ਬਾਲ ਵੀਰ ਦਿਵਸ

ਹਰਪਾਲ ਸਿੰਘ ਪੰਨੂ
ਫੋਨ: 94642-51454
14 ਨਵੰਬਰ ਪੰਡਤ ਜਵਾਹਰਲਾਲ ਨਹਿਰੂ ਦਾ ਜਨਮ ਦਿਨ ਸਕੂਲਾਂ ਵਿਚ ਭਾਰਤੀ ਬੱਚੇ ਬਾਲ-ਦਿਵਸ ਵਜੋਂ ਮਨਾਉਂਦੇ ਆ ਰਹੇ ਹਨ। ਦੇਰ ਤੋਂ ਵੱਖ ਵੱਖ ਸਿੱਖ ਤਬਕੇ ਮੰਗ ਕਰਦੇ ਆ ਰਹੇ ਸਨ ਕਿ ਸਰਕਾਰ ਬਾਲ ਦਿਵਸ 14 ਨਵੰਬਰ ਦੀ ਥਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲਾ ਦਿਨ ਐਲਾਨੇ ਕਿਉਂਕਿ ਨਹਿਰੂ ਜੀ ਦਾ ਬਾਲ-ਦਿਵਸ ਨਾਲ ਕੋਈ ਤੁਅੱਲਕ ਨਹੀਂ ਬਣਦਾ। ਇਹ ਚੰਗਾ ਹੋਇਆ ਕਿ 14 ਨਵੰਬਰ ਤਰੀਕ ਨਾਲ ਛੇੜਛਾੜ ਕੀਤੇ ਬਗੈਰ ਕੇਂਦਰ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ 26 ਦਸੰਬਰ ਨੂੰ ਬਾਲ ਵੀਰ ਦਿਵਸ ਕਹਿ ਕੇ ਸਨਮਾਨ ਦੇ ਦਿੱਤਾ।

ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਉਪਾਧੀ ਨਾਲ ਯਾਦ ਕਰਦੇ ਹਾਂ ਬੇਸ਼ਕ ਉਹ ਬਾਲਕ ਸਨ। ਬਾਬਾ ਮਾਅਨੇ ਵਡੇਰਾ, ਬਾਪੂ, ਪਿਤਾ ਅਤੇ ਅੱਬੂ ਹੈ। ਇਹ ਉਪਾਧੀ ਔਰਤ ਨੂੰ ਵੀ ਮਿਲ ਸਕਦੀ ਹੈ, ਜਿਵੇਂ ਡੇਰਾ ਬਾਬਾ ਜੱਸਾ ਸਿੰਘ। ਬਾਬਾ ਜੱਸਾ ਸਿੰਘ ਤਪੱਸਵੀ ਬੀਬੀ ਸਨ।
ਵਾਲ ਦੀ ਖੱਲ ਲਾਹੁਣ ਵਾਲੇ ਇਸ ਗੱਲ `ਤੇ ਵੀ ਇਤਰਾਜ਼ ਕਰ ਸਕਦੇ ਹਨ ਕਿ ਉਨ੍ਹਾ ਨੂੰ ‘ਛੋਟੇ’ ਸਾਹਿਬਜ਼ਾਦੇ ਕਿਉਂ ਕਹਿੰਦੇ ਹੋ …! ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬਾਲ-ਗੁਰੂ, ਬਾਲਾ ਪ੍ਰੀਤਮ, ਵਿਸ਼ੇਸ਼ਣ ਲਾ ਕੇ ਯਾਦ ਕੀਤਾ ਜਾਂਦਾ ਹੈ, ਕਿਸੇ ਨੂੰ ਇਤਰਾਜ਼ ਨਹੀਂ ਹੋਇਆ। ਅੱਲਾ ਯਾਰ ਖਾਂ ਜੋਗੀ ਦੇ ਵਾਕ ਹਨ, “ਕਟਾਏ ਬਾਪ ਨੇ ਬੱਚੇ ਜਹਾਂ”, ਕੀ ਸਾਹਿਬਜ਼ਾਦੇ ਬੱਚੇ ਨਹੀਂ ਸਨ?
ਸਾਹਿਬਜ਼ਾਦੇ ਉਮਰ ਵਿਚ ਛੋਟੇ ਪਰ ਸ਼ਹਾਦਤ ਦਾ ਵੱਡਾ ਕਰਮ ਕਰਨ ਸਦਕਾ ਵੱਡੇ ਭਾਵ ਬਾਬੇ ਹੋ ਗਏ, ਇਹ ਦੋਵੇਂ ਵਿਸ਼ੇਸ਼ਣ ਠੀਕ ਹਨ। ਇਸ ਸਮੱਸਿਆ ਦਾ ਸਮਾਧਾਨ ਪਹਿਲੀ ਸਦੀ ਈਸਵੀ ਵਿਚ ਸਿਆਲਕੋਟ ਵਿਖੇ ਰਚਿਆ ਗ੍ਰੰਥ ਮਿਲਿੰਦ-ਪ੍ਰਸ਼ਨ ਕਰਦਾ ਹੈ। ਬਾਦਸ਼ਾਹ ਮਿਲਿੰਦ ਵਿਦਵਾਨ ਭਿੱਖੂ ਨਾਗਸੇਨ ਨੂੰ ਪੁੱਛਦਾ ਹੈ:
-ਭੰਤੇ, ਨਿੱਕਾ ਬੱਚਾ ਪੈਦਾ ਹੋਇਆ, ਫਿਰ ਉਹ ਜਵਾਨ ਹੋਇਆ, ਜਵਾਨ ਹੋ ਕੇ ਉਹ ਉਹੀ ਪਹਿਲਾਂ ਵਾਲਾ ਬੱਚਾ ਹੈ ਕਿ ਆਦਮੀ ਬਣ ਕੇ ਕੁੱਝ ਹੋਰ ਹੋ ਗਿਆ?
ਨਾਗਸੇਨ- ਨਾ ਉਹ ਉਹੀ ਰਿਹਾ ਮਹਾਰਾਜ ਨਾ ਕੋਈ ਹੋਰ ਦੂਜਾ ਹੋਇਆ।
ਮਿਲਿੰਦ- ਮੈਨੂੰ ਗੱਲ ਸਮਝ ਨਹੀਂ ਆਈ ਭਿਖੂ। ਉਦਾਹਰਨ ਦੇ ਕੇ ਸਮਝਾਉ।
ਨਾਗਸੇਨ: ਬਾਲ ਅਵਸਥਾ ਵਿਚ ਮਹਾਰਾਜ ਤੁਸੀਂ ਮਾਂ ਦਾ ਦੁੱਧ ਚੁੰਘਿਆ, ਪੰਘੂੜੇ ਵਿਚ ਲੇਟੇ। ਹੁਣ ਤੁਸੀਂ ਨਾ ਦੁੱਧ ਚੁੰਘਦੇ ਬੱਚੇ ਹੋ ਨਾ ਪੰਘੂੜੇ ਵਿਚ ਝੂਟੇ ਲੈਂਦੇ ਹੋ। ਹੁਣ ਤੁਸੀਂ ਜਵਾਨ ਹੋ ਤੇ ਰਾਜ ਕਰਦੇ ਹੋ ਪਰ ਤੁਸੀਂ ਉਹੀ ਵੀ ਹੋ ਮਹਾਰਾਜ ਕਿਉਂਕਿ ਤੁਹਾਡੇ ਮਾਤਾ ਪਿਤਾ ਅੱਜ ਵੀ ਉਹੀ ਹਨ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਸੀ। ਵੱਡੇ ਹੋਣ ਨਾਲ ਤੁਹਾਡੇ ਮਾਪੇ ਤਾਂ ਨਹੀਂ ਬਦਲ ਗਏ? ਕੁੱਝ ਸਮੇਂ ਸਦਕਾ ਉਹੀ ਮਨੁੱਖ ਦੂਸਰਾ ਹੋ ਜਾਂਦਾ ਤਦ ਇੱਕ ਆਦਮੀ ਜਿਸ ਨੇ ਚੋਰੀ ਕੀਤੀ ਉਹ ਹੋਰ ਸੀ ਪਰ ਸਾਲ ਬਾਅਦ ਸਜ਼ਾ ਮਿਲਣ ਵਕਤ ਹੱਥ ਕਿਸੇ ਹੋਰ ਦਾ ਕੱਟਿਆ ਗਿਆ। ਕਿਉਂਕਿ ਵੱਖ ਵੱਖ ਕਿਰਿਆਵਾਂ ਇਕੋ ਸਰੀਰ ਵਿਚ ਵਾਪਰੀਆਂ ਇਸ ਕਰਕੇ ਸਰੂਪ ਵਿਚ ਫਰਕ ਹੋ ਗਿਆ ਤੱਤ ਵਿਚ ਕੋਈ ਫਰਕ ਨਹੀਂ। ਇੱਕ ਪ੍ਰਵਾਹ ਦੀਆਂ ਦੋ ਅਵਸਥਾਵਾਂ ਵਿਚ ਇੱਕ ਪਲ ਦਾ ਵੀ ਅੰਤਰ ਨਹੀਂ ਹੁੰਦਾ, ਇੱਕ ਅਵਸਥਾ ਲੀਨ ਹੁੰਦੀ ਹੈ ਦੂਜੀ ਨਿਰੰਤਰ ਪੈਦਾ ਹੁੰਦੀ ਰਹਿੰਦੀ ਹੈ ਮਹਾਰਾਜ। ਵਸਤੂ ਉਹੀ ਵੀ ਰਹਿੰਦੀ ਹੈ ਬਦਲਦੀ ਵੀ ਹੈ।
ਕੇਂਦਰ ਸਰਕਾਰ ਨੇ ਸਾਹਿਬਜ਼ਾਦਿਆਂ ਦਾ ਸਨਮਾਨ ਕਰਦਿਆਂ 26 ਤਰੀਕ ਪਵਿੱਤਰ ਐਲਾਨ ਦਿੱਤੀ ਉਸ ਕਾਰਨ ਹਾਰਦਿਕ ਸ਼ੁਕਰਾਨਾ। ਹਾਂ ਇਸ ਦਿਨ ਦਾ ਇਸ ਤੋਂ ਵਧੇਰੇ ਸੁਹਣਾ ਨਾਮ ਕੀ ਹੋਵੇ ਇਨ੍ਹਾਂ ਸੁਝਾਵਾਂ ਦਾ ਸਵਾਗਤ ਹੈ।