ਪੰਜਾਬ ਦੀ ਆਵਾਜ਼-ਅਮਰਜੀਤ ਗੁਰਦਾਸਪੁਰੀ

ਵਰਿਆਮ ਸਿੰਘ ਸੰਧੂ
ਫ਼ੋਨ-647-535-1539
ਪੰਜਾਬ ਆਰਟਸ ਕੌਂਸਲ ਨੇ ਅਮਰਜੀਤ ਗੁਰਦਾਸਪੁਰੀ ਨੂੰ ਹਾਲ ਹੀ ਵਿਚ ਪੰਜਾਬ ਗੌਰਵ ਪੁਰਸਕਾਰ ਨਾਲ ਨਵਾਜਿਆ ਹੈ। ਸੱਚਮੁੱਚ ਉਹ ਸਹੀ ਅਰਥਾਂ ਵਿਚ ‘ਪੰਜਾਬ ਦੀ ਆਵਾਜ਼’ ਰਿਹਾ ਹੈ। ਅਜਿਹਾ ਵਕਤ ਵੀ ਸੀ ਜਦੋਂ ਸਟੇਜ ਗਾਇਕ ਵਜੋਂ ਪੰਜਾਬ ਭਰ ਵਿਚ ਉਸ ਦੀ ਤੂਤੀ ਬੋਲਦੀ ਸੀ। ਉਦੋਂ ਕਮਿਊਨਿਸਟ ਪਾਰਟੀ ਦੇ ਚੜ੍ਹਦੀ-ਕਲਾ ਦੇ ਦਿਨ ਸਨ ਅਤੇ ਉਹ ਪਿੰਡ ਦੇ ਬੋਹੜਾਂ ਦੀ ਛਾਵੇਂ ਗਾਉਣ ਵਾਲਿਆਂ ਦਾ ਨਾਇਕ ਸੀ। ਉਸ ਦੀ ਆਵਾਜ਼ ਵਿਚਲੀ ਸੁਰ, ਮਿਠਾਸ ਅਤੇ ਬੁਲੰਦੀ ਲੋਕਾਂ ਨੂੰ ਕੀਲ ਲੈਂਦੀ। ਉਘੇ ਲਿਖਾਰੀ ਵਰਿਆਮ ਸਿੰਘ ਸੰਧੂ ਨੇ ਉਸ ਦੇ ਗਾਇਨ ਅਤੇ ਜੀਵਨ ਬਾਰੇ ਦਿਲਚਸਪ ਗੱਲਾਂ ਆਪਣੇ ਇਸ ਲੇਖ ਵਿਚ ਕੀਤੀਆਂ ਹਨ।

ਅਮਰਜੀਤ ਗੁਰਦਾਸਪੁਰੀ ਨੂੰ ‘ਪੰਜਾਬ ਆਰਟਸ ਕੌਂਸਲ’ ਨੇ ਹਾਲ ਹੀ ਵਿਚ ‘ਪੰਜਾਬ ਗੌਰਵ ਪੁਰਸਕਾਰ’ ਨਾਲ ਸਨਮਾਨਤ ਕੀਤਾ ਹੈ। ਉਸ ਨਾਲ ਜੁੜੀਆਂ ਕਈ ਗੱਲਾਂ ਚੇਤੇ ਵਿਚ ਲਿਸ਼ਕ ਆਈਆਂ ਨੇ।
ਗੁਰਦਾਸਪੁਰੀ ਦੀ ਕਦੀ ਸਟੇਜ-ਗਾਇਕ ਵਜੋਂ ਪੰਜਾਬ ਭਰ ਵਿਚ ਤੂਤੀ ਬੋਲਦੀ ਸੀ। ਉਹਦੀ ਗਾਇਕੀ ਨੂੰ ਸੁਣਨਾ ਸ਼ਬਦ, ਸੁਰ ਅਤੇ ਸੰਗੀਤ ਦੇ ਮਾਧਿਅਮ ਰਾਹੀਂ ਆਪਣੀ ਰੂਹ ਨੂੰ ਸਰਸ਼ਾਰਨ ਵਾਲੇ ਅਮਲ ਵਿਚੋਂ ਗੁਜ਼ਰਨਾ ਸੀ। ਉਹ ਸੁਰੀਲੇ ਅਤੇ ਪ੍ਰਤੀਬੱਧ ਗਾਇਕ ਵਜੋਂ ਉੱਭਰਿਆ ਅਤੇ ਥੋੜ੍ਹੇ ਅਰਸੇ ਵਿਚ ਹੀ ਪੰਜਾਬ ਦੀਆਂ ਸਟੇਜਾਂ ਉਤੇ ਛਾ ਗਿਆ।
ਇਹ ਕਮਿਊਨਿਸਟ ਪਾਰਟੀ ਦੇ ਚੜ੍ਹਦੀ-ਕਲਾ ਦੇ ਦਿਨ ਸਨ। ਅਮਰਜੀਤ ਦੀ ਗਾਇਕੀ ਦੇ ਵੀ ਇਹ ਸਿਖ਼ਰਲੇ ਦਿਨ ਸਨ। ਕਮਿਊਨਿਸਟਾਂ ਵੱਲੋਂ ਪਿੰਡ-ਪਿੰਡ ਕਾਨਫ਼ਰੰਸਾਂ ਹੁੰਦੀਆਂ, ਡਰਾਮੇ ਹੁੰਦੇ। ਲੋਕਾਂ ਦੀਆਂ ਭੀੜਾਂ ਇਕੱਠੀਆਂ ਹੁੰਦੀਆਂ। ਇਨ੍ਹਾਂ ਭੀੜਾਂ ਨੂੰ ਇਕੱਠੇ ਕਰਨ ਲਈ ਇਹ ਪ੍ਰਚਾਰ ਕਰਨਾ ਕਿ ਕਾਨਫ਼ਰੰਸ ਵਿਚ ਜੋਗਿੰਦਰ ਬਾਹਰਲਾ ਦਾ ਡਰਾਮਾ ਸਕੁਐਡ ਡਰਾਮਾ ਖੇਡੇਗਾ ਅਤੇ ਅਮਰਜੀਤ ਗੁਰਦਾਸਪੁਰੀ ਆਪਣੇ ਗੀਤ ਸੁਣਾਉਣਗੇ। ਦਰਸ਼ਕਾਂ ਅਤੇ ਸਰੋਤਿਆਂ ਲਈ ਇਹ ਕੋਈ ਛੋਟਾ ਲਾਲਚ ਨਹੀਂ ਸੀ ਹੁੰਦਾ। ਇਨ੍ਹਾਂ ਦੇ ‘ਪੈਰਾਂ ਪਿੱਛੇ’ ਲੀਡਰ ਵੀ ਵਿਚ ਵਿਚਾਲੇ ਜਿਹੇ ਸਮੇਂ ਦੀ ਵਿਰਲ ਲੱਭ ਕੇ ਆਪਣੀਆਂ ਗੱਲਾਂ ਕਰ ਜਾਂਦੇ। ਇਨ੍ਹਾਂ ਦਿਨਾਂ ਵਿਚ ਅਮਰਜੀਤ ਦੀ ਆਵਾਜ਼ ਦਾ ਜਾਦੂ ਪੰਜਾਬੀਆਂ ਦੇ ਮਨਾਂ ਉਤੇ ਛਾਇਆ ਹੋਇਆ ਸੀ।
ਮੈਂ ਉਹਨੂੰ ਸਟੇਜ ਤੋਂ ਹੀ ਦੂਰੋਂ-ਦੂਰੋਂ ਵੇਖਿਆ-ਸੁਣਿਆ ਸੀ, ਪਰ, ਮੇਰੇ ਵਿਆਹ ਤੋਂ ਬਾਅਦ ਉਸ ਨਾਲ ਮੇਰੀਆਂ ਕਈ ਅੰਗਲੀਆਂ-ਸੰਗਲੀਆਂ ਜੁੜ ਗਈਆਂ। ਉਹਦੇ ਛੋਟੇ ਭਰਾ ਸੁਖਵੰਤ ਸਿੰਘ ਨਾਲ ਮੇਰੀ ਘਰਵਾਲੀ ਦੇ ਤਾਏ ਦੀ ਧੀ ਵਿਆਹੀ ਹੋਈ ਸੀ। ਮੇਰੀ ਘਰਵਾਲੀ ਦੀ ਸਭ ਤੋਂ ਵੱਡੀ ਭੈਣ ਅਮਰਜੀਤ ਦੇ ਪਿੰਡ ਉਧੋਵਾਲੀ ਦੇ ਗੁਆਂਢੀ ਪਿੰਡ ‘ਬੰਬ’ ਵਿਚ ਵਿਆਹੀ ਹੋਈ ਸੀ। ਇਸ ਲਈ ਚਾਚੇ-ਤਾਏ ਦੀਆਂ ਭੈਣਾਂ ਹੋਣ ਕਰਕੇ ਦੋਵਾਂ ਪਰਿਵਾਰਾਂ ਵਿਚ ਚੰਗਾ ਮਿਲਣ-ਗਿਲਣ ਸੀ। ਮੇਰੀ ਘਰਵਾਲੀ ਦੀ ਵੱਡੀਉਂ ਛੋਟੀ ਭੈਣ ਡੇਰਾ ਬਾਬਾ ਨਾਨਕ ਨੇੜਲੇ ਪਿੰਡ ‘ਠੇਠਰ ਕੇ’ ਵਿਆਹੀ ਹੋਈ ਸੀ। ਅਮਰਜੀਤ ਦੀ ਘਰਵਾਲੀ ਮੇਰੇ ਠੇਠਰ ਕਿਆਂ ਵਾਲੇ ਸਾਂਢੂ ਧੀਰ ਸਿੰਘ ਦੀ ਮਾਸੀ ਦੀ ਧੀ ਭੈਣ ਲੱਗਦੀ ਸੀ। ਇੰਝ ਬੰਬ ਅਤੇ ਠੇਠਰ ਕੇ ਜਦ ਵੀ ਕੋਈ ਵਿਆਹ ਜਾਂ ਹੋਰ ਸ਼ਗਨਾਂ-ਸਾਰਥਾਂ ਦਾ ਦਿਨ ਹੁੰਦਾ ਤਾਂ ਅਮਰਜੀਤ ਆਪਣੀ ਪਤਨੀ ਸਮੇਤ ਦੋਵਾਂ ਥਾਵਾਂ `ਤੇ ਹਾਜ਼ਰ ਹੁੰਦਾ। ਆਪਣੀ ਗਾਇਨ-ਕਲਾ ਦਾ ਮੁਜ਼ਾਹਰਾ ਵੀ ਕਰਦਾ। ਇੰਝ ਸਾਡੀ ਨੇੜਲੀ ‘ਵਾਹਿਗੁਰੂ ਜੀ ਕੀ ਫ਼ਤਹਿ’ ਤਾਂ ਸਾਲ-ਛੇ ਮਹੀਨੀ ਹੋ ਜਾਂਦੀ ਸੀ, ਪਰ ਕਦੀ ਖੁੱਲ੍ਹ ਕੇ ਗੱਲਾਂ ਕਰਨ ਦਾ ਸਬੱਬ ਨਹੀਂ ਸੀ ਬਣਿਆ।
ਇੱਕ ਵਾਰ ਇਹ ਸਬੱਬ ਵੀ ਬਣ ਹੀ ਗਿਆ। ਅਮਰਜੀਤ ਹੁਰਾਂ ਦੇ ਪਿੰਡ ਨੇੜਲੇ ਕਸਬੇ ਧਿਆਨਪੁਰ ਵਿਚ ਇਲਾਕੇ ਦੇ ਕਲਾਕਾਰਾਂ ਤੇ ਸਾਹਿਤਕਾਰਾਂ ਨੇ ਸਾਹਿਤ-ਸਭਾ ਬਣਾਈ ਹੋਈ ਸੀ। ਅਮਰਜੀਤ ਗੁਰਦਾਸਪੁਰੀ ਉਸ ਸਭਾ ਦਾ ਪ੍ਰਧਾਨ ਸੀ। ਗੁਰਭਜਨ ਗਿੱਲ ਦਾ ਪਿੰਡ ਬਸੰਤਕੋਟ ਨੇੜੇ ਹੋਣ ਕਰਕੇ ਉਹਦਾ ਵੀ ਇਸ ਸਭਾ ਵਿਚ ਦਖ਼ਲ ਰਹਿੰਦਾ ਸੀ। ਗੁਰਭਜਨ ਨੇ ਸਾਹਿਤ ਸਭਾ ਵੱਲੋਂ ਧਿਆਨਪੁਰ ਵਿਚ ਇੱਕ ਕਹਾਣੀ ਦਰਬਾਰ ਰੱਖਿਆ ਤੇ ਉਸ ਵੇਲੇ ਦੇ ਚਰਚਿਤ ਕਹਾਣੀਕਾਰਾਂ ਨੂੰ ਬੁਲਾਵਾ ਦਿੱਤਾ। ਮੈਂ ਵੀ ਉਸ ਕਹਾਣੀ ਦਰਬਾਰ ਵਿਚ ਸਿ਼ਰਕਤ ਕੀਤੀ। ਰਾਤ ਨੂੰ ਅਸੀਂ ਕਈ ਜਣੇ ਕਹਾਣੀਕਾਰ ਤੇ ਵਾਰਤਾਕਾਰ ਦੇਵਿੰਦਰ ਦੀਦਾਰ ਦੇ ਸੱਦੇ `ਤੇ ਨੇੜਲੇ ਪਿੰਡ ਭਗਵਾਨਪੁਰ ਚਲੇ ਗਏ। ਰਾਤ ਨੂੰ ਚੰਗੀ ਮਹਿਫਿ਼ਲ ਸੱਜੀ। ਅਮਰਜੀਤ ਨੇ ਰੌਣਕ ਲਾ ਛੱਡੀ।
ਅਗਲੀ ਦੁਪਹਿਰ ਨੂੰ ਜਦੋਂ ਬਾਕੀ ਸਾਥੀ ਰਾਤ ਦੇ ਥੱਕੇ-ਥਕਾਏ ਆਰਾਮ ਫ਼ਰਮਾ ਰਹੇ ਸਨ, ਮੈਂ ਤੇ ਅਮਰਜੀਤ ਨੇ ਦੀਦਾਰ ਦੇ ਚੁਬਾਰੇ ਵਿਚ ਨੇ ਦੋ-ਢਾਈ ਘੰਟੇ ਲੰਮੀ ਗੁਫ਼ਤਗੂ ਕੀਤੀ। ਇਹ 1976-77 ਦਾ ਸਾਲ ਸੀ। ਉਸ ਸਮੇਂ ਉਸ ਨੇ ਜਿੱਥੇ ਮੇਰੇ ਨਾਲ ਆਪਣਾ ਜੀਵਨ ਪਿਛੋਕੜ ਸਾਂਝਾ ਕੀਤਾ ਉਥੇ ਹੀ ਆਪਣੀ ਗਾਇਕੀ, ਪ੍ਰਤੀਬੱਧਤਾ ਬਾਰੇ ਜੋ ਗੱਲਾਂ ਕੀਤੀਆਂ ਉਨ੍ਹਾਂ ਦੀ ਸਾਰਥਿਕਤਾ ਅੱਜ ਹੋਰ ਵੀ ਅਰਥਵਾਨ ਹੋ ਗਈ ਹੈ। ਉਹਦੀਆਂ ਗੱਲਾਂ ਦਾ ਨਿਚੋੜ ਅੱਜ ਦੇ ਲੀਹੋਂ-ਲੱਥੇ ਗਾਇਕਾਂ ਅਤੇ ਗੀਤਕਾਰਾਂ ਲਈ ਜ਼ਰੂਰ ਲਾਹੇਵੰਦ ਹੋ ਸਕਦਾ ਹੈ।
ਗੁਰਦਾਸਪੁਰ ਜਿ਼ਲ੍ਹੇ ਦੀ ਤਹਿਸੀਲ ਡੇਰਾ ਬਾਬਾ ਨਾਨਕ ਵਿਚ ਪੈਂਦਾ ਉਹਦਾ ਪਿੰਡ ਉਧੋਵਾਲੀ ਕਲਾਂ ਅੱਜ ਦੇਸ਼-ਦੇਸ਼ਾਂਤਰਾਂ ਵਿਚ ਅਮਰਜੀਤ ਗੁਰਦਾਸਪੁਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ‘ਜ਼ੈਲਦਾਰਾਂ ਦੇ ਟੱਬਰ’ ਦੇ ਨਾਮ ਨਾਲ ਮਸ਼ਹੂਰ ਉਹਦਾ ਪਰਿਵਾਰ ਸਰਦਾ-ਪੁੱਜਦਾ ਤੇ ਇਲਾਕੇ ਵਿਚ ਜਾਣਿਆ-ਪਛਾਣਿਆ ਪਰਿਵਾਰ ਸੀ। ਅਮਰਜੀਤ ਦਾ ਜਨਮ 1933 ਵਿਚ ਜ਼ੈਲਦਾਰ ਰਛਪਾਲ ਸਿੰਘ ਰੰਧਾਵਾ ਦੇ ਘਰ ਹੋਇਆ। ਅਮਰਜੀਤ ਛੋਟਾ ਜਿਹਾ ਹੀ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਸੁਭਾਵਕ ਹੈ ਕਿ ਵਿਧਵਾ ਮਾਂ ‘ਇਕੱਲੀ’ ਰਹਿ ਜਾਣ ਕਰਕੇ ਅਕਸਰ ਉਦਾਸ ਰਹਿੰਦੀ ਸੀ। ਇਸ ਉਦਾਸੀ ਨੂੰ ਦੂਰ ਕਰਨ ਲਈ ਅਤੇ ਆਪਣਾ ਮਾਨਸਿਕ ਰੁਝੇਵਾਂ ਬਣਾਈ ਰੱਖਣ ਲਈ ਉਸਦੀ ਮਾਂ ਆਂਢ-ਗੁਆਂਢ ਦੀਆਂ ਮੁਟਿਆਰਾਂ ਨੂੰ ਆਪਣੇ ਘਰ ਚਰਖ਼ਾ ਕੱਤਣ ਲਈ ਬੁਲਾ ਲੈਂਦੀ। ਕੁੜੀਆਂ ਉਨ੍ਹਾਂ ਦੇ ਖੁੱਲ੍ਹੇ ਸੁਫ਼ੇ ਵਿਚ ਚਰਖ਼ੇ ਕੱਤਦੀਆਂ। ਉਹ ਛਣਕਦੀਆਂ ਚੂੜੀਆਂ ਨਾਲ ਲੋਕ-ਗੀਤਾਂ ਦੀਆਂ ਰਾਂਗਲੀਆਂ ਹੇਕਾਂ ਲਾਉਂਦੀਆਂ। ਇਨ੍ਹਾਂ ਗੀਤਾਂ ਵਿਚ ਮੁਟਿਆਰਾਂ ਦੀਆਂ ਲੁਕਵੀਆਂ ਤਾਂਘਾਂ ਹੁੰਦੀਆਂ, ਅੱਥਰੂਆਂ ਨਾਲ ਭਿੱਜਾ ਵਿਛੋੜੇ ਦਾ ਦਰਦ ਹੁੰਦਾ, ਮਿਲਾਪ ਦੀ ਚਹਿਕਦੀ ਖ਼ੁਸ਼ੀ ਹੁੰਦੀ।
ਅਮਰਜੀਤ ਪਿਛਲੀ ਕੋਠੜੀ ਵਿਚ ਜਾਂ ਘਰ ਦੀ ਬੈਠਕ ਵਿਚ ਪਿਆ ਇਨ੍ਹਾਂ ਗੀਤਾਂ ਦੀ ਛਹਿਬਰ ਵਿਚ ਭਿੱਜਦਾ ਰਹਿੰਦਾ। ਕੁੜੀਆਂ ਦੇ ਹੋਠਾਂ `ਚੋਂ ਕਿਰਦੀਆਂ, ਛਣਕਦੀਆਂ ਧੁਨਾਂ ਨਾਲ ਉਂਗਲੀਆਂ ਦੀ ਤਾਲ ਦਿੰਦਾ ਅਤੇ ਗੀਤਾਂ ਦੇ ਬੋਲ ਮੂੰਹ ਵਿਚ ਗੁਣਗੁਣਾਉਂਦਾ ਰਹਿੰਦਾ। ਇੰਜ ਅਚੇਤ ਹੀ ਪੰਜਾਬ ਦੇ ਲੋਕ ਗੀਤ, ਉਨ੍ਹਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਧੁਨਾਂ ਉਸ ਦੇ ਮਨ-ਮਸਤਕ ਦਾ ਹਿੱਸਾ ਬਣ ਗਏ। ਸੁਰ ਅਤੇ ਸ਼ਬਦ ਉਹਦੇ ਗਲੇ ਵਿਚੋਂ ਬਾਹਰ ਆਉਣ ਲਈ ੳੱੁਮਲਣ-ੳੱੁਛਲਣ ਲੱਗੇ।
ਇੱਕ ਦਿਨ ਉਸ ਨੇ ਵੇਖਿਆ, ਪਿੰਡ ਦੇ ਰੁੱਖਾਂ ਦੀ ਸੰਘਣੀ ਛਾਵੇਂ ਦਰਸ਼ੋ ਭਲਵਾਨ ਅਤੇ ਉਸਦੇ ਸਾਥੀ ਘੜਾ ਵਜਾ ਕੇ ਨਾਲ ਗੀਤ ਗਾ ਰਹੇ ਸਨ। ਰੁੱਖਾਂ ਦੀ ਛਾਵੇਂ ਦੁਪਹਿਰਾ ਕੱਟਣ ਲਈ ਬੈਠੇ ਪਿੰਡ ਦੇ ਲੋਕ ਉਨ੍ਹਾਂ ਦੀ ਗਾਇਕੀ ਦਾ ਆਨੰਦ ਮਾਣਦੇ ਹੋਏ, ‘ਵਾਹ! ਵਾਹ!’ਕਰ ਰਹੇ ਸਨ, ‘ਸ਼ਾਬਾਸ’਼ ਦੇ ਰਹੇ ਸਨ। ਬਾਬਾ ਦਰਸ਼ੋ ਉਂਝ ਵੀ ਜਦੋਂ ਗਲ਼ੀਆਂ ਵਿਚੋਂ ਗੁਜ਼ਰਦਾ ਤਾਂ ਉਹਦੇ ਹੋਠਾਂ `ਤੇ ਅਕਸਰ ਹੀ ਵਾਰਸ ਦੀ ‘ਹੀਰ’, ਪੀਲੂ ਦੇ ‘ਮਿਰਜ਼ੇ’ ਅਤੇ ਕਾਦਰ ਯਾਰ ਦੇ ‘ਪੂਰਨ ਭਗਤ’ ਦੇ ਬੋਲ ਥਿਰਕਦੇ ਰਹਿੰਦੇ। ਅਮਰਜੀਤ ਬਾਬਾ ਦਰਸ਼ੋ ਦੇ ਬੋਲ ਸੁਣਦਾ ਤੇ ਉਨ੍ਹਾਂ ਨੂੰ ਮਨ ਹੀ ਮਨ ਗੁਣਗਣਾਉਂਦਾ। ਪਰ ਅੱਜ ਬੋਹੜ ਹੇਠਾਂ ਗਾਉਂਦੇ ਦਰਸ਼ੋ ਤੇ ਉਹਦੇ ਸਾਥੀਆਂ ਨੂੰ ਸੁਣ ਕੇ ਉਹਦੇ ਉੱਤੇ ਅਜੀਬ ਵੱਜਦ ਤਾਰੀ ਹੋ ਗਿਆ।
ਦਰਸ਼ੋ ਭਲਵਾਨ ਹੁਰਾਂ ਦੀ ਪ੍ਰਸੰ਼ਸਾ ਨੇ ਅਮਰਜੀਤ ਦੇ ਮਨ ਵਿਚ ਵੀ ਅਜਿਹੀ ਪ੍ਰਸੰ਼ਸਾ ਖੱਟਣ ਦੀ ਰੀਝ ਪੈਦਾ ਕਰ ਦਿੱਤੀ। ਮਾਲ-ਡੰਗਰ ਪਿੱਛੇ ਫਿਰਦਿਆਂ ਉਹ ਲੰਮੀਆਂ ਹੇਕਾਂ ਲਾ ਕੇ ਗਾਉਣ ਦਾ ਅਭਿਆਸ ਕਰਨ ਲੱਗਾ। ਦਰਸ਼ੋ ਭਲਵਾਨ ਹੁਰਾਂ `ਤੇ ਉਹਨੂੰ ਰਸ਼ਕ ਆਉਂਦਾ। ਲੋਕ ਅਮਰਜੀਤ ਨੂੰ ਵੀ ਖੇਤਾਂ-ਬੰਨ੍ਹਿਆਂ `ਤੇ ਗਾਉਂਦਾ ਸੁਣ ਕੇ ਉਹਦੀ ਆਵਾਜ਼ ਦੀ ਖ਼ੂਬਸੂਰਤੀ ਤੋਂ ਜਾਣੂ ਹੋ ਚੁੱਕੇ ਸਨ।
ਇਕ ਦਿਨ ਜਦ ਬੋਹੜ ਥੱਲੇ ਦਰਸ਼ੋ ਹੁਰਾਂ ਦਾ ਟੋਲਾ ਗਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਕਿਸੇ ਨੇ ਉਨ੍ਹਾਂ ਦੇ ਨੇੜੇ ਲੱਗ ਕੇ ਬੈਠੇ ਅਮਰਜੀਤ ਵੱਲ ਇਸ਼ਾਰਾ ਕਰ ਕੇ ਕਿਹਾ, “ਦਰਸ਼ ੋਭਾਈ! ਅੱਜ ਅਮਰਜੀਤ ਨੂੰ ਵੀ ਆਖ ਤੁਹਾਡੀ ਸੁਰ ਨਾਲ ਸੁਰ ਮਿਲਾਵੇ।” ਦਰਸ਼ੋ ਨੇ ਅਮਰਜੀਤ ਵੱਲ ਮੁਸਕਰਾ ਕੇ ਵੇਖਿਆ ਤੇ ਅੱਖ ਨਾਲ ਇਸ਼ਾਰਾ ਕੀਤਾ, “ਆ ਬਈ ਜਵਾਨਾ! ਹੋਰ ਨੇੜੇ ਆ ਜਾ। ਸੁਰ ਦਾ ਧਿਆਨ ਰੱਖੀਂ।”
ਜਦੋਂ ਉਸ ਨੇ ਦਰਸ਼ੋ ਹੁਰਾਂ ਨਾਲ ਮਿਲ ਕੇ ਗਾਇਆ ਤਾਂ ਉਹਦੀ ਸੁਰੀਲੀ, ਵੱਖਰੀ ਅਤੇ ਵਿਸ਼ੇਸ਼ ਆਵਾਜ਼ ਨੇ ਸਰੋਤਿਆਂ ਦਾ ਧਿਆਨ ਇੱਕਦਮ ਆਪਣੇ ਵੱਲ ਖਿੱਚ ਲਿਆ। ਉਹਦੀ ਆਵਾਜ਼ ਦੀ ਵਿਸ਼ੇਸ਼ ਹੂਕ ਨੂੰ ਮਹਿਸੂਸਦਿਆਂ ਬੋਹੜ ਹੇਠਾਂ ਬੈਠੇ ਬੰਦਿਆਂ ਨੇ ਉਹਨੂੰ ਇਕੱਲੇ ਨੂੰ ਕੁਝ ਗਾ ਕੇ ਸੁਣਾਉਣ ਲਈ ਕਿਹਾ। ਉਹਨੇ ਆਪਣੇ ਗਲ਼ੇ ਨੂੰ ਖੰਘੂਰਿਆ ਤੇ ਫਿਰ ਵਾਰਿਸ ਸ਼ਾਹ ਦੀ ਹੀਰ ਦਾ ਇੱਕ ਬੰਦ ਏਨੀ ਮੁ-ਤਰੰਨਮ ਆਵਾਜ਼ ਵਿਚ ਸੁਣਾਇਆ ਕਿ ਸਰੋਤੇ ਕੀਲੇ ਗਏ।
ਹੁਣ ਉਹ ਪਿੰਡ ਦੇ ਬੋਹੜਾਂ ਦੀ ਛਾਵੇਂ ਗਾਉਣ ਵਾਲਿਆਂ ਦਾ ਨਾਇਕ ਬਣ ਗਿਆ ਸੀ। ਉਹਨੂੰ ਗਾਉਣ ਦੀ ਪੱਕੀ ਚੇਟਕ ਲੱਗ ਗਈ ਪਰ ਗਾਉਣ ਲਈ ਮਸਾਲਾ ਵੀ ਤਾਂ ਚਾਹੀਦਾ ਸੀ। ਉਹ ਚੰਗੇ ਗੀਤਾਂ ਦੀ ਤਲਾਸ਼ ਵਿਚ ਭਟਕਣ ਲੱਗਾ। ਉਹਨੂੰ ਕਿਸੇ ਨੇ ਦੱਸ ਪਾਈ ਕਿ ਉਹਦੇ ਹੀ ਪਿੰਡ ਦੇ ਵਸਨੀਕ ਚਿਰਾਗ਼ ਮੁਸਲਮਾਨ ਕੋਲ ਹੀਰ ਦਾ ਕਿੱਸਾ ਪਿਆ ਹੈ। ਉਹ ਬਾਬੇ ਚਿਰਾਗ਼ ਕੋਲ ਗਿਆ। ਉਹਦੀ ਮਿੰਨਤ ਕੀਤੀ ਤੇ ਹੀਰ ਦਾ ਕਿੱਸਾ ਲੈ ਆਇਆ। ਘਰ ਵਿਚ ਤੇ ਖ਼ੇਤਾਂ-ਬੰਨ੍ਹਿਆਂ `ਤੇ ਉਹ ਯਾਦ ਕੀਤੀ ਹੀਰ ਦੇ ਬੰਦ ਗਾਉਂਦਾ। ਹੁਣ ਬੋਹੜਾਂ ਥੱਲੇ ਉਸਦੀ ਸੁਰੀਲੀ ਆਵਾਜ਼ ਹਰ ਰੋਜ਼ ਗੂੰਜਣ ਲੱਗੀ। ਇਸਦੀ ਖ਼਼ੁਸ਼ਬੋਈ ਆਸ-ਪਾਸ ਦੇ ਪਿੰਡਾਂ ਵਿਚ ਵੀ ਫ਼ੈਲਣ ਲੱਗੀ।
ਉਨ੍ਹਾਂ ਦਿਨਾਂ ਵਿਚ ਕਮਿਊਨਿਸਟ ਪਾਰਟੀ ਦਾ ਬੜਾ ਵੱਜ ਸੀ। ਉਹਦੇ ਆਪਣੇ ਇਲਾਕੇ ਵਿਚ ਵੀ ਪਾਰਟੀ ਦਾ ਬੜਾ ਜ਼ੋਰ ਸੀ। ਉਹ ਕਮਿਊਨਿਸਟਾਂ ਦੇ ਪਿੰਡ-ਪਿੰਡ ਹੁੰਦੇ ਡਰਾਮੇ ਅਤੇ ਕਾਨਫ਼ਰੰਸਾਂ ਵੇਖਦਾ। ਇਨ੍ਹਾਂ ਵਿਚ ਕਲਾਕਾਰਾਂ ਨੂੰ ਗਾਉਂਦਿਆਂ ਸੁਣਦਾ ਤਾਂ ਉਹਦਾ ਵੀ ਦਿਲ ਕਰਦਾ ਕਿ ਉਹ ਵੀ ਸਟੇਜ ਉਤੇ ਚੜ੍ਹ ਕੇ ਗਾਵੇ। ਉਸ ਵੱਲ ਵੀ ਹਜ਼ਾਰਾਂ ਅੱਖਾਂ ਪ੍ਰਸ਼ੰਸਾ ਵਿਚ ਝਾਕਣ। ਉਸਦੀ ਵੀ ‘ਬੱਲੇ ਬੱਲੇ’ ਹੋਵੇ।
ਡੇਰਾ ਬਾਬਾ ਨਾਨਕ ਵਿਚ ਹਰ ਸਾਲ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ‘ਚੋਲ਼ੇ ਦਾ ਮੇਲਾ’ ਲੱਗਦਾ ਹੈ। ਉਹਦੇ ਯਾਰ-ਬੇਲੀ ਉਹਨੂੰ ਹੱਲਾਸ਼ੇਰੀ ਦੇਣ ਲੱਗੇ ਕਿ ਉਹ ਵੀ ਸਟੇਜ ਉਤੇ ਆਪਣਾ ਕੋਈ ਗੀਤ ਸੁਣਾਏ। ਸਟੇਜ-ਸਕੱਤਰ ਸੀ ਜਸਵੰਤ ਸਿੰਘ ਰਾਹੀ। ਰਾਹੀ ਪ੍ਰਸਿੱਧ ਕਮਿਊਨਿਸਟ ਕਾਰਕੁਨ ਹੋਣ ਦੇ ਨਾਲ-ਨਾਲ ਕਵੀ ਅਤੇ ਲੇਖਕ ਵੀ ਸੀ। ਜਦੋਂ ਅਮਰਜੀਤ ਦੀ ਢਾਣੀ ਦੇ ਯਾਰਾਂ ਨੇ ਉਸ ਕੋਲੋਂ ਅਮਰਜੀਤ ਵਾਸਤੇ ਸਟੇਜ `ਤੇ ਗਾਉਣ ਲਈ ਸਮਾਂ ਮੰਗਿਆ ਤਾਂ ਉਸ ਨੇ ਸਮਾਂ ਦੇਣ ਤੋਂ ਨਾਂਹ ਕਰ ਦਿੱਤੀ। ਉਹਨੂੰ ਡਰ ਸੀ ਕਿ ਭਖਿ਼ਆ ਮੇਲਾ ਇਕ ਅਣਜਾਣ ਗਾਇਕ ਦੇ ਸਟੇਜ ਉਤੇ ਆਉਣ ਕਰਕੇ ਵਿੱਝੜ ਨਾ ਜਾਵੇ। ਉਸਨੇ ਕਿਹੜਾ ਅਮਰਜੀਤ ਨੂੰ ਕਿਤੇ ਗਾਉਂਦਿਆਂ ਸੁਣਿਆ ਸੀ! ਅਮਰਜੀਤ ਦੇ ਸਾਥੀਆਂ ਨੇ ਬੇਨਤੀ ਕੀਤੀ, “ਸਿਰਫ਼ ਇੱਕ ਗੀਤ ਹੀ ਗੌਣ ਦਾ ਟਾਈਮ ਦੇ ਦਿਓ। ਤੁਸੀਂ ਵੇਖਿਓ ਤਾਂ ਸਹੀ!”
ਰਾਹੀ ਮੰਨ ਗਿਆ। ਅਮਰਜੀਤ ਸਟੇਜ ਉਤੇ ਜਾ ਖੜੋਤਾ। ਸਿੱਧਾ ਸਤੋਰ। ਦੋਵੇਂ ਹੱਥ ਸਤਿਕਾਰ ਦੀ ਮੁਦਰਾ ਵਿਚ ਜੁੜੇ ਹੋਏ। ਉਨ੍ਹੀਂ ਦਿਨੀਂ ਇੱਕ ਗੀਤ ਬੜਾ ਪ੍ਰਚੱਲਿਤ ਸੀ:
ਜਿਹੜਾ ਅੱਜ ਲਿਆ ਕੇ ਦੇਵੇ ਕੱਚ ਦੀਆਂ ਚੂੜੀਆਂ
ਉਹਦੇ ਨਾਲ ਹੋਣਗੀਆਂ ਤਾਂ ਗੱਲਾਂ ਗੂੜ੍ਹੀਆਂ
ਅਮਰਜੀਤ ਨੇ ਇਸ ਧੁਨ `ਤੇ ਗੀਤ ਗਾਇਆ:
ਅੱਗੇ ਨਾਲੋਂ ਵਧ ਗਈਆਂ ਹੋਰ ਮਜਬੂਰੀਆਂ।
ਹੁਣ ਨਹੀਉਂ ਹੁੰਦੀਆਂ, ਸਬਰ ਸਬੂਰੀਆਂ।
ਉਸ ਦੀ ਆਵਾਜ਼ ਵਿਚਲੀ ਸੁਰ, ਮਿਠਾਸ ਅਤੇ ਬੁਲੰਦੀ ਨੇ ਲੋਕਾਂ ਦਾ ਮਨ ਮੋਹ ਲਿਆ। ਗੀਤ ਹੈ ਵੀ ‘ਕਾਮਰੇਡੀ ਰੰਗ’ ਦਾ ਸੀ। ਹੁੰਦਾ ਵੀ ਕਿਉਂ ਨਾ! ਇਹ ਰੰਗ ਉਹਦੇ ਵਿਚਾਰਾਂ `ਤੇ ਵੀ ਤਾਂ ਚੜ੍ਹਨਾ ਸ਼ੁਰੂ ਹੋ ਚੁੱਕਾ ਸੀ। ਕਮਿਊਨਿਸਟਾਂ ਨੂੰ ਤਾਂ ਅਜਿਹੇ ਕਲਾਕਾਰਾਂ ਦੀ ਡਾਢੀ ਲੋੜ ਸੀ। ਦੋਵਾਂ ਧਿਰਾਂ ਦੀ ਆਪਸੀ ਸੁਰ ਵੀ ਮਿਲ ਗਈ। ਅਮਰਜੀਤ ਨੂੰ ਗਾਉਣ ਦਾ ਸ਼ੌਕ ਸੀ ਤੇ ਪਾਰਟੀ ਨੂੰ ਚੰਗਾ ਗਾਉਣ ਵਾਲਿਆਂ ਦੀ ਲੋੜ ਸੀ। ਸੋ ਕਮਿਊਨਿਸਟ ਆਗੂਆਂ ਅਤੇ ਸਾਥੀ ਕਲਾਕਾਰਾਂ ਨੇ ਵੀ ਆਪਣੇ ਇੱਕ ਚੰਗੇ ਅਤੇ ਹੋਣਹਾਰ ਸਾਥੀ ਨੂੰ ‘ਜੀ ਆਇਆਂ’ ਕਿਹਾ।
ਹੁਣ ਗਾਉਣ ਵਾਸਤੇ ਉਹਨੂੰ ਚੰਗੇ ਗੀਤਾਂ ਦੀ ਵਧੇਰੇ ਲੋੜ ਸੀ। ਕੁਝ ਗੀਤ ਉਹਨੇ ਆਪਣੇ ਯਤਨਾਂ ਨਾਲ ਲੱਭੇ। ਕੁਝ ਉਹਨੂੰ ਇਲਾਕੇ ਦੇ ਮੰਨੇ-ਪ੍ਰਮੰਨੇ ਸ਼ਾਇਰ ਜਸਵੰਤ ਸਿੰਘ ਰਾਹੀ ਨੇ ਦਿੱਤੇ। ਕੁਝ ਮਹੈਣ ਸਿੰਘ ਅਨਪੜ੍ਹ ਨੇ। ਜਦੋਂ ਉਹਦਾ ਨਾਂ ਚੱਲ ਪਿਆ ਤਾਂ ਗੀਤਕਾਰ ਆਪ ਹੀ ਉਹਨੂੰ ਗੀਤ ਦੇਣ ਲੱਗੇ। ਦਿੰਦੇ ਵੀ ਕਿਉਂ ਨਾ! ਉਹ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਨਾਲ ਉਨ੍ਹਾਂ ਦੇ ਗੀਤਾਂ ਨੂੰ ਜਿ਼ੰਦਗੀ ਦੇ ਰਿਹਾ ਸੀ।
ਉਨ੍ਹਾਂ ਦਿਨਾਂ ਵਿਚ ਕਮਿਊਨਿਸਟ ਮਿਲੀ ਆਜ਼ਾਦੀ ਨੂੰ ਅਧੂਰੀ ਮੰਨਦੇ ਸਨ। ਉਨ੍ਹਾਂ ਦਾ ਗੀਤ ਬੜਾ ਮਸ਼ਹੂਰ ਸੀ:
ਸੁਣ ਨਹਿਰੂ ਸਰਕਾਰੇ!
ਤੈਨੂੰ ਰੋਵਣ ਲੋਕੀਂ ਸਾਰੇ।
ਗੋਰੇ ਦੀ ਥਾਂ ਕਾਲ਼ਾ ਆਇਆ,
ਉਹ ਵੀ ਛੜੀਆਂ ਮਾਰੇ।
ਇਨ੍ਹਾਂ ਭਾਵਾਂ ਦੀ ਤਰਜ਼ਮਾਨੀ ਕਰਦਾ ਜਸਵੰਤ ਸਿੰਘ ਰਾਹੀ ਦਾ ਲਿਖਿਆ ਗੀਤ ਅਮਰਜੀਤ ਅਕਸਰ ਗਾਉਂਦਾ:
ਗੌਰਮਿੰਟ ਨੇ ਝੱਗਾ ਦਿੱਤਾ, ਪਾ ਲਓ ਲੋਕੋ ਪਾ ਲਓ।
ਅੱਗਾ ਪਿੱਛਾ ਹੈ ਨਹੀਂ ਜੇ ਤੇ, ਬਾਹਵਾਂ ਆਪ ਲੁਆ ਲਓ।
ਇਨ੍ਹਾਂ ਦਿਨਾਂ ਵਿਚ ਹੀ ਉਹਨੇ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਜੌੜੀਆਂ ਦੇ ਜੰਮਪਲ ਪੰਜਾਬੀ ਸ਼ਾਇਰ ਅਮਰ ਚਿੱਤਰਕਾਰ ਦਾ ਇੱਕ ਗੀਤ ਗਾਇਆ। ਅਮਰਜੀਤ ਦੀ ਖ਼ੂਬੀ ਇਹ ਰਹੀ ਹੈ ਕਿ ਉਹ ਗਾਉਣ ਲੱਗਿਆਂ, ਉਸ ਗੀਤ ਨੂੰ ਲਿਖਣ ਵਾਲੇ ਗੀਤਕਾਰ ਦਾ ਨਾਂ ਵੀ ਸਤਿਕਾਰ ਨਾਲ ਲੈਂਦਾ ਸੀ। ਅਮਰ ਚਿੱਤਰਕਾਰ ਦਾ ਇੱਕ ਗੀਤ ਉਨ੍ਹੀਂ ਦਿਨੀਂ ਬਹੁਤ ਪ੍ਰਸਿੱਧ ਹੋਇਆ। ਗੀਤ ਦੇ ਗਾਏ ਜਾਣ ਨਾਲ ਇਹ ਗੀਤ ਹੀ ਨਹੀਂ, ਅਮਰ ਚਿੱਤਰਕਾਰ ਵੀ ਲੋਕਾਂ ਵਿਚ ਜਿਊਣ-ਜੋਗਾ ਹੋ ਗਿਆ।
ਜਿਉਂਦੇ ਜੀ ਆ ਸੋਹਣਿਆ, ਤੈਨੂੰ ਸੁਰਗ ਵਿਖਾਵਾਂ।
ਲੱਗੀਆਂ ਹੋਈਆਂ ਰੌਣਕਾਂ, ਪਿੱਪਲਾਂ ਦੀਆਂ ਛਾਵਾਂ।
ਹੁਣ ਅਮਰਜੀਤ ਨੇ ਕਮਿਊਨਿਸਟ ਸਟੇਜਾਂ `ਤੇ ਬਾਕਾਇਦਾ ਗਾਉਣਾ ਸ਼ੁਰੂ ਕਰ ਦਿੱਤਾ। ਉਹਦੀ ਗਾਇਕੀ ਦੀ ਪ੍ਰਸਿੱਧੀ ਪੰਜਾਬ ਵਿਚ ਦੂਰ-ਦੂਰ ਫ਼ੈਲਣ ਲੱਗੀ। ਅਮਰਜੀਤ ਗੁਰਦਾਸਪੁਰੀ ਨੇ ਜਦੋਂ ਆਪਣੀ ਚੰਗੀ ਪੈ੍ਹਂਠ ਬਣਾ ਲਈ ਤਾਂ ਉਹਨੂੰ ਪਾਰਟੀ ਨੇ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਗੁਰਦਾਸਪੁਰ ਇਕਾਈ ਵਿਚ ਸ਼ਾਮਲ ਕਰ ਲਿਆ। ਹੌਲੀ ਹੌਲੀ ਉਹਦੀ ਸੋਭਾ ਸੂਬੇ ਤੱਕ ਪਹੁੰਚੀ ਤਾਂ ਇਪਟਾ ਦੇ ਮੋਹਰੀ ਆਗੂਆਂ ਤੇਰਾ ਸਿੰਘ ਚੰਨ ਅਤੇ ਜੁਗਿੰਦਰ ਬਾਹਰਲਾ ਨੇ ਉਹਨੂੰ ਸੂਬੇ ਦੇ ਕਲਾਕਾਰਾਂ ਵਿਚ ਸ਼ਾਮਲ ਕਰ ਲਿਆ।
ਜਿਵੇਂ ਦੱਸਿਆ ਹੈ ਕਿ ਗਾਉਣ ਦੇ ਸ਼ੌਕ ਅਤੇ ਹਰ ਵੇਲੇ ਕਮਿਊਨਿਸਟਾਂ ਦੇ ਨੇੜੇ ਰਹਿਣ ਕਰਕੇ ਉਸਦੀ ਸੋਚ ਵੀ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਲੱਗੀ। ਇਨ੍ਹੀਂ ਦਿਨੀਂ ਸੰਸਾਰ-ਜੰਗ ਦੇ ਸਿਰ ਉਪਰ ਮੰਡਰਾਉਂਦੇ ਖ਼ਤਰੇ ਨੂੰ ਮੁੱਖ ਰੱਖ ਕੇ ਮੁਲਕ ਭਰ ਵਿਚ ਅਮਨ-ਲਹਿਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਸੀ। ਇਸ ਲਹਿਰ ਨੂੰ ਪੰਜਾਬ ਵਿਚ ਹੋਰ ਹੁਲਾਰਾ ਦੇਣ ਲਈ ਬਟਾਲੇ ‘ਬਾਬੇ ਦੇ ਵਿਆਹ’ `ਤੇ ਹੋਈ ਕਾਨਫ਼ਰੰਸ ਵਿਚ ਤੇਰਾ ਸਿੰਘ ਚੰਨ ਅਤੇ ਜੋਗਿੰਦਰ ਬਾਹਰਲੇ ਨੇ ਆਪਸ ਵਿਚ ਮਿਲ ਕੇ ਇੱਕ ਸਾਂਝਾ ਸਕੁਐਡ ਬਣਾਇਆ। ਉਨ੍ਹਾਂ ਨੇ ਅਮਰਜੀਤ ਨੂੰ ਵੀ ਇਸ ਸਕੁਐਡ ਵਿਚ ਸ਼ਾਮਲ ਕਰ ਲਿਆ। ਨਰਿੰਦਰ ਦੋਸਾਂਝ, ਹੁਕਮ ਚੰਦ ਖਲੀਲੀ, ਜਗਦੀਸ਼ ਫਰਿਆਦੀ, ਪ੍ਰੋਫ਼ੈਸਰ ਨਿਰੰਜਨ ਸਿੰਘ ਮਾਨ, ‘ਪੰਜਾਬ ਦੀ ਕੋਇਲ’ ਕਰ ਕੇ ਜਾਣੀ ਜਾਂਦੀ ਗਾਇਕਾ ਸੁਰਿੰਦਰ ਕੌਰ, ਉਸਦੇ ਪਤੀ ਪ੍ਰੋਫ਼ੈਸਰ ਜੋਗਿੰਦਰ ਸਿੰਘ ਸੋਢੀ, ਨਵਤੇਜ ਸਿੰਘ ਪ੍ਰੀਤਲੜੀ, ਉਨ੍ਹਾਂ ਦੀ ਪਤਨੀ ਬੀਬੀ ਮਹਿੰਦਰ ਕੌਰ ਵੀ ਉਨ੍ਹਾਂ ਦੇ ਨਾਲ ਹੀ ਇਸ ਸਭਿਆਚਾਰ ਕਾਫ਼ਲੇ ਵਿਚ ਸ਼ਾਮਿਲ ਸਨ। ਤੇਰਾ ਸਿੰਘ ਚੰਨ ਨੇ ‘ਪੰਜਾਬ ਦੀ ਆਵਾਜ਼’, ‘ਨੀਲ ਦੀ ਸ਼ਹਿਜ਼ਾਦੀ’ ਅਤੇ ‘ਲੱਕੜ ਦੀ ਲੱਤ’ ਵਰਗੇ ਵਿਸ਼ਵ ਅਮਨ ਲਹਿਰ ਨੂੰ ਸਮਰਪਿਤ ਸੰਗੀਤ ਨਾਟਕ ਲਿਖੇ। ਅਮਰਜੀਤ ਗੁਰਦਾਸਪੁਰੀ ਨੇ ਇਨ੍ਹਾਂ ਸੰਗੀਤ ਨਾਟਕਾਂ ਵਿਚ ਆਪਣੀ ਆਵਾਜ਼ ਦਾ ਜਾਦੂ ਘੋਲਿਆ ਤਾਂ ਸੰਗੀਤ-ਨਾਟਕਾਂ ਦਾ ਪ੍ਰਭਾਵ ਦੂਣ-ਸਵਾਇਆ ਹੋ ਨਿੱਬੜਿਆ।
ਇੰਝ ਅਮਰਜੀਤ ਨਵੇਂ ਬਣੇ ਇਸ ਸਕੁਐਡ ਵਿਚ ਸ਼ਾਮਲ ਹੋ ਕੇ ਪਿੰਡ-ਪਿੰਡ ਆਪਣੀ ਨਾਟਕੀ ਪ੍ਰਤਿਭਾ ਅਤੇ ਗਾਇਨ-ਕਲਾ ਦੇ ਜੌਹਰ ਦਿਖਾਉਣ ਲੱਗਾ। ਉਸਦੀ ਸੁਰੀਲੀ ਆਵਾਜ਼ ਹਵਾ ਵਿਚ ਤਾਰੀਆਂ ਲਾਉਂਦੀ, ਸਰੋਤਿਆਂ ਦੇ ਕੰਨਾਂ ਵਿਚ ਸ਼ਹਿਦ ਘੋਲਦੀ ਤੁਰੀ ਜਾਂਦੀ। ਲੋਕ ਉਸਦੀ ਵਾਰੀ ਦੀ ਉਡੀਕ ਕਰਦੇ। ਉਹਦੇ ਗਾਏ ਗੀਤ ਡੰਗਰ ਚਾਰਦੇ ਵਾਗੀ ਵੀ ਡੰਗਰਾਂ ਨੂੰ ਮੋੜੇ ਲਾਉਂਦਿਆਂ ਗਾਉਣ ਲੱਗੇ। ਅੱਜ ਵੀ ਮੇਰੇ ਚੇਤਿਆਂ ਵਿਚ ਉਹਦੇ ਗੀਤਾਂ ਦੇ ਬੋਲ ਟੁਣਕ ਰਹੇ ਹਨ:
ਚਿੱਟੀ ਚਿੱਟੀ ਪਗੜੀ ਘੋਟ ਘੋਟ ਬੰਨ੍ਹਦਾ ਏਂ
ਉੱਤੇ ਵੇ ਗੁਲਾਬੀ ਫੁੱਲ ਟੰਗਿਆ ਕਰ
** * * * *
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ
* * * * * *
ਤੂੰ ਹਲ ਵਾਹਵੇਂ ਮੈਂ ਕੇਰਾਂ, ਵੇਖ ਕੇ ਸਿਆੜ ਹੱਸਦੇ।
ਵੇ ਚੰਨਾਂ! ਲੈ ਦੇ ਜੁੱਤੀ ਖੱਲ ਦੀ
ਕਿ ਨੰਗੇ ਮੇਰੇ ਪੈਰ ਘਸਦੇ।
ਅਮਰਜੀਤ ਗਰੁਦਾਸਪੁਰੀ ਨੂੰ ਛੇਤੀ ਹੀ ਇਹ ਅਹਿਸਾਸ ਹੋ ਗਿਆ ਕਿ ਕਮਿਊਨਿਸਟ ਲੀਡਰਾਂ ਦਾ ਕਲਾਕਾਰਾਂ ਪ੍ਰਤੀ ਰਵੱਈਆ ਉਨ੍ਹਾਂ ਨੂੰ ਮਰਾਸੀਆਂ ਤੁਲ ਸਮਝਣ ਵਾਲਾ ਹੀ ਸੀ। ਕਲਾਕਾਰ ਤਾਂ ਲੀਡਰਾਂ ਲਈ ਉਨ੍ਹਾਂ ਦੇ ਭਾਸ਼ਨ ਸੁਣਨ ਲਈ ਲੋਕਾਂ ਨੂੰ ਇਕੱਠਾ ਕਰਨ ਦਾ ਵਸੀਲਾ ਮਾਤਰ ਹੀ ਸਨ। ਇਸ ਤੋਂ ਵੱਧ ਕੁਝ ਨਹੀਂ। ਲੀਡਰ ਪਹਿਲਾਂ ਕਲਾਕਾਰਾਂ ਨੂੰ ਸਟੇਜ `ਤੇ ਭੇਜ ਛੱਡਦੇ। ਆਪ ਉਦੋਂ ਜਾਂਦੇ ਜਦੋਂ ਇਕੱਠ ਪੂਰਾ ਭਰ ਜਾਂਦਾ। ਉਨ੍ਹਾਂ ਦੇ ਸਟੇਜ ਉੱਤੇ ਪਹੁੰਚਣ ਸਾਰ ਸਟੇਜ ਸਕੱਤਰ ਐਲਾਨ ਕਰਦਾ, ‘ਸਾਥੀਓ! ਕਾਮਰੇਡ ਜੀ ਸਟੇਜ `ਤੇ ਪਹੁੰਚ ਚੁੱਕੇ ਨੇ ਤੇ ਹੁਣ ਸਟੇਜ ਦੀ ਕਾਰਵਾਈ ਬਾਕਾਇਦਾ ਸ਼ੁਰੂ ਕੀਤੀ ਜਾਂਦੀ ਹੈ।`
ਅਮਰਜੀਤ ਅੰਦਰੇ-ਅੰਦਰ ਖਿਝਦਾ, “ਜੇ ਸਟੇਜ ਦੀ ਬਾਕਾਇਦਾ ਕਾਰਵਾਈ ਹੁਣੇ ਹੀ ਸ਼ੁਰੂ ਹੋਈ ਹੈ ਤਾਂ ਅਸੀਂ ਏਨਾ ਚਿਰ ਸਟੇਜ `ਤੇ ਝੱਖ ਮਾਰਦੇ ਰਹੇ ਹਾਂ!”
ਉਹ ਸਾਥੀ ਕਲਾਕਾਰਾਂ ਨਾਲ ਵੀ ਆਪਣਾ ਰੰਜ ਸਾਂਝਾ ਕਰਦਾ ਪਰ ਪਾਰਟੀ ਆਗੂਆਂ ਤੋਂ ਡਰਦਾ ਕੋਈ ਕਲਾਕਾਰ ਬੋਲਣ ਦੀ ਹਿੰਮਤ ਨਾ ਰੱਖਦਾ। ਅਮਰਜੀਤ ਲਈ ਇਹ ਕਲਾਕਾਰ ਦੇ ਮਾਣ-ਸਨਮਾਨ ਦਾ ਮਸਲਾ ਬਣਦਾ ਜਾ ਰਿਹਾ ਸੀ। ਇੱਕ ਵਾਰ ਗੁਰਦਾਸਪੁਰ ਦੇ ਪਿੰਡ ਇਸਦਾ ਧੁਆਣ ਦਮੋਦਰ ਵਿਚ ਕਮਿਊਸਿਟ ਕਾਨਫ਼ਰੰਸ ਸੀ। ਭਰ ਸਿਆਲ ਦੀ ਠੰਢੀ ਰਾਤ ਸੀ। ਕਲਾਕਾਰਾਂ ਨੇ ਕਿਸੇ ਜਾਣਕਾਰ ਦੇ ਘਰ ਪ੍ਰੋਗਰਾਮ ਤੋਂ ਬਾਅਦ ਸੌਣ ਵਾਸਤੇ ਰੋਟੀ-ਪਾਣੀ ਅਤੇ ਮੰਜੇ ਬਿਸਤਰਿਆਂ ਦਾ ਪ੍ਰਬੰਧ ਕਰ ਛੱਡਿਆ ਸੀ। ਮਨ ਵਿਚ ਸੀ ਕਿ ਪ੍ਰੋਗਰਾਮ ਖ਼ਤਮ ਹੁੰਦਿਆਂ ਸਾਰ ਅੰਨ-ਪਾਣੀ ਛਕ ਕੇ ਵਿਛੇ ਹੋਏ ਨਿੱਘੇ ਬਿਸਤਰਿਆਂ ਵਿਚ ਆਰਾਮ ਕਰਾਂਗੇ। ਅੱਧੀ ਰਾਤ ਨੂੰ ਪ੍ਰੋਗਰਾਮ ਖ਼ਤਮ ਹੋਇਆ। ਉਹ ਰਵਾਂ-ਰਵੀਂ ਆਪਣੇ ਟਿਕਾਣੇ ਵੱਲ ਤੁਰ ਪਏ। ਜਾ ਕੇ ਕੀ ਵੇਖਦੇ ਹਨ ਕਿ ਉਨ੍ਹਾਂ ਲਈ ਵਿਛੇ ਬਿਸਤਰਿਆਂ `ਤੇ ਸੀਨੀਅਰ ਕਾਮਰੇਡ ਘੁਰਾੜੇ ਮਾਰ ਰਹੇ ਸਨ। ਹੁਣ ਉਨ੍ਹਾਂ ਦੇ ਪੈਣ ਲਈ ਬਿਸਤਰਾ ਤਾਂ ਭਲਾ ਕੀ ਮਿਲਣਾ ਸੀ! ਸੋ ਉਹ ਰੋਟੀ ਦਾ ਜੁਗਾੜ ਕਰਨ ਲੱਗੇ। ਵੇਖਿਆ; ਠੰਢੀ ਦਾਲ, ਰੋਟੀਆਂ ਵੀ ਠਰੀਆਂ ਤੇ ਖੱਲ ਵਾਂਗ ਆਕੜੀਆਂ ਹੋਈਆਂ ਸਨ। ਜਦ ਰੋਟੀਆਂ ਨੂੰ ਗਰਮ ਕਰਨ ਲੱਗੇ ਤਾਂ ਇੱਕ ਸੀਨੀਅਰ ਕਾਮਰੇਡ ਨੇ ਨੀਂਦ ਵਿਚ ਖਲਲ ਪੈਂਦਾ ਵੇਖ ਕੇ ਝਾੜਿਆ, “ਉਂਝ ਕਮਿਊਨਿਸਟ ਇਨਕਲਾਬੀ ਬਣਦੇ ਓ ਤੇ ਮੰਗਦੇ ਓ ਤੱਤੀ ਰੋਟੀ ਤੇ ਗਰਮ ਦਾਲ਼! ਚੰਗਾ ਇਨਕਲਾਬ ਲਿਆਓਗੇ!”
ਫਿਰ ਉਹ ਆਗੂ ਅਮਰਜੀਤ ਨੂੰ ਗੁੱਸੇ ਵਿਚ ਬੋਲਿਆ, “ਜ਼ੈਲਦਾਰਾਂ ਦਾ ਪੁੱਤ ਏਂ ਨਾ! ਤੇਰੇ ਵਿਚੋਂ ਜ਼ੈਲਦਾਰੀ ਵਾਲੀ ਫੂਕ ਨਹੀਂ ਨਿਕਲੀ ਅਜੇ ਵੀ।” ਫਿਰ ਕਾਮਰੇਡ ਨੇ ਹਿਕਾਰਤ ਨਾਲ ਕਿਹਾ, “ਵੱਡਾ ਕਾਮਰੇਡ!”
ਉਸ ਰਾਤ ਉਹ ਆਗੂਆਂ ਦੇ ਰਵੱਈਏ ਤੋਂ ਬਹੁਤ ਨਿਰਾਸ਼ ਅਤੇ ਉਦਾਸ ਹੋਇਆ। ਉਹਨੇ ਮਨ ਵਿਚ ਠਾਣ ਲਈ ਕਿ ਉਹ ਕਲਾਕਾਰਾਂ ਨੂੰ ਬਣਦਾ ਮਾਣ-ਸਨਮਾਨ ਦਿਵਾ ਕੇ ਰਹੇਗਾ। ਉਹਨੇ ਸਾਥੀ ਕਲਾਕਾਰਾਂ ਨੂੰ ਵੰਗਾਰਦਿਆਂ ਕਿਹਾ, “ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਲੋਕਾਂ ਲਈ ਅਜਿਹਾ ਨਿਜ਼ਾਮ ਲੈ ਕੇ ਆਵਾਂਗੇ ਜਿਸ ਵਿਚ ਹਰ ਇੱਕ ਨੂੰ ਉਹਦੀ ਯੋਗਤਾ ਮੁਤਾਬਕ ਬਣਦਾ ਮਾਣ ਦਿੱਤਾ ਜਾਵੇਗਾ, ਪਰ ਆਪ ਅਸੀਂ ਲੀਡਰਾਂ ਦੀ ਕਠਪੁਤਲੀ ਬਣੇ ਹੋਏ ਹਾਂ। ਅਸੀਂ ਕਮਿਊਨਿਟ-ਕਲਾਕਾਰ ਹਾਂ, ਕਮਿਊਨਿਸਟਾਂ ਦੇ ਮਰਾਸੀ ਨਹੀਂ। ਜਿਹੜਾ ਬੰਦਾ ਆਪਣੇ ਮਾਣ-ਸਨਮਾਨ ਲਈ ਨਹੀਂ ਲੜ ਸਕਦਾ, ਉਹ ਹੋਰ ਕਿਸੇ ਨੂੰ ਕੀ ਮਾਣ-ਸਨਮਾਨ ਦਿਵਾ ਸਕੇਗਾ!”
ਅਮਰਜੀਤ ਨੇ ਸਾਥੀਆਂ ਨਾਲ ਸਲਾਹ ਕਰ ਕੇ ਪਾਰਟੀ ਲੀਡਰਾਂ ਤਕ ਆਪਣਾ ਰੋਸ ਪਹੁੰਚਾਇਆ ਅਤੇ ਮੰਗ ਕੀਤੀ ਕਿ ਜਦੋਂ ਕਲਾਕਾਰ ਸਟੇਜ ਉਤੇ ਪਹੁੰਚਣ, ਲੀਡਰਾਂ ਨੂੰ ਵੀ ਉਦੋਂ ਹੀ ਸਟੇਜ `ਤੇ ਹਾਜ਼ਰ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਪੇਸ਼ਕਾਰੀਆਂ ‘ਬਾਕਾਇਦਾ ਸਟੇਜ’ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ। ਉਹਦੀ ਇਸ ਮੰਗ ਪਿੱਛੇ ‘ਕਲਾਕਾਰ ਦਾ ਸਵੈਮਾਣ’ ਬੋਲਦਾ ਸੀ। ਆਖ਼ਰਕਾਰ ਲੀਡਰਸਿੱਪ ਨੂੰ ਉਹਦੀ ਇਹ ਮੰਗ ਮੰਨਣੀ ਪਈ।
ਇਹ ਮੰਗ ਕਰਨੀ ਉਹਦਾ ਹੱਕ ਬਣਦਾ ਸੀ ਕਿਉਂਕਿ ਉਹ ਆਪਣੇ ਆਪ ਨੂੰ ਸੱਚਾ ਕਮਿਊਨਿਸਟ ਸਮਝਦਾ ਸੀ। ਕਮਿਊਨਿਸਟ ਪਾਰਟੀ ਨਾਲ ਉਹਦੀ ਪ੍ਰਤੀਬੱਧਤਾ ਹੀ ਸੀ ਕਿ ਜਦੋਂ ਪਾਰਟੀ `ਤੇ ਪਾਬੰਦੀ ਲੱਗੀ ਤਾਂ ਉਹ ਵੀ ਰੂਪੋਸ਼ ਹੋ ਗਿਆ। ਚੰਗੀ ਜ਼ਮੀਨ-ਜਾਇਦਾਦ ਵਾਲਾ ‘ਜ਼ੈਲਦਾਰਾਂ ਦਾ ਪੁੱਤ’ ਜੇ ਗੁਪਤਵਾਸ ਦੇ ਬਿਖੜੇ ਪੈਂਡਿਆਂ ਦਾ ਪਾਂਧੀ ਬਣ ਗਿਆ ਸੀ ਤਾਂ ਇਹ ਕੇਵਲ ਕਿਸੇ ਅਵੱਲੜੇ ਸ਼ੌਕ ਕਰ ਕੇ ਨਹੀਂ, ਸਗੋਂ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਕਰ ਕੇ ਹੀ ਸੀ। ਗੁਪਤਵਾਸ ਦੇ ਇਨ੍ਹਾਂ ਦਿਨਾਂ ਵਿਚ ਉਹ ਮੋਗਾ, ਫ਼ਰੀਦਕੋਟ, ਢੁੱਡੀਕੇ, ਨਿਹਾਲ ਸਿੰਘ ਵਾਲਾ ਇਲਾਕੇ ਦੇ ਲੋਕਾਂ ਵਿਚ ਵਿਚਰਦਾ ਰਿਹਾ। ਪਾਰਟੀ ਲਾਈਨ ਦਾ ਪ੍ਰਚਾਰ ਕਰਦਾ ਰਿਹਾ। ਇਨ੍ਹਾਂ ਦਿਨਾਂ ਵਿਚ ਹੀ ਉਹਦੀ ਸਾਂਝ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਤੇ ਸੁਰਜੀਤ ਗਿੱਲ ਵਰਗੇ ਸਾਹਿਤਕਾਰਾਂ ਨਾਲ ਬਣੀ। ਇੰਝ ਹੀ ਕਾਮਰੇਡ ਲਖਬੰਸ ਤੇ ਕੁਲਭੂਸ਼ਨ ਬੱਧਣਵੀ ਵਰਗੇ ਦੋਸਤਾਂ ਨਾਲ ਪਈ ਯਾਰੀ ਤਾ-ਉਮਰ ਨਿਭੀ।
ਕਰਤਾਰ ਸਿੰਘ ਬਲੱਗਣ ਉਨ੍ਹਾਂ ਦਿਨਾਂ ਵਿਚ ਪੰਜਾਬੀ ਕਵਿਤਾ ਵਿਚ ਬੜਾ ਵੱਡਾ ਨਾਂ ਸੀ। ਉਹ ਚਰਚਿਤ ਮਾਸਿਕ-ਪੱਤਰ ‘ਕਵਿਤਾ’ ਦਾ ਸੰਪਾਦਕ ਸੀ। ਉਹ ਬੜਾ ਨਾਮਵਰ ਗੀਤਕਾਰ ਵੀ ਸੀ। ਅਮਰਜੀਤ ਵਾਸਤੇ ਉਹਨੇ ਅਨੇਕਾਂ ਗੀਤ ਲਿਖੇ। ਅਮਰਜੀਤ ਦੀ ਆਵਾਜ਼ ਦੇ ਜਾਦੂ ਨੇ ਉਨ੍ਹਾਂ ਗੀਤਾਂ ਦੀ ਖ਼ੁਸ਼ਬੂ ਦਿੱਲੀ-ਕਲਕੱਤੇ ਦੀਆਂ ਹਵਾਵਾਂ ਤਕ ਬਿਖ਼ੇਰ ਦਿੱਤੀ। ਅਮਰਜੀਤ ਦੇ ਗਾਏ ਤੇ ਬਲੱਗਣ ਦੇ ਲਿਖੇ ਇਨ੍ਹਾਂ ਗੀਤਾਂ ਵਿਚੋਂ ਇੱਕ ਗੀਤ ਤਾਂ ਲਗਭਗ ਹਰੇਕ ਸਟੇਜ `ਤੇ ਉਸ ਕੋਲੋਂ ਫ਼ਰਮਾਇਸ਼ ਕਰ ਕੇ ਸੁਣਿਆ ਜਾਂਦਾ ਸੀ:
ਚਿੱਟੀ-ਚਿੱਟੀ ਪਗੜੀ ਤੇ ਘੁਟ-ਘੁੱਟ ਬੰਨ,
ਭਲਾ ਵੇ ਮੈਨੂੰ ਤੇਰੀ ਸਹੁੰ ਈ,
ਵਿਚ ਵੇ ਗੁਲਾਬੀ ਫੁੱਲ ਟੰਗਿਆ ਕਰ।
ਅਸੀਂ ਜਦੋਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ‘ਮੇਲਾ ਗ਼ਦਰੀ ਬਾਬਿਆਂ ਦਾ’ ਸ਼ੁਰੂ ਕੀਤਾ ਤਾਂ ਅਮਰਜੀਤ ਨੂੰ ਉਚੇਚੇ ਤੌਰ `ਤੇ ਬੁਲਾਇਆ। ਓਥੇ ਉਸਨੇ ਇਹੋ ਗੀਤ ਗਾ ਕੇ ਪੁਰਾਣੇ ਸਰੋਤਿਆਂ ਦੇ ਦਿਲਾਂ ਦੀਆਂ ਤਰਬਾਂ ਛੇੜ ਦਿੱਤੀਆਂ ਸਨ।
ਇੰਝ ਹੀ ਬਲੱਗਣ ਦੇ ਦਿਲ ਨੂੰ ਧੂਹ ਪਾਉਣ ਵਾਲੇ ਕੁਝ ਅਜਿਹੇ ਗੀਤ ਹੋਰ ਵੀ ਸਨ, ਜਿਨ੍ਹਾਂ ਦਾ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਨੇ ਲੋਕ-ਚੇਤਿਆਂ ਵਿਚ ਸਦੀਵੀ ਵਾਸ ਕਰਵਾ ਦਿੱਤਾ।
ਠੰਢੇ ਬੁਰਜ ਵਿਚੋਂ ਇੱਕ ਦਿਨ ਦਾਦੀ ਮਾਤਾ,
ਪਈ ਹੱਸ-ਹੱਸ ਬੱਚਿਆਂ ਨੂੰ ਤੋਰੇ।
***
ਸਿੰਘਾ ਜੇ ਚੱਲਿਆ ਚਮਕੌਰ, ਉਥੇ ਸੁੱਤੇ ਨੀ ਦੋ ਭੌਰ।
ਧਰਤੀ ਚੁੰਮੀਂ ਕਰਕੇ ਗੌਰ, ਕਲਗੀਧਰ ਦੀਆਂ ਪਾਈਏ ਬਾਤਾਂ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ `ਚੋਂ ਕੱਢੀਆਂ ਨੇਰੀਆਂ ਰਾਤਾਂ।
ਮਹਿੰਗੇ ਮੁੱਲ ਲਈਆਂ ਪ੍ਰਭਾਤਾਂ।
ਅਮਨ ਲਹਿਰ ਸੰਸਾਰ ਦੇ ਜੰਗਬਾਜ਼ਾਂ ਦੇ ਖਿ਼ਲਾਫ਼ ਜਨ-ਅੰਦੋਲਨ ਸੀ। ਇਸ ਨੂੰ ਹੁਲਾਰਾ ਦੇਣ ਲਈ ਕਵੀਆਂ-ਕਲਾਕਾਰਾਂ ਨੇ ਭਰਪੂਰ ਯੋਗਦਾਨ ਪਾਇਆ। ਜੰਗ ਦੇ ਖਿ਼ਲਾਫ ਹੀ ਗੁਰਦਾਸਪੁਰੀ ਦਾ ਗਾਇਆ ਤੇ ਬਲੱਗਣ ਦਾ ਲਿਖਿਆ ਗੀਤ ਬਹੁਤ ਚਰਚਿਤ ਹੋਇਆ।
ਵੇ ਮੁੜ ਆ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ।
ਕਣਕਾਂ ਨਿਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ।
ਵੇ ਮੁੜ ਆ ਲਾਮਾਂ ਤੋਂ।
ਉਸਦੇ ਸੁਭਾਅ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਰਹੀ ਹੈ। ਉਹ ਹੈ, ਆਪਣੇ ਗੀਤਕਾਰਾਂ ਦਾ ਬਣਦਾ ਸਨਮਾਨ ਕਰਨਾ। ਉਹਨੂੰ ਸਦਾ ਇਹ ਇਤਰਾਜ਼ ਰਿਹਾ ਕਿ ਗਾਉਣ ਵਾਲੇ ਗੀਤ ਲਿਖਣ ਵਾਲੇ ਦਾ ਨਾਮ ਕਿਉਂ ਨਹੀਂ ਲੈਂਦੇ! ਉਸਨੇ ਬਹੁਤ ਸਾਰੇ ਗਾਇਕਾਂ ਨੂੰ ਇਹ ਆਦਤ ਪਾਈ ਅਤੇ ਉਹ ਗਾਉਣ ਤੋਂ ਪਹਿਲਾਂ ਗੀਤਕਾਰ ਦਾ ਨਾਮ ਪੂਰੇ ਅਦਬ ਨਾਲ ਲੈਣ ਲੱਗੇ। ਗਾਇਕਾਂ ਵੱਲੋਂ ਗੀਤਕਾਰ ਨੂੰ ਉਹਲੇ ਵਿਚ ਰੱਖਣ ਦੀ ਇਹ ਬੀਮਾਰੀ ਆਮ ਹੀ ਹੈ। ਇਸ ਬਾਰੇ ਵੀ ਅਮਰਜੀਤ ਨੇ ਇਕ ਦਿਲਚਸਪ ਘਟਨਾ ਸੁਣਾਈ।
ਦਿੱਲੀ ਦੀ ਇੱਕ ਬਹੁਤ ਵੱਡੀ ਸਟੇਜ ਸੀ। ਸਟੇਜ ਉਤੇ ਉਸ ਵੇਲੇ ਦੇ ਮਹੱਤਵਪੂਰਨ ਕੇਂਦਰੀ ਆਗੂ ਬਾਬੂ ਜਗਜੀਵਨ ਰਾਮ ਅਤੇ ਸੁਰਜੀਤ ਸਿੰਘ ਮਜੀਠੀਆ ਵੀ ਬੈਠੇ ਹੋਏ ਸਨ। ਜਦੋਂ ਅਮਰਜੀਤ ਗੁਰਦਾਸਪੁਰੀ ਗੀਤ ਪੇਸ਼ ਕਰਨ ਲਈ ਉਠਿਆ ਤਾਂ ਉਸਨੇ ਕਿਹਾ ਕਿ ਇਹ ਜਿਹੜਾ ਗੀਤ ‘ਠੰਢੇ ਬੁਰਜ ਵਿਚ ਦਾਦੀ ਮਾਤਾ’ ਮੈਂ ਤੁਹਾਨੂੰ ਸੁਣਾਉਣ ਲੱਗਾ ਹਾਂ, ਇਹ ਗਾ ਤਾਂ ਮੈਂ ਰਿਹਾਂ ਪਰ ਲਿਖਿਆ ਇਸਨੂੰ ਕਰਤਾਰ ਸਿੰਘ ਬਲੱਗਣ ਹੁਰਾਂ ਹੈ, ਜੋ ਇਸ ਵੇਲੇ ਸਟੇਜ ਉਤੇ ਵੀ ਬਿਰਾਜਮਾਨ ਹਨ। ਮੇਰੀ ਬੇਨਤੀ ਹੈ ਕਿ ਜਿਸਨੇ ਮੈਨੂੰ ਇਨਾਮ ਦੇਣਾ ਹੋਵੇ ਉਹ ਗੀਤ ਦੇ ਲੇਖਕ ਨੂੰ ਵੀ ਨਾਲ ਇਨਾਮ ਦੇਵੇ, ਨਹੀਂ ਤਾਂ ਮੈਨੂੰ ਵੀ ਨਾ ਦੇਵੇ।
ਤੇ ਹੋਇਆ ਵੀ ਇੰਝ ਹੀ। ਲੋਕਾਂ ਨੇ ਉਸਦੇ ਨਾਲ ਹੀ ਬਲੱਗਣ ਨੂੰ ਵੀ ਬਰਾਬਰ ਦਾ ਸਨਮਾਨ ਦਿੱਤਾ। ਉਸ ਅਨੁਸਾਰ ਜਦੋਂ ਕੋਈ ਗਾਇਕ ਗੀਤ-ਲੇਖਕ ਦਾ ਨਾਮ ਲੈਂਦਾ ਹੈ ਤਾਂ ਉਸਦੀ ਆਪਣੀ ਹੀ ਸੋਭਾ ਵਧਦੀ ਹੈ, ਘਟਦੀ ਨਹੀਂ।
ਜਦੋਂ ਲਾਲ ਚੰਦ ਯਮਲਾ ਜੱਟ ਵਿਧਾਤਾ ਸਿੰਘ ਤੀਰ ਦੀ ਲਿਖੀ ਰਚਨਾ ‘ਵਾਹ! ਵਾਹ!! ਗੜ੍ਹੀਏ ਚਮਕੌਰ ਦੀਏ’ ਗਾਇਆ ਕਰਦਾ ਸੀ ਅਤੇ ਆਖਿ਼ਰ `ਤੇ ‘ਤੀਰ’ ਦੀ ਥਾਂ ਆਖਦਾ ਸੀ, ‘ਯਮਲੇ ਨੂੰ ਦਿਲੋਂ ਪਿਆਰੀ ਏਂ’ ਤਾਂ ਆਪਣੇ ਮਨ-ਪਸੰਦ ਗਾਇਕ ਦੀ ਇਹ ਹਰਕਤ ਅਮਰਜੀਤ ਨੂੰ ਬੜੀ ਰੜਕਦੀ ਸੀ।
ਅਮਨ ਲਹਿਰ ਦੇ ਦਿਨੀਂ ਅਮਰਜੀਤ ਦੀ ਪੰਜਾਬੀ ਦੇ ਨਾਮਵਰ ਲੇਖਕਾਂ ਤੇ ਸ਼ਾਇਰਾਂ ਨਾਲ ਗੂੜ੍ਹੀ ਦੋਸਤੀ ਪਈ। ਸਿ਼ਵ ਕੁਮਾਰ ਬਟਾਲਵੀ ਤਾਂ ਉਹਨੂੰ ਵੱਡੇ ਭਰਾਵਾਂ ਵਾਂਗ ਸਮਝਦਾ ਸੀ। ਗੁਰਦਾਸਪੁਰੀ ਨੇ ਹੀ ਸਿ਼ਵ ਨੂੰ ਮਾਝੇ ਦੇ ਚਰਚਿਤ ਲੇਖਕਾਂ ਨਾਲ ਮਿਲਾਇਆ। ਸਿ਼ਵ ਦੱਸਦਾ ਹੁੰਦਾ ਸੀ ਕਿ ਉਹਨੇ ਆਪਣਾ ਗੀਤ ‘ਕਾਲੀ ਦਾਤਰੀ ਚੰਨਣ ਦਾ ਦਸਤਾ, ਲੱਛੀ ਕੁੜੀ ਵਾਢੀਆਂ ਕਰੇ’ ਅਮਰਜੀਤ ਗੁਰਦਾਸਪੁਰੀ ਦੀ ਬੰਬੀ `ਤੇ ਬਹਿ ਕੇ ਲਿਖਿਆ ਸੀ। ਅੰਬਰਸਰ ਦੀ ਲੋਕ ਲਿਖਾਰੀ ਸਭਾ ਦਾ ਉਨ੍ਹਾਂ ਦਿਨਾਂ ਵਿਚ ਬੜਾ ਵੱਜ ਸੀ। ‘ਤੇਜ ਪ੍ਰਿੰਟਿੰਗ ਪ੍ਰੈਸ’ ਇੱਕ ਹੋਰ ਅਜਿਹਾ ਅਦਾਰਾ ਸੀ, ਜਿੱਥੇ ਜਲੰਧਰ ਦੇ ਕਾਫ਼ੀ ਹਾਊਸ ਵਾਂਗ ਮੰਨੇ-ਪ੍ਰਮੰਨੇ ਸਾਹਿਤਕਾਰ ਮਿਲ ਬੈਠਦੇ। ਗੰਭੀਰ ਸਾਹਿਤਕ ਵਿਚਾਰਾਂ ਹੁੰਦੀਆਂ। ਨਵੇਂ ਲੇਖਕਾਂ ਨੂੰ ਓਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਮੈਂ ਵੀ ਆਪਣੇ ਲਿਖਣ-ਕਾਲ ਦੇ ਮੁਢਲੇ ਦਿਨੀਂ ਕਈ ਵਾਰ ਏਥੇ ਹਾਜ਼ਰੀ ਭਰੀ। ਏਥੇ ਹੀ ਮੈਂ ਜੋਗਿੰਦਰ ਸਿੰਘ ਰਾਹੀ ਵਰਗੇ ਪ੍ਰਬੁੱਧ ਆਲੋਚਕ ਨੂੰ ਪਹਿਲੀ ਵਾਰ ਮਿਲਿਆ। ਉਨ੍ਹੀਂ ਦਿਨੀਂ ਉਹ ਡੀ ਏ ਵੀ ਕਾਲਜ ਵਿਚ ਪੜ੍ਹਾਉਂਦਾ ਸੀ। ‘ਤੇਜ ਪ੍ਰਿੰਟਿੰਗ ਪ੍ਰੈਸ’ ਨਵੇਂ ਲੇਖਕਾਂ ਲਈ ‘ਸਾਹਿਤਕ ਸਕੂਲ’ ਦਾ ਕੰਮ ਕਰਦਾ ਸੀ। ਲੋਕ-ਲਿਖਾਰੀ ਸਭਾ ਤੇ ਤੇਜ ਪ੍ਰਿਟਿੰਗ ਪ੍ਰੈੱਸ `ਤੇ ਸਿ਼ਵ ਕੁਮਾਰ ਨੂੰ ਗੁਰਦਾਸਪੁਰੀ ਹੀ ਪਹਿਲੀ ਵਾਰ ਲੈ ਕੇ ਗਿਆ ਸੀ ਤੇ ਚਰਚਿਤ ਲੇਖਕਾਂ ਨਾਲ ਉਹਦਾ ਤੁਆਰਫ਼ ਕਰਵਾਇਆ।
ਕਰਤਾਰ ਸਿੰਘ ਬਲੱਗਣ ਨਾਲ ਵੀ ਸਿ਼ਵ ਕੁਮਾਰ ਨੂੰ ਅਮਰਜੀਤ ਗੁਰਦਾਸਪੁਰੀ ਨੇ ਹੀ ਮਿਲਵਾਇਆ ਸੀ।
ਪਹਿਲਾਂ ਉਹ ਪਾਰਟੀ-ਸਟੇਜਾਂ ਉਤੇ ਹੀ ਗਾਉਂਦਾ ਸੀ ਪਰ ਜਦੋਂ ਪਾਰਟੀ ਦੋ-ਫਾੜ ਹੋ ਗਈ ਤਾਂ ਉਹ ਉਦਾਸੀਨ ਹੋ ਗਿਆ। ਦੋਹੀਂ ਪਾਸੀਂ ਉਹਦੇ ‘ਆਪਣੇ’ ਸਨ। ਉਹ ਕਿਸ ਦੇ ਖਿ਼ਲਾਫ਼ ਬੋਲੇ? ਉਹਦੇ ਕੋੋਲੋਂ ਪ੍ਰਤੀਬੱਧ ਸਟੇਜ ਗਵਾਚ ਗਈ ਸੀ। ਹੁਣ ਉਹਨੇ ‘ਖੁੱਲ੍ਹੀਆਂ ਸਟੇਜਾਂ’ ਉੱਤੇ ਵੀ ਗਾਉਣਾ ਸ਼ੁਰੂ ਕਰ ਦਿੱਤਾ ਪਰ ਉਸਨੇ ਆਪਣੇ ਮਿਆਰ ਨੂੰ ਢਾਹ ਨਾ ਲੱਗਣ ਦਿੱਤੀ। ਖੁੱਲ੍ਹੀ ਸਟੇਜ `ਤੇ ਆ ਕੇ ਵੀ ਉਸਨੇ ਆਪਣਾ ਮੁੱਖ ਉਦੇਸ਼ ‘ਪੈਸਾ ਨਹੀਂ’ ‘ਕਲਾ’ ਨੂੰ ਹੀ ਬਣਾਈ ਰੱਖਿਆ। ਉਸ ਨੇ ਕਦੀ ਵੀ ਅਸ਼ਲੀਲ ਗੀਤ ਨਹੀਂ ਗਾਏ। ਉਹ ਸਦਾ ਪੰਜਾਬੀ ਦੇ ਚੋਟੀ ਦੇ ਸੁਥਰੇ ਗੀਤਕਾਰਾਂ ਦੇ ਗੀਤ ਹੀ ਗਾਉਂਦਾ ਰਿਹਾ। ਨੰਦ ਲਾਲ ਨੂਰਪੁਰੀ, ਕਰਤਾਰ ਸਿੰਘ ਬਲੱਗਣ, ਸਿ਼ਵ ਕੁਮਾਰ ਅਤੇ ਬਰਕਤ ਰਾਮ ਯੁਮਨ ਉਸਦੇ ਪਸੰਦੀਦਾ ਗੀਤਕਾਰ ਸਨ। ਉਸ ਦੇ ਚਹੇਤੇ ਗਾਇਕਾਂ ਵਿਚ ਇਧਰਲੇ ਪੰਜਾਬ ਵਿਚ ਸੁਰਿੰਦਰ ਕੌਰ ਅਤੇ ਯਮਲਾ ਜੱਟ ਦਾ ਨਾਮ ਉਸਨੇ ਆਦਰ ਨਾਲ ਲਿਆ ਸੀ ਅਤੇ ਉਧਰਲੇ ਪੰਜਾਬ ਵਿਚ ਉਹਦੀ ਪਸੰਦ ਮਹਿਦੀ ਹਸਨ, ਰੇਸ਼ਮਾ, ਨਾਹੀਦ ਅਖ਼ਤਰ ਅਤੇ ਆਲਮ ਲੁਹਾਰ ਸਨ। ਸੁਰਿੰਦਰ ਕੌਰ ਨਾਲ ਤਾਂ ਉਸ ਨੇ ਲੰਮਾ ਸਮਾਂ ਸਟੇਜ `ਤੇ ਗਾਇਆ ਵੀ।
ਉਸ ਨੇ ਕਿਹਾ, “ਇੱਕ ਤਾਂ ਕਲਾਕਾਰ ਨੂੰ ਪਾਰਟੀ-ਬੰਧੇਜ ਵਿਚ ਨਹੀਂ ਬੱਝਣਾ ਚਾਹੀਦਾ। ਇਸ ਨਾਲ ਉਸਦੀ ਮੌਲਿਕਤਾ ਨਸ਼ਟ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਰ ‘ਬੰਧੇਜ ਵਿਚ ਨਾ ਬੱਝਣ’ ਦਾ ਇਹ ਅਰਥ ਨਹੀਂ ਕਿ ਉਹਦੀਆਂ ਵਾਗਾਂ ਖੁੱਲ੍ਹ ਗਈਆਂ ਨੇ ਅਤੇ ਉਹਦੀ ਕੋਈ ਜਿੰ਼ਮੇਵਾਰੀ ਰਹੀ ਹੀ ਨਹੀਂ। ਉਹ ਜੋ ਚਾਹੇ ਗੰਦ-ਮੰਦ ਬਕਦਾ ਰਹੇ!”
ਤੇ ਉਹਨੇ ਸੌ ਗੱਲਾਂ ਦੀ ਗੱਲ ਆਖ ਦਿੱਤੀ, “ਗਾਇਕ ਨੂੰ ਪੈਸੇ ਦੀ ਨਹੀਂ, ਸਦਾ ਆਪਣੇ ਅੰਦਰ ਦੀ ਆਵਾਜ਼ ਸੁਣਨੀ ਚਾਹੀਦੀ ਹੈ।”
ਉਹਨੇ ‘ਅੰਦਰ ਦੀ ਆਵਾਜ਼’ ਸੁਣਨ ਦੀ ਇੱਕ ਬਹੁਤ ਹੀ ਖ਼ੂਬਸੂਰਤ ਮਿਸਾਲ ਦਿੱਤੀ। ਇੱਕ ਵਾਰ ‘ਕੇਂਦਰੀ ਪੰਜਾਬੀ ਲੇਖਕ ਸਭਾ’ ਦੀ ਕਾਨਫ਼ਰੰਸ ਉਤੇ ਰੂਸੀ ਡੈਲੀਗੇਸ਼ਨ ਆਇਆ। ਅਮਰਜੀਤ ਗੁਰਦਾਸਪੁਰੀ ਨੇ ਉਸਦੇ ਸਵਾਗਤ ਵਿਚ ਪ੍ਰੋ. ਮੋਹਨ ਸਿੰਘ ਦਾ ਲਿਖਿਆ ਬਹੁ-ਚਰਚਿਤ ਗੀਤ ‘ਅੱਜ ਕੋਈ ਆਇਆ ਸਾਡੇ ਵਿਹੜੇ’ ਗਾਇਆ ਜਿਸਨੂੰ ਬੇਹੱਦ ਪਸੰਦ ਕੀਤਾ ਗਿਆ। ਇੱਥੇ ਇਹ ਗੀਤ ਗਾਉਣਾ ਉਹਦੇ ‘ਅੰਦਰ ਦੀ ਆਵਾਜ਼’ ਸੀ, ਕਿਉਂਕਿ ਉਹ ਵਿਚਾਰਧਾਰਕ ਪੱਖੋਂ ਕਮਿਊਨਿਸਟਾਂ ਦੇ ਨੇੜੇ ਸੀ ਤੇ ਸੰਸਾਰ ਦੇ ਸਭ ਤੋਂ ਵੱਡੇ ਕਮਿਊਨਿਸਟ ਮੁਲਕ ਸੋਵੀਅਤ ਰੂਸ ਤੋਂ ਆਉਣ ਕਰਕੇ ਇਸ ਡੈਲੀਗੇਸ਼ਨ ਨਾਲ ਉਹਦਾ ਅਪਣੱਤ ਦਾ ਰਿਸ਼ਤਾ ਸੀ।
ਕੁਝ ਚਿਰ ਬਾਅਦ ਮਾਝੇ ਦੇ ਮਸ਼ਹੂਰ ਪਿੰਡ ਖਡੂਰ ਸਾਹਿਬ ਦੇ ਮੇਲੇ ਉਤੇ ਉਹਨੂੰ ਉਚੇਚੇ ਤੌਰ `ਤੇ ਬੁਲਾਇਆ ਗਿਆ। ਇਸ ਮੇਲੇ ਉੱਤੇ ਵੇਲੇ ਦੇ ਮੁੱਖ-ਮੰਤਰੀ ਪਰਤਾਪ ਸਿੰਘ ਕੈਰੋਂ ਨੇ ਆਉਣਾ ਸੀ। ਪ੍ਰਬੰਧਕਾਂ ਨੇ ਉਹਨੂੰ ਸਰਦਾਰ ਕੈਰੋਂ ਦੀ ਆਮਦ ਦੀ ਖ਼ੁਸ਼ੀ ਵਿਚ ਪ੍ਰੋ. ਮੋਹਨ ਸਿੰਘ ਦਾ ਓਹੀ ਗੀਤ ‘ਅੱਜ ਕੋਈ ਆਇਆ ਸਾਡੇ ਵਿਹੜੇ’ ਗਾਉਣ ਲਈ ਕਿਹਾ। ਅਮਰਜੀਤ ਨੇ ਪ੍ਰਬੰਧਕਾਂ ਵੱਲੋਂ ਦਿੱਤੀ ਪੇਸ਼ਗੀ ਮਾਇਆ ਉਨ੍ਹਾਂ ਨੂੰ ਮੋੜਦਿਆਂ ਹੱਥ ਜੋੜ ਦਿੱਤੇ, “ਮੁਆਫ਼ ਕਰਨਾ ਜੀ, ਸਰਦਾਰ ਕੈਰੋਂ ਦੇ ਸਨਾਮਾਨ ਵਿਚ ਇਹ ਗੀਤ ਗਾਉਣ ਲਈ ਮੇਰਾ ਮਨ ਮੈਨੂੰ ਇਜਾਜ਼ਤ ਨਹੀਂ ਦਿੰਦਾ!”
ਉਸਨੇ ਸਾਫ਼ ਇਨਕਾਰ ਕਰ ਕੇ ਸਾਬਤ ਕਰ ਦਿੱਤਾ ਜਿੱਥੇ ਉਹਦਾ ‘ਆਪਣਾ ਅੰਦਰ’ ਆਵਾਜ਼ ਨਹੀਂ ਦਿੰਦਾ, ਓਥੇ ਉਹ ਪੈਸਿਆਂ ਦੇ ਲਾਲਚ ਵਿਚ ਕਦੀ ਨਹੀਂ ਗਾ ਸਕਦਾ!
ਅਮਰਜੀਤ ਗੁਰਦਾਸਪੁਰੀ ਖ਼ੁਦਦਾਰ ਕਲਾਕਾਰ ਰਿਹਾ ਹੈ। ਉਹਦੀ ਖ਼ੁਦਦਾਰੀ ਤੇ ਸਰਕਾਰੀ ਅਦਾਰਿਆਂ ਦੀ ਉਸ ਵੱਲ ਬੇਰੁਖ਼ੀ ਬਾਰੇ ਗੁਰਭਜਨ ਗਿੱਲ ਨੇ ਬੜਾ ਦਿਲਚਸਪ ਬਿਰਤਾਂਤ ਸਾਂਝਾ ਕੀਤਾ ਹੈ। ਉਹ ਲਿਖਦਾ ਹੈ:
‘ਸਵੈਮਾਣ ਅਤੇ ਆਪਣੇ ਆਦਰਸ਼ `ਤੇ ਪਹਿਰੇਦਾਰੀ ਦੇ ਰਿਹਾ ਅਮਰਜੀਤ ਗੁਰਦਾਸਪੁਰੀ ਆਪ 1962 ਤੋਂ ਲਗਾਤਾਰ ਅਕਾਸ਼ਬਾਣੀ ਜਲੰਧਰ ਦਾ ‘ਏ’ ਗਰੇਡ ਕਲਾਕਾਰ ਰਿਹਾ ਹੈ। ਉਸਦੇ ਗਾਏ ਗੀਤਾਂ ਨੂੰ ਅਕਾਸ਼ਬਾਣੀ ਤੋਂ ਬਿਨਾਂ ਹੋਰ ਕਿਤਿਓਂ ਨਹੀਂ ਸੁਣਿਆ ਜਾ ਸਕਦਾ ਕਿਉਂਕਿ ਵਪਾਰਕ ਕੰਪਨੀਆਂ ਨਾਲ ਸਮਝੌਤਾ ਉਸਨੇ ਕੀਤਾ ਨਹੀਂ ਅਤੇ ਦੂਰਦਰਸ਼ਨ ਦੀ ਲਾਲ ਫੀਤਾਸ਼ਾਹੀ ਨੂੰ ਉਸਨੇ ਕਦੇ ਪੱਠੇ ਨਹੀਂ ਪਾਏ। ਅਮਰਜੀਤ ਗੁਰਦਾਸਪੁਰੀ ਅਜੇ ਵੀ ਦੂਰਦਰਸ਼ਨ ਦੀ ਸਕਰੀਨ ਦਾ ਹਿੱਸਾ ਨਹੀਂ ਬਣ ਸਕਿਆ। ਹਾਂ ਇੱਕ ਵਾਰ ਗਲਤੀ ਨਾਲ ਕਿਸੇ ਮਿੱਤਰ ਨੇ ਉਹਨੂੰ ਬੁਲਾ ਤਾਂ ਲਿਆ ਪਰ ਨਾਲ ਹੀ ਸਾਜਿੰਦੇ ਨਾਲ ਨਾ ਲਿਆਉਣ ਕਾਰਨ ਤਲਖ਼ਕਲਾਮੀ ਕੀਤੀ, ਜਿਸਦੇ ਵਿਰੋਧ ਵਜੋਂ ਅਮਰਜੀਤ ਨੇ ਰਿਕਾਰਡਿੰਗ ਕਰਵਾਉਣ ਤੋਂ ਇਨਕਾਰ ਕਰ ਦਿੱਤਾ।’
ਉਹਦੇ ਨਕਸ਼ੇ-ਕਦਮ `ਤੇ ਚੱਲਣ ਵਾਲੇ ਉਹਦੇ ਕਈ ਸ਼ਾਗਿਰਦ ਹਨ, ‘ਜਿਨ੍ਹਾਂ ਨੇ ਕਦੇ ਅਸ਼ਲੀਲ ਬੋਲਾਂ ਨੂੰ ਆਪਣੇ ਕੰਠ `ਤੇ ਨਹੀਂ ਲਿਆਂਦਾ। ਮਿਸਾਲ ਦੇਣੀ ਹੋਵੇ ਤਾਂ ਆਕਾਸ਼ਬਾਣੀ ਜਲੰਧਰ ਤੋਂ ਲੋਕ ਗੀਤ ਗਾਉਣ ਵਾਲੇ ਇਸ ਇਲਾਕੇ ਦੇ ਕਲਾਕਾਰਾਂ ਜਗੀਰ ਸਿੰਘ ਤਾਲਬ, ਅਮਰੀਕ ਸਿੰਘ ਦੱਤ, ਹਰਦੇਵ ਸਿੰਘ ਖੁਸ਼ਦਿਲ, ਕਸ਼ਮੀਰ ਸਿੰਘ ਸ਼ੰਭੂ, ਹਰਭਜਨ ਸਿੰਘ ਮਲਕਪੁਰੀ ਦਾ ਹਵਾਲਾ ਦਿੱਤਾ ਜਾ ਸਕਦਾ ਹੈ।’
ਅਮਰਜੀਤ ਗੁਰਦਾਸਪੁਰੀ ਨੇ ਆਪਣੇ ਯਤਨਾਂ ਨਾਲ ਕਈ ਲੋਕ-ਗੀਤ ਲੱਭੇ ਅਤੇ ਉਨ੍ਹਾਂ ਲਈ ਧੁਨਾਂ ਵੀ ਤਿਆਰ ਕੀਤੀਆਂ। ਇਹ ਗੀਤ ਅਤੇ ਧੁਨਾਂ ਬਾਅਦ ਵਿਚ ਏਨੀਆਂ ਪ੍ਰਚੱਲਿਤ ਹੋਈਆਂ ਕਿ ਹਰੇਕ ਗਾਇਕ ਇਨ੍ਹਾਂ ਗੀਤਾਂ ਅਤੇ ਧੁਨਾਂ ਨੂੰ ਵਰਤਣ ਲੱਗਾ।
‘ਗਲੀ ਗਲੀ ਵਣਜਾਰਾ ਫਿਰਦਾ’ ਲੋਕ-ਗੀਤ ਉਸਨੇ ਹੀ ਸਭ ਤੋਂ ਪਹਿਲਾਂ ਪਾਰਟੀ ਦੀ ਸੂਬਾ ਕਾਨਫ਼ਰੰਸ ਮੌਕੇ ਗਾਇਆ ਸੀ। ਇਹ ਗੀਤ ਉਸਨੇ ਨਿੱਕੇ ਹੁੰਦਿਆਂ ਭੰਡਾਰ ਕੱਤਦੀਆਂ ਕੁੜੀਆਂ ਕੋਲੋਂ ਸੁਣਿਆ ਸੀ। ਉਸ ਕੋਲੋਂ ਸੁਣ ਕੇ ਇਹ ਗੀਤ ਪੰਜਾਬ ਦੇ ਹਰ ਗਾਇਕ ਨੇ ਗਾਇਆ। ਵਰ੍ਹਿਆਂ ਤੋਂ ਲੰਮੀ ਹੇਕ ਵਿਚ ਗਾਏ ਜਾਂਦੇ ‘ਮਿਰਜ਼ੇ’ ਦੇ ਉਹ ਬੋਲ ਗੁਰਦਾਸਪੁਰੀ ਦੀ ਖੋਜ ਹਨ, ਜਿਸ ਵਿਚ ਮਿਰਜ਼ੇ ਨੂੰ ਉਸ ਦੀ ਭਾਬੀ ਮੱਤ ਦਿੰਦੀ ਹੈ:
ਚੜ੍ਹਦੇ ਮਿਰਜ਼ੇ ਖ਼ਾਨ ਨੂੰ,
ਵੱਡੀ ਭਾਬੀ ਲੈਂਦੀ ਥੰਮ।
ਵੇ ਮੈਂ ਕਦੇ ਨਾ ਦਿਓਰ ਵੰਗਾਰਿਆ,
ਤੂੰ ਕਦੇ ਨਾ ਆਇਓਂ ਕੰਮ।
ਸਾਹਿਬਾਂ ਕਿਹੜੀ ਪਦਮਨੀ,
ਉਹ ਵੀ ਰੰਨਾਂ ਵਰਗੀ ਰੰਨ।
ਇਹ ਸਤਰਾਂ ਪੀਲੂ ਦੇ ਲਿਖੇ ਮਿਰਜ਼ੇ ਵਿਚ ਸ਼ਾਮਲ ਨਹੀਂ ਹਨ। ਹੋਰ ਵੀ ਕਿਧਰੇ ਇਹ ਛਪੀਆਂ ਨਹੀਂ ਮਿਲਦੀਆਂ।
ਇੱਕ ਵਾਰ ਅਮਰਜੀਤ ਡੇਰਾ ਬਾਬਾ ਨਾਨਕ ਤੋਂ ਸਾਈਕਲ `ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਉਸਨੇ ਸੁਣਿਆ, ਉਸ ਅੱਗੇ ਜਾ ਰਿਹਾ ਸਾਈਕਲ ਸਵਾਰ ਇਹੋ ਸਤਰਾਂ ਬੜੀ ਮਸਤੀ ਵਿਚ ਗਾਉਂਦਾ ਜਾ ਰਿਹਾ ਸੀ। ਅਮਰਜੀਤ ਨੂੰ ਜਿਵੇਂ ਕਾਰੂੰ ਦਾ ਖ਼ਜ਼ਾਨਾ ਮਿਲ ਗਿਆ। ਉਸਨੇ ਉਸੇ ਵੇਲੇ ਉਸ ਸਾਈਕਲ ਸਵਾਰ ਨੂੰ ਆਵਾਜ਼ ਦੇ ਕੇ ਰੋਕ ਲਿਆ। ਉਹਦਾ ਤਰਲਾ ਮਾਰਿਆ ਕਿ ਇਹ ਸਤਰਾਂ ਉਹਨੂੰ ਲਿਖਵਾ ਦੇਵੇ। ਗਾਉਣ ਵਾਲਾ ਅਮਰਜੀਤ ਨੂੰ ਜਾਣਦਾ ਸੀ। ਉਹਨੇ ਅਮਰਜੀਤ ਨੂੰ ਇਹ ਸਤਰਾਂ ਲਿਖਾ ਦਿੱਤੀਆਂ। ਫਿਰ ਜਦੋਂ ਉਸਨੇ ਲੰਮਾ ਅਲਾਪ ਲੈ ਕੇ ਇਹ ਸਤਰਾਂ ਸਟੇਜਾਂ ਉਤੇ ਗਾਈਆਂ ਤਾਂ ਹਰੇਕ ਜਾਨਦਾਰ ਗਾਇਕ ਦੀ ਇਹ ਪਹਿਲੀ ਪਸੰਦ ਬਣ ਗਈਆਂ। ਅੱਜ ਕਿਸ ਨੂੰ ਪਤਾ ਹੈ ਕਿ ਇਨ੍ਹਾਂ ਸਤਰਾਂ ਦਾ ਮੁੱਢਲਾ ਖੋਜੀ ਅਤੇ ਪਹਿਲਾ ਗਾਇਕ ਅਮਰਜੀਤ ਗੁਰਦਾਸਪੁਰੀ ਹੈ।
ਅੱਜ ਤੋਂ ਕਈ ਦਹਾਕੇ ਪਹਿਲਾਂ ਹੀ ਉਹਨੂੰ ਲੱਗਦਾ ਸੀ ਕਿ ਕਲਾਕਾਰ ਨਿਰੋਲ ਪੈਸੇ ਨੂੰ ਮੁੱਖ ਰੱਖ ਕੇ ਲੋਕਾਂ ਦੇ ਸੁਹਜ ਸਵਾਦ ਨੂੰ ਖ਼ਰਾਬ ਕਰਨ `ਤੇ ਤੁਲ ਪਏ ਹਨ ਅਤੇ ਗੰਦੇ ਗੀਤ ਗਾ ਕੇ ਵਾਤਾਵਰਨ ਗੰਧਲਾ ਕਰ ਰਹੇ ਹਨ। ਚੰਗੇ ਭਲੇ ਲੇਖਕਾਂ ਵੱਲੋਂ ਵੀ ਪੈਸੇ ਖ਼ਾਤਰ ਜਾਣ-ਬੁੱਝ ਕੇ ਗੰਦੇ ਗੀਤ ਲਿਖਣੇ ਉਹਨੂੰ ਬੁਰੇ ਲੱਗਦੇ ਸਨ। ਉਸਨੇ ਉਸ ਵੇਲੇ ਦੇ ਪ੍ਰਸਿੱਧ ਗੀਤਕਾਰ ਗੁਰਦੇਵ ਸਿੰਘ ਮਾਨ ਬਾਰੇ ਆਖਿਆ ਸੀ, “ਉਹ ਚੰਗਾ ਲੇਖਕ ਹੈ, ਹੋਰ ਵੀ ਚੰਗਾ ਲਿਖ ਸਕਦਾ ਹੈ ਪਰ ਉਸਨੇ ਵੀ ਪੈਸੇ ਦੀ ਖ਼ਾਤਰ ਪੱਧਰ ਤੋਂ ਨੀਵੇਂ ਗੀਤ ਲਿਖੇ ਹਨ। ਮਿਸਾਲ ਦੇ ਤੌਰ `ਤੇ ਗੋਰੇ ਰੰਗ ਵਾਲੀ ਰਜਿੰਦਰ ਰਾਜਨ ਅਤੇ ਕਾਲੇ ਰੰਗ ਵਾਲੇ ਮੁਹੰਮਦ ਸਦੀਕ ਲਈ ਉਸਨੇ ਜਦੋਂ ਗੀਤ ਲਿਖਿਆ, ‘ਖ਼ਰਬੂਜੇ ਵਰਗੀ ਜੱਟੀ ਖਾ ਲਈ ਵੇ ਕਾਲੇ ਨਾਗ ਨੇ’ ਤਾਂ ਉਹ ਪੈਸੇ ਦੀ ਟੁਣਕਾਰ ਸੁਣ ਕੇ ਆਪਣੇ ‘ਕਲਾ-ਧਰਮ’ ਤੋਂ ਥਿੜਕ ਗਿਆ ਸੀ।
ਇਹ ਤਾਂ ਬਤਾਲੀ ਸਾਲ ਪੁਰਾਣੀ ਗੱਲ ਹੈ ਜਦੋਂ ਅਜੇ ਕਲਾਕਾਰਾਂ ਦੀ ਕੋਈ ਸਮਾਜਿਕ ਜਿੰ਼ਮੇਵਾਰੀ ਹੁੰਦੀ ਸੀ ਅਤੇ ਉਹ ਇਹ ਜਿੰ਼ਮੇਵਾਰੀ ਸਮਝਦੇ ਵੀ ਸਨ। ਅੱਜ ਕੱਲ੍ਹ ਦੇ ਗਾਇਕਾਂ ਅਤੇ ਗੀਤਕਾਰਾਂ ਦੀ ਤਾਂ ਗੱਲ ਹੀ ਕੀ ਕਰਨੀ ਹੋਈ! ਹੁਣ ਤਾਂ ਇੱਕ ਅੱਧੇ ਨੂੰ ਛੱਡ ਕੇ ਸਾਰਾ ਵੱਗ ਹੀ ਬੇਮੁਹਾਰਾ ਹੋਇਆ ਪਿਆ ਹੈ।
ਅਮਰਜੀਤ ਦਾ ਇਹ ਵੀ ਵਿਚਾਰ ਹੈ ਕਿ ਜੇ ਕਲਾਕਾਰ ਆਪਣੇ ਆਪ ਨੂੰ ਇੱਕ ਪੱਧਰ `ਤੇ ਖਲਿਅ੍ਹਾਰ ਲਵੇ ਤਾਂ ਉਸਦੇ ਲੋਕ ਉਹਨੂੰ ਉਸ ਪੱਧਰ ਤੋਂ ਹੇਠਾਂ ਡਿੱਗਣ ਵੀ ਨਹੀਂ ਦਿੰਦੇ। ਅਕਸਰ ਜਦੋਂ ਗਾਇਕਾਂ ਨੂੰ ਅਜਿਹੇ ਨਿਮਨ ਦਰਜੇ ਦੇ ਗੀਤ ਗਾਉਣ ਦੀ ਵਜ੍ਹਾ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ, “ਜੀ ਅਸੀਂ ਕੀ ਕਰੀਏ? ਲੋਕ ਹੀ ਅਜਿਹੇ ਗੀਤ ਸੁਣਨਾ ਚਾਹੁੰਦੇ ਨੇ।’ ਗੁਰਦਾਸਪੁਰੀ ਦਾ ਮੰਨਣਾ ਹੈ ਕਿ ਇਹ ਕੋਈ ਵਾਜਬ ਬਹਾਨਾ ਨਹੀਂ ਕਿ ‘ਅਸੀਂ ਤਾਂ ਜੀ ਲੋਕਾਂ ਦੀ ਮੰਗ `ਤੇ ਇਹੋ ਜਿਹਾ ਗਾਉਂਦੇ ਹਾਂ! ਕਿ ਅਸੀਂ ਤਾਂ ਚੰਗਾ ਹੀ ਗਾਉਣਾ ਚਾਹੁੰਦੇ ਹਾਂ, ਲੋਕ ਹੀ ਇਹੋ ਜਿਹੇ ਗੀਤ ਅਤੇ ਗਾਇਕੀ ਪਸੰਦ ਕਰਦੇ ਹਨ!
ਉਸਨੇ ਸੁਚੇਤ ਸਰੋਤੇ ਤੇ ਲੋਕਾਂ ਦੇ ਕਿਰਦਾਰ ਦੀ ਬੁਲੰਦੀ ਨੂੰ ਦੱਸਦੀ ਇਕ ਬੜੀ ਦਿਲਚਸਪ ਗੱਲ ਸੁਣਾਈ।
“ਮੈਂ ਇਕ ਵਾਰ ਐਲਾਨੀਆਂ ਕਿਹਾ ਕਿ ਮੈਂ ਗੰਦੇ ਗੀਤ ਨਹੀਂ ਗਾਉਂਦਾ। ਪਰ ਕਿਸੇ ਮਹਿਫ਼ਲ ਵਿਚ ਮੈਂ ਸ਼ਰਾਬ ਦੇ ਨਸ਼ੇ ਵਿਚ ਇਕ ‘ਨੀਮ ਗੀਤ’ ਗਾਉਣ ਲੱਗਾ ਤਾਂ ਇੱਕ ਆਦਮੀ ਉੱਠ ਕੇ ਖਲੋ ਗਿਆ ਅਤੇ ਕਹਿਣ ਲੱਗਾ “ਤੂੰ ਤਾਂ ਆਖਦਾ ਸੈਂ ਕਿ ਮੈਂ ਮੰਦੇ ਗੀਤ ਨਹੀਂ ਗਾਉਣੇ।” ਮੈਂ ਸ਼ਰਮਿੰਦਾ ਹੋ ਗਿਆ ਅਤੇ ਹੱਥ ਜੋੜ ਕੇ ਉਸ ਤੋਂ ਮੁਆਫ਼ੀ ਮੰਗੀ। ਉਸਨੇ ਮੈਨੂੰ ਡਿੱਗਦੇ ਨੂੰ ਬੋਚ ਲਿਆ ਸੀ। ਉਸ ਤੋਂ ਪਿੱਛੋਂ ਜੇ ਕਦੀ ਮੇਰਾ ਮਨ ਲਲਚਾਇਆ ਵੀ ਤਾਂ ਉਹ ਸੱਜਣ ਮੇਰੇ ਸਾਹਮਣੇ ਆਣ ਹਾਜ਼ਰ ਹੁੰਦਾ। ਇਸ ਲਈ ਸਾਨੂੰ ਆਪਣਾ ਮਿਆਰ ਨਿਸ਼ਚਿਤ ਕਰ ਕੇ ਉਸ ਉਤੇ ਕਾਇਮ ਰਹਿਣਾ ਚਾਹੀਦਾ ਹੈ। ਜੇ ਤੁਸੀਂ ਆਪਣੀ ਜ਼ਮੀਰ ਅੱਗੇ ਸੱਚੇ ਰਹੋਗੇ ਤਾਂ ਲੋਕ ਤੁਹਾਨੂੰ ਮਾਣ ਵੀ ਦੇਣਗੇ ਅਤੇ ਤੁਹਾਨੂੰ ਡਿੱਗਣੋਂ ਵੀ ਬਚਾਉਣਗੇ।”
ਅਮਰਜੀਤ ਗੁਰਦਾਸਪੁਰੀ ਸਹੀ ਅਰਥਾਂ ਵਿਚ ‘ਪੰਜਾਬ ਦੀ ਆਵਾਜ’਼ ਰਿਹਾ ਹੈ। ਜੁਝਾਰੂ, ਸਿਰਲੱਥ, ਮੁਹੱਬਤੀ ਤੇ ਹੱਸਦੇ-ਗਾਉਂਦੇ ਸਾਂਝੇ ਪੰਜਾਬ ਦੀ ਆਵਾਜ਼। 1986 ਵਿਚ ਇਪਟਾ ਦੀ ਗੋਲਡਨ ਜੁਬਲੀ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਉਰਦੂ ਦੇ ਨਾਮਵਰ ਸ਼ਾਇਰ ਕੈਫੀ ਆਜ਼ਮੀ ਨੇ ਕੀਤੀ। ਸਮਾਗਮ ਵਿਚ ਕਿਸੇ ਸਮੇਂ ਇਪਟਾ ਨਾਲ ਜੁੜੇ ਰਹੇ ਨਾਮਵਰ ਕਲਾਕਾਰਾਂ ਨੂੰ ਸਨਮਾਨਤ ਕੀਤਾ ਜਾਣਾ ਸੀ। ਅਮਰਜੀਤ ਗੁਰਦਾਸਪੁਰੀ ਇਪਟਾ ਲਹਿਰ ਦਾ ਮਾਣਯੋਗ ਅੰਗ ਰਿਹਾ ਸੀ। ਏਥੇ ਹੋਰ ਕਲਾਕਾਰਾਂ ਦੇ ਨਾਲ ਅਮਰਜੀਤ ਗੁਰਦਾਸਪੁਰੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਹ ਉਹ ਦਿਨ ਸਨ ਜਦ ਸਾਂਝੀ ਪੰਜਾਬੀਅਤ ਚੀਰੀ ਜਾ ਰਹੀ ਸੀ। ਪੰਜਾਬ ਦਾ ਘੱਟ-ਗਿਣਤੀ ਹਿੰਦੂ ਭਾਈਚਾਰਾ ਸੰਤਾਲੀ ਤੋਂ ਬਾਅਦ ਦੂਜੀ ਵਾਰੀ ਉੱਜੜਨ ਲਈ ਮਜਬੂਰ ਹੋ ਗਿਆ ਸੀ। ਖ਼ਾਸ ਤੌਰ `ਤੇ ਅੰਬਰਸਰ ਤੇ ਗੁਰਦਾਸਪੁਰ ਦੇ ਇਲਾਕੇ ਤਾਂ ਇਸ ਪੀੜ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਸਨ। ਸਦੀਆਂ ਤੋਂ ਜਿਨ੍ਹਾਂ ਘਰਾਂ ਵਿਚ ਵੱਸ ਰਹੇ ਸਨ, ਉਨ੍ਹਾਂ ਘਰਾਂ ਨੂੰ ਛੱਡਣਾ ਪੈ ਰਿਹਾ ਸੀ। ਮੇਰੇ ਪਿੰਡ ਦੇ ਹਿਜਰਤ ਕਰ ਗਏ ਹੋਰਨਾਂ ਅਨੇਕਾਂ ਪਰਿਵਾਰਾਂ ਦੀ ਗੱਲ ਜੇ ਛੱਡ ਵੀ ਦਈਏ, ਮੇਰੇ ਘਰ ਦੇ ਐਨ ਸਾਹਮਣੇ ਰਹਿੰਦਾ, ਮੇਰੀ ਕਹਾਣੀ ‘ਭੱਜੀਆਂ ਬਾਹੀਂ’ ਵਿਚਲੇ ਕਿਰਦਾਰ (ਾਂ) ਗੁਪਾਲ ਦਾਸ ਹੁਰਾਂ ਦਾ ਪਰਿਵਾਰ, ਤਾਏ ਗੁਰਲਾਲ ਚੰਦ ਦਾ ਪਰਿਵਾਰ ਅਤੇ ਮੇਰੇ ਘਰ ਦੇ ਐਨ ਸੱਜੇ ਪਾਸੇ ਵਾਲੇ ਚਾਚੇ ਵੇਦ ਪ੍ਰਕਾਸ਼ ਤੇ ਤਾਏ ਲਾਭ ਚੰਦ ਦਾ ਪਰਿਵਾਰ ਏਸੇ ਸਾਲ ਘਰ-ਬਾਹਰ ਛੱਡ ਕੇ ਤੁਰ ਗਏ ਸਨ। ਇਹ ਮੇਰੇ ਆਪਣੇ ਚਾਚੇ ਤਾਏ ਸਨ। ਇਨ੍ਹਾਂ ਸਭਨਾਂ ਦੇ ਤੁਰ ਜਾਣ ਦਾ ਮੇਰੇ ਮਨ ਵਿਚ ਡਾਢਾ ਵਿਗੋਚਾ ਸੀ।
ਸਨਮਾਨਤ ਹੋਣ ਤੋਂ ਬਾਅਦ ਜਦੋਂ ਅਮਰਜੀਤ ਨੂੰ ਕੁਝ ਬੋਲ ਸਾਂਝੇ ਕਰਨ ਲਈ ਕਿਹਾ ਗਿਆ ਤਾਂ ਉਹਦੇ ਅੰਦਰੋਂ ਵੈਰਾਗੇ ਹੋਏ ਤੇ ਵਿਚੜ ਰਹੇ ਪੰਜਾਬ ਦਾ ਦਰਦ ਛਲਕ ਉੱਠਿਆ। ਵਾਰਿਸ ਸ਼ਾਹ ਦੀ ਹੀਰ ਵਿਚ ਜਿਵੇਂ ਘਰ ਛੱਡ ਕੇ ਜਾਂਦੇ ਰਾਂਝੇ ਨੂੰ ਉਹਦੀਆਂ ਭਰਜਾਈਆਂ ਤੇ ਭਰਾ ਰੋਕਣ ਲਈ ਵਿਰ੍ਹੜੇ ਲੈਂਦੇ ਹਨ, ਅੱਜ ਉਹੋ ਬੋਲ ਅਮਰਜੀਤ ਦੇ ਨਾਲ ਹੀ ਸਭਨਾਂ ਸੱਚੇ ਪੰਜਾਬੀਆਂ ਦੇ ਦਿਲ ਦੀ ਹੂਕ ਬਣ ਕੇ ਹਵਾਵਾਂ ਵਿਚ ਘੁਲ਼ ਗਏ ਸਨ।
ਆਖ ਰਾਂਝਿਆ ਭਾ ਕੀ ਬਣੀ ਤੇਰੇ, ਦੇਸ ਆਪਣਾ ਛੱਡ ਸਿਧਾਰ ਨਾਹੀਂ।
ਵੀਰਾ ਅੰਬੜੀ ਜਾਇਆ ਜਾਹ ਨਾਹੀਂ, ਸਾਨੂੰ ਨਾਲ ਫ਼ਿਰਾਕ ਦੇ ਮਾਰ ਨਾਹੀਂ।
ਏਹ ਬਾਂਦੀਆਂ ਤੇ ਅਸੀਂ ਵੀਰ ਤੇਰੇ, ਕੋਈ ਹੋਰ ਵਿਚਾਰ ਵਿਚਾਰ ਨਾਹੀਂ।
ਬਖ਼ਸ਼ ਇਹ ਗੁਨਾਹ ਤੂੰ ਭਾਬੀਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ।
ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ, ਅਤੇ ਭਾਈਆਂ ਬਾਝ ਬਹਾਰ ਨਾਹੀਂ।
ਭਾਈ ਮਰਨ ਤੇ ਪੈਂਦੀਆਂ ਭਜ ਬਾਹੀਂ, ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂ।
ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ।
ਭਾਈ ਢਾਂਵਦੇ ਭਾਈ ਉਸਾਰਦੇ ਨੇ, ਭਾਈਆਂ ਬਾਝ ਕੋਈ ਬੇਲੀ ਯਾਰ ਨਾਹੀਂ।
ਇਨ੍ਹਾਂ ਸਤਰਾਂ ਵਿਚ ਤਤਕਾਲੀ ਪੰਜਾਬ ਦਾ ਦਰਦ ਹੁੰਗਾਰਦਾ ਸੀ। ਇਹ ਬੋਲ ਸੁਣ ਕੇ ਵਿੰਨ੍ਹੇ ਜਾ ਰਹੇ ਪੰਜਾਬ ਦੀ ਪੀੜ ਨਾਲ ਕਲਵਲ ਹੋਏ ਲੋਕ ਜਿਵੇਂ ਸੁੰਨ ਹੋ ਗਏ ਹੋਣ। ਅਮਰਜੀਤ ਨੇ ਗਾਉਣਾ ਬੰਦ ਕਰ ਕੇ ਅਜੇ ਹੱਥ ਜੋੜੇ ਹੀ ਸਨ ਕਿ ਕੈਫ਼ੀ ਆਜ਼ਮੀ ਦੀ ਬੀਵੀ ਤੇ ਸ਼ਬਾਨਾ ਆਜ਼ਮੀ ਦੀ ਮਾਂ ਸ਼ੌਕਤ ਆਜ਼ਮੀ, ਜੋ ਖ਼ੁਦ ਵੀ ਕਦੀ ਇਪਟਾ ਦੀ ਨਾਮਵਰ ਹਸਤੀ ਰਹੀ ਸੀ, ਸਟੇਜ `ਤੇ ਆ ਗਈ। ਉਹਦੇ ਅੰਦਰੋਂ ਆਪ-ਮਹਾਰੇ ਬੋਲ ਫੁੱਟ ਨਿਕਲੇ:
“ਐ ਪੰਜਾਬ ਵਾਲੋ! ਇਤਨਾ ਕੀਮਤੀ ਹੀਰਾ ਛੁਪਾਈ ਬੈਠੇ ਹੋ। ਮੇਰਾ ਸਾਰਾ ਕੁੱਝ ਲੇ ਲੋ, ਮੁਝੇ ਅਮਰਜੀਤ ਗੁਰਦਾਸਪੁਰੀ ਦੇ ਦੋ। ਇਸ ਨੇ ਜੋ ਪੰਜਾਬ ਕਾ ਦਰਦ ਗਾਇਆ ਹੈ, ਕਾਸ਼ ਵੋਹ ਮੇਰਾ ਹਿੱਸਾ ਬਨ ਜਾਏ ਔਰ ਵੋਹ ਦਿਨ ਕਭੀ ਨਾ ਆਏ ਜਬ ਹਿੰਦੂ ਭਾਈਓਂ ਕੇ ਜਾਨੇ ਕਾ ਰੁਦਨ ਅਮਰਜੀਤ ਗੁਰਦਾਸਪੁਰੀ ਜੈਸੇ ਕਲਾਕਾਰੋਂ ਕੋ ਫਿਰ ਕਰਨਾ ਪੜੇ।”
ਅਜਿਹੀ ਰਹੀ ਹੈ ਅਮਰਜੀਤ ਗੁਰਦਾਸਪੁਰੀ ਦੀ ਸੋਚ ਅਤੇ ਗਾਇਕੀ ਦੀ ਅਜ਼ਮਤ! ਅਜਿਹੇ ਹੀਰੇ ਕਲਾਕਾਰ ਅੱਜ ਕਿੱਥੇ ਲੱਭਦੇ ਨੇ! ਏਸੇ ਦਰਦ ਦੀ ਬਾਤ ਪਾਉਂਦਾ ਗੁਰਭਜਨ ਗਿੱਲ ਦਾ ਗੀਤ ਵੀ ਉਹ ਸਟੇਜਾਂ `ਤੇ ਅਕਸਰ ਗਾ ਕੇ ਪੰਜਾਬੀ ਮਨ ਦੀ ਵੇਦਨਾ ਦਾ ਪ੍ਰਗਟਾਵਾ ਕਰਦਾ ਰਿਹਾ।
ਸਾਨੂੰ ਮੋੜ ਦਿਓ ਰੰਗਲਾ ਪੰਜਾਬ, ਅਸੀਂ ਨਹੀਂ ਕੁੱਝ ਹੋਰ ਮੰਗਦੇ।
ਸਾਨੂੰ ਮੋੜ ਦਿਓ ਖਿੜਿਆ ਗੁਲਾਬ, ਅਸੀਂ ਨਹੀਂ ਕੁੱਝ ਹੋਰ ਮੰਗਦੇ।
ਅੱਜ ਤੁਹਾਡੇ ਨਾਲ ਉਸ ਦੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ ਪਰ ਅਮਰਜੀਤ ਗੁਰਦਾਸਪੁਰੀ ਇਨ੍ਹਾਂ ਗੱਲਾਂ ਤੋਂ ਕਿਤੇ ਪਾਰ ਤੇ ਪਰ੍ਹਾਂ ਹੈ।
ਇਸ ਬਜ਼ੁਰਗ ਕਲਾਕਾਰ ਦੀਆਂ ਗੱਲਾਂ ਨੂੰ ਸੁਣਨ ਦਾ ਅੱਜ ਕੱਲ੍ਹ ਦੇ ‘ਕਲਾਕਾਰਾਂ’ ਕੋਲ ਵਿਹਲ ਕਿੱਥੇ ਹੈ! ਪਰ ਜਿਨ੍ਹਾਂ ਨੂੰ ਇਨ੍ਹਾਂ ਗੱਲਾਂ ਦੀ ਕਦਰ ਹੈ ਉਹ ਇਹ ਗੱਲਾਂ ਵਾਰ-ਵਾਰ ਕਰਨਗੇ, ਵਾਰ-ਵਾਰ ਦੁਹਰਾਉਣਗੇ ਅਤੇ ਉਨ੍ਹਾਂ ਨੂੰ ਇਹ ਗੱਲਾਂ ਲਗਾਤਾਰ ਕਰਦੇ ਹੀ ਰਹਿਣਾ ਚਾਹੀਦਾ ਹੈ। ਮੈਂ ਵੀ ਉਸਦੀਆਂ ਗੱਲਾਂ ਅਤੇ ਗਾਇਕੀ ਦੇ ਕਦਰਦਾਨਾਂ ਵਿਚੋਂ ਇੱਕ ਰਿਹਾ ਹਾਂ। ਚੰਗੇ ਬੰਦਿਆਂ ਦੀਆਂ ਚੰਗੀਆਂ ਗੱਲਾਂ ਜਦੋਂ ਵੀ ਕੀਤੀਆਂ ਜਾਣ, ਚੰਗੀ ਗੱਲ ਹੀ ਹੁੰਦੀ ਹੈ।