ਡਾ. ਮਨਜ਼ੂਰ ਏਜਾਜ਼
ਲਹਿੰਦੇ ਪੰਜਾਬ ਦੇ ਉਘੇ ਵਿਚਵਾਨ ਡਾ. ਮਨਜ਼ੂਰ ਏਜਾਜ਼ ਦੀ ਇਹ ਲਿਖਤ ਉਨ੍ਹਾਂ ਦੀ ਸਵੈ-ਜੀਵਨੀ ‘ਜਿੰਦੜੀਏ ਤਣ ਦੇਸਾਂ ਤੇਰਾ ਤਾਣਾ’ ਵਿਚੋਂ ਲਈ ਗਈ ਹੈ। ਇਸ ਵਿਚ ਉਨ੍ਹਾਂ ਆਪਣੀ ਜ਼ਿੰਦਗੀ ਦੇ ਕੁਝ ਖਾਸ ਵਾਕਿਆਤ ਬਾਰੇ ਗੱਲਾਂ ਕੀਤੀਆਂ ਹਨ। ਇਸ ਤੋਂ ਪਹਿਲਾਂ ਦੀ ਕਿਤਾਬ ‘ਪੰਜਾਬ ਦਾ ਲੋਕ ਇਤਿਹਾਸ’ ਵਾਹਵਾ ਚਰਚਾ ਵਿਚ ਰਹੀ ਹੈ।
ਮੈਂ ਬਰਾਬਰ ਪੰਜਾਬੀ ਅਦਬੀ ਸੰਗਤ ਜਾਂਦਾ ਸਾਂ ਜਿੱਥੇ ਕਈ ਵਾਰੀ ਨਜਮ ਹੁਸੈਨ ਸਈਅਦ ਨਾਲ ਸਿੰਗ ਫਸ ਜਾਂਦੇ ਸਨ। ਪਤਾ ਨਹੀਂ ਕਿਉਂ ਅਸੀਂ ਨਜਮ ਹੁਸੈਨ ਸਈਅਦ ਨੂੰ ਰੂਸੀਆਂ ਦਾ ਹਾਮੀ ਮੰਨਦਿਆਂ ਉਨ੍ਹਾਂ ਦੀ ਮੁਖਾਲਫਤ ਨੂੰ ਫਰਜ਼ ਸਮਝਦੇ ਸਾਂ ਪਰ ਜਦੋਂ ਮੈਂ ਉਨ੍ਹਾਂ ਦੀ ਸ਼ਾਹ ਹੁਸੈਨ ਕਾਲਜ ਵਿਚ ਡਰਾਮੇ ‘ਤਖਤ ਲਾਹੌਰ` ਦੀ ਰੀਡਿੰਗ ਸੁਣੀ ਤਾਂ ਮੇਰਾ ਉਨ੍ਹਾਂ ਬਾਰੇ ਤਾਅਸੁਬ ਢਹਿ ਗਿਆ। ਮੈਂ ਉਨ੍ਹਾਂ ਦੀ ਫਨਕਾਰੀ ਤੇ ਪੇਂਡੂ ਸਮਾਜ ਦੀ ਜਾਣਕਾਰੀ ਦੇਖ ਕੇ ਹੈਰਾਨ ਹੋ ਗਿਆ ਸਾਂ ਤੇ ਮੈਨੂੰ ਯਾਦ ਹੈ ਜੋ ਉਥੋਂ ਨਿਕਲਦਿਆਂ ਸੜਕ ‘ਤੇ ਖਲੋ ਕੇ ਮੈਂ ਉਨ੍ਹਾਂ ਪੁੱਛਿਆ ਸੀ ਕਿ ਸ਼ਹਿਰੀ ਅਫਸਰ ਹੁੰਦਿਆਂ ਵੀ ਉਹ ਪੰਜਾਬੀ ਸਮਾਜ ਦੇ ਧੁਰ ਅੰਦਰ ਦੇ ਪੇਚਾਂ ਨੂੰ ਇੰਨਾ ਕਿਵੇਂ ਜਾਣਦੇ ਹਨ? ਫਿਰ ਆਸਿਫ ਸ਼ਾਹਕਾਰ ਹੋਰੀਂ ਇੱਕ ਦਿਨ ਮੈਨੂੰ ਉਨ੍ਹਾਂ ਦੇ 49 ਜੇਲ੍ਹ ਰੋਡ ਵਾਲੇ ਘਰ ਲੈ ਗਏ ਤੇ ਉਨ੍ਹਾਂ ਨਾਲ ਮੇਲਜੋਲ ਸ਼ੁਰੂ ਹੋ ਗਿਆ।
ਉਨ੍ਹਾਂ ਦਿਨਾਂ ਵਿਚ ਨਜਮ ਹੁਸੈਨ ਸਈਅਦ ਹੋਰਾਂ ਦਾ ਦਫਤਰ ਲਾਹੌਰ ਏ.ਜੀ. ਆਫਿਸ ਵਿਚ ਸੀ ਜਿੱਥੇ ਰੰਗ ਰੰਗ ਦੇ ਪੰਜਾਬੀ ਲਿਖਾਰੀ ਉਨ੍ਹਾਂ ਦੇ ਦਫਤਰ ਵਿਚ ਮਜਲਿਸ ਲਾਈ ਰੱਖਦੇ ਸਨ। ਸ਼ਰੀਫ ਸਾਬਰ, ਅਹਿਮਦ ਸਲੀਮ ਤੇ ਹੋਰ ਕਈਆਂ ਨਾਲ ਉਨ੍ਹਾਂ ਦੇ ਦਫਤਰ ਵਿਚ ਹੀ ਮਿਲਣੀ ਹੋਈ। ਮੁਸ਼ਤਾਕ ਸੂਫੀ ਦੀ ਸ਼ਾਇਰੀ ਦੀ ਪਹਿਲੀ ਕਿਤਾਬ ‘ਸਾਵੀ ਦਾ ਢੋਲਾ` ਛਪੀ ਸੀ ਜਿਸ ‘ਤੇ ਬਹੁਤ ਰੌਲਾ ਪਿਆ ਸੀ। ਮੈਨੂੰ ਯਾਦ ਹੈ ਕਿ ਮੈਂ ਮੁਸ਼ਤਾਕ ਸੂਫੀ ਦੀ ਸ਼ਾਇਰੀ ‘ਤੇ ਕਰੜੀ ਤਨਕੀਦ (ਆਲੋਚਨਾ) ਕਰਦਾ ਸਾਂ ਤੇ ਨਜਮ ਹੋਰੀਂ ਭਰਵੇਂ ਤਰੀਕੇ ਨਾਲ ਉਨ੍ਹਾਂ ਦੇ ਹੱਕ ਵਿਚ ਦਲੀਲਾਂ ਦੇ ਕੇ ਉਨ੍ਹਾਂ ਨੂੰ ਵਡਿਆਂਦੇ ਸਨ। ਮੇਰੀ ਪੰਜਾਬੀ ਨਾਲ ਦਿਨੋ-ਦਿਨ ਜੁੜਤ ਪੱਕੀ ਹੁੰਦੀ ਗਈ ਤੇ ਮੈਂ ਉਰਦੂ ਵਿਚ ਲਿਖਣਾ ਬੰਦ ਕਰ ਦਿੱਤਾ।
ਇੱਥੇ ਮੈਂ ਅਹਿਮਦ ਸਲੀਮ ਹੋਰਾਂ ਦਾ ਵੀ ਜਿ਼ਕਰ ਕਰਦਾ ਜਾਵਾਂ ਜਿਨ੍ਹਾਂ ਦੇ ਨਾਲ ਚੰਗੀ ਦੋਸਤੀ ਸੀ। ਉਹ ਲਾਹੌਰ ਵਿਚ ਚੋਬੁਰਜੀ ਦੇ ਕੋਲ ਰਹਿੰਦੇ ਸਨ ਤੇ ਪੰਜਾਬੀ ਅਦਬੀ ਮਰਕਜ਼ ਦੇ ਜ਼ਮਾਨੇ ਵਿਚ ਕਾਫੀ ਮਿਲਣ ਲਈ ਆਉਂਦੇ ਸਨ। ਮੈਂ ਉਨ੍ਹਾਂ ਕੋਲ ਜਾ ਕੇ ਪਹਿਲੀ ਵਾਰ ਇਸਲਾਮ ਅਬਾਦ ਵੇਖਿਆ ਜਿੱਥੇ ਉਹ ਕੌਮੀ ਲੋਕ ਵਿਰਸਾ ਦੀ ਨੌਕਰੀ ਕਰਦੇ ਸਨ। ਉਥੇ ਹੀ ਸਿੱਧੀ ਸੂਝਵਾਨ ਇਕਬਾਲ ਜਤੋਈ ਨਾਲ ਵੀ ਮਿਲਣੀ ਹੋਈ ਸੀ। ਉਦੋਂ ਇਸਲਾਮ ਆਬਾਦ ਨਿੱਕਾ ਜਿਹਾ ਸੀ ਤੇ ਉਥੇ ਸਿਰਫ ਸਰਕਾਰੀ ਨੌਕਰ ਹੀ ਰਹਿੰਦੇ ਸਨ। ਕਿਹਾ ਜਾਂਦਾ ਸੀ ਜੋ ਇਸਲਾਮ ਆਬਾਦ ਦੀਆਂ ਸੜਕਾਂ ‘ਤੇ ਬੰਦੇ ਨਹੀਂ, ਫਾਈਲਾਂ ਫਿਰਦੀਆਂ ਹਨ। ਮੈਂ ਕੁਝ ਹੀ ਦਿਨਾਂ ਵਿਚ ਇੰਨਾ ਅਵਾਜ਼ਾਰ ਹੋ ਗਿਆ ਸਾਂ ਜੋ ਉਥੋਂ ਨਿਕਲ ਕੇ ਮੈਨੂੰ ਲੱਗਾ ਕਿ ਮੈਂ ਕਿਸੇ ਜੇਲ੍ਹ ਵਿਚੋਂ ਛੁੱਟ ਕੇ ਆਇਆ ਹਾਂ।
ਫਿਰ ਉਹ ਮੈਨੂੰ ਇਕ ਵਾਰੀ ਪਿਸ਼ਾਵਰ ਘੁਮਾਉਣ ਲੈ ਗਏ। ਅਸੀਂ ਲਿਖਾਰੀ ਰਜ਼ਾ ਹਮਦਾਨੀ ਹੋਰਾਂ ਕੋਲ ਠਹਿਰੇ ਸਾਂ ਤੇ ਉਨ੍ਹਾਂ ਸਾਨੂੰ ਦੱਸਿਆ ਸੀ ਕਿ ਫਿਲਮ ਸਟਾਰ ਰੰਗੀਲਾ ਉਨ੍ਹਾਂ ਦੇ ਘਰ ਵਿਚ ਹੀ ਪਲਿਆ ਸੀ। ਮੈਨੂੰ ਯਾਦ ਹੈ, ਉਹ ਰੋਜ਼ਿਆਂ ਦੇ ਦਿਨ ਸਨ ਤੇ ਪੂਰੇ ਸ਼ਹਿਰ ਪਿਸ਼ਾਵਰ ਵਿਚ ਦਿਨ ਵੇਲੇ ਖਾਣਾ ਨਹੀਂ ਸੀ ਲੱਭਦਾ। ਉਥੇ ਸਾਨੂੰ ਉਰਦੂ ਸ਼ਾਇਰ ਜੋਹਰ ਮੀਰ ਹੋਰੀਂ ਵਲ-ਵਲੇਵਿਆਂ ‘ਚੋਂ ਲੰਘਾ ਕੇ ਇੰਟਰਕਾਂਟੀਨੈਂਟਲ ਹੋਟਲ ਦੇ ਬਾਵਰਚੀ ਖਾਨੇ ਵਿਚ ਲੈ ਗਏ ਸਨ ਜਿੱਥੇ ਕੁਝ ਖਾਣ ਨੂੰ ਲੱਭਾ ਸੀ। ਉਸੇ ਹੀ ਫੇਰੇ ਵਿਚ ਮੈਂ ਉਰਦੂ ਅਤੇ ਹਿੰਦਕੋ ਮਸ਼ਹੂਰ ਸ਼ਾਇਰ ਫਾਰਗ ਬੁਖਾਰੀ ਹੋਰਾਂ ਨੂੰ ਉਨ੍ਹਾਂ ਦੀ ਪ੍ਰਿੰਟਿੰਗ ਪ੍ਰੈਸ ਵਿਚ ਜਾ ਕੇ ਮਿਲਿਆ ਤੇ ਉਨ੍ਹਾਂ ਆਪਣੀ ਹਿੰਦਕੋ ਸ਼ਾਇਰੀ ਸੁਣਾਈ ਵੀ ਤੇ ਆਪਣੀ ਕਿਤਾਬ ਵੀ ਦਿੱਤੀ। ਅਹਿਮਦ ਸਲੀਮ ਹੋਰਾਂ ਦੇ ਹੀ ਵਾਸਤੇ ਨਾਲ ਮੈਂ ਹੈਦਰਾਬਾਦ ਦੀ ਸਿੰਧ ਯੂਨੀਵਰਸਿਟੀ ਵਿਚ ਸਿੰਧ ਦੇ ਸਭ ਤੋਂ ਮਸ਼ਹੂਰ ਸ਼ਾਇਰ ਸ਼ੇਖ ਅਯਾਜ਼ ਨੂੰ ਮਿਲਿਆ ਜਿਹੜੇ ਭੁੱਟੋ ਹਕੂਮਤ ਬਣਨ ਤੋਂ ਬਾਅਦ ਵਾਈਸ ਚਾਂਸਲਰ ਲੱਗੇ ਹੋਏ ਸਨ। ਮੈਂ ਦੋ ਵਾਰੀ ਲਾਹੌਰ ਤੋਂ ਕਰਾਂਚੀ ਬੱਸ ਤੇ ਸਫਰ ਕਰ ਕੇ ਗਿਆ ਹਾਂ। ਪਹਿਲੀ ਵਾਰੀ ਮੈਂ ਲਾਹੌਰ ਤੋਂ ਮੁਲਤਾਨ ਪਹੁੰਚਿਆ ਤੇ ਉਥੇ ਸਰਾਇਕੀ ਲਿਖਾਰੀਆਂ ਨਾਲ ਮਿਲਣੀ ਹੋਈ। ਯਾਦ ਨਹੀਂ, ਅਹਸਮ ਵਾਹਗਾ, ਅਸਲਮ ਰਸੂਲਪੁਰੀ, ਇਰਸ਼ਾਦ ਤੌਂਸਵੀ ਤੇ ਆਬਿਦ ਅਮੀਕ ਹੋਰਾਂ ਵਿਚੋਂ ਕੀਹਦੇ ਨਾਲ ਮਿਲਣੀ ਹੋਈ ਸੀ ਕਿਉਂਜੋ ਇਹ ਉਹ ਸਰਾਇਕੀ ਸੱਜਣ ਹਨ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ। ਮੁਲਤਾਨੋਂ ਬੱਸ ਬਹਿ ਕੇ ਮੈਂ ਖੈਰਪੁਰ ਗਿਆ ਸਾਂ ਜਿੱਥੇ ਮੇਰੀ ਭੈਣ ਬਸ਼ੀਰਾਂ ਰਹਿੰਦੀ ਸੀ ਤੇ ਉਸ ਦਾ ਘਰ ਵਾਲਾ ਨਿਸਾਰ ਥਾਣੇਦਾਰ ਲੱਗਾ ਹੋਇਆ ਸੀ। ਖੈਰਪੁਰ ਵਿਚ ਮੈਂ ਸਿੰਧੀ ਦੇ ਵੱਡੇ ਸ਼ਾਇਰ ਤਨਵੀਰ ਅੱਬਾਸੀ ਹੋਰਾਂ ਨਾਲ ਉਨ੍ਹਾਂ ਦੇ ਘਰ ਮਿਲਣੀ ਕੀਤੀ ਸੀ। ਖੈਰਪੁਰ ਕੁਝ ਦਿਨ ਰਹਿ ਕੇ ਮੈਂ ਹੈਦਰਾਬਾਦ ਵਿਚ ਅਹਿਮਦ ਸਲੀਮ ਹੋਰਾਂ ਕੋਲ ਪਹੁੰਚ ਗਿਆ। ਉਨ੍ਹਾਂ ਦਿਨਾਂ ਵਿਚ ਅਹਿਮਦ ਸਲੀਮ ਸ਼ੇਖ ਅਯਾਜ਼ ਦੇ ਸਿੰਧੀ ਕਲਾਮ ਦਾ ਤਰਜਮਾ ਕਰ ਰਹੇ ਸਨ ਜਿਹੜਾ ਬਾਅਦ ਵਿਚ ‘ਜੋ ਬੀਜਲ ਨੇ ਆਖਿਆ` ਨਾਂ ਦੀ ਕਿਤਾਬ ਦੀ ਸ਼ਕਲ ਵਿਚ ਛਪਿਆ ਸੀ। ਸਿੰਧ ਯੂਨੀਵਰਸਿਟੀ ਵਿਚ ਸਿੰਧਿਆਲੋਜੀ ਡਿਪਾਰਟਮੈਂਟ ਵਾਲਿਆਂ ਨਾਲ ਵੀ ਮਿਲਣੀ ਹੋਈ ਜਿਸ ਵਿਚ ਅਸਾਂ ਮਿਥਿਆ ਕਿ ਮੈਂ ਪੰਜਾਬੀ ਬੋਲਾਂਗਾ ਤੇ ਉਹ ਸਿੰਧੀ ਵਿਚ ਗੱਲ ਕਰਨਗੇ।
ਇੱਕ ਰਾਤ ਸ਼ੇਖ ਅਯਾਜ਼ ਹੋਰਾਂ ਸਾਨੂੰ ਆਪਣੇ ਘਰ ਖਾਣ ‘ਤੇ ਸੱਦਿਆ। ਉਨ੍ਹਾਂ ਬਹੁਤ ਕੁਝ ਦੱਸਿਆ ਜਿਹਦੇ ਵਿਚ ਇੱਕ ਗੱਲ ਬੜੀ ਯਾਦਗੀਰੀ ਵਾਲੀ ਸੀ। ਉਨ੍ਹਾਂ ਦੱਸਿਆ ਕਿ ਭੁੱਟੋ ਹਕੂਮਤ ਦੇ ਸਿੰਧੀ ਜ਼ੁਬਾਨ ਨੂੰ ਬਹਾਲ ਕਰਨ ‘ਤੇ ਜਿਹੜੀ ਮਾਰਾ-ਮਾਰੀ ਹੋਈ ਸੀ, ਉਸ ਨਾਲ ਨਜਿੱਠਣ ਲਈ ਸਿੰਧੀਆਂ ਦੀ ਤਿੰਨ ਰੁਕਨੀ ਕਮੇਟੀ ਬਣੀ ਸੀ ਜਿਹਦੇ ਉਹ ਮੈਂਬਰ ਸਨ (ਪੀਰ ਅਲੀ ਮੁਹੰਮਦ ਰਾਸ਼ਦੀ ਵੀ ਮੈਂਬਰ ਸਨ)। ਉਨ੍ਹਾਂ ਦੱਸਿਆ ਕਿ ਅਸੀਂ ਭੁੱਟੋ ਹੋਰਾਂ ਦੇ ਸਾਹਮਣੇ ਸਲਾਹ ਰੱਖੀ ਕਿ ਤੁਸੀਂ ਪੰਜਾਬੀ ਨੂੰ ਕੌਮੀ ਜ਼ਬਾਨ ਬਣਾ ਦਿਓ, ਅਸੀਂ ਇਹ ਸੋਚ ਕੇ ਪੜ੍ਹ ਲਵਾਂਗੇ ਕਿ ਇਹ ਅਕਸਰੀਅਤ (ਬਹੁਗਿਣਤੀ) ਦੀ ਜ਼ਬਾਨ ਹੈ। ਭੁੱਟੋ ਹੋਰਾਂ ਦਾ ਜਵਾਬ ਸੀ ਕਿ ਇਹ ਸਲਾਹ ਪੰਜਾਬੀਆਂ ਨੇ ਹੀ ਨਹੀਂ ਮੰਨਣੀ। ਅਸੀਂ ਜ਼ੋਰ ਪਾਇਆ ਤਾਂ ਭੁੱਟੋ ਹੋਰਾਂ ਕਿਹਾ ਕਿ ਮੈਂ ਪੰਜਾਬ ਦੇ ਕਲਚਰ ਦੇ ਸਭ ਤੋਂ ਵੱਡੇ ਹਾਮੀ ਨੂੰ ਸੱਦ ਲੈਣਾ ਤੇ ਤੁਸੀਂ ਗੱਲ ਕਰ ਲਉ। ਮਲਿਕ ਮਿਅਰਾਜ ਖਾਲਿਦ ਹੋਰੀਂ ਕਹਿਣ ਲੱਗੇ ਕਿ ਇਹ ਕਿਵੇਂ ਹੋ ਸਕਦਾ ਹੈ, ਤੇ ਗੱਲ ਉਥੇ ਹੀ ਮੁੱਕ ਗਈ।
ਮੈਂ ਹੈਦਰਾਬਾਦ ਤੋਂ ਕਰਾਚੀ ਡਾ. ਫੈਰੋਜ਼ ਅਹਿਮਦ ਹੋਰਾਂ ਕੋਲ ਜਦ ਪਹੁੰਚਿਆ ਤੇ ਕਾਫੀ ਹਨੇਰਾ ਹੋ ਗਿਆ ਹੋਇਆ ਸੀ। ਉਨ੍ਹਾਂ ਨੂੰ ਪਤਾ ਸੀ ਜੋ ਮੈਨੂੰ ਸਮੁੰਦਰ ਦਿਖਾਉਣ ਲੈ ਗਏ। ਮੈਨੂੰ ਕੁਝ ਨਜ਼ਰ ਤਾਂ ਆਇਆ ਨਹੀਂ ਪਰ ਜਦ ਪਹਿਲੀ ਵਾਰੀ ਸਮੁੰਦਰ ਦੀ ਸ਼ੂਕਰ ਸੁਣੀ ਤਾਂ ਕੁਝ ਡਰ ਜਿਹਾ ਲੱਗਿਆ। ਮੈਂ ਡਾ. ਫੈਰੋਜ਼ ਅਹਿਮਦ ਹੋਰਾਂ ਦੇ ਕੰਮ ਨੂੰ ਉਦੋਂ ਤੋਂ ਜਾਣਦਾ ਸੀ, ਜਦ ਉਹ ਕੈਨੇਡਾ ਤੋਂ ਪਾਕਿਸਤਾਨ ਫੋਰਮ ਕੱਢਦੇ ਸਨ। ਉਨ੍ਹਾਂ ਦਿਨਾਂ ਵਿਚ ਡਾ. ਫੈਰੋਜ਼ ਅਹਿਮਦ, ਡਾ. ਇਕਬਾਲ ਅਹਿਮਦ ਤੇ ਇਜਾਜ਼ ਅਹਿਮਦ ਹੋਰਾਂ ਦੇ ਜੁੱਟ ਦੀ ਖੱਬੇ ਪੱਖ ਵਿਚ ਕਾਫੀ ਮਸ਼ਹੂਰੀ ਸੀ। ਉਨ੍ਹਾਂ ਮਸ਼ਰਿਕੀ (ਪੂਰਬੀ) ਪਾਕਿਸਤਾਨ ਵਿਚ ਫੌਜੀ ਐਕਸ਼ਨ ਦੀ ਵੀ ਮੁਖਾਲਫਤ ਕੀਤੀ ਸੀ। ਫਿਰ ਡਾ. ਫੈਰੋਜ਼ ਹੋਰੀਂ ਪਾਕਿਸਤਾਨ ਸਿ਼ਫਟ ਹੋ ਗਏ ਤੇ ਉਨ੍ਹਾਂ ਨਾਲ ਚੰਗੀ ਦੋਸਤੀ ਹੋ ਗਈ।
ਗੱਲ ਅਹਿਮਦ ਸਲੀਮ ਹੋਰਾਂ ਦੀ ਹੋ ਰਹੀ ਸੀ। ਅਹਿਮਦ ਸਲੀਮ ਬੜੇ ਬਾਦਸ਼ਾਹ ਬੰਦੇ ਸਨ। ਜਦ ਮੈਂ ਪੰਜਾਬ ਯੂਨੀਵਰਸਿਟੀ ਫਲਸਫਾ ਡਿਪਾਰਟਮੈਂਟ ਵਿਚ ਪੜ੍ਹਾ ਰਿਹਾ ਸਾਂ ਤਾਂ ਮੇਰੀ ਕਲਾਸ ਸਵੇਰੇ-ਸਵੇਰੇ ਹੁੰਦੀ ਸੀ। ਇੱਕ ਦਿਨ ਮੈਂ ਕਲਾਸ ਪੜ੍ਹਾ ਕੇ ਉਤੇ ਆਪਣੇ ਕਮਰੇ ਵਿਚ ਆਇਆ ਤਾਂ ਉਥੇ ਅਨਜਾਣ ਜਿਹੀ ਕੁੜੀ ਬੈਠੀ ਹੋਈ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਮੇਰੇ ਕਮਰੇ ਵਿਚ ਕਿਵੇਂ ਬੈਠੇ ਹੋ ਤਾਂ ਉਹ ਕਹਿਣ ਲੱਗੀ ਕਿ ਮੈਂ ਫਹਿਮੀਦਾ ਰਿਆਜ਼ ਹਾਂ ਤੇ ਅਹਿਮਦ ਸਲੀਮ ਮੈਨੂੰ ਇੱਥੇ ਬਿਠਾ ਕੇ ਗਏ ਹਨ। ਇਹ ਫਹਿਮੀਦਾ ਰਿਆਜ਼ ਦੀ ਚੜ੍ਹਤ ਦਾ ਜ਼ਮਾਨਾ ਸੀ ਤੇ ਮੈਂ ਉਨ੍ਹਾਂ ਦੀ ਸ਼ਾਇਰੀ ਦਾ ਜਾਣੂ ਸਾਂ। ਮੈਂ ਪੁੱਛਿਆ, ਤੁਸੀਂ ਨਾਸ਼ਤਾ ਕੀਤਾ ਤਾਂ ਉਨ੍ਹਾਂ ਨਾਂਹ ਵਿਚ ਜਵਾਬ ਦਿੱਤਾ। ਮੈਂ ਝਬਦੇ ਕੰਟੀਨ ਤੋਂ ਨਾਸ਼ਤਾ ਤੇ ਚਾਹ ਮੰਗਵਾ ਕੇ ਉਨ੍ਹਾਂ ਦੀ ਖਾਤਰਦਾਰੀ ਕਰਨ ਦੀ ਕੋਸਿ਼ਸ਼ ਕੀਤੀ। ਅਹਿਮਦ ਸਲੀਮ ਹੋਰਾਂ ਨਾਲ ਆਖੀਰੀ ਮਿਲਣੀ 27 ਅਕਤੂਬਰ 2007 ਨੂੰ ਉਨ੍ਹਾਂ ਲਈ ‘ਅਪਣਾ` ਦੇ ਦਿੱਤੇ ਹੋਏ ਡਿਨਰ ਤੇ ਸਪਰਿੰਗ ਫੀਲਡ ਵਰਜੀਨੀਆ ਵਿਚ ਹੋਈ ਸੀ। ਜ਼ਾਹਿਰ ਗੱਲ ਹੈ, ਸਾਰੀ ਮਹਿਫਲ ਵਿਚੋਂ ਮੈਂ ਹੀ ਉਨ੍ਹਾਂ ਨੂੰ ਪੁਰਾਣੇ ਵੇਲਿਆਂ ਤੋਂ ਜਾਣਦਾ ਸਾਂ ਤੇ ਮੈਂ ਉਨ੍ਹਾਂ ਦੇ ਕੀਤੇ ਕੰਮ ਤੇ ਚਾਨਣ ਪਾਇਆ ਤੇ ਖੋਲ੍ਹ ਕੇ ਦਿਲ ਤੋਂ ਤਾਰੀਫ ਕੀਤੀ।
ਮੈਂ 1970 ਵਿਚ ਐਮ.ਏ. ਕਰ ਲਿਆ ਸੀ ਪਰ ਕਿਤੇ ਨੌਕਰੀ ਨਹੀਂ ਸੀ ਲੱਭ ਰਹੀ। ਉਨ੍ਹਾਂ ਹੀ ਜ਼ਮਾਨਿਆਂ ਵਿਚ ਕਿਸੇ ਰੇਡੀਓ ਜਾਂ ਟੀ.ਵੀ. ਪ੍ਰੋਗਰਾਮ ਵਿਚ ਗੌਰਮਿੰਟ ਕਾਲਜ ਦੇ ਪ੍ਰਿੰਸੀਪਲ ਡਾ. ਨਜ਼ੀਰ ਹੋਰਾਂ ਨਾਲ ਟਾਕਰਾ ਹੋਇਆ। ਉਨ੍ਹਾਂ ਦੇ ਪੁੱਛਣ ‘ਤੇ ਮੈਂ ਦੱਸਿਆ ਕਿ ਨੌਕਰੀ ਲੱਭ ਰਿਹਾ ਹਾਂ ਪਰ ਕਿਤੇ ਗੱਲ ਨਹੀਂ ਬਣ ਰਹੀ। ਕਹਿਣ ਲੱਗੇ, ਮੇਰਾ ਇੱਕ ਜਾਗੀਰਦਾਰ ਜਾਨਣ ਵਾਲਾ ਆਪਣੇ ਨਿਆਣਿਆਂ ਲਈ ਟਿਊਟਰ ਲੱਭ ਰਿਹਾ, ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਉਨ੍ਹਾਂ ਕੋਲ ਘੱਲ ਦਿਆਂ। ਮੈਂ ਗੱਲ ਨਹੀਂ ਗੌਲੀ ਕਿਉਂਜੋ ਮੈਂ (ਗਲਤ ਜਾਂ ਸਹੀ) ਕਿਸੇ ਜਾਗੀਰਦਾਰ ਦੀ ਨੌਕਰੀ ਨਹੀਂ ਕਰਨਾ ਚਾਹੁੰਦਾ ਸਾਂ। ਫਲਸਫਾ ਡਿਪਾਰਟਮੈਂਟ ਵਿਚ ਇੱਕ ਸੀਟ ਖਾਲੀ ਪਈ ਸੀ ਤੇ ਮੈਂ ਵਾਈਸ ਚਾਂਸਲਰ ਅੱਲਾਮਾ ਅਲਾਉਦ-ਦੀਨ ਸਿੱਦੀਕੀ ਹੋਰਾਂ ਨੂੰ ਇਸ ਸਿਲਸਿਲੇ ਵਿਚ ਮਿਲਿਆ। ਜ਼ਾਹਿਰ ਗੱਲ ਹੈ, ਮੇਰੀ ਭੈੜੀ ਸ਼ੋਹਰਤ ਪਾਰੋਂ ਉਹ ਮੈਨੂੰ ਕਿਵੇਂ ਨੌਕਰੀ ਦਿੰਦੇ ਪਰ ਉਨ੍ਹਾਂ ਮੈਨੂੰ ਕਿਹਾ ਕਿ ਤੂੰ ਚਾਹਵੇਂ ਤਾਂ ਮੈਂ ਤੁਹਾਨੂੰ ਅਮਰੀਕਾ ਵਗੈਰਾ ਵਿਚ ਵਜ਼ੀਫੇ ‘ਤੇ ਘੱਲ ਸਕਨਾਂ। ਮੈਂ ਉਨ੍ਹਾਂ ਦਾ ਮਖੌਲ ਬਣਾਉਂਦਿਆਂ ਕਿਹਾ ਕਿ ਮੈਂ ਅਮਰੀਕਾ ਕਿਉਂ ਜਾਵਾਂਗਾ? ਉਸ ਵੇਲੇ ਤਾਂ ਸਾਡੇ ਲਈ ਸਾਮਰਾਜੀ ਅਮਰੀਕਾ ਜਾਣਾ ਮਿਹਣਾ ਸੀ ਪਰ ਇਹ ਪਤਾ ਨਹੀਂ ਸੀ ਜੋ ਆਉਣ ਵਾਲੇ ਵੇਲਿਆਂ ਵਿਚ ਕੀ ਹੋਣਾ ਹੈ ਤੇ ਮੈਂ ਕਿਵੇਂ ਅਮਰੀਕਾ ਹੀ ਜਾਣਾ ਹੈ।
ਇਕ ਦਿਨ ਮੈਂ ਯੂਨੀਵਰਸਿਟੀ ਕੰਟੀਨ ‘ਤੇ ਬੜਾ ਨਿਰਾਸ਼ ਬੈਠਾ ਹੋਇਆ ਸਾਂ ਤੇ ਅਸ਼ਰਫ ਰਜ਼ਾ ਹੋਰੀਂ ਆ ਗਏ। ਉਹ ਉਨ੍ਹਾਂ ਜ਼ਮਾਨਿਆਂ ਵਿਚ ਆਪਣੇ ਆਪ ਨੂੰ ਖੁੱਲ੍ਹਮ-ਖੁੱਲਾ ਹਮ-ਜਿਨਸ ਦੱਸਦੇ ਸਨ ਤੇ ਇਕ ਯੂਥ ਆਰਗਨਾਈਜ਼ੇਸ਼ਨ ਚਲਾਉਂਦੇ ਸਨ ਜਿਹਦੀ ਸਦਰ ਗਜ਼ਾਲਾ ਹਯਾਤ ਖਾਨ ਸੀ। ਉਨ੍ਹਾਂ ਦੀ ਤਨਜ਼ੀਮ ਨੇ ਇੱਕ ਵਾਰੀ ਇੰਟਰਕਾਂਟੀਨੈਂਟਲ ਹੋਟਲ (ਅੱਜ ਕੱਲ੍ਹ ਪਰਲ ਕਾਂਟੀਨੈਂਟਲ) ਵਿਚ ਜਲਸਾ ਕਰਵਾਇਆ ਸੀ ਜਿੱਥੇ ਮੈਨੂੰ ਅਨਵਰ ਅਜ਼ੀਜ਼ ਚੌਧਰੀ ਦੀ ਤਕਰੀਰ ਬੜੀ ਚੰਗੀ ਲੱਗੀ ਸੀ। ਅਸ਼ਰਫ ਰਜ਼ਾ ਗਜ਼ਾਲਾ ਹਯਾਤ ਖਾਨ ਹੋਰਾਂ ਦੀ ਵਜ੍ਹਾ ਨਾਲ ਵੀ ਮੇਰਾ ਬੜਾ ਆਦਰ ਕਰਦੇ ਸਨ ਤੇ ਨਾਲ ਇਹ ਵੀ ਸੀ ਕਿ ਉਨ੍ਹਾਂ ਵਰਗੇ ਬੰਦਿਆਂ ਨੂੰ ਜਮਾਤੀਏ ਤਾਂ ਝੱਲ ਨਹੀਂ ਸਨ ਸਕਦੇ ਤੇ ਉਨ੍ਹਾਂ ਸਾਡੇ ਕੋਲ ਹੀ ਬਹਿਣਾ ਉਠਣਾ ਹੁੰਦਾ ਸੀ।
ਅਸ਼ਰਫ ਰਜ਼ਾ ਹੋਰੀਂ ਮੇਰੇ ਨਾਲ ਸੱਚੀਆਂ ਗੱਲਾਂ ਸਾਂਝੀਆਂ ਕਰਦੇ ਸਨ ਤੇ ਇਹ ਵੀ ਦੱਸਦੇ ਸਨ ਕਿ ਉਹ ਦੋ ਬਹੁਤ ਹੀ ਵੱਡੇ ਸਿਆਸਤਦਾਨਾਂ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਰਿਹਾ, ਕੋਲ ਮੁੰਡੇ ਲੈ ਕੇ ਜਾਂਦੇ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਨੌਕਰੀ ਨਹੀਂ ਲੱਭ ਰਹੀ ਤੇ ਉਹ ਕੁਝ ਕਰਨ। ਕਹਿਣ ਲੱਗੇ, ਗੱਲ ਹੀ ਕੋਈ ਨਹੀਂ ਤੇ ਮੈਨੂੰ ਰਿਕਸ਼ੇ ਵਿਚ ਬਿਠਾ ਕੇ ਲਾਹੌਰ ਸਟੇਸ਼ਨ ਲਾਗੇ ਇੱਕ ਅੰਗਰੇਜ਼ੀ ਮੀਡੀਅਮ ਸਕੂਲ ਵਿਚ ਲੈ ਗਏ। ਮੈਂ ਬਾਹਰ ਬੈਠਾ ਰਿਹਾ ਤੇ ਉਹ ਚੋਖਾ ਚਿਰ ਬਾਅਦ ਪ੍ਰਿੰਸੀਪਲ ਨਾਲ ਬਾਹਰ ਨਿਕਲੇ। ਪ੍ਰਿੰਸੀਪਲ ਨੇ ਦੱਸਿਆ ਕਿ ਮੇਰੀ ਨੌਕਰੀ ਹੋ ਗਈ ਹੈ ਤੇ ਮੈਂ ਕੁਝ ਦਿਨਾਂ ਬਾਅਦ ਆ ਕੇ ਪੜ੍ਹਾਉਣਾ ਸ਼ੁਰੂ ਕਰ ਦਿਆਂ। ਮੈਨੂੰ ਯਾਦ ਨਹੀਂ ਕਿ ਤਨਖਾਹ ਬਾਰੇ ਕੋਈ ਗੱਲ ਹੋਈ ਸੀ ਜਾਂ ਨਹੀਂ ਪਰ ਉਨ੍ਹਾਂ ਦਿਨਾਂ ਵਿਚ 1971 ਦੀ ਜੰਗ ਪਾਰੋਂ ਸਕੂਲ ਬੰਦ ਹੋ ਗਏ, ਮੈਂ ਪਿੰਡ ਚਲਾ ਗਿਆ ਤੇ ਉਸ ਸਕੂਲ ਵਿਚ ਕਦੀ ਪੜ੍ਹਾਉਣ ਨਾ ਗਿਆ।
1971 ਦੀ ਜੰਗ ਦੀ ਬਰਬਾਦੀ ਮਗਰੋਂ ਜ਼ੁਲਫਿਕਾਰ ਅਲੀ ਭੁੱਟੋ ਹੋਰਾਂ ਹਕੂਮਤ ਸੰਭਾਲ ਲਈ ਤਾਂ ਮੈਂ ਵੀ ਪਿੰਡੋਂ ਪਰਤ ਕੇ ਲਾਹੌਰ ਆ ਗਿਆ। ਇਕ ਦਿਨ ਪਤਾ ਲੱਗਾ ਕਿ ਪੀਪਲਜ਼ ਪਾਰਟੀ ਦੇ ਵੱਡੇ ਲੀਡਰ ਮਿਅਰਾਜ ਮੁਹੰਮਦ ਖਾਨ ਲਾਹੌਰ ਦੇ ਚੰਬਾ ਹਾਊਸ ਵਿਚ ਠਹਿਰੇ ਹੋਏ ਨੇ। ਅਸ਼ਰਫ ਰਜ਼ਾ, ਆਰਿਫ ਰਾਜਾ ਤੇ ਕੁਝ ਹੋਰ ਸਾਥੀ ਮੈਨੂੰ ਲੈ ਕੇ ਚੰਬਾ ਹਾਊਸ ਪਹੁੰਚ ਗਏ ਤੇ ਵਜ਼ੀਰ ਹੋਰਾਂ ਦੀ ਉਡੀਕ ਵਿਚ ਉਥੇ ਬਹਿ ਗਏ। ਜਦ ਵਜ਼ੀਰ ਹੋਰੀਂ ਬਾਹਰ ਨਿਕਲੇ ਤਾਂ ਉਹ ਮਿਅਰਾਜ ਮੁਹੰਮਦ ਖਾਨ ਨਹੀਂ ਸਗੋਂ ਮਲਿਕ ਮਿਅਰਾਜ ਖਾਲਿਦ ਸਨ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਮਿਅਰਾਜ ਮੁਹੰਮਦ ਖਾਨ ਹੋਰਾਂ ਨੂੰ ਮਿਲਣ ਆਏ ਸਾਂ, ਉਨ੍ਹਾਂ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ, ਜਿਹੜਾ ਕੰਮ ਉਨ੍ਹਾਂ ਕਰਨਾ ਹੈ, ਉਹ ਮੈਂ ਹੀ ਕਰ ਦਿਆਂਗਾ। ਜਦ ਉਨ੍ਹਾਂ ਨੂੰ ਮੇਰੀ ਨੌਕਰੀ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਝਬਦੇ ਹੀ ਵਾਈਸ ਚਾਂਸਲਰ ਅੱਲਾਮਾ ਅਲਾਉਦ-ਦੀਨ ਸਿੱਦੀਕੀ ਨੂੰ ਫੋਨ ਕਰ ਦਿੱਤਾ ਤੇ ਅੱਲਾਮਾ ਸਾਹਿਬ ਨੇ ਪੱਕੀ ਹਾਮੀ ਭਰ ਲਈ। ਅਸੀਂ ਜਦ ਵਾਪਸ ਨਿਊ ਕੈਂਪਸ ਪਹੁੰਚੇ ਤਾਂ ਪਤਾ ਲੱਗਾ ਕਿ ਫਲਸਫਾ ਡਿਪਾਰਟਮੈਂਟ ਵਾਲੇ ਤੇ ਵਾਈਸ ਚਾਂਸਲਰ ਦੇ ਬੰਦੇ ਮੈਨੂੰ ਲੱਭ ਰਹੇ ਹਨ। ਮੈਂ ਜਾ ਕੇ ਅੱਲਾਮਾ ਅਲਾਉਦ-ਦੀਨ ਸਿੱਦੀਕੀ ਹੋਰਾਂ ਨੂੰ ਮਿਲਿਆ ਤੇ ਉਨ੍ਹਾਂ ਮੈਨੂੰ ਦੱਸਿਆ ਜੋ ਉਹ ਤੇ ਚਿਰੋਕਨੇ ਇਸਲਾਮੀ ਸੋਸ਼ਲਿਜ਼ਮ ਦੇ ਹੱਕ ਵਿਚ ਲਿਖ ਚੁੱਕੇ ਹਨ ਤੇ ਉਨ੍ਹਾਂ ਮੈਨੂੰ ਇਸ ਬਾਰੇ ਆਪਣੀ ਕਿਤਾਬ ਵੀ ਦਿਖਾਈ। ਜ਼ਾਹਿਰ ਗੱਲ ਹੈ, ਨਵੀਂ-ਨਵੀਂ ਹਕੂਮਤ ਵਿਚ ਆਈ ਪੀਪਲਜ਼ ਪਾਰਟੀ ਦਾ ਬੜਾ ਡਰ ਸੀ ਤੇ ਇਸੇ ਘੱਸ ਵਿਚ ਮੇਰਾ ਕੰਮ ਹੋ ਗਿਆ।
ਮੈਂ ਫਲਸਫਾ ਡਿਪਾਰਟਮੈਂਟ ਵਿਚ ਜਦੀਦ (ਆਧੁਨਿਕ) ਫਲਸਫਾ ਇਕਬਾਲ ਦੇ ਲੈਕਚਰ (ਰੀਕੰਸਟਰੱਕਸ਼ਨ ਆਫ ਰਿਲੀਜੀਅਸ ਥੌਟ ਇਨ ਇਸਲਾਮ) ‘ਤੇ ਇੱਕ ਸਾਲ ਲਈ ਮਨਤਕੀ (ਫਿਲਾਸਫੀ) ਪੜ੍ਹਾਈ। ਜਦੀਦ ਫਲਸਫਾ ਵਿਚ ਵਜੂਦੀਅਤ ਅਤੇ ਮਨਤਕੀ ਅਸਬਾਤੀਅਤ ਤਾਂ ਪਹਿਲਾਂ ਹੀ ਪੜ੍ਹਾਏ ਜਾਂਦੇ ਸਨ, ਮੇਰੇ ਕਹਿਣ ‘ਤੇ ਮਾਰਕਸਿਜ਼ਮ ਵੀ ਨਿਸਾਬ ਵਿਚ ਸ਼ਾਮਿਲ ਕਰ ਲਿਆ ਗਿਆ। ਵਜੂਦੀਅਤ ਮੈਂ ਦਿਲੋਂ ਪੜ੍ਹਾਉਂਦਾ ਸਾਂ ਤੇ ਮਾਰਕਸਿਜ਼ਮ ਤਾਂ ਮੈਂ ਪ੍ਰੋ. ਖਾਲਿਦ ਮਹਿਮੂਦ ਹੋਰਾਂ ਦੀ ਸਲਾਹ ਨਾਲ ਮੌਰਿਸ ਕੌਰਨਫੋਰਥ ਦੀਆਂ ਦੋ ਕਿਤਾਬਾਂ ਹਿਸਟੌਰੀਕਲ ਮੈਟੀਰੀਆਲਇਜ਼ਮ ਅਤੇ ਡਾਇਲੈਕਟੀਕਲ ਮੈਟੀਰੀਅਲਇਜ਼ਮ ਸਿਲੇਬਸ ਵਿਚ ਲਾ ਦਿੱਤੀਆਂ। ਇਹ ਦੋਵੇਂ ਕਿਤਾਬਾਂ ਮਾਰਕਸਿਜ਼ਮ ਦੇ ਨਵੇਂ ਪੜ੍ਹਿਆਰਾਂ ਲਈ ਅੱਜ ਵੀ ਸਭ ਤੋਂ ਵਧੀਆ ਹਨ। ਮਨਤਕ ‘ਤੇ ਮੇਰੀ ਪਕੜ ਢਿੱਲੀ ਸੀ, ਇਸ ਲਈ ਮੈਂ ਠੀਕ ਪੜ੍ਹਾ ਨਹੀਂ ਸਕਿਆ। ਮਨਤਕ ‘ਤੇ ਡਾ. ਅਬਦੁਲ ਖਾਲਿਕ ਦੀ ਚੰਗੀ ਜਾਣਕਾਰੀ ਸੀ ਤੇ ਉਹੋ ਹੀ ਚੰਗਾ ਪੜ੍ਹਾ ਸਕਦੇ ਸਨ। ਡਿਪਾਰਟਮੈਂਟ ਵਿਚ ਡਾ. ਨਈਮ ਅਹਿਮਦ ਮੇਰੇ ਉਸਤਾਦ ਵੀ ਸਨ ਤੇ ਉਨ੍ਹਾਂ ਨਾਲ ਗੂੜ੍ਹਾ ਯਾਰਾਨਾ ਵੀ ਸੀ। ਡਿਪਾਰਟਮੈਂਟ ਦੇ ਹੈੱਡ ਖੁਆਜਾ ਗੁਲਾਮ ਸਾਦਿਕ ਸਨ ਤੇ ਆਪਣੀ ਰਵਾਇਤ-ਪਸੰਦ ਵਿਚਾਰਧਾਰਾ ਦੇ ਬਾਵਜੂਦ ਬੜੇ ਮਿਹਰਬਾਨ ਸਨ ਤੇ ਇਮਤਿਹਾਨਾਂ ਵਿਚ ਕਿਸੇ ਨਾਲ ਡੰਡੀ ਨਹੀਂ ਸਨ ਮਾਰਦੇ। ਇੱਕ ਅਜੀਬ ਗੱਲ ਇਹ ਸੀ ਕਿ ਮਾਰਕਸਿਜ਼ਮ ਦੇ ਦਿੱਤੇ ਗਏ ਇਮਤਿਹਾਨਾਂ ਵਿਚ ਇਸਲਾਮੀ ਜਮੀਅਤ ਤਲਬਾ ਦੀ ਹਮਦਰਦ ਮੁਲਤਾਨੋਂ ਆਈ ਕੁੜੀ ਸ਼ਾਇਸਤਾ ਨਿਆਜ਼ੀ ਹਮੇਸ਼ ਫਸਟ ਆਉਂਦੀ ਸੀ। ਖੱਬੇ ਪੱਖ ਦੇ ਮੇਰੇ ਪੜ੍ਹਿਆਰ ਮੈਨੂੰ ਇਮਤਿਹਾਨਾਂ ਵਿਚ ਇਮਦਾਦ ਕਰਨ ਲਈ ਜ਼ੋਰ ਲਾਉਂਦੇ ਪਰ ਮੈਂ ਕਹਿੰਦਾ ਸਾਂ ਕਿ ਉਸਤਾਦ ਦੇ ਤੌਰ ‘ਤੇ ਮੈਂ ਕਿਸੇ ਨਾਲ ਡੰਡੀ ਨਹੀਂ ਮਾਰ ਸਕਦਾ; ਜੇ ਸ਼ਾਇਸਤਾ ਨਿਆਜ਼ੀ ਦੂਜਿਆਂ ਨਾਲੋਂ ਬਹੁਤਾ ਠੀਕ ਜਵਾਬ ਲਿਖਦੀ ਹੈ ਤਾਂ ਉਹ ਫਸਟ ਆਵੇਗੀ। ਮੈਂ ਪੜ੍ਹਿਆਰਾਂ ਨੂੰ ਪੰਜਾਬੀ ਵੱਲ ਵੀ ਲਿਆਉਣ ਦੀ ਕੋਸਿ਼ਸ਼ ਕੀਤੀ। ਇਸੇ ਲਈ ਇੱਕ ਕੁੜੀ ਨੁਜ਼ਹਤ ਨੇ ਵਾਰਿਸ ਸ਼ਾਹ ਉਤੇ ਅਤੇ ਦੂਜੀ ਪ੍ਰਵੀਨ ਜ਼ੈਦੀ ਨੇ ਬੁੱਲ੍ਹੇ ਸ਼ਾਹ ਉਤੇ ਮਕਾਲੇ (ਥੀਸਿਸ) ਲਿਖੇ। ਮੈਂ ਯੂਨੀਵਰਸਿਟੀ ਪੜ੍ਹਿਆਰਾਂ ਦੇ ਨਾਲ-ਨਾਲ ਉਸਤਾਦਾਂ ਦੀ ਸਿਆਸਤ ਵਿਚ ਵੀ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਮੇਰੇ ਸਮੇਤ ਕੋਈ 135 ਉਸਤਾਦ ਐਡਹਾਕ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਵਿਚੋਂ ਕੁਝ ਅਜਿਹੇ ਵੀ ਸਨ ਜਿਨ੍ਹਾਂ ਨੂੰ ਦਸ-ਦਸ ਸਾਲ ਪੜ੍ਹਾਉਂਦਿਆਂ ਹੋ ਗਏ ਸਨ ਤੇ ਉਨ੍ਹਾਂ ਨੂੰ ਪੱਕਿਆਂ ਨਹੀਂ ਕੀਤਾ ਜਾ ਰਿਹਾ ਸੀ। ਮੈਂ ਉਨ੍ਹਾਂ ਨੂੰ ਪੱਕਿਆਂ ਕਰਵਾਉਣ ਦਾ ਝੰਡਾ ਚੁੱਕ ਲਿਆ ਤੇ ਅਕੈਡਮਿਕ ਸਟਾਫ ਐਸੋਸੀਏਸ਼ਨ (ਏ.ਐਸ.ਏ.)ਅੰਦਰ ਕਰਾਰਦਾਦਾਂ ਮਨਜ਼ੂਰ ਕਰਵਾਕੇ ਇੰਨੀ ਖੱਪ ਪਾਈ ਕਿ ਸਾਰੇ ਉਸਤਾਦ ਹੜਤਾਲ ਕਰਨ ਲਈ ਤਿਆਰ ਹੋ ਗਏ। ਯੂਨੀਵਰਸਿਟੀ ਦੀ ਤਾਰੀਖ ਵਿਚ ਇਹ ਪਹਿਲਾ ਮੌਕਾ ਸੀ ਕਿ ਉਸਤਾਦ ਹੜਤਾਲ ਕਰ ਰਹੇ ਸਨ। ਮੁਸਤਫਾ ਖੱਰ ਗਵਰਨਰ ਹੁੰਦਿਆਂ ਯੂਨੀਵਰਸਿਟੀ ਦਾ ਚਾਂਸਲਰ ਵੀ ਸੀ। ਉਨ੍ਹਾਂ ਨੇ ਮੈਨੂੰ ਅਤੇ ਏ.ਐਸ.ਏ. ਦੇ ਉਸ ਵੇਲੇ ਦੇ ਸਦਰ ਪ੍ਰੋ. ਸ਼ਾਮੀ ਨੂੰ ਹੜਤਾਲ ਤੋਂ ਇੱਕ ਰਾਤ ਪਹਿਲਾਂ ਗਵਰਨਰ ਹਾਊਸ ਸੱਦਿਆ।
ਪ੍ਰੋ. ਸ਼ਾਮੀ ਸ਼ੋਅਬਾ ਕੈਮੀਕਲ ਟੈਕਨਾਲੋਜੀ ਦੇ ਹੈੱਡ ਸਨ, ਬਾਅਦ ਵਿਚ ਉਹ ਨਵੇਂ ਬਣੇ ਹਾਇਰ ਐਜੂਕੇਸ਼ਨ ਕਮਿਸ਼ਨ (ਐਚ.ਈ.ਸੀ.) ਦੇ ਪਹਿਲੇ ਚੇਅਰਮੈਨ ਵੀ ਬਣੇ। ਗਵਰਨਰ ਹਾਊਸ ਵਿਚ ਸਾਡੇ ਨਾਲ ਗੱਲਬਾਤ ਹਨੀਫ ਰਾਮੇ ਹੋਰਾਂ ਕੀਤੀ ਜਿਹੜੇ ਉਦੋਂ ਪੰਜਾਬ ਦੇ ਵਜ਼ੀਰ ਮੁਆਸ਼ਿਆਤ ਸਨ। ਹਨੀਫ ਰਾਮੇ ਹੋਰਾਂ ਨੂੰ ਇਹ ਪਤਾ ਸੀ ਕਿ ਅਸੀਂ ਦੋਹੀਂ ਖੱਬੇ ਪੱਖ ਦੇ ਹਾਂ, ਇਸ ਲਈ ਉਨ੍ਹਾਂ ਕਿਹਾ ਕਿ ਐਡਹਾਕ ਉਸਤਾਦਾਂ ਵਿਚੋਂ ਖੱਬੇ ਪੱਖ ਦੇ ਦਸ-ਬਾਰਾਂ ਉਸਤਾਦ ਹਨ, ਬਾਕੀ ਸਾਰੇ ਜਮਾਤੀਏ ਨੇ; ਅਸੀਂ ਤੁਹਾਡੇ ਦਸ-ਬਾਰਾਂ ਬੰਦਿਆਂ ਨੂੰ ਪੱਕਾ ਕਰ ਦੇਨੇ ਹਾਂ, ਤੁਸੀਂ ਬਾਕੀਆਂ ਦਾ ਖਹਿੜਾ ਛੱਡ ਦਿਓ। ਮੈਂ ਕਿਹਾ ਕਿ ਇੰਝ ਤਾਂ ਨਹੀਂ ਹੋ ਸਕਦਾ ਕਿਉਂ ਜੇ ਅਸੀਂ ਟਰੇਡ ਯੂਨੀਅਨ ਦੇ ਮੁੱਢਲੇ ਅਸੂਲ ‘ਤੇ ਚਲਦਿਆਂ ਸਾਰਿਆਂ ਨੂੰ ਪੱਕਾ ਕਰਵਾਉਣ ਤੋਂ ਘੱਟ ਕੋਈ ਗੱਲ ਨਹੀਂ ਕਰਾਂਗੇ। ਹਨੀਫ ਰਾਮੇ ਹੋਰਾਂ ਇਹ ਦਲੀਲ ਵੀ ਦਿੱਤੀ ਕਿ ਜੇ ਤੁਸੀਂ ਸਾਰਿਆਂ ਨੂੰ ਪੱਕਾ ਕਰਵਾ ਦਿੱਤਾ ਤਾਂ ਤੁਹਾਡੇ ਖਿਲਾਫ ਹਮੇਸ਼ਾ ਕਈ ਜਮਾਤੀਆਂ ਦਾ ਪੱਕਾ ਇਤਿਹਾਦ ਬਣ ਜਾਣਾ ਹੈ। ਅਸੀਂ ਨਾ ਮੰਨੇ ਤਾਂ ਉਨ੍ਹਾਂ ਨੂੰ ਸਭਨਾਂ ਨੂੰ ਪੱਕਾ ਕਰਨਾ ਪੈ ਗਿਆ।
ਹਨੀਫ ਰਾਮੇ ਹੋਰਾਂ ਦੀ ਗੱਲ ਸੱਚੀ ਸਾਬਤ ਹੋਈ, ਸਾਡੇ ਖੱਬੇ ਪੱਖ ਦੇ ਖਿਲਾਫ ਜਮਾਤੀਆਂ ਦਾ ਵੱਡਾ ਇਤਿਹਾਦ ਬਣ ਗਿਆ। ਮੈਂ ਏ.ਐਸ.ਏ. ਦਾ ਜਨਰਲ ਸੈਕਟਰੀ ਦਾ ਇਲੈਕਸ਼ਨ ਵੀ ਲੜਿਆ। ਮੇਰੇ ਮੁਕਾਬਲੇ ਫਿਜ਼ਿਕਸ ਦੇ ਮੁਜਾਹਿਦ ਕਾਮਰਾਨ ਸਨ ਜਿਨ੍ਹਾਂ ਨੂੰ ਪੱਕਾ ਵੀ ਮੈਂ ਕਰਾਇਆ ਸੀ ਤੇ ਜਿਹੜੇ ਕਈ ਚਿਰ ਮਗਰੋਂ ਕਈ ਸਾਲ ਵਾਈਸ ਚਾਂਸਲਰ ਵੀ ਰਹੇ। ਮੈਂ ਇਸ ਲਈ ਚਾਰ ਪੰਜ ਵੋਟਾਂ ਤੋਂ ਹਾਰ ਗਿਆ ਜੋ ਖੱਬੇ ਪੱਖ ਦੇ ਪ੍ਰੋਫੈਸਰਾਂ ਨੇ ਮੇਰੇ ਹੱਕ ਵਿਚ ਕੋਈ ਮੁਹਿੰਮ ਨਹੀਂ ਚਲਾਈ ਤੇ ਜੋ ਕੁਝ ਕੀਤਾ, ਉਹ ਮੈਂ ਆਪ ਹੀ ਕੀਤਾ।
ਮੈਂ ਫਲਸਫਾ ਡਿਪਾਰਟਮੈਂਟ ਵਿਚ ਹੀ ਸਾਂ, ਇੱਕ ਵਾਰੀ ਸਾਲਾਨਾ ਇਕੱਠ ਤੇ ਪ੍ਰੋ. ਐਰਿਕ ਸਪਰੀਨ ਸਾਹਿਬ ਨੂੰ ਉਚੇਚੇ ਪ੍ਰਾਹੁਣੇ ਦੇ ਤੌਰ ‘ਤੇ ਸੱਦਿਆ ਗਿਆ। ਉਨ੍ਹਾਂ ਬਹੁਤ ਹੀ ਠੁਕਵੀਂ ਤਕਰੀਰ ਕੀਤੀ ਤੇ ਸਾਰਿਆਂ ਮੁੰਡੇ-ਕੁੜੀਆਂ ਨੂੰ ਉਨ੍ਹਾਂ ਦੀਆਂ ਗੱਲਾਂ ਤੋਂ ਬੜਾ ਚਾਨਣ ਮਿਲਿਆ ਪਰ ਡਿਪਾਰਟਮੈਂਟ ਵਿਚ ਫੈਸਲਾਬਾਦ ਦਾ ਜਮਾਤੀਆ ਮੁੰਡਾ ਫੈਰੋਜ਼ ਸੀ ਜਿਹੜਾ ਭੰਡੀ ਪਵਾਉਣ ਦੇ ਬਹਾਨੇ ਲੱਭ ਰਿਹਾ ਸੀ। ਅਖੀਰ ਗਾਉਣ ਵਜਾਵਣ ਦੇ ਪ੍ਰੋਗਰਾਮ ਵਿਚ ਪਤਾ ਨਹੀਂ ਕੀ ਹੋਇਆ, ਉਸ ਨੇ ਇਲਜ਼ਾਮ ਲਾ ਕੇ ਦੁਹਾਈ ਪਾ ਦਿੱਤੀ ਕਿ ਇੱਥੇ ਤਬਲੇ ‘ਤੇ ਅਜ਼ਾਨ ਪੜ੍ਹੀ ਗਈ ਹੈ। ਉਸ ਨੇ ਹੋਰ ਜਮਾਤੀਏ ਮੁੰਡੇ ਵੀ ਇਕੱਠੇ ਕਰ ਲਏ ਤੇ ਉਥੇ ਵੱਡਾ ਫਸਾਦ ਪੈ ਗਿਆ।
ਉਨ੍ਹਾਂ ਹੀ ਦਿਨਾਂ ਵਿਚ ਮੈਂ ਕੁਝ ਚਿਰ ਪ੍ਰੋ. ਅਬਦੁਲ ਮਤੀਨ ਨਾਲ ਵੀ ਉਨ੍ਹਾਂ ਦੇ ਘਰ ਰਿਹਾ ਜਿੱਥੇ ਮੁਤਹਿਦਾ ਮਜ਼ਦੂਰ ਮਜਲਿਸ ਅਮਲ ਦੇ ਲੀਡਰ ਤਾਰਿਕ ਲਤੀਫ ਅਤੇ ਤਾਰਿਕ ਮਸਊਦ ਵੀ ਆਉਂਦੇ ਰਹਿੰਦੇ ਸਨ। ਮੇਰੀ ਲਖਤ ਪਾਸ਼ਾ ਨਾਲ ਵੀ ਉਥੇ ਹੀ ਪਹਿਲੀ ਵਾਰ ਮਿਲਣੀ ਹੋਈ ਸੀ। ਉਦੋਂ ਉਹ ਚਰਸ ਪੀ ਛੱਡਦੇ ਸਨ ਤੇ ਕੋਈ ਖਾਸ ਕੰਮ ਨਹੀਂ ਸਨ ਕਰ ਰਹੇ ਪਰ ਬਾਅਦ ਵਿਚ ਉਨ੍ਹਾਂ ਪੰਜਾਬੀ ਪ੍ਰਚਾਰ ਕਮੇਟੀ (ਜ਼ੁਬੈਰ ਅਹਿਮਦ ਇਹਦੇ ਕਨਵੀਨਰ ਸਨ) ‘ਲੋਕ ਰਹੱਸ` ਅਤੇ ‘ਲੋਕ ਸੁਜਾਗ` ਬਣਾ ਕੇ ਬੜਾ ਕੰਮ ਕੀਤਾ ਤੇ ਨਸ਼ਿਆਂ ‘ਤੇ ਰੋਕ ਲਾ ਦਿੱਤੀ। ਮੈਂ ਤਾਰਿਕ ਲਤੀਫ ਹੋਰਾਂ ਨੂੰ ਕਿਹਾ ਕਿ ਮੈਂ ਵੀ ਉਨ੍ਹਾਂ ਨਾਲ ਮਜ਼ਦੂਰ ਸਿਆਸਤ ਵਿਚ ਹੱਥ ਪਵਾਉਣਾ ਚਾਹੁੰਨਾ ਪਰ ਉਨ੍ਹਾਂ ਮੈਨੂੰ ਕਿਹਾ ਕਿ ਮਜ਼ਦੂਰ ਯੂਨੀਅਨਾਂ ਦਾ ਸਾਰਾ ਕੰਮ ਦਵਾਨੀ-ਚੁਆਨੀ ਦਿਵਾਉਣ ਦਾ ਹੈ ਤੇ ਮੇਰੇ ਵਰਗੇ ਬੰਦੇ ਨੂੰ ਇਸ ਵਿਚ ਬਹੁਤਾ ਵੇਲਾ ਨਹੀਂ ਲਵਾਉਣਾ ਚਾਹੀਦਾ।
ਗੱਲ ਬੜੀ ਸਿਆਣੀ ਸੀ ਪਰ ਮੈਂ ਅੜਿਆ ਰਿਹਾ ਤੇ ਮੁਤਹਿਦਾ ਮਜ਼ਦੂਰ ਮਜਲਿਸ ਅਮਲ ਦੇ ਫਿਰੋਜ਼ਪੁਰ ਦੇ ਵਹਦਤ ਕਾਲੋਨੀ ਮੋੜ ਦੇ ਲਾਗੇ ਦਫਤਰ ਵਿਚ ਹਰ ਹਫਤੇ ਜਾ ਕੇ ਮਜ਼ਦੂਰਾਂ ਦਾ ਸਟੱਡੀ ਸਰਕਲ ਲੈਂਦਾ ਰਿਹਾ। ਕੁਝ ਹੀ ਚਿਰ ਮਗਰੋਂ ਪੁਲਿਸ ਨੇ ਛਾਪਾ ਮਾਰ ਕੇ ਮਤੀਨ ਦੇ ਘਰੋਂ ਬੰਬਾਂ ਦੀ ਬੋਰੀ ਫੜ ਲਈ ਤੇ ਮਤੀਨ ਨੂੰ ਪੁਲਿਸ ਨੇ ਫੜ ਕੇ ਗਾਇਬ ਕਰ ਦਿੱਤਾ। ਬਾਅਦ ਵਿਚ ਪਤਾ ਲੱਗਿਆ ਕਿ ਉਹ ਬੰਬ ਕੋਟ ਲੱਖਪਤ ਵਿਚ ਵਿਰੋਧੀ ਮਜ਼ਦੂਰ ਯੂਨੀਅਨ ਦੇ ਖਿਲਾਫ ਵਰਤਣ ਲਈ ਰੱਖੇ ਗਏ ਸਨ। ਮੈਨੂੰ ਇਸ ਬਾਰੇ ਕੋਈ ਪਤਾ ਸੁਰ ਨਹੀਂ ਸੀ, ਤੇ ਸ਼ਾਇਦ ਇਸੇ ਲਈ ਪੁਲਿਸ ਨੇ ਮੈਨੂੰ ਕੁਝ ਪੁੱਛਿਆ ਦੱਸਿਆ ਨਹੀਂ। ਮੇਰਾ ਖਿਆਲ ਸੀ ਕਿ ਮੁਤਹਿਦਾ ਮਜ਼ਦੂਰ ਮਜਲਿਸ ਅਮਲ ਦਿਆਂ ਲੀਡਰਾਂ ਮੇਰੇ ਨਾਲ ਹੱਥ ਕੀਤਾ ਤੇ ਮੈਂ ਉਹ ਮਕਾਨ ਛੱਡ ਦਿੱਤਾ।