ਪਦਮਸ੍ਰੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦਾ ਅਕਾਲ ਚਲਾਣਾ

ਚੀਮਾ ਮੰਡੀ: ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਮੁੱਖ ਪ੍ਰਬੰਧਕ ਗੁਰਦੁਆਰਾ ਜਨਮ ਅਸਥਾਨ ਚੀਮਾ ਦਾ ਦੇਹਾਂਤ ਹੋ ਗਿਆ। ਗੁਰਦੁਆਰਾ ਜਨਮ ਅਸਥਾਨ ਚੀਮਾ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਬਾਬਾ ਇਕਬਾਲ ਸਿੰਘ ਬੀਤੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਚੀਮਾ ਮੰਡੀ ਇਲਾਕੇ ਦੇ ਲੋਕਾਂ ਨੇ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪਦਮਸ੍ਰੀ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦਾ ਗੁਰਦੁਆਰਾ ਬੜੂ ਸਾਹਿਬ ਵਿਚ ਸਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਸ਼ਾਮਲ ਹੋਈ। ਗੁਰਦੁਆਰਾ ਜਨਮ ਅਸਥਾਨ ਚੀਮਾ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਬਾਬਾ ਇਕਬਾਲ ਸਿੰਘ ਦੇ ਸਸਕਾਰ ਤੋਂ ਪਹਿਲਾਂ ਗੁਰਦੁਆਰੇ ਵਿਚ ਗੁਰਬਾਣੀ ਪ੍ਰਵਾਹ ਚੱਲਦਾ ਰਿਹਾ ਤੇ ਬੜੂ ਸਾਹਿਬ ਦੀਆਂ ਬੀਬੀਆਂ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ।
ਇਸ ਮੌਕੇ ਪਹੁੰਚੀਆਂ ਸ਼ਖਸੀਅਤਾਂ ਨੇ ਬਾਬਾ ਇਕਬਾਲ ਸਿੰਘ ਦੇ ਜੀਵਨ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਇਸ ਮੌਕੇ ਗੁਰਦੁਆਰਾ ਜਨਮ ਅਸਥਾਨ ਚੀਮਾ, ਗੁਰਦੁਆਰਾ ਨਾਨਕਸਰ ਚੀਮਾ, ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਪੁੱਜੀ ਸੰਗਤ ਤੋਂ ਇਲਾਵਾ ਸਮੂਹ ਨਗਰ ਪੰਚਾਇਤ ਚੀਮਾ, ਵੱਖ-ਵੱਖ ਕਲੱਬਾਂ ਦੇ ਅਹੁਦੇਦਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਮੌਜੂਦ ਸਨ।
ਸਿੱਖਿਆ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਅਕਾਲ ਅਕੈਡਮੀਆਂ ਦੇ ਸੰਸਥਾਪਕ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਦੇਹਾਂਤ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਇਕਬਾਲ ਸਿੰਘ ਕਰੜੀ ਘਾਲਣਾ ਦੁਆਰਾ ਸਿੱਖਿਆ ਦੇ ਪਸਾਰ ਲਈ ਮਾਰਗ ਦਰਸ਼ਕ ਬਣੇ। ਉਨ੍ਹਾਂ ਅਕਾਲ ਅਕੈਡਮੀਆਂ ਦੀ ਲੜੀ ਚਲਾ ਕੇ ਪੱਛੜੇ ਇਲਾਕਿਆਂ ਤੱਕ ਵਿੱਦਿਆ ਦਾ ਚਾਨਣ ਵੰਡਣ ਦਾ ਯਤਨ ਕੀਤਾ।
ਇਸੇ ਦੌਰਾਨ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਸਿਰੜੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਕਾਰਜ ਕੀਤੇ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਸਕੱਤਰ ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾਕੋਹਨਾ, ਡਾ. ਪਰਮਜੀਤ ਸਿੰਘ ਸਰੋਆ ਨੇ ਵੀ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਬਾਬਾ ਜੀ ਦੇ ਅੰਤਿਮ ਸਸਕਾਰ ਲਈ ਰਵਾਨਾ ਹੋਣ ਤੋਂ ਪਹਿਲਾਂ ਜਿੱਥੇ ਭਾਈ ਜਗਜੀਤ ਸਿੰਘ ਨੇ ਅਰਦਾਸ ਕੀਤੀ, ਉਥੇ ਨਾਲ ਹੀ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਕੱਤਰ ਡਾ. ਦਵਿੰਦਰ ਸਿੰਘ, ਭਾਈ ਰਵਿੰਦਰਪਾਲ ਸਿੰਘ ਕੋਹਲੀ ਤੋਂ ਇਲਾਵਾ ਟਰੱਸਟ ਦੇ ਹੋਰਨਾਂ ਸੇਵਾਦਾਰਾ ਨੇ ਸੰਗਤਾਂ ਦਾ ਧੰਨਵਾਦ ਕੀਤਾ। ਅੰਤਿਮ ਸਸਕਾਰ ਸਮੇਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂੰਮਾ ਦੀ ਤਰਫੋਂ ਬਾਬਾ ਸੁਖਦੇਵ ਸਿੰਘ ਮਹਿਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਤਰਫੋਂ ਭਾਈ ਪਰਮਜੀਤ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ, ਬਾਬਾ ਬਚਨ ਸਿੰਘ ਕਾਰਸੇਵਾ ਦਿੱਲੀ ਵਾਲਿਆਂ ਵੱਲੋਂ ਬਾਬਾ ਗੁਲਜਾਰ ਸਿੰਘ, ਭਾਈ ਜੋਗਿੰਦਰ ਸਿੰਘ ਮੁੱਖ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਅਕਸ਼ਰਧਾਮ ਦਿੱਲੀ ਤੋਂ ਪੁੱਜੇ ਸਵਾਮੀ ਜੀ ਨੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਜਿ਼ਕਰਯੋਗ ਹੈ ਕਿ ਬਾਬਾ ਇਕਬਾਲ ਸਿੰਘ ਜੀ ਜਦੋਂ ਵੀ ਸਿ਼ਕਾਗੋ ਆਉਂਦੇ, ਹਮੇਸ਼ਾ ਇੱਥੋਂ ਦੀ ਉੱਘੀ ਸ਼ਖਸੀਅਤ ਮੇਜਰ ਗੁਰਚਰਨ ਸਿੰਘ ਝੱਜ ਦੇ ਗ੍ਰਹਿ ਵਿਖੇ ਠਹਿਰਦੇ ਸਨ। ਮੇਜਰ ਝੱਜ ਲੰਮੇ ਸਮੇਂ ਤੋਂ ਕਲਗੀਧਰ ਸੁਸਾਇਟੀ ਬੜੂ ਸਾਹਿਬ ਨਾਲ ਜੁੜੇ ਹੋਏ ਹਨ ਤੇ ਅਮਰੀਕਾ ਰਹਿੰਦਿਆਂ ਵੀ ਬੜੂ ਸਾਹਿਬ ਦੀਆਂ ਸਿੱਖਿਆ ਸੰਸਥਾਵਾਂ ਦੇ ਬੱਚਿਆਂ ਦੀ ਉਚੇਰੀ ਸਿੱਖਿਆ ਲਈ ਤਤਪਰ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਸਿ਼ਕਾਗੋ ਦੀ ਸੰਗਤ ਦੇ ਸਹਿਯੋਗ ਨਾਲ ਬੱਚਿਆਂ ਲਈ ਵੱਡੀ ਰਾਸ਼ੀ ਇਕੱਠੀ ਕੀਤੀ ਸੀ। ਮੇਜਰ ਝੱਜ ਨੇ ਬਾਬਾ ਇਕਬਾਲ ਸਿੰਘ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ ਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।