ਵੋਟਾਂ ਮੰਗਣ ਤੁਰੇ ਰਵਾਇਤੀ ਧਿਰਾਂ ਦੇ ਉਮੀਦਵਾਰਾਂ ਦੀ ਪਿੰਡਾਂ ਵਿਚ ਤਿੱਖੀ ਘੇਰਾਬੰਦੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਸਿਖਰਾਂ ਉਤੇ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਪਿੱਛੋਂ ਸਿਆਸੀ ਧਿਰਾਂ ਦੇ ਉਮੀਦਵਾਰ ਘਰ-ਘਰ ਵੋਟਾਂ ਮੰਗਣ ਲਈ ਤੁਰ ਪਏ ਹਨ। ਇਸ ਦੌਰਾਨ ਜਿਥੇ ਉਮੀਦਵਾਰਾਂ ਦੀ ਘੇਰਾਬੰਦੀ ਹੋ ਰਹੀ ਹੈ, ਉਥੇ ਤਿੱਖੇ ਸਵਾਲ ਵੀ ਕੀਤੇ ਜਾ ਰਹੇ ਹਨ।

ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਮੰਡੀ ਘੁਬਾਇਆ ਦੇ ਪਿੰਡ ਲੱਖੇ ਕੇ ਉਤਾੜ (ਲੱਖੇ ਕੜਾਹੀਆਂ) ਵਿਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਇਥੇ ਆਪਣੇ ਪੁੱਤਰ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦਵਿੰਦਰ ਘੁਬਾਇਆ ਨੂੰ ਵੋਟਾਂ ਪਾ ਕੇ ਮਾਣ-ਸਨਮਾਨ ਦਿੱਤਾ ਸੀ ਪਰ ਉਹ ਪੰਜ ਸਾਲਾਂ ਵਿਚ ਨਾ ਤਾਂ ਪਿੰਡ ‘ਚ ਆਇਆ ਅਤੇ ਨਾ ਹੀ ਕੋਈ ਗਰਾਂਟ ਜਾਰੀ ਕੀਤੀ। ਸਗੋਂ ਉਨ੍ਹਾਂ ਦੇ ਆਟਾ-ਦਾਲ ਦੇ ਕਾਰਡ ਵੀ ਕਟਾ ਦਿੱਤੇ ਅਤੇ ਪਿੰਡ ਵਾਸੀਆਂ ‘ਤੇ ਨਾਜਾਇਜ਼ ਪਰਚੇ ਵੀ ਕਰਵਾਏ ਗਏ। ਲੋਕਾਂ ਨੂੰ ਸਮਝਾਉਣ ਲਈ ਸ਼ੇਰ ਸਿੰਘ ਘੁਬਾਇਆ ਭਾਵੇਂ ਦਲੀਲਾਂ ਦਿੰਦੇ ਰਹੇ ਪਰ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ। ਅਖੀਰ ਉਨ੍ਹਾਂ ਹੱਥ ਜੋੜ ਕੇ ਉਥੋਂ ਜਾਣਾ ਹੀ ਠੀਕ ਸਮਝਿਆ। ਵਿਰੋਧ ਕਰ ਰਹੇ ਲੋਕਾਂ ਵੱਲੋਂ ਘੁਬਾਇਆ ਪਰਿਵਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।
ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪਿੰਡ ਦੀਪ ਸਿੰਘ ਵਾਲਾ ਗਏ ਫਰੀਦਕੋਟ ਦੇ ਵਿਧਾਇਕ ਅਤੇ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਪਿੰਡ ਵਾਸੀਆਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀ ਨੌਨਿਹਾਲ ਸਿੰਘ, ਜਸਕਰਨ ਸਿੰਘ, ਜਰਨੈਲ ਸਿੰਘ ਅਤੇ ਲੱਡੂ ਸਿੰਘ ਨੇ ਢਿੱਲੋਂ ਤੋਂ ਪੰਜ ਸਾਲਾਂ ਵਿਚ ਨਸ਼ਿਆਂ ਦੀ ਸਮੱਸਿਆ ਹੱਲ ਨਾ ਹੋਣ ਦਾ ਕਾਰਨ ਪੁੱਛਿਆ। ਨੌਜਵਾਨਾਂ ਨੇ ਦੋਸ਼ ਲਾਇਆ ਕਿ ਇਲਾਕੇ ਦੇ ਕੁਝ ਕਾਂਗਰਸੀ ਆਗੂਆਂ ਦੇ ਦਬਾਅ ਕਾਰਨ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਪਿੰਡ ਦੀਪ ਸਿੰਘ ਵਾਲਾ, ਗੁਰੂਹਰਸਹਾਏ ਅਤੇ ਹਿਠਾੜ ਦੇ ਇਲਾਕੇ ਵਿਚ ਹਜ਼ਾਰਾਂ ਨੌਜਵਾਨ ਚਿੱਟੇ ਤੇ ਹੋਰ ਨਸ਼ਿਆਂ ਦੀ ਗ੍ਰਿਫਤ ਵਿਚ ਹਨ। ਉਨ੍ਹਾਂ ਬੇਰੁਜ਼ਗਾਰੀ ਦੀ ਸਮੱਸਿਆ ਬਾਰੇ ਵੀ ਸਵਾਲ ਕੀਤੇ।
ਪਿੰਡ ਵਾਸੀ ਨੌਨਿਹਾਲ ਸਿੰਘ ਨੇ ਕਿਹਾ ਕਿ ਵੋਟਾਂ ਮੰਗਣ ਆ ਰਹੇ ਬਾਕੀ ਪਾਰਟੀਆਂ ਦੇ ਆਗੂਆਂ ਨੂੰ ਵੀ ਪੁੱਛਿਆ ਜਾਵੇਗਾ ਕਿ ਚੋਣਾਂ ਵਿਚ ਕੀਤੇ ਜਾ ਰਹੇ ਵਾਅਦੇ ਪੂਰੇ ਕਰਨ ਲਈ ਉਨ੍ਹਾਂ ਕੋਲ ਕਿਹੜਾ ਮਾਸਟਰ ਪਲਾਨ ਹੈ।
ਭਵਾਨੀਗੜ੍ਹ ਦੇ ਨੇੜਲੇ ਪਿੰਡ ਤੁਰੀ ਵਿਚ ਚੋਣ ਮੀਟਿੰਗ ਕਰਨ ਪਹੁੰਚੇ ਭਾਜਪਾ ਦੇ ਹਲਕਾ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਖਿਲਾਫ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਆਗੂ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ। ਕਿਸਾਨਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਰੁਲਦੇ ਰਹੇ। ਹੁਣ ਵੀ ਮੋਦੀ ਸਰਕਾਰ ਬਾਕੀ ਮਸਲੇ ਹੱਲ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਚੋਣ ਪ੍ਰਚਾਰ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ ਆਗੂ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇਸ਼ ਅਤੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦੇਣਗੀਆਂ।
‘ਪੈਨਸ਼ਨ ਸਕੀਮ ਲਾਗੂ ਕਰਾਉਣ ਵਾਲਾ ਹੀ ਵੋਟ ਮੰਗਣ ਆਵੇ`
ਸੰਗਰੂਰ: ਸਾਲ 2004 ਤੋਂ ਬਾਅਦ ਭਰਤੀ ਐਨ.ਪੀ.ਐਸ. ਮੁਲਾਜ਼ਮਾਂ ਨੇ ਆਪਣੇ ਘਰਾਂ ਅੱਗੇ ਪੋਸਟਰ ਲਗਾ ਕੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਸਿਆਸੀ ਪਾਰਟੀ ਦਾ ਉਮੀਦਵਾਰ ਹੀ ਉਨ੍ਹਾਂ ਦੇ ਘਰ ਵੋਟ ਮੰਗਣ ਲਈ ਆਵੇ, ਜਿਹੜਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣ ਦਾ ਦਮ ਰੱਖਦਾ ਹੋਵੇ ਅਤੇ ਇਸ ਸਬੰਧੀ ਵਾਅਦਾ ਕਰਕੇ ਜਾਵੇ। ਐਨ.ਪੀ.ਐਸ. ਮੁਲਾਜ਼ਮਾਂ ਨੇ ਪੋਸਟਰ ਲਗਾਉਣ ਦੀ ਮੁਹਿੰਮ ਸ਼ੁਰੂ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਉਨ੍ਹਾਂ ਨੇ ਘਰਾਂ ਦੇ ਮੁੱਖ ਗੇਟਾਂ ਉਪਰ ਚਿਪਕਾਏ ਪੋਸਟਰਾਂ ਉਪਰ ਲਿਖਿਆ ਹੈ ਕਿ ‘’ਮੈਂ 2004 ਤੋਂ ਬਾਅਦ ਭਰਤੀ ਹੋਇਆ ਸਰਕਾਰੀ ਮੁਲਾਜ਼ਮ ਹਾਂ, ਪੰਜਾਬ ਸਰਕਾਰ ਨੇ ਸਾਡੀ ਪੁਰਾਣੀ ਪੈਨਸ਼ਨ ਬੰਦ ਕਰ ਦਿੱਤੀ ਹੈ ਅਤੇ ਸਾਡੇ ਘਰ ਉਹ ਹੀ ਸਿਆਸੀ ਪਾਰਟੀ ਦਾ ਉਮੀਦਵਾਰ ਵੋਟ ਮੰਗਣ ਆਵੇ ਜੋ ਸਾਡੀ ਪੁਰਾਣੀ ਪੈਨਸ਼ਨ ਬਹਾਲ ਕਰ ਸਕਦਾ ਹੋਵੇ।“
ਇੰਡੀਅਨ ਫਾਰਮਰਜ਼ ਵੱਲੋਂ ਭਾਜਪਾ ਦੇ ਬਾਈਕਾਟ
ਪਟਿਆਲਾ: ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਦਮਹੇੜੀ ਦੀ ਪ੍ਰਧਾਨਗੀ ਹੇਠ ਮੀਟਿੰਗ ਵਿਚ ਵੱਖ-ਵੱਖ ਜਿਲ੍ਹਿਆਂ ਦੇ ਪ੍ਰਧਾਨ ਤੇ ਪੰਜਾਬ ਦੇ ਅਹੁਦੇਦਾਰ ਸ਼ਾਮਲ ਹੋਏ। ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਚੱਲੇ ਅੰਦੋਲਨ ਦੇ ਮੱਦੇਨਜ਼ਰ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਨਾਲ ਸਬੰਧਤ ਆਗੂ, ਵਰਕਰ ਭਾਜਪਾ ਨੂੰ ਛੱਡ ਕੇ ਹੋਰ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟਾਂ ਪਾ ਸਕਦੇ ਹਨ।