ਬਸੰਤ ਪੰਚਮੀ ਬਨਾਮ ਬਸੰਤ ਰੁੱਤ

ਸਰਵਜੀਤ ਸਿੰਘ ਸੈਕਰਾਮੈਂਟੋ
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਚੰਦ ਦੇ ਮਾਘ ਮਹੀਨੇ ਦੀ ਸੁਦੀ ਪੰਚਮੀ ਨੂੰ ਮਨਾਏ ਜਾਣ ਵਾਲੇ ਤਿਉਹਾਰ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ। ਭਾਵੇਂ ਇਸ ਨੂੰ ਬਸੰਤ ਰੁੱਤ ਦੀ ਆਰੰਭ ਮੰਨਿਆ ਜਾਂਦਾ ਹੈ ਪਰ ਇਸ ਦਾ ਬਸੰਤ ਰੁੱਤ ਨਾਲ ਕੋਈ ਸਬੰਧ ਨਹੀਂ ਹੈ। ਰੁੱਤਾਂ ਦਾ ਸਬੰਧ ਸੂਰਜ ਨਾਲ ਹੈ ਨਾ ਕਿ ਚੰਦ ਨਾਲ। ਰੁੱਤ ਸਦਾ ਹੀ ਇਕ ਖਾਸ ਸਮੇਂ `ਤੇ ਆਰੰਭ ਹੁੰਦੀ ਹੈ, ਪਰ ਬਸੰਤ ਪੰਚਮੀ ਹਰ ਸਾਲ ਵੱਖ-ਵੱਖ ਸਮੇਂ `ਤੇ ਆਉਂਦੀ ਹੈ। ਜਿਵੇਂ 2020 ਵਿਚ ਬਸੰਤ ਪੰਚਮੀ 30 ਜਨਵਰੀ ਨੂੰ ਆਈ ਸੀ, 2021 ਵਿਚ 16 ਫਰਵਰੀ ਤੇ ਇਸ ਸਾਲ 2022 ਵਿਚ 5 ਫਰਵਰੀ ਅਤੇ 2023 ਵਿਚ ਇਹ 26 ਜਨਵਰੀ ਨੂੰ ਆਵੇਗੀ। ਬਸੰਤ ਪੰਚਮੀ ਆਮ ਤੌਰ `ਤੇ 20 ਜਨਵਰੀ ਤੋਂ 17 ਫਰਵਰੀ ਦੇ ਦਰਮਿਆਨ ਆਉਂਦੀ ਹੈ।

ਬਸੰਤ ਪੰਚਮੀ, ਜਿਸ ਨੂੰ ‘ਸ੍ਰੀ ਪੰਚਮੀ’ ਜਾਂ ‘ਸਰਸਵਤੀ ਪੂਜਾ’ ਵੀ ਕਿਹਾ ਜਾਂਦਾ ਹੈ, ਦਾ ਸਬੰਧ ਦੇਵੀ ਸਰਸਵਤੀ ਨਾਲ ਮੰਨਿਆ ਜਾਂਦਾ ਹੈ। ਸਰਸਵਤੀ ਹਿੰਦੂ ਮੱਤ ਵਿਚ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਸੰਤ ਪੰਚਮੀ ਨੂੰ ਦੇਵੀ ਸਰਸਵਤੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ‘ਹਿੰਦੂ ਮਿਥਿਹਾਸ ਕੋਸ਼’ ਵਿਚ ਦਰਜ ਕਹਾਣੀ ਮੁਤਾਬਕ ਸਰਸਵਤੀ ਨੂੰ ਬ੍ਰਹਮਾ ਦੀ ਪਤਨੀ ਮੰਨਿਆ ਗਿਆ ਹੈ। ਭਾਰਤ ਦੇ ਕਈ ਹਿੱਸਿਆਂ ਵਿਚ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਬਸੰਤ ਪੰਚਮੀ ਦੇ ਦਿਨ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਦੇ ਇਸ਼ਨਾਨ ਅਤੇ ਦਾਨ ਦਾ ਹਿੰਦੂ ਧਰਮ ਵਿਚ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਬਸੰਤ ਪੰਚਮੀ ਵਾਲੇ ਦਿਨ ਕਈ ਥਾਵਾਂ ਉੱਤੇ ਸੰਗੀਤ ਸੰਮੇਲਨ ਅਤੇ ਕਵੀ-ਦਰਬਾਰ ਵੀ ਕਰਵਾਏ ਜਾਂਦੇ ਹਨ। ਜਿੱਥੇ ਇਸ ਦਿਨ ਪਤੰਗਬਾਜ਼ੀ ਦੇ ਮੁਕਾਬਲੇ ਹੁੰਦੇ ਹਨ, ਉਥੇ ਹੀ ਅੱਜ-ਕੱਲ੍ਹ ਚੀਨੀ ਡੋਰ ਕਾਰਨ ਦਰਦਨਾਕ ਹਾਦਸੇ ਵੀ ਵਾਪਰਦੇ ਹਨ।
ਬਸੰਤ, ਧਰਤੀ ਦੇ ਸੂਰਜ ਦੁਆਲੇ ਇਕ ਚੱਕਰ, ਜਿਸ ਨੂੰ ਸਾਲ ਕਹਿੰਦੇ ਹਨ, ਵਿਚ ਚਾਰ ਰੁੱਤਾਂ ਵਿਚੋਂ ਸਭ ਤੋਂ ਸੁਹਾਵਣੀ ਰੁੱਤ ਹੈ। ਆਪਣੇ ਦੇਸ਼ ਵਿਚ ਮੰਨੀਆਂ ਜਾਂਦੀਆਂ 6 ਰੁੱਤਾਂ ਵਿਚੋਂ ਇਕ ਰੁੱਤ, ਜੋ ਨਵਂੇ ਸਾਲ ਦੇ ਆਰੰਭ ਵਿਚ ਆਉਂਦੀ ਹੈ। ਬਸੰਤ ਰੁੱਤ ਨੂੰ ਪ੍ਰਕਿਰਤੀ ਵਿਚ ਇੱਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਰੁੱਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਢ ਦਾ ਪ੍ਰਭਾਵ ਘਟ ਜਾਂਦਾ ਹੈ, ਦਰਖ਼ਤਾਂ ਦੀਆਂ ਨਵੀਆਂ ਕਰੂੰਬਲਾਂ ਫੁਟ ਪੈਂਦੀਆਂ ਹਨ। ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖਤਮ ਹੋਣ ਦੀ ਸੂਚਕ ਵੀ ਮੰਨੀ ਜਾਂਦੀ ਹੈ। ਪੰਜਾਬੀ ਅਖਾਣ ਵੀ ਇਸ ਦੀ ਤਸਦੀਕ ਕਰਦਾ ਹੈ। “ਆਈ ਬਸੰਤ-ਪਾਲਾ ਉਡੰਤ”।
ਉੱਤਰੀ ਅਰਧ ਗੋਲੇ ਵਿਚ, ਜਦੋਂ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ, ਉਸ ਦਿਨ ਤੋਂ ਬਸੰਤ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ। ਜੇ ਸਾਲ ਦੀ ਵੰਡ ਚਾਰ ਰੁੱਤਾਂ ਵਿਚ ਕੀਤੀ ਜਾਵੇ ਤਾਂ ਇਸ ਤਰ੍ਹਾਂ ਹੁੰਦੀ ਹੈ। ਬਸੰਤ 20 ਮਾਰਚ ਤੋਂ 20 ਜੂਨ, ਗਰਮੀ 21 ਜੂਨ ਤੋਂ 21 ਸਤੰਬਰ, ਪਤਝੜ 22 ਸਤੰਬਰ ਤੋਂ 20 ਦਸੰਬਰ ਅਤੇ ਸਿਆਲ 21 ਦਸੰਬਰ ਤੋਂ 19 ਮਾਰਚ। ਆਪਣੇ ਦੇਸ਼ ਵਿਚ ਸਾਲ ਵੀ ਵੰਡ 6 ਰੁੱਤਾਂ ਵਿਚ ਕੀਤੀ ਗਈ ਹੈ। ਗੁਰਬਾਣੀ ਵਿਚ ਵੀ 6 ਰੁੱਤਾਂ ਦਾ ਹੀ ਜਿ਼ਕਰ ਹੈ। ਉਸ ਮੁਤਾਬਕ ਚੇਤ-ਵੈਸਾਖ ਬਸੰਤ ਰੁੱਤ, ਜੇਠ-ਹਾੜ ਗ੍ਰੀਖਮ ਰੁੱਤ, ਸਾਵਣ-ਭਾਦੋਂ ਬਰਸੁ ਰੁੱਤ, ਅੱਸੂ-ਕੱਤਕ ਸਰਦ ਰੁੱਤ, ਮੱਘਰ-ਪੋਹ ਸਿਸੀਅਰ ਰੁੱਤ ਅਤੇ ਮਾਘ-ਫੱਗਣ ਹਿਮਕਰ ਰੁੱਤ।
ਇਕ ਹੋਰ ਵਸੀਲੇ ਮੁਤਾਬਕ 6 ਰੁੱਤਾਂ ਦੀ ਵੰਡ ਇਉਂ ਕੀਤੀ ਗਈ ਹੈ, ਬਸੰਤ ਰੁੱਤ 18 ਫਰਵਰੀ ਤੋਂ 20 ਅਪ੍ਰੈਲ, ਗਰਮੀ 21 ਅਪ੍ਰੈਲ ਤੋਂ 20 ਜੂਨ, ਬਰਸਾਤ 21 ਜੂਨ ਤੋਂ 22 ਅਗਸਤ, ਪੱਤਝੜ 23 ਅਗਸਤ ਤੋਂ 22 ਅਕਤੂਬਰ, ਸਰਦ ਰੁੱਤ 23 ਅਕਤੂਬਰ ਤੋਂ 20 ਦਸੰਬਰ ਅਤੇ ਹਿਮਕਰ ਭਾਵ ਅੱਤ ਦੀ ਸਰਦੀ 21 ਦਸੰਬਰ ਤੋਂ 17 ਫਰਵਰੀ।
ਗਰੈਗੋਰੀਅਨ ਕੈਲੰਡਰ ਜਿਸ ਦੇ ਸਾਲ ਦੀ ਲੰਬਾਈ ਧਰਤੀ ਦੇ ਸੂਰਜ ਦੁਆਲੇ ਇਕ ਚੱਕਰ ਦੇ ਸਮੇਂ ਬਰਾਬਰ ਹੈ, ਮੁਤਾਬਕ ਕੀਤੀ ਗਈ ਉਪਰੋਕਤ ਵੰਡ ਜਿ਼ਆਦਾ ਢੁਕਵੀਂ ਹੈ। ਬਾਣੀ ਦੀ ਪਾਵਨ ਪੰਕਤੀ “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ” (ਪੰਨਾ1108) ਵਿਚ “ਰਥੁ ਫਿਰੇ” ਦਾ ਭਾਵ ਸੂਰਜ ਦੇ ਰੱਥ ਤੋਂ ਹੈ। ਜਦੋਂ ਸੂਰਜ ਉਤਰਾਇਣ ਨੂੰ ਜਾ ਰਿਹਾ ਹੁੰਦਾ ਹੈ ਉੱਤਰੀ ਅਰਧ ਗੋਲੇ ਵਿਚ ਦਿਨ ਵੱਡਾ ਹੋ ਰਿਹਾ ਹੁੰਦਾ ਹੈ, ਤਾਂ 21 ਜੂਨ ਨੂੰ ਦਿਨ ਵਧਣੋਂ ਰੁਕ ਜਾਂਦਾ ਹੈ ਅਤੇ ਸੂਰਜ ਦਖਰਾਇਣ ਨੂੰ ਮੁੜ ਪੈਂਦਾ ਹੈ। ਉਸ ਦਿਨ ਤੋਂ ਉੱਤਰੀ ਭਾਰਤ ਵਿਚ ਵਰਖਾ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਇਹ ਘਟਨਾ 16 ਹਾੜ ਨੂੰ ਵਾਪਰਦੀ ਸੀ। ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ, ਅਸਲ ਸਾਲ ਦੀ ਲੰਬਾਈ ਵਿਚ ਅੰਤਰ ਹੋਣ ਕਾਰਨ ਹੁਣ ਇਹ ਘਟਨਾ 7 ਹਾੜ ਨੂੰ ਵਾਪਰਦੀ ਹੈ। ਜੇ ਅਜੇ ਵੀ ਸਾਲ ਦੀ ਲੰਬਾਈ ਨੂੰ ਨਾ ਸੋਧਿਆ ਗਿਆ ਤਾਂ ਇਹ ਫਰਕ ਵਧਦਾ ਹੀ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਂ ਆਲਮ ਹੀ ਨਿਰਾਲਾ ਹੈ। ਬਾਣੀ ਵਿਚ ਦਰਜ ਬਸੰਤ ਰਾਗ `ਤੇ ਅਧਾਰਿਤ ‘ਬਸੰਤ ਦੀ ਚੌਕੀ’ ਦਾ ਆਰੰਭ ਸ਼੍ਰੀ ਦਰਬਾਰ ਸਾਹਿਬ ਵਿਖੇ ਲੋਹੜੀ ਵਾਲੀ ਰਾਤ ਅਤੇ ਬਾਕੀ ਗੁਰੂ ਅਸਥਾਨਾਂ `ਤੇ ਮਾਘ ਦੀ ਸੰਗਰਾਂਦ ਤੋਂ ਕੀਤਾ ਜਾਂਦਾ ਹੈ ਅਤੇ ਸਮਾਪਤੀ ਹੋਲੇ ਮਹੱਲੇ `ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਜਾਂਦੀ ਹੈ। ਇਸ ਮੁਤਾਬਕ ਤਾਂ ਬਸੰਤ ਰੁੱਤ ਦਾ ਆਰੰਭ ਸੂਰਜੀ ਪੋਹ ਦੇ ਆਖਰੀ ਦਿਨ ਜਾਂ ਮਾਘ ਦੀ ਸੰਗਰਾਂਦ ਵਾਲੇ ਦਿਨ ਤੋਂ ਅਤੇ ਸਮਾਪਤੀ ਚੇਤ ਵਦੀ ਏਕਮ, ਭਾਵ ਹੋਲੇ ਮਹੱਲੇ ਵਾਲੇ ਦਿਨ ਹੁੰਦੀ ਹੈ। ਚੰਦ ਦੀ ਤਾਰੀਖ ਹੋਣ ਕਾਰਨ ਹੋਲੇ ਦੀ ਤਾਰੀਖ ਵੀ ਹਰ ਸਾਲ ਬਦਲ ਜਾਂਦੀ ਹੈ। ਜੋ ਹਰ ਸਾਲ ਤਕਰੀਬਨ 1 ਮਾਰਚ ਤੋਂ 28 ਮਾਰਚ ਦੇ ਦਰਮਿਆਨ ਆਉਂਦੀ ਹੈ। ਜੇ ਇਸ ਨੂੰ ਮੰਨ ਲਿਆ ਜਾਵੇ ਤਾਂ ਗ੍ਰੀਖਮ ਰੁੱਤ ਦਾ ਆਰੰਭ ਵੀ 1 ਮਾਰਚ ਤੋਂ 28 ਮਾਰਚ ਦੇ ਦਰਮਿਆਨ ਹੀ ਹੋਵੇਗਾ। ਜਿਵੇਂ ਕਿ ਉੱਪਰ ਵੇਖ ਆਏ ਹਾਂ, ਇਹ ਮੰਨਣ ਯੋਗ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ, ਰਾਮਕਲੀ ਰਾਗ ਵਿਚ ਪੰਚਮ ਪਾਤਸ਼ਾਹ ਜੀ ਵਲੋਂ ਉਚਾਰੀ ਗਈ ਪਾਵਨ ਪੰਕਤੀ, “ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ” (ਪੰਨਾ927) ਵਿਚ ਸਪਸ਼ਟ ਤੌਰ `ਤੇ ਦਰਜ ਹੈ ਕਿ ਬਸੰਤ ਦੀ ਰੁੱਤ ਚੇਤ-ਵੈਸਾਖ ਦੇ ਮਹੀਨਿਆਂ ਵਿਚ ਹੁੰਦੀ ਹੈ। ਫੇਰ ਪਤਾ ਨਹੀਂ ਕਿਉ ਸ਼੍ਰੋਮਣੀ ਕਮੇਟੀ ਬਸੰਤ ਰਾਗ ਦਾ ਗਾਇਨ 30 ਪੋਹ ਜਾਂ ਇਕ ਮਾਘ ਤੋਂ ਆਰੰਭ ਕਰਦੀ ਹੈ ਅਤੇ ਸਮਾਪਤੀ 18 ਫੱਗਣ ਤੋਂ 15 ਚੇਤ ਦਰਮਿਆਨ ਕਰਦੀ ਹੈ। ਪਰ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਮਾਘ ਅਤੇ ਫੱਗਣ ਦੇ ਮਹੀਨੇ ਵਿਚ ਹਿਮਕਰ ਰੁੱਤ ਭਾਵ ਬਰਫ਼ਾਨੀ ਰੁੱਤ ਹੁੰਦੀ ਹੈ। “ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ” (ਪੰਨਾ929)
“ਬਸੰਤ ਦੀ ਚੌਕੀ” ਮਾਘ-ਫੱਗਣ ਦੇ ਮਹੀਨੇ ਲਾਉਣ ਦੀ ਮਰਯਾਦਾ ਕਦੋਂ ਅਤੇ ਕਿਸ ਨੇ ਬਣਾਈ ਹੈ? ਇਹ ਸਵਾਲ, ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਕੱਤਰ ਧਰਮ ਪ੍ਰਚਾਰ ਕਮੇਟੀ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬਾਨ, ਕਈ ਹਜ਼ੂਰੀ ਰਾਗੀ ਜਥਿਆਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨਾਂ ਨੂੰ ਪੁੱਛ ਚੁੱਕੇ ਹਾਂ। ਕਿਸੇ ਨੇ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਖੈਰ…! ਉਪ੍ਰੋਕਤ ਚਰਚਾ ਤੋਂ ਸਹਿਜੇ ਹੀ ਇਹ ਨਤੀਜਾ ਕਢਿਆ ਜਾ ਸਕਦਾ ਹੈ ਕਿ ਰੁੱਤਾਂ ਦਾ ਸਬੰਧ ਸੂਰਜ ਦੁਆਲੇ ਧਰਤੀ ਦੀ ਚਾਲ ਨਾਲ ਹੈ ਨਾ ਕਿ ਧਰਤੀ ਦੁਆਲੇ ਚੰਦ ਦੀ ਚਾਲ ਨਾਲ। ਧਰਤੀ ਤੇ ਰੁੱਤਾਂ ਦੀ ਅਦਲਾ ਬਦਲੀ ਰੁੱਤੀ ਸਾਲ ਦੀ ਲੰਬਾਈ ਮੁਤਾਬਕ ਹੁੰਦੀ ਹੈ, ਨਾ ਕਿ ਬਿਕ੍ਰਮੀ ਸਾਲ ਮੁਤਾਬਕ। ਬਸੰਤ ਪੰਚਮੀ, ਸਰਸਵਤੀ ਦੀ ਪੂਜਾ ਦਾ ਤਿਉਹਾਰ ਹੈ ਨਾ ਕਿ ਬਸੰਤ ਰੁੱਤ ਦਾ ਆਰੰਭ। ਗੁਰਬਾਣੀ ਮੁਤਾਬਕ ਬਸੰਤ ਰੁੱਤ ਚੇਤ ਅਤੇ ਵੈਸਾਖ ਦੇ ਮਹੀਨੇ ਵਿਚ ਹੁੰਦੀ ਹੈ ਨਾ ਕਿ ਮਾਘ-ਫੱਗਣ ਵਿਚ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ “ਬਸੰਤ ਦੀ ਚੌਕੀ” ਭਾਵ ਬਸੰਤ ਰਾਗ ਦਾ ਕੀਰਤਨ ਕੀਤਾ ਜਾਂਦਾ ਹੈ।