ਭਾਜਪਾ ਆਗੂ ਮਿੱਤਲ ਅਕਾਲੀ ਦਲ ਵਿਚ ਸ਼ਾਮਲ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਮਿੱਤਲ ਨੇ ਕਿਹਾ ਕਿ ਉਨ੍ਹਾਂ ਬੇਹੱਦ ਭਰੇ ਮਨ ਨਾਲ ਪਿਤਰੀ ਪਾਰਟੀ ਛੱਡਣ ਦਾ ਫੈਸਲਾ ਲਿਆ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਨੂੰ ਸਹੀ ਸੇਧ ਦੇਣ ਦੇ ਸਮਰੱਥ ਹੈ। ਸ੍ਰੀ ਮਿੱਤਲ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਸੰਸਾ ਦੇ ਪੁਲ ਵੀ ਬੰਨ੍ਹੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦਾ ਮੁੱਢ ਮੈਂ (ਮਿੱਤਲ) ਬੰਨ੍ਹਿਆ ਸੀ ਤੇ ਹੁਣ ਉਸੇ ਪਾਰਟੀ ਵਿਚ ਸ਼ਾਮਲ ਹੋਣ ਦਾ ਮਾਣ ਹੈ। ਭਾਜਪਾ ਵੱਲੋਂ ਟਿਕਟ ਨਾ ਦੇਣ ‘ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਟਿਕਟ ਦਿੱਤੀ ਗਈ ਹੈ ਜਿਸ ਨੇ ਕਾਂਗਰਸ ਦੇ 5 ਸਾਲਾ ਰਾਜ ਦੌਰਾਨ ਭਾਜਪਾ ਵਰਕਰਾਂ ਦੀ ਸਾਰ ਨਹੀਂ ਲਈ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਪੜ ਜ਼ਿਲ੍ਹੇ ਵਿਚ ਭਾਜਪਾ ਵਰਕਰਾਂ ਨਾਲ ਜ਼ਿਆਦਤੀਆਂ ਕੀਤੀਆਂ ਜਿਨ੍ਹਾਂ ਖਿਲਾਫ ਲੜਨ ਦੀ ਲੋੜ ਹੈ।
ਸੁਖਬੀਰ ਬਾਦਲ ਨੇ ਮਿੱਤਲ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਦਾ ਇੰਚਾਰਜ ਵੀ ਨਿਯੁਕਤ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬਿਆਨਬਾਜ਼ੀ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਇਸ ਲਈ ਕੋਈ ਜਵਾਬ ਦੇਣਾ ਸੰਭਵ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਮਿੱਤਲ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਸਿਆਸੀ ਤੌਰ ‘ਤੇ ਵੱਡਾ ਲਾਭ ਹੋਵੇਗਾ। ਮਹੱਤਵਪੂਰਨ ਤੱਥ ਇਹ ਹੈ ਕਿ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਤੋਂ ਬਾਅਦ ਆਨੰਦਪੁਰ ਸਾਹਿਬ ਹਲਕਾ ਆਪਣੇ ਭਾਈਵਾਲ ਬਸਪਾ ਲਈ ਛੱਡਿਆ ਹੈ।
ਪਾਰਟੀ ਸੂਤਰਾਂ ਨੇ ਕਿਹਾ ਕਿ ਜੇਕਰ ਬਸਪਾ ਨਾਲ ਕਿਸੇ ਵਿਧਾਨ ਸਭਾ ਹਲਕੇ ਸਬੰਧੀ ਕੋਈ ਅਦਲਾ-ਬਦਲੀ ਹੋ ਗਈ ਤਾਂ ਸ੍ਰੀ ਮਿੱਤਲ ਜਾਂ ਉਨ੍ਹਾਂ ਦੇ ਪੁੱਤਰ ਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਵੀ ਬਣਾਇਆ ਜਾ ਸਕਦਾ ਹੈ।
ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਹੋਣ ਸਮੇਂ ਇਹ ਹਲਕਾ ਭਾਜਪਾ ਦੇ ਹਿੱਸੇ ਸੀ ਅਤੇ ਮਦਨ ਮੋਹਨ ਮਿੱਤਲ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਹ ਚਾਰ ਵਾਰ ਇਸ ਹਲਕੇ ਤੋਂ ਚੁਣੇ ਗਏ ਅਤੇ ਅਕਾਲੀ-ਭਾਜਪਾ ਸਰਕਾਰ ਵਿਚ ਦੋ ਵਾਰ ਮੰਤਰੀ ਵੀ ਰਹੇ। ਇਸ ਵਾਰ ਸ੍ਰੀ ਮਿੱਤਲ ਆਪਣੇ ਪੁੱਤਰ ਨੂੰ ਹਲਕਾ ਆਨੰਦਪੁਰ ਸਾਹਿਬ ਤੋਂ ਟਿਕਟ ਲਈ ਜ਼ੋਰ-ਅਜ਼ਮਾਈ ਕਰ ਰਹੇ ਸਨ ਅਤੇ ਭਾਜਪਾ ਨੇ ਇਸ ਹਲਕੇ ਤੋਂ ਕਿਸੇ ਹੋਰ ਆਗੂ ਨੂੰ ਟਿਕਟ ਦਿੱਤੀ ਹੈ।