ਐਸ਼ ਅਸ਼ੋਕ ਭੌਰਾ
ਪੈਸੇ ਦਾ ਲਾਲਚ ਵਧਣ ਕਰ ਕੇ ਕਈ ਥਾਂ ਸੰਗੀਤ ਵਰਗੀਆਂ ਕੋਮਲ ਕਲਾਵਾਂ ਵੀ ਹਉਕੇ ਭਰਨ ਲੱਗ ਪਈਆਂ ਹਨ। ਸਾਧਨਾ ਵਾਲੀ ਇਹ ਕਲਾ ਜਦੋਂ ਤੋਂ ਸੰਗੀਤ ਦੀ ਮੰਡੀ ਵਿਚ ਮਹਿੰਗਾ ਮੁੱਲ ਦੇਣ ਲੱਗ ਪਈ ਹੈ, ਬੇ-ਸੁਰਿਆਂ ਨੇ ਵੀ ਬੇ-ਤਾਲੀ ਕਿੱਕਲੀ ਪਾਉਣ ਦਾ ਸਫਲ ਯਤਨ ਅਰੰਭ ਕਰ ਦਿੱਤਾ ਹੈ; ਪਰ ਜਦੋਂ ਕੰਨ ਰਸ ਵਿਚ ਗਹਿਗੱਚ ਹੋ ਜਾਣ ਤਾਂ ਪ੍ਰਸੰਸਕਾਂ ਦੀਆਂ ਤਾਲੀਆ ਗਿੱਧੇ ਦਾ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ। ਜਿਨ੍ਹਾਂ ਨੇ ਸੰਗੀਤ ਨੂੰ ਪੂਜਾ ਅਤੇ ਇਸ਼ਟ ਮੰਨ ਕੇ ਇਹਦੇ ਦੁਆਲੇ ਲਕੀਰ ਖਿੱਚੀ ਹੈ, ਉਨ੍ਹਾਂ ਨੂੰ ਲੋਕ ਪੈਸਾ ਚੜ੍ਹਾਵੇ ਵਾਂਗ ਦੇਣ ਵਿਚ ਗੁਸਤਾਖੀ ਨਹੀਂ ਸਮਝ ਰਹੇ ਹੁੰਦੇ। ਸੂਫੀ ਸੰਤਾਂ, ਫਕੀਰਾਂ ਤੇ ਸਹੀ ਅਰਥਾਂ ਵਿਚ ਜੇ ਇਬਾਦਤ ਸੁਰ ਮੰਡਲ ਨੂੰ ਪੂਰੇ ਦਾ ਪੂਰਾ ਅਨੰਦ ਸਕੂਨ ਮਿਲਿਆ ਹੈ ਤਾਂ ਉਸ ਲਈ ਸਾਰੀ ਦੀ ਸਾਰੀ ਮੁਬਾਰਕ ਡਾæ ਜੋਸ਼ੀ ਨੂੰ ਦਿੱਤੀ ਜਾ ਸਕਦੀ ਹੈ। ਸੰਗੀਤ ਦੇ ਨਜ਼ਾਰਿਆਂ ਦੇ ਹੱਕ ਵਿਚ ਜੇ ਠੁਮਕਾ ਲਾਉਣਾ ਹੋਵੇ ਤਾਂ ਇਸ ਗਾਇਕਾ ਨੂੰ ਗਹੁ, ਧਿਆਨ ਤੇ ਇਕਾਗਰ ਚਿਤ ਹੋ ਕੇ ਇਕ ਲੱਤ ਭਾਰ ਖੜ੍ਹੇ ਹੋ ਹੀ ਜਾਣਾ ਚਾਹੀਦਾ ਹੈ!
‘ਬੀਟਸ ਆਫ਼ ਲਾਈਫ’ ਦੇ ਸੱਦੇ ‘ਤੇ ਡਾæ ਮਮਤਾ ਜੋਸ਼ੀ ਡਾæ ਹਰਮੇਸ਼ ਕੁਮਾਰ ਦੇ ਯਤਨਾਂ ਸਦਕਾ ਅਮਰੀਕਾ ਆਈ ਹੋਈ ਹੈ। ਪੇਸ਼ ਹੈ ਉਸ ਨਾਲ ਹੋਈ ਲੰਮੀ ਮੁਲਾਕਾਤ ਦਾ ਸਾਰਅੰਸ਼:
ਸਵਾਲ: ਮਮਤਾ ਜੀ, ਸੰਖੇਪ ਵਿਚ ਕੁਝ ਆਪਣੇ ਬਾਰੇ ਦੱਸੋ?
ਜਵਾਬ: ਮੈਂ ਫਿਰੋਜ਼ਪੁਰ ਦੇ ਸ਼ਹਿਰ ਜਲਾਲਾਬਾਦ ਦੇ ਸਾਧਾਰਨ ਜਿਹੇ ਪਰਿਵਾਰ ਵਿਚ ਮਾਂ ਰਾਣੀ ਟੰਡਨ ਤੇ ਪਿਤਾ ਸਤੀਸ਼ ਟੰਡਨ ਦੇ ਘਰ ਜਨਮ ਲਿਆ। ਆਪਣਾ ਇਹ ਜਨਮ ਸਥਾਨ ਮੈਂ ਛੇ ਸਾਲ ਦੀ ਉਮਰ ਵਿਚ ਛੱਡ ਕੇ ਜਲੰਧਰ ਸ਼ਹਿਰ ਵਿਚ ਆਪਣੇ ਨਾਨਾ-ਨਾਨੀ ਕੋਲ ਚਲੀ ਗਈ। ਉਥੇ ਹੀ ਮੈਂ ਆਪਣੇ ਨਾਨਾ ਸ਼ ਬਲਵੰਤ ਸਿੰਘ ਪਾਸੋਂ ਸੰਗੀਤ ਦੀ ਮੁੱਢਲੀ ਤਾਲੀਮ ਹਾਸਲ ਕੀਤੀ। ਜਿਹਾ ਕਿ ਕਿਹਾ ਜਾਂਦਾ ਹੈ, ਤੇ ਉਹ ਹੈ ਵੀ ਸੱਚ ਕਿ ਘੱਟੋ-ਘੱਟ ਸੰਗੀਤ ਦੇ ਖੇਤਰ ਵਿਚ ਕੋਈ ਕਲਾਕਾਰ ਬਣ ਨਹੀਂ ਸਕਦਾ, ਸਗੋਂ ਕਲਾਕਾਰ ਜੰਮਦੇ ਹਨ। ਮੈਂ ਸਮਝਦੀ ਹਾਂ ਕਿ ਧੁਰੋਂ ਲਿਖਾਏ ਲੇਖਾਂ ਮੁਤਾਬਕ ਹੀ ਮੈਂ ਸੰਗੀਤ ਦੇ ਖੇਤਰ ਵਿਚ ਆਈ ਹਾਂ। ਜਿਹੜਾ ਕਲਾਕਾਰ ਮੇਰੇ ਘਰ ਅੰਦਰ ਬੈਠਾ ਹੈ, ਮੈਂ ਉਸ ਨੂੰ ਹੀ ਫੜਨ ਦਾ ਯਤਨ ਕਰ ਰਹੀ ਹਾਂ।
ਸਵਾਲ: ਤਾਲੀਮ ਕਿਵੇਂ ਤੇ ਕਿਥੋਂ ਲਈ ਹੈ ਤੇ ਪੀਐਚæਡੀæ ਕਿਸ ਵਿਸ਼ੇ ‘ਤੇ ਹੈ?
ਜਵਾਬ: ਸਕੂਲ ਤੋਂ ਬਾਅਦ ਮੈਂ ਕੰਨਿਆ ਮਹਾਂ ਵਿਦਿਆਲਿਆ (ਕੇæਐਮæਵੀæ) ਜਲੰਧਰ ਤੋਂ ਅਗਲੀ ਤਾਲੀਮ ਹਾਸਲ ਕੀਤੀ ਤੇ ਸੰਗੀਤ ਦਾ ਵਿਸ਼ਾ ਮੇਰੇ ਨਾਲ ਨਾਲ ਤੁਰਿਆ ਆਇਆ ਹੈ। ਮੈਨੂੰ ਮਾਣ ਹੈ ਕਿ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਵੋਕਲ ਵਿਚ ਗੋਲਡ ਮੈਡਲਿਸਟ ਹਾਂ। ਮੈਂ ਫਖ਼ਰ ਨਾਲ ਆਖਦੀ ਹੁੰਦੀ ਹਾਂ ਕਿ ਉਤਰੀ ਭਾਰਤ ਦਾ ਸਭ ਤੋਂ ਵੱਡਾ ਸੰਗੀਤ ਸੰਮੇਲਨ ਜਿਥੇ ਸ਼ਾਸਤਰੀ ਸੰਗੀਤ ਦੇ ਮਹਾਂਰਥੀ ਆਪਣੀ ਕਲਾ ਦਾ ਰੰਗ ਵਿਖਾਉਂਦੇ ਰਹੇ ਹਨ ਤੇ ਜਿਸ ਪੂਜਣਯੋਗ ਸੰਗੀਤਕ ਹਸਤੀ ਬਾਬਾ ਹਰਿਵੱਲਭ ਦੇ ਨਾਂ ‘ਤੇ ਇਹ ਸੰਗੀਤ ਸੰਮੇਲਨ ਜਲੰਧਰ ਵਿਚ ਹੁੰਦਾ ਹੈ, ਉਸੇ ‘ਤੇ ਮੈਂ ਪੀਐਚæਡੀæ ਕਰ ਕੇ ਡਾਕਟਰੇਟ ਦੀ ਉਪਾਧੀ ਹਾਸਲ ਕੀਤੀ ਹੈ। ਮੈਨੂੰ ਇਹ ਗੱਲ ਕਹਿਣ ਵਿਚ ਵੀ ਕੋਈ ਝਿਜਕ ਨਹੀਂ ਹੈ ਕਿ ਸੰਗੀਤ ਆਪਣੇ ਆਪ ਵਿਚ ਭਗਤੀ ਹੈ। ਮੈਂ ਇਸ ਦੀ ਡੰਡੌਤ ਬੰਧਨਾ ਕਰਦਿਆਂ ਹਾਲੇ ਤੀਕਰ ਸਿਖਿਆਰਥੀ ਵਾਂਗ ਬਾਰੀਕੀਆਂ ਸਿੱਖਣ ਦਾ ਯਤਨ ਕਰ ਰਹੀ ਹਾਂ।
ਸਵਾਲ: ਪੇਸ਼ਾਵਰ ਗਾਇਕਾ ਬਣਨ ਦਾ ਸਫ਼ਰ ਕਿਵੇਂ ਅਰੰਭ ਹੋਇਆ?
ਜਵਾਬ: ਸੌਣ ਦੇ ਕੁਝ ਘੰਟਿਆਂ ਤੋਂ ਸਿਵਾ ਮੇਰੇ ਸਾਰੇ ਪਹਿਰ ਗਾਇਨ ਕਲਾ ਦੀ ਸਾਧਨਾ ਵਿਚ ਗੁਜ਼ਰਦੇ ਰਹੇ ਹਨ। ਚਾਹੇ ਕਾਲਜ ਸੀ ਤੇ ਚਾਹੇ ਯੂਨੀਵਰਸਿਟੀ, ਤੇ ਚਾਹੇ ਜੀਵਨ ਦਾ ਬਾਕੀ ਪੰਧ। ਮੈਂ ਆਪਣਾ ਜੀਵਨ ਸੰਗੀਤ ਨੂੰ ਸਮਰਪਿਤ ਕਰ ਚੁੱਕੀ ਹਾਂ। ਚੇਤਨ ਮੋਹਨ ਜੋਸ਼ੀ ਨਾਲ ਜਦੋਂ ਮੇਰਾ ਵਿਆਹ ਹੋਇਆ ਤਾਂ ਮਹਿਸੂਸ ਹੋਇਆ ਕਿ ਖਰਬੂਜਾ ਸ਼ਹਿਦ ਦੀ ਬਾਲਟੀ ਵਿਚ ਡਿੱਗ ਪਿਆ ਹੈ। ਮੇਰੇ ਪਤੀ ਆਪ ਭਾਵੇਂ ਗਵੱਈਏ ਨਾ ਵੀ ਹੋਣ, ਪਰ ਉਨ੍ਹਾਂ ਅੰਦਰ ਸੰਗੀਤ ਰਸ ਹੈ ਤੇ ਉਹ ਚੰਗੇ ਆਰਗੇਨਾਈਜ਼ਰ ਵੀ ਹਨ। ਪੂਰਨ ਚੰਦ ਪਿਆਰੇ ਲਾਲ ਵਰਗੇ ਉਸਤਾਦ ਸੂਫ਼ੀ ਗਾਇਕਾਂ ਨੂੰ ‘ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ, ਅਸਾਂ ਤੇ ਤੈਨੂੰ ਰੱਬ ਮੰਨਿਆ’ ਵਰਗੀਆਂ ਵੰਨਗੀਆਂ ਨਾਲ ਰਾਸ਼ਟਰਪਤੀ ਭਵਨ ਤੱਕ ਲੈ ਕੇ ਜਾਣ ਵਿਚ ਮੇਰੇ ਪਤੀ ਚੇਤਨ ਜੋਸ਼ੀ ਦੀ ਮਿਹਨਤ ਹੈ। ਜਿੰਨਾ ਕੁ ਸਫ਼ਰ ਮੈਂ ਹੁਣ ਤੱਕ ਮਾਣ ਨਾਲ ਤੈਅ ਕੀਤਾ ਹੈ, ਉਸ ਦਾ ਸਾਰਾ ਸਿਹਰਾ ਮੈਂ ਆਪਣੇ ਪਤੀ ਦੇ ਸਿਰ ਬੰਨ੍ਹਦੀ ਹਾਂ।
ਸਵਾਲ: ਆਪਣੀ ਗਾਇਨ ਸ਼ੈਲੀ ਬਾਰੇ ਕੁਝ ਦੱਸੋ?
ਜਵਾਬ: ਮੈਂ ਸਾਈਂ ਬੁੱਲ੍ਹੇਸ਼ਾਹ, ਸੁਲਤਾਨ ਬਾਹੂ ਗਾ ਕੇ ਸੂਫ਼ੀ ਗਾਇਕੀ ਨੂੰ ਅਪਨਾਉਣ ਦੀ ਕੋਸ਼ਿਸ਼ ਕੀਤੀ ਹੈ। ਉਸਤਾਦ ਦਾਮਨ ਨੂੰ ਗਾਇਆ ਹੈ; ਸ਼ਿਵ ਨੂੰ ਵੀ, ਸੁਰਜੀਤ ਪਾਤਰ ਨੂੰ, ਗੁਰਭਜਨ ਗਿੱਲ ਨੂੰ, ਹਰਜਿੰਦਰ ਕੰਗ ਨੂੰ ਵੀ ਤੇ ਰਾਜ ਕਾਕੜੇ ਤੱਕ ਰਵਾਇਤੀ ਵਰਤਮਾਨ ਗੀਤਕਾਰਾਂ ਨੂੰ ਵੀ। ਚੰਗੀ ਸ਼ਾਇਰੀ ਅਤੇ ਰਚਨਾ ਵੱਲ ਮੈਂ ਕਾਂ ਵਾਂਗ ਅੱਖ ਟਿਕਾ ਕੇ ਰੱਖਦੀ ਹਾਂ। ਮੈਨੂੰ ਮਾਣ ਹੈ ਕਿ ਮੈਂ ਸੂਫੀ ਮਹਿਫਲਾਂ ਵਿਚ ਗਾਇਆ ਹੈ, ਭਗਤੀ ਸੰਗੀਤ ਦੇ ਸ਼ੈਦਾਈਆਂ ਵਿਚ ਵੀ, ਮੇਲਿਆਂ ਤੇ ਲੋਕ ਰੰਗਾਂ ਵਿਚ ਵੀ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾਂਦੇ ਵਰਲਡ ਕਬੱਡੀ ਕੱਪ ਵਿਚ ‘ਦਮਾ ਦਮ ਮਸਤ ਕਲੰਦਰæææ ‘, ‘ਵੇ ਸੋਨੇ ਦਿਆ ਕੰਗਣਾ’ ਨਾਲ ਲੱਖਾਂ ਖੇਡ ਪ੍ਰੇਮੀਆਂ ਨੂੰ ਸੰਗੀਤ ਦਾ ਵੀ ਬਰਾਬਰ ਅਨੰਦ ਦਿੱਤਾ ਹੈ। ਉਂਜ਼ææ
-ਤੇਰੇ ਵਰਗੇ ਪੁੱਤ ਭਗਤ ਸਿੰਹਾਂ ਰੋਜ਼ ਨੀ ਜੰਮਣੇ ਮਾਵਾਂ ਨੇæææ।
-ਇਨ੍ਹਾਂ ਅੱਖੀਆਂ ਨੇ ਐਸਾ ਇਕ ਦੌਰ ਵੇਖਿਆ
ਦਿੱਲੀ ਵਿਲਕਦੀ ਤੇ ਤੜਫਦਾ ਲਾਹੌਰ ਵੇਖਿਆæææ।
-ਦੁਨੀਆਂ ਤੋਂ ਬੰਦੇ ਬਲਵਾਨ ਤੁਰ ਜਾਂਦੇ ਨੇæææ।
-ਨਖ਼ਰੇ ਹਜ਼ੂਰ ਦੇæææ।
ਅੰਬਰ ਦੀ ਸ਼ਹਿਜ਼ਾਦੀæææ।
-ਸਾਡਾ ਮੋੜ ਦਿਓ ਰੰਗਲਾ ਪੰਜਾਬ,
ਅਸੀਂ ਨ੍ਹੀਂ ਕੁਝ ਹੋਰ ਮੰਗਦੇæææ।
-ਨਾ ਪਿੱਪਲਾਂ ਦੀਆਂ ਪੀਂਘਾਂ,
ਨਾ ਰਹਿ ਗਏ ਝੁੰਡ ਖਜੂਰਾਂ ਦੇæææ।
ਆਦਿ ਗੀਤਾਂ ਨਾਲ ਮੈਂ ਦਾਅਵਾ ਕਰ ਸਕਦੀ ਹਾਂ ਕਿ ਮੈਂ ਹਰ ਵਰਗ ਤੇ ਹਰ ਸ਼ੌਕ ਦੇ ਸਰੋਤੇ ਨੂੰ ਨਾਲ ਲੈ ਕੇ ਤੁਰਨ ਵਿਚ ਸਫ਼ਲ ਰਹੀ ਹਾਂ।
ਸਵਾਲ: ਤੁਹਾਨੂੰ ਨਹੀਂ ਲਗਦਾ ਕਿ ਤੁਸੀਂ ਮਿੱਥ ਤੇ ਪਿਚ ਤੋਂ ਅੱਗੇ ਚੱਲ ਰਹੇ ਹੋ? ਯਾਨਿ ਬਿਨਾਂ ਕਿਸੇ ਐਲਬਮ ਦੇ ਵੱਡੇ ਐਵਾਰਡ ਥੋਡੀ ਝੋਲੀ ਪਏ ਹਨ।
ਜਵਾਬ: ਕੋਈ ਸ਼ੱਕ ਨਹੀਂ ਕਿ ਅਜੋਕੇ ਦੌਰ ਵਿਚ ਸੰਗੀਤ ਇਕ ਵੰਗਾਰ ਹੈ। ਗਾਇਕੀ ਤਜਰਬਾ ਨਹੀਂ, ਅਰਾਧਨਾ ਤੇ ਸਾਧਨਾ ਹੈ। ਸੰਗੀਤ ਰੂਹ ਨੂੰ ਸ਼ਾਹਰਗ ਰਾਹੀਂ ਜਾਣ ਵਾਲੀ ਸਿੱਧੀ ਖੁਰਾਕ ਦਾ ਨਾਂ ਹੈ। ਮੈਨੂੰ ਅਹਿਸਾਸ ਹੈ ਕਿ ਮੈਂ ਆਪਣੇ ਸਰੋਤਿਆਂ ਦੇ ਮਨਾਂ ਅਤੇ ਦਿਲਾਂ ‘ਚ ਹੀ ਉਤਰਨ ਵਿਚ ਸਫ਼ਲ ਨਹੀਂ ਹੋਈ, ਸਗੋਂ ਉਨ੍ਹਾਂ ਲੋਕਾਂ ਨੇ ਵੀ ਮੈਨੂੰ ਗਲ ਨਾਲ ਲਾਇਆ ਹੈ ਜੋ ਕਲਾ ਨੂੰ ਪ੍ਰਵਾਨਗੀ ਲਈ ਮੁਹੱਬਤ ਦੇ ਪਰਮਿਟ ਵੀ ਦਿੰਦੇ ਹਨ। ਮੇਰੇ ਖਾਤੇ ਵਿਚ ਜੇ ਸੂਫੀਆਨਾ ਕਲਾਮ, ਸ਼ਿਵ ਕੁਮਾਰ ਬਟਾਲਵੀ ਐਵਾਰਡ, ਸਰਸਵਤੀ ਐਵਾਰਡ, ਰਾਜਧਾਨੀ ਕਲਾ ਰਤਨ ਐਵਾਰਡ, ਬੰਗਾਲੀ ਭਾਸ਼ਾ ਵਿਚ ਰਵਿਦਾਸ ਸੰਗੀਤ ਤੇ ਹੋਰ ਅਨੇਕਾਂ ਮਾਣ-ਸਨਮਾਨ ਮਿਲੇ ਹਨ ਤਾਂ ਮੈਨੂੰ ਇਹ ਸ਼ੰਕਾ ਨਹੀਂ ਕਿ ਸੰਗੀਤ ਰਸੀਆਂ ਨੇ ਮੇਰੀ ਗਾਇਕੀ ਨੂੰ ਮੋਹ ਬਖਸ਼ਿਆ ਹੈ। ਜੇ ਭਾਰਤ ਸਰਕਾਰ ਰਵਿੰਦਰ ਨਾਥ ਟੈਗੋਰ ਦੇ ਨਾਂ ‘ਤੇ ਰਵਿੰਦਰ ਸੰਗੀਤ ਨੂੰ ਪ੍ਰਫੁੱਲਤ ਕਰਨ ਲਈ ਸ਼ਿਮਲਾ, ਕੁਰੂਕਸ਼ੇਤਰ, ਅਲਾਹਾਬਾਦ, ਬਨਾਰਸ ਤੇ ਮੁੰਬਈ ਆਦਿ ਥਾਂਵਾਂ ‘ਤੇ ਮੇਰੀ ਹਾਜ਼ਰੀ ਯਕੀਨੀ ਬਣਾ ਰਹੀ ਹੈ ਤਾਂ ਭੱਠ ਪਵੇ ਵਪਾਰਕ ਗਾਇਕੀ! ਮੈਂ ਅੱਜ ਦੇ ਰੰਗ ਦੀ ਨੱਚਾਰ ਨਹੀਂ ਬਣਨਾ ਚਾਹੁੰਦੀ, ਆਪਣੇ ਅੰਦਰਲੀ ਸੰਗੀਤ ਦੀ ਦੇਵੀ ਨੂੰ ਪ੍ਰਗਟ ਕਰਨਾ ਚਾਹੁੰਦੀ ਹਾਂ।
ਸਵਾਲ: ਤੁਸੀਂ ਸੂਫੀ ਗਾਇਕੀ ਨੂੰ ਹੀ ਕਿਉਂ ਚੁਣਿਆ?
ਜਵਾਬ: ਕਲਾ ਪੈਸੇ ਦੀ ਨਹੀਂ; ਦਿਲ ਦੀ ਅਮੀਰੀ ਮੰਗਦੀ ਹੈ। ਲੰਬੇ ਨਹੀਂ, ਉਚੇ ਹੋਣ ਦੀ ਲੋੜ ਹੁੰਦੀ ਹੈ। ਗਾਇਕੀ ਮੇਰੇ ਲਈ ਪੂਜਾ ਹੈ ਤੇ ਜਿਹੜੇ ਰਾਹ ਫਕੀਰਾਂ ਤੇ ਸੰਤਾਂ ਦੀਆਂ ਗੁਫਾਵਾਂ ਵੱਲ ਜਾਂਦੇ ਹੋਣ, ਮੈਂ ਉਨ੍ਹਾਂ ਰਾਹਾਂ ‘ਤੇ ਤੁਰਨਾ ਸਹੀ ਜਾਤਾ। ਪੱਛਮੀ ਸੰਗੀਤ ਪੱਬ ਚੁੱਕਣ ਲਾਉਂਦਾ ਹੈ, ਭਾਰਤੀ ਸੰਗੀਤ ਸਿਰ ਝੂਮਣ ਲਾਉਂਦਾ ਹੈ। ਇਸ ਲਈ ਮੈਂ ਸੂਫੀ ਗਾਇਕੀ ਨੂੰ ਤਰਜੀਹ ਦਿਤੀ ਹੈ।
ਸਵਾਲ: ਅੱਜ ਦੇ ਕੰਨ ਪਾੜਵੇਂ ਤੇ ਨੰਗੇਜ਼ ਭਰੇ ਸੰਗੀਤ ਦਾ ਅੰਤ ਹੋਵੇਗਾ?
ਜਵਾਬ: ਮਾੜੇ ਕੰਮਾਂ ਦੇ ਚੰਗੇ ਨਤੀਜੇ ਉਡੀਕਣ ਨਾਲੇ ਭਰਮ ‘ਚ ਹੀ ਹੁੰਦੇ ਹਨ। ਮੁੱਲ ਹਮੇਸ਼ਾ ਚੰਗੀਆਂ ਚੀਜ਼ਾਂ ਦਾ ਹੀ ਪਿਆ ਹੈ। ਹਾਥੀ ਜਦੋਂ ਆਪਣੇ ਭਾਰ ਨਾਲ ਡਿੱਗੇਗਾ ਤਾਂ ਮੁੜ ਕੇ ਉਠਣ ਦਾ ਯਤਨ ਸਫ਼ਲ ਨਹੀਂ ਹੋ ਸਕਦਾ। ਇਸ ਲਈ ਕਹਿ ਸਕਦੀ ਹਾਂ ਕਿ ਮੌਜੂਦਾ ਹਾਲਾਤ ‘ਤੇ ਚਿੰਤਾ ਜਾਂ ਝੋਰਾ ਕਰਨਾ ਉਚਿਤ ਤਾਂ ਹੈ, ਪਰ ਇਹ ਸਾਰਾ ਕੁਝ ਵਕਤੀ ਹੈ। ਲੋਕ ਅੱਕ ਗਏ ਨੇ, ਤੇ ਬਿਮਾਰ ਜ਼ਿਹਨਾਂ ਦੀ ਉਮਰ ਲੰਬੀ ਨਹੀਂ ਹੁੰਦੀ। ਸੰਗੀਤ ਦੇ ਪਿਛਲੇ ਪੰਜ ਦਹਾਕਿਆਂ ਦੇ ਯੁੱਗ ਨੇ ਕਦੇ ਵੀ ਲਤਾ ਤੇ ਰਫੀ ਨੂੰ ਪ੍ਰਭਾਵਿਤ ਨਹੀਂ ਕੀਤਾ। ਚਾਰ ਦਿਨਾਂ ਦੇ ਪ੍ਰਾਹੁਣਿਆਂ ਨੂੰ ਕੀ ਪਤਾ ਕਿ ਸੁਰਿੰਦਰ ਕੌਰ, ਜਗਜੀਤ, ਬਡਾਲੀ ਭਰਾਵਾਂ ਦੀ ਸੰਗੀਤ ਦੇ ਖੇਤਰ ਵਿਚ ਸ਼ਾਨ ਕਦੀ ਮੱਧਮ ਨਹੀਂ ਪਵੇਗੀ!
ਸਵਾਲ: ਤੁਹਾਡੀ ਨਜ਼ਰ ਵਿਚ ਲੁੱਚ-ਪਹੁ ਗਾਇਕੀ ਲਈ ਜ਼ਿੰਮੇਵਾਰ ਕੌਣ ਹੈ?
ਜਵਾਬ: ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ, ਪਰ ਚੰਗਾ ਖਾਣਾ ਪਰੋਸ ਕੇ ਤਾਂ ਦੇਖੋ, ਭੁੱਖ ਘੱਟ ਵੀ ਹੋਵੇ, ਤਦ ਵੀ ਨਜ਼ਰਾਂ ਹੋਰ ਪਾਸੇ ਨਹੀਂ ਘੁੰਮਣਗੀਆਂ। ਗਾਇਕਾਂ ਨੂੰ ਸੰਗੀਤ ਦੀਆਂ ਕਦਰਾਂ-ਕੀਮਤਾਂ ਦਾ ਖਿਆਲ ਰੱਖਦਿਆਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਸਵਾਲ: ਲੱਚਰ ਗਾਇਕੀ ਰੋਕਣ ਲਈ ਸੈਂਸਰ ਬੋਰਡ ਚਾਹੀਦੈ?
ਜਵਾਬ: ਅੱਜ ਦੇ ਯੁੱਗ ਵਿਚ ਹਰ ਸ਼ੈਅ ਦੇ ਭਾਅ ਉਤਾਂਹ ਨੂੰ ਹੀ ਜਾ ਰਹੇ ਹਨ, ਪਰ ਜਿਸ ਸ਼ੈਅ ਦਾ ਭਾਅ ਲਗਾਤਾਰ ਡਿੱਗਦਾ ਜਾ ਰਿਹਾ ਹੈ, ਉਹ ਹੈ ਜ਼ਮੀਰ। ਇਸੇ ਲਈ ਕਹਾਂਗੀ ਜ਼ਮੀਰ ਤੋਂ ਵੱਡਾ ਕੋਈ ਸੈਂਸਰ ਬੋਰਡ ਨਹੀਂ। ਗਾਇਕ ਕਿਉਂ ਇਹ ਹਾਲਾਤ ਪੈਦਾ ਕਰ ਰਹੇ ਹਨ ਕਿ ਪੰਜਾਲੀ ਵਿਚ ਆਪਣਾ ਸਿਰ ਆਪੇ ਫਸਾ ਲਿਆ ਜਾਵੇ? ਸੰਗੀਤ ਸੁਰਾਂ ਦੀਆਂ ਬੰਦਸ਼ਾਂ ‘ਚ ਰਿਹਾ ਹੈ, ਸਰਕਾਰਾਂ ਦੀਆਂ ਪਾਬੰਦੀਆਂ ‘ਚ ਨਹੀਂ। ਇਸ ਲਈ ਜੇ ਆਪਣਾ ਅੱਗਾ ਢਕ ਲਵਾਂਗੇ ਤਾਂ ਲੋਕੀ ਢਿੱਡ ਨੰਗਾ ਹੋਣ ਦੇ ਇਲਜ਼ਾਮ ਨਹੀਂ ਲਾਉਣਗੇ।
ਸਵਾਲ: ਮਿਆਰੀ ਗਾਇਕੀ ਨੂੰ ਸੁਣਨ ਵਾਲੇ ਲੋਕ ਘੱਟ ਕਿਉਂ ਹਨ?
ਜਵਾਬ: ਜਿਨ੍ਹਾਂ ਲੋਕਾਂ ਨੇ ਚੰਗਾ ਸੁਣਨਾ ਹੈ, ਉਨ੍ਹਾਂ ‘ਤੇ ਮਾੜੇ ਦਾ ਕੋਈ ਅਸਰ ਨਹੀਂ ਹੋ ਸਕਦਾ। ਇਹੋ ਕਹਾਂਗੀ ਕਿ ਹਾਲਾਤ ਪੈਦਾ ਕਰਨ ਦੀ ਲੋੜ ਹੈ। ਲੋਕ ਤਾਂ ਢਿੱਡ ਨਾਲੋਂ ਵੀ ਮਨ ਦੀ ਭੁੱਖ ਦੇ ਵੱਧ ਸਤਾਏ ਹੋਏ ਹਨ।æææ ਤੇ ਮਨ ਦੀ ਭੁੱਖ ਸੰਗੀਤ ਨਾਲ ਹੀ ਮਿਟ ਸਕਦੀ ਹੈ। ਜਿਨ੍ਹਾਂ ਨੂੰ ਇਹ ਪਤੈ ਕਿ ਚੰਗਾ ਸੌਦਾ ਕਿੱਥੋਂ ਮਿਲਦੈ, ਉਹ ਕਬਾੜੀਆ ਵੱਲ ਮੂੰਹ ਕਿਥੇ ਕਰਦੇ ਹਨ!
ਸਵਾਲ: ਤੁਸੀਂ ਇਸ ਖੇਤਰ ਵਿਚ ਕੀ ਉਪਰਾਲਾ ਕਰ ਰਹੇ ਹੋ?
ਜਵਾਬ: ਮੈਂ ਜੋ ਗਾ ਰਹੀ ਹਾਂ, ਉਹੀ ਤਾਂ ਉਪਰਾਲਾ ਹੈ। ਫਿਲਮਾਂ ਵਾਲੇ ਮੇਰੇ ਕੋਲ ਵੀ ਆਉਂਦੇ ਨੇ, ਹਲਕਾ ਫੁਲਕਾ ਮੈਂ ਵੀ ਗਾ ਸਕਦੀ ਹਾਂ; ਪਰ ਸਿਰੜ-ਸਿਦਕ ਦਾ ਟਿੱਕਾ ਮੱਥੇ ‘ਤੇ ਲਾ ਕੇ ਤੁਰੀ ਹਾਂ; ਆਸ ਹੈ ਬੂਰ ਪਵੇਗਾ। ਸੰਗੀਤ ਪੈਸਾ ਜਿੱਤਣ ਲਈ ਨਹੀਂ, ਮਨ ਤੇ ਦਿਲ ਜਿੱਤਣ ਲਈ ਹੁੰਦਾ ਹੈ।
ਸਵਾਲ: ਅਮਰੀਕਾ ‘ਚ ਪੰਜਾਬੀਆਂ ਤੇ ਸੰਗੀਤ ਰਸੀਆਂ ਤੋਂ ਕੀ ਆਸ ਰੱਖਦੇ ਹੋ?
ਜਵਾਬ: ਕੈਨੇਡਾ ‘ਚ ਪਿਆਰ ਮਿਲਿਆ ਹੈ, ਅਮਰੀਕੀ ਪੰਜਾਬੀ ਸਿਆਣੇ ਹਨ। ਜਦੋਂ ਵਾਪਸ ਪਰਤਾਂਗੀ ਤਾਂ ਯਕੀਨ ਹੈ, ਮੋਹ ਦੀ ਥੈਲੀ ਮੁਹੱਬਤ ਦੀਆਂ ਮੋਹਰਾਂ ਨਾਲ ਭਰੀ ਹੋਵੇਗੀ।
ਸਵਾਲ: ਤੁਸੀਂ ਔਰਤ ਹੋ ਕੇ ਸਿਰ ‘ਤੇ ਦਸਤਾਰ ਵਾਂਗ ਵੱਖਰਾ ਅੰਦਾਜ਼ ਲੈ ਕੇ ਆਏ ਹੋ। ਇਹਦੇ ਪਿੱਛੇ ਕੀ ਰਾਜ਼ ਹੈ?
ਜਵਾਬ: ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਸੰਗੀਤ ਭਗਤੀ ਹੈ ਤੇ ਭਗਤੀ ਕਰਨ ਵੇਲੇ ਸਿਰ ਨੰਗਾ ਨਹੀਂ ਹੋਣਾ ਚਾਹੀਦਾ। ਸਾਰੇ ਸੂਫੀ ਗਾਇਕਾਂ ਦਾ ਪਹਿਲਾ ਵੇਲਾ ਸਿਰ ਢੱਕ ਕੇ ਗਾਉਣ ਨਾਲ ਹੀ ਸ਼ੁਰੂ ਹੁੰਦਾ ਹੈ, ਤੇ ਇਸੇ ਸੋਚ ਨਾਲ ਸਿਰ ਢੱਕਣ ਦਾ ਹੀ ਮੇਰਾ ਇਹ ਯਤਨ ਹੈ।
Leave a Reply