ਮਾਫੀਆ-ਕਲਚਰ ਵਿਰੁੱਧ ਨਵਜੋਤ ਸਿੱਧੂ ਦੀ ਜੰਗ “ਆਪਣਿਆਂ” ਵਿਰੁੱਧ ਵੀ

ਕਰਮਜੀਤ ਸਿੰਘ ਚੰਡੀਗੜ੍ਹ
99150-91063
ਦੋਸਤੋ! ਪੰਜਾਬ ਵਿਚ ਹੋ ਰਹੇ ਚੋਣ ਪ੍ਰਚਾਰ ਦੌਰਾਨ ਜਿਹੜਾ ਇਕ ਸ਼ਬਦ ਬਹੁਤ ਮਹੱਤਤਾ ਅਖ਼ਤਿਆਰ ਕਰਦਾ ਜਾ ਰਿਹਾ ਹੈ, ਉਹ ਹੈ “ਮਾਫ਼ੀਆ”। ਵੈਸੇ ਤਾਂ ਇਹ ਸ਼ਬਦ ਅਕਾਲੀ ਦਲ ਦੇ ਰਾਜ ਦੌਰਾਨ ਵੀ ਆਮ ਵਰਤਿਆ ਗਿਆ ਸੀ ਪਰ ਇਸ ਸ਼ਬਦ ਨੂੰ ਜਿਹੜੇ ਨਵੇਂ ਅਰਥ ਦਿੱਤੇ ਗਏ, ਨਵੇਂ ਮਤਲਬ ਸਮਝਾਏ ਗਏ ਅਤੇ ਜਿਹੜੇ ਅਰਥ ਜਨਤਾ ਦੇ ਦਿਲਾਂ ਵਿਚ ਥਾਂ ਬਣਾ ਗਏ, ਉਸ ਦਾ ਸਿਹਰਾ ਨਵਜੋਤ ਸਿੰਘ ਸਿੱਧੂੂ ਨੂੰ ਜਾਂਦਾ ਹੈ। ਵੈਸੇ ਭਗਵੰਤ ਮਾਨ ਵੀ ਕਦੇ ਕਦੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦਾ ਰਿਹਾ ਹੈ ਪਰ ਉਹ ਸ਼ਬਦ ਇਕ ਤਰ੍ਹਾਂ ਨਾਲ ਕੁਰੱਪਸ਼ਨ-ਕਲਚਰ ਤਕ ਹੀ ਸੀਮਤ ਰਹਿੰਦੇ ਸਨ।

ਨਵਜੋਤ ਸਿੱਧੂੂ ਨੇ ਅਕਸਰ ਹੀ ਵਿਧਾਨ ਸਭਾ ਦੇ ਅੰਦਰ ਅਤੇ ਵਿਧਾਨ ਸਭਾ ਤੋਂ ਬਾਹਰ ਚਾਰ ਤਰ੍ਹਾਂ ਦੇ ਮਾਫ਼ੀਏ ਜਨਤਾ ਦੇ ਸਾਹਮਣੇ ਵਾਰ ਵਾਰ ਅਤੇ ਮਿੱਥ ਕੇ ਲਿਆਂਦੇ। ਇਕ ਰੇਤ ਮਾਫ਼ੀਆ, ਦੂਜਾ ਨਸ਼ਾ ਮਾਫੀਆ ਜਾਂ ਸ਼ਰਾਬ ਮਾਫੀਆ, ਤੀਜਾ ਟਰਾਂਸਪੋਰਟ ਮਾਫੀਆ ਅਤੇ ਚੌਥਾ ਕੇਬਲ ਮਾਫੀਆ। ਵੈਸੇ ਭੂ-ਮਾਫੀਆ ਵੀ ਕਾਫੀ ਜ਼ੋਰਾ ਫੜ ਗਿਆ ਹੈ। ਸੋਚਣ ਵਾਲੀ ਗੱਲ ਜਿਹੜੀ ਸਿੱਧੂ ਨੇ ਉਭਾਰ ਕੇ ਸਾਹਮਣੇ ਲਿਆਂਦੀ-ਤੱਥਾਂ ਤੇ ਅੰਕੜਿਆਂ ਸਮੇਤ ਵੀ ਅਤੇ ਕਦੇ ਕਦੇ ਜਜ਼ਬਿਆਂ ਦੇ ਜ਼ੋਰ ਨਾਲ ਵੀ, ਉਹ ਇਹ ਸੀ ਕਿ ਇਹ ਸਾਰੇ ਮਾਫੀਆ ਕਿਸੇ ਨਾ ਕਿਸੇ ਰੂਪ ਵਿਚ ਬਾਦਲ ਦਲ ਨਾਲ ਜਾਂ ਖ਼ਾਸ ਕਰਕੇ ਬਾਦਲ ਪਰਿਵਾਰ ਨਾਲ ਜੁੜੇ ਹੋਏ ਹਨ।
ਇੱਥੇ ਹੀ ਬਸ ਨਹੀਂ ਸਗੋਂ ਨਵਜੋਤ ਸਿੱਧੂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਬਾਰੇ ਵੀ ਇਹੋ ਵਿਚਾਰ ਸੰਗਤ ਦੇ ਸਾਹਮਣੇ ਲਿਆਂਦਾ ਕਿ ਇਸ ਘਟਨਾ ਦੀਆਂ ਤਾਰਾਂ ਵੀ ਬਾਦਲ ਪਰਿਵਾਰ ਨਾਲ ਹੀ ਜੁੜੀਆਂ ਹੋਈਆਂ ਹਨ।
ਦੋਸਤੋ! ਵੈਸੇ ਮਾਫੀਆ ਹੁੰਦਾ ਕੀ ਹੈ? ਕੀ ਪੰਜਾਬ ਦੇ ਸਿਆਸਤਦਾਨਾਂ ਦੇ ਸਬੰਧ ਵਿਚ ਇਹ ਸ਼ਬਦ ਵਰਤਣਾ ਕਾਨੂੰਨੀ ਰੂਪ ਵਿਚ ਵਾਜਬ ਵੀ ਹੈ? ਜਾਂ ਕਿਸੇ ਹੋਰ ਸ਼ਬਦ ਦੀ ਵਰਤੋਂ ਕੀਤੀ ਜਾਵੇ ਜੋ ਮਾਫੀਆ ਦੇ ਅਰਥਾਂ ਤੋਂ ਵੱਖਰਾ ਹੋਵੇ ਪਰ ਸਿਆਸਤਦਾਨਾਂ ਦੇ ਗਿੱਟਿਆਂ ‘ਤੇ ਵੱਜੇ? ਪੰਜਾਬ ਅੰਦਰ ਮਾਫੀਆ ਦੇ ਕੰਮ ਇਕੋ ਪਾਰਟੀ ਨਾਲ ਜੁੜੇ ਹੋਏ ਹਨ ਜਾਂ ਮਾਫੀਆ ਦੇ ਕਈ ਰੂਪ ਰੰਗ ਹੋਰ ਪਾਰਟੀਆਂ ਨਾਲ ਵੀ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਸਬੰਧ ਰੱਖਦੇ ਹਨ?
ਇੱਥੇ ਅਜੇ ਦੋਸਤੋ, ਮਾਫੀਆ ਦੀ ਪਰਿਭਾਸ਼ਾ ਬਾਰੇ ਇੰਨਾ ਹੀ ਦੱਸਣਾ ਕਾਫ਼ੀ ਹੈ ਕਿ ਗੈਰਕਾਨੂੰਨੀ ਕਾਰਵਾਈਆਂ ਕਰਨ ਵਾਲੀ ਕਿਸੇ ਗੁਪਤ ਸੰਸਥਾ ਨੂੰ ਮਾਫੀਆ ਕਹਿੰਦੇ ਹਨ। ਹਾਲਾਂਕਿ ਇਹ ਪਰਿਭਾਸ਼ਾ ਆਪਣੇ ਆਪ ਵਿਚ ਮੁਕੰਮਲ ਨਹੀਂ ਹੈ ਕਿਉਂਕਿ ਮਾਫ਼ੀਆ-ਕਲਚਰ ਦੂਰ ਦੂਰ ਤਕ ਕਈ ਤਰੀਕਿਆਂ ਨਾਲ ਫੈਲਿਆ ਹੋਇਆ ਹੈ। ਮਿਸਾਲ ਵਜੋਂ ਦਾਊਦ ਇਬਰਾਹੀਮ ਦੀ ਸੰਸਥਾ ਡੀ-ਕੰਪਨੀ ਇਕ ਤਰ੍ਹਾਂ ਨਾਲ ਮਾਫ਼ੀਆ ਹੈ।
ਮਾਫੀਆ ਸ਼ਬਦ ਕਿੱਥੋਂ ਆਇਆ? ਇਟਲੀ ਵਿਚ ਸਿਸਲੀਅਨ ਖੇਤਰ ਦੇ ਕਲਚਰ ਨਾਲ ਇਸ ਦੇ ਕੀ ਭਾਵਕ ਰਿਸ਼ਤੇ ਹਨ? ਸੰਸਾਰ ਵਿਚ ਵੱਡੇ ਡਾਨ ਕਿਹੜੇ ਹਨ? ਉਨ੍ਹਾਂ ਦਾ ਨੈੱਟਵਰਕ ਕਿਸ ਤਰ੍ਹਾਂ ਦਾ ਹੈ? ਭਾਰਤ ਵਿਚ ਮਾਫੀਆ ਡਾਨ ਕੀ ਕਰਦੇ ਹਨ? ਇਨ੍ਹਾਂ ਦਾ ਚੋਟੀ ਦੇ ਸਿਆਸਤਦਾਨਾਂ ਨਾਲ ਕੀ ਸਬੰਧ ਹੈ? ਇਹ ਦਿਲਚਸਪ ਸਵਾਲ ਜਵਾਬ ਕਿਸੇ ਹੋਰ ਸਮੇਂ ਕੀਤੇ ਜਾਣਗੇ। ਵੈਸੇ ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ਤਾਕਤਵਰ ਬੰਦੇ ਜਾਂ ਸੰਸਥਾ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਜਾਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਵਾਲੇ ਜਾਂ ਉਨ੍ਹਾਂ ਨੂੰ ਸਬਕ ਸਿਖਾਉਣ ਵਾਲੀ ਸੰਸਥਾ ਵੀ ਮਾਫੀਆ ਅਖਵਾ ਸਕਦੀ ਹੈ। ਇਸ ਸਬੰਧ ਵਿਚ ਅਨੇਕਾਂ ਫਿਲਮਾਂ ਵੀ ਬਣੀਆਂ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਇਹ ਮਾਫੀਆ ਡਾਨ ਜ਼ਾਲਮ ਹੀ ਨਹੀਂ ਹੁੰਦੇ ਸਗੋਂ ਚੰਗੇ ਕੰਮ ਵੀ ਕਰਦੇ ਹਨ। ਉਹ ਮੇਹਰਬਾਨ ਵੀ ਹੁੰਦੇ ਹਨ ਜਾਂ ਹੋ ਸਕਦੇ ਹਨ। ਇਸ ਲਈ ਪੰਜਾਬ ਵਿਚ ਮਾਫੀਆ ਕਿਵੇਂ ਕੰਮ ਕਰਦੇ ਹਨ, ਇਨ੍ਹਾਂ ਦਾ ਸਿਆਸਤ ਨਾਲ ਕੀ ਰਿਸ਼ਤਾ ਹੈ, ਇਹ ਧਰਮ ਦੀ ਕਿਸ ਤਰ੍ਹਾਂ ਹਮਾਇਤ ਲੈਂਦੇ ਹਨ, ਇਹ ਸਵਾਲ ਖੋਜ ਦਾ ਵਿਸ਼ਾ ਹੈ।
ਦੋਸਤੋ, ਪੰਜਾਬ ਦੀਆਂ ਇਨ੍ਹਾਂ ਚੋਣਾਂ ਨੂੰ ਜੇ ਇਕ ਵਾਕ ਵਿਚ ਪੇਸ਼ ਕਰਨਾ ਹੋਵੇ ਤਾਂ ਇਹ ਇਸ ਸਮੇਂ ਰਾਜਨੀਤਕ ਚੇਤਨਾ ਦੀ ਵਗਦੀ ਨਦੀ ਹੈ, ਜਿਸ ਵਿਚ ਕਿਸਾਨ ਮੋਰਚੇ ਦਾ ਵੱਡਾ ਹਿੱਸਾ ਹੈ ਜਾਂ ਇਉਂ ਕਹਿ ਲਵੋ ਕਿ ਕਿਸਾਨ ਮੋਰਚੇ ਨੇ ਪੰਜਾਬ ਦੀ ਧਰਤੀ ‘ਤੇ ਰਾਜਨੀਤਕ ਚੇਤਨਾ ਦਾ ਨਵਾਂ ਦਰਿਆ ਵਗਾ ਦਿੱਤਾ ਹੈ ਅਤੇ ਦਿਲਚਸਪ ਸਚਾਈ ਇਹ ਹੈ ਕਿ ਕਿਸਾਨ ਆਗੂਆਂ ਨੂੰ ਵੀ ਇਸ ਮਹਾਨ ਚੇਤਨਾ ਦੀਆਂ ਗੁੰਝਲਦਾਰ ਪਰਤਾਂ ਬਾਰੇ ਕੁਝ ਵੀ ਨਹੀਂ ਪਤਾ। ਉਨ੍ਹਾਂ ਨੂੰ ਨਹੀਂ ਪਤਾ ਕਿ “ਚੇਤਨਾ ਦਾ ਮੱਠ” ਜੋ ਉਨ੍ਹਾਂ ਨੇ ਸਥਾਪਤ ਕੀਤਾ ਹੈ, ਉਸ ਦੇ ਦੂਰ ਰਸ ਨਤੀਜੇ ਕੀ ਨਿਕਲ ਸਕਦੇ ਹਨ? ਪੰਜਾਬ ਵਿਚ ਜਗੀ ਚੇਤਨਾ ਇਨ੍ਹਾਂ ਚੋਣਾਂ ਵਿਚ ਕਿਹੜਾ ਰੁਝਾਨ ਅਖਤਿਆਰ ਕਰੇਗੀ, ਮਾਹਰਾਂ ਨੂੰ ਵੀ ਅਜੇ ਇਹ ਜਵਾਬ ਨਹੀਂ ਮਿਲ ਰਿਹਾ। ਆਪੀਨੀਅਨ ਪੋਲ ਵੀ ਰਵਾਇਤੀ ਢੰਗ ਨਾਲ਼ ਹੀ ਨਤੀਜੇ ਕੱਢ ਰਹੇ ਜਾਪਦੇ ਹਨ।
ਦੋਸਤੋ! ਇਸੇ ਰਾਜਨੀਤਕ ਚੇਤਨਾ ਨੂੰ ਹੋਰ ਤੇਜ਼ ਤੇ ਪ੍ਰਭਾਵਸ਼ਾਲੀ ਕਰਨ ਲਈ ਨਵਜੋਤ ਸਿੱਧੂ ਮੈਦਾਨ ਵਿਚ ਉਤਰਿਆ ਹੈ ਅਤੇ ਉਹ ਇਹ ਜੰਗ ਇਕੱਲਾ ਹੀ ਲੜ ਰਿਹਾ ਹੈ। ਕਾਰਨ?
ਮੌਜੂਦਾ ਰਾਜਨੀਤਕ ਸਥਿਤੀ ਦਾ ਅਜਬ ਵਿਅੰਗ ਇਹ ਹੈ ਕਿ ਉਪਰੋਕਤ ਚਾਰ ਮਾਫ਼ੀਆ ਵਿਚ ਹਰ ਉਸ ਕਿਸੇ ਦਾ ਹਿੱਸਾ ਹੈ ਜੋ ਰਾਜ ਦੀ ਸਮਾਜਿਕ ਜਾਂ “ਰਾਜਨੀਤਕ ਟੀਸੀ ਦਾ ਬੇਰ” ਹਨ। ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਬਾਦਲ ਪਰਿਵਾਰ ਜਾਂ ਸਾਥੀ ਇਸ ਹਿੱਸੇ ਵਿਚ ਸਭ ਤੋਂ ਅੱਗੇ ਹੈ ਜਾਂ ਇਉਂ ਕਹੋ ਕਿ ਬਹੁਤ ਹੀ ਅੱਗੇ ਹੈ, ਪਰ ਦੂਜੇ ਵੀ ਪਿੱਛੇ ਪਿੱਛੇ ਤੁਰੇ ਆ ਰਹੇ ਹਨ। ਨਵਜੋਤ ਸਿੱਧੂ ਦੀ ਇਕ ਜੰਗ ਚੁੱਪ ਚੁਪੀਤੇ ਪਾਰਟੀ ਦੇ ਅੰਦਰ ਵੀ ਚੱਲ ਰਹੀ ਹੈ। ਮਿਸਾਲ ਵਜੋਂ ਚੋਟੀ ਦੇ ਆਗੂ ਦੇ ਰਿਸ਼ਤੇਦਾਰ ਦਾ ਰੇਤ ਮਾਫੀਏ ਵਿਚ ਸ਼ਾਮਲ ਹੋਣਾ ਅਤੇ ਦਸ ਕਰੋੜ ਤੇ ਹੋਰ ਕੀਮਤੀ ਵਸਤਾਂ ਬਰਾਮਦ ਹੋਣ ਦਾ “ਅਸਲ ਮਤਲਬ” ਕੀ ਹੈ? ਉਸ ਵਿਅਕਤੀ ਨੂੰ ਵੱਡੀ ਸੁਰੱਖਿਆ ਛਤਰੀ ਦੇਣ ਦੇ ਡੂੰਘੇ ਅਰਥ ਕੀ ਹਨ। ਦਸ ਕਰੋੜ ਦੀ ਰਕਮ ਵਿਚ ਹੋਰ ਕਿਸੇ ਵੱਡੇ ਬੰਦੇ ਦਾ ਹੱਥ ਨਾ ਹੋਵੇ ਇਹ ਗੱਲ ਹਜ਼ਮ ਹੋਣੀ ਮੁਸ਼ਕਲ ਹੈ। ਕੀ ਇਸ ਨੂੰ “ਬਦਲੇ ਦੀ ਕਾਰਵਾਈ” ਦੱਸ ਕੇ ਦੋਸ਼ੀਆਂ ਨੂੰ ਬਰੀ ਕੀਤਾ ਜਾ ਸਕਦਾ ਹੈ? ਇਸੇ ਤਰ੍ਹਾਂ ਟਰਾਂਸਪੋਰਟ ਮਾਫ਼ੀਆ ਵਿਚ ਹਾਕਮ ਪਾਰਟੀ ਕੀ ਸ਼ਾਮਲ ਨਹੀਂ? ਕੀ ਆਮ ਆਦਮੀ ਪਾਰਟੀ ਦੇ ਵੱਡੇ ਬੰਦੇ ਵੀ ਰਾਜ ਭਾਗ ਮਿਲਣ ਦੀ ਸੂਰਤ ਵਿਚ ਨਿੱਕੇ ਮੋਟੇ ਮਾਫ਼ੀਏ ਬਣਨ ਦੀਆਂ ਤਿਆਰੀਆਂ ਕਰ ਰਹੇ ਹਨ?
ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਵਿਰੁੱਧ ਜੋ ਆਵਾਜ਼ਾਂ ਅੰਦਰੋਂ ਬਾਹਰੋਂ ਉਠ ਰਹੀਆਂ ਹਨ ਅਤੇ ਜਥੇਬੰਦ ਹੋ ਕੇ ਜਿਵੇਂ ਉਠ ਰਹੀਆਂ ਹਨ, ਉਸ ਤੋਂ ਇਹੋ ਗੱਲ ਸਾਹਮਣੇ ਆ ਰਹੀ ਹੈ ਕਿ ਮਾਫੀਆ-ਕਲਚਰ ਅੱਜ ਰਾਜਨੀਤਿਕ ਪਾਰਟੀਆਂ ਦੀ ਜਿੰਦ ਜਾਨ ਬਣ ਗਈ ਹੈ। ਦੂਜੇ ਸ਼ਬਦਾਂ ਵਿਚ ਇਸ ਨੂੰ ਨੈਤਿਕਤਾ ਦਾ ਰੂਪ ਦੇਣ ਵਿਚ ਸਾਰੇ ਸਹਿਮਤ ਹੋ ਗਏ ਜਾਪਦੇ ਹਨ। ਆਓ ਸਾਰੇ ਕਿਸੇ ਸ਼ਾਇਰ ਦੀਆਂ ਇਨ੍ਹਾਂ ਸਤਰਾਂ ਨਾਲ ਸਾਂਝ ਪਾਈਏ:
ਯਾਰ ਤੇ ਵੈਰੀ ਰਜ਼ਾਮੰਦ ਹੋ ਗਏ,
ਜਿ਼ੰਦਗੀ ਦਾ ਮੁੱਲ ਪਾ ਦਿੱਤਾ ਗਿਆ।