ਮੇਰਾ ਮੁਕਲਾਵਾ

ਦਾਰਾ ਸਿੰਘ
ਉਘੇ ਪਹਿਲਵਾਨ ਦਾਰਾ ਸਿੰਘ (19 ਨਵੰਬਰ 1928-12 ਜੁਲਾਈ 2012) ਦਾ ਬਚਪਨ ਦਾ ਨਾਂ ਦੀਦਾਰ ਸਿੰਘ ਸੀ। ਉਹਨੇ ਪਹਿਲਵਾਨੀ ਕੀਤੀ, ਫਿਰ ਫਿਲਮਾਂ ਵਿਚ ਐਕਟਰ ਤੇ ਫਿਰ ਡਾਇਰੈਕਟਰ ਵੀ ਬਣਿਆ। ਉਹ ਪਹਿਲਾ ਖਿਡਾਰੀ ਸੀ ਜਿਸ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ। ਇਸ ਲੇਖ ਵਿਚ ਉਸ ਨੇ ਆਪਣੇ ਮੁਕਲਾਵੇ ਦਾ ਬੜਾ ਦਿਲਚਸਪ ਕਿੱਸਾ ਛੋਹਿਆ ਹੈ। ਇਸ ਵਿਚ ਉਨ੍ਹਾਂ ਵੇਲਿਆਂ ਦਾ ਪੰਜਾਬ ਧੜਕਦਾ ਸਾਫ ਸੁਣਾਈ ਦਿੰਦਾ ਹੈ।

ਇਹ ਗੱਲ 1938-39 ਦੀ ਹੋਵੇਗੀ। ਅਸੀਂ ਪਿੰਡ ਦੇ ਮੁੰਡੇ ਦੁਪਹਿਰੇ ਮੈਰੇ ਵਿਚ ਡੰਗਰ ਚਾਰ ਰਹੇ ਸਾਂ ਕਿ ਚੰਨਣ ਕਿਆਂ ਦੀ ਖੂਹੀ ਜਿਸ ਨੂੰ ਨਾਥ ਦੀ ਖੂਹੀ ਵੀ ਕਹਿੰਦੇ ਹਨ, ‘ਤੇ ਆ ਕੇ ਬੱਸ ਰੁਕੀ। ਇਹ ਖੂਹੀ ਚਾਰ ਪੰਜ ਪਿੰਡਾਂ ਵਿਚਾਲੇ ਉਜਾੜ ਬੀਆਬਾਨ ਵਿਚ ਬੋਹੜ ਦੇ ਵੱਡੇ ਰੁੱਖ ਕਰਕੇ ਦੂਰੋਂ ਨਜ਼ਰ ਆਉਂਦੀ ਸੀ। ਅੰਮ੍ਰਿਤਸਰ ਤੋਂ ਮਹਿਤੇ ਨੂੰ ਦਿਹਾੜੀ ਵਿਚ ਤਿੰਨ ਬੱਸਾਂ ਇਥੋਂ ਲੰਘਿਆ ਕਰਦੀਆਂ ਸਨ। ਇਹ ਖੂਹੀ ਪੰਜ ਦਸ ਪਿੰਡ ਤੋਂ ਸ਼ਹਿਰ ਨੂੰ ਆਉਣ ਜਾਣ ਵਾਲਿਆਂ ਦਾ ਅੱਡਾ ਸੀ। ਇਸ ਰਾਹ ਵਿਚ ਏਨੀ ਜ਼ਿਆਦਾ ਰੇਤ ਹੁੰਦੀ ਸੀ ਕਿ ਕਈ ਵਾਰ ਮੁਸਾਫਰਾਂ ਨੂੰ ਬਸ ਵਿਚੋਂ ਉਤਰ ਕੇ ਧੱਕਾ ਲਾ ਕੇ ਗੱਡੀ ਨੂੰ ਰੇਤ ਵਿਚੋਂ ਕੱਢਣਾ ਪੈਂਦਾ ਸੀ। ਇਸ ਦੁੱਖੋਂ ਬਹੁਤ ਲੋਕ ਤਾਂ ਅੰਮ੍ਰਿਤਸਰ ਪੈਦਲ ਜਾਂ ਸਾਈਕਲਾਂ ‘ਤੇ ਜਾਣਾ ਹੀ ਪਸੰਦ ਕਰਦੇ ਸਨ। ਉਸ ਵਕਤ ਬੱਸ ਦਾ ਇੰਜਣ ਵੀ ਕੋਲਿਆਂ ਨਾਲ ਚਲਦਾ ਸੀ ਤੇ ਬਸ ਦਾ ਐਗਜ਼ਾਸਟ ਪਾਈਪ ਪਿਛਲੇ ਬੰਨੇ ਉਪਰ ਵੱਲ ਹੁੰਦਾ ਸੀ ਜਿਹੜਾ ਆਟਾ ਪੀਸਣ ਦੀ ਚੱਕੀ ਵਾਂਗ ਟੁਕ-ਟੁਕ ਕਰਦਾ ਰਹਿੰਦਾ ਸੀ। ਅਸੀਂ ਦੂਰੋਂ ਹੀ ਬੱਸ ਨੂੰ ਵੇਖ ਕੇ ਖੁਸ਼ ਹੋਇਆ ਕਰਦੇ ਸਾਂ ਤੇ ਕਦੀ-ਕਦੀ ਉਸ ਪਹੇ ਯਾਨੀ ਖੂਹੀ ਤਕ ਡੰਗਰ ਵੀ ਲੈ ਜਾਇਆ ਕਰਦੇ ਸਾਂ ਪਰ ਸਿਰਫ ਪਾਣੀ ਪੀਣ ਲਈ ਤੇ ਡੰਗਰਾਂ ਨੂੰ ਪਾਣੀ ਪਿਆਉਣ ਲਈ। ਫਿਰ ਛੇਤੀ ਹੀ ਵਾਪਸ ਪਰਤਣਾ ਪੈਂਦਾ ਸੀ ਕਿਉਂਕਿ ਇਹ ਖੂਹੀ ਸਾਡੇ ਪਿੰਡ ਦੀ ਹੱਦ ਤੋਂ ਬਾਹਰ ਸੀ।
ਅਸੀਂ ਆਪਣੇ ਪਿੰਡੇ ਦੀ ਹੱਦ ਵਿਚ ਦੂਰ ਕਿੱਕਰਾਂ ਦੇ ਥੱਲੇ ਬੈਠਿਆਂ ਵੇਖਿਆ ਕਿ ਰੋਜ਼ ਦੀ ਤਰ੍ਹਾਂ ਰੁਕੀ ਇਸ ਬਸ ਵਿਚੋਂ ਇਕ ਸਵਾਰੀ ਉਤਰੀ। ਉਤਰਨ ਵਾਲੇ ਨੇ ਆਪਣਾ ਸਮਾਨ ਟਰੰਕ ਅਤੇ ਬਿਸਤਰਾ ਚੁੱਕਿਆ ਹੈ ਤੇ ਸਾਡੇ ਪਿੰਡ ਵਾਲੇ ਰਾਹ ‘ਤੇ ਤੁਰ ਪਿਆ ਹੈ। ਸਾਡੇ ਵਿਚੋਂ ਜਿਹੜੇ ਮੁੰਡੇ ਵੱਡੇ ਸਨ, ਉਨ੍ਹਾਂ ਕਿਹਾ, ਕੋਈ ਫੌਜੀ ਛੁੱਟੀ ਆਇਆ ਹੋਣਾ ਹੈ। ਆਪਣੇ ਪਿੰਡ ਵਾਲਿਆਂ ਨੂੰ ਤਾਂ ਸਾਰੇ ਜਾਣਦੇ ਸਨ, ਹੋ ਸਕਦੈ, ਇਹ ਸੈਦਪੁਰ ਜਾਂ ਮਹਿਸਮਪੁਰੇ ਦਾ ਹੋਵੇ। ਮੇਰੇ ਮਨ ਵਿਚ ਆਈ, ਕਿਧਰੇ ਬਾਪੂ ਜੀ ਹੀ ਇਸ ਤਰ੍ਹਾਂ ਆ ਜਾਵੇ। ਖੈਰ, ਜਿਉਂ-ਜਿਉਂ ਮੁਸਾਫਿਰ ਨੇੜੇ ਆਉਂਦਾ ਗਿਆ, ਅਸੀਂ ਵੀ ਪਹੇ ਵਾਲੇ ਬੰਨੇ ਤੁਰਦੇ ਗਏ ਕਿ ਚਲੋ ਕੋਈ ਵੀ ਹੋਵੇਗਾ, ਵੇਖ ਤਾਂ ਲਈਏ। ਜਦੋਂ ਪਛਾਣਨ ਤਕ ਦੀ ਦੂਰੀ ਰਹਿ ਗਈ ਤਾਂ ਅਸਾਂ ਸਾਰਿਆਂ ਨੇ ਪਛਾਣ ਲਿਆ। ਮੇਰਾ ਬਾਪੂ ਪੈਂਟ ਪਾਈ ਟਰੰਕ ਚੁੱਕੀ ਆ ਰਿਹਾ ਸੀ। ਮੇਰੀ ਤਾਂ ਖੁਸ਼ੀ ਦਾ ਅੰਤ ਨਾ ਰਿਹਾ। ਵੱਡੇ ਮੁੰਡੇ ਭਾਊ-ਭਾਊ ਕਹਿ ਕੇ ਬਾਪੂ ਨੂੰ ਮਿਲੇ। ਦੋਹਾਂ ਨੇ ਉਨ੍ਹਾਂ ਦਾ ਸਮਾਨ ਚੁੱਕ ਲਿਆ ਕਿ ਅਸੀਂ ਪਿੰਡ ਛੱਡ ਕੇ ਆਉਂਦੇ ਹਾਂ। ਬਾਪੂ ਨੇ ਡੰਗਰ ਛੇਤੀ ਪਿੰਡ ਲੈ ਆਉਣ ਲਈ ਕਿਹਾ ਤੇ ਅਸੀਂ ਦੌੜ ਪਏ ਪਸ਼ੂਆਂ ਨੂੰ ਇਕੱਠਾ ਕਰਨ।
ਸ਼ਾਮ ਨੂੰ ਸਾਡੇ ਘਰ ਲੋਕਾਂ ਦੀ ਭੀੜ ਲੱਗ ਗਈ। ਖੁਸ਼ੀਆਂ ਹੀ ਖੁਸ਼ੀਆਂ ਵਰਤ ਗਈਆਂ। ਕਈ ਬੁਢੜੀਆਂ ਆ ਕੇ ਬਾਪੂ ਨੂੰ ਪਿਆਰ ਕਰਨ ਤੇ ਅਸ਼ੀਰਵਾਦ ਦੇਣ। ਸੁਖ ਨਾਲ ਸੂਰਤਾ ਸਿੰਘ ਆਇਆ ਏ। ਜਿਉਂਦਾ ਰਹਿ ਪੁੱਤ, ਰੱਬ ਵਡੀ ਉਮਰ ਕਰੇ। ਜਦੋਂ ਪਿੰਡ ਵਾਲੇ ਮਿਲ ਮਿਲਾ ਕੇ ਚਲੇ ਗਏ ਤਾਂ ਜਾ ਕੇ ਬਾਪੂ ਨੇ ਘਰ ਵਾਲਿਆਂ ਨਾਲ ਗੱਲ ਕੀਤੀ ਤੇ ਮੈਨੂੰ ਕੋਲ ਬਿਠਾ ਕੇ ਪਿਆਰ ਕੀਤਾ। ਉਨ੍ਹਾਂ ਦੱਸਿਆ ਕਿ ਸਿੰਘਾਪੁਰ ਲੜਾਈ ਲੱਗਣ ਵਾਲੀ ਹੈ, ਇਸ ਲਈ ਮੈਂ ਛੇਤੀ ਆ ਗਿਆ ਹਾਂ; ਤਾਂ ਦਾਦੀ ਨੇ ਕਿਹਾ, ਛੋਟੇ ਭਰਾਵਾਂ ਨੂੰ ਨਾਲ ਲੈ ਕੇ ਕਿਉਂ ਨਹੀਂ ਆਇਆ, ਤਾਂ ਬਾਪੂ ਨੇ ਕਿਹਾ, ਉਹ ਜਾਣ ਬੁਝ ਕੇ ਨਹੀਂ ਆਏ, ਕਹਿੰਦੇ ਸਨ, ਅਜੇ ਤਾਂ ਅਫਵਾਹਾਂ ਹਨ, ਜਦੋਂ ਲੜਾਈ ਲੱਗੇਗੀ, ਉਦੋਂ ਵੇਖੀ ਜਾਵੇਗੀ।
ਬਾਪੂ ਦੇ ਆਉਣ ਦਾ ਮੇਰੇ ਮਾਮਿਆਂ ਨੂੰ ਪਤਾ ਲੱਗਾ ਤਾਂ ਉਹ ਵੀ ਮਿਲਣ ਆਏ। ਬਾਪੂ ਦਾ ਇਕ ਦੋਸਤ ਸੀ ਜੋ ਇਨ੍ਹਾਂ ਨਾਲ ਸਿੰਘਾਪੁਰ ਹੀ ਰਹਿੰਦਾ ਸੀ, ਮਹਿਤੇ ਪਿੰਡ ਦਾ ਆਤਮਾ ਸਿੰਘ। ਉਹ ਵੀ ਮਿਲਣ ਆਇਆ। ਉਸ ਕੋਲ ਸਾਈਕਲ ਸੀ ਜਿਹੜਾ ਉਹ ਸਿੰਘਾਪੁਰੋਂ ਲੈ ਕੇ ਆਇਆ ਸੀ। ਮੈਨੂੰ ਸਾਈਕਲ ਚਲਾਉਣਾ ਸਿੱਖਣ ਦੀ ਤਾਂਘ ਆਈ। ਮੈਂ ਜਾ ਮਾਂ ਨੂੰ ਫਰਮਾਇਸ਼ ਪਾਈ ਕਿ ਮੈਂ ਸਾਈਕਲ ਚਲਾਉਣਾ ਸਿੱਖਣਾ ਚਾਹੁੰਦਾ ਹਾਂ। ਸ. ਆਤਮਾ ਸਿੰਘ ਨੇ ਮੈਨੂੰ ਸਾਈਕਲ ‘ਤੇ ਬਿਠਾ ਕੇ ਹੂਟਾ ਦਿਵਾਇਆ ਤੇ ਚਲਾਉਣ ਦਾ ਢੰਗ ਵੀ ਦੱਸਿਆ ਪਰ ਸਾਈਕਲ ਦੀ ਕਾਠੀ ‘ਤੇ ਬੈਠ ਕੇ ਮੇਰੇ ਪੈਰ ਪੈਡਲਾਂ ਤਕ ਨਹੀਂ ਸਨ ਪਹੁੰਚਦੇ, ਇਸ ਲਈ ਮੈਂ ਸਾਈਕਲ ਦੇ ਡੰਡੇ ‘ਤੇ ਪਰਨਾ ਬੰਨ੍ਹ ਕੇ ਉਸ ਦੀ ਕਾਠੀ ਬਣਾ ਲੈਣੀ ਤੇ ਸਾਈਕਲ ਨੂੰ ਵੱਟ ਲਾਗੇ ਕਰਕੇ ਉਪਰ ਚੜ੍ਹ ਜਾਣਾ। ਜਦੋਂ ਵੀ ਆਤਮਾ ਸਿੰਘ ਨੇ ਸਾਡੇ ਪਿੰਡ ਆਉਣਾ, ਮੈਂ ਉਸ ਦਾ ਸਾਈਕਲ ਤੋਂ ਉਤਰਨ ਦਾ ਇੰਤਜ਼ਾਰ ਕਰਨਾ। ਉਸ ਨੇ ਸਾਈਕਲ ਤੋਂ ਲੱਤ ਲਾਹੀ ਨਹੀਂ ਕਿ ਮੈਂ ਬੋਲ ਦੇਣਾ, ਲਿਆਓ ਮੈਂ ਸਾਈਕਲ ਸੰਭਾਲ ਕੇ ਹਵੇਲੀ ਰੱਖ ਆਵਾਂ। ਉਸ ਨੇ ਸਮਝ ਜਾਣਾ ਕਿ ਸਾਈਕਲ ਹਵੇਲੀ ਨਹੀਂ, ਪਿੰਡ ਦੀ ਰੋੜ ‘ਤੇ ਚਲੇਗਾ ਤੇ ਡਿਗੇਗਾ ਤੇ ਸ਼ਾਇਦ ਹੈਂਡਲ ਵਗੈਰਾ ਵੀ ਟੇਢਾ ਹੋਵੇਗਾ ਪਰ ਮੁਸਕਰਾ ਕੇ ਕਹਿਣਾ, ਜ਼ਰਾ ਆਹਿਸਤਾ ਚਲਾਈਂ, ਜਿੰਨਾ ਚਿਰ ਤੇਰੇ ਪੈਰ ਕਾਠੀ ‘ਤੇ ਬੈਠ ਕੇ ਚਲਾਉਣ ਜੋਗੇ ਨਹੀਂ ਹੁੰਦੇ, ਓਨਾ ਚਿਰ ਸੱਟ ਲਗਣ ਦਾ ਖਤਰਾ ਹੈ ਪਰ ਮੈਂ ਤਾਂ ਦੋ-ਚਾਰ ਵਾਰ ਚਲਾਉਣ ਨਾਲ ਬੜਾ ਮਾਹਿਰ ਹੋ ਗਿਆ ਸੀ ਤੇ ਇਕ ਦਿਨ ਮੈਂ ਸਰਦਾਰ ਆਤਮਾ ਸਿੰਘ ਦੇ ਸਾਹਮਣੇ ਆਪਣੇ ਆਪ ਸਾਈਕਲ ਵੱਟ ਲਾਗੇ ਕਰਕੇ ਤੇ ਚੜ੍ਹ ਕੇ ਚਲਾ ਕੇ ਵਿਖਾਇਆ ਤਾਂ ਉਹ ਖੁਸ਼ ਹੋ ਗਏ। ਫਿਰ ਜਦੋਂ ਮੇਰਾ ਚਿੱਤ ਕਰਨਾ, ਉਨ੍ਹਾਂ ਸਾਈਕਲ ਦੀ ਕਾਠੀ ਖੋਲ੍ਹ ਕੇ ਨੀਵੀਂ ਕਰ ਦੇਣੀ ਤੇ ਮੇਰੇ ਪੱਬ ਕਾਠੀ ‘ਤੇ ਬੈਠ ਪੈਡਲਾਂ ਤਕ ਪਹੁੰਚ ਜਾਂਦੇ ਸਨ।
ਬਾਪੂ ਜੀ ਨੂੰ ਹਾਲੀਂ ਪਿੰਡ ਆਇਆਂ ਸਾਲ ਵੀ ਨਹੀਂ ਹੋਇਆ ਹੋਣਾ ਕਿ ਮੇਰੇ ਸਹੁਰਿਆਂ ਨੇ ਮੁਕਲਾਵਾ ਲਿਆਉਣ ਲਈ ਜ਼ੋਰ ਪਾ ਦਿਤਾ। ਬਾਪੂ ਨੇ ਸਾਫ ਕਿਹਾ ਕਿ ਮੁੰਡਾ ਹਾਲੇ ਨਿਆਣਾ ਹੈ, ਮੁਕਲਾਵੇ ਦਾ ਕੀ ਮਤਲਬ। ਨਾਲੇ ਤੁਸੀਂ ਖੁਦ ਕਿਹਾ ਸੀ ਕਿ ਵਿਆਹ ਕਰ ਲਵੋ, ਮੁਕਲਾਵਾ ਜਦੋਂ ਜੀਅ ਕਰੇ ਲੈ ਲੈਣਾ ਪਰ ਸਹੁਰਿਆਂ ਪਤਾ ਨਹੀਂ ਮੇਰੇ ਨਾਨਕਿਆਂ ਨੂੰ ਕੀ ਪੱਟੀ ਪੜ੍ਹਾਈ, ਉਹ ਤਾਂ ਪਿਛੇ ਹੀ ਪੈ ਗਏ। ਆਖਰ ਬਾਪੂ ਜੀ ਮੰਨ ਗਏ ਤੇ ਇਕ ਦਿਨ ਮੈਨੂੰ ਸਾਈਕਲ ‘ਤੇ ਬਿਠਾ ਕੇ ਮੇਰੇ ਸਹੁਰੀਂ ਛੱਡ ਆਏ। ਆਪ ਤਾਂ ਉਹ ਵਾਪਸ ਚਲੇ ਆਏ, ਸ਼ਾਇਦ ਇਕ ਰਾਤ ਰਹੇ ਸਨ ਕਿ ਨਹੀਂ, ਚੰਗੀ ਤਰ੍ਹਾਂ ਯਾਦ ਨਹੀਂ ਪਰ ਮੈਂ ਚਾਰ-ਪੰਜ ਦਿਨ ਸਹੁਰੀਂ ਰਿਹਾ। ਜਿਵੇਂ ਮੈਂ ਪਹਿਲਾਂ ਦੱਸਿਆ ਹੈ, ਸਹੁਰੇ ਮੇਰੇ ਰੱਜੇ-ਪੁੱਜੇ ਘਰਾਣੇ ਦੇ ਸਨ, ਮੇਰੀ ਬੜੀ ਖਾਤਰ ਹੋਈ। ਪਹਿਲਾਂ ਤਾਂ ਮੈਨੂੰ ਡਰ ਜਿਹਾ ਲੱਗਦਾ ਸੀ ਪਰ ਇਕ-ਦੋ ਦਿਨਾਂ ਵਿਚ ਹੀ ਮੈਨੂੰ ਮੇਰਾ ਸਹੁਰਾ ਘਰ ਆਪਣਾ ਆਪਣਾ ਲੱਗਣ ਲੱਗ ਪਿਆ। ਮਿਥੇ ਹੋਏ ਦਿਨ ‘ਤੇ ਮੈਨੂੰ ਅਤੇ ਮੇਰੀ ਵਹੁਟੀ ਨੂੰ ਰਵਾਨਾ ਕੀਤਾ ਗਿਆ। ਇਹ ਫੈਸਲਾ ਪਹਿਲਾਂ ਹੀ ਬਾਪੂ ਨਾਲ ਹੋ ਗਿਆ ਸੀ ਕਿ ਆਉਂਦੇ ਹੋਏ ਅਸੀਂ ਦੋਵੇਂ ਆ ਜਾਵਾਂਗੇ (ਕਿਉਂਕਿ ਸਾਈਕਲ ਜੋ ਇਕ ਸੀ)। ਸਹੁਰਿਆਂ ਵਾਲੇ ਪਿੰਡੋਂ ਬਾਹਰ ਤਕ ਸਾਨੂੰ ਤੋਰਨ ਆਏ। ਸਾਈਕਲ ਦੀ ਕਾਠੀ ਤਾਂ ਬਾਪੂ ਜੀ ਨੀਵੀਂ ਕਰ ਗਏ ਸਨ। ਮੈਂ ਕਾਠੀ ‘ਤੇ ਬੈਠ ਗਿਆ ਤੇ ਵਹੁਟੀ ਨੂੰ ਪਿਛੇ ਕੈਰੀਅਰ ਤੇ ਬਿਠਾ ਲਿਆ। ਮੈਂ ਇਕੱਲਾ ਸਾਈਕਲ ਚਲਾਉਣ ਵਿਚ ਤਾਂ ਉਸਤਾਦ ਹੋ ਗਿਆ ਸੀ ਪਰ ਕਿਸੇ ਨੂੰ ਪਿਛੇ ਬਿਠਾ ਕੇ ਕਦੀ ਨਹੀਂ ਸੀ ਚਲਾਇਆ। ਜਦੋਂ ਮੈਂ ਵਹੁਟੀ ਨੂੰ ਬਿਠਾ ਕੇ ਪੈਡਲ ਮਾਰਿਆ ਤਾਂ ਇੰਝ ਲੱਗਾ ਕਿ ਸਾਈਕਲ ਗੱਡੇ ਜਿੰਨਾ ਭਾਰਾ ਹੈ। ਖੈਰ, ਉਥੇ ਲੋਕਾਂ ਦੇ ਸਾਹਮਣੇ ਤਾਂ ਮੇਰੀ ਇੱਜ਼ਤ ਰਹਿ ਗਈ। ਪਹਿਆ ਵੀ ਪੱਧਰਾ ਸੀ। ਡਕੋ-ਡੋਲੇ ਖਾ ਕੇ ਸਾਈਕਲ ਸਿੱਧਾ ਹੋ ਤੁਰਿਆ ਪਰ ਵੱਡੇ ਰਾਹ ‘ਤੇ ਆ ਕੇ ਮੋੜ ਸੀ। ਮੋੜ ਮੁੜਨ ਲੱਗਿਆਂ ਸਾਈਕਲ ਡਿਗ ਪਿਆ, ਛੇਤੀ-ਛੇਤੀ ਉਠੇ, ਭਈ ਕੋਈ ਵੇਖ ਨਾ ਲਵੇ। ਫੇਰ ਬੈਠੇ, ਸਾਈਕਲ ਥੋੜ੍ਹੀ ਦੂਰ ਹੀ ਗਿਆ ਤੇ ਫਿਰ ਡਿੱਗ ਪਿਆ, ਕਿਉ਼ਕਿ ਵੱਡੇ ਰਸਤੇ ‘ਤੇ ਰੇਤਾ ਬਹੁਤ ਸੀ। ਦੋ-ਚਾਰ ਵਾਰ ਡਿਗਣ ਤੋਂ ਬਾਅਦ ਵਹੁਟੀ ਨੇ ਕਿਹਾ, ਭਈ ਤੁਰ ਕੇ ਚਲਦੇ ਹਾਂ। ਇਕ ਛੋਟਾ ਜਿਹਾ ਸੂਟਕੇਸ ਵੀ ਸੀ ਵਿਚਾਰੀ ਦੇ ਹੱਥ ਵਿਚ ਤੇ ਡਿਗਣ-ਡਿਗੌਣ ਨਾਲ ਕਪੜੇ ਵੀ ਖਰਾਬ ਹੋ ਗਏ ਸਨ।
ਹਾਲੀਂ ਥੋੜ੍ਹੀ ਹੀ ਦੂਰ ਗਏ ਹੋਵਾਂਗੇ ਕਿ ਇਕ ਨੌਜਵਾਨ ਸਾਡੇ ਕੋਲ ਦੀ ਲੰਘਿਆ ਤੇ ਖਲੋ ਗਿਆ। ਉਹ ਮੇਰੀ ਵਹੁਟੀ ਨੂੰ ਪਛਾਣਦਾ ਸੀ। ਉਸ ਕਿਹਾ, ਕੀ ਗੱਲ ਹੈ, ਸਾਈਕਲ ਖਰਾਬ ਤਾਂ ਨਹੀਂ ਹੋ ਗਿਆ? ਮੈਂ ਕਿਹਾ, ਖਰਾਬ ਤਾਂ ਨਹੀਂ ਹੋਇਆ ਪਰ ਕਦੀ ਕਿਸੇ ਨੂੰ ਪਿਛੇ ਬਿਠਾ ਕੇ ਚਲਾਇਆ ਨਹੀਂ ਤੇ ਨਾਲੇ ਇਸ ਰਾਹ ਵਿਚ ਰੇਤ ਵੀ ਬਹੁਤ ਹੈ, ਰੜਾ ਮੈਦਾਨ ਹੁੰਦਾ ਤਾਂ ਤੇ ਕੋਈ ਗੱਲ ਨਹੀਂ ਸੀ। ਉਸ ਨੂੰ ਡਿੱਗਣ ਵਾਲੀ ਗੱਲ ਨਹੀਂ ਦਸੀ। ਉਹ ਕਹਿਣ ਲੱਗਾ, ਮੈਂ ਵੀ ਤੁਹਾਡੇ ਪਿੰਡ ਵਾਲੇ ਪਾਸੇ ਜਾ ਰਿਹਾ ਹਾਂ, ਜੇ ਠੀਕ ਸਮਝੋ ਤਾਂ ਬਚਨੋਂ ਨੂੰ ਮੈਂ ਪਿਛੇ ਬਿਠਾ ਲੈਨਾ ਤੇ ਤੁਸੀਂ ਇਕੱਲੇ ਤਾਂ ਚਲਾ ਹੀ ਲਵੋਗੇ। ਮੇਰੇ ਕੱਦ ਬੁੱਤ ਨੂੰ ਵੇਖ ਉਸ ਨੂੰ ਸ਼ੱਕ ਪੈ ਰਿਹਾ ਸੀ ਕਿ ਸ਼ਾਇਦ ਮੈਂ ਸਾਈਕਲ ਚਲਾ ਹੀ ਨਾ ਸਕਦਾ ਹੋਵਾਂ। ਮੇਰੀ ਵਹੁਟੀ ਨੇ ਕਿਹਾ, ਨਹੀਂ ਇਕੱਲੇ ਤਾਂ ਠੀਕ ਚਲਾ ਲੈਂਦੇ ਨੇ। ਬਸ ਫੇਰ ਕੀ ਸੀ, ਉਸ ਨੇ ਮੇਰੀ ਵਹੁਟੀ ਨੂੰ ਪਿਛੇ ਬਿਠਾਇਆ ਤੇ ਸਾਈਕਲ ਐਨੀ ਤੇਜ਼ ਚਲਾਈ ਕਿ ਮੈਂ ਮਸਾਂ ਉਨ੍ਹਾਂ ਨਾਲ ਮਿਲਦਾ-ਮਿਲਦਾ ਚਲਾ ਰਿਹਾ ਸਾਂ। ਦਿਲੋਂ ਤਾਂ ਮੈਂ ਨਹੀਂ ਸਾਂ ਚਾਹੁੰਦਾ ਕਿ ਮੇਰੀ ਵਹੁਟੀ ਉਸ ਦੇ ਸਾਈਕਲ ਪਿਛੇ ਬੈਠੇ ਪਰ ਮੈਂ ਕਰ ਵੀ ਕੀ ਸਕਦਾ ਸੀ। ਜਦੋਂ ਰੇਤ ਵਾਲਾ ਰਾਹ ਲੰਘ ਆਏ ਤਾਂ ਮੈਂ ਕਿਹਾ, ਹੁਣ ਠੀਕ ਹੈ, ਅਸੀਂ ਹੁਣ ਆਪੇ ਚਲੇ ਜਾਵਾਂਗੇ ਪਰ ਵਹੁਟੀ ਨੇ ਕਿਹਾ, ਤੁਰੀ ਚਲੋ, ਪਿੰਡ ਹੁਣ ਕਿਹੜੀ ਦੂਰ ਹੈ। ਸ਼ਾਇਦ ਉਹ ਤਾਂ ਡਰਦੀ ਹੋਵੇ ਕਿ ਰੇਤ ਵਿਚ ਤਾਂ ਡਿਗ ਕੇ ਬਚ ਗਏ ਸੀ, ਰੜੇ ਤਾਂ ਸੱਟਾਂ ਵੀ ਚੰਗੀਆਂ ਲੱਗਣਗੀਆਂ ਪਰ ਮੈਨੂੰ ਗੁੱਸਾ ਚੜ੍ਹੀ ਜਾਵੇ, ਭਈ ਇਹ ਪਰਾਏ ਮਰਦ ਦੇ ਸਾਈਕਲ ਦੇ ਪਿਛੇ ਬਹਿ ਕੇ ਬੜੀ ਖੁਸ਼ ਹੈ। ਖੈਰ, ਵਾਟ ਤਿੰਨ-ਚਾਰ ਕੋਹ ਹੀ ਸੀ, ਛੇਤੀ ਕਟ ਗਈ ਤੇ ਸਾਡੇ ਪਿੰਡ ਦੇ ਪਿਛਵਾੜੇ ਯਾਨੀ ਹੱਦ ਤੋਂ ਥੋੜ੍ਹੀ ਦੂਰ ਉਹ ਮੇਰੀ ਵਹੁਟੀ ਨੂੰ ਸਾਈਕਲ ਤੋਂ ਲਾਹ ਕੇ ਚਲਾ ਗਿਆ ਤਾਂ ਮੈਂ ਪੁਛਿਆ, ਭਈ ਇਹ ਕੌਣ ਸੀ? ਮੈਂ ਤਾਂ ਆਪਣੀ ਜਗ੍ਹਾ ਔਖਾ ਸੀ ਤੇ ਵਹੁਟੀ ਆਪਣੀ ਜਗ੍ਹਾ ਦੁਖੀ ਸੀ ਕਿ ਉਸ ਦੇ ਜਾਣਨ ਵਾਲੇ ਕੀ ਸੋਚਣਗੇ ਕਿ ਗੱਭਰੂ ਕਿਹੋ ਜਿਹਾ ਲੱਭਾ ਜਿਹੜਾ ਵਹੁਟੀ ਨੂੰ ਸਾਈਕਲ ‘ਤੇ ਚੜ੍ਹਾ ਕੇ ਵੀ ਨਹੀਂ ਲੈ ਜਾ ਸਕਦਾ। ਉਸ ਰੁੱਖਾ ਜਿਹਾ ਜਵਾਬ ਦਿਤਾ, ਇਹ ਸਾਡਾ ਰਿਸ਼ਤੇਦਾਰ ਸੀ, ਫਲਾਣੀ-ਫਲਾਣੀ ਦਾ ਲੜਕਾ। ਖੈਰ, ਮੈਂ ਵਹੁਟੀ ਨੂੰ ਕਿਹਾ ਕਿ ਤੂੰ ਇਥੇ ਹੀ ਬੈਠ, ਮੈਂ ਜਾ ਕੇ ਜ਼ਨਾਨੀਆਂ ਨੂੰ ਭੇਜਦਾ ਹਾਂ ਤਾਂ ਕਿ ਆ ਕੇ ਤੈਨੂੰ ਲੈ ਜਾਣ। ਉਸ ਕਿਹਾ, ਚੰਗਾ। ਮੈਂ ਘਰ ਜਾ ਦੱਸਿਆ ਤੇ ਮਾਂ ਹੋਰੀਂ ਨੂੰਹ ਨੂੰ ਬੜੇ ਚਾਵਾਂ ਨਾਲ ਲੈ ਆਈਆਂ।
ਮੇਰੇ ਹਾਣੀਆਂ ਨੂੰ ਪਤਾ ਲੱਗਾ ਕਿ ਮੈਂ ਮੁਕਾਲਾਵਾ ਲੈ ਆਇਆ ਹਾਂ। ਉਹ ਸਾਰੇ ਤੇ ਕੁਝ ਮੇਰੀ ਉਮਰ ਤੋਂ ਵਡੇ ਮੁੰਡੇ ਮੈਨੂੰ ਸਮਝਾਉਣ ਲੱਗੇ, ਭਈ ਪਹਿਲੀ ਰਾਤ ਵਹੁਟੀ ਨਾਲ ਕਿਸ ਤਰ੍ਹਾਂ ਦਾ ਸਲੂਕ ਕਰੀਦਾ ਹੈ। ਜਿਹੜੇ ਵੱਡੇ ਮੁੰਡੇ ਸਨ, ਉਨ੍ਹਾਂ ਆਪਣਾ-ਆਪਣਾ ਤੇ ਕਈਆਂ ਨੇ ਸੁਣਿਆ-ਸੁਣਾਇਆ ਕਿੱਸਿਆਂ ਦਾ ਜ਼ਿਕਰ ਕੀਤਾ। ਸਾਡੇ ਪਿੰਡ ਦਾ ਪਹਿਲੀ ਰਾਤ ਦਾ ਕਿੱਸਾ ਉਨ੍ਹੀਂ ਦਿਨੀਂ ਬੜੀ ਚਰਚਾ ਦਾ ਕੇਂਦਰ ਬਣਿਆ ਸੀ। ਇਹ ਹੈ ਵੀ ਬੜਾ ਅਜੀਬੋ-ਗਰੀਬ ਤੇ ਪਾਂਡਵਾਂ ਦੀ ਸਭਿਅਤਾ ਦੀ ਯਾਦ ਤਾਜ਼ਾ ਕਰਵਾਉਣ ਵਾਲਾ। ਗੱਲ ਇਸ ਤਰ੍ਹਾਂ ਹੋਈ- ਸਾਡੇ ਪਿੰਡ ਇਕ ਘਰ ਛੇ ਭਰਾ ਸਨ। ਦੂਜੇ ਨੰਬਰ ਵਾਲਾ ਜਿਹੜਾ ਕਿ ਵੱਡੇ ਨਾਲੋਂ ਸਿਰਫ ਡੇਢ ਕੁ ਸਾਲ ਹੀ ਛੋਟਾ ਸੀ, ਸਾਰਿਆਂ ਭਰਾਵਾਂ ਨਾਲੋਂ ਤਗੜਾ ਸੀ। ਜਦੋਂ ਵੱਡੇ ਭਰਾ ਦਾ ਵਿਆਹ ਹੋਇਆ ਤਾਂ ਸਿਆਲ ਦੀ ਬਹਾਰ ਸੀ। ਵਿਆਹ ਵਾਲਾ ਮੁੰਡਾ ਤਾਂ ਪ੍ਰਾਹੁਣਿਆਂ ਦੀ ਖਾਤਿਰ-ਤਵੱਜੋ ਵਿਚ ਲੱਗਾ ਰਿਹਾ ਤੇ ਅੱਧੀ ਰਾਤ ਤੱਕ ਆਪਣੇ ਸੁਸਰਾਲ ਤੋਂ ਨਾਲ ਆਏ ਬੰਦਿਆਂ ਨੂੰ ਸ਼ਰਾਬ ਪਿਆਉਂਦਾ ਰਿਹਾ ਪਰ ਉਸ ਦਾ ਛੋਟਾ ਭਰਾ ਚੋਰੀ ਹਨੇਰੇ ਵਿਚ ਵਹੁਟੀ ਕੋਲ ਚਲਿਆ ਗਿਆ। ਉਸ ਵਿਚਾਰੀ ਨੂੰ ਕੀ ਪਤਾ ਸੀ, ਉਸ ਸਮਝਿਆ, ਉਸ ਦੇ ਘਰ ਵਾਲਾ ਹੈ ਤੇ ਇਹ ਲੁੱਚਾ ਵਿਆਹ ਵਾਲੇ ਮੁੰਡੇ ਦੇ ਵਹੁਟੀ ਕੋਲ ਆਉਣ ਤੋਂ ਪਹਿਲਾਂ ਹੀ ਖਿਸਕ ਗਿਆ। ਜਦੋਂ ਲਾੜਾ ਅੱਧੀ ਰਾਤ ਤੋਂ ਬਾਅਦ ਘਰ ਆਇਆ ਤਾਂ ਵਹੁਟੀ ਨੇ ਸੰਗਦਿਆਂ ਪੁੱਛਿਆ, ਹਾਏ-ਹਾਏ ਤੁਸੀਂ ਉਠ ਕੇ ਸ਼ਰਾਬ ਪੀਣ ਤੁਰ ਗਏ ਸੀ? ਲਾੜੇ ਨੇ ਕਿਹਾ, ਤੁਰ ਗਏ ਦਾ ਮਤਲਬ ਮੈਂ ਨਹੀਂ ਸਮਝਿਆ? ਵਹੁਟੀ ਕਹਿਣ ਲੱਗੀ, ਤੁਸੀਂ ਆਏ ਤੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ, ਬਸ ਜ਼ਬਰਦਸਤੀ ਕਰ ਕੇ ਤੁਰ ਪਏ, ਇਹ ਕਿਹੋ ਜਿਹਾ ਪਿਆਰ ਹੈ? ਤੇ ਹੁਣ ਸ਼ਰਾਬ ਪੀ ਕੇ ਆ ਗਏ ਹੋ। ਲਾੜਾ ਤਾੜ ਗਿਆ ਆਪਣੇ ਭਰਾ ਦੀ ਕਰਤੂਤ ਪਰ ਵਹੁਟੀ ਨੂੰ ਪਤਾ ਨਾ ਲੱਗ ਜਾਵੇ, ਇਸ ਕਰ ਕੇ ਕਹਿਣ ਲੱਗਾ, ਦਰਅਸਲ ਹਵੇਲੀ ਵਿਚ ਪ੍ਰਾਹੁਣੇ ਬੈਠੇ ਹੀ ਸਨ, ਇਸ ਲਈ ਮੈਂ ਸੋਚਿਆ ਕਿ ਜਦ ਤਕ ਇਹ ਸੌਂ ਨਹੀਂ ਜਾਂਦੇ, ਮੈਨੂੰ ਇਨ੍ਹਾਂ ਕੋਲ ਬੈਠਣਾ ਚਾਹੀਦਾ ਹੈ, ਇਸ ਲਈ ਮੈਨੂੰ ਕਾਹਲੀ ਸੀ। ਵਹੁਟੀ ਕੋਲੋਂ ਪਰਦਾ ਤਾਂ ਰੱਖਿਆ ਪਰ ਸੁਣਿਆ ਹੈ, ਵਹੁਟੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਵਹੁਟੀ ਤਾਂ ਕੀ, ਦੂਸਰੇ ਦਿਨ ਭਰਾਵਾਂ ਵਿਚ ਲੜਾਈ ਹੋਈ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਤੇ ਕਾਨਾਫੂਸੀ ਹੋਣ ਲੱਗੀ। ਆਸ਼ਿਕ ਮਿਜ਼ਾਜ ਲੋਕ ਤਾਂ ਇਥੋਂ ਤਕ ਗੱਲਾਂ ਕਰਨ ਲੱਗ ਪਏ, ਭਈ ਪਹਿਲੀ ਰਾਤ ਦਾ ਵਹੁਟੀ ‘ਤੇ ਐਨਾ ਅਸਰ ਹੁੰਦਾ ਹੈ ਕਿ ਉਹ ਸਾਰੀ ਉਮਰ ਮਰਦ ਦੀ ਤਹਿ-ਦਿਲੋਂ ਸੇਵਾ ਕਰਦੀ ਹੈ। ਇਸੇ ਲਈ ਉਪਰਲੇ ਕਿੱਸੇ ਵਾਲੀ ਤੀਵੀਂ ਆਪਣੇ ਮਰਦ ਨਾਲੋਂ ਜ਼ਿਆਦਾ ਆਪਣੇ ਦੇਵਰ ਨੂੰ ਚਾਹੁਣ ਲੱਗ ਪਈ ਸੀ।
ਖੈਰ, ਜੋ ਵੀ ਹੋਇਆ ਹੋਵੇਗਾ, ਜਾਂ ਕਿਸੇ ਨੇ ਇਹ ਗੱਲ ਪਹਿਲੀ ਰਾਤ ਨੂੰ ਤਰਜੀਹ ਦੇਣ ਲਈ ਮਨਘੜਤ ਹੀ ਘੜ ਲਈ ਹੋਵੇ, ਬਹਰਹਾਲ ਮੁੰਡਿਆਂ ਨੇ ਮੈਨੂੰ ਬੜੇ ਹੀ ਦਾਅ ਦੱਸੇ ਕਿ ਇੰਝ ਕਰੀਦਾ ਹੈ, ਉਂਝ ਕਰੀਦਾ ਹੈ, ਤਾ ਹੀ ਤਾਂ ਜ਼ਨਾਨੀ ਉਤੇ ਉਮਰ ਭਰ ਰੋਹਬ ਰਹਿੰਦਾ ਹੈ ਮਰਦ ਦਾ। ਮੈਂ ਵੀ ਬੜਾ ਭੋਲਾ ਹੁੰਦਾ ਸੀ, ਮੁੰਡਿਆਂ ਦੀਆਂ ਗੱਲਾਂ ਮੇਰੇ ਮਨ ‘ਤੇ ਅਸਰ ਕਰ ਗਈਆਂ ਤੇ ਮੈਂ ਲੱਗ ਪਿਆ ਸੋਚਣ। ਰਿਵਾਜ ਮੁਤਾਬਿਕ ਮੇਰੀ ਮੰਜੀ ਵਹੁਟੀ ਦੇ ਪਲੰਘ ਕੋਲ ਡਾਹੀ ਗਈ। ਮੇਰੀ ਨੀਂਦ ਐਨੀ ਭੈੜੀ ਹੈ ਕਿ ਮੈਂ ਮੰਜੀ ‘ਤੇ ਲੇਟਿਆ ਨਹੀਂ ਕਿ ਮੈਨੂੰ ਨੀਂਦ ਆਈ ਨਹੀਂ। ਮੈਨੂੰ ਬਹੁਤ ਕਰ ਕੇ ਇਹੋ ਡਰ ਸੀ ਕਿ ਕਿਧਰੇ ਮੇਰੀ ਅੱਖ ਲੱਗ ਗਈ ਤਾਂ ਜਾਗ ਸਵੇਰੇ ਹੀ ਆਉਣੀ ਹੈ ਪਰ ਜਦ ਤਕ ਸਾਰੇ ਘਰ ਵਾਲੇ ਸੌਂ ਨਹੀਂ ਸਨ ਜਾਂਦੇ, ਮੈਂ ਵਹੁਟੀ ਨਾਲ ਪਿਆਰ ਵੀ ਤਾਂ ਨਹੀਂ ਸੀ ਕਰ ਸਕਦਾ। ਬੜੀ ਕੋਸ਼ਿਸ਼ ਕਰ ਕੇ ਆਪਣੇ ਆਪ ਨੂੰ ਜਗਾਈ ਰੱਖਿਆ ਤੇ ਜਦੋਂ ਮਹਿਸੂਸ ਕੀਤਾ ਕਿ ਸਾਰੇ ਸੌਂ ਗਏ ਹਨ, ਮੈਂ ਡਰਦਾ-ਡਰਦਾ ਉਸ ਦੀ ਮੰਜੀ ‘ਤੇ ਪਹੁੰਚਿਆ। ਉਹਨੇ ਮੇਰਾ ਬੜਾ ਨਿੱਘਾ ਸਵਾਗਤ ਕੀਤਾ। ਮੇਰਾ ਡਰ ਤਾਂ ਲਹਿ ਗਿਆ ਪਰ ਤ੍ਰੇਲੀਆਂ ਸ਼ੁਰੂ ਹੋ ਗਈਆਂ, ਕਿਉਂਕਿ ਬਾਵਜੂਦ ਹਜ਼ਾਰ ਕੋਸ਼ਿਸ਼ ਕਰਨ ਦੇ, ਮੇਰੇ ਸਰੀਰ ਵਿਚ ਕਾਮਦੇਵ ਦੀ ਉਪਾਸਨਾ ਨਾ ਹੋਈ। ਬਸ ਫਿਰ ਕੀ ਸੀ, ਵਹੁਟੀ ਨੂੰ ਪਤਾ ਲੱਗ ਗਿਆ ਕਿ ਮੇਰਾ ਗੱਭਰੂ ਹਾਲੀਂ ਨਿਆਣਾ ਬੱਚਾ ਹੈ। ਬਾਰ੍ਹਾਂ ਜਾਂ ਤੇਰ੍ਹਾਂ ਸਾਲ ਦੀ ਉਦੋਂ ਉਮਰ ਸੀ ਮੇਰੀ। ਮੈਂ ਚੁੱਪ-ਚਾਪ ਆਪਣੀ ਮੰਜੀ ‘ਤੇ ਆ ਸੁੱਤਾ ਤੇ ਪੈਂਦਿਆਂ ਨੀਂਦ ਨੇ ਆ ਘੇਰਿਆ।
ਦੂਸਰੇ ਦਿਨ ਦੋਸਤਾਂ ਨੇ ਹਾਲਚਾਲ ਪੁੱਛਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੈਂ ਕਿਸੇ ਨੂੰ ਕੁਝ ਨਾ ਦੱਸਿਆ। ਦੱਸਦਾ ਵੀ ਕੀ, ਨਮੋਸ਼ੀ ਵਾਲੀ ਗੱਲੀ ਸੀ। ਝੂਠ ਮੈਂ ਵੈਸੇ ਨਹੀਂ ਸਾਂ ਬੋਲਦਾ, ਸੋ ਟਾਲ-ਮਟੋਲ ਕਰ ਕੇ ਸਮਾਂ ਲੰਘਾ ਲਿਆ ਪਰ ਪਤਾ ਨਹੀਂ ਮੇਰੇ ਘਰ ਵਾਲਿਆਂ ਨੂੰ ਕਿਵੇਂ ਪਤਾ ਲੱਗ ਗਿਆ, ਜਾਂ ਉਨ੍ਹਾਂ ਅੰਦਾਜ਼ਾ ਲਗਾ ਲਿਆ, ਤੇ ਜਾਂ ਵਹੁਟੀ ਵਲੋਂ ਕੋਈ ਇਸ਼ਾਰਾ ਹੋਇਆ ਹੋਣਾ; ਵਹੁਟੀ ਤਾਂ ਤਿੰਨ-ਚਾਰ ਦਿਨ ਰਹਿ ਕੇ ਪੇਕੇ ਤੁਰ ਗਈ ਪਰ ਮੇਰੀ ਸਪੈਸ਼ਲ ਸੇਵਾ ਹੋਣ ਲੱਗ ਪਈ। ਮਾਂ ਨੇ ਤਰ੍ਹਾਂ-ਤਰ੍ਹਾਂ ਦੀ ਖੁਰਾਕ ਖਵਾਉਣੀ ਸ਼ੁਰੂ ਕਰ ਦਿੱਤੀ। ਮੈਨੂੰ ਛੇਤੀ ਜਵਾਨ ਕਰਨ ਦੇ ਬਹੁਤ ਉਪਰਾਲੇ ਕੀਤੇ ਗਏ। ਕਿਸੇ ਨੇ ਕਿਹਾ, ਇਹਨੂੰ ਖਾਂਘੜ ਮਹਿੰ ਦਾ ਦੁੱਧ ਪਿਆਇਆ ਕਰੋ, ਉਸ ਦਾ ਬੰਦੋਬਸਤ ਕੀਤਾ ਗਿਆ। ਕਿਸੇ ਨੇ ਕਿਹਾ, ਭਈ ਤੇੜ ਬਣਾ ਕੇ ਪਿਆਇਆ ਕਰੋ (ਰਾਤ ਨੂੰ ਦੁਧ ਜਮਾ ਕੇ, ਸਵੇਰੇ ਉਸ ਦਾ ਅਧ-ਰਿੜਕਾ ਬਣਾ ਕੇ ਤੇ ਮੱਝ ਦੇ ਦੁੱਧ ਦੀਆਂ ਉਸ ਵਿਚ ਸਿਧੀਆਂ ਧਾਰਾਂ ਮਾਰ ਕੇ ਪੀਣ ਨੂੰ ਤੇੜ ਕਹਿੰਦੇ ਹਨ)। ਅਧ-ਰਿੜਕਾ ਮੈਨੂੰ ਜ਼ਬਰਦਸਤੀ ਪਿਆਇਆ ਜਾਣ ਲੱਗਾ। ਫਿਰ ਕਿਸੇ ਨੇ ਕਿਹਾ, ਇਹਨੂੰ ਛੋਲਿਆਂ ਦੀ ਦਾਲ ਰਾਤ ਨੂੰ ਦੁੱਧ ਵਿਚ ਭਿਉਂ ਕੇ ਸਵੇਰੇ ਖਵਾਇਆ ਕਰੋ ਤਾਂ ਇਹ ਵੀ ਸ਼ੁਰੂ ਹੋ ਗਿਆ। ਉਤੋਂ ਸਾਡੇ ਇਕ ਰਿਸ਼ਤੇ ‘ਚੋਂ ਲਗਦੇ ਫੁੱਫੜ ਨੇ ਕਿਹਾ, ਭਈ ਮੈਂ ਆਪਣੇ ਮੁੰਡੇ ਨੂੰ ਛੇਤੀ ਜਵਾਨ ਕੀਤਾ ਹੈ। ਰਾਤ ਨੂੰ ਬਦਾਮਾਂ ਦੀਆਂ ਗਿਰੀਆਂ ਪਾਣੀ ਵਿਚ ਭਿਉਂ ਕੇ ਸਵੇਰੇ ਛਿੱਲੜ ਲਾਹ ਕੇ ਸੁਟ ਦਿਓ ਤੇ ਗਿਰੀਆਂ ਨੂੰ ਥੋੜ੍ਹਾ ਜਿਹਾ ਕੁੱਟ ਕੇ ਵਿਚ ਮਖਣੀ ਤੇ ਖੰਡ ਮਿਲਾ ਕੇ ਖਵਾਇਆ ਕਰੋ। ਰੋਜ਼ ਦੀ ਸੌ ਗਿਰੀ ਖਵਾਓ, ਵੇਖੋ ਫਿਰ ਮੁੰਡਾ ਕਿਵੇਂ ਜਵਾਨ ਹੁੰਦਾ ਹੈ। ਆਖਰੀ ਖੁਰਾਕ ਸ਼ੁਰੂ ਹੋਈ ਤਾਂ ਮੈਨੂੰ ਬੜੀ ਸਵਾਦ ਲੱਗੀ। ਇਸ ਦਾ ਇਸਤੇਮਾਲ ਮੈਂ ਦੂਜੀਆਂ ਸਾਰੀਆਂ ਖੁਰਾਕਾਂ ਨਾਲੋਂ ਜ਼ਿਆਦਾ ਕੀਤਾ। ਇਨ੍ਹਾਂ ਦਿਨਾਂ ਵਿਚ ਮੇਰੀ ਸਿਹਤ ਨੇ ਦਿਨ ਦੂਣੀ ਤੇ ਰਾਤ ਚੌਗਣੀ ਤਰੱਕੀ ਕੀਤੀ। ਮੈਂ ਸਮਝਦਾ ਹਾਂ, ਇਸ ਖੁਰਾਕ ਕਰਕੇ ਮੈਨੂੰ ਅੱਗੇ ਚੱਲ ਕੇ ਪਹਿਲਵਾਨ ਬਣਨ ਵਿਚ ਬੜੀ ਸਹਾਇਤਾ ਮਿਲੀ।
ਪਰ ਘਰ ਵਾਲਿਆਂ ਦਾ ਦਿਲ ਤਾਂ ਹੀ ਖੁਸ਼ ਹੁੰਦਾ ਸੀ, ਜੇ ਉਨ੍ਹਾਂ ਦੀ ਨੂੰਹ ਖੁਸ਼ ਹੋਵੇ। ਪਹਿਲੇ ਮੁਕਲਾਵੇ ਨੂੰ ਦੋ ਸਾਲ ਨਿਕਲ ਗਏ ਤਾਂ ਮੈਨੂੰ ਮੁੜ ਸਹੁਰੀਂ ਵਹੁਟੀ ਨੂੰ ਲਿਆਉਣ ਲਈ ਭੇਜਿਆ ਗਿਆ। ਮੈਂ ਕੋਈ ਚੌਦਾਂ ਪੰਦਰਾਂ ਸਾਲਾਂ ਦਾ ਸਾਂ ਪਰ ਲਗਦਾ ਵੱਡਾ ਸਾਂ। ਤਾਕਤ ਵਿਚ ਤਕੜੇ ਆਦਮੀ ਨਾਲੋਂ ਵੀ ਤਕੜਾ ਹੋ ਗਿਆ ਸੀ। ਇਸ ਵਾਰ ਸਹੁਰਿਆਂ ਦੇ ਪਿੰਡ ਦੀਆਂ ਜ਼ਨਾਨੀਆਂ ਖੁਸ਼ ਸਨ ਕਿ ਮੁੰਡਾ ਗੱਭਰੂ ਹੋ ਗਿਆ ਹੈ। ਵਹੁਟੀ ਨੂੰ ਪਿੰਡ ਤਾਂ ਲੈ ਆਂਦਾ ਪਰ ਮੇਰਾ ਧਿਆਨ ਘੁਲਣ ਵਾਲੇ ਪਾਸੇ ਜ਼ਿਆਦਾ ਤੇ ਵਹੁਟੀ ਵਲ ਘੱਟ। ਬਾਪੂ ਨੇ ਇਕ ਦਿਨ ਕਿਹਾ, “ਪੁੱਤ ਤੂੰ ਖੁਰਾਕ ਵਗੈਰਾ ਖਾਹ, ਤਕੜਾ ਹੋ ਜਾ ਪਰ ਅਸੀਂ ਤੇਰੀ ਪਹਿਲਵਾਨ ਬਣਨ ਦੀ ਖਾਹਿਸ਼ ਪੂਰੀ ਨਹੀਂ ਕਰ ਸਕਦੇ।” ਮੈਂ ਕਿਹਾ, “ਕਿਉਂ?” ਤਾਂ ਕਹਿਣ ਲਗੇ, “ਪਹਿਲਵਾਨੀ ਤਾਂ ਬਹੁਤ ਮੁੰਡੇ ਕਰਦੇ ਨੇ ਪਰ ਬਣਦਾ ਕੋਈ-ਕੋਈ ਏ; ਤੇ ਜਿਹੜੇ ਨਹੀਂ ਬਣਦੇ, ਉਹ ਤਾਂ ਸਿੱਧਾ ਘਰ ਦਾ ਉਾਜਾੜਾ ਈ ਨੇ, ਕਿਉਂਕਿ ਵਾਹੀ ਜੋਤੀ ਪਹਿਲਵਾਨ ਕਰਦਾ ਨਹੀਂ ਪਰ ਖੁਰਾਕ ਉਹਨੂੰ ਹਮੇਸ਼ਾ ਚਾਹੀਦੀ ਹੈ, ਆਲ੍ਹਾ ਤੋਂ ਆਲ੍ਹਾ ਤੇ ਜਦੋਂ ਖੁਰਾਕ ਮਿਲਦੀ ਨਹੀਂ ਤਾਂ ਫਿਰ ਉਹ ਬਦਮਾਸ਼ ਬਣ ਜਾਂਦਾ ਹੈ। ਇਸ ਕਰ ਕੇ ਤੂੰ ਪਹਿਲਵਾਨ ਬਣਨ ਦਾ ਖਿਆਲ ਛਡ ਦੇ।”
ਮੇਰੇ ਮਨ ਦੀ ਰੀਝ ਤਾਂ ਪਹਿਲਵਾਨ ਬਣਨ ਦੀ ਸੀ ਪਰ ਘਰ ਵਾਲਿਆਂ ਦੇ ਸਹਾਰੇ ਤੋਂ ਬਿਨਾ ਇਹ ਰੀਝ ਪੂਰੀ ਨਹੀਂ ਸੀ ਹੋ ਸਕਦੀ। ਉਨ੍ਹਾਂ ਦੀ ਬਦਾਮਾਂ ਵਾਲੀ ਖੁਰਾਕ ਤਾਂ ਉਦੋਂ ਹੀ ਬੰਦ ਹੋ ਗਈ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੇਰਾ ਬਾਪੂ ਦਾਦਾ ਬਣਨ ਵਾਲਾ ਹੈ। ਮੈਂ ਸਤਾਰਾਂ ਸਾਲਾਂ ਦੀ ਉਮਰ ਵਿਚ, ਯਾਨੀ ਨਾਬਾਲਗ ਹੀ ਇਕ ਬਾਲਕ ਦਾ ਪਿਓ ਬਣ ਗਿਆ। ਮੁੰਡੇ ਦਾ ਨਾਂ ਰੱਖਿਆ ਗਿਆ ਪ੍ਰਦੁਮਣ। ਖੁਸ਼ੀਆਂ ਤੇ ਵਧਾਈਆਂ ਨਾਲ ਵਿਹੜਾ ਭਰ ਗਿਆ।
ਮੈਨੂੰ ਪਹਿਲਵਾਨਾਂ ਦੇ ਦੰਗਲ ਵੇਖਣ ਦਾ ਬੜਾ ਸ਼ੌਕ ਸੀ। ਸਾਡੇ ਪਿੰਡ ਦੇ ਲਾਗਲੇ ਪਿੰਡ ਰਾਮਾਣੇ ਚੱਕ ਦਾ ਤੋਤਾ ਪਹਿਲਵਾਨ ਬੜਾ ਹੀ ਫੁਰਤੀਲਾ ਘੁਲਦਾ ਹੁੰਦਾ ਸੀ। ਲਾਗੇ ਦੇ ਪਿੰਡਾਂ ਵਿਚ ਜਿਥੇ ਵੀ ਛਿੰਜ ਪੈਣੀ ਜਾਂ ਮੇਲੇ ‘ਤੇ ਘੋਲ ਹੋਣੇ, ਮੈਂ ਜ਼ਰੂਰ ਪਹੁੰਚਦਾ ਹੁੰਦਾ ਸੀ ਤੇ ਤੋਤੇ ਨੂੰ ਘੋਲਾਂ ਦਾ ਇਨਾਮ ਦੇਣ ਵਾਸਤੇ ਮੇਰੇ ਹੱਥ ਆਪਣੇ ਆਪ ਖੀਸੇ ਵਿਚ ਪਹੁੰਚ ਜਾਂਦੇ ਸਨ। ਮੇਲੇ ਵਿਚ ਪੈਸੇ ਖਰਚ ਨਾ ਕਰ ਕੇ ਮੈਂ ਪਹਿਲਵਾਨਾਂ ਨੂੰ ਇਨਾਮ ਦੇ ਤੌਰ ‘ਤੇ ਦਿੰਦਾ ਸੀ। ਇਕ ਵਾਰ ਸਾਡੇ ਪਿੰਡ ਦੇ ਲਾਗੇ ਨਾਥ ਦੀ ਖੂਹੀ ‘ਤੇ ਛਿੰਜ ਪਈ ਤਾਂ ਪੰਜਾਬ ਦੇ ਚੋਟੀ ਦੇ ਪਹਿਲਵਾਨ ਉਸ ਵਿਚ ਸ਼ਾਮਿਲ ਹੋਏ। ਉਸ ਮੈਦਾਨ ਵਿਚ ਮੈਂ ਇਕ ਪਹਿਲਵਾਨ ਦਾ ਐਡਾ ਸੋਹਣਾ ਸਰੀਰ ਵੇਖਿਆ ਕਿ ਮੇਰੇ ਦਿਲੋ-ਦਿਮਾਗ ਉਤੇ ਉਸ ਦਾ ਜਾਦੂ ਵਰਗਾ ਅਸਰ ਹੋਇਆ। ਪਹਿਲਵਾਨ ਦਾ ਨਾਂ ਕੌਲਾ ਸੀ ਤੇ ਪਿੰਡ ਭਾਗੋਵਾਲ। ਕੁਦਰਤ ਨੇ ਇਸ ਪਹਿਲਵਾਨ ਦੇ ਸਰੀਰ ਨੂੰ ਬੜੀ ਰੀਝ ਨਾਲ ਬਣਾਇਆ ਸੀ। ਛਿੰਜ ਵੇਖ ਕੇ ਘਰ ਆਏ ਤਾਂ ਛੋਟੇ ਜਿਹੇ ਪ੍ਰਦੁਮਣ ਨੂੰ ਮੈਂ ਮੰਜੇ ‘ਤੇ ਪਏ ਦੇਖਿਆ। ਇੰਝ ਲੱਗਾ ਜਿਵੇਂ ਵੱਡਾ ਹੋ ਕੇ ਬਿਲਕੁਲ ਕੌਲੇ ਦੇ ਸਰੀਰ ਵਰਗਾ ਸਰੀਰ ਹੋਵੇਗਾ। ਦਿਲ ਨਾਲ ਵਾਇਦਾ ਕੀਤਾ ਕਿ ਮੈਂ ਤਾਂ ਨਹੀਂ ਬਣ ਸਕਿਆ ਪਰ ਇਸ ਮੁੰਡੇ ਨੂੰ ਜ਼ਰੂਰ ਪਹਿਲਵਾਨ ਬਣਾਉਣਾ ਹੈ। ਕਦੀ ਕਦਾਈਂ ਤੋਤਾ ਪਹਿਲਵਾਨ ਹੀ ਮੇਰੇ ਕੋਲ ਆਉਂਦਾ ਹੁੰਦਾ ਸੀ। ਉਹ ਜਦ ਵੀ ਆਉਂਦਾ, ਘਰ ਵਾਲਿਆਂ ਨੂੰ ਫਿਕਰ ਪੈ ਜਾਂਦਾ, ਭਈ ਹੁਣ ਦੁੱਧ ਦੀ ਖੈਰ ਨਹੀਂ, ਖਾਣੇ ਨਾਲ ਵੀ ਕੁੱਕੜ ਵਗੈਰਾ ਬਣਾਉਣਾ ਪਊਗਾ। ਮੈਨੂੰ ਘਰ ਦੀ ਪਤਲੀ ਹਾਲਤ ਦਾ ਅਹਿਸਾਸ ਸੀ ਪਰ ਮੇਰਾ ਇਕੋ-ਇਕ ਸ਼ੌਕ ਪਹਿਲਵਾਨਾਂ ਦੀ ਸੇਵਾ ਕਰਨਾ ਤੇ ਉਨ੍ਹਾਂ ਨਾਲ ਮਿਲ ਬੈਠਣਾ ਹੀ ਸੀ। ਤੋਤੇ ਨੇ ਮੈਨੂੰ ਕਈ ਵਾਰ ਕਿਹਾ ਕਿ ਜਿੰਨੀ ਤੇਰੇ ਵਿਚ ਤਾਕਤ ਹੈ, ਜੇ ਤੂੰ ਪਹਿਲਵਾਨੀ ਦਾ ਹੁਨਰ ਸਿੱਖ ਲਵੇਂ ਤਾਂ ਬੜੀ ਆਸਾਨੀ ਨਾਲ ਵੱਡਿਆਂ ਜੋੜਾਂ ਵਿਚ ਘੁਲ ਸਕੇਂਗਾ। ਮੈਂ ਉਸ ਨੂੰ ਵਿਚਲੀ ਗੱਲ ਨਾ ਦੱਸ ਕੇ ਐਵੇਂ ਹੱਸ ਛੱਡਣਾ, ਯਾਰ ਵਾਹੀ ਕਰਨ ਵਾਲੇ ਜੱਟਾਂ ਕੋਲੋਂ ਕਿਥੇ ਪਹਿਲਵਾਨੀ ਹੁੰਦੀ ਹੈ।
ਵਾਹੀ ਵਿਚ ਵੀ ਪਿੰਡ ਵਿਚ ਜ਼ਿਆਦਾ ਕੰਮ ਕਰਨ ਵਾਲੇ ਨੂੰ ਬੜਾ ਮਾਣ ਮਿਲਦਾ ਹੈ, ਸਾਰੇ ਉਸ ਦੀ ਚਰਚਾ ਕਰਦੇ ਹਨ ਤੇ ਇੱਜ਼ਤ ਵੀ। 1947 ਦੀਆਂ ਗਰਮੀਆਂ ਸਨ ਤੇ ਕਣਕ ਦੀ ਵਾਢੀ ਚੱਲ ਰਹੀ ਸੀ। ਉਨ੍ਹਾਂ ਦਿਨਾਂ ਵਿਚ ਪਿੰਡੋਂ ਸਾਰਿਆਂ ਨਾਲੋਂ ਵਧ ਕਣਕ ਵੱਢਣ ਵਾਲਾ ਇਕ ਤਰ੍ਹਾਂ ਚੈਂਪੀਅਨ ਗਿਣਿਆ ਜਾਂਦਾ ਸੀ। ਮੈਂ ਸ਼ਾਮ ਨੂੰ ਕੇਸੀ ਇਸ਼ਨਾਨ ਕਰਕੇ ਪਿੰਡ ਦੀ ਸੱਥ ਵਿਚ ਜਿਥੇ ਸ਼ਾਮ ਨੂੰ ਅਹਿਰਨ ਆਦਿ ਚੁੱਕੀਦੀ ਸੀ, ਆਪਣੇ ਕੇਸ ਸੁਕਾ ਰਿਹਾ ਸਾਂ। ਸੂਰਜ ਡੁਬਣ ਹੀ ਵਾਲਾ ਸੀ ਕਿ ਮੇਰੇ ਬਾਬੇ ਦਾ ਹਾਣੀ ਦੀਨ ਮੁਹੰਮਦ ਲੁਹਾਰ ਕਹਿਣ ਲੱਗਾ, “ਕਾਕਾ, ਵਾਢੀਆਂ ਦੇ ਦਿਨ ਨੇ, ਤੇ ਤੂੰ ਵਿਹਲਾ ਤੁਰਿਆ ਫਿਰਦਾ ਏਂ। ਤੇਰੇ ਵਡਿਆਂ ਦੇ ਪਿੰਡ ਵਿਚ ਕਣਕ ਵੱਢਣ ਦੇ ਬੜੇ ਚਰਚੇ ਸਨ, ਤੂੰ ਵੀ ਕੋਸ਼ਿਸ਼ ਕਰਨੀ ਸੀ ਆਪਣਾ ਨਾਂ ਪੈਦਾ ਕਰਨ ਦੀ।” ਮੈਂ ਕਿਹਾ, “ਬਾਬਾ ਮੈਂ ਅੱਜ ਕਣਕ ਵੱਢ ਕੇ ਹੀ ਆਇਆ ਹਾਂ।” ਕਹਿਣ ਲੱਗੇ, “ਹਲਾ, ਵੱਢੀ ਸੂ? ਕਿੰਨੀ ਵੱਢੀ ਸੂ।” ਮੈਂ ਕਿਹਾ, “ਦੋ ਵਿੱਘੇ।” ਬਾਬਾ ਬੋਲਿਆ, “ਕਿਹਾੜੇ ਦੋ ਵਿੱਘੇ ਭਾਈ?” ਪਿੰਡ ਦੇ ਹਰ ਬੰਦੇ ਨੂੰ ਪਿੰਡ ਦੀ ਸਾਰੀ ਜ਼ਮੀਨ ਦਾ ਪਤਾ ਹੁੰਦਾ ਹੈ ਕਿਉਂਕਿ ਇਨ੍ਹਾਂ ਦੇ ਸਾਹਮਣੇ ਫਸਲ ਬੀਜੀ ਜਾਂਦੀ ਹੈ, ਪੌਦੇ ਉਗਦੇ ਹਨ, ਪਰਵਾਨ ਚੜ੍ਹਦੇ ਹਨ ਤੇ ਦਾਣਾ ਪੈਂਦਾ ਹੈ; ਤੇ ਫੇਰ ਇਨ੍ਹਾਂ ਦੇ ਸਾਹਮਣੇ ਕਟੀਂਦੇ ਹਨ। ਮੈਂ ਕਿਹਾ, “ਬਾਬਾ, ਇਕ ਵਿੱਘਾ ਤਾਂ ਮੈਂ ਰੋਟੀ ਵੇਲੇ ਤਕ ਵੱਢ ਲਿਆ ਸੀ (ਸਾਡੀ ਇਕ ਪੈਲੀ ਦਾ ਨਾਂ ਹੀ ਵਿੱਘਾ ਸੀ)। ਵੱਢਦਿਆਂ-ਵੱਢਦਿਆਂ ਕਿਆਰਾ ਓਸ ਪਾਸੇ ਤੇ ਕਿਆਰਾ ਓਸ ਪਾਸੇ, ਜਦ ਤਕ ਮੈਂ ਪੂਰਾ ਵਿਘਾ ਵਢਿਆ ਨਹੀਂ ਮੈਂ ਉਠਿਆ ਨਹੀਂ।” ਕਹਿਣ ਲੱਗੇ, “ਸ਼ਾਬਾਸ਼, ਪਰ ਦੂਜਾ ਕਿਹੜਾ ਵਿੱਘਾ।” ਮੈਂ ਕਿਹਾ, “ਬਾਬਾ, ਵਿੱਘਾ ਥਾਂ ਰੇੜ ਵਾਲੀ ਪੈਲੀ ਵਿਚੋਂ ਵੱਢਿਆ ਏ।” ਬਾਬਾ ਹੈਰਾਨ ਹੋ ਕੇ ਬੋਲਿਆ, “ਹੈ! ਇਹ ਤਾਂ ਢੱਠੀ ਪਈ ਕਣਕ ਸੀ; ਇਹ ਤੂੰ ਕਿਵੇਂ ਕਿਸ ਤਰ੍ਹਾਂ ਵੱਢ ਲਿਆ, ਤੇ ਭਰੀਆਂ ਕਿੰਨੀਆਂ ਬੱਝੀਆਂ ਨੇ?” ਮੈਂ ਕਿਹਾ, “ਭਰੀਆਂ ਤਾਂ ਕੱਲ੍ਹ ਬਾਪੂ ਹੋਰੀਂ ਬੰਨ੍ਹਣਗੇ, ਮੈਂ ਤਾਂ ਵੱਢ ਕੇ ਹੀ ਆ ਗਿਆ।” ਕਹਿਣ ਲੱਗੇ, “ਪੰਜਾਹ-ਸੱਠ ਭਰੀਆਂ ਤਾਂ ਜ਼ਰੂਰ ਹੀ ਬੱਝਣਗੀਆਂ। ਲੈ ਭਈ ਮੁੰਡਿਆ, ਤੂੰ ਰੂਪਾ ਸਿੰਘ ਕਿਆਂ ਦਾ ਨਾਂ ਰੱਖ ਲਿਆ ਈ।”
ਵਾਕਿਆ ਹੀ ਅਗਲੇ ਦਿਨ 55 ਭਰੀਆਂ ਬੱਝੀਆਂ। ਹੋ ਸਕਦੈ, ਮੁੰਡੇ ਦਾ ਰੋਹਬ ਜਮਾਉਣ ਲਈ ਬਾਪੂ ਨੇ ਭਰੀਆਂ ਛੋਟੀਆਂ ਬੰਨ੍ਹੀਆਂ ਹੋਣ ਪਰ ਵੱਡੀਆਂ ਵੀ ਬੰਨ੍ਹਦੇ ਤਾਂ ਪੰਜਾਹਾਂ ਤੋਂ ਘੱਟ ਨਾ ਹੁੰਦੀਆਂ। ਆਮ ਕਰ ਕੇ ਐਨੀ ਕਣਕ ਉਸ ਜ਼ਮਾਨੇ ਵਿਚ ਚਾਰ ਆਦਮੀ ਵੱਢਿਆ ਕਰਦੇ ਸਨ। ਸਾਡੇ ਪਿੰਡ ਦੇ ਇਕ ਮਜ਼ਹਬੀ ਸਿੰਘ ਦਾ ਛੋਹਲੇ ਵਾਢਿਆਂ ਵਿਚ ਬੜਾ ਨਾਮ ਸੀ। ਮੇਰੇ ਨਾਲ ਜ਼ਿਦ ਕੇ ਕਣਕ ਵੱਢਣ ਦੀ ਉਸ ਦੀ ਗੱਲਬਾਤ ਚੱਲ ਰਹੀ ਸੀ। ਜਦੋਂ ਉਸ ਨੂੰ ਇਸ ਦਾ ਪਤਾ ਲੱਗਾ ਤਾਂ ਜ਼ਿਦਬਾਜ਼ੀ ਛੱਡ ਗਿਆ ਤੇ ਮੈਂ ਬਿਨਾ ਮੁਕਾਬਲੇ ਚੈਂਪੀਅਨ ਬਣ ਗਿਆ। ਹਾਲਾਂਕਿ ਕਈ ਵਾਰੀ ਵੇਖਿਆ ਗਿਆ ਹੈ ਕਿ ਅਖਾੜੇ ਵਿਚ ਜ਼ੋਰ ਕਰਨ ਵਾਲੇ ਮੈਦਾਨ ਵਿਚ ਜਾ ਕੇ ਲਿੱਦ ਕਰ ਦਿੰਦੇ ਹਨ। ਖੈਰ, ਜੋ ਵੀ ਹੋਇਆ, ਆਪਣਾ ਵਾਢੀ ਕਰਨ ਵਿਚ ਅੱਵਲ ਨੰਬਰ ਆ ਗਿਆ; ਤੇ ਇਹ ਸੀ ਮੇਰਾ ਵਾਹੀ ਕਰਨ ਦਾ ਆਖਰੀ ਸਾਲ।