ਦੌਧਰ ਦਾ ਦੋਹਤਰਾ

ਗੁਰਮੀਤ ਕੜਿਆਲਵੀ
ਫੋਨ: 98726-40994
ਮੋਗੇ ਵੱਸਦੇ ਪੰਜਾਬੀ ਰਚਨਾਕਾਰ ਕੇ.ਐਲ. ਗਰਗ ਦੀਆਂ ਰਚਨਾਵਾਂ ਦਾ ਆਪਣਾ ਹੀ ਰੰਗ ਹੈ ਅਤੇ ਉਨ੍ਹਾਂ ਦੇ ਜੀਵਨ ਦਾ ਰੰਗ-ਢੰਗ ਵੀ ਬੜਾ ਦਿਲਚਸਪ ਹੈ। ਉਨ੍ਹਾਂ ਕਹਾਣੀਆਂ ਲਿਖੀਆਂ, ਨਾਵਲ ਜੋੜੇ, ਆਪਣੀਆਂ ਵਿਅੰਗ ਰਚਨਾਵਾਂ ਦੇ ਤਿੱਖੇ ਬਾਣ ਚਲਾਏ ਅਤੇ ਇਸ ਦੇ ਨਾਲ-ਨਾਲ ਅਨੁਵਾਦ ਦੇ ਖੇਤਰ ਵਿਚ ਵੀ ਭਰਵੀਂ ਹਾਜ਼ਰੀ ਲੁਆਈ ਹੈ। ਗਲਪਕਾਰ ਗੁਰਮੀਤ ਕੜਿਆਲਵੀ ਨੇ ਇਨ੍ਹਾਂ ਰੰਗਾਂ ਦੇ ਵੱਖ-ਵੱਖ ਪੱਖ ਆਪਣੇ ਇਸ ਰੇਖਾ ਚਿੱਤਰ `ਚ ਬਾਖੂਬੀ ਉਘਾੜੇ ਹਨ, ਜਿਸ ਦੀ ਦੂਜੀ ਤੇ ਆਖਰੀ ਕਿਸ਼ਤ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ।

ਮੋਬਾਈਲ ਫੋਨ ’ਤੇ ਇਕ ਦੂਜੇ ਨਾਲ ਪ੍ਰੋਗਰਾਮ ਤੈਅ ਕਰ ਕੇ ਸਾਡਾ ਡੁਰਲੀ ਜਥਾ ਅੰਮ੍ਰਿਤਸਰ ਨੂੰ ਚਾਲੇ ਪਾ ਦਿੰਦਾ ਹੈ। ਵਿਰਸਾ ਵਿਹਾਰ ਨੇੜਲੀ ਆਰਟ ਗੈਲਰੀ ਵਿਚ ਲੇਖਕ-ਲੇਖਿਕਾਵਾਂ ਦੀ ਚੰਗੀ-ਚੋਖੀ ਭੀੜ ਹੈ। ਵਿਦਵਾਨਾਂ ਵਲੋਂ ਆਪਣੇ ਚਹੇਤੇ ਅਤੇ ਬਰਾਦਰੀ ਵਾਲੇ ਪੰਜ ਚਾਰ ਕਹਾਣੀਕਾਰਾਂ ਦੀ ਕੀਤੀ ਹੋਈ ਸਿਹਰਾਬੰਦੀ ਸੁਣਨ ਤੋਂ ਬਾਅਦ ਅਸੀਂ ਬਾਹਰ ਆ ਖੜ੍ਹਦੇ ਹਾਂ।
“ਕੜਿਆਲਵੀ ਐਹ ਲੇਖਿਕਾਵਾਂ ’ਚੋਂ ਕਿੰਨੀਆਂ ਕੁ ਨੂੰ ਜਾਣਦੈਂ?”
“ਖਾਸ ਨੀ.. .. .. ਦਰਅਸਲ ਮੈਂ ਕਦੇ ਖਿਆਲ ਈ ਨਹੀਂ ਕੀਤਾ।”
“ਕਮਾਲ ਐ ਯਾਰ! ਖਿਆਲ ਰੱਖਿਆ ਕਰ। ਅਜੇ ਤੇਰੀ ਉਮਰ ਐ।” ਗਰਗ ਟੋਟਣ ਖੁਰਕਣ ਲੱਗਦਾ ਹੈ।
“ਰੱਖਿਆ ਤਾਂ ਸੀ ਖਿਆਲ, ਹੋਰ ਇਹਨੇ ਠੇਕਾ ਲਿਆ ਖਿਆਲ ਰੱਖਣ ਦਾ?” ਸਾਹਿਤ ਦਾ ਡਰਾਈਵਰ ਵੀ ਟਾਂਚ ਲਾਉਣੋਂ ਬਾਜ਼ ਨੀਂ ਆਉਂਦਾ।
“ਡਾਂਗਾਂ ਵੀ ਤਾਂ ਇਹਨੇ ਈ ਖਾਧੀਆਂ।” ਗਰਗ ਦੇ ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ।
“ਗਰਗ ਸਾਹਿਬ ਤੁਸੀਂ ਵੀ ਖਿਆਲ ਰੱਖ ਲਿਆ ਕਰੋ.. .. .. ਥੋੜਾ ਮਾਡਲ ਵੀ ਤਾਂ ਆਉਂਦਾ ਈ ਐ ਗੋਸ਼ਟੀਆਂ ’ਚ। ਨਾਲੇ ਹੁਣ ਤਾਂ ਅਮਰੀਕਾ-ਕੈਨੇਡਾ ਵੀ ਜਾਂਦੇ ਆਉਂਦੇ ਰਹਿਨੇ ਓਂ.. .. .. ਉੱਥੇ ਤਾਂ ਕਹਿੰਦੇ ਸੀ ਖਾਸੀ ਆਜ਼ਾਦੀ ਐ। ਬਥੇਰੀਆਂ ਟੱਕਰੀਆਂ ਹੋਣੀਆਂ.. .. .. ਮੈਡਮ ਨਹੀਂ ਸੀ ਰੋਕਦੀ?”
“ਲਾਈ ਸੀ ਤੇਰੇ ਵਰਗਿਆਂ ਨੇ ਉਂਗਲ ਅਖੇ ਗਰਗ ਨੂੰ ਫੰਕਸ਼ਨਾਂ-ਫੁੰਕਸ਼ਨਾਂ ’ਤੇ ਨਾ ਜਾਣ ਦਿਆ ਕਰ ਬਹੁਤਾ। ਉਥੇ ਗੋਰੀਆਂ ਨਾਲ ਮੇਲ-ਜੋਲ ਕਰਦਾ।”
“ਗਰਗ ਸਾਹਿਬ ਘੱਟ ਤਾਂ ਜਵਾਨੀ ਵਾਰੇ ਤੁਸੀਂ ਵੀ ਨੀਂ ਕੀਤੀ। ਰੱਸੇ-ਪੈੜੇ ਤਾਂ ਤੁਸੀਂ ਵੀ.. .. ..?” ਮੈਂ ਕਹਿੰਦਾ-ਕਹਿੰਦਾ ਰੁਕ ਜਾਂਦਾ ਹਾਂ। ਗਰਗ ਸਾਹਿਬ ਹੁਰਾਂ ਦੀ ਉਮਰ ਆੜੇ ਆ ਜਾਂਦੀ ਹੈ।
ਸਾਡਾ ਕਾਹਦਾ ਇਸ਼ਕ ਸੀ। ਐਵੇਂ ਦੂਰੋਂ-ਦੂਰੋਂ ਈ ਕੀਤਾ ਸੀ ਛੰਨੇ ਪਿੰਡ ਆਲੀ ਨਾਲ। ਕੜਿਆਲਵੀ, ਉਦੋਂ ਹਾਲਾਤ ਈ ਸਾਜ਼ਗਾਰ ਨੀਂ ਸੀਗੇ, ਮਹੀਂਵਾਲ ਵਾਂਗੂੰ ਝਨਾਂ ਈ ਨੀਂ ਤਰ ਹੋਈ। ਫੇਰ ਕਈ ਵਰੇ੍ਹ ਪਿੱਛੋਂ ਮਿਲੀ ਸੀ.. .. ਜੁਆਕ ਕੁੱਛੜ ਚੁੱਕੀ.. .. .. ਅੱਖਾਂ ਵਿਚ ਐਨ ਉਹੋ ਜਿਹੀ ਲਿਸ਼ਕ.. ..ਜਿਹੜੀ ਜਵਾਨੀ ਦੇ ਤਪਦੇ ਵਰ੍ਹਿਆਂ ’ਚ ਹੁੰਦੀ ਸੀ।
“ਅਮਰੀਕਾ-ਕੈਨੇਡਾ”
“ਚੱਕਣ ਵਾਲਿਆਂ ਨੇ ਬਥੇਰਾ ਚੱਕਿਆ ਮੈਡਮ ਨੂੰ ਅਖੇ ਇਹ ਅਮਰੀਕਾ ਹੈ.. .. ਬੰਦੇ ਦਾ ਕੋਈ ਭਰੋਸਾ ਨੀਂ.. .. ਬੰਦਾ ਕੀ ਇੱਥੇ ਤਾਂ ਕਿਸੇ ਦਾ ਵੀ ਭਰੋਸਾ ਹੈਨੀ। ਐਵੇਂ ਕਿਤੇ.. .. ..।”
“ਫੇਰ?”
“ਫੇਰ ਕੀ ਮੈਡਮ ਨੀਂ ਆਈ ਗੱਲਾਂ ’ਚ। ਕਹਿੰਦੀ ਹੁਣ ਕੋਈ ਡਰ ਨਹੀਂ।” ਸੁਰਜੀਤ ਬਰਾੜ ਦੀ ਪੁੱਛ ਦਾ ਜਵਾਬ ਦਿੰਦਿਆਂ, ਸੱਜੇ ਹੱਥ ਨੂੰ ਜਾਣੇ-ਪਛਾਣੇ ਅੰਦਾਜ਼ ਵਿਚ ਹਿਲਾਉਂਦਾ ਹੈ।
“ਗਰਗ ਸਾਹਿਬ ਹੁਣ ਤਾਂ ਮੈਡਮ ਥੋਡਾ ਕੁਛ ਲਿਖਿਆ ਵੀ ਨੀਂ ਪੜ੍ਹਦੇ ਹੋਣੇ-ਕਿ ਪੜ੍ਹ ਲੈਂਦੇ ਨੇ?”
“ਕਾਹਨੂੰ ਪੜ੍ਹਦੀ ਐ। ਉਹ ਤਾਂ ਆਖਦੀ, ਕੀ ਝੱਖ ਮਾਰੀ ਜਾਨੇ ਓਂ ਤੁਸੀਂ। ਸਮਝ ਤਾਂ ਥੋਡੀ ਕੁਛ ਲੱਗਦੀ ਲੁੱਗਦੀ ਨੀਂ।”
ਇੰਨੇ ਨੂੰ ਅਸੀਂ ਅੰਗਰੇਜ਼ੀ ਸ਼ਰਾਬ ਦੇ ਠੇਕੇ ਕੋਲ ਆ ਖੜ੍ਹਦੇ ਹਾਂ।
“ਕੜਿਆਲਵੀ! ਆਹ ਬਰਾੜ ਆਂਹਦਾ ਥੱਕੇ ਜਏ ਪਏ ਆਂ।” ਬਲਦੇਵ ਘੁੱਟ-ਘੁੱਟ ਲਾਉਣ ਲਈ ਭੂਮਿਕਾ ਬੰਨ੍ਹਦਾ ਹੈ। ਦਰਅਸਲ ਕਿਸੇ ਵੀ ਖਾਣ-ਪੀਣ ਵਾਲੀ ਚੀਜ਼ ਲਈ ਸਾਡਾ ਜਥਾ ਇਸੇ ਤਰ੍ਹਾਂ ਬਰਾੜ ਦਾ ਨਾਂ ਵਰਤ ਲੈਂਦਾ ਹੈ ਜਿਵੇਂ,
“ਬਰਾੜ ਆਂਹਦਾ ਰੋਟੀ ਨਾ ਖਾ ਲਈਏ।”
“ਬਰਾੜ ਆਂਹਦਾ ਚਾਹ ਦੀ ਤਲਬ ਲੱਗੀ ਐ।” ਆਦਿ।
“ਚਲੋ ਲਾ ਲੈਨਂੇ ਨਿੱਕਾ-ਨਿੱਕਾ, ਲੰਡੂ ਜਿਹਾ। ਆਏਂ ਕਰਦੇ.. .. ਅਮਰੀਕਾ ਵਾਲਾ ਢੰਗ ਵਰਤੀਏ। ਕੱਢੋ ਸੌ-ਸੌ। ਬਲਦੇਵ, ਫੜ ਲਿਆ ਜਾ ਕੇ, ਪੈਸੇ ਆ ਕੇ ਲੈ ਲੀਂ। ਲੈ ਆ ਜਾ ਕੇ।” ਗਰਗ ਪੈਸੇ ਕੱਢਣ ਲਈ ਪਰਸ ਫਰੋਲਣ ਲੱਗਦਾ ਹੈ। ਬਲਦੇਵ ਸਿੰਘ ਠੇਕੇ ਤੋਂ ਆਪਣੀ ਮਨਪਸੰਦ ਬੋਤਲ ਫੜ ਲਿਆਉਂਦਾ ਹੈ।
“ਕੋਈ ਚੱਜ ਦੀ ਫੜ ਲੈਣੀ ਸੀ.. .. .. ਡੂਢ-ਡੂਢ ਤਾਂ ਪੈੱਗ ਲਾਉਣਾ। ਚੱਲ ਠੀਕ ਐ ਜਿਹੜੀ ਲੈ ਆਂਦੀ ਹੁਣ। ਸਿਰ ਈ ਘੁਕਾਉਣਾ ਕੋਈ ਹੋਈ।” ਗਰਗ ਬੜੀ ਲਿਮਟ ਵਿਚ ਪੀਂਦਾ ਹੈ। ਕੇਵਲ ਦੋ ਪੈੱਗ। ਉਸ ਤੋਂ ਬਾਅਦ ਜੇਕਰ ਕਿਤੇ ਇਕ ਅੱਧ ਵਾਧੂ ਪੈੱਗ ਲਾ ਲਵੇ, ਟਕਸਾਲੀ ਪੰਜਾਬੀ ਛੱਡ ਕੇ ਗੂੜ੍ਹ ਮਲਵਈ ’ਤੇ ਆ ਜਾਂਦਾ ਹੈ।
“ਬਲਦੇਵ ਦੀ ਆਹ ਮਾੜੀ ਨੀਤ ਨੀਂ ਜਾਣੀ ਸਾਰੀ ਉਮਰ.. .. .. ਕੀ ਘਾਟ ਐ ਇਹਨੂੰ? ਹੈ ਕੋਈ ਘਾਟ? ਮੁੰਡੇ ਸੈੱਟ ਨੇ ਚੰਗੇ ਭਲੇ। ਨੂੰਹਾਂ ਅੱਡ ਕਾਰੋਬਾਰ ’ਤੇ ਨੇ। ਰਾਇਲਟੀ ਦੇ ਰੂਪ ਵਿਚ ਧੜਾਧੜ ਨੋਟ ਡਿੱਗੀ ਜਾਂਦੇ। ਕੋਈ ਘਾਟ ਨੀਂ ਕਿਸੇ ਪਾਸਿਓਂ। ਸੁਨਿਆਰੇ ਦੇ ਕੜਾ ਲੋਟ ਆਇਆ। ਹਰ ਵਰਿਆਈ ਮੱਝ ਵਾਂਗੂੰ ਆਏ ਸਾਲ ਨਾਵਲ ਲਿਖ ਮਾਰਦਾ ਪਰ ਮਰੂੰ-ਮਰੂੰ ਕਰਨੋਂ ਫੇਰ ਨੀਂ ਹਟਦਾ। ਹੁਣ ਆਹ ਦੇਖ ਕੀ ਫੜ ਲਿਆਂਦੀ। ਬੰਦਾ ਦਾਰੂ ਤਾਂ ਚੰਗੀ ਪੀਵੇ ਜਿਹੜੀ ਦੋ ਪੈੱਗ ਪੀਣੀ। ਸੌ ਪੰਜਾਹ ਨਾਲ ਕੀ ਫਰਕ ਪੈਂਦਾ? ਐਧਰ ਦੇਖ ਲੈ… ਬੜੇ ਮਾੜੇ ਦਿਨ ਦੇਖੇ… ਉਦੋਂ ਰੂੜੀ ਮਾਰਕਾ ਵੀ ਪੀਤੀ ਰੱਜ ਕੇ। ਨੂਣ ਨਾਲ ਵੀ ਪੀਂਦੇ ਰਹੇ ਆਂ… ਚਿੱਟੇ ਮੁਰਗੇ ਨਾਲ। ਹੁਣ ਮਾਰਾਜ ਦੀ ਮੇਹਰ ਆ। ਚਾਰ ਪੈਸੇ ਹੈਗੇ ਦਾਰੂ ਚੰਗੀ ਪੀਈ ਦੀ। ਐਵੇਂ ਭਚੀੜੀ ਜਾਣ ਦਾ ਕੀ ਫਾਇਦਾ?” ਥੋੜ੍ਹਾ ਜਿਹਾ ਪਾਸੇ ਹੋ ਕੇ ਗਰਗ ਆਪਣੀ ਭੜਾਸ ਕੱਢਦਾ ਹੈ।
“ਹਾਅ ਕੌਣ ਨੇ.. .. ..? ਕੜਿਆਲਵੀ ਤੂੰ ਤਾਂ ਜਾਣਦਾ ਹੋਵੇਂਗਾ? ਇਹ ਵੀ ਲੇਖਕ-ਲੂਖਕ ਈ ਹੋਣੇ?” ਗਰਗ ਨੇ ਸਾਡੇ ਤੋਂ ਥੋੜ੍ਹੀ ਦੂਰ ਆਂਡਿਆਂ ਵਾਲੀ ਰੇਹੜੀ ਦੇ ਦੁਆਲੇ ਪਾਲ ਬੰਨ੍ਹੀ ਖੜ੍ਹੇ ਤੇ ਦਾਰੂ ਦਾ ਸੁਆਦ ਮਾਣ ਰਹੇ ਕੁਝ ਲੇਖਕ ਮੁੰਡਿਆਂ ਵੱਲ ਇਸ਼ਾਰਾ ਕਰਦਿਆਂ ਮੈਨੂੰ ਪੁੱਛਿਆ ਸੀ।
“ਤੈਨੂੰ ਨੀਂ ਪਤਾ.. ..ਇਹ ਦੁਆਬੇ ਦੇ ਮਸ਼ਹੂਰ ਵਿਦਵਾਨਾਂ ਦਾ ਜਥਾ ਹੈ। ਜਿਵੇਂ ਆਪਣਾ ਮੋਗੇ ਵਾਲਾ ਆ। ਇਹ ਹੁਣ ਤਲਵਿੰਦਰ ਦੇ ਸੱਦੇ ’ਤੇ ਆਏ ਨੇ… ਹੁਣ ਦਾਰੂ ਨਾਲ ਰੱਜ ਕੇ ਸਿਗਰਟਾਂ ਦੀ ਧੂਹ ਵਰਾਉਣਗੇ।” ਬਲਦੇਵ ਮੇਰੇ ਤੋਂ ਪਹਿਲਾਂ ਹੀ ਬੋਲਿਆ ਸੀ।
“ਨੀ ਉਹ ਤਾਂ ਠੀਕ ਐ.. .. .. ਵਿਦਵਾਨ ਐ ਇਹ ਵੀ ਠੀਕ ਐ… ਪਰ ਇਹਦੇ ਸਿਰ ਨੂੰ ਕੀ ਹੋਇਆ?” ਗਰਗ ਪੂਰੇ ਤਰਾਰੇ ਵਿਚ ਹੈ। ਦਾਰੂ ਪੀ ਕੇ ਉਹ ਕਰਾਰੀਆਂ-ਕਰਾਰੀਆਂ ਗਾਹਲਾਂ ਕੱਢਦਾ ਹੈ। ਪੀਣ ਬਾਅਦ ਉਸ ਦੇ ਮੁਖਾਰ ਬਿੰਦ ’ਚੋਂ ਤੱਤਾ-ਤੱਤਾ ਰਸ ਚੋਣ ਲੱਗਦਾ ਹੈ।
“ਗਰਗ ਬਾਣੀਆ ਨਈਂ…।” ਬਲਦੇਵ ਵਿਅੰਗ ਕਰਦਾ ਹੈ।
“ਕੀ ਭਾਵ ਤੇਰਾ?” ਸੁਰਜੀਤ ਬਰਾੜ ਮੁਸਕੜੀਏਂ ਹੱਸਦਾ ਪ੍ਰਸ਼ਨ ਚਿੰਨ੍ਹ ਲਟਕਾਉਂਦਾ ਹੈ।
“ਯਾਰ ਸਾਰਾ ਮੁਲਕ ਘੁੰਮਿਆ ਮੈਂ.. .. .. ਟਰੱਕ ਡਰਾਈਵਰ ਰਿਹਾਂ ਐਨਾ ਚਿਰ। ਐਨੀਆਂ ਤੱਤੀਆਂ-ਤੱਤੀਆਂ ਗਾਹਲਾਂ ਤਾਂ ਡਰਾਈਵਰ ਵੀ ਨੀਂ ਕੱਢਦੇ।”
“ਬਲਦੇਵ ਹਾਅ ਦੇਖ.. .. ਵੱਡੀ ਸ਼੍ਰੋਮਣੀ ਲੇਖਕਾ ਬਣੀ ਫਿਰਦੀ ਐ। ਕਾਹਦੀਆਂ ਗੱਲਾਂ ਹੁਣ ਤਾਂ ਲੱਲੀ-ਛੱਲੀ ਸ਼੍ਰੋਮਣੀ ਹੋਈ ਫਿਰਦੀ।” ਗਰਗ ਦੀ ਗਰਾਰੀ ਅੜਨ ਲੱਗਦੀ ਹੈ।
“ਚੱਲੋ… ਚੱਲੀਏ ਹੁਣ ਘਰਾਂ ਨੂੰ। ਬਥੇਰੇ ਦਰਸ਼ਨ ਹੋਗੇ ਵਿਦਵਾਨਾਂ ਦੇ। ਕੜਿਆਲਵੀ ਹੈ ਇੱਥੇ ਕੁਝ ਕੱਢਣ ਪਾਉਣ ਨੂੰ … ਕੋਈ ਕਹਿੰਦਾ ਪੰਜਾਬੀ ਕਹਾਣੀ ਅਸਮਾਨ ’ਤੇ ਚੜ੍ਹਗੀ… ਕੋਈ ਕਹਿੰਦਾ ਵਿਸ਼ਵ ਦੀ ਕਹਾਣੀ ਨਾਲੋਂ ਅੱਗੇ ਲੰਘਗੀ। ਆਵਦੇ ਈ ਫਤਵੇ ਸੁਣਾਈ ਜਾਂਦੇ। ਇਹ ਜਿਹੜੇ ਵਿਦਵਾਨ ਐ ਨਾ… ਸਾਰੇ ਸਦਾਮ ਹੁਸੈਨ ਈ ਆ। ਐਵੇਂ ਇਕ ਦੂਜੇ ਨੂੰ ਫੂਕ ਛਕਾਈ ਜਾਂਦੇ।”
ਕਹਾਣੀਵਾਰ ਤਲਵਿੰਦਰ ਆਏ ਲੇਖਕਾਂ ਦਾ ਧੰਨਵਾਦ ਕਰਦਿਆਂ, ਰਾਤ ਰਹਿਣ ਦਾ ਸੱਦਾ ਦਿੰਦਾ ਫਿਰਦਾ ਹੈ।
“ਆਪਾਂ ਨੀਂ ਰਹਿਣਾ ਰਾਤ… ਨਹੀਂ ਟਾਂਡੇ ਆਲੀ ਹੋਊ। ਸਾਰੀ ਰਾਤ ਮੱਛਰਾਂ ਨੇ ਨਹੀਂ ਸੀ ਸੌਣ ਦਿੱਤਾ। ਕਈ ਦਿਨ ਪਿੱਛਾ ਖੁਰਕਦੇ ਰਹੇ ਪਾਂ ਖਾਧੇ ਕੁੱਤੇ ਵਾਂਗੂੰ।”
“ਰਾਤ ਤਾਂ ਪੈ ਚੱਲੀ… ਹੁਣ ਘਰੇ ਜਾ ਕੇ ਕਰੇਂਗਾ ਕੀ?” ਮੁਸ਼ਕੜੀਏਂ ਹੱਸਦਾ ਬਰਾੜ ਫੇਰ ਛੇੜਦਾ ਹੈ।
“ਕਰਨਾ ਕਰਾਉਣਾ ਤਾਂ ਕੀ ਐ… ਬੱਸ ਊਈਂ ਆਸਰਾ ਜਿਹਾ ਹੋਇਆ ਰਹਿੰਦਾ ਇਕ ਦੂਸਰੇ ਦਾ। ਵੈਸੇ ਤਾਂ ਸਮਝ ਲੈ, ਐਸ ਉਮਰ ’ਚ ਭੈਣ-ਭਰਾ ਈ ਆਂ।” ਗਰਗ ਦੀ ਹਾਜ਼ਰ ਜੁਆਬੀ ਕਮਾਲ ਦੀ ਹੈ।
“ਗਰਗ ਸਾਬ ਕਈ ਕਹਿੰਦੇ ਲੇਖਕ ਤਾਂ ਸਾਧਾਂ ਅਰਗੇ ਹੁੰਦੇ… ਕੀ ਖਿਆਲ?” ਮੈਂ ਝਕਦਿਆਂ-ਝਕਦਿਆਂ ਪੁੱਛਦਾ ਹਾਂ।
“ਕੜਿਆਲਵੀ, ਲੇਖਕ ਨੂੰ ਹਰ ਵੇਲੇ ਈ ਲੇਖਕ ਨੀਂ ਬਣੇ ਰਹਿਣਾ ਚਾਹੀਦਾ। ਕਈ ਬਾਜੇ-ਬਾਜੇ ਬੰਦੇ ਤਾਂ ਜਨਾਨੀ ਕੋਲ ਜਾ ਕੇ ਵੀ ਲੇਖਕ ਈ ਬਣੇ ਰਹਿੰਦੇ ਆ।”
“ਇਹ ਕੜਿਆਲਵੀ ਨੂੰ ਕਿਉਂ ਕਹਿਨਾ?” ਬਲਦੇਵ ਦਾ ਵਿਅੰਗ ਮੇਰੇ ਵੱਲ ਨੂੰ ਚਲਦਾ ਹੈ।
“ਕਾਹਨੂੰ.. .. .. ਕੜਿਆਲਵੀ ਨੂੰ ਕਾਹਨੂੰ ਕਹਿਨੈਂ.. .. .. ਬਥੇਰੇ ਐ… ਆਪਣੇ ਸ਼ਹਿਰ `ਚ ਵੀ, ਜਿਹੜੇ ਚੌਵੀ ਘੰਟੇ ਲੇਖਕ ਈ ਬਣੇ ਰਹਿੰਦੇ, ਬੰਦੇ ਤਾਂ ਕਦੇ ਬਣਦੇ ਈ ਨੀਂ.. ਹੁਣ ਆਪਣੇ ਲੇਖਕਾਂ ਕੰਨੀ ਦੇਖਲਾ, ਬਾਜ਼ੀਗਰਾਂ ਵਾਂਗੂੰ ਪੁੱਠੀਆਂ-ਸਿੱਧੀਆਂ ਛਾਲਾਂ ਲਾਉਂਦੇ ਰਹਿੰਦੇ। ਐਹੇ ਜਏ ਲੇਖਕਾਂ ਦੀ ਰਚਨਾ ਸਦੀਵੀਂ ਨੀਂ ਬਣਦੀ। ਐਹੇ ਜਿਆਂ ਨੂੰ ਜਿੰਨਾ ਚਿਰ ਕੋਈ ਇਨਾਮ-ਸਨਮਾਨ ਨੀਂ ਮਿਲਦਾ… ਟਿਕ ਕੇ ਨੀਂ ਬਹਿੰਦੇ। ਇਨਾਮ ਸਨਮਾਨ ਤਾਂ ਜਿੰਨਾ ਚਿਰ ਨਾ ਮਿਲੇ, ਉਨਾ ਚਿਰ ਹੀ ਚੰਗਾ ਲੱਗਦਾ… ਆਪਣੇ ਕਈ ਲੇਖਕ ਤਾਂ ਕੰਜਰੀਆਂ ਅਰਗੇ ਹੋਏ ਪਏ ਐ… ਲੇਖਕ ਨੂੰ ਲੇਖਕ ਅਤੇ ਕੰਜਰੀ ਦਾ ਫਰਕ ਸਮਝ ਕੇ ਚੱਲਣਾ ਚਾਹੀਦਾ।” ਗਰਗ ਦੇ ਮੂਡ ਨੂੰ ਭਾਂਪਦਿਆਂ ਅਸੀਂ ਵਾਪਸੀ ਕਰਨ ਵਿਚ ਹੀ ਭਲਾਈ ਸਮਝਦੇ ਹਾਂ।
ਕਈ ਦਿਨਾਂ ਬਾਅਦ ਅਚਾਨਕ ਗਰਗ ਸਾਹਿਬ ਬਾਜ਼ਾਰ ਵਿਚ ਮਿਲ ਪੈਂਦੇ ਹਨ। ਮੈਂ ਪੁੱਛਦਾ ਹਾਂ, “ਉਦਣ ਫਿਰ ਠੀਕ-ਠਾਕ ਪਹੁੰਚ ਗਏ ਸੀ ਘਰ…।”
“ਕਾਹਦੇ ਠੀਕ ਪਹੁੰਚੇ… ਸਾਰੀ ਰਾਤ ਪਰੇਸ਼ਾਨੀ `ਚ ਪਾਈ ਰ`ਖਿਆ ਘਰਦਿਆਂ ਨੂੰ। ਐਵੇਂ ਸਾਰੀ ਰਾਤ ਉਲ-ਉਲ ਕਰਦੇ ਰਹੇ। ਘਰਵਾਲੀ ਅੱਡ ਸੂਲੀ ’ਤੇ ਟੰਗੀ ਰਹੀ।” ਇਕ ਤਰ੍ਹਾਂ ਤੌਬਾ ਕਰਦਾ ਹੈ ਗਰਗ, ਪਰ ਉਸ ਦੀ ਇਹ ਤੌਬਾ ਬਹੁਤੇ ਦਿਨ ਚੱਲਦੀ ਨਹੀਂ। ਦਰਅਸਲ ਗਰਗ ਯਾਰਾਂ ਦਾ ਯਾਰ ਹੈ। ਯਾਰਾਂ ਦੀ ਮਹਿਫ਼ਲ ਮਾਣਦਿਆਂ ਉਹ 70 ਕਿਤਾਬਾਂ ਲਿਖਣ ਵਾਲਾ ਬਹੁ-ਵਿਧਾਈ ਲੇਖਕ ਨਹੀਂ; ਇਕ ਦਿਲਦਾਰ ਮਨੁੱਖ ਹੁੰਦਾ ਹੈ। ਜਿਸ ਮਹਿਫ਼ਲ ਵਿਚ ਗਰਗ ਬੈਠਿਆ ਹੋਵੇ; ਉਥੇ ਹਾਸੇ ਦੀਆਂ ਫੁਲਝੜੀਆਂ ਚੱਲਦੀਆਂ ਰਹਿੰਦੀਆਂ ਹਨ।
ਗਰਗ ਬੇਹੱਦ ਸੰਵੇਦਨਸ਼ੀਲ ਅਤੇ ਗਹਿਰ-ਗੰਭੀਰ ਇਨਸਾਨ ਹੈ। ਆਪਣੀ ਲੇਖਣੀ ਵਾਂਗ ਆਪਣੇ ਭਾਸ਼ਨ ਵਿਚ ਵੀ ਡੂੰਘੀਆਂ ਰਮਜ਼ਾਂ ਪੇਸ਼ ਕਰਦਾ, ਗੁੱਝੀਆਂ ਨਸ਼ਤਰਾਂ ਲਾਉਂਦਾ ਹੈ। ਗਰਗ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਉਹ ਹਲਕੀਆਂ-ਫੁਲਕੀਆਂ, ਨਿੱਕੀਆਂ ਗੱਲਾਂ ਰਾਹੀਂ ਬੜੀ ਵੱਡੀ ਗੱਲ ਕਹਿਣ ਦਾ ਹੁਨਰ ਜਾਣਦਾ ਹੈ। ਵਿਦਵਤਾ ਭਰਪੂਰ ਗੱਲਾਂ ਕਰਦਾ ਵੀ ਉਹ ਮਾਹੌਲ ਨੂੰ ਸਾਡੇ ਪੰਡਤਊ ਵਿਦਵਾਨਾਂ ਵਾਂਗ ਬੋਝਲ ਨਹੀਂ ਹੋਣ ਦਿੰਦਾ। ਗੱਲ ਕੀ ਗਰਗ ਦੀ ਬਹਿਣੀ-ਉੱਠਣੀ, ਵੇਖਣੀ-ਚਾਖਣੀ ਤੇ ਗੱਲਬਾਤ ਵਿਚ ਵਿਅੰਗ ਦੀ ਭਰਪੂਰ ਚਾਸ਼ਨੀ ਹੁੰਦੀ ਹੈ। ਉਹ ਤਾਂ ਪ੍ਰਧਾਨਗੀ ਮੰਡਲ ਵਿਚ ਬੈਠਿਆਂ ਵੀ ਵਕਤਾ ਦੇ ਚੂੰਢੀ ਵੱਡਣੋਂ ਨਹੀਂ ਰਹਿੰਦਾ। ਇਕ ਐਤਵਾਰ ਮੋਗੇ ਦੇ ਸੁਤੰਤਰਤਾ ਸੰਗਰਾਮੀ ਹਾਲ ਵਿਚ ਸਾਹਿਤਕ ਸਮਾਗਮ ਸੀ। ਮੰਚ-ਸੰਚਾਲਕ ਕਿੰਨੇ ਸਾਰੇ ਵਿਸ਼ੇਸ਼ਣ ਲਾ ਕੇ ਮਹਿੰਦਰ ਸਾਥੀ ਨੂੰ ਗਜ਼ਲ ਸੁਣਾਉਣ ਦਾ ਸੱਦਾ ਦਿੰਦਾ ਹੈ।
“ਚੱਲ ਵੀ ਸਾਥੀ ਖੜਕਾ ਖੰਡੇ.. .. .. ਕੱਢ ਇਨਕਲਾਬ।”
“ਸਾਥੀ ਜੀ ਕੱਢੋ ਆਵਦੇ ਹਥਿਆਰ…।” ਗਰਗ ਅਤੇ ਬਲਦੇਵ ਟਕੋਰ ਲਾਉਂਦੇ ਹਨ। ਸਾਥੀ ਦੀ ਵਿਦਰੋਹੀ ਸੁਰ ਵਾਲੀ ਰਚਨਾ ਵਿਚ ਅਕਸਰ ਹਥਿਆਰਾਂ ਦਾ ਜਿ਼ਕਰ ਹੁੰਦਾ ਹੈ। ਇਸੇ ਸਬੰਧੀ ਹੀ ਗਰਗ ਅਤੇ ਬਲਦੇਵ ਸਿੰਘ ਨੇ ਟਿੱਪਣੀ ਕੀਤੀ ਸੀ। ਪੰਡਾਲ ਵਿਚ ਕਈ ਹੱਸ ਪੈਂਦੇ ਹਨ। ਸਾਥੀ ਨੂੰ ਗੁੱਸਾ ਚੜ੍ਹ ਜਾਂਦਾ ਹੈ।
“ਆਊਗਾ.. .. .. ਕਾਕਾ ਜੀ ਆਊਗਾ ਇਨਕਲਾਬ ਵੀ। ਥੋਨੂੰ ਕੀ ਪਤਾ, ਇਨਕਲਾਬ ਦੀ ਸੈਅ ਹੁੰਦੀ ਐ। ਤੁਸੀਂ ਹੋਏ ਲੁੰਪਨ ਕਲਾਸ ਦੇ ਬੰਦੇ। ਬੁਰਜ਼ਆਜੀ ਦੀ ਸੇਵਾ ਕਰੀ ਚੱਲੋ ਤੁਸੀਂ। ਅਸੀਂ ਤਾਂ ਮਜ਼ਦੂਰ ਕਲਾਸ ਬੰਦੇ ਆਂ ਭਾਈ। ਅਸੀਂ ਤਾਂ ਖੰਡੇ ਖੜਕਾਵਾਂਗੇ ਈ।” ਸਾਥੀ ਦੇ ਤੇਵਰ ਗਰਮ ਹਨ।
“ਬਲਦੇਵ ਸਿੰਘ ਅਤੇ ਗਰਗ, ਮਾਹੌਲ ਨੂੰ ਸੰਜੀਦਾ ਨੀਂ ਰਹਿਣ ਦਿੰਦੇ।” ਇਕ ਦੋ ਲੇਖਕ ਠੰਢਾ ਛਿੜਕਦੇ ਹਨ। ਸਾਥੀ ਪ੍ਰਧਾਨਗੀ ਮੰਡਲ ਵਿਚ ਬੈਠੇ ਇਨ੍ਹਾਂ ਮੁਅੱਜਜ਼ ਲੇਖਕਾਂ ਵੱਲ ਇਸ਼ਾਰਾ ਕਰ ਕੇ ਗ਼ਜ਼ਲ ਪੜ੍ਹਨ ਲਈ ਕਮਰਕੱਸਾ ਕਰ ਲੈਂਦਾ ਹੈ।
ਗਰਗ ਨਵਿਆਂ ਨੂੰ ਖੁੱਲ੍ਹ ਕੇ ਉਤਸ਼ਾਹਿਤ ਕਰਦਾ ਹੈ। ਉਸ ਦੀ ਨਜ਼ਰ ਵਿਚ ਸਾਡੇ ਬਹੁਤ ਸਾਰੇ ਲੇਖਕਾਂ ਵਾਂਗ ਟੀਰ ਨਹੀਂ ਹੈ। ਨਾ ਜਾਤ ਦਾ, ਨਾ ਧਰਮ ਦਾ ਅਤੇ ਨਾ ਹੀ ਆਪਣੀ ਕਲਾਸ ਦਾ। ਇਸੇ ਕਰਕੇ ਉਹ ਸਾਰੀ ਉਮਰ ਲੇਖਕਾਂ ਦੀ ਕਿਸੇ ਧੜੇਬੰਦੀ ਨਾਲ ਨਹੀਂ ਜੁੜਿਆ। ਉਹ ਕਿਸੇ ਸਭਾ-ਸੁਸਾਇਟੀ ਜਾਂ ਲੇਖਕ ਸਭਾ ਦਾ ਮੈਂਬਰ ਵੀ ਨਹੀਂ ਬਣਿਆ। ਹਾਂ ਪਿਛਲੀ ਉਮਰੇ ਉਸ ਨੇ ਵਿਅੰਗ ਸਾਹਿਤ ਅਕਾਦਮੀ ਦਾ ਪੰਗਾ ਜ਼ਰੂਰ ਲੈ ਲਿਆ ਹੈ।
ਗਰਗ ‘ਮੋਗੇ’ ਦੇ ਹੀ ਨਹੀਂ, ਪੰਜਾਬ ਦੇ ਵੱਧ ਲਿਖਣ ਵਾਲੇ ਲੇਖਕਾਂ ਵਿਚੋਂ ਹੈ। ਹੁਣ ਤਕ ਸੈਂਕੜੇ ਦੇ ਕਰੀਬ ਪੁਸਤਕਾਂ ਦੀ ਰਚਨਾ ਕਰ ਚੁੱਕੈ। ਆਪਣੇ ਅਮਰੀਕਾ-ਕੈਨੇਡਾ ਦੇ ਕਿਆਮ ਤੋਂ ਬਾਅਦ ਦੋ ਸਫ਼ਰਨਾਮੇ ਵੀ ਲਿਖ ਚੁੱਕਾ ਹੈ। ਗਰਗ ਹੁਣ ਸਾਹਿਤ ਦਾ ਕੁਲਵਕਤੀ ਕਾਮਾ ਹੈ। ਹਰ ਹਫ਼ਤੇ ਕਿਸੇ ਨਾ ਕਿਸੇ ਅਖਬਾਰ, ਰਸਾਲੇ ਵਿਚ ਉਸ ਦੀ ਰਚਨਾ ਛਪਦੀ ਹੈ। ਕੋਈ ਹਫ਼ਤਾ ਆਹਲਾ ਨੀਂ ਜਾਂਦਾ। ਆਪਣੇ ਅੱਧ ਗੰਜੇ ਸਿਰ ਅਤੇ ਗਾਂਧੀ ਮਾਰਕਾ ਐਨਕਾਂ ਵਾਲੀ ਫੋਟੋ ਨਾਲ ਆਏ ਹਫ਼ਤੇ ਉਸ ਦੀ ਹਾਜ਼ਰੀ ਲੱਗਦੀ ਹੈ। ਉਸ ਦੀ ਇਹ ਫੋਟੋ ਪੰਜਾਬ ਦੇ ਲੋਕਾਂ ਦੇ ਚੇਤਿਆਂ ਵਿਚ ਥਾਂ ਬਣਾਈ ਬੈਠੀ ਹੈ। ਉਸ ਦੇ ਇਹ ਹਫ਼ਤਾਵਾਰੀ ਕਾਲਮ ਉਸ ਦੀਆਂ ਬਹੁਤ ਸਾਰੀਆਂ ਸ਼ਾਹਕਾਰ ਕਹਾਣੀਆਂ, ਨਾਵਲ ਖਾ ਰਹੇ ਨੇ। ‘ਵਾਟ ਸਿਕਸਟੀ ਨਾਈਨ’ ਵਰਗੇ ਸੰਗ੍ਰਹਿ ਦੀਆਂ ਕਹਾਣੀਆਂ ਲਿਖਣ ਵਾਲੇ ਕੇ.ਐਲ. ਗਰਗ ਤੋਂ ਪਾਠਕ ਬੜੀਆਂ ਗੰਭੀਰ ਅਤੇ ਚਿਰ ਸਥਾਈ ਰਹਿਣ ਵਾਲੀਆਂ ਕਹਾਣੀਆਂ ਦੀ ਆਸ ਰੱਖਦੇ ਹਨ। ਉਹ ਫੇਰ ਕਹਾਣੀਆਂ ਲਿਖਣ ਵੱਲ ਅਹੁਲਿਆ ਹੈ। ਉਸ ਦਾ ਨਵਾਂ ਨਾਵਲ ‘ਹਿਲਦੇ ਦੰਦ’ ਵੀ ਪਾਠਕਾਂ ’ਚ ਚਰਚਿਤ ਹੋਇਆ ਹੈ। ਗਰਗ ਵੱਖਰੀ ਜਿਹੀ ਸ਼ੈਲੀ ਨਾਲ ਲਿਖਣ ਵਾਲਾ ਲੇਖਕ ਹੈ। ਫੈਟਸੀ ਦੇ ਅੰਦਾਜ਼ ਵਿਚ ਲਿਖੇ ਉਸ ਦੇ ਨਾਵਲ-ਕਹਾਣੀਆਂ; ਸਮਾਜ ਵਿਚ ਬੁਰਾਈਆਂ ਦੇ ਫੋੜਿਆਂ ਨੂੰ ਚੀਰ ਕੇ ਗੰਦ-ਮੰਦ ਬਾਹਰ ਕੱਢਣ ਦਾ ਯਤਨ ਕਰਦੇ ਹਨ। ਉਸ ਦੀ ਪ੍ਰਤੀਕਆਤਮਕ ਤੇ ਕਟਾਖਸ਼ ਵਾਲੀ ਸ਼ੈਲੀ ਕਰਕੇ ਹੀ ਉਸਦੇ `ਹੁੰਮਸ`, `ਤਮਾਸ਼ਾ`, `ਤਲਾਸ਼` ਵਰਗੇ ਨਾਵਲ ਪਾਠਕਾਂ ਨੇ ਚਾਅ ਦੇ ਨਾਲ ਪੜ੍ਹੇ ਤੇ ਸਰਾਹੇ ਨੇ।
ਭਾਵੇਂ ਗਰਗ ਨੇ ਮਾਤਰਾ ਦੇ ਪੱਖੋਂ ਨਾਵਲ ਤੇ ਵਿਅੰਗ ਸਾਹਿਤ ਵਧੇਰੇ ਮਾਤਰਾ ਵਿਚ ਲਿਖਿਆ ਹੈ ਪਰ ਉਹ ਆਪ ਮੰਨਦਾ ਹੈ ਕਿ ਕਹਾਣੀ ਉਸ ਦਾ ਪਹਿਲਾ ਪਿਆਰ ਹੈ। ਬਦਲਦਾ ਦਿ੍ਰਸ਼ਟੀਕੋਣ ਜਿਸ ਉਪਰ ਟੈਲੀ ਫਿਲਮ “ਰੱਬ ਝੂਠ ਨਾ ਬੁਲਾਵੇ” ਅਤੇ ਕਹਾਣੀ ‘ਹੱਥ ਦੀ ਮੈਲ’ ਜਿਸ ਉਪਰ ਟੈਲੀ ਫਿਲਮ “ਲੇਖਾ ਮਾਵਾਂ ਧੀਆਂ ਦਾ” ਬਣੀ ਹੈ। ‘ਸ਼ਹੀਦ’ ਕਹਾਣੀ ਰਾਹੀਂ ਉਸ ਨੇ ਸ਼ਹੀਦ ਸ਼ਬਦ ਨੂੰ ਨਵੇਂ ਹੀ ਅਰਥ ਦਿੱਤੇ ਹਨ। ਇਕ ਨਹੀਂ ਉਸ ਦੀਆਂ ਅਨੇਕਾਂ ਕਹਾਣੀਆਂ ਸਮੇਂ-ਸਮੇਂ ਪਾਠਕਾਂ ਵਿਚ ਪ੍ਰਵਾਨ ਹੁੰਦੀਆਂ ਰਹੀਆਂ ਹਨ। ਪੰਜਾਬੀ ਆਲੋਚਕਾਂ ਦੀ ਅੱਖ ਦਾ ਟੀਰ, ਉਸ ਨੂੰ ਅੱਖਰਦਾ ਹੈ। ਆਲੋਚਕਾਂ ਬਾਰੇ ਉਹ ਕਹਿੰਦਾ ਹੈ,”ਆਲੋਚਕਾਂ ਦੀ ਕਿਰਪਾ ਨਾਲ ਕਾਲਾ-ਚਿੱਟਾ ਅਤੇ ਚਿੱਟਾ ਕਾਲਾ ਹੋ ਜਾਂਦਾ ਹੈ। ਉਸਨੂੰ ਹਵਾਈ ਜਹਾਜ਼ ਦੀ ਮੁਲਾਇਮ ਸੀਟ ਦਿਸਦੀ ਹੋਵੇ, ਸਕਾਚ ਵਿਸਕੀ ਹਾਕਾਂ ਮਾਰਦੀ ਹੋਵੇ, ਗੋਰੀਆਂ ਮੇਮਾਂ ਅੱਖਾਂ ਨਾਲ ਰਮਜ਼ਾਂ ਸਮਝਾਉਂਦੀਆਂ ਹੋਣ ਤਾਂ ਕੌਣ-ਭੜੂਆ ਕਿਤਾਬ ਵੇਖਦਾ ਹੈ?” ਗਰਗ ਕਈ ਵਾਰ ਤਾਂ ਸਾਹਿਤ ਸਭਾਵਾਂ ਦੀਆਂ ਗੋਸ਼ਟੀਆਂ ਵਿਚ ਅਖੌਤੀ ਪਰਚਾ ਵਿਦਵਾਨਾਂ ਦੀ ਖੁੰਭ-ਠੱਪ ਵੀ ਕਰ ਦਿੰਦਾ ਹੈ। ਉਦੋਂ ਮੇਰੇ ਪਹਿਲੇ ਕਹਾਣੀ ਸੰਗ੍ਰਹਿ ‘ਅੱਕ ਦਾ ਬੂਟਾ’ `ਤੇ ਤਲਵੰਡੀ ਭਾਈ ਗੋਸ਼ਟੀ ਹੋਈ ਸੀ। ਗਰਗ ਗੋਸ਼ਟੀ ਵਿਚ, ਸ਼ੇਰ ਜੰਗ ਜਾਂਗਲੀ ਨੂੰ ਵੀ ਲੈ ਕੇ ਆਇਆ ਸੀ। ਕਿਤਾਬ ਵਿਚਲੀਆਂ ਕਹਾਣੀਆਂ ਬਾਰੇ ਬੋਲਦਿਆਂ ਇਕ ਨਵੇਂ ਸਜੇ ਆਲੋਚਕ ਨੇ ਆਖ ਦਿੱਤਾ ਸੀ, “ਇਨ੍ਹਾਂ ਕਹਾਣੀਆਂ ਵਿਚੋਂ ਬਹੁਜਨ ਸਮਾਜ ਪਾਰਟੀ ਦੀ ‘ਬੂ’ ਆਉਂਦੀ ਹੈ।” ਪ੍ਰਧਾਨਗੀ ਭਾਸ਼ਨ ਵੇਲੇ ਗਰਗ ਸਾਹਿਬ ਨੇ ਬੜੀਆਂ ਮਾਅਰਕੇ ਦੀਆਂ ਗੱਲਾਂ ਕੀਤੀਆਂ ਸਨ। ਉਸ ਨੇ ਕਿਹਾ ਸੀ, “ਮੈਂ ਬਾਣੀਏ ਪਰਿਵਾਰ ’ਚੋਂ ਹਾਂ, ਮੇਰਾ ਅਨੁਭਵ ਉਸ ਸਮਾਜ ਦਾ ਹੈ। ਮੈਂ ਉਸ ਸਮਾਜ ਬਾਰੇ ਚੰਗੀ ਤਰ੍ਹਾਂ ਲਿਖ ਸਕਦਾ ਹਾਂ। ਹੁਣ ਕਹਾਣੀਕਾਰ ਗੁਰਮੀਤ ਕੜਿਆਲਵੀ ਜਿਸ ਵਰਗ ਵਿਚੋਂ ਹੈ, ਉਹਨੂੰ ਉਸ ਦਾ ਕੌੜਾ ਅਨੁਭਵ ਹੈ… ਜੇ ਉਸ ਦੀ ਗੱਲ ਨਾ ਲਿਖੂ ਤਾਂ ਹੋਰ ਕੌਣ ਲਿਖੂ? ਹੁਣ ਕੜਿਆਲਵੀ ਦੀਆਂ ਕਹਾਣੀਆਂ ’ਚੋਂ ਪੰਡਤਾਂ ਦੇ ਘਰ ਜਗਦੀਆਂ ਧੂਫਾਂ ਦੀ ਖੁਸ਼ਬੋ ਤਾਂ ਆਉਣੋਂ ਰਹੀ? ਇੱਥੇ ਤਾਂ ਗਰੀਬ ਬਸਤੀਆਂ ਵਿਚਲੇ ਗੋਹੇ ਦੀ ‘ਬੋ’ ਹੀ ਆਊ।”
***********
ਕੇ.ਐਲ. ਗਰਗ ਨੇ ਸੰਨ 1943 ਦੀ ਵਿਸਾਖੀ ਵਾਲੇ ਦਿਹਾੜੇ ਧੂਰੀ ਦੀ ਧਰਤੀ ਨੂੰ ਭਾਗ ਲਾਏ ਸਨ। ਧੂਰੀ ਰਹਿੰਦਿਆਂ ਗਰਗ ਦੇ ਬਚਪਨ ਨੇ ਜ਼ਿੰਦਗੀ ਦੇ ਅਨੇਕਾਂ ਉਤਰਾਅ-ਚੜ੍ਹਾਅ ਦੇਖੇ ਹਨ। ਆਪਣੇ ਬਾਪ ਦੀ ਅੱਛੀ ਖਾਸੀ ਚੱਲਦੀ ਦੁਕਾਨਦਾਰੀ ਦੇਖੀ ਹੈ। ਅੱਕ ਦੇ ਭੱਬੂਆਂ ਵਾਂਗ ਹਵਾ ਵਿਚ ਉਡਦਾ ਕਾਰੋਬਾਰ ਅੱਖੀਂ ਦੇਖਿਆ ਹੈ। ਇਹ ਉਹੀ ਸਮਾਂ ਸੀ ਜਦੋਂ ਗਰਗ ਨੂੰ ਸਮਾਜ ਵਿਚਲੇ ਦਰਜਿਆਂ-ਬਦਰਜਿਆਂ ਅਤੇ ਕਾਬਜ਼ ਧਿਰ ਦੀ ਲੁੱਟ-ਚੋਂਘ ਦੀ ਭਾਸ਼ਾ ਸਮਝ ਆਈ ਸੀ। ਮੋਗੇ ਆਉਣ ਨਾਲ ਗਰਗ ਅੰਦਰ ਸੂਝ ਦੀ ਧਾਰ ਤਿੱਖੀ ਹੋਈ। ਮੋਗੇ ਦੀ ਧਰਤ ਦੇ ਕਣ-ਕਣ ਵਿਚ ਵਿਅੰਗ ਰਮਿਆ ਪਿਆ ਸੀ। ਪ੍ਰਿੰਸੀਪਲ ਕਨੱਈਆ ਲਾਲ ਕਪੂਰ ਜੀ ਦੀ ਸੋਹਬਤ ਅਤੇ ਸ਼ੇਰ ਜੰਗ-ਜਾਂਗਲੀ ਵਰਗਿਆਂ ਦੀ ਯਾਰੀ ਨੇ ਗਰਗ ਦੀ ਆਰੀ ਦੇ ਦੰਦਰੇ ਤਿੱਖੇ ਕਰ ਦਿੱਤੇ। ਫ਼ਿਲਾਸਫੀ ਗਰਗ ਅੰਦਰ ਦੌਧਰ ਦੀਆਂ ਗਲੀਆਂ ’ਚ ਖੇਡਦਿਆਂ ਪੈਦਾ ਹੋ ਗਈ ਸੀ। ਦੌਧਰ ਗਰਗ ਦਾ ਨਾਨਕਾ ਪਿੰਡ ਹੈ। ਨਾਵਲ ‘ਧਾਰਾਂ ਵਾਲਾ ਪੁਲ’ ਦੀ ਕਹਾਣੀ ਵੀ ਦੌਧਰ ਦੀ ਹੀ ਹੈ। ਦੌਧਰ ਪਿੰਡ ਵਿਦਵਾਨਾਂ ਅਤੇ ਚਿੰਤਕਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਹੇ, ਗਿਆਨੀ ਲਾਲ ਸਿੰਘ ਵਰਗੇ ਵਿਦਵਾਨਾਂ ਦੀ ਕਰਮ ਤੇ ਜਨਮ ਭੂਮੀ ਰਹੇ ਪਿੰਡ ਦੌਧਰ ਦਾ ਦੋਹਤਰਾ ਹੋਣਾ, ਛੋਟੀ ਗੱਲ ਨਹੀਂ ਹੈ। ਇਸੇ ਕਰਕੇ ਵਿਦਵਤਾ ਅਤੇ ਵਿਚਾਰਧਾਰਾ ਗਰਗ ਦੀ ਸਮੁੱਚੀ ਰਚਨਾ ਦਾ ਕੇਂਦਰ ਬਿੰਦੂ ਬਣੀ ਰਹਿੰਦੀ ਹੈ। ਗਰਗ ਸਾਡਾ ਅਜਿਹਾ ਸਰਬਾਂਗੀ ਸਾਹਿਤਕਾਰ ਹੈ, ਜਿਸ ਦੀ ਰਚਨਾਕਾਰੀ ਵਿਚ ਇਕੋ ਸਮੇਂ ਸਮਾਜਿਕ-ਰਾਜਨੀਤਕ ਚੇਤਨਾ, ਵਿਅੰਗ ਦੀ ਤਿੱਖੀ ਧਾਰ ਅਤੇ ਬੌਧਿਕਤਾ ਮੌਜੂਦ ਰਹਿੰਦੀ ਹੈ।
ਪੋਸਟ ਸਕ੍ਰਿਪਟ
ਬਾਕੀ ਪੰਜਾਬ ਵਾਂਗ ਮੋਗੇ ਸ਼ਹਿਰ ਦੇ ਅਮਨ-ਚੈਨ ਨੂੰ ਵੀ ਅੱਗ ਲੱਗੀ ਹੋਈ ਸੀ। ਆਏ ਦਿਨ ਹੁੰਦੀਆਂ ਵਾਰਦਾਤਾਂ ਤੋਂ ਅੱਕੇ ਸ਼ਹਿਰੀਏ ਪੰਜਾਬ ਦੀ ਪੁਲਿਸ ਨੂੰ ਬੁਰਾ ਭਲਾ ਆਖਦੇ। ਪੁਲਿਸ ਦਾ ਅਕਸ ਸੁਧਾਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਨੇ ਸ਼ਹਿਰ ਦੇ ਪਤਵੰਤਿਆਂ ਦੀ ਮੀਟਿੰਗ ਬੁਲਾਉਣੀ ਉਚਿਤ ਸਮਝੀ। ਸਮਾਜ ਸੇਵੀ ਵਿਅਕਤੀਆਂ, ਪਤਰਕਾਰਾਂ, ਨਗਰ ਕੌਂਸਲਰਾਂ, ਫਰੀਡਮ ਫਾਈਟਰਾਂ, ਸਾਬਕਾ ਸੈਨਿਕਾਂ ਅਤੇ ਚਲਦੇ-ਫਿਰਦੇ ਬੰਦਿਆਂ ਨੂੰ ਬੁਲਾਉਣ ਦੇ ਨਾਲ-ਨਾਲ ਲੇਖਕ ਹੋਣ ਦੇ ਨਾਤੇ ਕੇ.ਐਲ. ਗਰਗ ਨੂੰ ਵੀ ਬੁਲਾਉਣਾ ਠੀਕ ਸਮਝਿਆ ਗਿਆ। ਗਰਗ ਸਾਹਿਬ ਨੂੰ ਮੀਟਿੰਗ ਵਿਚ ਲੈ ਕੇ ਜਾਣ ਲਈ ਦੋ ਬਾਵਰਦੀ ਪੁਲਿਸ ਕਰਮਚਾਰੀ ਉਸ ਦੇ ਕਿਸ਼ਨਪੁਰਾ ਮੁਹੱਲੇ ਵਾਲੇ ਘਰ ਵਿਚ ਆ ਗਏ। ਗਰਗ ਸਾਹਿਬ ਛੇਤੀ-ਛੇਤੀ ਤਿਆਰ ਹੋ ਕੇ ਉਨ੍ਹਾਂ ਨਾਲ ਤੁਰ ਪਏ। ਮੁਹੱਲੇ ਦੇ ਲੋਕ ਹੈਰਾਨ ਸਨ ਕਿ ਪੁਲਿਸ ਵਾਲੇ ਗਰਗ ਨੂੰ ਕਿੱਥੇ ਅਤੇ ਕਿਉਂ ਲੈ ਕੇ ਜਾ ਰਹੇ ਹਨ। ਪੁਲਿਸ ਨੂੰ ਪੁੱਛਣ ਦਾ ਹੌਂਸਲਾ ਕੌਣ ਕਰਦਾ? ਉਨ੍ਹੀਂ ਦਿਨੀ ਪੁਲਿਸ ਨੂੰ ਪੁੱਛਣ-ਪੁਛਾਉਣ ਦਾ ਰਿਵਾਜ਼ ਵੀ ਨਹੀਂ ਸੀ।
“ਬੰਦਾ ਤਾਂ ਚੰਗਾ ਸੀ.. .. ਕੀ ਗੱਲ ਬਣਗੀ?” ਮੁਹੱਲੇਦਾਰ ਆਪਸ ਵਿਚ ਕਾਨਾਫੂਸੀ ਕਰ ਰਹੇ ਸਨ।
“ਐਹੋ-ਜਿਹਾ ਕੀ ਕਰਤਾ ਹੋਊ?”
“ਇਹਨੇ ਕੀ ਕਰਨਾ?” ਕਿਸੇ ਭੱਦਰ ਪੁਰਸ਼ ਨੇ ਪਹਿਲੇ ਦੀ ਪੁੱਛ ਦਾ ਜਵਾਬ ਦਿੱਤਾ ਸੀ।
“ਫੇਰ ਵੀ ਮਾਸਟਰ ਐ ਭਾਈ.. .. .. ਕੀ ਪਤਾ ਲੱਗਦਾ ਕਿਸੇ ਚੰਗੀ ਮਾੜੀ ਦਾ?” ਲੋਕਾਂ ਅੰਦਰ ਚਵਾ-ਚਵੀ ਹੁੰਦੀ ਰਹੀ।
ਮੀਟਿੰਗ ਤੋਂ ਆ ਕੇ ਗਰਗ ਨੇ ਵੇਖਿਆ, ਲੋਕ ਉਸਨੂੰ ਹੋਰੂੰ-ਹੋਰੂੰ ਜਿਹੀਆਂ ਅੱਖਾਂ ਨਾਲ ਦੇਖ ਰਹੇ ਸਨ। ਗਰਗ ਕੀਹਨੂੰ-ਕੀਹਨੂੰ ਸਮਝਾਉਂਦਾ? ਪੁਲਿਸ ਦਾ ਅਕਸ ਤਾਂ ਕੀ ਸੁਧਰਨਾ ਸੀ, ਗਰਗ ਸਾਹਿਬ ਦਾ ਅਕਸ ਜ਼ਰੂਰ ਕਿੰਨਾ ਚਿਰ ਹੀ ਵਿਗੜਿਆ ਰਿਹਾ। (ਸਮਾਪਤ)