ਅੰਦਰੂਨੀ ਦਬਾਅ ਪਿੱਛੋਂ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਮਨ ਬਣਾਇਆ

ਚੰਡੀਗੜ੍ਹ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਯੋਜਨਾਬੱਧ ਤਰੀਕੇ ਨਾਲ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਪਹਿਲਾਂ ਸਿਆਸੀ ਜਮੀਨ ਤਿਆਰ ਕਰ ਲਈ ਹੈ। ਉਂਜ, ਇਹ ਸਾਫ ਹੈ ਕਿ ਕਾਂਗਰਸ ਹਾਈਕਮਾਨ ਇਨ੍ਹਾਂ ਚੋਣਾਂ ‘ਚ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਦੁਬਿਧਾ ਦੀ ਬੇੜੀ ਵਿਚ ਵੀ ਸਵਾਰ ਹੈ।

ਰਾਹੁਲ ਗਾਂਧੀ ਨੇ ਜਲੰਧਰ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਪਰ ਸਾਫ ਕੀਤਾ ਹੈ ਕਿ ਵਰਕਰਾਂ ਦੇ ਮਸ਼ਵਰੇ ਨਾਲ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ। ਪੰਜਾਬ ਚੋਣਾਂ 2022 ਲਈ ਕਾਂਗਰਸ ਦੀ ਇਹ ਪਹਿਲੀ ਆਨਲਾਈਨ ਰੈਲੀ ਸੀ ਜਿਸ ਦੀ ਸ਼ੁਰੂਆਤ ਰਾਹੁਲ ਗਾਂਧੀ ਨੇ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਗਿਆ ਹੈ ਜਿਸ ਕਰਕੇ ਕਾਂਗਰਸ ‘ਤੇ ਵੀ ਦਬਾਅ ਬਣਨ ਲੱਗਾ ਹੈ। ਕਈ ਕੈਬਨਿਟ ਮੰਤਰੀ ਖੁੱਲ੍ਹੇਆਮ ਆਖ ਚੁੱਕੇ ਹਨ ਕਿ ਪਾਰਟੀ ਚੋਣਾਂ ਵਿਚ ਮੁੱਖ ਮੰਤਰੀ ਦੇ ਚਿਹਰੇ ਨਾਲ ਉੱਤਰੇ। ਇਨ੍ਹਾਂ ਸਿਆਸੀ ਹਾਲਾਤਾਂ ਵਿਚ ਰਾਹੁਲ ਗਾਂਧੀ ਨੇ ਆਪਣੀ ਫੇਰੀ ਮੌਕੇ ਧਰਾਤਲ ਤਿਆਰ ਕੀਤਾ ਹੈ। ਸਿਆਸੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿਚ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਗੱਲ ਆਖ ਕੇ ਵਿਰੋਧੀਆਂ ਦੀਆਂ ਸੁਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਜਾ, ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਹਾਜਰੀ ਵਿਚ ਇਕ ਸਟੇਜ ਤੋਂ ਇਕੱਠੇ ਪੇਸ਼ ਕਰਕੇ ਆਗੂਆਂ ਦਰਮਿਆਨ ਏਕਤਾ ਅਤੇ ਸਭ ਅੱਛਾ ਹੋਣ ਦਾ ਸੁਨੇਹਾ ਦੇਣ ਦੀ ਕਸ਼ਿਸ਼ ਕੀਤੀ ਗਈ ਹੈ। ਤੀਜਾ, ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੋਂ ਜਨਤਕ ਤੌਰ ‘ਤੇ ਵਚਨਬੱਧਤਾ ਲਈ ਹੈ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਬਾਰੇ ਹਾਈਕਮਾਨ ਦੇ ਫੈਸਲੇ ਦੀ ਪਾਲਨਾ ਕਰਨਗੇ। ਸੂਤਰ ਆਖਦੇ ਹਨ ਕਿ ਸਿਆਸੀ ਯੋਜਨਾਬੰਦੀ ਅਨੁਸਾਰ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਮੰਗ ਰੱਖੀ ਸੀ। ਹੁਣ ਕਾਂਗਰਸ ਲਈ ਇਹ ਵੱਡੀ ਦੁਬਿਧਾ ਹੈ ਕਿ ਜੇਕਰ ਉਹ ਚੰਨੀ ਨੂੰ ਚਿਹਰਾ ਐਲਾਨਦੀ ਹੈ ਤਾਂ ਜੱਟ ਸਿੱਖ ਵੋਟ ਦੀ ਨਾਰਾਜ਼ਗੀ ਦਾ ਡਰ ਹੈ। ਦੂਜੇ ਪਾਸੇ ਨਵਜੋਤ ਸਿੱਧੂ ਨੂੰ ਚਿਹਰਾ ਐਲਾਨੇ ਜਾਣ ਦੀ ਸੂਰਤ ਵਿਚ ਦਲਿਤ ਵੋਟ ਬੈਂਕ ਖੁੱਸਣ ਦਾ ਡਰ ਹੈ। ਇਸ ਤਰ੍ਹਾਂ ਦੀ ਸਥਿਤੀ ਵਿਚ ਹਾਈ ਕਮਾਨ ਸਿਆਸੀ ਦਬਾਅ ਹੇਠ ਹੈ।
ਕੇਂਦਰੀ ਲੀਡਰਸ਼ਿਪ ਵੱਲੋਂ ਹੁਣ ਤੱਕ ਪੰਜਾਬ ਚੋਣਾਂ ਸਾਂਝੀ ਕਮਾਨ ਹੇਠ ਲੜੇ ਜਾਣ ਦੀ ਗੱਲ ਆਖੀ ਜਾ ਰਹੀ ਸੀ ਅਤੇ ਪਹਿਲੀ ਵਾਰ ਕਾਂਗਰਸ ਨੇ ਇਸ ਪਾਸੇ ਵੱਲ ਇਸ਼ਾਰਾ ਕੀਤਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਵਿਚ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰਦਿਆਂ ਐਲਾਨ ਕੀਤਾ ਕਿ ਪਾਰਟੀ ਜਲਦੀ ਹੀ ਸੂਬੇ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਵਰਕਰਾਂ ਦੀ ਰਾਇ ਜਾਨਣ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਮਰ ਜਾਣਗੇ, ਪਰ ਕਾਂਗਰਸ ਪਾਰਟੀ ਨੂੰ ਟੁੱਟਣ ਨਹੀਂ ਦੇਣਗੇ। ਇਥੇ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿਚ ‘ਪੰਜਾਬ ਫਤਿਹ ਵਰਚੁਅਲ ਰੈਲੀ` ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਉਹ ਗੱਡੀ ਵਿਚ ਆ ਰਹੇ ਸਨ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨਾਲ ਇਸ ਮਸਲੇ ਨੂੰ ਵਿਚਾਰਿਆ ਕਿ ਜਿਸ ਨੂੰ ਵੀ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਜਾਵੇਗਾ ਉਹ ਇਕਜੁੱਟਤਾ ਨਾਲ ਇਕ-ਦੂਜੇ ਦੇ ਨਾਲ ਖੜ੍ਹਨਗੇ। ਰਾਹੁਲ ਗਾਂਧੀ ਨੇ ਕਿਹਾ ਕਿ ਸਿੱਧੂ ਤੇ ਚੰਨੀ ਦੀ ਵੀ ਇਹ ਰਾਇ ਸੀ ਕਿ ਦੋ ਚਿਹਰੇ ਅਗਵਾਈ ਨਹੀਂ ਕਰ ਸਕਦੇ, ਇਕ ਆਗੂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇ ਤੇ ਦੂਜਾ ਆਗੂ ਉਸ ਦੀ ਪੂਰੀ ਤਰ੍ਹਾਂ ਡੱਟ ਕੇ ਹਮਾਇਤ ਕਰੇਗਾ। ਦੂਜੇ ਸਾਰੇ ਲੋਕ ਇਕ ਟੀਮ ਵਾਂਗ ਲੜਾਈ ਲੜਨਗੇ।
ਮੁੱਖ ਮੰਤਰੀ ਬਾਰੇ ਦੁਚਿੱਤੀ ਖਤਮ ਹੋਵੇ: ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਤਿੰਨ ਗੱਲਾਂ ਦੇ ਜਵਾਬ ਮੰਗਦੇ ਹਨ ਕਿ ਉਨ੍ਹਾਂ ਨੂੰ ਚਿੱਕੜ ‘ਚੋਂ ਕੌਣ ਕੱਢੇਗਾ ਤੇ ਕਿਵੇਂ ਕੱਢੇਗਾ, ਉਸ ਦਾ ਕਿਹੜਾ ਰੋਡ ਮੈਪ ਹੋਵੇਗਾ। ਪੰਜਾਬ ਦੇ ਲੋਕ ਤੀਜਾ ਸਵਾਲ ਪੁੱਛਦੇ ਹਨ ਕਿ ਬੰਦਾ ਕੌਣ ਹੋਵੇਗਾ, ਚਿਹਰਾ ਕਿਸ ਨੂੰ ਬਣਾਇਆ ਜਾਵੇਗਾ? ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਦੁਚਿੱਤੀ ਵਿਚੋਂ ਕੱਢੋ।
ਮੈਂ ਤੇ ਸਿੱਧੂ ਇਕ-ਦੂਜੇ ਦਾ ਸਾਥ ਦੇਵਾਂਗੇ: ਚੰਨੀ
ਮੋਰਿੰਡਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਤੇ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਰ ਹਾਲ ਵਿਚ ਇਕ-ਦੂਜੇ ਦਾ ਸਾਥ ਦੇਣਗੇ। ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਬਾਰੇ ਚੰਨੀ ਨੇ ਕਿਹਾ ਕਿ ਉਨ੍ਹਾਂ ਤੇ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਦੋਹਾਂ ‘ਚੋਂ ਜਿਸ ਨੂੰ ਮਰਜ਼ੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣ। ਦੋਵੇਂ ਇਕ-ਦੂਜੇ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਨਹੀਂ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਤਾਂ ਉਨ੍ਹਾਂ ਨੇ ਪੂਰੀ ਇਮਾਨਦਾਰੀ ਇਸ ਨੂੰ ਨਿਭਾਇਆ।

ਬਾਗੀਆਂ ਦੀ ਸਰਗਰਮੀ ਨਾਲ ਕਾਂਗਰਸ ਹਾਈਕਮਾਨ ਨੂੰ ਤ੍ਰੇਲੀਆਂ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੀ ਦੂਜੀ ਸੂਚੀ ਪਿੱਛੋਂ ਪਾਰਟੀ ਵਿਚ ਬਗਾਵਤੀ ਸੁਰ ਖੜ੍ਹੇ ਹੋ ਗਏ ਹਨ। ਇਸ ਸੂਚੀ ਨੇ ਦਰਜਨ ਹਲਕਿਆਂ ਵਿਚ ਪਾਰਟੀ ਉਮੀਦਵਾਰਾਂ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਕਾਂਗਰਸ ਵਲੋਂ 23 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਜਿਸ ‘ਚ ਤਿੰਨ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਸੁਤਰਾਣਾ ਤੋਂ ਨਿਰਮਲ ਸਿੰਘ, ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ ਤੇ ਫ਼ਿਰੋਜ਼ਪੁਰ ਦਿਹਾਤੀ ਤੋਂ ਸਤਿਕਾਰ ਕੌਰ ਗਹਿਰੀ ਨੂੰ ਟਿਕਟ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਜਦਕਿ ਹਲਕਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਥਾਂ ਉਸ ਦੇ ਲੜਕੇ ਨੂੰ ਟਿਕਟ ਦਿੱਤੀ ਗਈ ਹੈ।
ਵੇਰਵਿਆਂ ਅਨੁਸਾਰ ਖਰੜ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਵਿਜੈ ਸ਼ਰਮਾ ਟੀਨੂੰ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਸ ਕਰਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦਾ ਪਾਰਾ ਚੜ੍ਹ ਗਿਆ ਹੈ। ਕੰਗ ਪਰਿਵਾਰ ਨੇ ਕਿਹਾ ਕਿ ਜੇ ਟਿਕਟ ਬਦਲੀ ਨਾ ਗਈ ਤਾਂ ਉਸ ਦਾ ਲੜਕਾ ਖਰੜ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ। ਹਲਕਾ ਸੁਨਾਮ ਤੋਂ ਜਸਵਿੰਦਰ ਸਿੰਘ ਧੀਮਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਸ ਦੇ ਵਿਰੋਧ ਵਿਚ ਹਲਕਾ ਇੰਚਾਰਜ ਅਤੇ ਟਿਕਟ ਦੀ ਚਾਹਵਾਨ ਦਮਨ ਬਾਜਵਾ ਨੇ ਬਗਾਵਤੀ ਬਿਗਲ ਵਜਾ ਦਿੱਤਾ ਹੈ। ਦਮਨ ਬਾਜਵਾ ਨੇ ਵਰਕਰਾਂ ਅਤੇ ਆਗੂਆਂ ਦਾ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ। ਉਨ੍ਹਾਂ ਟਿਕਟ ਕੱਟੇ ਜਾਣ ਪਿੱਛੇ ਨਵਜੋਤ ਸਿੱਧੂ ਨੂੰ ਨਿਸ਼ਾਨੇ ‘ਤੇ ਲਿਆ। ਇਸੇ ਤਰ੍ਹਾਂ ਹਲਕਾ ਸਾਹਨੇਵਾਲ ਤੋਂ ਪਾਰਟੀ ਨੇ ਵਿਕਰਮ ਸਿੰਘ ਬਾਜਵਾ ਨੂੰ ਉਮੀਦਵਾਰ ਐਲਾਨਿਆ ਹੈ। ਇਸ ਹਲਕੇ ਤੋਂ ਪਹਿਲਾਂ ਚੋਣ ਲੜ ਚੁੱਕੀ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਔਰਤਾਂ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਉਹ ਜਲਦੀ ਹੀ ਵਰਕਰਾਂ ਨਾਲ ਸਲਾਹ ਕਰਕੇ ਅਗਲਾ ਫੈਸਲਾ ਲੈਣਗੇ। ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਮੌਜੂਦਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੀ ਟਿਕਟ ਕੱਟ ਦਿੱਤੀ ਗਈ ਹੈ। ਉਸ ਨੇ ਇਲਜ਼ਾਮ ਲਾਏ ਕਿ ਗ਼ਰੀਬ ਤੇ ਦਲਿਤ ਹੋਣ ਕਰਕੇ ਉਸ ਦੀ ਟਿਕਟ ਕੱਟੀ ਗਈ ਹੈ। ਹਲਕਾ ਬਟਾਲਾ ਵਿਚ ਨਵੇਂ ਉਮੀਦਵਾਰ ਅਸ਼ਵਨੀ ਸੇਖੜੀ ਖ਼ਿਲਾਫ਼ ਵਿਰੋਧ ਖੜ੍ਹਾ ਹੋ ਗਿਆ ਹੈ। ਇਸ ਹਲਕੇ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਟਿਕਟ ਲੈਣ ਦੇ ਇਛੁੱਕ ਸਨ ਪਰ ਹੁਣ ਬਾਜਵਾ ਦੇ ਹਮਾਇਤੀਆਂ ਨੇ ਬਗਾਵਤ ਕਰ ਦਿੱਤੀ ਹੈ।
ਹਲਕਾ ਬਟਾਲਾ ਵਿਚ ਨਿਗਮ ਚੇਅਰਮੈਨ ਸੁਖਦੀਪ ਸਿੰਘ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਸਤੂਰੀ ਲਾਲ ਦੀ ਅਗਵਾਈ ਵਿਚ 72 ਪਿੰਡਾਂ ਦੇ ਸਰਪੰਚਾਂ ਤੇ 30 ਨਗਰ ਕੌਂਸਲਰਾਂ ਸਮੇਤ ਵਰਕਰਾਂ ਦਾ ਇਕੱਠ ਹੋਇਆ। ਆਗੂਆਂ ਨੇ ਇਸ ਹਲਕੇ ਤੋਂ ਬਾਜਵਾ ਪਰਿਵਾਰ ਨੂੰ ਚੋਣ ਲੜਨ ਲਈ ਕਿਹਾ। ਸਮਰਾਲਾ ਹਲਕੇ ਤੋਂ ਕਾਂਗਰਸੀ ਟਿਕਟ ਨਾ ਮਿਲਣ ਕਰਕੇ ਚਾਰ ਦਫ਼ਾ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਨੇ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਇਸੇ ਤਰ੍ਹਾਂ ਹਲਕਾ ਨਕੋਦਰ ਤੋੋਂ ਡਾ.ਨਵਜੋਤ ਸਿੰਘ ਦਾਹੀਆ ਨੂੰ ਟਿਕਟ ਮਿਲਣ ਮਗਰੋਂ ਟਿਕਟ ਦੇ ਦਾਅਵੇਦਾਰ ਬਲਜੀਤ ਸਿੰਘ ਜੌਹਲ ਨੇ ਆਪਣੇ ਵਰਕਰਾਂ ਦਾ ਇਕੱਠ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪੈਰਾਸ਼ੂਟ ਉਮੀਦਵਾਰ ਹਲਕੇ ਵਿਚ ਉਤਾਰ ਦਿੱਤਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਲੁਧਿਆਣਾ ਜ਼ਿਲ੍ਹੇ ਦੀਆਂ 14 ਵਿਧਾਨ ਸਭਾ ਸੀਟਾਂ ‘ਚੋਂ 13 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਥੇ ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ਦੇ ਕਈ ਸੀਨੀਅਰ ਆਗੂ ਹੀ ਪਾਰਟੀ ਦਾ ਸਿਆਸੀ ਗਣਿਤ ਵਿਗਾੜਨਗੇ।
ਕਾਂਗਰਸ ਦੇ ਚਾਰ ਵਾਰ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਬਗਾਵਤ ਕਰ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਆਜ਼ਾਦ ਚੋਣ ਲੜਨਗੇ। ਇਸੇ ਤਰ੍ਹਾਂ ਪਿਛਲੇ ਪੰਜ ਸਾਲ ਤੋਂ ਸਾਹਨੇਵਾਲ ਦੀ ਹਲਕਾ ਇੰਚਾਰਜ ਸਤਵਿੰਦਰ ਕੌਰ ਬਿੱਟੀ ਵੀ ਟਿਕਟ ਨਾ ਮਿਲਣ ਕਾਰਨ ਬਾਗੀ ਹੋ ਚੁੱਕੀ ਹੈ। ਇਨ੍ਹਾਂ ਤਿੰਨ ਕਾਂਗਰਸੀ ਆਗੂਆਂ ਦਾ ਵਿਰੋਧ ਲੁਧਿਆਣਾ ਵਿਚ ਕਾਂਗਰਸ ਨੂੰ ਭਾਰੀ ਪਵੇਗਾ। ਇਸ ਜ਼ਿਲ੍ਹੇ ਵਿਚ ਇਨ੍ਹਾਂ ਤਿੰਨਾਂ ਆਗੂਆਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਖਿਲਾਫ਼ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਸਮਰਾਲਾ ਦੇ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਨੇ ਤਾਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸਮਝੌਤੇ ਬਾਰੇ ਗੱਲ ਕਰਨ ਦਾ ਮੌਕਾ ਵੀ ਨਹੀਂ ਦਿੱਤਾ। ਉਨ੍ਹਾਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਤੇ ਕੁਝ ਸਮੇਂ ਬਾਅਦ ਸਮਰਾਲਾ ‘ਚ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ। ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਜੇਕਰ ਸਮਰਾਲਾ ਦੇ ਲੋਕ ਉਨ੍ਹਾਂ ਨੂੰ ਜਿਤਾਉਂਦੇ ਹਨ ਤਾਂ ਪਾਰਟੀ ਵੱਲੋਂ ਉਨ੍ਹਾਂ ਨੂੰ ਮੰਤਰੀ ਬਣਾਇਆ ਜਾਵੇਗਾ ਪਰ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ। ਇਸ ਵਾਰ ਅਮਰੀਕ ਸਿੰਘ ਢਿੱਲੋਂ ਖੁਦ ਚੋਣ ਨਾ ਲੜ ਕੇ ਆਪਣੇ ਪੋਤਰੇ ਲਈ ਟਿਕਟ ਦੀ ਮੰਗ ਕਰ ਰਹੇ ਸਨ ਪਰ ਪਾਰਟੀ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਪਰਿਵਾਰ ਦੇ ਨਜ਼ਦੀਕੀ ਰਾਜਾ ਗਿੱਲ ਨੂੰ ਦੇ ਦਿੱਤੀ।
ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਜਗਰਾਉਂ ਤੋਂ ਟਿਕਟ ਕੱਟਣ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਚੰਨੀ ਦੇ ਕਾਰਨ ਹੀ ਉਨ੍ਹਾਂ ਦੀ ਟਿਕਟ ਕੱਟੀ ਗਈ ਹੈ। ਸਤਵਿੰਦਰ ਕੌਰ ਬਿੱਟੀ 2017 ‘ਚ ਸ਼ਰਨਜੀਤ ਸਿੰਘ ਢਿੱਲੋਂ ਖਿਲਾਫ਼ ਹਲਕਾ ਸਾਹਨੇਵਾਲ ਤੋਂ ਚੋਣ ਮੈਦਾਨ ‘ਚ ਉਤਰੀ ਸੀ ਪਰ ਕੁਝ ਵੋਟਾਂ ਨਾਲ ਹਾਰ ਗਈ ਸੀ। ਉਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਲਾਇਆ। ਉਹ ਪਾਰਟੀ ਲਈ ਪੰਜ ਸਾਲ ਕੰਮ ਕਰਦੀ ਰਹੀ ਤੇ ਅਖੀਰਲੇ ਸਮੇਂ ‘ਤੇ ਟਿਕਟ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਨੂੰ ਦੇ ਦਿੱਤੀ ਗਈ। ਬਿੱਟੀ ਦੇ ਪਾਰਟੀ ਵਿਰੋਧੀ ਹੋਣ ਤੋਂ ਬਾਅਦ ਸਾਹਨੇਵਾਲ ਤੋਂ ਵਿਕਰਮ ਬਾਜਵਾ ਦਾ ਰਾਹ ਆਸਾਨ ਨਹੀਂ ਹੈ। ਪਾਰਟੀ ਦੇ ਕਈ ਆਗੂ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਬਿੱਟੀ ਆਜ਼ਾਦ ਚੋਣ ਲੜਨ ਦਾ ਮਨ ਬਣਾ ਚੁੱਕੀ ਹੈ।
ਚੰਨੀ ਵੱਲੋਂ ਕਾਂਗਰਸ ਨੂੰ ਮੁੜ ਸੱਤਾ `ਚ ਲਿਆਉਣ ਦੀ ਅਪੀਲ
ਰੂਪਨਗਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ ਕਰਕੇ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਿੰਘ ਭਗਵੰਤਪੁਰ ਇਲਾਕੇ ਨਾਲ ਸਬੰਧਤ ਪਿੰਡ ਖਾਬੜਾ ਤੇ ਬਾਲਸੰਢਾ ਤੋਂ ਇਲਾਵਾ ਚਮਕੌਰ ਸਾਹਿਬ ਦੇ ਪਿੰਡਾਂ ਝੱਲੀਆਂ ਕਲਾਂ ਤੇ ਭੱਕੂਮਾਜਰਾ ਵਿਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਵੱਜੋਂ ਥੋੜੇ ਜਿਹੇ ਸਮੇਂ ਅੰਦਰ ਹੀ ਲੋਕਾਂ ਦਾ ਜੋ ਪਿਆਰ ਮਿਲਿਆ ਹੈ, ਉਸ ਪਿਆਰ ਦੀ ਬਦੌਲਤ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਪੰਜਾਬ ਦੇ ਲੋਕ ਮੁੜ ਕਾਂਗਰਸ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣਗੇ। ਸ੍ਰੀ ਚੰਨੀ ਨੇ ਕਿਹਾ ਕਿ ਬਤੌਰ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਪੰਜਾਬ ਵਾਸੀਆਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।