ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਰਾਜਪੂਤਾਨੇ ਦੀ ਹਿੰਦੂ ਰਾਣੀ ਜੋਧਾ ਬਾਈ ਦੀ ਕੁੱਖੋਂ ਪੈਦਾ ਹੋਏ ਆਪਣੇ ਪੁੱਤਰ ਸ਼ਹਿਜ਼ਾਦਾ ਸਲੀਮ ਨੂੰ ਗੋਦੀ ‘ਚ ਲੈ ਕੇ ਅਕਬਰ ਸ਼ਹਿਨਸ਼ਾਹ ਲਾਡ ਲਡਾ ਰਿਹਾ ਸੀ। ਰੱਜ ਕੇ ਸੋਹਣੇ ਸੁਨੱਖੇ ਨੈਣ ਨਕਸ਼ਾਂ ਵਾਲੇ ਗੋਰੇ ਨਿਛੋਹ ਸਲੀਮ ਵੱਲ ਦੇਖਦਿਆਂ ਉਸ ਦੇ ਮਨ ਵਿਚ ਪੁੱਤਰ-ਮੋਹ ਦੀ ਕਾਂਗ ਚੜ੍ਹ ਆਈ। ਬੈਠਾ ਬੈਠਾ ਸੋਚਣ ਲੱਗਾ ਕਿ ਮੇਰੇ ਜਿਗਰ ਦੇ ਟੋਟੇ ਸਲੀਮ ਜਿਹਾ ਸੋਹਣਾ ਕੋਈ ਹੋਰ ਬਾਲ ਨਹੀਂ ਹੋ ਸਕਦਾ। ਦਿਲ ‘ਚ ਬਾਦਸ਼ਾਹੀ ਚੋਚਲਾ ਫੁਰਿਆ। ਸਲੀਮ ਦੀ ਖਿਡਾਵੀ ਨੂੰ ਸੱਦ ਕੇ ਆਖਿਆ ਕਿ ਜਾਹ, ਸਾਰੀ ਰਾਜਧਾਨੀ ਵਿਚ ਘੁੰਮ ਫਿਰ ਕੇ ਕੋਈ ਐਸਾ ਬੱਚਾ ਲਿਆ ਜੋ ਮੇਰੇ ਸ਼ਹਿਜ਼ਾਦੇ ਜਿੰਨਾ ਸੋਹਣਾ ਮਨਮੋਹਣਾ ਹੋਵੇ।
ਸ਼ਾਮ ਪੈਂਦਿਆਂ ਖਿਡਾਵੀ ਮੈਲੇ ਕੁਚੈਲੇ ਜਿਹੇ ਕੱਪੜਿਆਂ ‘ਚ ਲਪੇਟੇ ਹੋਏ ਬਦਸੂਰਤ ਜਿਹੇ ਇਕ ਬਾਲ ਨੂੰ ਲੈ ਕੇ ਰਾਜ ਮਹਿਲੀਂ ਆਣ ਪਹੁੰਚੀ।
“ਲਉ ਜਹਾਂ ਪਨਾਹæææ!” ਅਕਬਰ ਨੂੰ ਉਹ ਬੱਚਾ ਦਿਖਾਉਂਦਿਆਂ ਕਹਿਣ ਲੱਗੀ, “ਇਹ ਬੱਚਾ ਮੈਨੂੰ ਸਲੀਮ ਜਿਹਾ ਸੁੰਦਰ ਜਾਪਿਆ ਹੈ।”
ਕਾਲੇ ਕਲੂਟੇ ਅਤੇ ਬਦਸ਼ਕਲ ਜਿਹੇ ਬੱਚੇ ਨੂੰ ਤੱਕ ਕੇ ਬਾਦਸ਼ਾਹ ਝੁੰਜਲਾਇਆ, “ਹੈਂਅ! ਇਹ ਕੀ ਬਕਵਾਸ ਕਰਨ ਡਹੀਂ ਏਂ? ਕਿੱਥੇ ਮੇਰਾ ਹੀਰੇ ਜਿਹਾ ਸ਼ਹਿਜ਼ਾਦਾ ਸਲੀਮ, ਤੇ ਕਿਥੇ ਇਹ ਇਹ ਭੈੜਾ ਜਿਹਾ ਬਾਲ!!”
“ਬਾਦਸ਼ਾਹ ਸਲਾਮਤ, ਤੁਸੀਂ ਬੇਸ਼ਕ ਇਸ ਨੂੰ ਭੈੜਾ ਆਖੋ, ਪਰ ਮੈਨੂੰ ਤਾਂ ਇਹ ਸਲੀਮ ਨਾਲੋਂ ਵੀ ਕਿਤੇ ਵਧ ਕੇ ਖੂਬਸੂਰਤ ਜਾਪਦਾ ਹੈ!” ਬੜੇ ਠਰੰਮੇ ਨਾਲ ਖਿਡਾਵੀ ਨੇ ਉਤਰ ਦਿੱਤਾ। ਖਿਡਾਵੀ ਦੀ ਬੇਵਕੂਫੀ ‘ਤੇ ਖ਼ਫਾ ਹੁੰਦਿਆਂ ਬਾਦਸ਼ਾਹ ਗਰਜਿਆ, “ਆਖ਼ਰ ਕਿਹੜਾ ਕਾਰਨ ਹੈ ਜੋ ਤੈਨੂੰ ਇਹ ਬਾਲ ਮੇਰੇ ਸਲੀਮ ਤੋਂ ਵੀ ਵੱਧ ਸੁਨੱਖਾ ਜਾਪ ਰਿਹਾ ਐ?”
“ਹਜ਼ੂਰ, ਇਹ ਮੇਰੇ ਢਿੱਡੋਂ ਜਾਇਆ, ਮੇਰਾ ਆਪਣਾ ਪੁੱਤਰ ਹੈ। ਜਿਵੇਂ ਤੁਹਾਡੀਆਂ ਅੱਖਾਂ ਨੂੰ ਆਪਣਾ ਸਲੀਮ ਹੀ ਸਭ ਤੋਂ ਸੁੰਦਰ ਦਿਖਾਈ ਦਿੰਦਾ ਹੈ, ਇਵੇਂ ਮੇਰੀ ਨਜ਼ਰ ਵਿਚ ਮੇਰਾ ਇਹ ਪੁੱਤਰ ਸਾਰੀ ਦੁਨੀਆਂ ਨਾਲੋਂ ਖੂਬਸੂਰਤ ਹੈ।”
ਤੇ ਹੁਣ ਗੱਲ ਕਰ ਲਈਏ ਪੰਜਾਬ ਦੇ ਗੁਰ ਇਤਿਹਾਸ ਦੀ। ਚੌਥੇ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਦਾ ਹੋਣਹਾਰ ਫਰਜੰਦ ਭਾਈ ਮਿਹਰਬਾਨ, ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰਨ ਸਮੇਂ ਹੀ ਫੱਬਦੀ ਤੁਕਬੰਦੀ ਕਰਨ ਲੱਗ ਪਿਆ। ਉਸ ਦੀਆਂ ਲਿਖੀਆਂ ਹੋਈਆਂ ਆਮ ਜਿਹੀਆਂ ਸਤਰਾਂ ਨੂੰ ਵੀ ਉਸ ਦਾ ਬਾਪ ਪੁੱਤਰ ਮੋਹ ਦੀ ਐਨਕ ਨਾਲ ਹੀ ਦੇਖਦਾ। ਪ੍ਰਿਥੀ ਚੰਦ ਨੂੰ ਉਹ ‘ਮਹਾਨ ਕਵਿਤਾ’ ਦਿਖਾਈ ਦਿੰਦੀਆਂ। ਛੋਟੇ ਭਰਾ ਗੁਰੂ ਅਰਜਨ ਦੇਵ ਨੂੰ ਮਿਲੀ ਗੁਰਗੱਦੀ ਕਾਰਨ ਖਿਝੇ ਹੋਏ ਪ੍ਰਿਥੀ ਚੰਦ ਨੂੰ ਤਰਕੀਬ ਸੁੱਝੀ। ਮਿਹਰਬਾਨ ਦਾ ਜਨਮ ਦਿਨ ਗੁਰੂ ਨਾਨਕ ਆਗਮਨ ਦਿਵਸ ਵਾਲਾ ਹੀ ਹੋਣ ਕਰ ਕੇ ਪ੍ਰਿਥੀ ਚੰਦ ਨੇ ਆਪਣੇ ਪੁੱਤਰ ਨੂੰ ਗੁਰੂ ਨਾਨਕ ਦਾ ‘ਅਵਤਾਰ’ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਮੂੰਹ ਜ਼ੋਰ ਬਾਪ ਦੇ ਧੜੱਲੇਦਾਰ ਪ੍ਰਚਾਰ ਸਦਕਾ ਭਾਈ ਮਿਹਰਬਾਨ ਦਾ ਹੌਸਲਾ ਇੰਨਾ ਵਧ ਗਿਆ ਕਿ ਉਹ ਆਪਣੀਆਂ ਕਵਿਤਾਵਾਂ ਵਿਚ ਗੁਰਬਾਣੀ ਦੀ ਤਰਜ਼ ‘ਤੇ ਨਾਨਕ ਪਦ ਦੀ ਵਰਤੋਂ ਕਰਨ ਲੱਗ ਪਿਆ। ਪ੍ਰਿਥੀ ਚੰਦ ਦਾ ਪੁੱਤਰ-ਮੋਹ ਸ਼ਰਧਾਲੂ ਸੰਗਤਾਂ ਲਈ ਵੱਡੀ ਦੁਬਿਧਾ ਖੜ੍ਹੀ ਕਰ ਗਿਆ; ਲੇਕਿਨ ਉਸ ਦਾ ਇਹ ਠਕ-ਠਕਾ ਬਹੁਤਾ ਚਿਰ ਨਾ ਚੱਲ ਸਕਿਆ।
ਗੁਰੂ ਅਰਜਨ ਦੇਵ ਨੇ ਆਦਿ ਬੀੜ ਦੀ ਸੰਪਾਦਨਾ ਕਰ ਦਿੱਤੀ। ਇੰਜ ਭਾਈ ਪ੍ਰਿਥੀ ਚੰਦ ਦਾ ਪੁੱਤਰ-ਮੋਹ ਵਾਲਾ ਸੁਪਨਾ ਚਕਨਾਚੂਰ ਹੋ ਗਿਆ। ਚਾਰ ਕੁ ਦਿਨਾਂ ਲਈ ਭਾਵੇਂ ਪਿਉ-ਪੁੱਤਰ ਨੇ ਆਪਣਾ ਹਲਵਾ-ਮੰਡਾ ਸੋਹਣਾ ਚਲਾ ਲਿਆ, ਪਰ ਆਖਰ ਨੂੰ ‘ਮਨ ਕੀ ਮਨ ਹੀ ਮਾਹਿ ਰਹੀ’ ਵਾਲੀ ਗੱਲ ਹੋਈ।
ਇਤਿਹਾਸ ਦਾ ਅਗਲਾ ਪੱਤਰਾ ਹੈ, ਮਹਾਰਾਜਾ ਰਣਜੀਤ ਸਿੰਘ ਵਾਲਾ। ਕਹਿੰਦੇ ਨੇ, ਲਾਹੌਰ ਦਰਬਾਰ ਦੇ ਸਰਦਾਰ ਇਕੱਠੇ ਹੋਏ ਬੈਠੇ ਸਨ। ਸਹਿਵਨ ਗੱਲ ਚੱਲੀ ਕਿ ਰਣਜੀਤ ਸਿੰਘ ਦਾ ਜਾਂ-ਨਸ਼ੀਨ ਕੌਣ ਬਣੇਗਾ? ਸ਼ੇਰ-ਏ-ਪੰਜਾਬ ਦੇ ਪੁੱਤਰ-ਮੋਹ ਨੇ ਉਛਾਲਾ ਮਾਰਿਆ, “ਮੈਥੋਂ ਬਾਅਦ ਵੱਡਾ ਸ਼ਹਿਜ਼ਾਦਾ ਖੜਕ ਸਿੰਘ ਹੀ ਮਹਾਰਾਜਾ ਬਣੇਗਾ, ਹੋਰ ਕੌਣ?” ਇਹ ਗੱਲ ਸੁਣ ਕੇ ਹਰੀ ਸਿੰਘ ਨਲੂਏ ਤੇ ਸ਼ਾਮ ਸਿੰਘ ਅਟਾਰੀ ਜਿਹੇ ਸਰਦਾਰਾਂ ਨੇ ‘ਤਖਤਿ ਬਹੈ ਤਖਤੈ ਕੀ ਲਾਇਕ’ ਵਾਲੇ ਗੁਰ ਵਾਕ ਦਾ ਹਵਾਲਾ ਦਿੰਦਿਆਂ ਆਖਿਆ ਕਿ ਪੰਥ ਦੇ ਸਮੂਹ ਨੇ ਜਾਨਾਂ ਹੂਲ ਕੇ ਇਹ ਰਾਜ ਕਾਇਮ ਕੀਤਾ ਹੈ। ਇਸ ਦੇ ਵਾਰਸ ਦਾ ਫੈਸਲਾ ਵੀ ਪੰਥ ਹੀ ਕਰੇਗਾ, ਇਕੱਲਾ ਮਹਾਰਾਜਾ ਨਹੀਂ।
ਧਿਆਨ ਸਿੰਘ ਡੋਗਰੇ ਵਰਗਿਆਂ ਨੇ ਚਾਪਲੂਸੀ ਵਾਲਾ ਫਾਰਮੂਲਾ ਵਰਤਦਿਆਂ ਅਤੇ ਮਹਾਰਾਜੇ ਦੀਆਂ ਨਿੱਜੀ ਕਮਜ਼ੋਰੀਆਂ ਦੇ ਭੇਤੀ ਬਣ ਕੇ ਨੀਚ ਗੋਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ। ਲਾਹੌਰ ਦਰਬਾਰ ਦੀ ਬਰਬਾਦੀ ਕਰਾਉਣ ਪਿੱਛੇ ਧਿਆਨ ਸਿੰਘ ਡੋਗਰੇ ਦਾ ਪੁੱਤਰ-ਮੋਹ ਹੀ ਕੰਮ ਕਰ ਰਿਹਾ ਸੀ। ਮਹਾਰਾਜੇ ਦੇ ਹੀਰੇ ਮਰਵਾ ਕੇ ਉਹ ਆਪਣੇ ਪੁੱਤ ਹੀਰਾ ਸਿੰਘ ਨੂੰ ਪੰਜਾਬ ਦੇ ਤਖਤ ‘ਤੇ ਬਿਠਾਉਣਾ ਲੋਚਦਾ ਸੀ; ਪਰ ਹੋਇਆ ਕੀ? ਨਾ ਮਹਾਰਾਜੇ ਦੇ ਸੁਪਨੇ ਪੂਰੇ ਹੋਏ ਅਤੇ ਨਾ ਹੀ ਧਿਆਨ ਸਿੰਘ ਦੇ। ਦੋਹਾਂ ਦੇ ਪੁੱਤਰ-ਮੋਹ ਨੇ ਪੰਜਾਬ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਜੂਲੇ ਵਿਚ ਨਰੜ ਦਿੱਤਾ।
ਪੁਰਾਤਨ ਸਮਿਆਂ ਵਾਲੇ ਪਿਤਾ ਪੁਰਖੀ ਬਾਦਸ਼ਾਹੀ ਸਿਸਟਮ ਵਿਚ ਭਾਵੇਂ ਵੱਡੇ ਪੁੱਤਰ ਨੂੰ ਹੀ ਰਾਜ-ਭਾਗ ਦਾ ਵਾਰਸ ਥਾਪਣ ਦੀ ਰਵਾਇਤ ਬਣ ਗਈ ਸੀ, ਪਰ ਹੈਰਾਨੀ ਹੁੰਦੀ ਹੈ ਕਿ ਸਾਡੇ ਦੇਸ਼ ਵਿਚ ਲੋਕ ਰਾਜ ਹੋਣ ਦੇ ਬਾਵਜੂਦ ਭਾਈ-ਭਤੀਜਾਵਾਦ ਜ਼ੋਰ ਫੜਦਾ ਜਾ ਰਿਹਾ ਹੈ। ਕਈ ਸੂਬਿਆਂ ਵਿਚ ਸਥਾਨਕ ਸਿਆਸੀ ਦਲਾਂ ਦੇ ਮੁਖੀਆਂ ਨੇ ਬੜੀ ਵਿਉਂਤਬੰਦੀ ਨਾਲ ਆਪਣੀ ਹੀ ਔਲਾਦ ਨੂੰ ਉਤਰਾਧਿਕਾਰੀ ਬਣਾਇਆ ਹੋਇਆ ਹੈ। ਸਾਡੇ ਸਭਿਆਚਾਰ ਵਿਚ ‘ਮਿੱਠਾ ਮੇਵਾ’ ਮੰਨੇ ਜਾਂਦੇ ਪੁੱਤਰ ਨਾਲ ਮੋਹ ਕਰਨਾ ਕੋਈ ਗੁਨਾਹ ਨਹੀਂ, ਪਰ ਇਹ ਗੱਲ ਜਾਇਜ਼ ਨਹੀਂ ਹੈ ਕਿ ‘ਅੰਨਾ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ’ ਵਾਂਗ ਹੱਕ-ਬਜਾਨਬ ਲੋਕਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਆਪਣੇ ਪੁੱਤ ਭਤੀਜਿਆਂ ਨੂੰ ਸਭ ਦੇ ਸਿਰ ‘ਤੇ ਬਿਠਾਇਆ ਜਾਵੇ। ਅਜਿਹੇ ਮੌਕਿਆਂ ‘ਤੇ ਪੁੱਤਰ-ਮੋਹ ਕਾਰਨ ਫਾਡੀ ਰਹਿ ਗਏ ਹੱਕੀ ਬੰਦੇ ਭਾਵੇਂ ਮਜਬੂਰੀਵੱਸ ਚੁੱਪ ਵੱਟ ਲੈਂਦੇ ਹਨ, ਪਰ ਤਾਰੀਖ ਗਵਾਹ ਹੈ ਕਿ ਕੱਖਾਂ ਥੱਲੇ ਦੱਬੀ ਅੱਗ ਕਦੇ ਨਾ ਕਦੇ ਸੁਲਗ ਹੀ ਪੈਂਦੀ ਹੁੰਦੀ ਹੈ।
ਕਿਸੇ ਹੋਰ ਖਿੱਤੇ ਦੀ ਪੁਣ-ਛਾਣ ਕਰਨ ਨਾਲੋਂ ਆਪਾਂ ਪੰਜਾਬ ਵੱਲ ਹੀ ਨਜ਼ਰ ਮਾਰਦੇ ਹਾਂ। ਵਰਤਮਾਨ ਪੰਜਾਬ ਸਰਕਾਰ ਦੇ ਮੁਖੀਏ ਨੇ ਪੁੱਤਰ-ਮੋਹ ਹੀ ਨਹੀਂ, ਸਗੋਂ ਕੁਨਬਾਪਰਵਰੀ ਦੇ ਸਾਰੇ ਅਗਲੇ ਪਿਛਲੇ ਰਿਕਾਰਡ ਮਾਤ ਪਾ ਦਿੱਤੇ ਹਨ। ਪੰਜਾਬ ਦੇ ਮੰਤਰੀ ਮੰਡਲ, ਸੱਤਾਧਾਰੀ ਧਿਰ ਦੇ ਵਿਧਾਨਕਾਰਾਂ ਜਾਂ ਸੰਸਦ ਮੈਂਬਰਾਂ ਵਿਚੋਂ ਅਨੇਕਾਂ ਦੀਆਂ ਜੜ੍ਹਾਂ ਇਕੋ ਪਰਿਵਾਰ ਨਾਲ ਜੁੜਦੀਆਂ ਹਨ। ਜ਼ੁਬਾਨੀ-ਕਲਾਮੀ ਦਾਅਵਾ ਇਹ ਕੀਤਾ ਜਾਂਦਾ ਹੈ ਕਿ ‘ਸਾਡਾ ਦਲ’ ਸਿੱਖ ਪੰਥ ਦੀ ਪ੍ਰਤੀਨਿਧਤਾ ਕਰਦਾ ਹੈ, ਪਰ ਇਸ ‘ਦਲ’ ਦੇ ਕਰਤੇ-ਧਰਤੇ, ਸਿੱਖ ਇਤਿਹਾਸ ਦੀ ਇਸ ਹਕੀਕਤ ਤੋਂ ਅਣਜਾਣ ਹਨ ਕਿ ‘ਪ੍ਰਾਚੀਨ ਪੰਥ ਪ੍ਰਕਾਸ਼’ ਦੇ ਕਰਤਾ ਭਾਈ ਰਤਨ ਸਿੰਘ ‘ਭੰਗੂ’ ਮੁਤਾਬਿਕ ਸਿੱਖਾਂ ਦੇ ਵੱਡੇ ਵਡੇਰੇ ਆਪਣੀ ਔਲਾਦ ਨੂੰ ਵੱਡੇ ਚਾਅ ਨਾਲ ਦੇਸ਼, ਧਰਮ, ਕੌਮ ਤੋਂ ਨਿਛਾਵਰ ਕਰ ਦਿੰਦੇ ਹਨ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਵੱਲ ਧਿਆਨ ਧਰਦਿਆਂ ਉਹ ਆਖਿਆ ਕਰਦੇ ਸਨ,
ਹਮ ਕਾਰਨਿ ਗੁਰ ਕੁਲਹਿ ਗਵਾਈ।
ਹਮ ਕੁਲ ਰਾਖਹਿ ਕਵਨ ਵਡਾਈ?
ਪੁੱਤਰ-ਮੋਹ ਅਧੀਨ ਹੋਰਾਂ ਦੇ ਹੱਕ ਮਾਰਨ ਦੀਆਂ ਪੁਰਾਤਨ ਤੇ ਵਰਤਮਾਨ ਕਹਾਣੀਆਂ ਨਾਲ ਕਈ ਸਫੇ ਭਰੇ ਜਾ ਸਕਦੇ ਹਨ। ਇਹ ਪ੍ਰਮਾਣ ਲੜੀ ਬੜੀ ਲੰਮੀ ਖਿੱਚੀ ਜਾ ਸਕਦੀ ਹੈ; ਮਰਹੂਮ ਸ਼ਿਵ ਕੁਮਾਰ ਬਟਾਲਵੀ ਦੇ ਬੋਲਾਂ ਵਾਂਗ ‘ਨਾ ਮੇਰੇ ਗੀਤ ਮੁੱਕਦੇ ਨੇ, ਨਾ ਭੈੜੀ ਰਾਤ ਮੁੱਕਦੀ ਏ’, ਪਰ ਜਾਂਦੇ ਜਾਂਦੇ ਪੁੱਤਰ-ਮੋਹ ਤੋਂ ਅਣਜਾਣ ਇਕ ਪੇਂਡੂ ਮੁੰਡੇ ਦਾ ਵਿਅੰਗ ਨੁਮਾ ਕਿੱਸਾ ਸੁਣ ਲਈਏ।
ਇਕ ਪਿੰਡ ਵਿਚ ਰਹਿੰਦੇ ਗਰੀਬੜੇ ਜਿਹੇ ਪਰਿਵਾਰ ਦਾ ਮੁੰਡਾ ਆਪਣੇ ਪਿੰਡ ਦੇ ਜ਼ੈਲਦਾਰ ਦੇ ਰੋਅਬ-ਦਾਬ ਤੋਂ ਬਹੁਤ ਪ੍ਰਭਾਵਤ ਹੋਇਆ। ਚਿੱਟੇ ਕੱਪੜੇ ਪਹਿਨ ਕੇ ਘੋੜੀ ‘ਤੇ ਚੜ੍ਹੇ ਜਾਂਦੇ ਜ਼ੈਲਦਾਰ ਵੱਲ ਉਹ ਕਿੰਨਾ ਕਿੰਨਾ ਚਿਰ ਟਿਕ ਟਿਕੀ ਲਾ ਕੇ ਦੇਖਦਾ ਰਹਿੰਦਾ। ਪਿੰਡ ਦਾ ਕੋਈ ਵੀ ਜੀਅ ਉਹਦੇ ਮੋਹਰੇ ਕੂ ਨਾ ਸਕਦਾ। ਇਸੇ ਤਰ੍ਹਾਂ ਜ਼ੈਲਦਾਰ ਦੇ ਮੁੰਡਿਆਂ ਦੀ ਵੀ ਪਿੰਡ ‘ਚ ਪੂਰੀ ਦਹਿਸ਼ਤ ਸੀ। ਉਨ੍ਹਾਂ ਮੋਹਰੇ ਕੋਈ ਅੱਖ ਨਾ ਚੁੱਕਦਾ। ਜ਼ੈਲਦਾਰ ਦੇ ਕੁਨਬੇ ਨੂੰ ਚੰਮ ਦੀਆਂ ਚਲਾਉਂਦਿਆਂ ਦੇਖ ਕੇ ਇਕ ਦਿਨ ਉਸ ਪੇਂਡੂ ਮੁੰਡੇ ਨੇ ਆਪਣੀ ਬੁੱਢੀ ਮਾਂ ਨੂੰ ਪੁੱਛਿਆ, “ਭਲਾ ਮਾਂ, ਜੇ ਜ਼ੈਲਦਾਰ ਦੀ ਮੌਤ ਹੋ ਜਾਵੇ ਤਾਂ ਉਸ ਦੀ ਥਾਂ ਨਵਾਂ ਜ਼ੈਲਦਾਰ ਕੌਣ ਬਣੂੰ?”
ਇਹ ਸਵਾਲ ਕਰਨ ਵੇਲੇ ਸ਼ਾਇਦ ਮੁੰਡਾ ਸ਼ੇਖ ਚਿੱਲੀ ਵਾਲਾ ਕੋਈ ਸੁਪਨਾ ਦੇਖ ਰਿਹਾ ਹੋਵੇਗਾ, ਪਰ ਉਸ ਦੀ ਮਾਂ ਨੇ ਉਹਦੇ ਕੰਨ ਕੋਲ ਨੂੰ ਮੂੰਹ ਕਰ ਕੇ ਹੌਲੀ ਦੇਣੀ ਜਵਾਬ ਦਿੱਤਾ, “ਸੁਖ ਨਾਲ ਉਹਦਾ ਵੱਡਾ ਮੁੰਡਾ ਹੈਗਾ ਏ, ਉਹ ਕਰੇਗਾ ਜ਼ੈਲਦਾਰੀ।” ਮੁੰਡੇ ਨੇ ਤੱਤੇ-ਘਾਅ ਅਗਲਾ ਸਵਾਲ ਕਰ ਦਿੱਤਾ, “ਜੇ ਭਲਾ ਉਹ ਵੀ ਮਰ ਜਾਏ, ਫੇਰ?” ਕੁ-ਸਗਨੀਆਂ ਗੱਲਾਂ ਕਰ ਰਹੇ ਆਪਣੇ ਮੁੰਡੇ ‘ਤੇ ਥੋੜ੍ਹਾ ਖਿਝ ਕੇ ਮਾਤਾ ਕਹਿੰਦੀ, “ਕਾਕਾ, ਓਦੂੰ ਛੋਟਾ ਜੂ ਹੈਗਾ ਏ।” ਕੁਝ ਪਲ ਚੁੱਪ ਰਹਿਣ ਪਿੱਛੋਂ ਕੁਛ ਸੋਚ ਕੇ ਮੁੰਡੇ ਨੇ ਗੋਲੀ ਵਾਂਗ ਅਗਲਾ ਸਵਾਲ ਦਾਗ ਦਿੱਤਾ, “ਜੇ ਭਲਾ ਅਚਾਨਕ ਰੱਬ ਦਾ ਭਾਣਾ ਵਰਤ ਜਾਏ, ਛੋਟਾ ਵੀ ਤੁਰ ਜਾਏ, ਫੇਰ ਜ਼ੈਲਦਾਰ ਕੌਣ ਬਣੇਗਾ?”
ਐਤਕੀਂ ਮਾਂ ਦਾ ਸਬਰ ਦਾ ਪਿਆਲਾ ਟੁੱਟ ਗਿਆ! ਅਸਮਾਨੀ ਬਿਜਲੀ ਵਾਂਗ ਗੜ੍ਹਕਦਿਆਂ ਬੋਲੀ, “ਭਾਵੇਂ ਜ਼ੈਲਦਾਰ ਦਾ ਸਾਰਾ ਟੱਬਰ ਮਰ ਜਾਏ, ਪਰ ਤੇਰੀ ਵਾਰੀ ਨਹੀਂ ਆਉਣੀ ਬੱਚੂ!æææਉਹਦਾ ਹੋਰ ਬਥੇਰਾ ਲੰਮਾ ਚੌੜਾ ਕੁਨਬਾ ਹੈਗਾ ਏ ਜ਼ੈਲਦਾਰੀ ਸਾਂਭਣ ਨੂੰ!!”
ਅਜੋਕੇ ਯੁਗ ਦੇ ‘ਲੋਕਤੰਤਰਿਕ ਜ਼ੈਲਦਾਰ’ ਇੰਨੇ ਸ਼ਾਤਰ, ਢੀਠ ਅਤੇ ਰੱਜ ਕੇ ਮੀਸਣੇ ਬਣੇ ਹੋਏ ਹਨ ਕਿ ਆਪਣੀ ਜ਼ੈਲਦਾਰੀ ਦਾ ‘ਉਤਰਾਧਿਕਾਰੀ’ ਆਪਣੇ ਹੀ ਪੁੱਤ ਭਤੀਜਿਆਂ ਨੂੰ ਥਾਪਣ ਤੋਂ ਪਹਿਲਾਂ ਮਾੜੀ ਮੋਟੀ ਚੂੰ-ਚਰਾਂ ਕਰਨ ਵਾਲਿਆਂ ਨੂੰ ਅਗਾਊਂ ਹੀ ‘ਕਾਣੇ’ ਕਰ ਲੈਂਦੇ ਹਨ। ਖੁਦਗਰਜ਼ੀ ਅਤੇ ਮੱਕਾਰੀ ਦੇ ਮੇਲ-ਜੋਲ ਨਾਲ ਐਸਾ ਮਾਹੌਲ ਬਣਾ ਲੈਂਦੇ ਹਨ ਕਿ ਆਪਣੇ ਹੱਕ ਗਵਾਉਣ ਵਾਲੇ ਸਿਵਾਏ ਬਾਹਾਂ ਖੜ੍ਹੀਆਂ ਕਰ ਕੇ ‘ਜ਼ਿੰਦਾਬਾਦ’ ਦੇ ਨਾਅਰੇ ਲਾਉਣ ਦੇ ਸਾਹ ਵੀ ਉਚਾ ਨਹੀਂ ਲੈ ਸਕਦੇ। ਪੁੱਤਰ-ਮੋਹ ਵਿਚ ਅੰਨ੍ਹੇ ਹੋ ਕੇ ਰਾਜ-ਭਾਗ ਨੂੰ ਘਰ ਦੀ ਜਗੀਰ ਬਣਾਉਣ ਵਾਲੇ ਆਗੂ ਇਤਿਹਾਸ ਦੇ ਬੇਦਰਦ ਪੱਤਰੇ ਨਹੀਂ ਪੜ੍ਹਦੇ ਸ਼ਾਇਦ!
ਇਕ ਲਖ ਪੂਤ ਸਵਾ ਲਖ ਨਾਤੀ॥
ਤਿਹ ਰਾਵਣ ਘਰ ਦੀਆ ਨਾ ਬਾਤੀ॥
Leave a Reply