ਆਦਿੱਤਿਆਨਾਥ ਦਾ ਦਹਿਸ਼ਤੀ ਰਾਜ-4

ਧੀਰੇਂਦਰ ਕੇ. ਝਾਅ
ਅਨੁਵਾਦ : ਬੂਟਾ ਸਿੰਘ
ਸਿਆਸੀ ਮਾਮਲਿਆਂ ਦੇ ਉਘੇ ਪੱਤਰਕਾਰ ਧੀਰੇਂਦਰ ਕੇ. ਝਾਅ ਦੀ ਇਹ ਰਿਪੋਰਟ ਯੋਗੀ ਆਦਿੱਤਿਆਨਾਥ ਦੇ ਇਕ ਸਾਧਾਰਨ ਨੌਜਵਾਨ ਤੋਂ ਗੋਰਖਨਾਥ ਮੱਠ ਦਾ ਮਹੰਤ ਬਣਨ ਅਤੇ ਆਖਿਰਕਾਰ ਭਾਰਤ ਦੀ ਚੋਣ ਸਿਆਸਤ ਵਿਚ ਸਭ ਤੋਂ ਮਹੱਤਵਪੂਰਨ ਸਥਾਨ ਰੱਖਦੇ ਰਾਜ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣ ਕੇ ਹਿੰਦੂਤਵ ਦਾ ਮੁੱਖ ਚਿਹਰਾ ਬਣ ਕੇ ਉਭਰਨ ਦੇ ਸਿਆਸੀ ਸਫਰ ਉਪਰ ਝਾਤ ਪੁਆਉਂਦੀ ਹੈ। ਝਾਅ ਮਸ਼ਹੂਰ ਕਿਤਾਬ ‘ਸ਼ੈਡੋ ਆਰਮੀਜ਼: ਫਰਿੰਜ ਆਰਗੇਨਾਈਜੇਸਨ ਐਂਡ ਫੁੱਟ ਸੋਲਜਰਜ਼ ਆਫ ਹਿੰਦੂਤਵ’ ਦੇ ਲੇਖਕ ਅਤੇ ‘ਅਯੁੱਧਿਆ: ਦਿ ਡਾਰਕ ਨਾਈਟ’ ਦੇ ਸਹਿ-ਲੇਖਕ ਹਨ। ਉਨ੍ਹਾਂ ਦੀ ਤਾਜ਼ਾ ਕਿਤਾਬ ‘ਅਸੈਟਿਕ ਗੇਮਜ਼: ਸਾਧੂ, ਅਖਾੜਾਜ਼ ਐਂਡ ਦਿ ਮੇਕਿੰਗ ਆਫ ਹਿੰਦੂ ਵੋਟ’ ਹੈ ਜੋ ਅਪਰੈਲ 2019 ਵਿਚ ਛਪੀ ਸੀ। ਕਾਰਵਾਂ ਮੈਗਜ਼ੀਨ ਦੇ ਜਨਵਰੀ 2022 ਅੰਕ ਵਿਚ ਛਪੀ ਇਸ ਮਹੱਤਵਪੂਰਨ ਰਿਪੋਰਟ ਦਾ ਅਨੁਵਾਦ ਪੇਸ਼ ਹੈ ਜੋ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਇਹ ਇਸ ਲੇਖ ਦੀ ਆਖਰੀ ਕਿਸ਼ਤ ਹੈ।

2021 ਦੇ ਸ਼ੁਰੂ ਵਿਚ ਪਹਿਲਾਂ ਹੀ ਕਮਜ਼ੋਰ ਸਿਹਤ ਢਾਂਚੇ ਵਾਲਾ ਉਤਰ ਪ੍ਰਦੇਸ਼ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ। ਰਾਜ ਭਰ ਵਿਚ ਇੰਟੈਂਸਿਵ ਕੇਅਰ ਯੂਨਿਟਾਂ ‘ਚ ਆਕਸੀਜਨ, ਵੈਂਟੀਲੇਟਰਾਂ ਅਤੇ ਬੈੱਡਾਂ ਦੀ ਭਾਰੀ ਘਾਟ ਸੀ ਪਰ ਰਾਜ ਨੂੰ ਮਹਾਮਾਰੀ ਦੀ ਦੂਜੀ ਲਹਿਰ ਲਈ ਤਿਆਰ ਕਰਨ ਦੀ ਬਜਾਇ ਜੋ ਸ਼ੁਰੂ ਹੋਣ ਵਾਲੀ ਸੀ, ਮੁੱਖ ਮੰਤਰੀ ਆਦਿੱਤਿਆਨਾਥ ਦਾ ਧਿਆਨ ਮੁੱਖ ਤੌਰ ‘ਤੇ ਅਪਰੈਲ ‘ਚ ਹੋਣ ਵਾਲੀਆਂ ਪੰਚਾਇਤ ਚੋਣਾਂ ‘ਤੇ ਸੀ। ਆਮ ਤੌਰ ‘ਤੇ ਪੰਚਾਇਤੀ ਚੋਣਾਂ ਸਿਆਸੀ ਪਾਰਟੀਆਂ ਦੀਆਂ ਤਰਜੀਹਾਂ ਦੀ ਸੂਚੀ ਵਿਚ ਜ਼ਿਆਦਾ ਨਹੀਂ ਹੁੰਦੀਆਂ ਪਰ ਇਨ੍ਹਾਂ ਨੇ ਜੋ ਸੰਦੇਸ਼ ਬਣਨਾ ਸੀ, ਉਸ ਦਾ ਇੰਤਜ਼ਾਮ ਕਰਨਾ ਜ਼ਰੂਰੀ ਸਮਝਿਆ ਗਿਆ ਕਿਉਂਕਿ ਇਹ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਇਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਹੋ ਰਹੀਆਂ ਸਨ – ਇਹ ਤੱਥ ਆਦਿੱਤਿਆਨਾਥ ਦੇ ਪੰਚਾਇਤੀ ਚੋਣਾਂ ਦੇ ਨਤੀਜਿਆਂ ਨੂੰ ਭਾਜਪਾ ਦੇ ਪੱਖ ‘ਚ ਕਰਨ ਦੀਆਂ ਕੋਸ਼ਿਸ਼ਾਂ ਤੋਂ ਸਪਸ਼ਟ ਹੈ।
ਇਸੇ ਕਾਰਨ ਵਿਰੋਧੀ ਪਾਰਟੀਆਂ ਵੀ ਜ਼ੋਰ ਲਗਾ ਕੇ ਚੋਣਾਂ ‘ਚ ਕੁੱਦੀਆਂ। ਚੋਣ ਪ੍ਰਚਾਰ ਦੌਰਾਨ ਸਮਾਜਿਕ ਦੂਰੀ ਦਾ ਬਹੁਤ ਘੱਟ ਧਿਆਨ ਰੱਖਿਆ ਗਿਆ। ਉਤਰ ਪ੍ਰਦੇਸ਼ ‘ਚ ਅਪਰੈਲ ਦੇ ਦੂਜੇ ਹਫਤੇ ‘ਚ ਕਰੋਨਾ ਵਾਇਰਸ ਦੇ ਮਾਮਲੇ ਆਪਣੇ ਸਿਖਰ ‘ਤੇ ਪਹੁੰਚ ਗਏ ਸਨ, ਉਦੋਂ ਮੁਹਿੰਮ ਪੂਰੇ ਜ਼ੋਰਾਂ ‘ਤੇ ਸੀ ਅਤੇ ਮਹੀਨੇ ਦੇ ਅੰਤ ਤੱਕ ਸੂਬੇ ‘ਚ ਹਾਹਾਕਾਰ ਮਚ ਗਈ ਸੀ।
ਹਜ਼ਾਰਾਂ ਸਕੂਲ ਅਧਿਆਪਕ ਅਤੇ ਹੋਰ ਸਰਕਾਰੀ ਕਰਮਚਾਰੀ ਜਿਨ੍ਹਾਂ ਨੂੰ ਚੋਣ ਡਿਊਟੀ ‘ਤੇ ਭੇਜਿਆ ਗਿਆ ਸੀ, ਕਰੋਨਾ ਦੀ ਲਾਗ ਦੀ ਲਪੇਟ ‘ਚ ਆ ਗਏ, ਅਤੇ ਉਨ੍ਹਾਂ ‘ਚੋਂ ਵਾਹਵਾ ਗਿਣਤੀ ਦੀ ਮੌਤ ਹੋ ਗਈ। ਆਦਿੱਤਿਆਨਾਥ ਦੀ ਸਰਕਾਰ ਲੰਮੇ ਸਮੇਂ ਤੱਕ ਇਸ ਤੋਂ ਮੁੱਕਰਦੀ ਰਹੀ। ਕਰਮਚਾਰੀ ਅਤੇ ਅਧਿਆਪਕ ਯੂਨੀਅਨਾਂ ਨੇ ਧਮਕੀ ਦਿੱਤੀ ਕਿ ਜੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਨਾ ਮੰਨੀ ਗਈ ਤਾਂ ਉਹ ਹੜਤਾਲ ਕਰ ਦੇਣਗੇ।
ਦੂਜੀ ਲਹਿਰ ਨਾਲ ਆਦਿੱਤਿਆਨਾਥ ਵੱਲੋਂ ਨਜਿੱਠਣ ਦੀ ਪ੍ਰਕਿਰਿਆ ਨੇ ਸਿਰਫ ਅਸਲੀ ਹਾਲਤ ਉਪਰ ਉਸ ਦੀ ਢਿੱਲੀ ਪਕੜ ਦੀ ਹੀ ਨਹੀਂ ਸਗੋਂ ਇਸ ਪ੍ਰਤੀ ਉਸ ਦੀ ਸਰਕਾਰ ਦੀ ਦੁਸ਼ਮਣੀ ਦੀ ਵੀ ਮਿਸਾਲ ਪੇਸ਼ ਕੀਤੀ। ਜਦੋਂ ਮਰੀਜਾਂ ਅਤੇ ਹਸਪਤਾਲਾਂ ‘ਚ ਆਕਸੀਜਨ ਸਿਲੰਡਰਾਂ ਲਈ ਤਰਲੇ ਲੈ ਰਹੇ ਹੋਣ ਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਉਸ ਦੇ ਦਫਤਰ ਨੇ ਟਵੀਟ ਕੀਤਾ ਕਿ ਰਾਜ ਵਿਚ ਬੈਡਾਂ, ਆਕਸੀਜ਼ਨ ਜਾਂ ਵੈਂਟੀਲੇਟਰਾਂ ਦੀ ਕੋਈ ਘਾਟ ਨਹੀਂ ਹੈ। ਉਸ ਨੇ ਆਪਣੇ ਅਧਿਕਾਰੀਆਂ ਨੂੰ ਸੋਸ਼ਲ ਮੀਡੀਆ ‘ਤੇ ‘ਅਫਵਾਹਾਂ’ ਫੈਲਾਉਣ ਅਤੇ ਪ੍ਰਚਾਰ ਕਰਨ ਅਤੇ ‘ਮਾਹੌਲ ਖਰਾਬ ਕਰਨ’ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਕਾਰਵਾਈ ਕਰਨ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਲਈ ਕਿਹਾ।
ਉਸ ਦੀਆਂ ਧਮਕੀਆਂ ਅਤੇ ਇਨਕਾਰ ਕੰਮ ਨਹੀਂ ਆਏ। ਜਦੋਂ ਗੰਗਾ ‘ਚ ਸੁੱਟੀਆਂ ਗਈਆਂ ਲਾਸ਼ਾਂ ਤੈਰਨੀਆਂ ਸ਼ੁਰੂ ਹੋ ਗਈਆਂ ਉਹ ਸਗੋਂ ਬੇਰਹਿਮ ਮਜ਼ਾਕ ਵਾਂਗ ਜਾਪਦੇ ਸਨ। ਆਦਿੱਤਿਆਨਾਥ ਦਾ ਵਿਹਾਰ ਰਾਜਨੀਤਕ ਚਾਲ-ਚਲਨ ਦੀਆਂ ਕੁਲ ਸੱਭਿਅਕ ਧਾਰਨਾਵਾਂ ਦੇ ਉਲਟ ਸੀ ਅਤੇ ਉਤਰ ਪ੍ਰਦੇਸ਼ ‘ਚ ਜੋ ਕੁਝ ਹੋ ਰਿਹਾ ਸੀ ਉਸ ਦੀ ਭਿਆਨਕ ਤਸਵੀਰ ਪੇਸ਼ ਕਰਦਾ ਹੈ।
‘ਦੈਨਿਕ ਭਾਸਕਰ’ ਦੇ ਸੰਪਾਦਕ ਓਮ ਗੌੜ ਨੇ ‘ਨਿਊਯਾਰਕ ਟਾਈਮਜ਼’ ਲਈ ਲਿਖੇ ਲੇਖ ‘ਚ ਲਿਖਿਆ, “ਖਾਸ ਰੁੱਤ ਨੂੰ ਛੱਡ ਕੇ ਅਸੀਂ ਇਸ ਤ੍ਰਾਸਦੀ ਬਾਰੇ ਕਦੇ ਨਹੀਂ ਸੁਣਿਆ ਹੋਵੇਗਾ। ਮਈ ਦੇ ਸ਼ੁਰੂ ‘ਚ ਬਾਰਿਸ਼ ਨਾਲ ਗੰਗਾ ਦਾ ਪਾਣੀ ਕੰਢਿਆਂ ਤੱਕ ਆ ਗਿਆ, ਲਾਸ਼ਾਂ ਨਿਕਲ ਕੇ ਨਦੀ ਦੇ ਤਲ ਅਤੇ ਇਸ ਦੇ ਕੰਢਿਆਂ ‘ਤੇ ਆ ਗਈਆਂ। ਬਾਰਿਸ਼ਾਂ ਨੇ ਕੰਢਿਆਂ ਤੋਂ ਗੰਦਗੀ ਸਾਫ ਕਰ ਦਿੱਤੀ ਅਤੇ ਦੱਬੀਆਂ ਹੋਈਆਂ ਲਾਸ਼ਾਂ ਬਾਹਰ ਆ ਗਈਆਂ। ਬਾਰਿਸ਼ਾਂ ਨੇ ਪੇਂਡੂ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਜਾਂ ਲੋੜੀਂਦੀ ਟੀਕਿਆਂ ਦੀ ਸਪਲਾਈ ਯਕੀਨੀ ਬਣਾਉਣ ਜਾਂ ਇਸ ਦੀਆਂ ਕਮੀਆਂ ਦੀ ਜ਼ਿੰਮੇਵਾਰੀ ਲੈਣ ‘ਚ ਸਰਕਾਰ ਦੀ ਭਿਆਨਕ ਅਸਫਲਤਾ ਵੀ ਉਜਾਗਰ ਕਰ ਦਿੱਤੀ।”
8 ਨਵੰਬਰ ਨੂੰ ਰਾਮਪੁਰ ‘ਚ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਦਿੱਤਿਆਨਾਥ ਨੇ ਆਪਣੀ ਸਰਕਾਰ ਵੱਲੋਂ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਆਪਣੇ ਆਪ ਨੂੰ ਵਧਾਈ ਦਿੱਤੀ, ਇਸ ਨੂੰ ‘ਸੰਸਾਰ ਵਿਚ ਬਿਹਤਰੀਨ’ ਕਿਹਾ।
ਆਦਿੱਤਿਆਨਾਥ ਨੇ ਜਿਸ ਤਰੀਕੇ ਨਾਲ ਸ਼ਾਸਨ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਦੇਖਦੇ ਹੋਏ ਸਿਰਫ ਇਹੀ ਕਿਹਾ ਜਾ ਸਕਦਾ ਹੈ ਕਿ ਮੂਲ ਰੂਪ ‘ਚ ਉਹ ਤਬਦੀਲੀ ਨਹੀਂ ਚਾਹੁੰਦਾ; ਉਹ ਸਿਰਫ ਸੱਤਾ ਚਾਹੁੰਦਾ ਹੈ। ਜਿਵੇਂ ਹਿੰਦੂ ਯੁਵਾ ਵਾਹਿਨੀ ਨੇ ਉਸ ਦੇ ਰਾਜ ਦੀ ਸੱਤਾ ਹਥਿਆਉਣ ਲਈ ਇਕ ਸੰਦ ਵਜੋਂ ਕੰਮ ਕੀਤਾ, ਉਸੇ ਤਰ੍ਹਾਂ ਪੁਲਿਸ ਫੋਰਸ ਹੁਣ ਉਤਰ ਪ੍ਰਦੇਸ਼ ਉਪਰ ਉਸ ਲਈ ਆਪਣੀ ਸਰਦਾਰੀ ਥੋਪਣ ਦੇ ਸੰਦ ਵਜੋਂ ਕੰਮ ਕਰ ਰਹੀ ਹੈ।
ਆਦਿੱਤਿਆਨਾਥ ਸਰਕਾਰ ਰਾਜ ਦੀ ਬਹੁਗਿਣਤੀ ਆਬਾਦੀ ਦੇ ਪਦਾਰਥਕ ਹਾਲਾਤ ‘ਚ ਕੋਈ ਠੋਸ ਸੁਧਾਰ ਲਿਆਉਣ ‘ਚ ਅਸਫਲ ਰਹੀ ਹੈ। ਉਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਸਿਹਤ, ਸਿੱਖਿਆ ਅਤੇ ਜੀਵਨ ਪੱਧਰ ‘ਤੇ ਨੀਤੀ ਆਯੋਗ ਦੇ ਨਵੇਂ ਸੂਚਕ ਅੰਕ ਵਿਚ ਬਹੁ-ਪਾਸਾਰੀ ਤੌਰ ‘ਤੇ ਗ਼ਰੀਬ ਲੋਕਾਂ ਦੇ ਸਭ ਤੋਂ ਵੱਧ ਅਨੁਪਾਤ ਵਾਲੇ ਰਾਜ ਹਨ। ਆਦਿੱਤਿਆਨਾਥ ਦੇ ਰਾਜ ਦੇ ਸਾਲਾਂ ਵਿਚ 2017 ਅਤੇ 2021 ਦਰਮਿਆਨ ਰਾਜ ਦੀ ਜੀ.ਡੀ.ਪੀ. (ਕੁਲ ਘਰੇਲੂ ਪੈਦਾਵਾਰ) ਵਿਚ ਸਿਰਫ 1.95 ਫੀ ਸਦੀ ਦਾ ਮਿਸ਼ਰਤ ਸਾਲਾਨਾ ਵਾਧਾ ਦੇਖਿਆ ਗਿਆ ਹੈ। ਇਸਦੇ ਮੁਕਾਬਲੇ, 2012 ਅਤੇ 2017 ਦਰਮਿਆਨ ਮਿਸ਼ਰਿਤ ਸਾਲਾਨਾ ਆਰਥਕ ਵਾਧਾ ਦਰ ਲਗਭਗ ਸੱਤ ਫੀ ਸਦੀ ਸੀ।
ਆਦਿੱਤਿਆਨਾਥ ਨਾ ਤਾਂ ਐਸਾ ਪਹਿਲਾ ਅਤੇ ਨਾ ਹੀ ਆਖਰੀ ਮੁੱਖ ਮੰਤਰੀ ਹੈ ਜਿਨ੍ਹਾਂ ਦੀ ਆਰਥਕ ਧਾਰਨਾਵਾਂ ਅਤੇ ਸਰਕਾਰ ਦੇ ਕੰਮਕਾਜ ਉਪਰ ਮਜ਼ਬੂਤ ਪਕੜ ਨਹੀਂ ਹੈ। ਆਮ ਤੌਰ ‘ਤੇ ਅਜਿਹੇ ਹਾਲਾਤ ‘ਚ ਆਗੂ ਸਲਾਹਕਾਰਾਂ ਦੀ ਮੱਦਦ ਨਾਲ ਆਪਣੀਆਂ ਰੁਕਾਵਟਾਂ ‘ਤੇ ਕਾਬੂ ਪਾਉਂਦੇ ਹਨ। ਪਰ ਆਦਿੱਤਿਆਨਾਥ ਆਪਣੀ ਅਜੀਬ ਸਵੈ-ਮਗਨਤਾ ਕਾਰਨ ਆਪਣੇ ਸਲਾਹਕਾਰਾਂ, ਨੌਕਰਸ਼ਾਹਾਂ ਅਤੇ ਇੱਥੋਂ ਤੱਕ ਕਿ ਆਪਣੇ ਮੰਤਰੀ ਸਹਿਕਰਮੀਆਂ ਨਾਲ ਨਜ਼ਦੀਕੀ ਕੰਮਕਾਜੀ ਸੰਬੰਧਾਂ ਦੇ ਅਯੋਗ ਹੈ।
ਉਤਰ ਪ੍ਰਦੇਸ਼ ਸਰਕਾਰ ਦੇ ਇਕ ਸੀਨੀਅਰ ਮੰਤਰੀ ਨੇ ਮੈਨੂੰ ਦੱਸਿਆ, “ਉਹ ਜ਼ਿਆਦਾਤਰ ਮੰਤਰੀਆਂ ਅਤੇ ਪਾਰਟੀ ਵਿਧਾਇਕਾਂ ‘ਤੇ ਭਰੋਸਾ ਨਹੀਂ ਕਰਦੇ। ਸ਼ਾਇਦ ਉਨ੍ਹਾਂ ਨੇ ਕਦੇ ਵੀ ਆਪਣੇ ਆਪ ਨੂੰ ਟੀਮ ਦਾ ਹਿੱਸਾ ਨਹੀਂ ਸਮਝਿਆ।” ਮੰਤਰੀ ਨੇ ਕਿਹਾ, ਭਾਵੇਂ ਆਦਿੱਤਿਆਨਾਥ ਨੇ ਆਪਣੀਆਂ ਸਾਰੀਆਂ ਚੋਣਾਂ ਭਾਜਪਾ ਦੀ ਟਿਕਟ ‘ਤੇ ਜਿੱਤੀਆਂ, ਉਸ ਨੇ ਕਦੇ ਵੀ ਪਾਰਟੀ ਨੂੰ ਆਪਣਾ ਘਰ ਨਹੀਂ ਸਮਝਿਆ। “ਜਦੋਂ ਤੱਕ ਉਹ ਮੁੱਖ ਮੰਤਰੀ ਨਹੀਂ ਬਣਿਆ ਉਹ ਹਮੇਸ਼ਾ ਇਹੀ ਸਮਝਦਾ ਸੀ ਕਿ ਪੂਰਵਾਂਚਲ ਲਈ ਸਾਰੇ ਫੈਸਲੇ ਉਸ ਨੂੰ ਇਕੱਲੇ ਨੂੰ ਲੈਣੇ ਚਾਹੀਦੇ ਹਨ ਅਤੇ ਪਾਰਟੀ ਨੂੰ ਖੇਤਰ ‘ਚ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਪਣੀ ਹਿੰਦੂ ਯੁਵਾ ਵਾਹਿਨੀ ਦੀ ਮਦਦ ਨਾਲ ਉਸ ਨੇ ਨਾ ਸਿਰਫ ਸਪਾ (ਸਮਾਜਵਾਦੀ ਪਾਰਟੀ) ਅਤੇ ਬਸਪਾ (ਬਹੁਜਨ ਸਮਾਜ ਪਾਰਟੀ) ਤੋਂ ਸਗੋਂ ਭਾਜਪਾ ਨੇਤਾਵਾਂ ਤੋਂ ਵੀ ਆਪਣੇ ਗੜ੍ਹ ਨੂੰ ਜ਼ੋਰਦਾਰ ਤਰੀਕੇ ਨਾਲ ਬਚਾਇਆ। ਇਸੇ ਕਰਕੇ ਭਾਜਪਾ ਸਰਕਾਰ ਦਾ ਮੁਖੀ ਹੋਣ ਦੇ ਬਾਵਜੂਦ ਉਹ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ‘ਚ ਪੂਰਾ ਭਰੋਸਾ ਨਹੀਂ ਬਣਾ ਸਕਿਆ ਅਤੇ ਆਮ ਤੌਰ ‘ਤੇ ਉਹ ਉਨ੍ਹਾਂ ਵਿਚੋਂ ਬਹੁਤਿਆਂ ਬਾਰੇ ਸ਼ੱਕੀ ਹੈ।”
ਮੰਤਰੀ ਮੁਤਾਬਕ ਆਦਿੱਤਿਆਨਾਥ ਨੂੰ ਆਪਣੀ ਸਰਕਾਰ ਦੇ ਜ਼ਿਆਦਾਤਰ ਨੌਕਰਸ਼ਾਹਾਂ ‘ਤੇ ਵੀ ਭਰੋਸਾ ਨਹੀਂ ਹੈ। ਉਸ ਨੇ ਕਿਹਾ, “ਉਸ ਦਾ ਭੈੜਾ ਸੁਭਾਅ ਅਤੇ ਵਾਰ-ਵਾਰ ਅਪਮਾਨਜਨਕ ਭਾਸ਼ਾ ਵਰਤਣ ਦੀ ਉਸ ਦੀ ਆਦਤ ਨੇਕ ਸਿਵਲ ਅਮਲੇ ਅਤੇ ਸਲਾਹਕਾਰਾਂ ਨੂੰ ਡਰਾਉਂਦੀ ਹੈ। ਉਹ ਆਪਣੇ ਮਨ ਦੀ ਗੱਲ ਕਹਿਣ ਦੀ ਬਜਾਏ ਚੁੱਪ ਰਹਿਣਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਕਦੇ ਵੀ ਯਕੀਨ ਨਹੀਂ ਹੁੰਦਾ ਕਿ ਜੇ ਉਹ ਆਪਣਾ ਮੂੰਹ ਖੋਲ੍ਹਣਗੇ ਤਾਂ ਉਨ੍ਹਾਂ ਨੂੰ ਦਬਾਇਆ ਨਹੀਂ ਜਾਵੇਗਾ।” ਆਪਣੇ ਤਜ਼ਰਬੇ ਦੇ ਆਧਾਰ ‘ਤੇ ਮੰਤਰੀ ਨੇ ਅੱਗੇ ਕਿਹਾ, “ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਨੌਕਰਸ਼ਾਹ ਇਸ ਤਰ੍ਹਾਂ ਆਪਣਾ ਬਚਾਓ ਕਰਦੇ ਹਨ – ਜੇ ਕਰ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਬੌਸ ਚਿੜਚਿੜਾ ਅਤੇ ਉਸ ਦਾ ਮਿਜ਼ਾਜ ਸਮਝੋ ਬਾਹਰ ਹੈ, ਤਾਂ ਉਹ ਚੁੱਪ ਕਰ ਜਾਂਦੇ ਹਨ। ਅਜਿਹੀ ਸਥਿਤੀ ਅਕਸਰ ਯੋਗੀ ਜੀ ਨੂੰ ਸੰਕਟ ਨਾਲ ਨਜਿੱਠਣ ਲਈ ਇਕੱਲਾ ਜਾਂ ਕੁਝ ਪੁਲਿਸ ਅਫਸਰਾਂ ਸਮੇਤ ਮੁੱਠੀ ਭਰ ਚਾਪਲੂਸਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਛੱਡ ਦਿੰਦੀ ਹੈ।”
2021 ਦੀਆਂ ਗਰਮੀਆਂ ‘ਚ ਕਿਆਸ ਅਰਾਈਆਂ ਤੇਜ਼ ਹੋ ਗਈਆਂ ਕਿ ਮੋਦੀ ਆਦਿੱਤਿਆਨਾਥ ਨੂੰ ਹਟਾਉਣ, ਜਾਂ ਘੱਟੋ-ਘੱਟ ਉਸਦੇ ਖੰਭ ਕੁਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜੂਨ ਵਿਚ ਕਿਆਸ ਅਰਾਈਆਂ ਤੇਜ਼ ਹੋ ਗਈਆਂ, ਜਦੋਂ ਭਾਜਪਾ ਅਤੇ ਆਰ.ਐਸ.ਐਸ. ਦੇ ਕਈ ਪ੍ਰਮੁੱਖ ਆਗੂਆਂ ਨੇ ਲਖਨਊ ਦਾ ਦੌਰਾ ਕੀਤਾ ਅਤੇ ਆਦਿੱਤਿਆਨਾਥ ਅਤੇ ਮਹੱਤਵਪੂਰਨ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ। ਹਾਲਾਂਕਿ ਪਾਰਟੀ ਨੇ ਇਨ੍ਹਾਂ ਮੀਟਿੰਗਾਂ ਨੂੰ ਵਿਧਾਨ ਸਭਾ ਚੋਣਾਂ ਲਈ ‘ਰੁਟੀਨ ਕਵਾਇਦ’ ਦੱਸਿਆ ਪਰ ਇਹ ਸਪੱਸ਼ਟ ਸੀ ਕਿ ਆਦਿੱਤਿਆਨਾਥ ਦੀ ਭਾਜਪਾ ਹਾਈ ਕਮਾਨ ਨਾਲ ਸਮੀਕਰਨ ਵਿਚ ਸਭ ਕੁਝ ਠੀਕ ਨਹੀਂ ਸੀ।
ਅਫਵਾਹਾਂ ਦਾ ਕੁਝ ਆਧਾਰ ਤਾਂ ਸੀ, ਇਸ ਦੀ ਤਸਦੀਕ ਮਹੀਨਿਆਂ ਬਾਅਦ ਆਰ.ਐਸ.ਐਸ. ਦੇ ਇਕ ਸੀਨੀਅਰ ਮੈਂਬਰ ਨੇ ਕੀਤੀ। ਆਰ.ਐਸ.ਐਸ. ਮੈਂਬਰ ਨੇ ਮੈਨੂੰ ਦੱਸਿਆ, “ਜੂਨ ਵਿਚ, ਉਸ ਦੀ ਅਥਾਰਟੀ ਨੂੰ ਘਟਾਉਣ ਲਈ ਕੁਝ ਗੰਭੀਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਉਦੇਸ਼ ਉਸ ਨੂੰ ਅਹੁਦੇ ਤੋਂ ਹਟਾਉਣਾ ਨਹੀਂ ਸੀ, ਸਗੋਂ ਉਸ ਨੂੰ ਕੁਝ ਨਿਸ਼ਾਨਦੇਹੀ ਕੀਤੇ ਸਹਿਕਰਮੀਆਂ ਨਾਲ ਆਪਣੀਆਂ ਕੁਝ ਸ਼ਕਤੀਆਂ ਸਾਂਝੀਆਂ ਕਰਨਾ ਸੀ। ਪਰ ਉਹ ਕੋਸ਼ਿਸ਼ਾਂ ਤੁਰੰਤ ਰੋਕ ਦਿੱਤੀਆਂ ਗਈਆਂ ਜਦੋਂ ਇਹ ਮਹਿਸੂਸ ਹੋਇਆ ਕਿ ਯੋਗੀ ਜੀ ਕੰਮਕਾਜ ਨੂੰ ਆਪਣੇ ਹੱਥੋਂ ਖਿਸਕਣ ਨਾ ਦੇਣ ਲਈ ਬਹੁਤ ਦ੍ਰਿੜ ਸਨ।”
ਇਕ ਹੋਰ ਅਫਵਾਹ ਵੀ ਸੀ ਕਿ ਬੀ.ਜੇ.ਪੀ. ਦੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੀ ਸੂਰਤ ‘ਚ ਆਦਿੱਤਿਆਨਾਥ ਨੂੰ ਦੂਜਾ ਮੌਕਾ ਨਹੀਂ ਦਿੱਤਾ ਜਾਵੇਗਾ। ਆਰ.ਐਸ.ਐਸ. ਆਗੂ ਨੇ ਕਿਹਾ, “ਅਫਵਾਹਾਂ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਦਿੱਤਿਆਨਾਥ ਦੀ ਕਿਸਮਤ ਨੂੰ ਲੈ ਕੇ ਸਾਡੇ ਹਮਾਇਤੀਆਂ ਦੇ ਮਨਾਂ ‘ਚ ਬੇਯਕੀਨੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਨਾਲ ਬੀ.ਜੇ.ਪੀ. ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਅਤੇ ਇਹ ਜ਼ਰੂਰੀ ਸੀ ਕਿ ਪਾਰਟੀ ਦੇ ਚੋਟੀ ਦੇ ਆਗੂ ਸ਼ੱਕ ਦੂਰ ਕਰਨ।”
ਅਕਤੂਬਰ 2021 ‘ਚ ਅਮਿਤ ਸ਼ਾਹ ਨੇ ਲਖਨਊ ਵਿਚ ਇਕ ਇਕੱਠ ਨੂੰ ਕਿਹਾ, “ਜੇਕਰ ਤੁਸੀਂ 2024 ‘ਚ ਮੋਦੀ ਜੀ ਨੂੰ ਦੁਬਾਰਾ ਪੀਐਮ ਬਣਾਉਣਾ ਚਾਹੁੰਦੇ ਹੋ, ਤਾਂ 2022 ‘ਚ ਤੁਹਾਨੂੰ ਇਕ ਵਾਰ ਫਿਰ ਯੋਗੀ ਜੀ ਨੂੰ ਸੀ.ਐਮ. ਬਣਾਉਣਾ ਹੋਵੇਗਾ। ਤਾਂ ਹੀ ਮੁਲਕ ਦਾ ਵਿਕਾਸ ਅੱਗੇ ਵਧ ਸਕਦਾ ਹੈ। ਯੂ.ਪੀ. ਦੇ ਵਿਕਾਸ ਤੋਂ ਬਿਨਾਂ ਮੁਲਕ ਦਾ ਵਿਕਾਸ ਨਹੀਂ ਹੋ ਸਕਦਾ।”
ਏਕਤਾ ਦੇ ਸੰਦੇਸ਼ ਨੂੰ ਮਜ਼ਬੂਤੀ ਦੇਣ ਲਈ ਆਦਿੱਤਿਆਨਾਥ ਨੇ 21 ਨਵੰਬਰ ਨੂੰ ਆਪਣੀਆਂ ਅਤੇ ਮੋਦੀ ਦੀਆਂ ਚਹਿਲ-ਕਦਮੀ ਕਰਦਿਆਂ ਦੀਆਂ ਦੋ ਤਸਵੀਰਾਂ ਟਵੀਟ ਕੀਤੀਆਂ। ਮੋਦੀ ਨੂੰ ਆਦਿੱਤਿਆਨਾਥ ਦੇ ਮੋਢੇ ‘ਤੇ ਹੱਥ ਰੱਖ ਕੇ ਗੱਲ ਕਰਦੇ ਦਿਖਾਇਆ ਗਿਆ ਸੀ। ਆਦਿੱਤਿਆਨਾਥ ਨੇ ਇਕ ਨਿੱਕੀ ਨਜ਼ਮ ਵੀ ਪੋਸਟ ਕੀਤੀ: “ਹਮ ਨਿਕਲ ਪੜੇ ਹੈਂ ਪ੍ਰਣ ਕਰਕੇ, ਅਪਨਾ ਤਨ-ਮਨ ਅਰਪਣ ਕਰਕੇ, ਜ਼ਿਦ ਹੈ ਏਕ ਸੂਰੀਆ ਉਗਾਨਾ ਹੈ, ਅੰਬਰ ਸੇ ਊਂਚਾ ਜਾਨਾ ਹੈ, ਏਕ ਭਾਰਤ ਨਯਾ ਬਨਾਨਾ ਹੈ।”
ਇਹ ਉਪਾਅ ਬੀ.ਜੇ.ਪੀ. ਅਤੇ ਆਦਿੱਤਿਆਨਾਥ ਦੋਵਾਂ ਲਈ ਅਹਿਮ ਸਨ ਪਰ ਇਨ੍ਹਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਦਿੱਤਿਆਨਾਥ ਨੇ ਬਿਨਾਂ ਕਿਸੇ ਮੁਸ਼ਕਿਲ ਦੇ ਪਹਿਲੀ ਵੱਡੀ ਚੁਣੌਤੀ ਸਰ ਕਰ ਲਈ ਹੈ। ਜਿਹੜੇ ਲੋਕ ਉਸ ਨੂੰ ਪਾਸੇ ਕਰਨਾ ਚਾਹੁੰਦੇ ਸਨ, ਉਨ੍ਹਾਂ ਨੇ ਖੁਦ ਉਸ ਨੂੰ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ, ਸ਼ਾਇਦ ਇਸ ਲਈ ਕਿ ਉਹ ਚੋਣਾਂ ਦੇ ਵਕਤ ਇਕਜੁੱਟਤਾ ਦਾ ਪ੍ਰਭਾਵ ਬਣਾਈ ਰੱਖਣ ਲਈ ਮਜਬੂਰ ਸਨ।
ਆਰ.ਐਸ.ਐਸ. ਆਗੂ ਨੇ ਕਿਹਾ, “ਯੋਗੀ ਜੀ ਨੂੰ ਨੀਵਾਂ ਦਿਖਾਉਣ ‘ਚ ਮੋਦੀ ਅਤੇ ਸ਼ਾਹ ਦੀ ਨਾਕਾਮੀ ਦਾ ਇਕ ਕਾਰਨ ਇਹ ਸੀ ਕਿ ਸੰਘ ਯੋਗੀ ਜੀ ਨੂੰ ਉਸ ਤਰ੍ਹਾਂ ਨਹੀਂ ਦੇਖਦਾ ਜਿਸ ਤਰ੍ਹਾਂ ਉਹ ਪਹਿਲਾਂ ਦੇਖਦਾ ਸੀ। ਜਦੋਂ ਤੱਕ ਉਹ ਮੁੱਖ ਮੰਤਰੀ ਨਹੀਂ ਬਣ ਗਏ, ਯੋਗੀ ਜੀ ਸੰਘ ਲਈ ਵਧੇਰੇ ਮੁਸੀਬਤ ਬਣੇ ਹੋਏ ਸਨ ਕਿਉਂਕਿ ਉਹ ਸੁਤੰਤਰ, ਅਤੇ ਅਕਸਰ ਸਮਾਨਾਂਤਰ, ਸਿਆਸੀ ਇੱਛਾਵਾਂ ਪਾਲਦੇ ਦਿਖਾਈ ਦਿੰਦੇ ਸਨ।” ਪਰ ਪਿਛਲੇ ਪੰਜ ਸਾਲਾਂ ‘ਚ ਚੀਜ਼ਾਂ ਬਦਲ ਗਈਆਂ ਸਨ। “ਉਸ ਨੇ ਆਪਣੇ ਆਪ ਨੂੰ ਸੰਘ ਪਰਿਵਾਰ ਨਾਲ ਜੋੜਨ ਦੀ ਜ਼ੋਰਦਾਰ ਕੋਸ਼ਿਸ਼ ਕੀਤੀ ਹੈ। ਅਤੇ ਸੰਘ ਨੇ ਰਾਜਨੀਤਿਕ ਖੇਤਰ ‘ਚ ਹਿੰਦੂ ਧਾਰਮਿਕ ਚਿੰਨ੍ਹਾਂ ਉਪਰ ਉਸ ਵੱਲੋਂ ਅਨੰਤ ਜ਼ੋਰ ਦੇਣ ਅਤੇ ਮੁਸਲਮਾਨਾਂ ਨਾਲ ਨਜਿੱਠਣ ਵੇਲੇ ਉਸ ਦੇ ਬੇਕਿਰਕ ਗੁਣਾਂ ਲਈ ਉਸ ਦੀ ਤਾਰੀਫ ਕੀਤੀ ਹੈ। ਇਸ ਲਈ, ਜਿੱਥੇ ਬੀ.ਜੇ.ਪੀ. ਲੀਡਰਸ਼ਿਪ ਯੋਗੀ ਜੀ ਦੇ ਸਵਾਲ ‘ਤੇ ਦੋਚਿੱਤੀ ‘ਚ ਸੀ, ਸੰਘ ਦਾ ਇਕ ਤਕੜਾ ਹਿੱਸਾ ਪਹਿਲਾਂ ਹੀ ਉਸ ਨੂੰ ਅਗਲੀਆਂ ਯੂ.ਪੀ. ਚੋਣਾਂ ਦੇ ਚਿਹਰੇ ਵਜੋਂ ਦੇਖ ਰਿਹਾ ਸੀ।”
ਪਾਰਟੀ ਦੀ ਹਰ ਚਾਲ ਹੁਣ ਰਣਨੀਤਕ ਹੈ, ਜਿਸ ਦਾ ਉਦੇਸ਼ 2022 ‘ਚ ਇਕ ਹੋਰ ਚੋਣ ਜਿੱਤ ਹਾਸਲ ਕਰਨਾ ਹੈ। ਸ਼ਾਹ ਦੇ ਐਲਾਨ ਤੋਂ ਕੁਝ ਦਿਨ ਬਾਅਦ ਹੀ ਆਦਿੱਤਿਆਨਾਥ ਨੇ ਖੁਦ ਮੁਹਿੰਮ ਸ਼ੁਰੂ ਕਰਨ ਦਾ ਸੰਕੇਤ ਦੇ ਦਿੱਤਾ। ਅਯੁੱਧਿਆ ‘ਚ ਦੀਵਾਲੀ ਦੀ ਪੂਰਵ ਸੰਧਿਆ ‘ਤੇ ਉਸ ਨੇ ਕਿਹਾ ਕਿ ਉਸ ਦੀ ਸਰਕਾਰ ਉਸ ਪੈਸੇ ਨਾਲ ਮੰਦਰਾਂ ਦੀ ਉਸਾਰੀ ਕਰ ਰਹੀ ਹੈ ਜੋ ਪਹਿਲਾਂ ਦੀਆਂ ਸਰਕਾਰਾਂ ‘ਕਬਰਿਸਤਾਨਾਂ ਦੀ ਚਾਰਦੀਵਾਰੀ ਕਰਨ’ ਉਪਰ ਖਰਚਦੀਆਂ ਰਹੀਆਂ। “ਜਨਤਾ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਜਗ੍ਹਾ ਦਿਖਾ ਦਿੱਤੀ ਜਿਨ੍ਹਾਂ ਨੂੰ ਕਬਰਸਤਾਨਾਂ ਨਾਲ ਪ੍ਰੇਮ ਸੀ।” ਉਸ ਨੇ ਹੋਰ ਕਿਹਾ “ਉਹ ਅੱਜ ਦੇਖ ਰਹੇ ਹਨ ਕਿ ਅਸੀਂ ਮੰਦਰਾਂ ਦੀ ਉਸਾਰੀ ਅਤੇ ਭਾਰਤੀ ਸੰਸਕ੍ਰਿਤੀ ਨੂੰ ਅੱਗੇ ਵਧਾਉਣ ‘ਤੇ ਪੈਸਾ ਖਰਚ ਰਹੇ ਹਾਂ।”
ਇਹ ਤੱਥ ਕਿ ਉਸ ਨੇ ਉਦਘਾਟਨ ਲਈ ਅਯੁੱਧਿਆ ਨੂੰ ਚੁਣਿਆ, ਮਹੱਤਵਪੂਰਨ ਸੀ। 2017 ‘ਚ ਉਦੋਂ ਵਿਧਾਨ ਸਭਾ ਦੀਆਂ ਚੋਣਾਂ ਲਈ ਵੀ ਉਸ ਨੇ ਅਯੁੱਧਿਆ ਦੀ ਸੋਚ-ਸਮਝ ਕੇ ਪ੍ਰਤੀਕਾਤਮਕ ਵਰਤੋਂ ਕੀਤੀ ਸੀ। ਉਸ ਨੇ ਐਲਾਨ ਕੀਤਾ ਸੀ, “ਮਹਾ ਰਾਮ ਮੰਦਰ ਦੇ ਨਿਰਮਾਣ ਦੇ ਰਾਹ ‘ਚ ਆ ਰਹੀਆਂ ਰੁਕਾਵਟਾਂ ਹੌਲੀ-ਹੌਲੀ ਦੂਰ ਕੀਤੀਆਂ ਜਾਣਗੀਆਂ ਅਤੇ ਅਯੁੱਧਿਆ ‘ਚ ਜਲਦੀ ਹੀ ਇਸ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।” ਮੁੱਖ ਮੰਤਰੀ ਬਣਨ ਤੋਂ ਬਾਦ ਉਸ ਨੇ ਹਰ ਸਾਲ ਦੀਵਾਲੀ ਦੀ ਪੂਰਵ ਸੰਧਿਆ ‘ਤੇ ਅਯੁੱਧਿਆ ਵਿਚ ਰੋਸਨੀ ਦਾ ਇਕ ਮੈਗਾ ਤਿਓਹਾਰ ‘ਦੀਪ ਉਤਸਵ’ ਮਨਾਉਣਾ ਸ਼ੁਰੂ ਕੀਤਾ। ਆਦਿੱਤਿਆਨਾਥ ਨੇ ਦਿਖਾਇਆ ਕਿ ਉਹ ਆਪਣੇ ਅਜਮਾਏ ਹੋਏ ਅਤੇ ਪਰਖੇ ਹੋਏ ਦਸਤੂਰਾਂ ‘ਤੇ ਕਾਇਮ ਰਹੇਗਾ, ਅਤੇ ਚੋਣਾਂ ਜਿੱਤਣ ਲਈ ਫਿਰਕੂ ਧਰੁਵੀਕਰਨ ਦੀ ਵਰਤੋਂ ਕਰਨੀ ਜਾਰੀ ਰੱਖੇਗਾ।
ਆਦਿੱਤਿਆਨਾਥ ਦੀ ਸਫਲਤਾ ਉਸ ਵਿਚਾਰਧਾਰਕ ਮਾਹੌਲ ਦੀ ਸਫਲਤਾ ਹੈ ਜਿਸ ਵਿਚ ਉਹ, ਮੋਦੀ ਅਤੇ ਸੰਘ ਪਰਿਵਾਰ ਕੰਮ ਕਰਦੇ ਹਨ। ਉਸ ਨੂੰ ਉਨ੍ਹਾਂ ਰਵੱਈਆਂ ਅਤੇ ਮਨੋਗੁੰਝਲਾਂ ਦੀ ਚੋਟੀ ਦੀ ਉਪਜ ਵਜੋਂ ਦੇਖਿਆ ਜਾਂਦਾ ਹੈ ਜਿਨ੍ਹਾਂ ਨੇ ਆਰ.ਐਸ.ਐਸ. ਅਤੇ ਇਸ ਦੀ ਹਿੰਦੂ ਰਾਸ਼ਟਰ ਦੀ ਬੰਦ-ਦਰਵਾਜ਼ਾ ਦ੍ਰਿਸ਼ਟੀ ਨੂੰ ਘੜਿਆ। ਆਦਿੱਤਿਆਨਾਥ ਦੀਆਂ ਕਾਰਵਾਈਆਂ ਸੰਘ ਦੇ ਧਾਰਮਿਕ ਅਤੇ ਰਾਜਨੀਤਕ ਰਵੱਈਆਂ ਦੇ ਸੁਮੇਲ ਨੂੰ ਦਰਸਾਉਂਦੀਆਂ ਹਨ, ਜਦੋਂ ਕਿ ਉਸ ਦੇ ਭਾਸ਼ਣਾਂ ‘ਚ ਉਹ ਸਾਰੇ ਤੁਅੱਸਬੀ ਰੁਝਾਨ ਹੁੰਦੇ ਹਨ ਜੋ ਵਿਚਾਰਧਾਰਕ ਸਰੋਤ ਨੂੰ ਕਾਇਮ ਰੱਖਦੇ ਹਨ।
ਜ਼ਾਹਿਰ ਹੈ ਕਿ ਆਦਿੱਤਿਆਨਾਥ ਪੁਰਾਣੇ ਵਿਚਾਰਾਂ ਦੀ ਵਰਤੋਂ ਕਰਨ ਤੋਂ ਡਰਦੇ ਨਹੀਂ ਹਨ। ਉਨ੍ਹਾਂ ਨੇ ਅਤੀਤ ‘ਚ ਉਸ ਨੂੰ ਬਹੁਤ ਲਾਭ ਪਹੁੰਚਾਇਆ ਹੈ। (ਸਮਾਪਤ)