ਸ਼੍ਰੋਮਣੀ ਕਮੇਟੀ ਦੀ ਹਜ਼ਾਰਾਂ ਏਕੜ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ

ਚੰਡੀਗੜ੍ਹ: ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜੀਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ‘ਤੇ ਸਵਾਲ ਉੱਠਣ ਲੱਗੇ ਹਨ। ਇਸ ਸੰਸਥਾ ਦੀ ਜਿੱਥੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਜ਼ਿੰਮੇਵਾਰੀ ਹੈ, ਉਥੇ ਗੁਰਧਾਮਾਂ ਦੇ ਨਾਂ ਲੱਗੀ ਹਜ਼ਾਰਾਂ ਏਕੜ ਜ਼ਮੀਨ-ਜਾਇਦਾਦ ਦੀ ਸਾਂਭ-ਸੰਭਾਲ ਦਾ ਕੰਮ ਵੀ ਇਸ ਸੰਸਥਾ ਅਧੀਨ ਆਉਂਦਾ ਹੈ ਪਰ ਇਸ ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਨੂੰ ਤਸੱਲੀਬਖਸ਼ ਨਹੀਂ ਮੰਨਿਆ ਜਾ ਸਕਦਾ।
ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆਉਂਦੇ 79 ਗੁਰਦੁਆਰਿਆਂ ਦੇ ਨਾਂ ‘ਤੇ ਤਕਰੀਬਨ 13 ਹਜ਼ਾਰ ਏਕੜ ਜ਼ਮੀਨ ਹੈ ਜਿਸ ਵਿਚੋਂ ਵਧੇਰੇ 80 ਫੀਸਦੀ ਜ਼ਮੀਨ ਪੰਜਾਬ ਤੇ ਬਾਕੀ ਹਰਿਆਣਾ ਵਿਚ ਹੈ। ਕੁਲ ਜ਼ਮੀਨ ਵਿਚੋਂ ਤਕਰੀਬਨ 75 ਫੀਸਦੀ ਜ਼ਮੀਨ ਭਾਵ 9700 ਏਕੜ ਰਕਬਾ ਸਿੱਧਾ ਗੁਰਦੁਆਰਿਆਂ ਦੇ ਨਾਂ ਹੋਣ ਕਾਰਨ ਉਹ ਸ਼੍ਰੋਮਣੀ ਕਮੇਟੀ ਦੀ ਮਲਕੀਅਤੀ ਹੇਠ ਹੈ, ਇਸ ਵਿਚੋਂ ਕੁਝ ਰਕਬੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਖੁਦ ਕਾਸ਼ਤ ਕੀਤੀ ਜਾ ਰਹੀ ਹੈ ਤੇ ਬਾਕੀ ਜ਼ਮੀਨ ਅਗਾਂਹ ਠੇਕੇ ‘ਤੇ ਦਿੱਤੀ ਹੋਈ ਹੈ।
ਇਸ ਤੋਂ ਇਲਾਵਾ ਤਕਰੀਬਨ 25 ਫੀਸਦੀ ਜ਼ਮੀਨ ਭਾਵ 3350 ਏਕੜ ਰਕਬਾ ਇਸ ਵੇਲੇ ਨਜਾਇਜ਼ ਕਬਜ਼ਿਆਂ ਹੇਠ ਹੈ ਜਿਸ ਨੂੰ ਆਪਣੇ ਕਬਜ਼ੇ ਹੇਠ ਲੈਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਅਦਾਲਤਾਂ ਵਿਚ ਤਕਰੀਬਨ 200 ਮੁਕੱਦਮੇ ਲੜੇ ਜਾ ਰਹੇ ਹਨ। ਇਨ੍ਹਾਂ ਉਪਰ ਹਰ ਸਾਲ ਲੱਖਾਂ ਰੁਪਏ ਖਰਚ ਹੋ ਰਹੇ ਹਨ ਤੇ ਇਹ ਲੜਾਈ ਲੰਮੇ ਸਮੇਂ ਤੋਂ ਜਾਰੀ ਹੈ।
1920 ਵਿਚ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਉਣ ਤੋਂ ਪਹਿਲਾਂ ਤੇ 1925 ਵਿਚ ਸਿੱਖ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਪਹਿਲਾਂ ਵਧੇਰੇ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਕੋਲ ਸੀ ਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੀ ਮਹੰਤਾਂ ਦੇ ਕਬਜ਼ੇ ਹੇਠ ਸਨ। ਸ਼੍ਰੋਮਣੀ ਕਮੇਟੀ ਨੇ ਹੋਂਦ ਵਿਚ ਆਉਣ ਮਗਰੋਂ ਜਦੋਂ ਗੁਰਦੁਆਰਿਆਂ ਦੀ ਜ਼ਿੰਮੇਵਾਰੀ ਸਾਂਭੀ ਤਾਂ ਉਸ ਵੇਲੇ ਇਨ੍ਹਾਂ ਜ਼ਮੀਨਾਂ ਦਾ ਕਬਜ਼ਾ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਈ। ਉਸ ਵੇਲੇ ਕਈ ਤਰ੍ਹਾਂ ਦੇ ਵਿਵਾਦ ਵੀ ਹੋਏ।
ਸਰਕਾਰ ਵੱਲੋਂ ਉਸ ਵੇਲੇ ਇਨ੍ਹਾਂ ਮਾਮਲਿਆਂ ਦੇ ਹੱਲ ਲਈ ਗੁਰਦੁਆਰਾ ਟ੍ਰਿਬਿਊਨਲ ਸਥਾਪਤ ਕੀਤਾ ਗਿਆ ਜਿਸ ਨੇ ਮਗਰੋਂ ਇਨ੍ਹਾਂ ਜ਼ਮੀਨਾਂ ਜਾਇਦਾਦਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ। 13,000 ਏਕੜ ਜ਼ਮੀਨ ਦਾ ਜੇਕਰ ਮੌਜੂਦਾ ਮੁੱਲ ਲਾਇਆ ਜਾਵੇ ਤਾਂ ਇਹ ਸਿੱਖ ਸੰਸਥਾ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਦੀ ਮਾਲਕ ਹੈ ਤੇ ਸਭ ਤੋਂ ਵੱਡੀ ਸਰਮਾਏਦਾਰ ਸਿੱਖ ਸੰਸਥਾ ਹੈ। ਇਸੇ ਤਰ੍ਹਾਂ ਸੈਕਸ਼ਨ 87 ਹੇਠ ਆਉਂਦੇ ਗੁਰਦੁਆਰਿਆਂ ਦੇ ਨਾਂ ਉਪਰ ਵੀ ਜ਼ਮੀਨ ਜਾਇਦਾਦ ਹੈ ਜਿਨ੍ਹਾਂ ਦੀ ਅਸਲੀ ਮਾਲਕ ਵੀ ਸਿੱਧੇ-ਅਸਿੱਧੇ ਢੰਗ ਨਾਲ ਸ਼੍ਰੋਮਣੀ ਕਮੇਟੀ ਹੀ ਹੈ।
ਸ਼੍ਰੋਮਣੀ ਕਮੇਟੀ ਕੋਲ ਭਾਵੇਂ ਇਸ ਵੇਲੇ 13000 ਏਕੜ ਜ਼ਮੀਨ ਸਿੱਧੇ ਪ੍ਰਬੰਧ ਹੇਠ ਹੈ ਪਰ ਇਸ ਵਿਚੋਂ 3350 ਏਕੜ ਜ਼ਮੀਨ ਵੱਖ ਵੱਖ ਥਾਵਾਂ ‘ਤੇ ਮੁਜ਼ਾਰਿਆਂ ਕੋਲ ਨਾਜਾਇਜ਼ ਕਬਜੇ ਹੇਠ ਹੈ ਜੋ ਇਸ ਜ਼ਮੀਨ ‘ਤੇ ਵਾਹੀ ਕਰ ਰਹੇ ਹਨ ਅਤੇ ਇਹ ਜ਼ਮੀਨ ਉਹ ਆਪਣੇ ਨਾਂ ਹੋਣ ਦਾ ਦਾਅਵਾ ਕਰਦੇ ਹਨ। ਗੁਰੂ ਘਰ ਦੀਆਂ ਜ਼ਮੀਨਾਂ ‘ਤੇ ਕਾਬਜ਼ ਇਨ੍ਹਾਂ ਲੋਕਾਂ ਨੂੰ ਸਿਆਸੀ ਸਮਰਥਨ ਵੀ ਪ੍ਰਾਪਤ ਹੈ ਤੇ ਇਹ ਸਿਆਸੀ ਸਮਰਥਨ ਦੇਣ ਵਾਲੇ ਕੋਈ ਹੋਰ ਨਹੀਂ ਸਗੋਂ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਕਈ ਸਿਰਕੱਢ ਆਗੂ ਹਨ ਜੋ ਖ਼ੁਦ ਵੀ ਸਿੱਖ ਹਨ। ਇਹ ਸਭ ਕੁਝ ਵੋਟ ਰਾਜਨੀਤੀ ਦਾ ਹਿੱਸਾ ਹੈ।
ਪ੍ਰਾਪਤ ਅੰਕੜਿਆਂ ਅਨੁਸਾਰ ਮੁਜ਼ਾਰਿਆਂ ਦੇ ਕਬਜ਼ੇ ਹੇਠਲੀ ਇਸ ਜ਼ਮੀਨ ਦਾ ਵਧੇਰੇ ਹਿੱਸਾ ਮਾਝੇ ਵਿਚ ਹੈ ਜਿਸ ਨੂੰ ਸਿੱਖੀ ਦਾ ਧੁਰਾ ਮੰਨਿਆ ਜਾਂਦਾ ਹੈ। ਇਨ੍ਹਾਂ ਵਿਚੋਂ ਗੁਰਦਾਸਪੁਰ ਜ਼ਿਲ੍ਹੇ ਵਿਚ ਆਉਂਦੇ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਦੀ 528 ਏਕੜ, ਗੁਰਦੁਆਰਾ ਤੇਜਾ ਕਲਾ ਦੀ 934 ਏਕੜ, ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ (ਅੰਮ੍ਰਿਤਸਰ) ਦੀ 1413 ਏਕੜ ਅਤੇ ਤਰਨ ਤਾਰਨ ਜ਼ਿਲ੍ਹੇ ਵਿਚ ਆਉਂਦੇ ਗੁਰਦੁਆਰਾ ਚੋਹਲਾ ਸਾਹਿਬ ਦੀ 362 ਏਕੜ ਜ਼ਮੀਨ ਸ਼ਾਮਲ ਹੈ। ਇਹ ਸਾਰੀ ਜ਼ਮੀਨ ਕੁਲ 3350 ਜ਼ਮੀਨ ਦਾ 3237 ਏਕੜ ਰਕਬਾ ਬਣਦੀ ਹੈ।
ਇਸ ਤੋਂ ਇਲਾਵਾ ਕੁਝ ਜ਼ਮੀਨ ਅੱਜ ਵੀ ਮਹੰਤਾਂ ਦੇ ਕਬਜ਼ੇ ਹੇਠ ਹੈ। ਗੁਰੂ ਘਰਾਂ ਦੀ ਇਹ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਛੁਡਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਅਦਾਲਤੀ ਚਾਰਾਜੋਈ ਕੀਤੀ ਜਾ ਰਹੀ ਹੈ ਪਰ ਇਹ ਜ਼ਮੀਨਾਂ ਨਾਜਾਇਜ਼ ਕਬਜ਼ਿਆਂ ਹੇਠ ਜਾਣ ਲਈ ਕਿਸੇ ਨਾ ਕਿਸੇ ਤਰ੍ਹਾਂ ਇਹ ਸਿੱਖ ਸੰਸਥਾ ਹੀ ਜ਼ਿੰਮੇਵਾਰ ਹੈ। ਇਨ੍ਹਾਂ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਛੁਡਾਉਣ ਲਈ ਕਈ ਵਾਰ ਖ਼ੂਨੀ ਝੜਪਾਂ ਵੀ ਹੋ ਚੁੱਕੀਆਂ ਹਨ। ਮੁਜ਼ਾਰਿਆਂ ਨੇ ਇਨ੍ਹਾਂ ਜ਼ਮੀਨਾਂ ‘ਤੇ ਕਾਸ਼ਤ ਕਰਦਿਆਂ ਚਲਾਕੀ ਨਾਲ ਇਨ੍ਹਾਂ ਦੀਆਂ ਗਿਰਦਾਵਰੀਆਂ ਆਪਣੇ ਨਾਂ ਕਰਵਾ ਲਈਆਂ ਤੇ ਇਨ੍ਹਾਂ ਨੂੰ ਅਗਾਂਹ ਵਧੇਰੇ ਉਚੇ ਭਾਅ ਠੇਕੇ ‘ਤੇ ਦੇ ਦਿੱਤਾ ਗਿਆ। ਸਿੱਟੇ ਵਜੋਂ ਇਹ ਲੋਕ ਗੁਰੂ ਘਰ ਦੀਆਂ ਜ਼ਮੀਨਾਂ ਤੋਂ ਮੁਨਾਫ਼ਾ ਖਾ ਰਹੇ ਹਨ। ਇਸ ਨੂੰ ਪ੍ਰਬੰਧਕਾਂ ਦੀ ਕੋਤਾਹੀ ਹੀ ਆਖਿਆ ਜਾ ਸਕਦਾ ਹੈ ਜਿਨ੍ਹਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਤੇ ਦਾਨੀਆਂ ਵੱਲੋਂ ਗੁਰੂ ਘਰਾਂ ਨੂੰ ਅਮਾਨਤ ਵਜੋਂ ਭੇਟ ਕੀਤੀ ਗਈ ਹਜ਼ਾਰਾਂ ਏਕੜ ਜ਼ਮੀਨ ਨਾਜਾਇਜ਼ ਹੱਥਾਂ ਵਿਚ ਚਲੀ ਗਈ ਜਿਸ ਨੂੰ ਮੁੜ ਪ੍ਰਾਪਤ ਕਰਨ ਲਈ ਹੁਣ ਲੰਮੀ ਜਦੋਜਹਿਦ ਕਰਨੀ ਪੈ ਰਹੀ ਹੈ।
__________________________________________
ਸ਼੍ਰੋਮਣੀ ਕਮੇਟੀ ਦਾ ਸਰਮਾਇਆ
ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਇਸ ਵੇਲੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸੂਬਿਆਂ ਦੇ ਉਹ ਗੁਰਧਾਮ ਆਉਂਦੇ ਹਨ ਜਿਨ੍ਹਾਂ ਗੁਰਦੁਆਰਿਆਂ ਦੀ ਸਾਲਾਨਾ ਆਮਦਨ 20 ਲੱਖ ਰੁਪਏ ਤੋਂ ਵੱਧ ਹੈ, ਉਹ ਸਾਰੇ ਸਿੱਖ ਗੁਰਦੁਆਰਾ ਐਕਟ 1925 ਦੇ ਸੈਕਸ਼ਨ 85 ਹੇਠ ਆਉਂਦੇ ਹਨ ਤੇ ਇਨ੍ਹਾਂ ਗੁਰਦੁਆਰਿਆਂ ਦਾ ਸਿੱਧਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ।
ਇਸ ਤੋਂ ਘੱਟ ਆਮਦਨ ਵਾਲੇ ਗੁਰਦੁਆਰੇ ਸੈਕਸ਼ਨ 87 ਹੇਠ ਆਉਂਦੇ ਹਨ ਤੇ ਇਨ੍ਹਾਂ ਦੇ ਪ੍ਰਬੰਧ ਲਈ ਸਥਾਨਕ ਪੱਧਰ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣੀਆਂ ਹੋਈਆਂ ਹਨ। ਇਸ ਵੇਲੇ ਸੈਕਸ਼ਨ 85 ਹੇਠ 79 ਗੁਰਦੁਆਰੇ ਹਨ ਜਦੋਂਕਿ ਸੈਕਸ਼ਨ 87 ਹੇਠ 197 ਗੁਰਦੁਆਰੇ ਹਨ ਜਿਨ੍ਹਾਂ ਵਿਚੋਂ 183 ਪੰਜਾਬ ਵਿਚ, 13 ਹਰਿਆਣਾ ਵਿਚ ਤੇ ਇਕ ਹਿਮਾਚਲ ਪ੍ਰਦੇਸ਼ ਵਿਚ ਹੈ।
ਸ਼੍ਰੋਮਣੀ ਕਮੇਟੀ ਨੂੰ ਇਸ 13,027 ਏਕੜ ਜ਼ਮੀਨ ਤੋਂ ਸਾਲਾਨਾ ਔਸਤਨ 30 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ। ਇਹ ਆਮਦਨ ਠੇਕਿਆਂ ‘ਤੇ ਦਿੱਤੀ ਜ਼ਮੀਨ ਦੇ ਠੇਕੇ ਦੇ ਰੇਟ ਵਧਣ ਦੇ ਨਾਲ ਵਧਦੀ ਰਹਿੰਦੀ ਹੈ। 79 ਗੁਰਦੁਆਰਿਆਂ ਦੇ ਨਾਂ ਹੇਠ 13 ਹਜ਼ਾਰ ਏਕੜ ਜ਼ਮੀਨ ਵਿਚੋਂ ਵਧੇਰੇ ਜ਼ਮੀਨ ਸ਼ਰਧਾਲੂਆਂ ਤੇ ਦਾਨੀ ਸੱਜਣਾਂ ਵੱਲੋਂ ਗੁਰਦੁਆਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬਾਨ ਦੇ ਨਾਂ ਉਪਰ ਤੇ ਲੋਹ ਲੰਗਰ ਦੇ ਨਾਂ ਉਪਰ ਭੇਟ ਕੀਤੀ ਹੋਈ ਹੈ ਜਿਸ ਦਾ ਪ੍ਰਬੰਧ ਇਸ ਕਮੇਟੀ ਵੱਲੋਂ ਦੇਖਿਆ ਜਾ ਰਿਹਾ ਹੈ।
ਗੁਰੂ ਸਾਹਿਬਾਨ ਤੇ ਲੋਹ ਲੰਗਰ ਦੇ ਨਾਂ ਉਪਰ ਗੁਰੂ ਘਰਾਂ ਨੂੰ ਜ਼ਮੀਨਾਂ ਭੇਟ ਕਰਨ ਦੀ ਇਹ ਰਵਾਇਤ ਗੁਰੂ ਕਾਲ ਤੋਂ ਹੈ ਤੇ ਅੱਜ ਵੀ ਇਹ ਜਾਰੀ ਹੈ। ਇਹ ਰਵਾਇਤ ਗੁਰੂ ਨਾਨਕ ਦੇਵ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਉਸ ਵੇਲੇ ਗੁਰੂ ਸਾਹਿਬ ਦੇ ਅਨਿਨ ਸ਼ਰਧਾਲੂ ਰਾਏ ਬੁਲਾਰ ਨੇ ਇਕ ਵੱਡਾ ਰਕਬਾ ਗੁਰੂ ਜੀ ਦੇ ਨਾਂ ਕਰ ਦਿੱਤਾ ਸੀ ਜਿਥੇ ਅੱਜ ਪਾਕਿਸਤਾਨ ਵਿਚ ਕਸਬਾ ਨਨਕਾਣਾ ਸਾਹਿਬ ਤੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਸਥਾਪਤ ਹੈ। ਮਗਰੋਂ ਇਹ ਪ੍ਰਥਾ ਸਦੀਆਂ ਤਕ ਜਾਰੀ ਰਹੀ।
ਜਦੋਂ ਗੁਰੂ ਕਾਲ ਵੇਲੇ ਲੰਗਰ ਦੀ ਪ੍ਰਥਾ ਸ਼ੁਰੂ ਹੋਈ ਤਾਂ ਉਸ ਵੇਲੇ ਸੰਗਤਾਂ ਨੇ ਆਪਣੀਆਂ ਜ਼ਮੀਨਾਂ ਲੋਹ ਲੰਗਰ ਦੇ ਨਾਂ ਉਪਰ ਵੀ ਗੁਰੂ ਘਰ ਨੂੰ ਭੇਟ ਕੀਤੀਆਂ। ਅੱਜ ਵੀ ਕਈ ਜ਼ਮੀਨਾਂ ਲੋਹ ਲੰਗਰ ਦੇ ਨਾਂ ਉਪਰ ਹਨ। ਗੁਰਦੁਆਰਾ ਦੀਨਾ ਕਾਂਗੜ, ਜਿਥੋਂ ਦਸਵੇਂ ਗੁਰੂ ਨੇ ਜ਼ਫਰਨਾਮਾ ਜਾਰੀ ਕੀਤਾ ਸੀ, ਦੀ ਜ਼ਮੀਨ ਲੋਹ ਲੰਗਰ ਦੇ ਨਾਂ ਉਪਰ ਹੈ  ਜੋ ਜ਼ਮੀਨਾਂ ਲੋਹ ਲੰਗਰ ਦੇ ਨਾਂ ਉਤੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਉਪਰ ਭੇਟ ਕੀਤੀਆਂ ਹੋਈਆਂ ਹਨ, ਉਨ੍ਹਾਂ ਨੂੰ ਅਗਾਂਹ ਨਹੀਂ ਵੇਚਿਆ ਜਾ ਸਕਦਾ ਜੋ ਜ਼ਮੀਨਾਂ ਸ਼੍ਰੋਮਣੀ ਕਮੇਟੀ ਜਾਂ ਗੁਰਦੁਆਰੇ ਦੇ ਨਾਂ ਉਪਰ ਹਨ, ਉਨ੍ਹਾਂ ਨੂੰ ਲੋੜ ਅਨੁਸਾਰ ਕਮੇਟੀ ਅਗਾਂਹ ਵੇਚਣ ਦਾ ਹੱਕ ਰੱਖਦੀ ਹੈ।

Be the first to comment

Leave a Reply

Your email address will not be published.