ਭਗਤ ਰਵਿਦਾਸ ਜੀ

ਡਾ. ਚਰਨਜੀਤ ਸਿੰਘ ਗੁਮਟਾਲਾ
ਫੋਨ: 91-94175-33060
ਭਗਤ ਰਵਿਦਾਸ ਜੀ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿਚੋਂ ਇੱਕ ਸਨ। ਉਹ ਭਾਵੇਂ ਅਖੌਤੀ ਸ਼ੂਦਰ ਵਰਗ ਵਿਚੋਂ ਸਨ, ਪਰ ਉਹ ਉੱਚ ਕੋਟੀ ਦੇ ਸੰਤ ਸਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਲਈ ਬਾਣੀ ਰਚੀ। ਰਾਮਾਨੰਦ ਜੀ ਤੇ ਵੱਲਭਾਚਾਰੀਆ ਨੇ ਜਿਸ ਭਗਤੀ ਲਹਿਰ ਦਾ ਮੁੱਢ ਬੰਨ੍ਹਿਆ, ਉਸ ਨੂੰ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਆਦਿ ਭਗਤਾਂ ਨੇ ਅੱਗੇ ਤੋਰਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਰ `ਤੇ ਪਹੁੰਚਾਇਆ।

ਭਗਤ ਰਵਿਦਾਸ ਜੀ ਨੇ ਮਾਘ ਸੁਦੀ 15 ਬਿਕ੍ਰਮੀ ਸੰਮਤ 1433 (2 ਜਨਵਰੀ 1377 ਈ.) ਨੂੰ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਦਾ ਨਾਂ ਸੰਤੋਖ ਦਾਸ ਤੇ ਮਾਤਾ ਜੀ ਦਾ ਨਾਂ ਬੀਬੀ ਕਲਸਾਂ ਦੇਵੀ ਸੀ, ਜੋ ਬਨਾਰਸ ਦੇ ਨਜ਼ਦੀਕ ਪਿੰਡ ਸੀਰ ਗੋਵਰਧਨ ਵਿਖੇ ਰਹਿੰਦੇ ਸਨ। ਆਪ ਜੀ ਦਾ ਵਿਆਹ 12-13 ਸਾਲ ਦੀ ਉਮਰ ਵਿਚ ਬੀਬੀ ਲੋਨਾ ਨਾਲ ਹੋਇਆ। ਆਪ ਜੀ ਨੇ ਕੋਈ ਗੁਰੂ ਧਾਰਨ ਨਹੀਂ ਕੀਤਾ। ਇਸ ਲਈ ਆਪ ਜੀ ਨੂੰ ਪ੍ਰਮਾਤਮਾ ਦਾ ਭਗਤ ਮੰਨਿਆ ਜਾਂਦਾ ਹੈ। ਆਪ ਜੀ ਦੇ ਸਮੇਂ ਸਮਾਜ ਜਾਤ-ਪਾਤ ਵਿਚ ਵੰਡਿਆ ਹੋਇਆ ਸੀ ਤੇ ਪੜ੍ਹਨ-ਪੜ੍ਹਾਉਣ ਤੇ ਪੂਜਾ ਪਾਠ ਦਾ ਹੱਕ ਕੇਵਲ ਉੱਚੀ ਜਾਤ ਵਾਲਿਆਂ ਨੂੰ ਸੀ, ਇਸ ਲਈ ਆਪ ਜੀ ਨੇ ਕਿਸੇ ਆਸ਼ਰਮ ਵਿਚ ਵਿੱਦਿਆ ਪ੍ਰਾਪਤ ਨਹੀਂ ਸੀ ਕੀਤੀ। ਪਰ ਉਨ੍ਹਾਂ ਦੀ ਬਾਣੀ ਵਿਚੋਂ ਵੇਦਾਂ, ਪੁਰਾਣਾਂ, ਸਿਮ੍ਰਤੀਆਂ, ਪੌਰਾਣਿਕ ਅਤੇ ਇਤਿਹਾਸਿਕ ਅਤੇ ਮਿਥਿਹਾਸਕ ਘਟਨਾਵਾਂ ਦੇ ਹਵਾਲੇ ਮਿਲਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਆਪ ਬਹੁਤ ਹੀ ਗਿਆਨਵਾਨ ਅਤੇ ਅਨੁਭਵੀ ਸ਼ਖਸੀਅਤ ਦੇ ਮਾਲਕ ਸਨ। ਆਪ ਜੀ ਨੇ ਪਿਤਾ-ਪੁਰਖੀ ਕਿੱਤਾ ਢੇਰ ਢੋਣਾ, ਜੁੱਤੀਆਂ ਗੰਢਣਾਂ ਅਪਣਾਇਆ, ਜਿਸ ਦੀ ਗਵਾਹੀ ਆਪ ਜੀ ਦੀ ਬਾਣੀ ਵਿਚੋਂ ਮਿਲਦੀ ਹੈ:
ਚਮਰਟਾ ਗਾਂਠਿ ਨ ਜਨਈ॥ਲੋਗੁ ਗਠਾਵੈ ਪਨਹੀ॥ ॥ਰਹਾਉ॥
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਨਾਰਸੀ ਆਸਾ ਪਾਸਾ॥
ਭਾਈ ਗੁਰਦਾਸ ਜੀ ਨੇ ਜਿੱਥੇ ਆਪ ਜੀ ਦੀ ਉਸਤਤ ਕੀਤੀ ਹੈ, ਉੱਥੇ ਆਪ ਜੀ ਦੇ ਪੇਸ਼ੇ ਬਾਰੇ ਵੀ ਲਿਖਿਆ ਹੈ:
ਭਗਤ ਭਗਤ ਜਗਿ ਵਜਿਆ ਚਹੁ ਚਕਾਂ ਦੇ ਵਿੱਚ ਚਮਰੇਟਾ,
ਪਾਣਾ ਗੰਢੇ ਰਾਹ ਵਿਚਿ ਕੁਲਾ ਧਰਮ ਢੋਇ, ਢੋਰ ਸਮੇਟਾ।
ਹੋਰਨਾਂ ਭਗਤਾਂ ਵਾਂਗ ਆਪ ਜੀ ਨੇ ਅੰਧੇਰੇ ਵਿਚ ਭਟਕ ਰਹੀ ਲੋਕਾਈ ਨੂੰ ਗਿਆਨ ਦਾ ਚਾਨਣ ਵੰਡਣ ਲਈ ਬਿਹਾਰ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਤੇ ਹੋਰ ਪ੍ਰਦੇਸਾਂ ਦੀ ਯਾਤਰਾ ਕੀਤੀ।
ਆਪ ਜੀ ਦੇ 40 ਪਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਜੋ ਕਿ 16 ਰਾਗਾਂ ਵਿਚ ਹਨ। ਇਨ੍ਹਾਂ ਤੋਂ ਇਲਾਵਾ ਆਪ ਜੀ ਦੁਆਰਾ ਰਚੀ ਬਾਣੀ ਦੇ ਹੱਥ ਲਿਖਤ ਖਰੜੇ ਅਤੇ ਪ੍ਰਕਾਸ਼ਿਤ ਪੁਸਤਕਾਂ ਦੀ ਸੂਚੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਭਗਤ ਰਵਿਦਾਸ ਸ੍ਰੋਤ ਪੁਸਤਕ’ ਤੋਂ ਵੇਖੀ ਜਾ ਸਕਦੀ ਹੈ।
ਆਪ ਤੀਖਣ ਬੁੱਧੀ ਦੇ ਮਾਲਕ ਸਨ। ਆਪ ਜੀ ਨੇ ਸਾਦਗੀ ਭਰੀ ਜ਼ਿੰਦਗੀ ਬਤੀਤ ਕੀਤੀ ਤੇ ਹੱਥੀਂ ਕਿਰਤ ਕਰ ਕੇ ਨਿਰਬਾਹ ਕੀਤਾ। ਆਪ ਨਿਰਗੁਣ ਬ੍ਰਹਮ ਦੇ ਉਪਾਸ਼ਕ ਸਨ। ਆਪ ਜੀ ਨੇ ਬ੍ਰਹਮ ਨੂੰ ਓਅੰਕਾਰ ਰੂਪ ਵਿਚ ਚਿਤਰਿਆ ਹੈ, ਜਿਸ ਦਾ ਤਿੰਨ ਲੋਕਾਂ ਵਿਚ ਵਾਸਾ ਹੈ:
ਬਟਕ ਬੀਜ ਜੈਸਾ ਓਅੰਕਾਰ॥ ਪਸਰਿਯੋ ਤੀਨ ਲੋਕ ਵਿਸਤਾਰ॥
ਅਖਰ ਅਨਾਦਿ ਏਕ ਉਂਕਾਰਾ॥ ਤੀਨ ਲੋਕ ਜਿਨ ਕਿਆ ਪਸਾਰਾ॥
ਇਹ ਬ੍ਰਹਮ ਮਾਇਆ ਰਹਿਤ ਹੈ, ਜਿਸ ਦਾ ਕੋਈ ਸਰੂਪ ਨਹੀਂ ਤੇ ਨਾ ਹੀ ਕੋਈ ਜਾਤਿ ਹੈ। ਉਸ ਨੂੰ ਸਿਮਰਨ ਕਰ ਕੇ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ:
ਤੂੰ ਸਰਗੁਣ ਨਿਗੁਣ ਨਿਰਾਮਈ ਨਿਰਵਿਕਾਰ॥
ਹਰਿ ਅੰਜਨ ਨਿਰੰਜਨ ਬਿਮਲ ਅਪ੍ਰਮੇਵ॥
ਕਹਿ ਰਵਿਦਾਸ ਨਿਰੰਜਨ ਧਯਾਊਂ॥
ਗੁਰ ਪ੍ਰਸਾਦਿ ਨਿਰੰਜਨ ਪਾਵਉ॥
ਭਗਤ ਰਵਿਦਾਸ ਜੀ ਬ੍ਰਹਮ ਨੂੰ ਇਸ ਸੰਸਾਰ ਦਾ ਕਰਤਾ ਮੰਨਦੇ ਹਨ, ਜੋ ਸਾਰਿਆ ਵਿਚ ਵੱਸ ਰਿਹਾ ਹੈ:
ਬਹੁ ਬਿਧਿ ਨਰਮ ਨਿਰੂਪੀਐ
ਕਰਤਾ ਦੀਸੈ ਸਭ ਲੋਇ॥
ਸਰਬੈ ਏਕੁ ਅਨੇਕੈ ਸੁਆਮੀ
ਸਭ ਘਟ ਭੋਗਵੈ ਸੋਈ॥
ਪ੍ਰਮਾਤਮਾ ਇੱਕ ਹੀ ਹੈ ਜੋ ਅਨੇਕਾਂ ਰੂਪਾਂ ਵਿਚ ਇਸ ਸੰਸਾਰ ਵਿਚ ਵਿਚਰ ਰਿਹਾ ਹੈ:
ਏਕ ਹੀ ਏਕ ਅਨੇਕ ਹੋਇ ਬਿਸਥਰਿਓ
ਆਨ ਰੇ ਆਨ ਭਰਪੂਰਿ ਸੋਊ॥
ਇਹ ਜਗਤ ਸਤਿ ਵੀ ਹੈ ਤੇ ਅਸਤਿ ਵੀ।ਪ੍ਰਮਾਤਮਾ ਦੀ ਕਿਰਤ ਹੋਣ ਕਰਕੇ ਜਗਤ ਸਤਿ ਹੈ। ਇਸ ਜਗਤ ਦੀ ਹਰ ਚੀਜ਼ ਨਾਸ਼ਮਾਨ ਹੈ, ਇਸ ਲਈ ਇਹ ਜਗਤ ਅਸਤਿ ਹੈ। ਭਗਤ ਰਵਿਦਾਸ ਜਗਤ ਨੂੰ ਫ਼ਾਨੀ ਦਰਸਾਉਂਦੇ ਹੋਏ ਲਿਖਦੇ ਹਨ:
ਜੋ ਦਿਨ ਆਵਹਿ ਸੋ ਦਿਨ ਜਾਹੀ॥
ਕਰਨਾ ਕੂਚੁ ਰਹਨੁ ਥਿਰੁ ਨਾਹੀ॥
ਸੰਗੁ ਚਲਤ ਹੈ ਹਮ ਭੀ ਚਲਨਾ॥
ਦੂਰਿ ਗਵਨੁ ਸਿਰ ਊਪਰਿ ਮਰਨਾ ॥1॥
ਕਿਆ ਤੂ ਸੋਇਆ ਜਾਗੁ ਇਆਨਾ॥
ਤੈ ਜੀਵਨੁ ਜਗਿ ਸਚੁ ਕਰਿ ਜਾਨਾ॥1॥ ਰਹਾਉ॥….
ਕਹਿ ਰਵਿਦਾਸ ਨਿਦਾਨਿ ਦਿਵਾਨੇ॥
ਚੇਤਸਿ ਨਾਹੀ ਦੁਨੀਆ ਫਨ ਖਾਨੇ॥
ਇਸ ਜਗਤ ਵਿਚ ਜੋ ਦਿਸ ਰਿਹਾ ਹੈ, ਸਭ ਨਾਸ਼ਮਾਨ ਹੈ। ਉਹ ਲਿਖਦੇ ਹਨ :
ਬਿਨ ਦੇਖੈ ਉਪਜੈ ਨਹੀ ਆਸਾ॥
ਜੋ ਦੀਜੈ ਸੋ ਹੋਇ ਬਿਨਾਸਾ॥
ਭਗਤ ਰਵਿਦਾਸ ਜੀ ਅਨੁਸਾਰ ਇਸ ਜਗਤ ਦਾ ਰੰਗ ਕਸੁੰਭੜੇ ਵਾਂਗ ਕੱਚਾ ਭਾਵ ਅਸਥਿਰ ਹੈ ਜਦ ਕਿ ਪ੍ਰਮਾਤਮਾ ਮਜੀਠ ਦੇ ਰੰਗ ਵਾਂਗ ਪੱਕਾ ਜਾਂ ਸਥਿਰ ਹੈ:
ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ॥
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥
ਰਵਿਦਾਸ ਜੀ ਨੇ ਇਸ ਜਗਤ ਨੂੰ ਬਾਜ਼ੀ ਤੇ ਪ੍ਰਮਾਤਮਾ ਨੂੰ ਬਾਜ਼ੀਗਰ ਦੀ ਸੰਗਿਆ ਦਿੱਤੀ ਹੈ। ਇਹ ਸੰਸਾਰ ਬਾਜ਼ੀਗਰ ਰੂਪੀ ਪ੍ਰਮਾਤਮਾ ਦੀ ਬਾਜ਼ੀ ਭਾਵ ਖੇਡ ਹੈ:
ਕਹਿ ਰਵਿਦਾਸ ਬਾਜੀ ਜਗੁ ਭਾਈ॥
ਬਾਜੀਗਰ ਸਉ ਮੋਹਿ ਪ੍ਰੀਤਿ ਬਨਿ ਆਈ॥
ਆਪ ਪ੍ਰਮਾਤਮਾ ਨੂੰ ਸਰਬ-ਵਿਆਪਕ ਮੰਨਦੇ ਹਨ, ਜੋ ਅਨੇਕ ਰੂਪ ਬਣਾ ਕੇ ਸਾਰਿਆ ਵਿਚ ਵਸਦਾ ਹੈ। ਜੋ ਕੁਝ ਵੀ ਹੋ ਰਿਹਾ ਹੈ, ਉਸ ਦੀ ਰਜ਼ਾ ਵਿਚ ਹੋ ਰਿਹਾ ਹੈ:
ਸਰਬੈ ਏਕ ਅਨੇਕੈ ਸੁਆਮੀ,
ਸਭ ਘਟ ਭੂਗਾਵੈ ਸੋਈ॥
ਕਹਿ ਰਵਿਦਾਸ ਹਾਥ ਪੈ
ਨੇਰੈ ਸਹਜੇ ਹੋਇ ਸੁ ਹੋਈ॥
ਇਸ ਤਰ੍ਹਾਂ ਆਪ ਨਿਰਗੁਣ ਧਾਰਾ ਦੇ ਸੰਤ ਕਵੀ ਸਨ, ਜਿਨ੍ਹਾਂ ਨੇ ਪੂਰਵ ਪ੍ਰਚਲਿਤ ਦਾਰਸ਼ਨਿਕ ਮਾਨਤਾਵਾਂ ਨੂੰ ਆਪਣੇ ਅਨੁਭਵ ਅਨੁਸਾਰ ਮੌਲਿਕ ਰੂਪ ਵਿਚ ਪੇਸ਼ ਕੀਤਾ। ਆਪ ਜੀ ਦਾ ਸੰਦੇਸ਼ ਜਨ-ਸਾਧਾਰਨ ਲਈ ਸੀ, ਜੋ ਅਖੌਤੀ ਭੇਖੀਆਂ, ਅੰਧ-ਵਿਸ਼ਵਾਸੀਆਂ ਤੇ ਧਰਮ ਦੇ ਠੇਕੇਦਾਰਾਂ ਦੀ ਘਿਰਣਾ ਦਾ ਸ਼ਿਕਾਰ ਸੀ।
ਆਪ ਜੀ ਨੇ ਉਸ ਸਮੇਂ ਪ੍ਰਚਲਿਤ ਕਰਮ ਕਾਂਡਾਂ ਦੀ ਥਾਂ `ਤੇ ਭਗਤੀ ਮਾਰਗ ਨੂੰ ਸਰਵ ਸ੍ਰੇਸ਼ਟ ਦੱਸਿਆ। ਤੀਰਥ ਇਸ਼ਨਾਨ ਨੂੰ ਹਾਥੀ ਦੇ ਇਸ਼ਨਾਨ ਵਾਂਗ ਬਾਹਰਮੁਖੀ ਕਰਾਰ ਦਿੱਤਾ। ਆਪ ਜੀ ਅਨੁਸਾਰ ਲੋਕ ਆਪਣੇ ਵੱਲੋਂ ਸੁੱਚਾ ਜਲ, ਦੁੱਧ, ਫਲ ਆਦਿ ਵਸਤੂਆਂ ਨਾਲ ਦੇਵੀ ਦੇਵਤਿਆਂ ਦੀ ਪੂਜਾ ਕਰ ਕੇ, ਉਨ੍ਹਾਂ ਨੂੰ ਪ੍ਰਸੰਨ ਕਰਨ ਦਾ ਯਤਨ ਕਰਦੇ ਹਨ ਪਰ ਇਹ ਵਸਤੂਆਂ ਪਹਿਲਾਂ ਹੀ ਜੂਠੀਆਂ ਹੁੰਦੀਆਂ ਹਨ। ਦੁੱਧ ਵੱਛੇ ਦੇ ਥਣਾਂ ਤੋਂ ਜੂਠਾ ਕੀਤਾ ਹੁੰਦਾ ਹੈ, ਫੁੱਲ ਭੋਰੇ ਨੇ ਜੂਠੇ ਕੀਤੇ ਹੁੰਦੇ ਹਨ ਤੇ ਜਲ ਮਛਲੀ ਨੇ ਖ਼ਰਾਬ ਕੀਤਾ ਹੁੰਦਾ ਹੈ। ਇਸ ਲਈ ਇਹ ਵਸਤੂਆਂ ਭੇਟ ਕਰਨ ਯੋਗ ਨਹੀਂ। ਪੂਜਾ ਦੀਆਂ ਬਾਕੀ ਵਸਤੂਆਂ ਚੰਦਨ, ਧੂਫ, ਦੀਪ, ਨੈਵੇਦਾ ਵੀ ਜੂਠੀਆਂ ਹੁੰਦੀਆਂ ਹਨ। ਚੰਦਨ ਦੇ ਬੂਟੇ ਨੂੰ ਸੱਪ ਚੰਬੜੇ ਹੁੰਦੇ ਹਨ। ਧੂਫ, ਦੀਪ ਤੇ ਨੈਵੇਦਾ ਸੁਗੰਧੀ ਆ ਜਾਣ ਕਰਕੇ ਜੂਠੇ ਹੁੰਦੇ ਹਨ। ਪੂਜਾ ਸਮੇਂ ਦੇਵਤਿਆਂ ਦੀਆਂ ਮੂਰਤੀਆਂ ਅੱਗੇ ਆਰਤੀ ਕੀਤੀ ਜਾਂਦੀ ਹੈ। ਇਸ ਕਰਮ-ਕਾਂਡ ਨੂੰ ਆਪ ਜੀ ਨੇ ਅਪ੍ਰਵਾਨ ਕੀਤਾ ਹੈ ਤੇ ਕਿਹਾ ਕਿ ਅਸਲ ਆਰਤੀ ਪ੍ਰਮਾਤਮਾ ਦਾ ਨਾਮ ਹੈ। ਰਾਗ ਧਨਾਸਰੀ ਵਿਚ ਉਚਾਰੇ ਸ਼ਬਦ ਤੋਂ ਆਪ ਜੀ ਦੀ ਭਗਤੀ ਸਪੱਸ਼ਟ ਹੋ ਜਾਂਦੀ ਹੈ। ਆਪ ਜੀ ਅਨੁਸਾਰ ਪ੍ਰਮਾਤਮਾ ਦਾ ਨਾਮ ਹੀ ਆਰਤੀ ਹੈ। ਹਰਿ ਦੇ ਬਿਨਾਂ ਸਾਰੇ ਅਡੰਬਰ ਕੂੜੇ ਹਨ:
ਨਾਮ ਤੈਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ ਝੈਠੇ ਸਗਲ ਪਸਾਰੇ॥
ਇਸ ਸ਼ਬਦ ਦੇ ਅੰਤ ਵਿਚ ਕਹਿੰਦੇ ਹਨ ਕਿ ਹੇ ਪ੍ਰਭੂ! ਤੇਰਾ ਨਾਮ ਹੀ ਮੇਰੇ ਲਈ ਤੇਰੀ ਆਰਤੀ ਹੈ ਤੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ:
ਕਹੈ ਰਵਿਦਾਸ ਨਾਮ ਤੇਰੋ ਆਰਤੀ॥
ਸਤਿ ਨਾਮੁ ਹੈ ਹਰਿ ਭੋਗ ਤੁਹਾਰੈ॥4॥3॥
ਆਪ ਮੂਰਤੀ ਪੂਜਾ ਦੇ ਵਿਰੁੱਧ ਸਨ। ਆਪ ਜੀ ਅਨੁਸਾਰ ਸਿਮਰਨ ਕਰਨ ਨਾਲ ਹੀ ਮੁਕਤੀ ਮਿਲਦੀ ਹੈ ਤੇ ਨਰਕ ਤੋਂ ਛੁਟਕਾਰਾ ਮਿਲਦਾ ਹੈ। ਆਪ ਜੀ ਸੰਸਾਰਕ ਝਮੇਲਿਆਂ ਵਿਚੋਂ ਨਿਕਲ ਕੇ ਐਸੀ ਦੁਨੀਆ ਵਿਚ ਜਾਣਾ ਲੋਚਦੇ ਹਨ, ਜਿਸ ਨੂੰ ਆਪ ਜੀ ਬੇਗਮਪੁਰਾ ਕਹਿੰਦੇ ਹਨ, ਜਿੱਥੇ ਨਾ ਕੋਈ ਦੁੱਖ ਹੈ, ਨਾ ਚਿੰਤਾ ਹੈ ਅਤੇ ਨਾ ਹੀ ਕੋਈ ਘਬਰਾਹਟ ਹੈ। ਉੱਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾ ਹੀ ਉਸ ਜਾਇਦਾਦ ਨੂੰ ਕੋਈ ਮਸੂਲ ਹੈ। ਉਸ ਅਵਸਥਾ ਵਿਚ ਪਾਪ ਕਰਨ ਦਾ ਕੋਈ ਖ਼ਤਰਾ ਨਹੀਂ, ਕੋਈ ਡਰ ਨਹੀਂ, ਕੋਈ ਗਿਰਾਵਟ ਨਹੀਂ:
ਬੇਗਮ ਪੁਰਾ ਸਹਰ ਕੋ ਨਾਉ॥
ਦੁਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨਾ ਤਰਸੁ ਜਵਾਲੁ॥
ਆਪ 151 ਸਾਲ ਦੀ ਆਯੂ ਭੋਗ ਕੇ 1528 ਈ. ਅਰਥਾਤ 1583 ਬਿਕਰਮੀ ਨੂੰ ਪ੍ਰਲੋਕ ਸਿਧਾਰ ਗਏ।