ਬਲਜੀਤ ਬਾਸੀ
ਮਨੁਖ ਸਿਰਫ ਮੂੰਹ ਰਾਹੀਂ ਬੋਲ ਕੇ ਹੀ ਆਪਣੇ ਭਾਵ ਨਹੀਂ ਵਿਅਕਤ ਕਰਦਾ ਬਲਕਿ ਅਜਿਹੇ ਮਕਸਦ ਲਈ ਸਰੀਰ ਦੇ ਅੰਗਾਂ ਦੀ ਵੀ ਖੂਬ ਵਰਤੋਂ ਕਰਦਾ ਹੈ। ਮਨੁਖੀ ਇਰਾਦੇ ਪ੍ਰਗਟ ਕਰਨ ਲਈ ਸਾਰੇ ਹੀ ਦਿਸਦੇ ਅੰਗਾਂ ਜਿਵੇਂ ਨੱਕ, ਬੁਲ੍ਹ, ਸਿਰ, ਬਾਹਾਂ, ਹੱਥ, ਲੱਤਾਂ, ਪੈਰ, ਮੋਢੇ, ਪੱਟ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਮਿਸਾਲ ਵਜੋਂ ਪੱਟ ‘ਤੇ ਹੱਥ ਮਾਰਨਾ ਅਰਥਾਤ ਥਾਪੀ ਮਾਰਨਾ ਕਿਸੇ ਨੂੰ ਲੜਨ ਜਾਂ ਘੁਲਣ ਆਦਿ ਲਈ ਲਲਕਾਰ ਹੈ। ਇਹ ਠੀਕ ਹੈ ਕਿ ਜ਼ੁਬਾਨ ਤੋਂ ਬੋਲੇ ਜਾਂਦੇ ਸ਼ਬਦਾਂ ਦੀ ਅਭਿਵਿਅੰਜਨ ਸਮਰਥਾ ਅਸੀਮ ਹੈ ਪਰ ਤਨ ਦੀ ਭਾਸ਼ਾ ਦੀ ਮਹੱਤਤਾ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਤਨ ਦੀਆਂ ਹਰਕਤਾਂ ਭਾਵੇਂ ਸੁਤੰਤਰ ਤੌਰ ‘ਤੇ ਵੀ ਮਨੁਖੀ ਪ੍ਰਗਟਾ ਦਾ ਵਸੀਲਾ ਹਨ ਪਰ ਕਈ ਹਾਲਤਾਂ ਵਿਚ ਮੌਖਿਕ ਭਾਸ਼ਾ ਦੀਆਂ ਪੂਰਕ ਬਣਦੀਆਂ ਹਨ। ਅਕਸਰ ਹੀ ਇਨ੍ਹਾਂ ਰਾਹੀਂ ਮਨੁਖ ਆਪਣੀ ਗੱਲ ‘ਤੇ ਜ਼ੋਰ ਦੇਣ ਦਾ ਜਤਨ ਕਰਦਾ ਹੈ। ਇਸ ਲਈ ਮਨੋਵਿਗਿਆਨੀ ਅਤੇ ਭਾਸ਼ਾ ਵਿਗਿਆਨੀ ਮਨੁਖੀ ਭਾਵਾਂ ਦੇ ਮਾਧਿਅਮ ਵਜੋਂ ਤਨ ਦੀ ਬੋਲੀ ਨੂੰ ਸਮਝਣ ਦਾ ਵਿਸ਼ੇਸ਼ ਅਧਿਐਨ ਕਰਦੇ ਹਨ। ਅਸੀਂ ਅਨੇਕਾਂ ਮਨੋਭਾਵਨਾਵਾਂ ਪ੍ਰਗਟਾਉਣ ਲਈ ਦੰਦਾਂ ਦੀ ਵਰਤੋਂ ਦਾ ਸੰਖੇਪ ਜ਼ਿਕਰ ਦੰਦਾਂ ਵਾਲੇ ਲੇਖ ਵਿਚ ਕਰ ਚੁਕੇ ਹਾਂ।
ਮੂੰਹ ਨੂੰ ਛੱਡ ਕੇ ਮਨੁਖੀ ਸਰੀਰ ਦਾ ਸਭ ਤੋਂ ਭਾਵਪੂਰਤ ਜੇ ਕੋਈ ਅੰਗ ਹੈ ਤਾਂ ਉਹ ਅੱਖਾਂ ਹਨ। ਪੰਜਾਬੀ ਤੇ ਸ਼ਾਇਦ ਹੋਰ ਭਾਸ਼ਾਵਾਂ ਵਿਚ ਵੀ ਖਾਣਾ ਸ਼ਬਦ ਤੋਂ ਬਾਅਦ ਸਭ ਤੋਂ ਵਧ ਮੁਹਾਵਰੇ ਕਹਾਵਤਾਂ ਅੱਖਾਂ ਨਾਲ ਸਬੰਧਤ ਹਨ। ਲੋਕ ਗੀਤਾਂ ਤੇ ਕਾਵਿ-ਸਾਹਿਤ ਵਿਚ ਵੀ ਅੱਖਾਂ ਦਾ ਚੋਖਾ ਜ਼ਿਕਰ ਹੈ। ਫੈਜ਼ ਨੇ ਤਾਂ ਇਹ ਕਹਿ ਕੇ ਗੱਲ ਹੀ ਖਤਮ ਕਰ ਦਿੱਤੀ, “ਤੇਰੀ ਆਂਖੋਂ ਕੇ ਸਿਵਾ ਦੁਨੀਆਂ ਮੇਂ ਰੱਖਾ ਕਿਆ ਹੈ?” ਅੱਖਾਂ ਥਾਣੀਂ ਮਨੁਖੀ ਰੂਹ ਝਲਕਦੀ ਹੈ। ਮਨੁਖ ਇਨ੍ਹਾਂ ਨਾਲ ਆਪ ਬਾਹਰੀ ਦੁਨੀਆਂ ਦੇਖਦਾ ਦੇਖਦਾ ਆਪੇ ਦੀ ਵੀ ਖੂਬ ਝਲਕ ਦਿਖਾ ਜਾਂਦਾ ਹੈ। ਇਸ ਡੂੰਘੀ ਝੀਲ ਵਿਚ ਚੁਭੀ ਮਾਰਨ ਨਾਲ ਕਿਹੜੀ ਗੱਲ ਹੈ ਜਿਸ ਦਾ ਸਿਆਣਾ ਬੰਦਾ ਪਤਾ ਨਹੀਂ ਲਗਾ ਸਕਦਾ। ਅੱਖਾਂ ਚੰਚਲ, ਸ਼ਰਾਰਤੀ, ਭੋਲੀਆਂ, ਖਚਰੀਆਂ, ਰੋਹੀਲੀਆਂ, ਪਿਆਰ ਭਰੀਆਂ, ਤਰਸਵਾਨ, ਉਡੀਕਵਾਨ, ਲਲਚਾਈਆਂ, ਨਿਰਭਾਵ, ਗੱਲ ਕੀ ਹਰ ਮਨੁਖੀ ਚਰਿਤਰ ਦੀ ਤਰਜਮਾਨੀ ਕਰਦੀਆਂ ਹਨ। ਅੱਖਾਂ ਤਲਵਾਰ ਜਿਹੀਆਂ ਹੁੰਦੀਆਂ ਹਨ, ਨੇਜ਼ੇ ਦੀ ਧਾਰ ਜਿਹੀਆਂ ਹੁੰਦੀਆਂ ਹਨ, ਤੀਰ ਤਾਂ ਆਮ ਹੀ ਚਲਾਉਂਦੀਆਂ ਹਨ। ਅੱਖਾਂ ਵਿਚ ਤਿਨਕੇ ਲੁਕੇ ਹੁੰਦੇ ਹਨ, ਅੰਗਰੇਜਾਂ ਦੀਆਂ ਅੱਖਾਂ ਵਿਚ ਤਾਂ ਸ਼ਤੀਰ ਵੀ ਵੜ ਸਕਦੇ ਹਨ। ਅੱਖਾਂ ਦੀ ਖੂਬੀ ਇਹ ਹੈ ਕਿ ਇਹ ਧੁਨੀ ਤੋਂ ਸੱਖਣੀਆਂ ਹੁੰਦੀਆਂ ਹੋਈਆਂ ਵੀ ਬੇਹੱਦ ਬੜਬੋਲੀਆਂ ਹੋ ਸਕਦੀਆਂ ਹਨ। ਇਸ ਦੇ ਖਾਮੋਸ਼ ਬੋਲ ਸ੍ਰੋਤੇ ਤੱਕ ਹੀ ਪੁੱਜਦੇ ਹਨ, ਦੂਜਾ ਇਨ੍ਹਾਂ ਦੀ ਪ੍ਰਤੀਤੀ ਨਹੀਂ ਕਰ ਸਕਦਾ।
ਅੱਜ ਅਸੀਂ ਅੱਖਾਂ ਦੀਆਂ ਕੁਝ ਭਾਵਪੂਰਤ ਹਰਕਤਾਂ ਅਤੇ ਸੈਨਤਾਂ ਦੀ ਗੱਲ ਕਰਨੀ ਹੈ। ਅੱਖਾਂ ਦੀਆਂ ਵੰਨ-ਸੁਵੰਨੀਆਂ ਗਤੀਆਂ ਨੇ ਅਨੇਕਾਂ ਮਹਾਵਰੇ ਕਹਾਵਤਾਂ ਦੀ ਸਿਰਜਣਾ ਕੀਤੀ ਹੈ। ਮਨੋਵਿਗਿਆਨੀ ਦੱਸਦੇ ਹਨ ਕਿ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨ ਵਾਲਾ ਬੰਦਾ ਅਵੱਸ਼ ਤੁਹਾਡੀ ਗੱਲ ਵਿਚ ਦਿਲਚਸਪੀ ਲੈ ਰਿਹਾ ਹੈ। ਕਈ ਵਾਰੀ ਇਹ ਦਿਲਚਸਪੀ ਸਿਰਫ ਗੱਲ ਤੱਕ ਹੀ ਨਹੀਂ ਰਹਿੰਦੀ ਬਲਕਿ ਖਿਸਕਦੀ-ਖਿਸਕਦੀ ਖੁਦ ਬੰਦੇ ਪ੍ਰਤੀ ਵੀ ਪੈਦਾ ਹੋ ਜਾਂਦੀ ਹੈ। ਭਾਵ ਅੱਖਾਂ ਵਿਚ ਅੱਖਾਂ ਪਾ ਕੇ ਦੇਖਦਿਆਂ ਦੇਖਦਿਆਂ ‘ਅੱਖਾਂ ਚਾਰ ਹੋ ਜਾਣਾ’ ਵਾਲਾ ਕਿੱਸਾ ਸ਼ੁਰੂ ਹੋ ਜਾਂਦਾ ਹੈ। ਸ਼ਬਦਾਂ ਦੀ ਤਰ੍ਹਾਂ ਅੱਖਾਂ ਦੀਆਂ ਸੈਨਤਾਂ ਵੀ ਬਹੁਅਰਥਕ ਹੁੰਦੀਆਂ ਹਨ। ਇਸ ਤਰ੍ਹਾਂ ਅੱਖ ਨਾਲ ਅੱਖ ਰਲਾਉਣ ਵਾਲਾ ਦੂਜੇ ਦੀ ਬਰਾਬਰੀ ਕਰ ਰਿਹਾ ਹੁੰਦਾ ਹੈ। ਜੇ ਕੋਈ ਗੱਲ ਕਰਦਿਆਂ ਟਿਕਟਿਕੀ ਹੀ ਬੰਨ੍ਹ ਲਵੇ ਤਾਂ ਇਸ ਦਾ ਮਤਲਬ ਉਹ ਤੁਹਾਨੂੰ ਇਕ ਤਰ੍ਹਾਂ ਟਿਚ ਸਮਝਦਾ ਹੋਇਆ ਧਮਕਾਉਣ ਜਾਂ ਨੀਚਾ ਦਿਖਾਉਣ ਦੀ ਕੋਸ਼ਿਸ਼ ਵਿਚ ਹੈ। ਇਸ ਨੂੰ ‘ਕੈਰੀ ਅੱਖ ਨਾਲ ਦੇਖਣਾ’ ਕਿਹਾ ਜਾਂਦਾ ਹੈ। ਨਿਸਚੇ ਹੀ ਇਸ ਨਾਲ ਚਿਹਰੇ ਦੇ ਹਾਵ-ਭਾਵ ਵੀ ਤਣਾਅ ਭਰਪੂਰ ਹੋ ਜਾਣਗੇ। ਭੈਅਭੀਤ ਹੋਇਆ ਸ਼ਿਕਾਰ ਕਈ ਵਾਰੀ ਬੋਲ ਪੈਂਦਾ ਹੈ, ‘ਯਾਰ ਤੂੰ ਮੇਰੇ ਵੱਲ ਦੇਖਦਾ ਕਿੱਦਾਂ ਹੈਂ?’ ਅਜਿਹੀ ਝਾਕਣੀ ਦੀ ਤਾਬ ਨਹੀਂ ਝੱਲੀ ਜਾਂਦੀ। ਇਸ ਤੋਂ ਉਲਟ ਕਈ ਵਾਰ ਤੁਹਾਡੀ ਗੱਲ ਸੁਣਦਾ ਕੋਈ ਬੰਦਾ ਆਸੇ-ਪਾਸੇ ਝਾਕਣ ਲਗਦਾ ਹੈ ਜਿਸ ਦਾ ਸਿਧਾ ਜਿਹਾ ਮਤਲਬ ਹੈ ਕਿ ਉਹ ਤੁਹਾਡੀ ਗੱਲ ਵਿਚ ਦਿਲਚਸਪੀ ਨਹੀਂ ਲੈ ਰਿਹਾ। ਤੁਸੀਂ ਜਾਂ ਤਾਂ ਬੋਰ ਹੋ ਜਾਂ ਉਹ ਤੁਹਾਡੇ ਨਾਲ ਸਹਿਮਤ ਨਹੀਂ ਜਾਂ ਆਪਣੀ ਪ੍ਰਤੀਕ੍ਰਿਆ ਛੁਪਾ ਰਿਹਾ ਹੈ। ਇਸ ਨੂੰ ਅੱਖ ਨਾ ਮਿਲਾਉਣਾ ਕਹਿੰਦੇ ਹਨ। ਜੇ ਕੋਈ ਗੱਲ ਕਰਦੇ ਸਮੇਂ ਥੱਲੇ ਨੂੰ ਦੇਖਦਾ ਹੈ ਤਾਂ ਇਸ ਦਾ ਮਤਲਬ ਜਾਂ ਤਾਂ ਉਹ ਸ਼ਰਮਸਾਰ ਹੈ ਜਾਂ ਆਪਣੇ ਆਪ ਨੂੰ ਤੁਹਾਡੇ ਤੋਂ ਨੀਵਾਂ ਸਮਝਦਾ ਹੈ। ‘ਅੱਖ ਨੀਵੀਂ’ ਹੋਣਾ ਜਾਂ ‘ਅੱਖ ਨਾ ਚੁੱਕ ਸਕਣਾ’ ਮੁਹਾਵਰੇ ਇਥੋਂ ਹੀ ਬਣੇ। ਕੁਝ ਦਲੇਰ ਆਦਮੀ ਅਜਿਹੀ ਸਥਿਤੀ ਵਿਚ ਅੱਖ ਚੁੱਕ ਕੇ ਦੇਖਣ ਦਾ ਹੌਸਲਾ ਕਰ ਵੀ ਲੈਂਦੇ ਹਨ। ਕਈ ਵਾਰੀ ਕੋਈ ਕੁੱਕੜ ਵਾਂਗ ਪਾਸਿਆਂ ਨੂੰ ਦੇਖਦਾ ਹੈ, ਜਿਸ ਨੂੰ ਕਨਖੀ ਕਿਹਾ ਜਾਂਦਾ ਹੈ। ਕਨਖੀ ਸ਼ਬਦ ‘ਕੰਨ ਅੱਖੀ’ ਦਾ ਹੀ ਸੰਜੋਗ ਹੈ, ਭਾਵ ਕੰਨ ਵੱਲ ਦੀ ਝਾਕਣੀ। ਕਨਖੀ ਦੇਖਣਾ ਇਕ ਤਰ੍ਹਾਂ ਚੋਰੀ ਚੋਰੀ ਦੇਖਣਾ ਹੁੰਦਾ ਹੈ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਇਹ ਇਕ ਤਰ੍ਹਾਂ ਦੀ ਵਿਅੰਗ ਝਾਕਣੀ ਵੀ ਹੋ ਸਕਦੀ ਹੈ ਤੇ ਹਲਕੀ ਜਿਹੀ ਘੂਰੀ ਵੀ। ‘ਅੱਖ ਭਰ ਕੇ ਦੇਖਣਾ’ ਵਿਚ ਪੂਰੇ ਧਿਆਨ ਜਾਂ ਦਿਲਚਸਪੀ ਦੇ ਭਾਵ ਹਨ। ਅੱਖ-ਵਿਗਿਆਨੀ ਦਸਦੇ ਹਨ ਕਿ ਅਜਿਹੀ ਦ੍ਰਿਸ਼ਟੀ ਸਮੇਂ ਅੱਖ ਦੀ ਪੁਤਲੀ ਵੱਡੀ ਹੋ ਜਾਂਦੀ ਹੈ ਜਿਸ ਨਾਲ ਬਾਹਰਲੇ ਦ੍ਰਿਸ਼ ਦੀਆਂ ਭਰਪੂਰ ਕਿਰਨਾਂ ਤੁਹਾਡੇ ਦ੍ਰਿਸ਼ਟੀ-ਪਟ ‘ਤੇ ਪੈਣ ਲਗਦੀਆਂ ਹਨ। ਇਸ ਸਮੇਂ ‘ਅੱਖਾਂ ਲਿਸ਼ਕਣ’ ਵੀ ਲਗਦੀਆਂ ਹਨ। ਇਸ ਸਥਿਤੀ ਵਿਚ ਮਨੁਖ ਅੰਦਰੂਨੀ ਸੋਚ-ਵਿਚਾਰਾਂ ਵਿਚ ਪਿਆ ਹੁੰਦਾ ਹੈ। ‘ਅੱਖ ਦਾ ਤਾਰਾ’ ਉਕਤੀ ਕਿਸੇ ਬਹੁਤ ਲਾਡਲੇ ਬੱਚੇ ਜਾਂ ਮਹਿਬੂਬ ਲਈ ਵਰਤੀ ਜਾਂਦੀ ਹੈ। ਅੱਖ ਦਾ ਤਾਰਾ ਅੱਖ ਦੀ ਪੁਤਲੀ ਹੀ ਹੈ ਜੋ ਤੁਹਾਡੀਆਂ ਅੱਖਾਂ ਵਿਚ ਵਸਦੀ ਹੈ। ਪੁਤਲੀਆਂ ਵਿਚੋਂ ਬਾਹਰਲੇ ਜਗਤ ਦਾ ਨਿਕਚੂ ਬਿੰਬ ਦਿਖਾਈ ਦਿੰਦਾ ਹੈ, ਮਾਨੋ ਇਹ ਪੁਤਲੀ ਦੀ ਨਿਆਈ ਹੈ ਜੋ ਵਾਸਤਵਿਕ ਜਗਤ ਦੀਆਂ ਗਤੀਵਿਧੀਆਂ ਅਨੁਸਾਰ ਨੱਚਦੀ ਰਹਿੰਦੀ ਹੈ। ਗੌਰ ਕਰੋ ਅੰਗਰੇਜ਼ੀ ਵਿਚ ਇਸ ਨੂੰ ਪੁਪਲਿ ਕਿਹਾ ਜਾਂਦਾ ਹੈ ਜੋ ਪੁਪਪeਟ ਤੋਂ ਬਣਿਆ ਹੈ। ਪਰ ਘਬਰਾਹਟ ਵਿਚ ਅੱਖਾਂ ਵਿਚ ਤਰਨ ਵਾਲੇ ਭੰਬੂ ਤਾਰੇ ਹੋਰ ਹਨ, ਇਹ ਮਨੁਖ ਦੇ ਆਪਣੇ ਨਿੱਜੀ ਹਨ, ਕੋਈ ਹੋਰ ਤੁਹਾਡੇ ਭੰਬੂ ਤਾਰੇ ਨਹੀਂ ਦੇਖ ਸਕਦਾ।
ਕਈ ਵਾਰੀ ਕੋਈ ਆਦਮੀ ਗੱਲਾਂ ਕਰਦੇ ਵਕਤ ਉਪਰ ਨੂੰ ਝਾਕਣ ਲਗਦਾ ਹੈ। ਅਜਿਹਾ ਬੰਦਾ ਆਪਣੇ ਆਪ ਨੂੰ ਤੁਹਾਡੇ ਤੋਂ ਉਚਾ ਸਮਝਦਾ ਹੈ। ਆਕਾਸ਼ ਨਾਲ ਗੱਲਾਂ ਕਰਦਾ ਐਵੇਂ ਨਹੀਂ ਮੁਹਾਵਰਾ ਬਣਿਆ। ਪਰ ਜੇ ਉਹ ਆਪ ਗੱਲ ਕਥ ਕਰਦਾ ਜਾਂ ਭਾਸ਼ਨ ਕਰਦਾ ਉਪਰ ਨੂੰ ਝਾਕਣ ਲੱਗੇ ਤਾਂ ਇਸ ਦਾ ਮਤਲਬ ਉਹ ਕੁਝ ਯਾਦ ਕਰ ਰਿਹਾ ਹੈ, ਸੰਭਵ ਹੈ ਰਟੇ ਹੋਏ ਸ਼ਬਦ।
ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਗੱਲ ਕਰਦੇ ਵਕਤ ਅੱਖਾਂ ਬਿਲਕੁਲ ਨਹੀਂ ਝਮਕਦੇ ਜਾਂ ਬਹੁਤ ਘਟ ਝਮਕਦੇ ਹਨ। ਮਨੋ-ਵਿਗਿਆਨੀਆਂ ਅਨੁਸਾਰ ਇਸ ਦਾ ਭਾਵ ਹੁੰਦਾ ਹੈ ਕਿ ਅਜਿਹਾ ਮਨੁਖ ਕਿਸੇ ਉਤੇਜਨਾ ਭਰੀ ਸਥਿਤੀ ਤੋਂ ਅਣਪ੍ਰਭਾਵਤ ਹੋਣ ਦਾ ਝਲਕਾਰਾ ਦੇ ਰਿਹਾ ਹੈ। ਤਾਸ਼ ਦੀ ਖੇਡ ਸਮੇਂ ਕਿਸੇ ਕੋਲ ਚੰਗੇ ਪੱਤੇ ਆ ਜਾਣ ਸਮੇਂ ਅਜਿਹੀ ਤੱਕਣੀ ਦੇਖੀ ਜਾ ਸਕਦੀ ਹੈ। ‘ਅੱਖ ਨੀ ਝਮਕਾਉਂਦਾ ਬਾਈ ਤਾਂ’ ਬਾਈ ਫਿਰ ਸ਼ਰਾਰਤੀ ਅੱਖ ਨਾਲ ਹੋਰ ਪਾਸੇ ਝਾਕਣ ਲਗਦਾ ਹੈ। ਦੂਜੇ ਬੰਨੇ ਕਈ ਲੋਕ ਗੱਲਬਾਤ ਸਮੇਂ ਜਾਂ ਬੇਮਤਲਬ ਹੀ ਅੱਖਾਂ ਬਹੁਤ ਝਮਕਾਉਂਦੇ ਹਨ। ਅਜਿਹੇ ਲੋਕ ਅੰਦਰੋਂ ਕਿਸੇ ਕਾਰਨ ਦੁਖੀ ਹੋਏ ਹੁੰਦੇ ਹਨ। ਸ਼ਾਇਦ ਅੱਖਾਂ ਨੂੰ ਅੱਥਰੂਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਹੈ। ਬਹੁਤੀ ਸੋਚ ਕਾਰਨ ਵੀ ਅੱਖਾਂ ਦੀ ਗਤੀ ਤੇਜ਼ ਹੋ ਜਾਂਦੀ ਹੈ। ਅੱਖਾਂ ਬੰਦ ਰੱਖਣਾ ਵੀ ਕਸ਼ਟਦਾਇਕ ਸਥਿਤੀ ਤੋਂ ਬਚਣ ਦਾ ਇਕ ਸਹਿਜ ਪ੍ਰਤੀਕ੍ਰਮ ਹੈ। ਗੋਲੇ ਕਬੂਤਰ ਅਕਸਰ ਹੀ ਅਜਿਹਾ ਕਰਦੇ ਹਨ। ਇਸ ਲਈ ਅੱਖ ਚੁਰਾਉਣਾ, ਅੱਖ ਮੁੰਦ ਲੈਣਾ ਜਾਂ ਅੱਖ ਮੀਟਣਾ ਮੁਹਾਵਰੇ ਚਲਦੇ ਹਨ। ਪਰ ਅੱਖਾਂ ਮੀਟ ਜਾਣਾ ਤਾਂ ਹਮੇਸ਼ਾ ਲਈ ਦੁਨੀਆਂ ਦੇ ਕਸ਼ਟਾਂ ਤੋਂ ਬਚ ਨਿਕਲਣਾ ਹੈ। ਗੱਲ ਸੁਣਦੇ ਸਮੇਂ ਜੇ ਕੋਈ ਬੰਦਾ ਤੁਹਾਡੇ ਨਾਲ ਅੱਖ ਨਹੀਂ ਮਿਲਾ ਰਿਹਾ ਤਾਂ ਉਹ ਅਵੱਸ਼ ਝੂਠਾ ਜਾਂ ਸ਼ਰਮਸਾਰ ਹੈ ਤੇ ਤੁਹਾਡੀ ਗੱਲ ਤੋਂ ਬਚਣ ਦਾ ਰਾਹ ਲੱਭ ਰਿਹਾ ਹੈ।
ਅੱਖਾਂ ਪਾੜ ਪਾੜ ਪਾੜ ਕੇ ਦੇਖਣ ਦੀ ਸਥਿਤੀ ਕਈ ਇਰਾਦਿਆਂ ਦੀ ਅਰਥਾਵੀਂ ਹੈ। ਜਾਂ ਤਾਂ ਇਸ ਤਰ੍ਹਾਂ ਕਰਦਾ ਬੰਦਾ ਕਿਸੇ ਗੱਲੋਂ ਹੱਕਾ-ਬੱਕਾ ਹੈ, ਜਾਂ ਦੁਖੀ ਹੈ। ਅੱਖਾਂ ਕੱਢਣਾ ਤਾਂ ਅਜਿਹੇ ਭਾਵਾਂ ਨੂੰ ਹੋਰ ਵੀ ਸ਼ਿਦਤ ਨਾਲ ਪੇਸ਼ ਕਰਨਾ ਹੈ। ਕਿਸੇ ਵੱਲ ਲਲਚਾਏ ਇਰਾਦਿਆਂ ਨਾਲ ਵੀ ਪਾੜ-ਪਾੜ ਕੇ ਝਾਕਿਆ ਜਾਂਦਾ ਹੈ। ਇਸਤਰੀਆਂ ਨੂੰ ਪੁਛੋ ਮਰਦ ਉਨ੍ਹਾਂ ਦੇ ਉਭਾਰਾਂ ਵੱਲ ਕਿਵੇਂ ਪਾੜ ਖਾਣੀਆਂ ਨਜ਼ਰਾਂ ਨਾਲ ਤੱਕਦੇ ਹਨ। ਪਥਰਾਈਆਂ ਅੱਖਾਂ ਨਿਰਭਾਵ ਦੀ ਨਿਸ਼ਾਨੀ ਹੈ। ਮਾਨੋ ਜਜ਼ਬਾਤ ਦੇ ਸਰੋਤ ਸੁੱਕ ਗਏ ਹਨ ਜਾਂ ਅੱਖਾਂ ਦਾ ਪਾਣੀ ਮਰ ਚੁੱਕਾ ਹੈ। ਅੱਖ ਮਾਰਨ ਦੇ ਮਨੋਰਥ ਦਾ ਤਾਂ ਸਭ ਨੂੰ ਪਤਾ ਹੀ ਹੈ। ਜੋ ਆਦਤਨ ਅੱਖ ਮਾਰਦੇ ਰਹਿੰਦੇ ਹਨ, ਉਹ ਤੁਹਾਡੇ ਨਾਲ ਝੂਠਾ ਜਿਹਾ ਜਜ਼ਬਾਤੀ ਸਬੰਧ ਬਣਾਉਣ ਦਾ ਦੰਭ ਰਚਦੇ ਹਨ।
Leave a Reply