ਪ੍ਰੇਮ ਮਾਨ
ਇਕ ਦਿਨ ਮੇਰੇ ਮੋਬਾਈਲ `ਤੇ ਇਕ ਫ਼ੋਨ ਆਇਆ ਪਰ ਮੈਂ ਜਵਾਬ ਨਾ ਦਿੱਤਾ, ਕਿਉਂਕਿ ਇਹ ਨੰਬਰ ਮੇਰਾ ਜਾਣਿਆ-ਪਛਾਣਿਆਂ ਨਹੀਂ ਸੀ ਅਤੇ ਨਾ ਹੀ ਫ਼ੋਨ ਕਰਨ ਵਾਲੇ ਦਾ ਨਾਂ ਮੇਰੇ ਫ਼ੋਨ ‘ਤੇ ਆ ਰਿਹਾ ਸੀ। ਜੇ ਕੋਈ ਆਉਣ ਵਾਲਾ ਫ਼ੋਨ ਮੇਰੇ ਮੋਬਾਈਲ ਵਿਚ ਦਰਜ ਨਾ ਹੋਵੇ ਤਾਂ ਮੈਂ ਜਵਾਬ ਨਹੀਂ ਦਿੰਦਾ। ਰੋਜ਼ਾਨਾ ਹੀ ਕਈ ਫ਼ੋਨ ਚੀਜ਼ਾਂ ਵੇਚਣ ਵਾਲਿਆਂ ਦੇ ਅਤੇ ਹੇਰਾ-ਫੇਰੀਆਂ ਕਰਨ ਵਾਲਿਆਂ ਦੇ ਆਉਂਦੇ ਰਹਿੰਦੇ ਹਨ। ਉਸ ਦਿਨ ਕੁਝ ਮਿੰਟਾਂ ਬਾਅਦ ਮੈਂ ਦੇਖਿਆ ਤਾਂ ਮੇਰੇ ਫ਼ੋਨ ‘ਤੇ ਇਕ ਸੁਨੇਹਾ ਛੱਡਿਆ ਹੋਇਆ ਸੀ।
ਮੈਂ ਸੁਨੇਹਾ ਸੁਣਿਆ ਤਾਂ ਮੇਰੀ ਹੈਰਾਨੀ ਅਤੇ ਖੁਸ਼ੀ ਦੀ ਹੱਦ ਨਾ ਰਹੀ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੰਨੇ ਵੱਡੇ ਕੱਦ ਵਾਲਾ ਸਾਹਿਤਕਾਰ ਮੈਨੂੰ ਫ਼ੋਨ ਕਰੇਗਾ। ਮੈਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਹੁਰਾਂ ਦੀ ਗੱਲ ਕਰ ਰਿਹਾਂ। ਮੈਂ ਉਸੇ ਵੇਲੇ ਵਾਪਸ ਫ਼ੋਨ ਕੀਤਾ ਅਤੇ ਅਸੀਂ ਕਾਫ਼ੀ ਦੇਰ ਗੱਲਾਂ ਕਰਦੇ ਰਹੇ।
ਡਾ. ਭੰਡਾਲ ਦੇ ਲੇਖ ਅਮਰੀਕਾ ਵਿਚ ਛਪਦੇ ਹਫ਼ਤਾਵਾਰੀ ਅਖ਼ਬਾਰ ‘ਪੰਜਾਬ ਟਾਈਮਜ਼’ ਵਿਚ 2015 ਤੋਂ ਛਪਦੇ ਆ ਰਹੇ ਹਨ। ਮੈਂ ਕਈ ਸਾਲਾਂ ਤੋਂ ਇਨ੍ਹਾਂ ਲੇਖਾਂ ਨੂੰ ਪੜ੍ਹਦਾ ਆਇਆ ਹਾਂ। ਇਨ੍ਹਾਂ ਲੇਖਾਂ ਦੇ ਮਜ਼ਮੂਨ ਬਹੁਤ ਅਦਭੁਤ ਅਤੇ ਦਿਲ-ਖਿਚਵੇਂ ਹੁੰਦੇ ਹਨ। ਲੇਖ ਦੇ ਹੇਠਾਂ ਡਾ. ਭੰਡਾਲ ਹੁਰਾਂ ਦਾ ਫ਼ੋਨ ਨੰਬਰ ਵੀ ਹੁੰਦਾ ਹੈ। ਮੈਂ ਕਈ ਸਾਲ ਸੋਚਦਾ ਰਿਹਾ ਕਿ ਫ਼ੋਨ ਕਰਾਂ ਅਤੇ ਉਨ੍ਹਾਂ ਦੀ ਵਾਰਤਕ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਉਨ੍ਹਾਂ ਬਾਰੇ ਕੁਝ ਗੱਲਾਂ ਵੀ ਕਰਾਂ। ਪਰ ਫਿਰ ਇਹ ਸੋਚ ਕਿ ਪਤਾ ਨਹੀਂ ਉਨ੍ਹਾਂ ਦਾ ਸੁਭਾਅ ਕਿਹੋ ਜਿਹਾ ਹੋਵੇਗਾ। ਕੀ ਪਤਾ ਉਹ ਫ਼ੋਨ ਦਾ ਜਵਾਬ ਦੇਣ ਵੀ ਜਾਂ ਨਾ। ਜੇ ਉਨ੍ਹਾਂ ਨੇ ਫ਼ੋਨ ਦਾ ਜਵਾਬ ਦੇ ਵੀ ਦਿੱਤਾ ਤਾਂ ਵਧੀਆ ਤਰੀਕੇ ਨਾਲ ਗੱਲ ਕਰਨ ਕਿ ਨਾ ਕਰਨ। ਵੈਸੇ ਵੀ ਮੈਂ ਫ਼ੋਨ ਕਰਨ ਦੇ ਸਿਲਸਿਲੇ ਵਿਚ ਬਹੁਤ ਸੁਸਤ ਹਾਂ। ਖ਼ੈਰ, ਜਦੋਂ ਡਾ. ਭੰਡਾਲ ਦਾ ਫ਼ੋਨ ਆਇਆ ਤਾਂ ਬੇਹੱਦ ਖੁਸ਼ੀ ਹੋਈ। ਉਨ੍ਹਾਂ ਮੈਨੂੰ ਆਪਣੀਆਂ ਵਾਰਤਕ ਦੀਆਂ ਕੁਝ ਕਿਤਾਬਾਂ ਵੀ ਭੇਜੀਆਂ।
ਡਾ. ਭੰਡਾਲ ਕਵਿਤਾ ਵੀ ਲਿਖਦੇ ਹਨ ਅਤੇ ਵਾਰਤਕ ਵੀ। ਮੈਂ ਉਨ੍ਹਾਂ ਦੀਆਂ ਕਵਿਤਾਵਾਂ ਤਾਂ ਬਹੁਤ ਘੱਟ ਪੜ੍ਹੀਆਂ ਹਨ। ਉਨ੍ਹਾਂ ਦੀਆਂ ਹੁਣ ਤੱਕ 5 ਕਵਿਤਾਵਾਂ ਦੀਆਂ 12 ਵਾਰਤਕ ਦੀਆਂ ਅਤੇ ਇਕ ਕੈਨੇਡਾ ਦਾ ਸਫ਼ਰਨਾਮਾ ਛਪ ਚੁੱਕਿਆ ਹੈ। ਉਨ੍ਹਾਂ ਦੀ ਵਾਰਤਕ ਕਮਾਲ ਦੀ ਹੁੰਦੀ ਹੈ। ਛੋਟੇ ਛੋਟੇ ਫ਼ਿਕਰਿਆਂ ਵਿਚ ਕਾਵਿਕ ਰੂਪ ਵਿਚ ਲਿਖੀ ਖ਼ੂਬਸੂਰਤ ਸ਼ਬਦਾਂ ਨਾਲ ਸ਼ਿੰਗਾਰੀ ਉਨ੍ਹਾਂ ਦੀ ਵਾਰਤਕ ਪੜ੍ਹਨ ਦਾ ਜੋ ਸੁਆਦ ਆਉਂਦਾ ਹੈ ਉਸ ਦਾ ਜਵਾਬ ਨਹੀਂ। ਇੰਜ ਲੱਗਦਾ ਜਿਵੇਂ ਡਾ. ਭੰਡਾਲ ਨੂੰ ਲਿਖਣ ਦਾ ਵਰਦਾਨ ਕੁਦਰਤ ਵਲੋਂ ਮਿਲਿਆ ਹੋਵੇ। ਉਨ੍ਹਾਂ ਦੀ ਲਿਖੀ ਵਾਰਤਕ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਡਾ. ਭੰਡਾਲ ਕੋਲ ਸ਼ਬਦਾਂ ਦਾ ਇੰਨਾ ਭੰਡਾਰ ਆਇਆ ਕਿਵੇਂ? ਅਜਿਹੇ ਸ਼ਬਦਾਂ ਦੀ ਚੋਣ, ਜੋ ਆਮ ਪਾਠਕ ਤਾਂ ਕੀ, ਬਹੁਤੇ ਲੇਖਕਾਂ ਨੇ ਵੀ ਕਦੇ ਸੁਣੇ ਨਹੀਂ ਹੁੰਦੇ।
ਡਾ. ਭੰਡਾਲ ਭੌਤਿਕ ਵਿਗਿਆਨ ਦੀ ਪੀ.ਐਚ.ਡੀ. ਹਨ। ਉਨ੍ਹਾਂ ਪੰਜਾਬ ਦੇ ਕਈ ਸਰਕਾਰੀ ਕਾਲਜਾਂ ਵਿਚ ਪੜ੍ਹਾਇਆ, ਰਿਟਾਇਰ ਹੋ ਕੇ ਟੋਰਾਂਟੋ ਸੱਤ ਸਾਲ ਰਹੇ। ਡਾ. ਭੰਡਾਲ ਨੇ ਬੜੀ ਸੰਘਰਸ਼ ਭਰੀ ਜ਼ਿੰਦਗੀ ਗੁਜ਼ਾਰੀ ਹੈ। ਇਕ ਪਿੰਡ ਦੇ ਸਧਾਰਨ ਕਿਰਸਾਨੀ ਪਰਿਵਾਰ ਵਿਚ ਜਨਮ ਲੈ ਕੇ ਅਤੇ ਵੱਡੇ ਹੋ ਕੇ ਇਸ ਮੁਕਾਮ ‘ਤੇ ਪਹੁੰਚਣਾ ਆਸਾਨ ਨਹੀਂ। ਉਨ੍ਹਾਂ ਆਪਣੀ ਜ਼ਿੰਦਗੀ ਵਿਚ ਹਰ ਕੰਮ ਨੂੰ ਬਹੁਤ ਗੰਭੀਰਤਾ ਅਤੇ ਲਗਨ ਨਾਲ ਲਿਆ ਹੈ ਅਤੇ ਪੂਰਾ ਕੀਤਾ ਹੈ।
ਡਾ. ਭੰਡਾਲ ਸਹਿਜ ਅਤੇ ਠੰਢੇ ਸੁਭਾਅ ਵਾਲੇ ਇਨਸਾਨ ਹਨ। ਹਰ ਗੱਲ ਜਾਂ ਘਟਨਾ ਨੂੰ ਜ਼ਰ ਲੈਣਾ ਉਨ੍ਹਾਂ ਦੀ ਆਦਤ ਹੈ, ਪਰ ਜਦ ਪਾਣੀ ਸਿਰ ਤੋਂ ਟੱਪ ਜਾਵੇ ਤਾਂ ਫਿਰ ਗਰਮ ਹੋਣਾ ਸੁਭਾਵਿਕ ਹੈ। ਉਨ੍ਹਾਂ ਜ਼ਿੰਦਗੀ ਵਿਚ ਕਿਸੇ ਨਾਲ ਲੜਾਈ ਨਹੀਂ ਕੀਤੀ। ਜੇ ਕੋਈ ਇਨਸਾਨ ਪਸੰਦ ਨਹੀਂ ਤਾਂ ਉਸ ਤੋਂ ਚੁੱਪ-ਚੁਪੀਤੇ ਦੂਰ ਹੋ ਗਏ। ਉਨ੍ਹਾਂ ਨੂੰ ਦੋਗਲੇ ਕਿਰਦਾਰ ਵਾਲੇ ਲੋਕ ਪਸੰਦ ਨਹੀਂ, ਸੱਚੇ-ਸੁੱਚੇ, ਮਿਹਨਤੀ ਅਤੇ ਪਾਕੀਜ਼ ਲੋਕ ਚੰਗੇ ਲਗਦੇ ਹਨ।
ਡਾ. ਭੰਡਾਲ ਦੀ ਜ਼ਿੰਦਗੀ ਸਾਧੀ ਹੈ। ਮਹਿੰਗੀਆਂ ਚੀਜ਼ਾਂ ਦਾ ਉਨ੍ਹਾਂ ਨੂੰ ਕੋਈ ਸ਼ੌਕ ਨਹੀਂ। ਪੰਜਾਬ ਰਹਿੰਦਿਆਂ 20 ਸਾਲ ਇਕੋ ਸਕੂਟਰ ਨਾਲ ਕੱਢੇ। ਉਹ ਆਪਣਾ ਕਾਫ਼ੀ ਸਮਾਂ ਸਮਾਜ ਸੇਵਾ ਨੂੰ ਵੀ ਸਮਰਪਿਤ ਕਰਦੇ ਹਨ।
ਵਧੀਆ ਕਿਤਾਬਾਂ ਪੜ੍ਹਨਾ, ਲਿਖਣਾ, ਸਾਂਝਾਂ ਨੂੰ ਉਮਰ ਭਰ ਨਿਭਾਉਣਾ, ਸਬਜ਼ੀਆਂ ਤੇ ਫੁੱਲ-ਬੂਟੇ ਉਗਾਉਣਾ, ਸੈਰ ਕਰਨੀ, ਪੜ੍ਹਾਉਣ ਦੀ ਤਿਆਰੀ ਕਰਨਾ, ਪਰਿਵਾਰ ਨਾਲ ਸਮਾਂ ਬਿਤਾਉਣਾ ਅਤੇ ਦੋਹਤੇ-ਦੋਹਤੀਆਂ ਨਾਲ ਬਚਪਨ ਨੂੰ ਮੁੜ ਜਿਊਣਾ ਡਾ. ਭੰਡਾਲ ਹੁਰਾਂ ਦੇ ਕੁਝ ਸ਼ੌਕ ਹਨ।
ਡਾ. ਭੰਡਾਲ ਦਾ ਬਚਪਨ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭੰਡਾਲ ਬੇਟ ਵਿਚ ਗੁਜ਼ਰਿਆ। ਇਹ ਇਲਾਕਾ ਬੇਟ ਦਾ ਏਰੀਆ ਕਹਾਉਂਦਾ ਹੈ ਅਤੇ ਇੱਥੋਂ ਦੇ ਲੋਕ ਵੀ ਚੀਕਣੀ ਮਿੱਟੀ ਵਰਗੇ ਹਨ। ਉਨ੍ਹਾਂ ਦੇ ਮਾਤਾ-ਪਿਤਾ ਜੀ ਕੋਰੇ ਅਨਪੜ੍ਹ ਸਨ ਪਰ ਉਨ੍ਹਾਂ ਜ਼ਿੰਦਗੀ ਦਾ ਹਰ ਸਬਕ ਪੜ੍ਹਿਆ ਅਤੇ ਗੁੜ੍ਹਿਆ ਸੀ ਅਤੇ ਉਹ ਇਕ ਮਿਹਨਤੀ ਕਿਰਸਾਨ, ਇਮਾਨਦਾਰ ਅਤੇ ਸੱਚ-ਹੱਕ ਲਈ ਡਟਣ ਵਾਲੇ ਇਨਸਾਨ ਸਨ। ਭਾਵੇਂ ਡਾ. ਭੰਡਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਜੀ ਕੋਰੇ ਅਨਪੜ੍ਹ ਸਨ ਪਰ ਉਨ੍ਹਾਂ ਜ਼ਿੰਦਗੀ ਦੇ ਤਜਰਬੇ ਤੋਂ ਬਹੁਤ ਕੁਝ ਸਿੱਖਿਆ ਸੀ। ਡਾ. ਭੰਡਾਲ ਨੇ ਆਪਣੇ ਪਿਤਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਛੋਟੇ ਹੁੰਦਿਆਂ ਮੈਂ ਆਪਣੇ ਪਿਤਾ ਜੀ ਨਾਲ ਮੰਡ ਵਿਚ ਘਾਹ ਵੱਢਣ ਗਿਆ ਤਾਂ ਕੁਝ ਬਦਮਾਸ਼ ਕਿਸਮ ਦੇ ਲੋਕਾਂ ਨੇ ਘਾਹ ਵੱਢਣ ਬਦਲੇ ਉਨ੍ਹਾਂ ਤੋਂ ਪੈਸੇ ਮੰਗੇ। ਪਿਤਾ ਜੀ ਨੇ ਗੱਡੇ ਵਿਚ ਲੁਕਾਇਆ ਇਕ ਦਾਤਰ ਕੱਢ ਕੇ ਲਲਕਾਰਿਆ ਕਿ ਮੰਡ ਤਾਂ ਸਭ ਦਾ ਸਾਂਝਾ ਹੈ, ਤੁਸੀਂ ਕੌਣ ਹੋ ਪੈਸੇ ਮੰਗਣ ਵਾਲੇ? ਉਹ ਕੰਨ ਵਲੇਟ ਕੇ ਤੁਰਦੇ ਬਣੇ। ਇਕ ਹੋਰ ਘਟਨਾ ਦੱਸੀ ਕਿ ਇਕ ਵਾਰੀ ਇੰਗਲੈਂਡ ਤੋਂ ਗਏ ਇਕ ਟਰੈਕਟਰ ਦਾ ਮਾਲਕ ਸਾਡੀ ਕਣਕ ਦੀ ਗਹਾਈ ਕਰ ਰਿਹਾ ਸੀ। ਗਲਤੀ ਨਾਲ ਰੁੱਗ ਜ਼ਿਆਦਾ ਵੱਡਾ ਲੱਗ ਗਿਆ ਅਤੇ ਟਰੈਕਟਰ ਦਾ ਜ਼ੋਰ ਲੱਗ ਗਿਆ। ਮਾਲਕ ਬਿਨਾਂ ਕਣਕ ਦੀ ਗਹਾਈ ਕੀਤਿਆਂ ਟਰੈਕਟਰ ਲੈ ਕੇ ਜਾਣ ਲਈ ਤਿਆਰ ਹੋ ਗਿਆ। ਜਦ ਉਹ ਗਹਾਈ ਕੀਤੀ ਕਣਕ ਦਾ ਕਿਰਾਇਆ ਲੈਣ ਲਈ ਕਣਕ ਦੇ ਢੇਰ ਵੱਲ ਵਧਿਆ ਤਾਂ ਪਿਤਾ ਜੀ ਨੇ ਦਬਕਾ ਮਾਰ ਕੇ ਕਿਹਾ, “ਸਾਰੀ ਕਣਕ ਦੀ ਗਹਾਈ ਕਰਨ `ਤੇ ਹੀ ਤੈਨੂੰ ਕਿਰਾਏ ਦੀ ਕਣਕ ਮਿਲੇਗੀ। ਕਣਕ ਦੇ ਬੋਹਲ਼ ਨੂੰ ਹੱਥ ਲਾਉਣ ਦੀ ਗਲਤੀ ਨਾ ਕਰੀਂ।” ਇਹ ਸੁਣ ਕੇ ਉਹ ਆਦਮੀ ਚੁੱਪ-ਚਾਪ ਤੁਰਦਾ ਬਣਿਆ। ਪਿਤਾ ਜੀ ਦੀ ਫ਼ਿਲਾਸਫ਼ੀ ਸੀ ਕਿ ਕਿਸੇ ਦਾ ਹੱਕ ਨਾ ਮਾਰੋ ਅਤੇ ਇਹ ਹੀ ਸਭ ਤੋਂ ਵੱਡਾ ਸਤਸੰਗ ਅਤੇ ਧਰਮ ਹੈ। ਬਾਪ ਨਾਲ ਜੁੜੀਆਂ ਇਹੋ ਜਿਹੀਆਂ ਘਟਨਾਵਾਂ ਦਾ ਮੇਰੇ ਵਿਅਕਤੀਤਵ `ਤੇ ਖ਼ਾਸ ਪ੍ਰਭਾਵ ਪਿਆ।
ਡਾ. ਭੰਡਾਲ ਨੇ ਅੱਠਵੀਂ ਆਪਣੇ ਪਿੰਡ ਦੇ ਸਕੂਲ ਤੋਂ ਕੀਤੀ। ਇੱਥੇ ਉਨ੍ਹਾਂ ਦੇ ਅੰਗਰੇਜ਼ੀ ਦੇ ਅਧਿਆਪਕ ਪੰਜਾਬੀ ਲੇਖਕ ਹਰਭਜਨ ਸਿੰਘ ਹੁੰਦਲ ਸਨ। ਆਪਣੇ ਪਿੰਡ ਤੋਂ ਤਿੰਨ ਮੀਲ ਦਾ ਪੈਂਡਾ ਪੈਦਲ ਤੈਅ ਕਰ ਬੇਟ ਦੇ ਸਕੂਲ ਤੋਂ ਦਸਵੀਂ ਕੀਤੀ। ਫਿਰ ਉਨ੍ਹਾਂ ਇਕ ਪੁਰਾਣਾ ਸਾਈਕਲ ਮੁੱਲ ਲੈ ਲਿਆ।
ਪਿੰਡ ਰਹਿੰਦਿਆਂ ਉਨ੍ਹਾਂ ਨੇ ਹਲ ਵੀ ਵਾਹਿਆ, ਕਣਕ ਅਤੇ ਮੱਕੀ ਵੀ ਬੀਜੀ, ਗੋਡੀ ਵੀ ਕੀਤੀ, ਆੜਾਂ ਵੀ ਪੁੱਟੀਆਂ, ਝੋਨਾ ਵੀ ਲਾਇਆ ਅਤੇ ਝਾੜਿਆ, ਕਣਕ ਦੀ ਵਾਢੀ ਵੀ ਕੀਤੀ, ਫਲੇ ਵੀ ਵਾਹੇ, ਕਿਆਰੇ ਵੀ ਪਾਏ, ਖੂਹ ਵੀ ਹੱਕੇ, ਪਸ਼ੂ ਵੀ ਚਾਰੇ ਅਤੇ ਖੇਤੀ ਦੇ ਹੋਰ ਵੀ ਕਈ ਕੰਮ ਕੀਤੇ। ਸਕੂਲ ਜਾਣ ਤੋਂ ਪਹਿਲਾਂ ਪੱਠੇ ਲਿਆਉਣੇ ਅਤੇ ਅੱਧੀ ਛੁੱਟੀ ਵੇਲੇ ਪਸ਼ੂਆਂ ਨੂੰ ਪਾਣੀ ਪਿਲਾਉਣਾ ਰੋਜ਼ ਦਾ ਕੰਮ ਸੀ।
ਦਸਵੀਂ ਫ਼ਸਟ ਡਿਵੀਜ਼ਨ ਵਿਚ ਪਾਸ ਕਰਨ `ਤੇ ਪਿੰਡ ਦੇ ਇਕ ਨਵ-ਪੜ੍ਹੇ ਸ. ਜਰਨੈਲ ਸਿੰਘ ਭੰਡਾਲ ਨੇ ਪਿੰਡ ਦੇ ਤਿੰਨ ਬੱਚਿਆਂ ਨੂੰ ਰਣਧੀਰ ਕਾਲਜ ਕਪੂਰਥਲਾ ਵਿਚ ਨਾਨ-ਮੈਡੀਕਲ ਵਿਚ ਦਾਖ਼ਲ ਕਰਾ ਦਿੱਤਾ। ਡਾ. ਭੰਡਾਲ ਕਹਿੰਦੇ ਹਨ, “ਸਾਡੇ ਪੇਂਡੂਆਂ ਲਈ ਅੰਗਰੇਜ਼ੀ ਮੀਡੀਅਮ ਵਿਚ ਸਾਇੰਸ ਪੜ੍ਹਨਾ ਮੁਸ਼ਕਲ ਸੀ ਅਤੇ ਮੈਂ ਸਾਇੰਸ ਛੱਡ ਕੇ ਆਰਟਸ ਦੇ ਮਜ਼ਮੂਨ ਲੈ ਲਏ ਪਰ ਹਫ਼ਤੇ ਕੁ ਬਾਅਦ ਹੀ ਮਾਮਾ ਜੀ ਨੇ ਮੈਨੂੰ ਦਬਕੇ ਮਾਰੇ ਅਤੇ ਪਿਆਰ ਨਾਲ ਵੀ ਨਾਨ-ਮੈਡੀਕਲ ਮਜ਼ਮੂਨ ਲੈਣ ਲਈ ਪ੍ਰੇਰਿਆ। ਇਸ ਦਾ ਨਤੀਜਾ ਇਹ ਹੋਇਆ ਮੈਂ ਪ੍ਰੈਪ ਵਿਚੋਂ ਫ਼ੇਲ੍ਹ ਹੋ ਗਿਆ। ਮੇਰੇ ਫ਼ੇਲ੍ਹ ਹੋਣ ਬਾਰੇ ਮੇਰੇ ਜਮਾਤੀ ਨੇ ਮੈਨੂੰ ਉਸ ਵੇਲੇ ਦੱਸਿਆ ਜਦੋਂ ਮੈਂ ਆਪਣੇ ਬਾਪ ਨਾਲ ਖੇਤਾਂ ਵਿਚ ਰੂੜੀ ਪਾ ਰਿਹਾ ਸੀ। …ਬਾਪ ਦੀਆਂ ਅੱਖਾਂ ਵਿਚ ਉਦਾਸੀ ਉਤਰ ਆਈ ਅਤੇ ਉਸ ਦੇ ਤਿੜਕੇ ਸੁਪਨਿਆਂ ਦੀ ਚੀਸ ਫ਼ਿਜ਼ਾ ਵਿਚ ਫੈਲ ਗਈ।…ਬਾਪ ਨੇ ਧਰਵਾਸ ਦਿੱਤਾ ਅਤੇ ਮਿਹਨਤ ਨਾਲ ਪੜ੍ਹਨ ਲਈ ਉਤਸ਼ਾਹਿਤ ਕੀਤਾ।…ਉਸ ਵਕਤ ਮੈਂ ਬਾਪ ਦੀ ਅੱਖ ਵਿਚ ਲਟਕੇ ਹੰਝੂ ਦੀ ਕਸਮ ਖਾਧੀ ਕਿ ਭਵਿੱਖ ਵਿਚ ਇਨ੍ਹਾਂ ਅੱਖਾਂ ਵਿਚ ਨਿਰਾਸ਼ਤਾ ਦੇ ਨਹੀਂ ਸਗੋਂ ਹੁਲਾਸ ਦੇ ਹੰਝੂ ਉਗਾਵਾਂਗਾ। …” ਇਸ ਤੋਂ ਬਾਅਦ ਡਾ. ਭੰਡਾਲ ਨੇ ਐਮ.ਐਸ.ਸੀ. ਤੱਕ ਹਰ ਸਾਲ ਮੈਰਿਟ ਸਕਾਲਰਸ਼ਿਪ ਪ੍ਰਾਪਤ ਕੀਤਾ। ਕਪੂਰਥਲੇ ਪੜ੍ਹਨ ਵੇਲੇ ਡਾ. ਭੰਡਾਲ ਪਿੰਡ ਤੋਂ 17 ਕਿਲੋਮੀਟਰ ਦੂਰ ਸਾਈਕਲ `ਤੇ ਪੜ੍ਹਨ ਜਾਂਦੇ ਸਨ।
ਪੜ੍ਹਨ ਵਾਲੇ ਚੁਬਾਰੇ ਨੂੰ ਕੋਈ ਦਰਵਾਜ਼ਾ ਜਾਂ ਤਾਕੀ ਨਹੀਂ ਸੀ। ਸਰਦੀਆਂ ਦੇ ਮੌਸਮ ਵਿਚ ਉਹ ਠੰਢ ਤੋਂ ਬਚਣ ਲਈ ਦਰਵਾਜ਼ੇ ਅਤੇ ਤਾਕੀਆਂ `ਤੇ ਬੋਰੀਆਂ ਲਟਕਾ ਲੈਂਦੇ। ਠੰਢ ਵੇਲੇ ਬਿਜਲੀ ਦੇ ਬਲਬ ਨੂੰ ਛੋਹ ਕੇ ਉਹ ਆਪਣੇ ਹੱਥ ਗਰਮ ਕਰ ਲੈਂਦੇ। ਡਾ. ਭੰਡਾਲ ਲਈ ਸਤਿਕਾਰ ਹੋਰ ਵੀ ਵਧ ਜਾਂਦਾ ਹੈ ਕਿ ਉਨ੍ਹਾਂ ਇੰਨੀ ਤੰਗੀ-ਤੁਰਸ਼ੀ ਵੀ ਮੈਰਿਟ ਵਿਚ ਆ ਕੇ ਵਿੱਦਿਆ ਹਾਸਲ ਕੀਤੀ।
ਭੌਤਿਕ ਸਾਇੰਸ ਦੀ ਐਮ.ਐਸ.ਸੀ. ਕਰਨ ਲਈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲੇ ਚਲੇ ਗਏ। ਕਾਲਜ ਅਤੇ ਯੂਨੀਵਰਸਿਟੀ ਪੜ੍ਹਦਿਆਂ ਉਨ੍ਹਾਂ ਨੂੰ ਸਾਹਿਤ ਪੜ੍ਹਨ ਦਾ ਸ਼ੌਕ ਲੱਗ ਗਿਆ, ਜਿਸ ਵਿਚ ਪੰਜਾਬੀ ਵਿਭਾਗ ਦੇ ਦੋਸਤਾਂ ਖਾਸ ਕਰਕੇ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦਾ ਕਾਫ਼ੀ ਯੋਗਦਾਨ ਸੀ।
ਉਹ ਪੀ.ਐਚਡੀ. ਕਰਨ ਦੇ ਚਾਹਵਾਨ ਸਨ ਪਰ ਘਰ ਦੇ ਆਰਥਿਕ ਹਾਲਾਤ ਮੰਗ ਕਰਦੇ ਸਨ ਕਿ ਉਹ ਛੇਤੀ ਤੋਂ ਛੇਤੀ ਕੋਈ ਨੌਕਰੀ ਲੱਭ ਲੈਣ। ਐਮ.ਐਸ.ਸੀ. ਵਿਚ ਯੂਨੀਵਰਸਿਟੀ `ਚੋਂ ਦੂਜਾ ਸਥਾਨ ਪ੍ਰਾਪਤ ਕਰਨ ਦੇ ਬਾਵਜੂਦ ਨੌਕਰੀ ਮਿਲਣੀ ਅਸਾਨ ਨਹੀਂ ਸੀ। ਡਾ. ਭੰਡਾਲ ਨੇ 1977 ਵਿਚ ਐਮ.ਐਸ.ਸੀ.ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ 1978 ਵਿਚ ਤਿੰਨ ਮਹੀਨੇ ਸਰਕਾਰੀ (ਗਰਲਜ਼) ਕਾਲਜ ਅੰਮ੍ਰਿਤਸਰ ਪੜ੍ਹਾਇਆ। ਜੁਲਾਈ 1978 ਵਿਚ ਖ਼ਾਲਸਾ ਕਾਲਜ ਸੁਧਾਰ ਵਿਚ ਰੈਗੂਲਰ ਨੌਕਰੀ ਮਿਲੀ ਅਤੇ ਉਸੇ ਸਾਲ ਵਿਆਹ ਹੋ ਗਿਆ। ਮਾਰਚ 1980 ਵਿਚ ਦੋ ਸਾਲ ਦਾ ਪ੍ਰੋਬੇਸ਼ਨ ਪੀਰੀਅਡ ਖ਼ਤਮ ਹੋਣ ਤੋਂ ਪਹਿਲਾਂ ਹੀ ਸੁਧਾਰ ਕਾਲਜ ਦੀ ਨੌਕਰੀ ਤੋਂ ਜਵਾਬ ਮਿਲ ਗਿਆ ਪਰ ਉਥੋਂ ਦੇ ਪ੍ਰੋਫੈਸਰ ਹਰਭਜਨ ਸਿੰਘ ਦਿਓਲ ਨਾਲ ਡਾ. ਭੰਡਾਲ ਹੁਰਾਂ ਦੀ ਮੁਹੱਬਤੀ ਸਾਂਝ ਪੈ ਗਈ। ਪ੍ਰੋਫੈਸਰ ਹਰਭਜਨ ਸਿੰਘ ਦਿਓਲ ਦੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਬਣਨ ਨਾਲ 1984 ਵਿਚ ਡਾ. ਭੰਡਾਲ ਸਰਕਾਰੀ ਕਾਲਜਾਂ ਲਈ ਪ੍ਰੋਫੈਸਰ ਵਜੋਂ ਚੁਣੇ ਗਏ। 1981 ਤੋਂ 1984 ਪਹਿਲਾਂ ਤਿੰਨ ਮਹੀਨੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਅਤੇ ਫਿਰ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਪੜ੍ਹਾਇਆ। 1984 ਵਿਚ ਸਰਕਾਰੀ ਸਰਵਿਸ ਵਿਚ ਆਉਣ ‘ਤੇ ਪਹਿਲੀ ਨਿਯੁਕਤੀ ਸਰਕਾਰੀ ਕਾਲਜ ਹੁਸ਼ਿਆਰਪੁਰ ਹੋਈ। 1986 ਵਿਚ ਰਣਧੀਰ ਕਾਲਜ ਕਪੂਰਥਲਾ ਬਦਲੀ ਹੋ ਗਈ ਜਿੱਥੇ ਕਿਸੇ ਵੇਲੇ ਉਹ ਵਿਦਿਆਰਥੀ ਰਹੇ ਸਨ। ਇਸੇ ਕਾਲਜ ਤੋਂ ਡਾ. ਭੰਡਾਲ ਅਗਸਤ 2010 ਵਿਚ ਸੇਵਾ-ਮੁਕਤ ਹੋਏ। ਕਪੂਰਥਲੇ ਪੜ੍ਹਾਉਂਦਿਆਂ ਡਾ. ਭੰਡਾਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਕੁਲਵੰਤ ਸਿੰਘ ਥਿੰਦ ਹੁਰਾਂ ਨਾਲ ਨਿਊਕਲੀਅਰ ਫਿਜ਼ਿਕਸ ‘ਤੇ 1995 ਵਿਚ ਪੀ.ਐੱਚ.ਡੀ. ਕਰ ਲਈ। ਜਦੋਂ ਐਗਜ਼ਾਮੀਨਰ ਨੇ ਡਾ. ਭੰਡਾਲ ਹੁਰਾਂ ਨੂੰ ਪੁੱਛਿਆ ਕਿ ਤੁਸੀਂ ਪੜ੍ਹਾ ਕੇ ਅਤੇ ਟਿਊਸ਼ਨਾਂ ਕਰ ਕੇ ਵਧੀਆ ਪੈਸੇ ਕਮਾ ਸਕਦੇ ਸਨ ਫਿਰ ਪੀ.ਐਚ.ਡੀ.ਦੀ ਕਿਓਂ ਕੀਤੀ। ਆਪਣੀ ਪ੍ਰੈਪ ਵਿਚੋਂ ਫ਼ੇਲ੍ਹ ਹੋਣ ਦੀ ਕਹਾਣੀ ਸੁਣਾਈ ਅਤੇ ਦੱਸਿਆ ਕਿ ਇਹ ਉੱਦਮ ਬਾਪ ਦੇ ਹੰਝੂਆਂ ਨੂੰ ਅਰਪਿਤ ਸੀ।
2003 ਵਿਚ ਪਰਿਵਾਰ ਸਮੇਤ ਕੈਨੇਡਾ ਦੀ ਇਮੀਗਰੇਸ਼ਨ ਮਿਲ ਗਈ। ਤਿੰਨ ਮਹੀਨੇ ਕੈਨੇਡਾ ਰਹਿ ਕੇ ਪੰਜਾਬ ਵਾਪਸ ਜਾ ਕੇ ਡਾ. ਸਾਹਿਬ ਨੇ ਕੈਨੇਡਾ ਦਾ ਸਫ਼ਰਨਾਮਾ ਲਿਖਿਆ ਜੋ ‘ਅਜੀਤ’ ਅਖ਼ਬਾਰ ਵਿਚ ਲਗਾਤਾਰ ਛਪਿਆ। ਟੋਰਾਂਟੋ ਤੋਂ ਛਪਦੇ ਇਕ ਪੰਜਾਬੀ ਅਖ਼ਬਾਰ ਵਿਚ ਵੀ ਕੰਮ ਕੀਤਾ।
2009 ਡਾ. ਭੰਡਾਲ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਦੇ ਕਹਿਣ ‘ਤੇ ਖਡੂਰ ਸਾਹਿਬ ਵਿਚ ਨਿਸ਼ਾਨੇ-ਸਿੱਖੀ ਵਿਚ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਵਿਦਿਆਰਥੀਆਂ ਨੂੰ ਤਿਆਰੀ ਕਰਾਉਣ ਵਾਲੇ ਅਦਾਰੇ ਨਾਲ ਜੁੜ ਗਏ ਅਤੇ ਹਾਲੇ ਵੀ ਜੁੜੇ ਹੋਏ ਹਨ। ਉਹ ਇਸ ਕਾਰਜ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਭਾਗ ਸਮਝਦੇ ਹਨ।
ਕਾਲਜ ਵਿਚ ਪੜ੍ਹਾਈ ਦੇ ਨਾਲ ਨਾਲ ਕਵਿਤਾਵਾਂ ਵੀ ਲਿਖਦੇ ਰਹੇ ਜੋ ਕਦੇ ਕਦੇ ਕਿਸੇ ਮੈਗਜ਼ੀਨ ਵਿਚ ਵੀ ਛਪ ਜਾਂਦੀਆਂ ਪਰ ਉਹ ਇਸ ਪ੍ਰਤੀ ਸੁਚੇਤ ਨਹੀਂ ਸਨ। ਉਨ੍ਹਾਂ ਦੀ ਕਵਿਤਾਵਾਂ ਦੀ ਪਹਿਲੀ ਕਿਤਾਬ ‘ਹੌਕੇ ਦੀ ਜੂਨ’ 1993 ਵਿਚ ਛਪੀ। ਇਸ ਦੀ ਭੂਮਿਕਾ ਹਰਭਜਨ ਸਿੰਘ ਹੁੰਦਲ ਨੇ ਲਿਖੀ ਅਤੇ ਸਮੁੱਚੀ ਕਵਿਤਾ ਨੂੰ ਮੂਲੋਂ ਹੀ ਰੱਦ ਕਰਦਿਆਂ ਇਸ ਦੀ ਖ਼ੂਬ ਆਲੋਚਨਾ ਕੀਤੀ। ਡਾ. ਭੰਡਾਲ ਨੇ ਇਸ ਭੂਮਿਕਾ ਨੂੰ ਉਸੇ ਤਰ੍ਹਾਂ ਮੂਲ ਰੂਪ ਵਿਚ ਕਿਤਾਬ ਵਿਚ ਛਾਪ ਦਿੱਤਾ। ਹੁੰਦਲ ਸਾਹਿਬ ਨੂੰ ਇਹ ਭੂਮਿਕਾ ਮੂਲ ਰੂਪ ਵਿਚ ਛਪਣ ਨਾਲ ਕਾਫ਼ੀ ਹਿਰਖ ਹੋਇਆ।
ਡਾ. ਸਾਹਿਬ ਦਾ ਕਵਿਤਾ ਲਿਖਦੇ ਲਿਖਦੇ ਅਚਾਨਕ ਵਾਰਤਕ ਵੱਲ ਮੋੜ ਦਾ ਸਬੱਬ 1998 ਵਿਚ ਲਿਖੇ ਉਹ ਪੱਤਰ ਬਣੇ, ਜਿਹੜੇ ਉਹ ਆਪਣੀ ਵੱਡੀ ਬੇਟੀ ਨੂੰ ਹਰ ਹਫ਼ਤੇ ਲਿਖਦੇ ਸਨ। ਸਲਾਹਾਂ ਅਤੇ ਸਿਆਣਪਾਂ ਭਰੇ ਇਹ ਖ਼ਤ ਹੋਸਟਲ ਦੇ ਜੀਵਨ ਅਤੇ ਇਕੱਲੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਹੱਲ ਕਰਨ ਲਈ ਦਿੱਤੇ ਸੁਝਾਅ ਸਨ। ਜਦ ਡਾ. ਭੰਡਾਲ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਖ਼ਤਾਂ ਦੀ ਉਡੀਕ ਉਸ ਦੀਆਂ ਸਹੇਲੀਆਂ ਵੀ ਕਰਦੀਆਂ ਅਤੇ ਉਹ ਬੇਟੀ ਤੋਂ ਪਹਿਲਾਂ ਹੀ ਖ਼ਤ ਪੜ੍ਹ ਲੈਂਦੀਆਂ ਸਨ ਤਾਂ ਮੈਨੂੰ ਮਹਿਸੂਸ ਹੋਇਆਾ ਕਿ ਨੌਜਵਾਨ ਬੱਚਿਆਂ ਨੂੰ ਸਾਹਿਤਕ ਕਿਰਤਾਂ ਰਾਹੀਂ ਸੇਧ ਦੇਣ, ਕਦਰਾਂ ਕੀਮਤਾਂ ਨਾਲ ਜੁੜਨ, ਅਤੇ ਵਧੀਆ ਇਨਸਾਨ ਬਣਨ ਲਈ ਅਜੇਹੀਆਂ ਲਿਖਤਾਂ ਦੀ ਬਹੁਤ ਲੋੜ ਹੈ। ਉਨ੍ਹਾਂ ਚਿੱਠੀਆਂ ਨੂੰ ਥੋੜ੍ਹੇ ਹੋਰ ਵਿਸਥਾਰ ਨਾਲ ਲਿਖਿਆ ਅਤੇ ਇਹ ਅਜੀਤ ਅਖ਼ਬਾਰ ਵਿਚ ਛਪਦੀਆਂ ਰਹੀਆਂ। ਇਹ ਚਿੱਠੀਆਂ ਇਕੱਠੇ ਕਰ ਕੇ ਪਹਿਲੀ ਵਾਰਤਕ ਪੁਸਤਕ ‘ਰੰਗਾਂ ਦਾ ਦਰਿਆ’ ਛਪਵਾਈ, ਜੋ ਪਾਠਕਾਂ ਵਲੋਂ ਖ਼ੂਬ ਸਲਾਹੀ ਗਈ। ਦਿੱਲੀ ਪੰਜਾਬੀ ਅਕਾਦਮੀ ਵਲੋਂ ਇਸ ਕਿਤਾਬ ਦੀਆਂ 200 ਕਾਪੀਆਂ ਖ਼ਰੀਦੀਆਂ ਗਈਆਂ। ਪ੍ਰੋ ਕੁਲਵੰਤ ਸਿੰਘ ਥਿੰਦ ਨਾਲ ਮਿਲ ਕੇ ਵਿਗਿਆਨ ਦੀਆਂ ਦੋ ਪੁਸਤਕਾਂ ‘ਵਿਗਿਆਨ ਦੇ ਪਸਾਰ’ ਅਤੇ ‘ਵਿਗਿਆਨ ਦੇ ਪਾਂਧੀ’ ਲਿਖੀਆਂ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਛਾਪੀਆਂ। ਬਾਅਦ ਵਿਚ ਵਿਗਿਆਨ ਦੀਆਂ ਤਿੰਨ ਪੁਸਤਕਾਂ ‘ਗਾਡ ਪਾਰਟੀਕਲ,’ ‘ਹਵਾ ਹੱਥ ਜੋੜਦੀ ਹੈ,’ ਅਤੇ ‘ਵਿਗਿਆਨਕ ਚੇਤਨਾ ਅਤੇ ਪ੍ਰਦੂਸ਼ਣ’ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪੀਆਂ। ਉਹ ਕਹਿੰਦੇ ਹਨ ਕਿ ਵਿਗਿਆਨ ਦਾ ਕਰਜ਼ ਉਤਾਰਨ ਲਈ ਉਹ ਵਿਗਿਆਨ, ਪ੍ਰਦੂਸ਼ਣ, ਅਤੇ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਲਿਖਦੇ ਰਹਿੰਦੇ ਹਨ। ਅਜੇਹੀ ਚੇਤਨਾ ਪੈਦਾ ਕਰਨ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਾ. ਭੰਡਾਲ ਨੂੰ ਸਨਮਾਨਿਤ ਵੀ ਕੀਤਾ ਸੀ। ਉਨ੍ਹਾਂ ਰਣਧੀਰ ਕਾਲਜ ਕਪੂਰਥਲਾ ਵਿਚ ਵਾਤਾਵਰਣ ਸੁਸਾਇਟੀ ਰਾਹੀਂ ਬਹੁਤ ਸਾਰੇ ਬੂਟੇ ਵੀ ਲਗਵਾਏ ਜੋ ਹੁਣ ਕਾਲਜ ਦੀ ਸ਼ਾਨ ਹਨ।
2003 ਵਿਚ ਕੈਨੇਡਾ ਤਿੰਨ ਮਹੀਨੇ ਰਹਿ ਕੇ ਜਦ ਪੰਜਾਬ ਜਾ ਕੇ ਘਰ ਦਾ ਬਾਰ ਖੋਲ੍ਹਿਆ ਤਾਂ ਉਦਾਸ ਘਰ ਦੀ ਹਾਲਤ ਦੇਖ ਕੇ ਮਨ ਬਹੁਤ ਪੀੜਤ ਹੋਇਆ ਅਤੇ ਮੈਂ ‘ਘਰ ਅਰਦਾਸ ਕਰੇ’ ਲੇਖ ਲਿਖਿਆ। ਅਜੀਤ ਅਖ਼ਬਾਰ ਵਿਚ ਛਪਣ ਤੋਂ ਬਾਅਦ ਪਾਠਕਾਂ ਦਾ ਹੁੰਗਾਰਾ ਬੇਮਿਸਾਲ ਸੀ ਜਿਸ ਨੇ ਮੇਰੀ ਵਾਰਤਕ ਨੂੰ ਵੱਖਰੀ ਨੁਹਾਰ ਦਿੱਤੀ। ਘਰ, ਬੂਹਾ, ਕਮਰਾ, ਕੰਧਾਂ, ਵਿਹੜਾ, ਬੱਚੇ, ਮਾਪੇ ਆਦਿ ਬਾਰੇ ਨਵੀਂ ਪੁਸਤਕ ‘ਘਰ ਅਰਦਾਸ ਕਰੇ’ ਲਿਖੀ ਅਤੇ ਛਪਵਾਈ। ਇਸ ਕਿਤਾਬ ਬਾਰੇ ਡਾ. ਦਲੀਪ ਕੌਰ ਟਿਵਾਣਾ ਦਾ ਕਹਿਣਾ, “ਮੈਨੂੰ ਲਗਦਾ ਹੈ ਕਿ ‘ਘਰ ਅਰਦਾਸ ਕਰੇ’ ਦੀ ਥਾਂ ਜੇ ਮੈਂ ਇਹ ਆਖਾਂ ਕਿ ਇਕ ਸੁਹਿਰਦ ਕਵੀ ਮਨ ਵਾਲਾ ਭੰਡਾਲ ਰੱਬ ਅੱਗੇ ਬਹੁਤ ਖ਼ੂਬਸੂਰਤ ਸ਼ਬਦਾਂ ਵਿਚ ਨਾਦ ਚਿਤਰਾਂ ਰਾਹੀਂ ਅਰਜ਼ ਕਰਦਾ ਹੈ ਕਿ ਘਰ ਕਿਹੋ ਜਿਹਾ ਹੋਵੇ, ਜ਼ਿੰਦਗੀ ਕਿਹੋ ਜਿਹੀ ਹੋਵੇ, ਅਤੇ ਰਿਸ਼ਤੇ ਨਾਤੇ ਕਿਹੋ ਜਿਹੇ ਹੋਣ, ਤਾਂ ਇਹ ਜ਼ਿਆਦਾ ਠੀਕ ਹੋਵੇਗਾ। ਮੈਂ ਕਈ ਵਾਰ ਇਹ ਆਖਦੀ ਹੁੰਦੀ ਹਾਂ ਕਿ ਲੇਖਕ ਕਈ ਵਾਰ ਰੱਬ ਤੋਂ ਵੀ ਵੱਡਾ ਹੋ ਕੇ ਆਖਣ ਲੱਗ ਜਾਂਦਾ ਹੈ ਕਿ ਮੈਂ ਦੁਨੀਆ ਸਿਰਜਾਂ ਤਾਂ ਕਿਹੋ ਜਿਹੀ ਹੋਵੇ? ਅਜੇਹੀ ਹੀ ਗੱਲ ਭੰਡਾਲ ਨੇ ਕੀਤੀ ਹੈ। ਸੰਸਾਰ ਦੇ ਕੁਹਜ ਤੋਂ ਉਤਾਂਹ ਉਠ ਕੇ ਸੁਹਜ ਦੀ ਸਿਰਜਣਾ ਦੀ ਗੱਲ ਕਰਨੀ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤੇਰੇ ਕੋਲ ਇਕ ਸਮਰੱਥਾਵਾਨ ਬੋਲੀ ਹੈ, ਆਦਰਸ਼ਾਂ ਦੀ ਸਤਰੰਗੀ ਪੀਂਘ ਹੈ। ਇਸ ਨੂੰ ਕਦੇ ਗੁਆਚਣ ਨਾ ਦੇਣਾ” ਉਹ ਦੱਸਦੇ ਹਨ, “ਇਹ ਪੱਤਰ ਮੇਰੇ ਲਈ ਬਹੁਤ ਵੱਡਾ ਸਨਮਾਨ ਸੀ ਅਤੇ ਹੁਣ ਤੀਕ ਆਪਣੀ ਲਿਖਤ ਰਾਹੀਂ ਇਸ ਦਾ ਕਰਜ਼ ਉਤਾਰ ਰਿਹਾ ਹਾਂ।” ਪਾਕਿਸਤਾਨ ਦੀ ਵਿਦਵਾਨ ਡਾ. ਨਬੀਲਾ ਰਹਿਮਾਨ ਡਾ. ਭੰਡਾਲ ਦੀ ਵਾਰਤਕ ਨੂੰ ਨਸਰੀ ਨਜ਼ਮ ਕਹਿੰਦੀ ਹੈ। ਡਾ. ਕਰਨੈਲ ਸਿੰਘ ਥਿੰਦ ਦਾ ਇਸ ਪੁਸਤਕ ਬਾਰੇ ਕਹਿਣਾ, “ਸਾਇੰਸ ਦੇ ਪ੍ਰੋਫੈਸਰ ਦੇ ਤੌਰ ‘ਤੇ ਤੈਨੂੰ ਕੁਝ ਸੈਂਕੜੇ ਲੋਕ ਜਾਨਣਗੇ ਪਰ ਸਾਹਿਤਕਾਰ ਵਜੋਂ ਤੈਨੂੰ ਹਜ਼ਾਰਾਂ ਲੋਕ ਚਾਹੁਣਗੇ। ਇਨ੍ਹਾਂ ਅੱਖਰਾਂ ਨੇ ਤੇਰੇ ਜਾਣ ਤੋਂ ਬਾਅਦ ਵੀ ਜਗਦੇ ਰਹਿਣਾ।”
ਡਾ. ਭੰਡਾਲ ਦੇ ਲੇਖ ਛੋਟੇ ਛੋਟੇ ਵਿਸ਼ਿਆਂ ‘ਤੇ ਹੁੰਦੇ ਹਨ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ‘ਘਰ ਕਰੇ ਅਰਦਾਸ’ ਵਿਚ ਘਰ ਬਾਰੇ ਹੀ ਲੇਖ ਹਨ। ਇਸੇ ਤਰ੍ਹਾਂ ‘ਕਾਇਆ ਦੀ ਕੈਨਵਸ’ ਕਿਤਾਬ ਵਿਚ ਸਰੀਰ ਦੇ ਅੰਗਾਂ ‘ਤੇ 29 ਲੇਖ ਹਨ ਜਿਨ੍ਹਾਂ ਵਿਚੋਂ ਕੁਝ ਸਿਰ, ਦਿਮਾਗ਼, ਕੰਨ, ਨੱਕ, ਮੁਖੜਾ, ਆਦਿ ਬਾਰੇ ਹਨ। ‘ਧੁੱਪ ਦੀਆਂ ਕਣੀਆਂ’ ਵਿਚ 26 ਲੇਖ ਕੁਦਰਤ ਬਾਰੇ ਅਤੇ ਕੁਦਰਤ ਦੀਆਂ ਬਖ਼ਸ਼ਿਸ਼ਾਂ ਬਾਰੇ ਹਨ।
ਡਾ. ਭੰਡਾਲ ਹੁਰਾਂ ਦੀ ਵਾਰਤਕ ਦੇ ਕੁਝ ਨਮੂਨੇ ਹੇਠ ਲਿਖੇ ਹਨ:
“ਚੰਨ-ਚਾਨਣੀ ਮਾਨਣਾ ਹਰੇਕ ਦਾ ਨਸੀਬ ਨਹੀਂ। ਕੁਝ ਵਿਰਲੇ ਹੀ ਇਸ ਦੀ ਸੁੰਦਰਤਾ, ਸੂਖਮ-ਸੰਦੇਸ਼, ਸਦੀਵ-ਸੁਹਜ, ਸਗਵੇਂ-ਸਰੂਪ ਅਤੇ ਸੰਪੂਰਨ-ਸਮਰਪਿਤਾ ਨੂੰ ਪਛਾਣ, ਚੰਨ ਨੂੰ ਮਨ ‘ਚ ਵਸਾ, ਚੰਨ-ਚਾਨਣੀ ਵਰਗਾ ਬਣਨ ਦੀ ਲੋਚਾ ਮਨ ‘ਚ ਪਾਲਦੇ।”
“ਰਾਤਾਂ ਜਦ ਲੰਮੀਆਂ ਹੋਣ ਲੱਗ ਪੈਣ ਤਾਂ ਮਨ ਕਿਸੇ ਅਦਿੱਖ ਡਰ ਨਾਲ ਆਪਣੇ ਚਾਵਾਂ ਦੇ ਖੰਭ ਕੁਤਰਦਾ, ਨੁੱਕਰ ਵਿਚ ਸੁੰਗੜ, ਖ਼ੁਦ ਤੋਂ ਵੀ ਸਹਿਮਣ ਲੱਗ ਪੈਂਦਾ।…ਰਾਤ ਸਿਰਫ਼ ਸੌਣ ਜਾਂ ਅਰਾਮ ਕਰਨ ਲਈ ਹੀ ਨਹੀਂ ਹੁੰਦੀ। ਦਰਅਸਲ ਰਾਤ ਨਵੇਂ ਵਿਚਾਰਾਂ, ਸੁਪਨਿਆਂ ਅਤੇ ਸੰਭਾਵਨਾਵਾਂ ਨੂੰ ਕਿਆਸਣ, ਤਲਾਸ਼ਣ ਅਤੇ ਪ੍ਰਾਪਤ ਕਰਨ ਦੇ ਆਹਰ ਦਾ ਅਲਹਾਮ ਏ।”
“ਦਿਮਾਗ਼, ਸੁਪਨਿਆਂ ਦੀ ਕਰਮ-ਭੂਮੀ, ਤਦਬੀਰਾਂ ਅਤੇ ਤਕਦੀਰਾਂ ਦਾ ਜਨਮਦਾਤਾ, ਨਵੀਆਂ ਉਪਲਬਧੀਆਂ ਦਾ ਦਿਸਹੱਦਾ ਅਤੇ ਇਨ੍ਹਾਂ ਤੇ ਪਹੁੰਚਣ ਲਈ ਜੁਗਤੀ-ਸਾਧਨ।”
“ਦਿਲ ਬਹੁਤ ਨਾਜ਼ਕ। ਖੁਸ਼ੀ-ਗ਼ਮੀ, ਭੜਕਾਹਟ-ਉਕਸਾਹਟ, ਡਰ-ਨਿਰਭੈਅ, ਪੀੜ-ਹੁਲਾਸ, ਉਦਾਸੀ-ਖੇੜਾ, ਨਿਰਾਸ਼ਾ-ਹਾਸਾ ਆਦਿ ਸਭ ਤੋਂ ਪਹਿਲਾਂ ਦਿਲ ਨੂੰ ਹੀ ਅਸਰ-ਅੰਦਾਜ਼ ਕਰਦੇ।”
ਡਾ. ਭੰਡਾਲ ਕਹਿੰਦੇ ਹਨ, “ਮੇਰੇ ਲਈ ਸਭ ਤੋਂ ਖ਼ੂਬਸੂਰਤ ਅਤੇ ਮਾਣਮੱਤੇ ਪਲ ਉਹ ਸਨ ਜਦ ਨਵੰਬਰ 2015 ਦੀ ਸਵੇਰ ਨੂੰ ਡਾ. ਗੁਰਨਾਮ ਸਿੰਘ ਦਾ ਫ਼ੋਨ ਆਇਆ ਅਤੇ ਉਨ੍ਹਾਂ ਮੈਨੂੰ ਮੁਬਾਰਕ ਦਿੰਦਿਆਂ ਦੱਸਿਆ ਕਿ ਮੈਨੂੰ ਭਾਸ਼ਾ ਵਿਭਾਗ ਵਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਲਈ ਚੁਣਿਆ ਗਿਆ। ਮੇਰੇ ਅਨਪੜ੍ਹ ਮਾਪਿਆਂ ਅਤੇ ਪਿੰਡ ਲਈ ਇਹ ਮਾਣ ਵਾਲੀ ਗੱਲ ਸੀ ਕਿ ਉਨ੍ਹਾਂ ਦੇ ਜੰਮੇ-ਜਾਏ ਨੂੰ ਇਹ ਸਨਮਾਨ ਮਿਲ ਰਿਹੈ ਖ਼ੂਬਸੂਰਤ ਗੱਲ ਇਹ ਕਿ ਜਦ ਇਸ ਬਾਰੇ ਮੈਂ ਆਪਣੇ ਬਾਪ (ਮਾਂ ਦੀ 2010 ਵਿਚ ਮੌਤ ਹੋ ਗਈ ਸੀ) ਨੂੰ ਦੱਸਿਆ ਤਾਂ ਉਹ ਬਾਗ਼ੋ-ਬਾਗ਼ ਹੋਇਆ। ਉਨ੍ਹਾਂ ਦਾ ਪਹਿਲਾ ਪ੍ਰਸ਼ਨ ਸੀ ਕਿ ਤੂੰ ਇਹ ਇਨਾਮ ਲੈਣ ਲਈ ਇੰਡੀਆ ਕਦੋਂ ਆਵੇਂਗਾ। ਦਰਅਸਲ ਉਨ੍ਹਾਂ ਨੂੰ ਇਨਾਮ ਨਾਲੋਂ ਆਪਣੇ ਪਰਦੇਸੀ ਪੁੱਤ ਨੂੰ ਮਿਲਣ ਦਾ ਚਾਅ ਵੱਧ ਸੀ। ਇਹ ਸਨਮਾਨ ਮਾਰਚ 2016 ਵਿਚ ਪੰਜਾਬੀ ਯੂਨੀਵਰਸਿਟੀ ਵਿਚ ਦਿੱਤਾ ਗਿਆ ਸੀ।”
ਡਾ. ਭੰਡਾਲ ਸਿਰਜਣਾ ਕੇਂਦਰ ਕਪੂਰਥਲਾ ਨਾਲ ਕਾਫ਼ੀ ਦੇਰ ਤੋਂ ਜੁੜੇ ਹੋਏ ਹਨ ਅਤੇ ਇਸ ਦੇ ਪ੍ਰਧਾਨ ਵੀ ਰਹੇ ਸਨ। ਪੰਜਾਬੀ ਸੱਥ ਦੇ ਸੰਚਾਲਕ ਡਾ. ਨਿਰਮਲ ਸਿੰਘ ਨਾਲ ਉਨ੍ਹਾਂ ਦੀ ਮੁਹੱਬਤੀ ਸਾਂਝ ਹੈ। ਸੱਥ ਵਲੋਂ ਹੀ ਡਾ. ਭੰਡਾਲ ਦੀ ਪੁਸਤਕ ‘ਲੋਏ ਲੋਏ’ ਛਾਪੀ ਗਈ ਸੀ।
2006 ਵਿਚ ਡਾ. ਭੰਡਾਲ ਟੋਰਾਂਟੋ ਆ ਗਏ। ਸੰਯੋਗ-ਬੱਸ ਉਨ੍ਹੀਂ ਦਿਨੀਂ ਬਲਬੀਰ ਸਿੰਘ ਸੀਚੇਵਾਲ ਕੈਨੇਡਾ ਕਿਸੇ ਮੀਟਿੰਗ ਵਿਚ ਡਾ. ਭੰਡਾਲ ਨੂੰ ਮਿਲੇ। ਇਸੇ ਮੀਟਿੰਗ ਵਿਚ ਡਾ. ‘ਪਰਵਾਸੀ’ ਅਖ਼ਬਾਰ ਦੇ ਰਜਿੰਦਰ ਸੈਣੀ ਨੂੰ ਮਿਲੇ ਅਤੇ ਇਸ ਅਖ਼ਬਾਰ ਵਿਚ 2008 ਤੀਕ ਕੰਮ ਕੀਤਾ। ਉਹ ਦੱਸਦੇ ਹਨ, ਅਖ਼ਬਾਰ ਵਿਚ ਕੰਮ ਕਰਨਾ ਮੇਰੀਆਂ ਸਾਹਿਤਕ ਰੁਚੀਆਂ ਦੀ ਪ੍ਰਫੁੱਲਤਾ ਅਤੇ ਕੈਨੇਡਾ ਦੀ ਕਮਿਊਨਿਟੀ ਨੂੰ ਸਮਝਣ ਲਈ ਬਹੁਤ ਸਹਾਈ ਹੋਇਆ। 2010 ਵਿਚ ਡਾ. ਭੰਡਾਲ ਕੈਨੇਡਾ ਵਾਪਸ ਆ ਗਏ ਤਾਂ ਪੰਜਾਬੀ ਪੋਸਟ ਦੇ ਜਗਦੀਸ਼ ਸਿੰਘ ਗਰੇਵਾਲ ਨਾਲ ਅਖ਼ਬਾਰ ਲਈ ਕੰਮ ਕੀਤਾ।
2014 ਵਿਚ ਬੱਚੀਆਂ ਦੇ ਕਹਿਣ ‘ਤੇ ਅਮਰੀਕਾ ਵਿਚ ਕਲੀਵਲੈਂਡ ਆ ਵਸੇ। ਉਹ ਕਹਿੰਦੇ ਹਨ, “ਬਹੁਤ ਕੁਝ ਟੁੱਟਦਾ ਹੈ ਜਦ ਤੁਸੀਂ ਇਕ ਥਾਂ ਨਾਲ ਜੁੜ ਕੇ ਟੁੱਟਦੇ ਹੋ ਅਤੇ ਮੁੜ ਤੋਂ ਸਥਾਪਤੀ ਦਾ ਸਫ਼ਰ ਸ਼ੁਰੂ ਕਰਦੇ ਹੋ। ਪਰ ਮੇਰੇ ਹਿੱਸੇ ਤਾਂ ਬਾਰ-ਬਾਰ ਜੁੜਨਾ, ਟੁੱਟਣਾ, ਅਤੇ ਫਿਰ ਖ਼ੁਦ ਨੂੰ ਸਥਾਪਤ ਕਰਨਾ ਹੀ ਆਇਆ ਹੈ। ਪਿੰਡ ਤੋਂ ਕਪੂਰਥਲਾ, ਕਪੂਰਥਲਾ ਤੋਂ ਕੈਨੇਡਾ ਅਤੇ ਹੁਣ ਕੈਨੇਡਾ ਤੋਂ ਅਮਰੀਕਾ। ਪਰ ਇਹ ਸਭ ਕੁਝ ਮਨੁੱਖ ਨੂੰ ਬਹੁਤ ਕੁਝ ਸਿਖਾਉਂਦਾ ਹੈ ਅਤੇ ਖ਼ੁਦ ਦੀ ਸਮਰੱਥਾ ਦੀ ਪਰਖ ਵੀ ਕਰਵਾਉਂਦਾ ਹੈ।”
ਜਦੋਂ ਅਸੀਂ ਇਕ ਥਾਂ ‘ਤੋਂ ਦੂਜੇ ਥਾਂ ਜਾਂਦੇ ਹਾਂ ਤਾਂ ਪਹਿਲਾ ਉਦਮ ਤਾਂ ਕੰਮ ਲੱਭਣਾ ਹੁੰਦਾ ਹੈ। ਡਾ. ਭੰਡਾਲ ਨੇ ਬਾਰ੍ਹਵੇਂ ਗਰੇਡ ਤੱਕ ਫਿਜ਼ਿਕਸ ਪੜ੍ਹਾਉਣ ਲਈ ਆਨਲਾਈਨ ਕੋਰਸ ਕਰ ਕੇ ਸਰਟੀਫਿਕੇਸ਼ਨ ਪ੍ਰਾਪਤ ਕੀਤੀ। ਚੰਗੇ ਭਾਗਾਂ ਨਾਲ ਜਨਵਰੀ 2016 ਵਿਚ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿਚ ਫਿਜ਼ਿਕਸ ਪੜਾਉਣ ਦਾ ਮੌਕਾ ਮਿਲਿਆ ਜੋ ਹੁਣ ਤੱਕ ਜਾਰੀ ਹੈ।
ਮੇਰੇ ਪੁੱਛਣ ‘ਤੇ ਕਿ ਉਨ੍ਹਾਂ ਨੇ ਹਿੰਦੁਸਤਾਨ ਅਤੇ ਅਮਰੀਕਾ ਵਿਚ ਪੜ੍ਹਾਉਣ ਵਿਚ ਕੀ ਫ਼ਰਕ ਮਹਿਸੂਸ ਕੀਤਾ ਹੈ, ਕਹਿਣ ਲੱਗੇ, “ਅਮਰੀਕਾ ਵਿਚ ਟੀਚਰ ਦੀ ਕਦਰ ਹੈ ਅਤੇ ਉਸ ਦੇ ਮੁਲਾਂਕਣ ਨੂੰ ਮਾਨਤਾ ਮਿਲਦੀ ਹੈ। ਵਿਦਿਆਰਥੀਆਂ ਵਲੋਂ ਪ੍ਰੋਫੈਸਰ ਦਾ ਮੁਲਾਂਕਣ ਵੀ ਅਹਿਮ ਹੈ। ਵਿਦਿਆਰਥੀ ਇਮਾਨਦਾਰ, ਸਪਸ਼ਟ ਅਤੇ ਟੀਚੇ ਪ੍ਰਤੀ ਸਮਰਪਿਤ ਹਨ। ਉਹ ਮੈਥ ਵਿਚ ਕਮਜ਼ੋਰ ਹਨ। ਅਮਰੀਕਾ ਵਿਚ ਪੜ੍ਹਾਉਣਾ ਮੇਰੇ ਲਈ ਸਕੂਨ ਤੇ ਸੰਤੁਸ਼ਟੀ ਦਾ ਅਹਿਸਾਸ ਹੈ। ਭਾਰਤ ਵਿਚ ਅਧਿਆਪਕ ਦਾ ਕਿਰਦਾਰ ਬਹੁਤ ਨੀਵਾਂ ਹੈ ਅਤੇ ਕੋਈ ਕਦਰ ਵੀ ਨਹੀਂ ਜਿਸ ਲਈ ਉਹ ਖ਼ੁਦ ਵੀ ਜ਼ਿੰਮੇਵਾਰ ਹੈ। ਪੰਜਾਬ ਵਿਚ ਤਾਂ ਸਿਆਸੀ ਕਿੜਾਂ ਕੱਢਣ ਲਈ ਬਦਲੀ ਕਰ ਦੇਣਾ ਆਮ ਹੈ ਜੋ ਮੇਰੇ ਨਾਲ ਵੀ ਵਾਪਰਿਆ। ਤੁਹਾਡੇ ਸਿਆਸੀ ਸੰਬੰਧਾਂ ਦੀ ਅਹਿਮੀਅਤ ਹੈ, ਪੜ੍ਹਾਉਣ ਨੂੰ ਕੌਣ ਪੁੱਛਦਾ? ਸਿਫ਼ਾਰਸ਼ੀ ਭਰਤੀ ਨੇ ਸਮੁੱਚੀ ਸਿੱਖਿਆ ਪ੍ਰਣਾਲੀ ਤਹਿਸ-ਨਹਿਸ ਕਰ ਦਿੱਤੀ ਹੈ। ਵਿਦਿਆਰਥੀਆਂ ਵਿਚ ਨਿਰਾਸ਼ਾ ਦਾ ਆਲਮ ਹੈ ਕਿਉਂਕਿ ਉਨ੍ਹਾਂ ਦਾ ਭਵਿੱਖ ਧੁੰਦਲਾ ਹੈ।”
ਧਰਮ ਬਾਰੇ ਗੱਲ ਹੋਈ ਤਾਂ ਡਾ. ਭੰਡਾਲ ਕਹਿੰਦੇ, “ਮੇਰੇ ਲਈ ਧਰਮ ਇਕ ਜੀਵਨ-ਜਾਚ ਹੈ, ਕਰਮ-ਕਾਂਡ ਨਹੀਂ। ਹਰ ਧਰਮ ਹੀ ਮਨੁੱਖ ਨੂੰ ਇਨਸਾਨੀਅਤ ਦਾ ਪੈਗ਼ਾਮ ਦਿੰਦਾ ਹੈ। ਮੈਂ ਅਰਥਾਂ ਸਹਿਤ ਗੁਰੂ ਗ੍ਰੰਥ ਸਾਹਿਬ ਦੀ ਨਿਰੰਤਰ ਸਟੱਡੀ ਕਰਦਾ ਹਾਂ ਅਤੇ ਹੋਰ ਧਰਮਾਂ ਦੀਆਂ ਧਾਰਮਿਕ ਪੁਸਤਕਾਂ ਵੀ ਪੜ੍ਹਦਾ ਹਾਂ। ਅਫ਼ਸੋਸ ਕਿ ਧਾਰਮਿਕ ਆਗੂਆਂ ਨੇ ਧਰਮ ਨੂੰ ਅਧਰਮ ਬਣਾ ਛੱਡਿਆ ਹੈ। ਭਾਵੇਂ ਪੰਜਾਬ/ਅਮਰੀਕਾ ਵਿਚ ਪੜ੍ਹਾਉਣਾ ਹੋਵੇ, ਕੈਨੇਡਾ ਵਿਚ ਪੱਤਰਕਾਰੀ ਹੋਵੇ, ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਲਈ ਕੁਝ ਨਵਾਂ ਸਿੱਖਣਾ ਹੀ ਮੇਰਾ ਸ਼ੌਕ ਹੈ। ਦਰਅਸਲ ਮੈਂ ਮਨੁੱਖ ਅਤੇ ਉਸ ਦੀ ਗੁਫ਼ਤਗੂ, ਵਰਤਾਰੇ, ਅਤੇ ਸੁਭਾਅ ਨੂੰ ਪੜ੍ਹਦਾ ਹਾਂ ਅਤੇ ਇਹ ਕਦੇ ਕਦਾਈਂ ਮੇਰੀਆਂ ਲਿਖਤਾਂ ਵਿਚ ਅਛੋਪਲ਼ੇ ਹੀ ਆ ਜਾਂਦਾ ਹੈ।…ਮੈਂ ਸਿਰਫ਼ ਲਿਖਣ ਲਈ ਨਹੀਂ ਲਿਖਦਾ ਅਤੇ ਨਾ ਹੀ ਸ਼ਿਲਪਕਾਰੀ ਕਰਦਾ ਹਾਂ। ਮੇਰਾ ਲਿਖਣਾ ਇਕ ਆਵੇਸ਼ ਹੈ, ਵਿਚਾਰਾਂ ਤੇ ਭਾਵਾਂ ਦਾ ਆਵੇਗ ਹੈ। ਉਹ ਹਰਫ਼ਾਂ ਵਿਚ ਢਲਦੇ ਵਰਕਿਆਂ ‘ਤੇ ਫੈਲਦੇ ਜਾਂਦੇ ਹਨ। ਇਕ ਅਰੋਕ ਵਹਾਅ, ਅਤੇ ਦੋ ਕੁ ਘੰਟੇ ਵਿਚ ਲੇਖ ਲਿਖ ਲੈਂਦਾ ਹਾਂ। ਮੇਰੀ ਲਿਖਤ ਨੇ ਕਿਹੜਾ ਰੂਪ ਧਾਰਨਾ ਹੁੰਦਾ, ਮੈਨੂੰ ਵੀ ਪਤਾ ਨਹੀਂ ਹੁੰਦਾ। ਕਦੇ ਕਵਿਤਾ ਤੇ ਕਦੇ ਇਹ ਵਾਰਤਕ ਤੇ ਕਈ ਵਾਰ ਇਹ ਦੋਵਾਂ ਦੀ ਸਮਿਲਤ, ਨਜ਼ਮ-ਏ-ਨਸਰ। ਕਵਿਤਾ ਨੂੰ ਖ਼ੁਦ ਨਾਲੋਂ ਵੱਖ ਕਰਨਾ ਅਸੰਭਵ ਹੈ। ਕੁਝ ਇਸ ਨੂੰ ਸਰੋਦੀ ਵਾਰਤਕ ਅਤੇ ਕੁਝ ਹੋਰ ਕਹਿੰਦੇ ਹਨ। ਮਿਥੀਆਂ ਬੰਦਸ਼ਾਂ ਤੋਂ ਬਾਗ਼ੀ, ਇਹ ਆਪਣਾ ਮੁਹਾਂਦਰਾ ਆਪ ਲੈ ਕੇ ਆਉਂਦੀ ਹੈ। ਵਿਸ਼ੇ ਵੀ ਵੱਖਰੇ ਅਤੇ ਇਨ੍ਹਾਂ ਨੂੰ ਦੇਖਣ ਦਾ ਨਜ਼ਰੀਆ ਵੀ ਵੱਖਰਾ। ਇਨ੍ਹਾਂ ਦੀਆਂ ਪਰਤਾਂ ਵਿਚੋਂ ਜ਼ਿੰਦਗੀ ਦੀ ਫ਼ਿਲਾਸਫ਼ੀ ਨੂੰ ਅੱਖਰਾਂ ‘ਚ ਉਤਾਰਨ ਦਾ ਨਿਮਾਣਾ ਜਿਹਾ ਯਤਨ। ਵਿਸ਼ੇ ਅਣਛੋਹੇ ਅਤੇ ਸਮਾਂ ਸੀਮਾ ਤੋਂ ਪਾਰ। ਇਨ੍ਹਾਂ ‘ਚੋਂ ਜ਼ਿੰਦਗੀ ਦਾ ਸੁੱਚਮ ਤੇ ਉਚਮ ਭਾਲਿਆ ਅਤੇ ਅਪਣਾਇਆ ਜਾ ਸਕਦਾ ਹੈ। ਲਿਖਣਾ ਸਿੱਖ ਰਿਹਾ ਹਾਂ। ਕੁਝ ਚੰਗਾ ਲਿਖਣ ਦਾ ਚਾਅ ਏ। ਕਾਸ਼! ਕਦੇ ਮੈਂ ਕੁਝ ਵਧੀਆ ਲਿਖ ਸਕਾਂ।…ਹਾਂ! ਪੜ੍ਹਦਾ ਬਹੁਤ ਹਾਂ। ਉਮਰ ਭਰ ਦੀਆਂ ਦੋਸਤੀਆਂ ਪਾਲਣ ਦਾ ਸ਼ੌਕ ਏ। ਭਾਵੇਂ ਇਹ ਟਾਟ ਵਾਲੇ ਕੱਚੀ-ਪੱਕੀ ਦੇ ਸਾਥੀ ਹੋਣ, ਸਾਈਕਲ ਦੀ ਘੰਟੀ ਲਾਹ ਕੇ ਖੂਹ ਦੀ ਟਿੰਡ ਵਿਚੋਂ ਪਾਣੀ ਪੀਣ ਵਾਲੇ ਸਕੂਲੀ ਸਾਥੀ ਹੋਣ, ਕਾਲਜ ਦੇ ਦਿਨਾਂ ਦੇ ਹਮਜੋਲੀ ਜਾਂ ਨੌਕਰੀ ਦੌਰਾਨ ਮਿਲੇ ਮਿੱਤਰਾਂ ਦਾ ਮੋਹ ਹੋਵੇ। ਮੇਰਾ ਸ਼ੌਕ ਬਾਗ਼ਬਾਨੀ ਵੀ ਹੈ। ਚੰਗਾ ਲਗਦਾ ਹੈ ਫੁੱਲਾਂ ਨਾਲ ਗੱਲਾਂ ਕਰਨੀਆਂ; ਕੁਦਰਤ ਦੀ ਸੁੰਦਰਤਾ ਅਤੇ ਕਾਇਨਾਤ ਦੀ ਵਿਸ਼ਾਲਤਾ ਤੇ ਵਿਭਿੰਨਤਾ ਨੂੰ ਨਿਹਾਰਨਾ; ਘਰ ਵਿਚ ਸਬਜ਼ੀਆਂ ਅਤੇ ਫੁੱਲ ਬੂਟੇ ਉਗਾਉਣਾ। ਪਿੰਡ ਜਾਵਾਂ ਤਾਂ ਖੇਤਾਂ ਵਿਚ ਗੇੜਾ ਮਾਰਨਾ ਨਹੀਂ ਭੁੱਲਦਾ ਅਤੇ ਸਵੇਰ ਨੂੰ ਤਰੇਲੇ ਘਾਹ ਤੇ ਕੁਝ ਸਮਾਂ ਟਹਿਲਣ ਦਾ ਚਾਅ ਹੈ। ਖੇਤਾਂ ਅਤੇ ਫ਼ਸਲਾਂ ਵਿਚੋਂ ਆਪਣੇ ਬਾਪ ਨੂੰ ਤੁਰਿਆ-ਫਿਰਦਾ ਕਿਆਸਣ ਨਾਲ ਮੇਰਾ ਖ਼ਾਲੀਪਣ ਭਰ ਜਾਂਦਾ ਹੈ ।…ਜ਼ਿੰਦਗੀ ਵਿਚ ਇਕ ਸੰਤੁਲਨ ਬਣਾ ਕੇ ਜਿਊਣਾ ਚੰਗਾ ਲਗਦਾ ਹੈ। ਸਮਰੱਥਾ ਅਨੁਸਾਰ ਕਿਸੇ ਲੋੜਵੰਦ ਦੀ ਮਦਦ ਕਰਨ ਦਾ ਜਨੂਨ ਹੈ। ਇਕ ਵਾਰ ਪਤਾ ਲੱਗਾ ਕਿ ਮੇਰਾ ਪੁਰਾਣਾ ਵਿਦਿਆਰਥੀ ਗੁਰਚਰਨ ਜਿਸ ਨੇ ਡਬਲ ਐਮ.ਈ. ਕੀਤੀ ਹੈ, ਬੇਰੁਜ਼ਗਾਰੀ ਕਾਰਨ ਘੋਰ ਨਿਰਾਸ਼ਾ ਵਿਚ ਹੈ ਅਤੇ ਵਾਹੀ ਕਰਨ ਲਈ ਮਜਬੂਰ ਹੈ। ਦਰਅਸਲ ਕਿਸੇ ਏਜੰਟ ਨੇ ਐਸ.ਡੀ.. ਭਰਤੀ ਕਰਵਾਉਣ ਲਈ ਪੰਜ ਲੱਖ ਠੱਗ ਲਏ ਸਨ ਅਤੇ ਹੁਣ ਉਹ ਪੂਰਾ ਟੁੱਟ ਚੁੱਕਾ ਸੀ। ਮੈਂ ਤੇ ਮੇਰੀ ਪਤਨੀ ਤਲਵੰਡੀ ਸਾਬੋ ਗਏ ਤੇ ਉਸ ਨੂੰ ਮਿਲੇ। ਆਪਣੇ ਇਕ ਮਿੱਤਰ ਨੂੰ ਕਹਿ ਕੇ ਰਾਮਗੜ੍ਹੀਆ ਪਾਲੀਟੈਕਨਿਕ ਫਗਵਾੜਾ ਵਿਚ ਪ੍ਰੋਫੈਸਰ ਲਗਵਾਇਆ। ਜ਼ਿੰਦਗੀ ‘ਤੋਂ ਸੰਤੁਸ਼ਟ ਹਾਂ ਅਤੇ ਸ਼ੁਕਰਗੁਜ਼ਾਰ ਹਾਂ। ਬਹੁਤ ਕੁਝ ਦਿੱਤਾ ਹੈ ਜ਼ਿੰਦਗੀ ਨੇ। ਇਸ ਦੀਆਂ ਨਿਆਮਤਾਂ ਤੇ ਬਖਸ਼ਿਸ਼ਾਂ ਨਾਲ ਮਾਲੋਮਾਲ ਹਾਂ। ਸੀਮਤ ਸਾਧਨਾਂ ਵਿਚੋਂ ਜਦ ਮਨੁੱਖ ਨੂੰ ਆਪਣੇ ਹਿੱਸੇ ਦੀ ਜ਼ਿੰਦਗੀ ਜਿਊਣ ਅਤੇ ਮਾਨਣ ਦੀ ਜਾਚ ਆ ਜਾਵੇ ਤਾਂ ਜ਼ਿੰਦਗੀ ਅਰਥਮਈ ਹੁੰਦੀ ਹੈ। ਇਹ ਮੈਂ ਆਪਣੇ ਬਜ਼ੁਰਗਾਂ ਤੋਂ ਸਿੱਖਿਆ ਹੈ। ਸੈਰ ਦਾ ਨਿੱਤਨੇਮ ਹੈ। ਅਡੰਬਰੀ ਜੀਵਨ ਤੋਂ ਕੋਫ਼ਤ। ਤੁਸੀਂ ਕੀ ਹੋ, ਇਹ ਦੁਨੀਆ ਜਾਣਦੀ ਹੈ। ਮਸਤੀ ਦੇ ਆਲਮ ਵਿਚ ਜ਼ਿੰਦਗੀ ਨਾਲ ਗੁਫ਼ਤਾਰ ਕਰਦੇ ਰਹੋ ਤਾਂ ਇਸ ਦੀ ਰਫ਼ਤਾਰ ਵਿਚ ਅਵਾਰਗੀ ਅਤੇ ਅਮਲਸਤਾ ਤਾਰੀ ਰਹਿੰਦੀ ਹੈ। ਗਿਲਾ-ਸ਼ਿਕਵਾ ਜਾਂ ਉਲ੍ਹਾਮਾ ਖ਼ੁਦ ਨਾਲ ਤਾਂ ਕਰ ਲੈਂਦਾ ਹਾਂ ਪਰ ਕਿਸੇ ਨਾਲ ਨਹੀਂ।…ਖ਼ੁਦਾ ਕਰੇ ਕਿ ਜ਼ਿੰਦਗੀ ਦੇ ਸੁਖਨ ਭਰੇ ਅਤੇ ਸਕੂਨਮਈ ਸਫ਼ਰ ਦੇ ਨਾਲ-ਨਾਲ ਕਲਮੀ ਯਾਤਰਾ ਵੀ ਬਰਕਰਾਰ ਰਹੇ।”
ਫ਼ੋਨ: 860-983-5002