-ਜਤਿੰਦਰ ਪਨੂੰ
ਪਾਕਿਸਤਾਨੀ ਫੌਜ ਦੇ ਇੱਕ ਕਮਾਂਡੋ ਦਸਤੇ ਵੱਲੋਂ ਭਾਰਤੀ ਇਲਾਕੇ ਵਿਚ ਆਣ ਕੇ ਪੰਜ ਫੌਜੀ ਜਵਾਨਾਂ ਨੂੰ ਮਾਰ ਦੇਣ ਦੀ ਕਾਰਵਾਈ ਤੋਂ ਸਾਰੇ ਭਾਰਤ ਦੇ ਲੋਕ ਰੋਹ ਵਿਚ ਹਨ। ਕਿਸੇ ਵੀ ਜਿਊਂਦੀ ਕੌਮ ਲਈ ਇਸ ਗੱਲੋਂ ਉਬਲ ਪੈਣਾ ਸੁਭਾਵਕ ਹੈ। ਅਸੀਂ ਵੀ ਇਸ ਰੋਹ ਤੋਂ ਬਾਹਰ ਨਹੀਂ ਹੋ ਸਕਦੇ। ਇਹ ਉਬਾਲ ਭਾਰਤ ਸਰਕਾਰ ਦੇ ਕੁਚੱਜ ਨੇ ਹੋਰ ਵਧਾ ਦਿੱਤਾ ਸੀ। ਰੱਖਿਆ ਮੰਤਰੀ ਨੇ ਪਾਰਲੀਮੈਂਟ ਵਿਚ ਜਿਹੜਾ ਪਹਿਲਾ ਬਿਆਨ ਦਿੱਤਾ, ਉਹ ਪਾਕਿਸਤਾਨੀ ਫੌਜ ਦੇ ਕਮਾਂਡਰਾਂ ਨੂੰ ਇਹ ਕਹਿਣ ਦਾ ਰਾਹ ਦਿੰਦਾ ਸੀ ਕਿ ਕਾਤਲ ਉਨ੍ਹਾਂ ਦੀ ਫੌਜ ਦੀ ਵਰਦੀ ਵਿਚ ਵੀ ਹੋਣ ਤਾਂ ਬਾਕਾਇਦਾ ਫੌਜੀ ਨਹੀਂ ਸਨ। ਸਾਰੇ ਦੇਸ਼ ਵਿਚ ਰੋਸ ਪ੍ਰਗਟ ਹੋਣ ਮਗਰੋਂ ਰੱਖਿਆ ਮੰਤਰੀ ਅਗਲਾ ਬਿਆਨ ਲੈ ਆਇਆ ਕਿ ਉਹ ਪਾਕਿਸਤਾਨੀ ਫੌਜ ਦੇ ਸਪੈਸ਼ਲ ਦਸਤੇ ਦੇ ਕਮਾਂਡੋ ਸਨ ਤੇ ਤਾਜ਼ਾ ਸੂਚਨਾ ਭਾਰਤੀ ਫੌਜ ਦੇ ਕਮਾਂਡਰ ਨੇ ਮੌਕੇ ਦਾ ਦੌਰਾ ਕਰਨ ਪਿਛੋਂ ਦਿੱਤੀ ਹੈ। ਅਸਲੀਅਤ ਕੁਝ ਹੋਰ ਵੀ ਨਿਕਲਦੀ ਸੁਣੀ ਹੈ। ਇਹ ਗੱਲ ਕਹੀ ਜਾ ਰਹੀ ਹੈ ਕਿ ਪਹਿਲਾ ਬਿਆਨ ਰੱਖਿਆ ਮੰਤਰੀ ਨੇ ਦਿੱਤਾ ਜ਼ਰੂਰ ਸੀ, ਪਰ ਉਸ ਦਾ ਲਿਖਿਆ ਨਹੀਂ ਸੀ ਤੇ ਫੌਜ ਦੇ ਮੁਖੀ ਨੇ ਪਹਿਲੀ ਸੂਚਨਾ ਜਿੰਨੀ ਦਿੱਤੀ ਸੀ, ਉਸ ਵਿਚ ਵੀ ਇਸ ਕਰ ਕੇ ਕੱਟ-ਵੱਢ ਕੀਤੀ ਗਈ ਸੀ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਅਗਲੇ ਮਹੀਨੇ ਹੋਣ ਵਾਲੀ ਮੁਲਾਕਾਤ ਵਿਚ ਅੜਿੱਕਾ ਪੈਣ ਤੋਂ ਬਚਿਆ ਜਾ ਸਕੇ। ਪਾਕਿਸਤਾਨ ਨਾਲ ਜੰਗ ਲਾ ਦੇਣ ਦੀ ਸਲਾਹ ਕੋਈ ਹੋਸ਼ਮੰਦ ਬੰਦਾ ਇਸ ਵੇਲੇ ਨਹੀਂ ਦਿੰਦਾ, ਪਰ ਜਦੋਂ ਸਾਰਾ ਦੇਸ਼ ਉਬਲ ਰਿਹਾ ਸੀ, ਉਦੋਂ ਇੱਕ ਮੀਟਿੰਗ ਨੂੰ ਸਾਰੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਤੋਂ ਉਪਰ ਰੱਖਣ ਦਾ ਯਤਨ ਸਰਕਾਰ ਦੀ ਸਥਿਤੀ ਖਰਾਬ ਕਰਨ ਦਾ ਕਾਰਨ ਬਣ ਗਿਆ। ਜੇ ਇਹ ਗੱਲਾਂ ਸੱਚ ਹਨ ਤਾਂ ਇਹ ਮੂਰਖਤਾ ਨਹੀਂ ਸੀ ਕੀਤੀ ਜਾਣੀ ਚਾਹੀਦੀ। ਫਿਰ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਇਹ ਘਟਨਾ ਭਾਰਤ ਦੇ ਲੋਕਾਂ ਨੂੰ ਉਦਾਂ ਜੰਗੀ ਜਨੂੰਨ ਭੜਕਾਉਣ ਵਾਸਤੇ ਨਾ ਵਰਤੀ ਜਾਵੇ, ਜਿਵੇਂ ਪਾਕਿਸਤਾਨ ਵਿਚ ਵਰਤੀ ਜਾ ਸਕਦੀ ਹੈ।
ਦੂਸਰੇ ਪਾਸੇ ਭਾਰਤੀ ਫੌਜ ਦੇ ਮੁਖੀ ਜਨਰਲ ਬਿਕਰਮ ਸਿੰਘ ਨੇ ਜਦੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਫੌਜੀ ਕਮਾਂਡਰਾਂ ਨਾਲ ਮੀਟਿੰਗ ਕੀਤੀ ਤਾਂ ਇਹ ਗੱਲ ਬਾਹਰ ਆਈ ਕਿ ਉਨ੍ਹਾਂ ਨੇ ਸਥਾਨਕ ਫੌਜੀ ਕਮਾਂਡਰਾਂ ਨੂੰ ਤਕੜੀ ਝਾੜ ਪਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਰਫ ਛੇ ਮਹੀਨੇ ਬਾਅਦ ਇਸ ਖੇਤਰ ਵਿਚ ਪਾਕਿਸਤਾਨੀ ਕਮਾਂਡੋਆਂ ਦੇ ਦੂਸਰੀ ਵਾਰੀ ਹਮਲਾ ਕਰ ਕੇ ਦੌੜ ਜਾਣ ਦੀ ਘਟਨਾ ਉਨ੍ਹਾਂ ਦੀ ਨਾਲਾਇਕੀ ਨੂੰ ਜ਼ਾਹਰ ਕਰਦੀ ਹੈ। ਜੇ ਉਨ੍ਹਾਂ ਨੇ ਆਪਣੇ ਫੌਜੀ ਕਮਾਂਡਰਾਂ ਨੂੰ ਏਦਾਂ ਕਿਹਾ ਹੋਵੇ ਤਾਂ ਠੀਕ ਕੀਤਾ ਹੋਵੇਗਾ, ਪਰ ਠੀਕ ਕੀਤੀ ਇਹ ਗੱਲ ਬਹੁਤ ਦੇਰ ਕਰ ਕੇ ਕੀਤੀ ਗਈ ਹੈ। ਫੌਜ ਦੀ ਬੋਲੀ ਵਿਚ ਹਮਲਾਵਰੀ ਹੀ ਨਹੀਂ, ਦੋ ਸ਼ਬਦ ਹੋਰ ਵੀ ਵਰਤੇ ਜਾਂਦੇ ਹਨ। ਇੱਕ ਰਿਟੈਲੀਏਸ਼ਨ ਤੇ ਦੂਸਰਾ ਹਾਟ-ਪਰਸੂਟ ਹੁੰਦਾ ਹੈ। ਪਹਿਲੇ ਦਾ ਮਤਲਬ ਇਹ ਹੈ ਕਿ ਅਮਨ ਦੇ ਦਿਨਾਂ ਵਿਚ ਵੀ ਹੱਦਾਂ ਉਤੇ ਬੈਠੇ ਫੌਜੀ ਕਮਾਂਡਰਾਂ ਨੂੰ ਕਿਸੇ ਤਰ੍ਹਾਂ ਦੀ ਹਮਲਾਵਰੀ ਕਰਨ ਦੀ ਹੀ ਰੋਕ ਹੈ, ਜੇ ਦੂਸਰੀ ਧਿਰ ਹਮਲਾਵਰੀ ਕਰਦੀ ਹੈ ਤਾਂ ਇੱਕੀ ਦੇ ਜਵਾਬ ਵਿਚ ਇਕੱਤੀ ਦਾ ਸ਼ਗਨ ਪਾਉਣ ਦਾ ਉਨ੍ਹਾਂ ਦਾ ਹੱਕ ਵੀ ਹੁੰਦਾ ਹੈ ਤੇ ਫਰਜ਼ ਵੀ। ਦੂਸਰੇ ਸ਼ਬਦ ਦਾ ਅਰਥ ਇਹ ਹੈ ਕਿ ਜੇ ਕੋਈ ਜੁਰਮ ਕਰ ਕੇ ਦੁੜੰਗੇ ਲਾਉਂਦਾ ਹੈ ਤਾਂ ਜਿਨ੍ਹਾਂ ਉਤੇ ਹਮਲਾ ਕੀਤਾ ਗਿਆ ਹੈ, ਉਹ ਮੁਜਰਮ ਦਾ ਪਿੱਛਾ ਕਰਦੇ ਹੋਏ ਉਸ ਦੇ ਵਿਹੜੇ ਤੱਕ ਜਾ ਕੇ ਚੋਟ ਕਰ ਸਕਦੇ ਹਨ। ਭਾਰਤੀ ਫੌਜ ਦੇ ਸਥਾਨਕ ਕਮਾਂਡਰਾਂ ਨੇ ਇਹ ਦੋਵੇਂ ਸ਼ਬਦ ਭੁਲਾ ਛੱਡੇ ਹਨ, ਜਿਸ ਕਰ ਕੇ ਹਾਲੇ ਕੁਝ ਮਹੀਨੇ ਪਹਿਲਾਂ ਪਾਕਿਸਤਾਨੀ ਫੌਜੀ ਆਣ ਕੇ ਦੋ ਜਵਾਨਾਂ ਦੇ ਸਿਰ ਕਲਮ ਕਰ ਕੇ ਇੱਕ ਦਾ ਸਿਰ ਨਾਲ ਲੈ ਗਏ ਤੇ ਹੁਣ ਅੰਦਰ ਆਣ ਕੇ ਫਿਰ ਪੰਜ ਭਾਰਤੀ ਜਵਾਨਾਂ ਨੂੰ ਕਤਲ ਕਰ ਕੇ ਨਿਕਲ ਗਏ ਹਨ। ਇਹ ਸਥਾਨਕ ਕਮਾਂਡਰਾਂ ਦੀ ਸਿੱਧੀ ਨਾਲਾਇਕੀ ਦਾ ਸਬੂਤ ਹੈ।
ਭਾਰਤ ਨੂੰ ਆਪਣਾ ਘਰ ਪੱਕਾ ਰੱਖਣਾ ਚਾਹੀਦਾ ਹੈ ਤੇ ਇਸ ਵਿਚ ਢਿੱਲ ਨਹੀਂ ਆਉਣ ਦੇਣੀ ਚਾਹੀਦੀ, ਪਰ ਮਾਮਲੇ ਨੂੰ ਸਿਰਫ ਇੱਕ ਘਟਨਾ ਨਾਲ ਜੋੜ ਕੇ ਵੇਖਣ ਦੀ ਥਾਂ ਇਸ ਖਿੱਤੇ ਤੇ ਨਾਲ ਲੱਗਦੇ ਜੰਗਲ-ਰਾਜ ਵਾਲੇ ਦੇਸ਼ ਅੰਦਰਲੇ ਹਾਲਾਤ ਨਾਲ ਜੋੜ ਕੇ ਵੇਖਣ ਦੀ ਲੋੜ ਹੈ। ਜਿਹੜੇ ਲੋਕ ਨਵੇਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੋਂ ਬਹੁਤ ਵੱਡੀ ਆਸ ਲਾਈ ਬੈਠੇ ਹਨ, ਅਸੀਂ ਉਨ੍ਹਾਂ ਦੀ ਆਸ ਨੂੰ ਚੋਭ ਨਹੀਂ ਲਾਉਣੀ ਚਾਹੁੰਦੇ, ਪਰ ਉਹ ਇਹ ਸਮਝਣ ਤੋਂ ਅਸਮਰਥ ਹਨ ਕਿ ਸ਼ਰੀਫ ਜਾਂ ਤਾਂ ਬਾਹਲਾ ਸ਼ਰੀਫ ਹੈ, ਜਾਂ ਦੋਗਲੀ ਖੇਡ ਖੇਡ ਰਿਹਾ ਹੈ। ਉਸ ਨੇ ਤਾਜ਼ਾ ਘਟਨਾ ਤੋਂ ਪਿੱਛੋਂ ਇਹ ਕਿਹਾ ਹੈ ਕਿ ਇਸ ਤਰ੍ਹਾਂ ਫੌਜੀਆਂ ਦਾ ਮਾਰੇ ਜਾਣਾ ਅਫਸੋਸ ਦੀ ਗੱਲ ਹੈ, ਪਰ ਉਸ ਨੇ ਨਾ ਭਾਰਤ ਦੇ ਫੌਜੀ ਲਫਜ਼ ਵਰਤਿਆ ਤੇ ਨਾ ਹਮਲਾਵਰਾਂ ਦੇ ਪਾਕਿਸਤਾਨੀ ਹੋਣ ਦੀ ਗੱਲ ਮੰਨੀ ਹੈ। ਇਸ ਦੇ ਬਾਵਜੂਦ ਕਈ ਭਾਰਤੀ ਆਗੂਆਂ ਨੇ ਇਸ ਨੂੰ ਹਾਂ-ਪੱਖੀ ਆਖਣਾ ਸ਼ੁਰੂ ਕਰ ਦਿੱਤਾ। ਇਹ ਹਾਲਾਤ ਦੀ ਸੂਝ ਤੋਂ ਸੱਖਣੇ ਹੋਣ ਦੀ ਨਿਸ਼ਾਨੀ ਹੈ। ਉਸ ਦੇਸ਼ ਵਿਚ ਪ੍ਰਧਾਨ ਮੰਤਰੀ ਵੱਡੀ ਤਾਕਤ ਨਹੀਂ, ਫੌਜ ਤੇ ਖੁਫੀਆ ਏਜੰਸੀ ਆਈ ਐਸ ਆਈ ਵੱਡੀ ਤਾਕਤ ਮੰਨੀਆਂ ਜਾਣ ਬਾਰੇ ਕਿਸੇ ਨੂੰ ਵੀ ਭੁਲੇਖਾ ਨਹੀਂ। ਪਾਕਿਸਤਾਨ ਦੀ ਫੌਜ ਤੇ ਖੁਫੀਆ ਏਜੰਸੀ ਦਾ ਵਿਰੋਧ ਉਹ ਨਹੀਂ ਕਰ ਸਕਦਾ। ਇਸ ਤਰ੍ਹਾਂ ਕਰਨ ਵਿਚ ਜਿਹੜਾ ਖਤਰਾ ਉਹ ਸੁੰਘ ਰਿਹਾ ਹੈ, ਬਿਨਾਂ ਵਿਰੋਧ ਕੀਤੇ ਤੋਂ ਵੀ ਉਹ ਦਿਨੋ-ਦਿਨ ਉਸ ਖਤਰੇ ਕੋਲ ਪਹੁੰਚਦਾ ਜਾ ਰਿਹਾ ਹੈ ਤੇ ਸਮੁੰਦਰ ਵਿਚ ਰਹਿ ਕੇ ਮਗਰਮੱਛ ਦਾ ਵਿਰੋਧ ਉਹ ਵਾਹ ਲੱਗਦੀ ਟਾਲਣਾ ਚਾਹੁੰਦਾ ਹੈ।
ਪਾਕਿਸਤਾਨ ਦੇ ਰਾਜਸੀ ਹਾਲਾਤ ਦੇ ਜਾਣਕਾਰ ਇੱਕ ਗੱਲ ਆਮ ਕਰ ਕੇ ਕਹਿੰਦੇ ਹਨ ਕਿ ਜਦੋਂ ਵੀ ਉਸ ਦੇਸ਼ ਦੀ ਫੌਜ ਕਿਸੇ ਤਰ੍ਹਾਂ ਕੋਈ ਔਖ ਮਹਿਸੂਸ ਕਰਦੀ ਹੋਵੇ, ਉਹ ਕੋਈ ਨਾ ਕੋਈ ਜੰਗੀ ਸ਼ਰਾਰਤ ਕਰ ਕੇ ਆਪਣੀ ਰਾਜਸੀ ਲੀਡਰਸ਼ਿਪ ਨੂੰ ਫਸਾ ਕੇ ਫਿਰ ਪਲਟੀ ਮਾਰਿਆ ਕਰਦੀ ਹੈ। ਉਥੋਂ ਦੇ ਲੋਕ ਇਹ ਵੀ ਕਹਿੰਦੇ ਹਨ ਕਿ ਪਾਕਿਸਤਾਨ ਦੀ ਫੌਜ ਨੇ ਜਿੰਨੀ ਵਾਰੀ ਬਾਹਰੋਂ ਕੁੱਟ ਖਾਧੀ, ਉਨੀ ਵਾਰੀ ਆਪਣੇ ਲੋਕਾਂ ਨੂੰ ਕੁਟਾਪਾ ਚਾੜ੍ਹ ਕੇ ਰਾਜਸੀ ਤਾਕਤ ਹਥਿਆਈ ਤੇ ਅਗਲੇ ਕਈ ਸਾਲ ਫਿਰ ਰਾਜ ਦਾ ਸੁਖ ਮਾਣਿਆ ਹੈ। ਇਹ ਫਾਰਮੂਲਾ ਹੁਣ ਵੀ ਵਰਤਿਆ ਜਾ ਸਕਦਾ ਹੈ। ਪਿਛਲੀ ਵਾਰ ਜਦੋਂ ਨਵਾਜ਼ ਸ਼ਰੀਫ ਦਾ ਤਖਤ ਪਲਟਿਆ ਸੀ, ਉਦੋਂ ਪਾਕਿਸਤਾਨ ਦੀ ਫੌਜ ਦਾ ਮੁਖੀ ਉਸੇ ਦਾ ਥਾਪਿਆ ਜਰਨੈਲ ਪਰਵੇਜ਼ ਮੁਸ਼ੱਰਫ ਹੁੰਦਾ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜਦੋਂ ਲਾਹੌਰ ਵਿਚ ਜਾ ਕੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਜੱਫੀ ਪਾ ਰਹੇ ਸਨ, ਜਰਨੈਲ ਮੁਸ਼ਰੱਫ ਨੇ ਪਰੋਟੋਕੋਲ ਦੀ ਪ੍ਰਵਾਹ ਵੀ ਛੱਡ ਦਿੱਤੀ ਅਤੇ ਗਵਾਂਢੀ ਦੇਸ਼ ਦੇ ਮੁਖੀ ਨੂੰ ਮਿਲਣ ਆਉਣ ਦੀ ਥਾਂ ਕਾਰਗਿਲ ਦੇ ਮੋਰਚਿਆਂ ਨੂੰ ਤੁਰ ਗਿਆ ਸੀ। ਫਿਰ ਲਾਹੌਰ ਸਮਝੌਤੇ ਦੀ ਹਾਲੇ ਸਿਆਹੀ ਨਹੀਂ ਸੀ ਸੁੱਕੀ ਕਿ ਜਨਰਲ ਮੁਸ਼ਰੱਫ ਨੇ ਕਾਰਗਿਲ ਦੀਆਂ ਪਹਾੜੀਆਂ ਉਤੇ ਜਹਾਦੀਆਂ ਦੇ ਭੇਸ ਵਿਚ ਫੌਜੀ ਚਾੜ੍ਹ ਕੇ ਭਾਰਤ ਨਾਲ ਜੰਗ ਛੇੜ ਦਿੱਤੀ ਸੀ। ਹੁਣ ਵਾਲਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਉਦੋਂ ਵੀ ਪ੍ਰਧਾਨ ਮੰਤਰੀ ਹੁੰਦਿਆਂ ਸ਼ਰੀਫ ਬਣਿਆ ਰਿਹਾ ਤੇ ਮੁਸ਼ਰੱਫ ਨੂੰ ਝਿੜਕ ਨਹੀਂ ਸੀ ਸਕਿਆ ਤੇ ਬਾਹਰ ਇਹ ਕਹਿੰਦਾ ਰਿਹਾ ਸੀ ਕਿ ਪਾਕਿਸਤਾਨੀ ਫੌਜ ਨੇ ਕੁਝ ਨਹੀਂ ਕੀਤਾ, ਸਾਰੀ ਸ਼ਰਾਰਤ ਭਾਰਤ ਵਾਲੇ ਪਾਸੇ ਤੋਂ ਹੋਈ ਹੈ। ਫਿਰ ਜਦੋਂ ਮੁਸ਼ੱਰਫ ਦੇ ਮੋਹਰੇ ਫਸ ਗਏ ਤਾਂ ਨਵਾਜ਼ ਸ਼ਰੀਫ ਆਪ ਚੱਲ ਕੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਤਰਲਾ ਮਾਰਨ ਗਿਆ ਸੀ ਕਿ ਉਹ ਦਖਲ ਦੇ ਕੇ ਲੜਾਈ ਬੰਦ ਕਰਾਵੇ ਤੇ ਇਸ ਵਿਚ ਨਵਾਜ਼ ਸ਼ਰੀਫ ਦੀ ਸਿਰੇ ਦੀ ਬੇਇੱਜ਼ਤੀ ਹੋਈ ਸੀ। ਉਸ ਬੇਇੱਜ਼ਤੀ ਦੇ ਸਤਾਏ ਹੋਣ ਕਰ ਕੇ ਉਸ ਨੇ ਜਨਰਲ ਮੁਸ਼ੱਰਫ ਨੂੰ ਬਰਖਾਸਤ ਕਰਨ ਦਾ ਰਾਹ ਫੜਿਆ ਸੀ, ਪਰ ਇਸ ਕੰਮ ਵਿਚ ਉਹ ਏਨੀ ਦੇਰ ਕਰ ਗਿਆ ਕਿ ਸ਼ਿਕਾਰ ਖੇਡਣ ਦੀ ਥਾਂ ਆਪ ਹੀ ਇਸ ਖੇਡ ਦਾ ਸ਼ਿਕਾਰ ਹੋ ਗਿਆ ਸੀ।
ਅੱਜ ਉਥੋਂ ਦੀ ਫੌਜ ਦਾ ਮੁਖੀ ਉਹ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਹੈ, ਜਿਸ ਨੂੰ ਜਨਰਲ ਮੁਸ਼ੱਰਫ ਲਾ ਕੇ ਗਿਆ ਸੀ। ਉਂਜ ਤਾਂ ਉਥੇ ਕੋਈ ਵੀ ਕਿਸੇ ਹੋਰ ਦਾ ਵਫਾਦਾਰ ਨਹੀਂ ਗਿਣਿਆ ਜਾਂਦਾ, ਪਰ ਜਦੋਂ ਸਵਾਲ ਫੌਜੀਆਂ ਦੇ ਵੱਕਾਰ ਦਾ ਖੜਾ ਹੋ ਜਾਂਦਾ ਹੈ ਤਾਂ ਹਰ ਜਰਨੈਲ ਇੱਕੋ ਫਾਰਮੂਲਾ ਵਰਤਦਾ ਹੈ ਤੇ ਉਹ ਇਹ ਕਿ ਸਰਹੱਦ ਉਤੇ ਫੌਜ ਸੁੱਟ ਕੇ ਗਵਾਂਢ ਨਾਲ ਜੰਗ ਲਾਓ ਤੇ ਰਾਜਸੀ ਲੀਡਰਸ਼ਿਪ ਨੂੰ ਫਸਾਉਣ ਪਿੱਛੋਂ ਤਖਤਾ ਪਲਟਣ ਦਾ ਰਾਹ ਕੱਢੋ। ਚੋਣਾਂ ਦੀ ਪ੍ਰਕਿਰਿਆ ਦੌਰਾਨ ਜਿਵੇਂ ਜਨਰਲ ਮੁਸ਼ੱਰਫ ਅਦਾਲਤ ਦੇ ਕਮਰੇ ਵਿਚੋਂ ਭੱਜਾ ਤੇ ਫਿਰ ਉਸ ਨੂੰ ਅਦਾਲਤੀ ਹੁਕਮ ਉਤੇ ਗ੍ਰਿਫਤਾਰ ਕਰ ਕੇ ਉਸ ਦੇ ਆਪਣੇ ਫਾਰਮ ਨੂੰ ਕੈਦਖਾਨਾ ਬਣਾ ਕੇ ਉਥੇ ਬੰਦ ਕਰ ਦਿੱਤਾ ਗਿਆ, ਉਸ ਤੋਂ ਫੌਜ ਦੇ ਕੁਝ ਕਮਾਂਡਰ ਉਦੋਂ ਤੋਂ ਹੀ ਔਖੇ-ਭਾਰੇ ਹੋਏ ਪਏ ਸਨ। ਹਾਲਾਤ ਇਹੋ ਜਿਹੇ ਨਹੀਂ ਸਨ ਕਿ ਉਹ ਕੁਝ ਕਰ ਸਕਦੇ, ਇਸ ਲਈ ਵਕਤੀ ਤੌਰ ਉਤੇ ਚੁੱਪ ਸਨ, ਪਰ ਰਾਜਸੀ ਲੀਡਰਾਂ ਅਤੇ ਅਦਾਲਤਾਂ ਵਿਚ ਬੈਠੇ ਜੱਜਾਂ ਨੂੰ ਸਬਕ ਸਿਖਾਉਣ ਦੀਆਂ ਗੋਂਦਾਂ ਉਹ ਉਦੋਂ ਤੋਂ ਗੁੰਦ ਰਹੇ ਸਨ। ਉਹ ਇਸ ਗੱਲ ਵੱਲੋਂ ਵੀ ਅਣਜਾਣ ਨਹੀਂ ਕਿ ਨਵਾਜ਼ ਸ਼ਰੀਫ ਦੇ ਨਾਲ ਖੜੇ ਕੁਝ ਲੋਕ ਇਹ ਸਲਾਹਾਂ ਕਰ ਰਹੇ ਹਨ ਕਿ ਫੌਜ ਦੇ ਪਰ ਕੁਤਰ ਕੇ ਉਸ ਨੂੰ ਰਾਜਸੀ ਲੀਡਰਸ਼ਿਪ ਦੇ ਆਖੇ ਚੱਲਣ ਦੇ ਉਂਜ ਹੀ ਰਾਹ ਪਾਇਆ ਜਾਵੇ, ਜਿਵੇਂ ਲੋਕਤੰਤਰੀ ਦੇਸ਼ਾਂ ਦੀ ਰਵਾਇਤ ਹੈ। ਅਜਿਹੀ ਨੌਬਤ ਆਉਣ ਤੋਂ ਪਹਿਲਾਂ ਉਹ ਰਾਜਸੀ ਲੀਡਰਸ਼ਿਪ ਨੂੰ ਰਾਹ ਵਿਚੋਂ ਹਟਾ ਦੇਣ ਲਈ ਤਿਆਰੀਆਂ ਕਰ ਰਹੇ ਹਨ ਅਤੇ ਇਸੇ ਚੱਕਰ ਵਿਚ ਭਾਰਤ ਨਾਲ ਆਢਾ ਲਾਉਣਾ ਉਨ੍ਹਾਂ ਦੀ ਗੁੱਝੀ ਖੇਡ ਦਾ ਪਹਿਲਾ ਪੜਾਅ ਹੋ ਸਕਦਾ ਹੈ। ਇਸ ਦਾ ਅਸਰ ਤਾਂ ਬਿਨਾਂ ਸ਼ੱਕ ਭਾਰਤ ਉਤੇ ਵੀ ਪਵੇਗਾ, ਪਰ ਬਹੁਤੀ ਖੇਡ ਇਹ ਪਾਕਿਸਤਾਨ ਦੀ ਅੰਦਰੂਨੀ ਰਾਜਨੀਤੀ ਦੀ ਹੈ।
ਜਦੋਂ ਹਾਲਾਤ ਜ਼ਾਹਰਾ ਤੌਰ ਉਤੇ ਭਾਰਤ ਦੇ ਨਾਲ ਪਾਕਿਸਤਾਨੀ ਫੌਜ ਦੇ ਆਢਾ ਲਾਉਣ ਵਾਲੇ ਦਿਖਾਈ ਦਿੰਦੇ ਹਨ, ਉਦੋਂ ਇੱਕ ਵਾਰੀ ਫਿਰ ਉਹ ਹਾਫਿਜ਼ ਸਈਦ ਵੀ ਸਰਗਰਮ ਹੋ ਗਿਆ ਹੈ, ਜਿਹੜਾ ਮੁੰਬਈ ਦੇ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜ਼ਿਸ਼ੀ ਮੰਨਿਆ ਜਾਂਦਾ ਹੈ। ਅੱਜ ਵੀ ਉਸ ਦੇ ਖਿਲਾਫ ਪਾਕਿਸਤਾਨ ਵਿਚ ਉਸ ਵਾਰਦਾਤ ਦਾ ਕੇਸ ਚੱਲ ਰਿਹਾ ਹੈ ਤੇ ਇਸ ਕੇਸ ਵਿਚ ਉਸ ਦੇ ਖਿਲਾਫ ਸਬੂਤ ਪਾਕਿਸਤਾਨ ਦੀ ਸਰਕਾਰ ਦੇ ਵਕੀਲ ਪੇਸ਼ ਕਰਦੇ ਤੇ ਅਦਾਲਤ ਨੂੰ ਕਹਿੰਦੇ ਹਨ ਕਿ ਸਾਰਾ ਕੁਝ ਕੀਤਾ-ਕਰਾਇਆ ਇਸੇ ਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਬੰਦੇ ਬਾਰੇ ਉਥੋਂ ਦੀ ਸਰਕਾਰ ਆਪਣੀ ਅਦਾਲਤ ਨੂੰ ਇਹ ਕਹਿੰਦੀ ਹੈ ਕਿ ਇਹ ਮੁੰਬਈ ਵਿਚ ਹੋਏ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜ਼ਿਸ਼ੀ ਸੀ, ਉਹ ਇਸ ਹਫਤੇ ਭਾਰਤੀ ਫੌਜੀਆਂ ਨੂੰ ਕਤਲ ਕਰਨ ਵਾਲੇ ਪਾਕਿਸਤਾਨੀ ਫੌਜੀਆਂ ਦੀ ਚੌਕੀ ਉਤੇ ਫੌਜੀ ਅਫਸਰਾਂ ਨੂੰ ਉਚੇਚਾ ਮਿਲਣ ਗਿਆ ਸੀ। ਇਹ ਖਬਰ ਭਾਰਤੀ ਮੀਡੀਏ ਨੇ ਨਹੀਂ, ਪਾਕਿਸਤਾਨ ਵਿਚੋਂ ਉਸ ਦੇ ਆਪਣੇ ਮੀਡੀਏ ਨੇ ਬਾਹਰ ਕੱਢੀ ਸੀ ਤੇ ਹੋਰ ਹਰ ਗੱਲ ਦਾ ਖੰਡਨ ਕਰਨ ਵਾਲੀ ਪਾਕਿਸਤਾਨੀ ਫੌਜ ਨੇ ਇਸ ਖਬਰ ਦਾ ਖੰਡਨ ਕਰਨ ਦੀ ਲੋੜ ਨਹੀਂ ਸਮਝੀ।
ਹਾਫਿਜ਼ ਸਈਦ ਪਾਕਿਸਤਾਨ ਦੀ ਖੁਫੀਆ ਏਜੰਸੀ ਦਾ ਇੱਕ ਪਿਆਦਾ ਹੈ ਤੇ ਉਸ ਦੀ ਫੌਜ ਉਸ ਨੂੰ ਆਪਣੇ ਜਵਾਨਾਂ ਵਿਚ ਜੰਗੀ ਜਨੂੰਨ ਭਰਨ ਲਈ ਆਪਣੀਆਂ ਚੌਕੀਆਂ ਵਿਚ ਗੇੜੇ ਮਾਰਨ ਲਈ ਨਾ ਸਿਰਫ ਮੌਕਾ ਦਿੰਦੀ ਹੈ, ਸਗੋਂ ਆਪ ਸੱਦਦੀ ਸੁਣੀ ਜਾਂਦੀ ਹੈ। ਅੱਗੇ ਵੀ ਹੁਣ ਤੱਕ ਜਿੰਨੀ ਵਾਰੀ ਭਾਰਤ ਨਾਲ ਜੰਗ ਲਾਈ ਗਈ, ਹਰ ਵਾਰ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਵਿਚ ਜਨੂੰਨੀ ਰਾਜਨੀਤੀ ਕਰਨ ਵਾਲਿਆਂ ਨੂੰ ਆਉਣ ਦੀ ਖੁੱਲ੍ਹ ਦਿੱਤੀ ਜਾਂਦੀ ਰਹੀ ਸੀ। ਹੁਣ ਫਿਰ ਇਹੋ ਕੁਝ ਵਾਪਰਨ ਲੱਗ ਪਿਆ ਹੈ।
ਹਾਲਾਤ ਦੀ ਤੰਦ ਕਿਸੇ ਵੀ ਪਾਸੇ ਤੋਂ ਫੜ ਲਈ ਜਾਵੇ, ਅੰਤਲਾ ਨਤੀਜਾ ਹਾਲ ਦੀ ਘੜੀ ਇਹੋ ਨਿਕਲ ਰਿਹਾ ਹੈ ਕਿ ਪਾਕਿਸਤਾਨ ਦੀ ਫੌਜ ਦੇ ਕਮਾਂਡਰਾਂ ਦੇ ਸਿਰ ਵਿਚ ਇੱਕ ਵਾਰੀ ਫਿਰ ਜੰਗ ਦਾ ਕੀੜਾ ਸਰਕ ਰਿਹਾ ਹੈ। ਉਹ ਕਿਸੇ ਵੀ ਸੂਰਤ ਵਿਚ ਆਪਣੇ ਦੇਸ਼ ਦੀ ਲੀਡਰਸ਼ਿਪ ਨੂੰ ਗਰਦਨ ਤੋਂ ਫੜਨ ਦਾ ਬਹਾਨਾ ਘੜਨ ਲਈ ਭਾਰਤ ਨਾਲ ਪੇਚਾ ਪਾ ਕੇ ਇਸ ਦਾ ਉਹ ਆਧਾਰ ਤਿਆਰ ਕਰਨਾ ਚਾਹੁੰਦੇ ਹਨ, ਜਿਹੜਾ ਉਹ ਪਹਿਲਾਂ ਵੀ ਕਰਦੇ ਰਹੇ ਹਨ।
Leave a Reply