ਬੇਅਦਬੀ ਕਾਂਡ: ਡੇਰਾ ਮੁਖੀ ਸਮੇਤ 10 ਪ੍ਰੇਮੀਆਂ ਖਿਲਾਫ ਚਲਾਨ ਪੇਸ਼

ਫਰੀਦਕੋਟ: ਬਹੁ-ਚਰਚਿਤ ਬੇਅਦਬੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਨੇ ਇਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਮੇਤ 10 ਡੇਰਾ ਪ੍ਰੇਮੀਆਂ ਖਿਲਾਫ਼ ਚਲਾਨ ਪੇਸ਼ ਕਰ ਦਿੱਤਾ ਹੈ। ਪਹਿਲੀ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ ਸਬੰਧੀ ਅਗਲੇ ਦਿਨ ਬਾਜਾਖਾਨਾ ਥਾਣੇ ਵਿਚ ਆਈ.ਪੀ.ਸੀ. ਦੀ ਧਾਰਾ 380/295/414/451/120-ਬੀ ਤਹਿਤ ਪਰਚਾ ਦਰਜ ਕੀਤਾ ਗਿਆ ਸੀ।

ਿੲਸ ਮਾਮਲੇ ਵਿਚ ਪਹਿਲਾਂ ਇਕ ਚਲਾਨ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਪਰ ਇਹ ਚਲਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 4 ਜਨਵਰੀ 2020 ਨੂੰ ਰੱਦ ਕਰਦਿਆਂ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਨਵੀਂ ਜਾਂਚ ਟੀਮ ਬਣਾ ਕੇ ਬੇਅਦਬੀ ਕਾਂਡ ਦੀ ਕਾਨੂੰਨ ਮੁਤਾਬਕ ਨਿਰਪੱਖ ਪੜਤਾਲ ਕੀਤੀ ਜਾਵੇ ਜਿਸ ‘ਤੇ ਪੰਜਾਬ ਸਰਕਾਰ ਨੇ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਵਿਚ ਜਾਂਚ ਟੀਮ ਦਾ ਗਠਨ ਕੀਤਾ ਸੀ। ਇਹ ਜਾਂਚ ਟੀਮ ਦੋ ਵਾਰ ਸੁਨਾਰੀਆ ਜੇਲ੍ਹ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਵੀ ਪੁੱਛ ਪੜਤਾਲ ਕਰ ਚੁੱਕੀ ਹੈ। ਇਕ ਸਾਲ ਲੰਬੀ ਚੱਲੀ ਪੜਤਾਲ ਤੋਂ ਬਾਅਦ ਜਾਂਚ ਟੀਮ ਨੇ ਆਪਣੀ ਪੜਤਾਲ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੀ ਸਾਜ਼ਿਸ਼ ਡੇਰਾ ਸਿਰਸਾ ਦੇ ਪ੍ਰਬੰਧਕੀ ਕੰਪਲੈਕਸ ਵਿਚ ਰਚੀ ਗਈ ਸੀ ਅਤੇ ਇਸ ਸਾਜ਼ਿਸ਼ ਬਾਰੇ ਡੇਰਾ ਮੁਖੀ ਨੂੰ ਵੀ ਜਾਣਕਾਰੀ ਸੀ।
ਜਾਂਚ ਟੀਮ ਨੇ ਇਸ ਮਾਮਲੇ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਪ੍ਰਦੀਪ ਕਲੇਰ, ਸੰਦੀਪ ਬਰੇਟਾ, ਹਰਸ਼ ਧੁਰੀ, ਸ਼ਕਤੀ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ, ਬਲਜੀਤ ਸਿੰਘ, ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਘ, ਰਣਦੀਪ ਸਿੰਘ ਅਤੇ ਨਾਭਾ ਜੇਲ੍ਹ ਵਿਚ ਕਤਲ ਕੀਤੇ ਗਏ ਮਹਿੰਦਰਪਾਲ ਬਿੱਟੂ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।