ਕਰਮਜੀਤ ਸਿੰਘ ਚੰਡੀਗੜ੍ਹ
99150-91063
ਲਤਾ ਜੀ ਨੇ ਪੰਜਾਬੀ ਵਿਚ ਗੀਤ ਗਾਏ, ਗੁਰਬਾਣੀ ਦੇ ਸ਼ਬਦ ਵੀ ਗਾਏ
ਲਤਾ ਜੀ ਨੇ ਵਾਰਿਸ ਦੀ ਹੀਰ ਨੂੰ ਗਾ ਕੇ ਚੰਗੇ ਚੰਗਿਆਂ ਨੂੰ ਪਿੱਛੇ ਛੱਡ ਦਿੱਤਾ।
ਗਾਇਕੀ ਦਾ ਇਤਿਹਾਸ ਉਸ ਨੂੰ ਸਦਾ ਯਾਦ ਰੱਖੇਗਾ
ਕੁਝ ਅਜਿਹੇ ਲੋਕ ਵੀ ਇਸ ਧਰਤੀ `ਤੇ ਗੇੜਾ ਮਾਰਦੇ ਹਨ, ਜਿਨ੍ਹਾਂ ਦੇ ਤੁਰ ਜਾਣ ਪਿੱਛੋਂ ਉਨ੍ਹਾਂ ਲਈ ਸ਼ਰਧਾਂਜਲੀ ਦੇ ਸ਼ਬਦ ਉਨ੍ਹਾਂ ਦੇ ਕੱਦ ਦੇ ਹਾਣ ਦੇ ਨਹੀਂ ਹੁੰਦੇ। ਗਾਇਕੀ ਦੀ ਦੁਨੀਆਂ ਦੀ ਬੁਲਬੁਲ ਲਤਾ ਮੰਗੇਸ਼ਕਰ ਸਾਡੇ ਵਿਚ ਨਹੀਂ ਰਹੇ।
ਵੈਸੇ ਕੁਝ ਹਕੀਕਤਾਂ ਹੈਰਾਨ ਹੀ ਕਰਦੀਆਂ ਹਨ ਕਿ ਲਤਾ ਜੀ ਨੇ ਕਰੀਬ ਤੀਹ ਹਜ਼ਾਰ ਗੀਤ ਗਾਏ ਅਤੇ ਛੱਤੀ ਬੋਲੀਆਂ ਵਿਚ ਗਾਏ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਸ ਨੇ ਪੰਜਾਬੀ ਵਿਚ ਜਿਹੜੇ ਗੀਤ ਗਾਏ ਅਤੇ ਜਦੋਂ ਗਾਏ, ਲਹਿਜੇ਼ ਅਤੇ ਉਚਾਰਨ ਤੋਂ ਇਉਂ ਲੱਗਿਆ ਕਿ ਉਹ ਮੂਲ ਰੂਪ ਵਿਚ ਪੰਜਾਬਣ ਹੀ ਹੈ। ਮੁਹੰਮਦ ਰਫ਼ੀ ਨਾਲ ਗਾਏ ਇਕ ਗੀਤ ਨੂੰ “ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਆ ਗਏ…` ਧਿਆਨ ਨਾਲ ਸੁਣਿ ਅਤੇ ਪਾਰਖੂ ਨਜ਼ਰਾਂ ਨਾਲ ਸੁਣਿ। ਤੁਹਾਨੂੰ ਉਸ ਦੇ ਪੰਜਾਬਣ ਹੋਣ ਦਾ ਭੁਲੇਖਾ ਪੈ ਸਕਦਾ ਹੈ।
ਪਰ ਦੋਸਤੋ, ਜਦੋਂ ਕਈ ਸਾਲ ਪਹਿਲਾਂ ਉਸ ਨੇ ਲੰਡਨ ਦੇ ਅਲਬਰਟ ਹਾਲ ਵਿਚ ਵਾਰਸ ਦੀ ‘ਹੀਰ’ ਨੂੰ ਗਾਇਆ ਅਤੇ ਜਿਸ ਅੰਦਾਜ਼ ਅਤੇ ਦਿਲਕਸ਼ ਆਵਾਜ਼ ਵਿਚ ਗਾਇਆ, ਉਸ ਸਮੇਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੁਣਨ ਵਾਲਿਆਂ ਦੀਆਂ ਤਾੜੀਆਂ ਨਾਲ ਸਾਰਾ ਹਾਲ ਗੂੰਜ ਉਠਿਆ ਸੀ। ਉਸ ਨੇ ਗੁਰਬਾਣੀ ਦੇ ਕੁਝ ਸ਼ਬਦ ਵੀ ਗਾਏ ਜਿਸ ਵਿਚ “ਮੂ ਲਾਲਨ ਸਿਉ ਪ੍ਰੀਤਿ ਬਨੀ” ਸੁਣਨ ਹੀ ਵਾਲਾ ਹੈ।
ਦੋਸਤੋ, ਲਤਾ ਦੇ ਸਾਰੇ ਗੀਤਾਂ ਬਾਰੇ ਟਿੱਪਣੀਆਂ ਕਰਨੀਆਂ ਜਾਂ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਮੁਸ਼ਕਲ ਹੈ, ਪਰ ਕੁਝ ਦਰਦ ਭਰੇ ਉਦਾਸ ਗੀਤਾਂ ਬਾਰੇ ਕੁਝ ਕਹਿਣ ਨੂੰ ਅੱਜ ਦਿਲ ਕਰ ਆਇਆ ਹੈ, ਕਿਉਂਕਿ ਦਰਦ ਦੇ ਜਲਾਲ ਤੇ ਜਮਾਲ ਤੁਹਾਨੂੰ ਆਪਣੇ ਆਪ ਦੇ ਬਹੁਤ ਕਰੀਬ ਲੈ ਆਉਂਦੇ ਹਨ ਜਾਂ ਕੁਝ ਹਾਲਤਾਂ ਵਿਚ ਤੁਸੀਂ ਆਪਣੇ ਆਪ ਨਾਲ ਹੀ ਮਿਲਦੇ ਹੋ।
ਡੂੰਘੀ ਰਾਤ ਦੀ ਕਿਸੇ ਤਨਹਾਈ ਵਿਚ ਲਤਾ ਜੀ ਦਾ ਇੱਕ ਗੀਤ ਜ਼ਰੂਰ ਸੁਣਿਓ, ਜਿਸ ਦੇ ਪਹਿਲੇ ਸ਼ਬਦ ਹਨ: ‘ਨਾ ਸ਼ਿਕਵਾ ਹੈ ਕੋਈ’…ਇਸ ਗੀਤ ਵਿਚ ਲਤਾ ਦੀ ਆਵਾਜ਼ ਦੇ ਨਾਲ ਨਾਲ ਹੁਸਨ ਦੀ ਮਲਿਕਾ ਮਧੂਬਾਲਾ ਦੇ ਚਿਹਰੇ ਦੇ ਲਹਿੰਦੇ ਚੜ੍ਹਦੇ ਭਾਵ, ਵਿਛੜੇ ਪਿਆਰ ਦੀ ਪੀੜ ਦੇ ਇਸ਼ਾਰੇ ਤੁਹਾਨੂੰ ਉਸ ਦੁਨੀਆਂ ਵਿਚ ਲੈ ਜਾਣਗੇ, ਜਦੋਂ ਮੁਹੱਬਤ ਦਾ ਵਿਛੋੜਾ ਵੀ ਰੱਬ ਨੂੰ ਉਲਾਂਭਾ ਦੇ ਰਿਹਾ ਜਾਪਦਾ ਹੈ। ਇਸ ਗੀਤ ਦੇ ਬੋਲ ‘ਵਿਚਾਰ’ ਦੀ ਹਸਤੀ ਨੂੰ ਵੀ ਬੁਲੰਦ ਕਰਦੇ ਹਨ। ਇਥੇ ਮਧੂਬਾਲਾ ਦਰਦ ਨੂੰ ਆਪਣੇ ਧੁਰ ਅੰਦਰ ਤਕ ਲਿਜਾ ਕੇ ਪਿਆਰ ਤੋਂ ਭੱਜਣ ਵਾਲੇ ਲਈ ਦੁਆ ਕਰਦੀ ਹੋਈ ਮਹਾਨਤਾ ਦਾ ਰੁਤਬਾ ਅਖਤਿਆਰ ਕਰਦੀ ਜਾਪਦੀ ਹੈ।
ਇਕ ਹੋਰ ਗੀਤ ਨੂੰ ਵੀ ਆਪਣੀ ਸੰਘਣੀ ਉਦਾਸੀ ਵਿਚ ਸ਼ਾਮਲ ਕਰਨਾ ਨਾ ਭੁੱਲਣਾ: ‘ਤਿਰਾ ਜਾਨਾ ਦਿਲ ਕੇ ਅਰਮਾਨੋਂ ਕਾ ਲੁਟ ਜਾਨਾ’…ਦੋਸਤੋ ਇੱਥੇ ਇੱਕ ਵੱਡਾ ਚਮਤਕਾਰ ਵਾਪਰਿਆ। ਪੌੜੀਆਂ ਤੋਂ ਉਤਰ ਰਹੀ ਨੂਤਨ ਦੇ ਚਿਹਰੇ ਉਤੇ ਗੁਆਚ ਰਹੀ ਮੁਹੱਬਤ ਦੀ ਪੀੜ ਦੇ ਨਕਸ਼ ਸ਼ਾਇਦ ਕੁਝ ਚੰਦ ਇਕ ਗੀਤਾਂ ਵਿਚ ਹੀ ਤੁਸੀਂ ਦੇਖ ਸਕੋਗੇ।
‘ਹਿਮਾਲਿਆ ਕੀ ਗੋਦ ਮੇਂ’ ਫ਼ਿਲਮ ਵਿਚ ਮਾਲਾ ਸਿਨਹਾ ਜਦੋਂ ਲਤਾ ਜੀ ਦੇ ਗਾਏ ਗੀਤ ‘ਇਕ ਤੂ ਨਾ ਮਿਲਾ ਸਾਰੀ ਦੁਨੀਆਂ ਮਿਲੇ ਭੀ ਤੋ ਕਯਾ’…ਗਾ ਰਹੀ ਹੁੰਦੀ ਹੈ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਉਹ ਦਰਦ ਦੇ ਕਿਸੇ ਵੱਡੇ ਦਰਿਆ ਵਿਚੋਂ ਲੰਘ ਰਹੀ ਹੈ। ਇਸ ਗੀਤ ਵਿਚ ਸਾਰਾ ਮਾਹੌਲ, ਗੀਤ, ਗੀਤ ਦੇ ਬੋਲ ਤੇ ਮਾਲਾ ਸਿਨਹਾ ਸਾਰੇ ਰਲ ਕੇ ਜਿਵੇਂ ਉਦਾਸੀਆਂ ਦਾ ਜਸ਼ਨ ਮਨਾ ਰਹੇ ਹਨ।
ਜਦੋਂ ਮਾਹੌਲ ਦੀ ਗਲ ਤੁਰੀ ਤਾਂ ਫਿਲਮ ‘ਮਾਚਿਸ’ ਯਾਦ ਵਿਚ ਆਣ ਉਤਰੀ। ਫਿਲਮ ਮਾਚਿਸ ਵਿਚ ਜਦੋਂ ਰੂਪੋਸ਼ ਜ਼ਿੰਦਗੀ ਵਿਚ ਪੈਰ ਧਰਨ ਵਾਲੇ ਮੁੰਡੇ ‘ਹਮ ਛੋੜ ਚਲੇ ਵੋ ਗਲੀਆਂ’…ਗਾ ਰਹੇ ਹੁੰਦੇ ਹਨ ਤਾਂ ਉਸ ਦੇ ਬੋਲ ਜਦੋਂ ਹਿਮਾਚਲ ਦੀਆਂ ਪਹਾੜੀਆਂ ਵਿਚ ਗੂੰਜਦੇ ਹਨ ਤਾਂ ਕੁਝ ਚਿਰ ਲਈ ਤੁਹਾਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਦਰਬਾਰ ਸਾਹਿਬ ਉਤੇ ਫ਼ੌਜ ਦੇ ਹਮਲੇ ਦਾ ਦਰਦ ਚੜ੍ਹਦੀ ਜਵਾਨੀ ਅੰਦਰ ਕਿੰਨਾ ਡੂੰਘਾ ਸੀ ਕਿ ਸਮੁੰਦਰ ਦੀਆਂ ਗਹਿਰਾਈਆਂ ਵੀ ਉਸ ਤਕ ਨਹੀਂ ਪਹੁੰਚ ਸਕਦੀਆਂ। ਉਸ ਗੀਤ ਵਿਚ ਧਿਆਨ ਨਾਲ ਦੇਖੋ, ਕੁਦਰਤ ਦੇ ਨਜ਼ਾਰੇ ਵੀ ਘਰਾਂ ਨੂੰ ਸਦਾ ਲਈ ਅਲਵਿਦਾ ਕਰਨ ਵਾਲੇ ਇਨ੍ਹਾਂ ਗੱਭਰੂਆਂ ਦਾ ਸਾਥ ਦੇ ਰਹੇ ਸਨ।
ਕਿਤੇ ਲੇਖ ਲੰਮਾ ਨਾ ਹੋ ਜਾਵੇ, ਆਪਣੀ ਤਨਹਾਈ ਨੂੰ ਹੋਰ ਗਹਿਰਾ, ਹੋਰ ਵਿਚਾਰਧਾਰਕ, ਹੋਰ ਯਾਦਗਾਰੀ, ਹੋਰ ਰੌਸ਼ਨ ਕਰਨ ਲਈ ਇਨ੍ਹਾਂ ਗੀਤਾਂ ਦੇ ਹੋਰ ਨਜ਼ਦੀਕ ਹੋਣਾ:
ਯੇ ਸ਼ਾਮ ਕੀ ਤਨਹਾਈਆਂ ਐਸੇ ਮੇਂ ਤੇਰਾ ਗ਼ਮ।
ਜਾਨਾ ਥਾ ਮੁਝ ਸੇ ਦੂਰ, ਬਹਾਨੇ ਬਨਾ ਲੀਏ
ਅਜੀਬ ਦਾਸਤਾਂ ਹੈ।
ਮੁਹੱਬਤ ਕੀ ਝੂਠੀ ਕਹਾਨੀ ਪੇ ਰੋਏ।
ਬੋਲਾਂ ਵਿਚ ਦਰਦ ਦੀ ਏਨੀ ਗਹਿਰਾਈ ਵਿਚ ਉਤਰਨ ਦਾ ਕਾਰਨ ਕੀ ਲਤਾ ਜੀ ਨੂੰ ਮੁਹੱਬਤ ਵਿਚ ਮਿਲਿਆ ਕੋਈ ਵਿਛੋੜਾ ਸੀ? ਸਾਨੂੰ ਇਸ ਦੇ ਪ੍ਰਮਾਣਿਕ ਸਬੂਤ ਨਹੀਂ ਮਿਲਦੇ, ਹਾਲਾਂਕਿ ਕਿਸੇ ਭੂਪੇਨ ਹਜ਼ਾਰੀਕਾ ਦਾ ਨਾਂ ਆਉਂਦਾ ਹੈ ਅਤੇ ਉਹ ਵੀ ਅਸਿਧੇ ਰੂਪ ਵਿਚ। ਲਤਾ ਜੀ ਨੇ ਆਪ ਕਿਸੇ ਪਿਆਰ ਦਾ ਜ਼ਿਕਰ ਨਹੀਂ ਕੀਤਾ। ਉਹ ਸਾਰੀ ਉਮਰ ਕਵਾਰੇ ਹੀ ਰਹੇ। ਵੈਸੇ ਲਤਾ ਜੀ ਨੂੰ ਪਿਆਰ ਦੇ ਗੀਤ ਸਭ ਤੋਂ ਪਿਆਰੇ ਲਗਦੇ ਸਨ। ਇਸ ਦੇ ਡੂੰਘੇ ਕਾਰਨ ਅਤੇ ਭੇਤ ਉਹ ਆਪਣੇ ਨਾਲ ਹੀ ਲੈ ਗਏ ਹਨ।
ਅਸੀਂ ਤਾਂ ਲਤਾ ਜੀ ਨੂੰ ਹਮੇਸ਼ਾ ਇਕ ਗਾਇਕਾ ਦੀ ਨਜ਼ਰ ਤੋਂ ਦੇਖਿਆ , ਸਾਨੂੰ ਕੋਈ ਮਤਲਬ ਨਹੀਂ ਉਹ ਕਿਸ ਧਰਮ ਨਾਲ ਸਬੰਧ ਰੱਖਦੇ ਸਨ ਜਾਂ ਉਨ੍ਹਾਂ ਦੇ ਕੀ ਵਿਚਾਰ ਸਨ। ਗਾਇਕਾ ਦੇ ਤੌਰ `ਤੇ ਲਤਾ ਜੀ ਮਹਾਨ ਸਨ ਅਤੇ ਮਹਾਨ ਰਹਿਣਗੇ। ਉਨ੍ਹਾਂ ਵਰਗੀ ਗਾਇਕਾ ਨਾ ਕੋਈ ਹੈ ਨਾ ਹੋਵੇਗੀ।