ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਕਾਹਲੀ
ਪ੍ਰਯਾਗਰਾਜ: ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਲਈ ਵੱਡੀ ਗਿਣਤੀ ਕੱਟੜ ਹਿੰਦੂ ਜਥੇਬੰਦੀਆਂ ਕਾਹਲੀਆਂ ਪਈਆਂ ਜਾਪ ਰਹੀਆਂ ਹਨ। ਵੱਡੀ ਗਿਣਤੀ ਭਾਜਪਾ ਆਗੂਆਂ ਵੱਲੋਂ ਵੀ ਇਹ ਮੰਗ ਲਗਾਤਾਰ ਜ਼ੋਰ-ਸ਼ੋਰ ਨਾਲ ਚੁੱਕੀ ਜਾ ਰਹੀ ਹੈ।

ਪ੍ਰਯਾਗਰਾਜ ਵਿਚ ਚੱਲ ਰਹੇ ਮਾਘ ਮੇਲੇ ‘ਚ ਧਰਮ ਸੰਸਦ ਵਿਚ ਸ਼ਾਮਲ ਸੰਤਾਂ ਨੇ ਮੰਗ ਕੀਤੀ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਦੇਣਾ ਚਾਹੀਦਾ ਹੈ, ਸੁਭਾਸ਼ ਚੰਦਰ ਬੋਸ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਐਲਾਨਣਾ ਚਾਹੀਦਾ ਹੈ, ਤੇ ਨਾਲ ਹੀ ਧਰਮ ਬਦਲੀਆਂ ਲਈ ਫਾਂਸੀ ਦੀ ਸਜ਼ਾ ਰੱਖਣੀ ਚਾਹੀਦੀ ਹੈ ਤੇ ਇਸ ਨੂੰ ਦੇਸ਼ਧ੍ਰੋਹ ਵਜੋਂ ਲਿਆ ਜਾਣਾ ਚਾਹੀਦਾ ਹੈ।
ਨਾਲ ਹੀ ਕਿਹਾ ਗਿਆ ਕਿ ‘ਦੇਸ਼ ਭਗਤ` ਮੁਸਲਮਾਨ ਪਰਿਵਾਰ ਦਾ ਹਿੱਸਾ ਹਨ ਤੇ ਉਨ੍ਹਾਂ ਦੀ ‘ਘਰ ਵਾਪਸੀ` ਮੁਹਿੰਮ ਤੇਜ ਕਰਨ ਬਾਰੇ ਜਿਹੜਾ ਫੈਸਲਾ ਕੀਤਾ ਗਿਆ ਹੈ, ਉਹ ਜਾਰੀ ਰਹੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸੁਮੇਰੂ ਪੀਠਾਧੀਸ਼ਵਰ ਦੇ ਜਗਤਗੁਰੂ ਸਵਾਮੀ ਨਰੇਂਦਰਨੰਦ ਸਰਸਵਤੀ ਸਨ। ਉਨ੍ਹਾਂ ਕਿਹਾ, “ਸਰਕਾਰ ਸ਼ਾਇਦ ਭਾਰਤ ਨੂੰ ਹਿੰਦੂ ਰਾਸ਼ਟਰ ਨਾ ਐਲਾਨੇ ਪਰ ਸਾਰੇ ਹਿੰਦੂਆਂ ਨੂੰ ਹੁਣ ਮੁਲਕ ਨੂੰ ਹਿੰਦੂ ਰਾਸ਼ਟਰ ਦੱਸਣਾ ਤੇ ਲਿਖਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਸਰਕਾਰ ਨੂੰ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਲਈ ਮਜਬੂਰ ਕੀਤਾ ਜਾ ਸਕਦਾ ਹੈ।” ਸ਼ਕਤੀ ਪੀਠਾਧੀਸ਼ਵਰ ਸਵਾਮੀ ਲਲਿਤਾਨੰਦ ਨੇ ਕਿਹਾ, “ਹਰ ਬੱਚਾ ਜਨਮ ਤੋਂ ਹਿੰਦੂ ਹੈ, ਮਗਰੋਂ ਉਸ ਦੇ ਰਸਮਾਂ ਰਿਵਾਜ ਬਦਲਦੇ ਹਨ। ਅਸੀਂ ਆਪਣਾ ਸਭਿਆਚਾਰ ਛੱਡਿਆ ਹੈ ਤੇ ਇਸੇ ਲਈ ਹੁਣ ਦੂਜੇ ਇਸ ਨੂੰ ਅਪਣਾ ਰਹੇ ਹਨ।”
ਕੁਝ ਦਿਨ ਪਹਿਲਾਂ ਹੀ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਅਮਰੀਕਾ ਦੇ ਇਕ ਸੈਨੇਟਰ ਸਮੇਤ ਚਾਰ ਕਾਨੂੰਨ ਘਾੜਿਆਂ ਨੇ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦੀ ਹਾਲਤ ਵਿਚ ਆ ਰਹੇ ਵਿਗਾੜ ਉੱਤੇ ਚਿੰਤਾ ਪ੍ਰਗਟ ਕੀਤੀ ਸੀ ਜਿਸ ਉਤੇ ਭਾਜਪਾ ਨੇ ਸਖਤ ਇਤਰਾਜ਼ ਜਤਾਇਆ ਸੀ। ਹੁਣ ਹਿੰਦੂ ਜਥੇਬੰਦੀਆਂ ਵੱਲੋਂ ਹਿੰਦੂ ਰਾਸ਼ਟਰ ਤੇ ਘੱਟ ਗਿਣਤੀਆਂ ਬਾਰੇ ਬਿਆਨ ਉਤੇ ਵੱਡੇ ਸਵਾਲ ਉਠ ਰਹੇ ਹਨ।
ਪਿਛਲੇ ਸਾਲਾਂ ‘ਚ ਮੁਸਲਮਾਨ ਭਾਈਚਾਰੇ ਤੇ ਦਲਿਤਾਂ ਨੂੰ ਹਜੂਮੀ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ, ਅਜਿਹੀ ਹਿੰਸਾ ਕਰਨ ਵਾਲਿਆਂ ਦਾ ਸੱਤਾ ‘ਚ ਬੈਠੇ ਕੁਝ ਤੱਤਾਂ ਨੇ ਜਨਤਕ ਤੌਰ ‘ਤੇ ਮਾਣ-ਸਨਮਾਨ ਕੀਤਾ। ਧਰਮ ਸੰਸਦਾਂ ਦੇ ਨਾਂ ‘ਤੇ ਨਫਰਤ ਭਰਿਆ ਪ੍ਰਚਾਰ ਕਰਦਿਆਂ ਵਿਦਿਆਰਥੀਆਂ ਨੂੰ ਕਿਤਾਬਾਂ ਛੱਡਣ ਤੇ ਤਲਵਾਰਾਂ ਉਠਾਉਣ ਲਈ ਕਿਹਾ ਜਾਂਦਾ ਹੈ। ਕਿਸਾਨ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਨੂੰ ਕਦੇ ਖਾਲਿਸਤਾਨੀ, ਕਦੇ ਅਤਿਵਾਦੀ, ਕਦੇ ਨਕਸਲੀ ਤੇ ਕਦੇ ਅੰਦੋਲਨਜੀਵੀ ਕਰਾਰ ਦਿੱਤਾ ਗਿਆ। ਜਮਹੂਰੀ ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ‘ਟੁਕੜੇ ਟੁਕੜੇ ਗੈਂਗ‘, ‘ਦੇਸ਼ਧ੍ਰੋਹੀ‘, ‘ਸ਼ਹਿਰੀ ਨਕਸਲੀ‘ ਆਦਿ ਗਰਦਾਨਿਆ ਜਾਂਦਾ ਰਿਹਾ।