਬੀ ਰੂਪ ਸਾਡੇ ਸਾਹਮਣੇ ਆਇਆ ਹੈ।
ਆਂਚਲ ਮਲਹੋਤਰਾ ਮਹਿਜ਼ 32 ਵਰ੍ਹਿਆਂ ਦੀ ਹੈ। ਲੇਖਕ ਹੈ, ਇਤਿਹਾਸਕਾਰ ਵੀ ਹੈ। ਇਹ ਦੋਵੇਂ ਰੰਗ ਕਿਤਾਬ ਦੀ ਬਣਤਰ ਤੇ ਬੁਣਤਰ ਦੀ ਮੁੱਖ ਖੂਬੀ ਹਨ। 21 ਵਸਤਾਂ ਅਤੇ ਉਨ੍ਹਾਂ ਨੂੰ ਸਾਂਭਣ ਵਾਲਿਆਂ ਦੀਆਂ ਯਾਦਾਂ ਨੂੰ ਉਸ ਨੇ ਜਜ਼ਬਾਤੀ ਤੇ ਅਪਣੱਤ ਭਰੇ ਲਹਿਜੇ ਨਾਲ ਇਸ ਕਿਤਾਬ ਦੇ ਰੂਪ ਵਿਚ ਪਰੋਸਿਆ ਹੈ। ਇਨ੍ਹਾਂ ਵਸਤਾਂ ਵਿਚ ਆਪਣੇ ਨਾਨੇ ਤੋਂ ਮਿਲਿਆ ਗਜ਼ ਅਤੇ ਨਾਨੀ ਵਾਲੀ ਚਾਟੀ ਵੀ ਸ਼ਾਮਲ ਹੈ ਅਤੇ ਲੁਧਿਆਣੇ ਜੰਮੀ, ਜਲੰਧਰ ਵਿਚ ਵੱਡੀ ਹੋਈ ਅਤੇ ਫਿਰ ਉੱਜੜ ਕੇ ਲਾਹੌਰ ਜਾ ਵਸੀ ਅਜ਼ਰਾ ਹੱਕ ਦਾ ਮੋਤੀਆਂ ਦਾ ਹਾਰ ਤੇ ਕਾਂਟੇ ਵੀ। ਇਹ ਮੋਤੀ ਬੀਕਾਨੇਰ ਦੇ ਮਹਾਰਾਜਾ ਗੰਗਾ ਸਿੰਘ ਵੱਲੋਂ ਦਿੱਤਾ ਗਿਆ ਤੋਹਫਾ ਸਨ। ਦਿੱਲੀ ਦੇ ਮਸ਼ਹੂਰ ਕਿਤਾਬਫਰੋਸ਼ ਬਲਰਾਜ ਬਾਹਰੀ ਕੋਲ ਮੌਜੂਦ ਰਸੋਈ ਦੇ ਭਾਂਡੇ ਅਤੇ ਮੀਆਂ ਫੈਜ਼ ਰੱਬਾਨੀ ਦੀ ਪੱਥਰ ਦੀ ਤਖਤੀ ਨਾਲ ਜੁੜਿਆ ਕਥਾ-ਬਿਰਤਾਂਤ ਵੀ ਇਸ ਕਿਤਾਬ ਦਾ ਹਿੱਸਾ ਹਨ। ਹੋਰ ਵਸਤਾਂ ਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਵੀ ਜ਼ਿਕਰਯੋਗ ਹਨ।
ਕਿਤਾਬ ਦੇ ਅਨੁਵਾਦ ‘ਤੇ ਬੜੀ ਮਿਹਨਤ ਕੀਤੀ ਗਈ ਹੈ ਪਰ ਮੂਲ ਲਿਖਤ ਵਾਲੀ ਰਵਾਨੀ ਦੀ ਘਾਟ ਕਿਤੇ-ਕਿਤੇ ਸਿੱਧੀ ਰੜਕਦੀ ਹੈ। ਉਪਰੋਂ ਪਰੂਫ ਰੀਡਿੰਗ ਦੀਆਂ ਗਲਤੀਆਂ! ਅਜਿਹੀਆਂ ਖਾਮੀਆਂ ਦੇ ਬਾਵਜੂਦ ਇਹ ਪੰਜਾਬੀ ਪੁਸਤਕ ਪ੍ਰੇਮੀਆਂ ਲਈ ਤੋਹਫੇ਼ ਵਾਂਗ ਹੈ।