ਮਾਨਸ ਤੋਂ ਦੇਵਤਾ: ਠਹਿਰ ਉਇ ਜੁਆਨਾ, ਪੈਦਲ ਨਾ ਜਾ!

ਗੁਰਬਚਨ ਸਿੰਘ ਭੁੱਲਰ
(ਸੰਪਰਕ: +80763-63058)
ਅੱਜ ਦਾ ਰਾਮਪੁਰਾ ਫੂਲ ਉਨ੍ਹਾਂ ਮੰਡੀਆਂ ਵਿਚੋਂ ਹੈ ਜੋ ਰਿਆਸਤੀ ਰਾਜਿਆਂ ਨੇ ਵਪਾਰਕ ਕੇਂਦਰਾਂ ਦੀ ਲੋੜ ਮਹਿਸੂਸ ਕਰਦਿਆਂ ਬਹੁਤ ਪਹਿਲਾਂ ਕਾਇਮ ਕੀਤੀਆਂ ਸਨ। ‘ਅੱਜ ਦਾ’ ਸ਼ਬਦ ਮੈਂ ਇਸ ਵਾਸਤੇ ਵਰਤੇ ਹਨ ਕਿਉਂਕਿ ਮੇਰੇ ਬਚਪਨ ਵਿਚ ਸਿਰਫ਼ ਰੇਲਵੇ ਸਟੇਸ਼ਨ ਦਾ ਨਾਂ ਰਾਮਪੁਰਾ ਫੂਲ ਸੀ, ਸਟੇਸ਼ਨ ਦੇ ਦੁਆਲੇ ਦੀ ਆਬਾਦੀ ਦਾ ਨਹੀਂ। ਇਸ ਸ਼ਹਿਰ ਦਾ ਭੂਗੋਲ ਅਤੇ ਇਸ ਦੇ ਨਾਂ ਦਾ ਇਤਿਹਾਸ ਜਾਣਨਾ ਦਿਲਚਸਪ ਹੋਵੇਗਾ। ਪਾਠਕ ਨੂੰ ਉਸ ਤੋਂ ਇਹ ਵੀ ਪਤਾ ਲੱਗੇਗਾ ਕਿ ਰਿਆਸਤਾਂ ਕਿਵੇਂ ਇਕ ਦੂਜੀ ਵਿਚ ਗੁੰਦੀਆਂ ਹੋਈਆਂ ਹੁੰਦੀਆਂ ਸਨ।

ਰਾਮਪੁਰਾ ਫੂਲ ਸ਼ਹਿਰ ਦੇ ਵਿਚਕਾਰੋਂ ਰੇਲ ਦੀ ਲੀਹ ਲੰਘਦੀ ਹੈ। ਸ਼ਹਿਰ ਵਿਚਲੀ ਇਹ ਲੀਹ ਨਾਭਾ ਤੇ ਪਟਿਆਲਾ ਰਿਆਸਤਾਂ ਵਿਚਕਾਰ ਸਰਹੱਦ ਦਾ ਕੰਮ ਦਿੰਦੀ ਸੀ। ਲੀਹ ਤੋਂ ਚੜ੍ਹਦੇ ਵੱਲ ਦੇ ਹਿੱਸੇ ਨੂੰ ਲੋਕ ਪਟਿਆਲਾ ਮੰਡੀ ਆਖਦੇ ਸਨ ਕਿਉਂਕਿ ਉਹ ਪਟਿਆਲਾ ਰਿਆਸਤ ਵਿਚ ਸੀ। ਛਿਪਦੇ ਵੱਲ ਦਾ ਹਿੱਸਾ ਨਾਭਾ ਰਿਆਸਤ ਵਿਚ ਹੋਣ ਸਦਕਾ ਨਾਭਾ ਮੰਡੀ ਕਿਹਾ ਜਾਂਦਾ ਸੀ। ਨਾਭਾ ਮੰਡੀ ਕਾਗ਼ਜ਼ਾਂ ਵਿਚ ਮੰਡੀ ਫੂਲ ਸੀ। ਇਹ ਉਸ ਪਾਸੇ ਤਿੰਨ ਕੋਹ ਵਾਟ ਪ੍ਰਸਿੱਧ ਪਿੰਡ ਫੂਲ ਹੋਣ ਕਰਕੇ ਸੀ। ਸਰਕਾਰੀ ਹਾਈ ਸਕੂਲ ਵੀ ਇਸੇ ਮੰਡੀ ਵਿਚ ਸੀ ਜਿਸ ਵਿਚ ਦੋਵਾਂ ਮੰਡੀਆਂ ਦੇ ਤੇ ਚੁਫੇਰੇ ਦੇ ਪਿੰਡਾਂ ਦੇ ਮੁੰਡੇ ਪੜ੍ਹਦੇ ਸਨ। ਮੈਂ ਵੀ ਦਸਵੀਂ ਇਸੇ ਸਕੂਲ ਵਿਚੋਂ ਪਾਸ ਕੀਤੀ । ਓਦੋਂ ਉਹਦਾ ਨਾਂ ਸਟੇਟ ਹਾਈ ਸਕੂਲ, ਮੰਡੀ ਫੂਲ ਸੀ। ਇਸੇ ਤਰ੍ਹਾਂ ਪਟਿਆਲਾ ਮੰਡੀ ਦਾ ਲਿਖਤੀ ਨਾਂ ਅੱਧਾ ਕੋਹ ਵਾਟ ਪਿੰਡ ਰਾਮਪੁਰਾ ਹੋਣ ਕਰਕੇ ਰਾਮਪੁਰਾ ਮੰਡੀ ਸੀ। ਜਦੋਂ ਰੇਲ ਆਈ, ਸਟੇਸ਼ਨ ਨੂੰ ਦੋਵਾਂ ਮੰਡੀਆਂ ਦੀ ਹੱਦ ਉਤੇ ਹੋਣ ਕਾਰਨ ਮਿੱਸਾ ਨਾਂ ਰਾਮਪੁਰਾ ਫੂਲ ਦੇ ਦਿੱਤਾ ਗਿਆ।
ਜਦੋਂ ਰਿਆਸਤਾਂ ਖ਼ਤਮ ਹੋ ਗਈਆਂ, ਕੁਦਰਤੀ ਸੀ, ਨਾ ਕੋਈ ਨਾਭਾ ਮੰਡੀ ਰਹੀ ਤੇ ਨਾ ਪਟਿਆਲਾ ਮੰਡੀ। ਦੋਵੇਂ ਹਿੱਸਿਆਂ ਦੇ ਪੂਰੇ ਸ਼ਹਿਰ ਦਾ ਨਾਂ ਸਟੇਸ਼ਨ ਦੇ ਨਾਂ ਵਾਂਗ ਸਾਂਝਾ ਰਾਮਪੁਰਾ ਫੂਲ ਕਰ ਦਿੱਤਾ ਗਿਆ। ਉਥੋਂ ਮੇਰਾ ਪਿੰਡ ਪਿੱਥੋ ਤਿੰਨ ਕੋਹ ਵਾਟ ਹੈ। ਉਥੋਂ ਏਨੀ ਹੀ ਵਾਟ ਮੰਡੀ ਕਲਾਂ ਹੈ। ਤੇ ਸਬੱਬ ਨਾਲ ਇਨ੍ਹਾਂ ਦੋਵਾਂ ਪਿੰਡਾਂ ਦੀ ਵਾਟ ਵੀ ਏਨੀ, ਤਿੰਨ ਕੁ ਕੋਹ ਹੀ ਹੈ। ਇਉਂ ਰਾਮਪੁਰਾ ਫੂਲ, ਪਿੱਥੋ ਤੇ ਮੰਡੀ ਕਲਾਂ ਦੀ ਇਕੋ ਜਿੰਨੀਆਂ ਲੰਮੀਆਂ ਬਾਹੀਆਂ ਵਾਲੀ ਤਿਕੋਣ ਬਣ ਜਾਂਦੀ ਹੈ।
ਪਿੰਡਾਂ ਦੇ ਨਾਂ ਟਿਕਣ ਦਾ ਇਤਿਹਾਸ ਵੀ ਬੜਾ ਦਿਲਚਸਪ ਹੈ। ਕਿਸੇ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਇਸ ਬਾਰੇ ਜ਼ਰੂਰ ਖੋਜ ਕਰਨੀ ਚਾਹੀਦੀ ਹੈ। ਉਹਨੂੰ ਪੀ-ਐਚ. ਡੀ. ਦੀ ਡਿਗਰੀ ਮਿਲ ਜਾਵੇਗੀ ਅਤੇ ਇਤਿਹਾਸ ਨੂੰ ਇਕ ਬਿਲਕੁਲ ਨਵੇਕਲੇ ਵਿਸ਼ੇ ਸੰਬੰਧੀ ਬਹੁਤ ਮਹੱਤਵਪੂਰਨ ਵੇਰਵਾ ਮਿਲ ਜਾਵੇਗਾ। ਰਾਮਪੁਰਾ, ਨਾਨਕਪੁਰਾ, ਹਰਰਾਇਪੁਰ, ਕ੍ਰਿਸ਼ਣ ਨਗਰ, ਗੋਬਿੰਦਪੁਰਾ ਜਿਹੇ ਨਾਂ ਇਤਿਹਾਸ ਤੇ ਧਰਮ ਦੀ ਦੇਣ ਹਨ। ਤੂਤਾਂ ਵਾਲਾ, ਅੱਕਾਂ ਵਾਲੀ, ਮੱਝਾਂ ਵਾਲੀ, ਮੋਰਾਂਵਾਲੀ, ਕੁੱਤੀਵਾਲ, ਆਦਿ ਨਾਂਵਾਂ ਦੇ ਆਪਣੇ ਵਿਚੋਂ ਹੀ ਉਨ੍ਹਾਂ ਦਾ ਪਿਛੋਕੜ ਦਿੱਸ ਪੈਂਦਾ ਹੈ। ਪਰ, ਸ਼ਾਇਦ, ਸਭ ਤੋਂ ਬਹੁਤੇ ਪਿੰਡਾਂ ਦੇ ਨਾਂ ਉਨ੍ਹਾਂ ਦੇ ਮੋਢੀ ਬੰਦਿਆਂ ਦੇ ਨਾਂ ਸਦਕਾ ਟਿਕੇ ਹੋਏ ਹਨ। ਗੰਡਾ ਸਿੰਘ ਵਾਲਾ, ਚੜ੍ਹਤ ਸਿੰਘ ਵਾਲਾ, ਆਦਿ ਨਾਂ ਉਨ੍ਹਾਂ ਪਿੰਡਾਂ ਦੀ ਮੋਹੜੀ ਗੱਡਣ ਵਾਲੇ ਬੰਦਿਆਂ ਦੇ ਨਾਂ ਸਦਕਾ ਰੱਖੇ ਗਏ। ਫੂਲ ਵੀ, ਜਿਵੇਂ ਸਭ ਜਾਣਦੇ ਹੀ ਹਨ, ਫੂਲਕੀਆਂ ਰਿਆਸਤਾਂ ਦੇ ਵਡੇਰੇ ਬਾਬਾ ਫੂਲ ਦਾ ਨਾਂ ਸੀ। ਪਿੱਥੋ ਵੀ ਸਾਡੇ ਪਿੰਡ ਦੇ ਮੋੜ੍ਹੀ-ਗੱਡ ਬਜ਼ੁਰਗ ਦਾ ਨਾਂ ਹੀ ਦਸਦੇ ਹਨ। ਸਦੀਆਂ ਪਹਿਲਾਂ ਦੇ ਉਸ ਜ਼ਮਾਨੇ ਵਿਚ ਬੰਦਿਆਂ ਦੇ ਨਾਂ ਅਜਿਹੇ ਹੀ ਹੁੰਦੇ ਸਨ।
ਕੁਛ ਬੰਦੇ ਅਜਿਹੇ ਮਸ਼ਹੂਰ ਹੋ ਜਾਂਦੇ ਜਾਂ, ਕਹਿ ਲਵੋ, ਕਰਮਾਂ ਵਾਲੇ ਹੁੰਦੇ ਕਿ ਪਿੰਡ ਦਾ ਨਾਂ ਸਦੀਆਂ ਤੋਂ ਕੋਈ ਹੋਰ ਹੁੰਦਾ, ਪਰ ਉਸ ਮੂਲ ਨਾਂ ਨਾਲ ਉਨ੍ਹਾਂ ਦਾ ਨਾਂ ਵੀ ਜੁੜ ਜਾਂਦਾ। ਕਈ ਮਸ਼ਹੂਰ ਬੰਦਿਆਂ ਦਾ ਨਾਂ ਤਾਂ ਉਨ੍ਹਾਂ ਦੇ ਜਿਉਂਦੇ-ਜੀਅ ਹੀ ਉਨ੍ਹਾਂ ਦੇ ਪਿੰਡ ਦਾ ਨਾਂ ਬਣ ਜਾਂਦਾ। ਇਸ ਦੀ ਇਕ ਪ੍ਰਸਿੱਧ ਮਿਸਾਲ ਪਿੰਡ ਪੱਤੋ ਹੈ। ਇਸ ਪੁਰਾਣੇ ਨਾਂ ਨਾਲ ਉਥੋਂ ਦੀ ਉਘੀ ਸ਼ਖ਼ਸੀਅਤ ਹੀਰਾ ਸਿੰਘ ਦਾ ਨਾਂ ਉਹਦੇ ਜਿਉਂਦੇ-ਜੀਅ ਹੀ ਜੁੜ ਕੇ ਪਿੰਡ ‘ਪੱਤੋ ਹੀਰਾ ਸਿੰਘ’ ਹੋ ਗਿਆ। ਬਿਲਕੁਲ ਇਸੇ ਤਰ੍ਹਾਂ ਸਾਡੇ ਗੁਆਂਢੀ ਪਿੰਡ ਮੰਡੀ ਕਲਾਂ ਦਾ ਨਾਂ ਉਥੋਂ ਦੇ ਪ੍ਰਸਿੱਧ ਮਹਾਜਨ ਗੁਲਾਬ ਚੰਦ ਸਦਕਾ, ਜਿਸ ਨੂੰ ਲੋਕ ਆਮ ਕਰਕੇ ਗੁਲਾਬੂ ਸੇਠ ਆਖਦੇ ਸਨ, ਉਹਦੇ ਜਿਉਂਦੇ-ਜੀਅ ਹੀ ‘ਗੁਲਾਬੂ ਕੀ ਮੰਡੀ’ ਹੋ ਗਿਆ।
ਸਰਕਾਰੀ ਦਫ਼ਤਰਾਂ ਵਿਚ ਲੰਮੇ ਸਮੇਂ ਤੋਂ ਉਰਦੂ-ਫ਼ਾਰਸੀ ਦਾ ਬੋਲਬਾਲਾ ਰਿਹਾ ਸੀ। ਇਸ ਕਾਰਨ ਜੇ ਨੇੜੇ-ਨੇੜੇ ਇਕ ਨਾਂ ਵਾਲੇ ਦੋ ਪਿੰਡ ਹੁੰਦੇ, ਕਾਗ਼ਜ਼ਾਂ ਵਿਚ ਵੱਡੇ ਪਿੰਡ ਨਾਲ ‘ਵੱਡੇ’ ਦੇ ਬਰਾਬਰ ਦਾ ਫ਼ਾਰਸੀ ਸ਼ਬਦ ‘ਕਲਾਂ’ ਅਤੇ ਛੋਟੇ ਪਿੰਡ ਨਾਲ ‘ਛੋਟੇ’ ਦੇ ਬਰਾਬਰ ਦਾ ਫ਼ਾਰਸੀ ਸ਼ਬਦ ‘ਖ਼ੁਰਦ’ ਜੋੜ ਦਿੱਤਾ ਜਾਂਦਾ ਸੀ। ਪਰ ਇਹ ਸ਼ਬਦ ਕਦੀ ਵੀ ਬਹੁਤੇ ਪ੍ਰਚਲਿਤ ਨਾ ਹੋਏ ਤੇ ਲੋਕਾਂ ਦੀ ਜ਼ਬਾਨ ਉਤੇ ਨਾ ਚੜ੍ਹੇ। ਲੋਕ ਅਜਿਹੇ ਪਿੰਡਾਂ ਨਾਲ ਛੋਟਾ-ਵੱਡਾ ਹੀ ਲਾਉਂਦੇ। ਮੰਡੀ ਕਲਾਂ ਨੂੰ ਵੀ ਲੋਕ ਵੱਡੀ ਮੰਡੀ ਆਖਦੇ। ਜਿਉਂ ਹੀ ਗੁਲਾਬ ਚੰਦ, ਜੋ ਲੋਕਾਂ ਲਈ ਗੁਲਾਬੂ ਸੀ, ਆਪਣੇ ਕਾਰੋਬਾਰ ਦੀ ਚੜ੍ਹਦੀ ਕਲਾ ਸਦਕਾ ਦੂਰ-ਦੂਰ ਤੱਕ ਮਸ਼ਹੂਰ ਹੋਇਆ, ਇਲਾਕੇ ਦੇ ਲੋਕਾਂ ਲਈ ਪਿੰਡ ਦਾ ਨਾਂ ਮੰਡੀ ਕਲਾਂ ਜਾਂ ਵੱਡੀ ਮੰਡੀ ਦੀ ਥਾਂ ਗੁਲਾਬੂ ਕੀ ਮੰਡੀ ਹੋ ਗਿਆ।
ਗੁਲਾਬੂ ਸ਼ਾਇਦ ਮੇਰੇ ਦਾਦੇ ਦੇ ਸਮੇਂ ਜਾਂ ਉਸ ਤੋਂ ਵੀ ਕੁਛ ਪਹਿਲਾਂ ਹੋਇਆ ਹੈ। ਬਚਪਨ ਵਿਚ ਮੈਂ ਆਪਣੇ ਬਜ਼ੁਰਗਾਂ ਤੋਂ ਉਹਦੀ ਇਕ ਕਹਾਣੀ ਸੁਣੀ ਸੀ। ਓਦੋਂ ਤਾਂ ਉਹ ਸਿਰਫ਼ ਦਿਲਚਸਪ ਹੀ ਲੱਗੀ ਸੀ, ਮਗਰੋਂ ਵੱਡੇ ਹੋ ਕੇ ਉਹਦਾ ਮਾਨਵੀ ਤੇ ਸਭਿਆਚਾਰਕ ਅਰਥ ਸਮਝ ਵਿਚ ਆਇਆ ਤਾਂ ਸੇਠ ਗੁਲਾਬ ਚੰਦ ਦੀ ਪੰਜਾਬੀਅਤ ਦੇਖ ਕੇ ਮੇਰੇ ਮੂੰਹੋਂ ‘ਵਾਹ’ ਨਿੱਕਲਣਾ ਕੁਦਰਤੀ ਸੀ।
ਜਿਨ੍ਹਾਂ ਪਿੰਡਾਂ ਦਾ ਨਾਂ ਮੰਡੀ ਪਿਆ ਹੋਇਆ ਹੈ, ਸ਼ਾਇਦ ਉਥੇ, ਓਦੋਂ ਸ਼ਹਿਰੀ ਬਾਜ਼ਾਰ ਅਜੇ ਜ਼ਿਆਦਾ ਵਿਕਸਤ ਨਾ ਹੋਏ ਹੋਣ ਕਾਰਨ, ਸਥਾਨਕ ਪੈਦਾਵਾਰਾਂ ਤੇ ਹੋਰ ਚੀਜ਼ਾਂ ਦਾ ਵਣਜ ਜਾਂ ਵਟਾਂਦਰਾ ਹੁੰਦਾ ਹੋਵੇਗਾ। ਦਸਦੇ ਹਨ, ਗੁਲਾਬੂ ਦਾ ਕਾਰੋਬਾਰ ਖਾਸਾ ਵਧਿਆ ਹੋਇਆ ਸੀ। ਉਹਦੀ ਹੱਟ ਪਿੰਡ ਦੇ ਲੋਕਾਂ ਦੀਆਂ ਲੋੜਾਂ ਤਾਂ ਪੂਰੀਆਂ ਕਰਦੀ ਹੀ, ਨੇੜੇ ਦੇ ਪਿੰਡਾਂ ਦੇ ਆਮ ਲੋਕ ਤੇ ਛੋਟੇ ਦੁਕਾਨਦਾਰ ਵੀ ਉਹਤੋਂ ਮਾਲ ਖਰੀਦਦੇ। ਉਹ ਭਾਅ ਵੀ ਠੀਕ ਲਾਉਂਦਾ ਅਤੇ ਲੈਣ-ਦੇਣ ਦਾ ਵੀ ਖਰਾ ਸੀ। ਔਖ-ਸੌਖ ਵੇਲੇ ਉਹ ਲੋਕਾਂ ਦੇ ਕੰਮ ਆਉਣਾ ਵੀ ਆਪਣਾ ਫ਼ਰਜ਼ ਸਮਝਦਾ ਸੀ ਅਤੇ ਹੁਧਾਰ ਦੇ ਦਿੰਦਾ ਸੀ। ਹੁਧਾਰ ਉਤੇ ਸੂਦ ਲਾਉਣ ਦੇ ਸੰਬੰਧ ਵਿਚ ਵੀ ਉਹ ਲਹੂ-ਚੂਸ ਨਹੀਂ ਸੀ। ਕੁੱਲ ਮਿਲਾ ਕੇ ਉਹ ਇੱਜ਼ਤਦਾਰ ਤੇ ਭਲਾ ਆਦਮੀ ਸਮਝਿਆ ਜਾਂਦਾ ਸੀ। ਇਸ ਕਰਕੇ ਉਹਦੀ ਪੜਤ ਆਲ਼ੇ-ਦੁਆਲ਼ੇ ਦੂਰ-ਦੂਰ ਤੱਕ ਬਣੀ ਹੋਈ ਸੀ।
ਕਈ ਛੋਟੇ ਪਿੰਡ ਤਾਂ ਇਕ ਬਜ਼ੁਰਗ ਦੀ ਪੀੜ੍ਹੀ-ਦਰ-ਪੀੜ੍ਹੀ ਵਧੀ-ਫੁੱਲੀ ਔਲਾਦ ਨਾਲ ਹੀ ਵਸੇ ਹੋਏ ਹੁੰਦੇ ਸਨ। ਪਰ ਜੇ ਕਿਸੇ ਪਿੰਡ ਦੀ ਸਮਾਜਕ ਬਣਤਰ ਵੰਨ-ਸੁਵੰਨੀ ਵੀ ਹੁੰਦੀ, ਤਾਂ ਵੀ ਉਹ ਸਭਿਆਚਾਰਕ, ਸੰਸਕਾਰੀ, ਭਾਈਚਾਰਕ ਤੇ ਜਜ਼ਬਾਤੀ ਪੱਖੋਂ ਇਕਸਾਰ ਤੇ ਇਕਰੂਪ ਹੀ ਹੁੰਦਾ। ਇਕ ਦੀ ਰਿਸ਼ਤੇਦਾਰੀ ਸਭ ਦੀ ਰਿਸ਼ਤੇਦਾਰੀ ਹੁੰਦੀ। ਖਾਸ ਕਰਕੇ ਧੀ ਨੂੰ ਤਾਂ ਸਾਰੇ ਪਿੰਡ ਦੀ ਧੀ ਹੀ ਸਮਝਿਆ ਜਾਂਦਾ। ਕੁਦਰਤੀ ਸੀ, ਜਦੋਂ ਉਹ ਵਿਆਹੀ ਜਾਂਦੀ, ਉਹਦਾ ਪਤੀ ਸਿਰਫ਼ ਉਸ ਘਰ ਦਾ ਜੁਆਈ ਹੋਣ ਦੀ ਥਾਂ ਪਿੰਡ ਦਾ ਜੁਆਈ ਅਖਵਾਉਂਦਾ। ਤੇ ਜਦੋਂ ਕੁੜੀ ਬਾਲ-ਬੱਚੇ ਵਾਲੀ ਹੋ ਜਾਂਦੀ, ਉਹਦੇ ਧੀਆਂ-ਪੁੱਤ ਪੂਰੇ ਪਿੰਡ ਲਈ ਦੋਹਤੀਆਂ-ਦੋਹਤੇ ਹੁੰਦੇ। ਜੁਆਈ ਲਈ ਸਤਿਕਾਰ ਤੇ ਦੋਹਤੇ-ਦੋਹਤੀ ਲਈ ਪਿਆਰ ਆਪਣੀ ਮਿਸਾਲ ਆਪ ਹੀ ਹੁੰਦਾ ਸੀ। ਉਹਦੇ ਸਹੁਰੇ ਘਰ ਕਿੰਨੀਆਂ ਵੀ ਦੁਧਾਰੂ ਮੱਝਾਂ-ਗਾਈਆਂ ਹੋਣ, ਜੁਆਈ ਲਈ ਆਂਢੀ-ਗੁਆਂਢੀ ਅਣਘਾਲ਼ੇ ਦੁੱਧ ਦੀ ਗੜਵੀ ਜ਼ਰੂਰ ਦੇ ਕੇ ਜਾਂਦੇ। ਦੋਹਤੇ-ਦੋਹਤੀ ਲਈ ਤਾਂ ਕੋਈ ਗੰਨਿਆਂ ਦੀ ਥੱਬੀ ਸੁੱਟ ਜਾਂਦਾ, ਕੋਈ ਮੱਕੀ ਦੀਆਂ ਛੱਲੀਆਂ ਦੀ ਝੋਲੀ ਦੇ ਜਾਂਦਾ।
ਓਦੋਂ ਸੜਕਾਂ ਹੈ ਨਹੀਂ ਸਨ। ਨਾ ਟਾਂਗਾ ਹੁੰਦਾ ਸੀ, ਨਾ ਬਸ। ਕੱਚੇ ਰਾਹੀਂ ਲੋਕ ਪੈਦਲ ਜਾਂਦੇ ਜਾਂ ਵਾਹੀ-ਖੇਤੀ ਵਾਲੇ ਬੋਤਿਆਂ ਅਤੇ ਬਲ੍ਹਦ-ਗੱਡਿਆਂ ਉਤੇ। ਸਰਦੇ-ਪੁਜਦੇ ਬੰਦੇ ਆਉਣ-ਜਾਣ ਵਾਸਤੇ, ਤੇ ਕਿਸੇ ਹੱਦ ਤੱਕ ਸ਼ਾਨ ਵਾਸਤੇ, ਘੋੜਾ ਜਾਂ ਘੋੜੀ ਰਖਦੇ। ਗੁਲਾਬੂ ਸੇਠ ਨੇ ਵੀ ਆਉਣ-ਜਾਣ ਲਈ ਘੋੜੀ ਰੱਖੀ ਹੋਈ ਸੀ। ਇਕ ਦਿਨ ਉਹ ਆਪਣੀ ਘੋੜੀ ‘ਤੇ ਚੜ੍ਹਿਆ ਮੰਡੀ ਫੂਲ ਤੋਂ ਪਿੰਡ ਨੂੰ ਜਾ ਰਿਹਾ ਸੀ। ਕੁਛ ਦੂਰ ਜਾ ਕੇ ਉਹ ਪੈਦਲ ਜਾ ਰਹੇ ਇਕ ਨੌਜਵਾਨ ਨਾਲ ਜਾ ਮਿਲਿਆ। ਮੁੰਡੇ ਨੇ ਵਾਹਵਾ ਸ਼ੁਕੀਨੀ ਲਾਈ ਹੋਈ ਸੀ। ਕਿਤੇ ਰਿਸ਼ਤੇਦਾਰੀ ਵਿਚ ਚੱਲਿਆ ਲਗਦਾ ਸੀ। ਸ਼ੁਕੀਨੀ ਤਾਂ ਇਹ ਸੋਅ ਵੀ ਦਿੰਦੀ ਸੀ ਕਿ ਸ਼ਾਇਦ ਸਹੁਰੀਂ ਹੀ ਚੱਲਿਆ ਹੋਵੇ।
ਮੁੰਡੇ ਦੀ ਟੌਹਰ ਦੇਖ ਕੇ ਗੁਲਾਬੂ ਨੇ ਕੁਛ ਮਖੌਲੀ ਰੰਗ ਵਿਚ ਪੁੱਛਿਆ, “ਦੌਲਤਖਾਨਾ ਕਿਹੜਾ ਹੈ ਜੁਆਨ ਦਾ?”
ਉਹਨੇ ਆਪਣੇ ਪਿੰਡ ਦਾ ਨਾਂ ਦੱਸ ਦਿੱਤਾ।
ਸੇਠ ਨੇ ਉਹਦੀ ਮੰਜ਼ਿਲ ਪੁੱਛੀ, “ਤਿਆਰੀ ਕਿਥੋਂ ਦੀ ਖਿੱਚੀ ਐ?”
ਮੁੰਡਾ ਬੋਲਿਆ, “ਐਹ ਗੁਲਾਬੂ ਕੀ ਮੰਡੀ ਜਾਣੈ।”
ਗੁਲਾਬੂ ਦਾ ਤੀਜਾ ਸਵਾਲ ਸੀ, “ਕੀ ਰਿਸ਼ਤੇਦਾਰੀ ਹੈ ਤੇਰੀ ਬਈ ਜੁਆਨਾ ਗੁਲਾਬੂ ਕੀ ਮੰਡੀ?”
ਉਹਨੇ ਜਵਾਬ ਦਿੱਤਾ, “ਮੈਂ ਜੀ ਗੁਲਾਬੂ ਕੀ ਮੰਡੀ ਦਾ ਜੁਆਈ ਹਾਂ।”
ਮੁੰਡੇ ਦੇ ਮੂੰਹੋਂ ‘ਗੁਲਾਬੂ ਕੀ ਮੰਡੀ ਦਾ ਜੁਆਈ’ ਸੁਣ ਕੇ ਗੁਲਾਬੂ ਦਾ ਮਖੌਲੀ ਰੰਗ ਝੱਟ ਗੰਭੀਰਤਾ ਵਿਚ ਬਦਲ ਗਿਆ। ਉਹ ਬੋਲਿਆ, “ਠਹਿਰ ਬਈ ਜੁਆਨਾ।” ਤੇ ਘੋੜੀ ਤੋਂ ਉਤਰ ਕੇ ਕਹਿੰਦਾ, “ਜੇ ਗੁਲਾਬੂ ਕੀ ਮੰਡੀ ਦਾ ਜੁਆਈ ਹੈਂ, ਫੇਰ ਤੂੰ ਪੈਦਲ ਨਾ ਜਾ। ਐਹ ਘੋੜੀ ਲੈ ਜਾ। ਮੈਂ ਆਪੇ ਪੈਦਲ ਆ ਜਾਊਂ।…ਜਾਣਾ ਕਿਹੜੇ ਘਰ ਐ?”
ਮੁੰਡੇ ਨੇ ਲਗਾਮ ਫੜਨੋਂ ਝਿਜਕਦਿਆਂ ਦੱਸਿਆ, “ਜੀ, ਪਰਤਾਪੇ ਰਵੀਦਾਸੀਏ ਦੇ।”
ਗੁਲਾਬੂ ਨੇ ਲਗਾਮ ਉਹਦੇ ਹੱਥ ਵਿਚ ਫੜਾਈ, “ਪਰਤਾਪ ਸਿਉਂ ਨੂੰ ਕਹੀਂ, ਘੋੜੀ ਸੇਠਾਂ ਦੇ ਘਰ ਦੇ ਆ।”
ਮੁੰਡਾ ਘੋੜੀ ਨੂੰ ਅੱਡੀ ਲਾ ਕੇ ਅੱਗੇ ਨਿੱਕਲ ਗਿਆ! ਗੁਲਾਬੂ ਸੇਠ ਪਿੱਛੇ-ਪਿੱਛੇ ਪੈਦਲ ਤੁਰ ਪਿਆ।