ਧੀਰੇਂਦਰ ਕੇ. ਝਾਅ
ਅਨੁਵਾਦ: ਬੂਟਾ ਸਿੰਘ
ਸਿਆਸੀ ਮਾਮਲਿਆਂ ਦੇ ਉਘੇ ਪੱਤਰਕਾਰ ਧੀਰੇਂਦਰ ਕੇ. ਝਾਅ ਦੀ ਇਹ ਰਿਪੋਰਟ ਯੋਗੀ ਆਦਿੱਤਿਆਨਾਥ ਦੇ ਇਕ ਸਾਧਾਰਨ ਨੌਜਵਾਨ ਤੋਂ ਗੋਰਖਨਾਥ ਮੱਠ ਦਾ ਮਹੰਤ ਬਣਨ ਅਤੇ ਆਖਿਰਕਾਰ ਭਾਰਤ ਦੀ ਚੋਣ ਸਿਆਸਤ ਵਿਚ ਸਭ ਤੋਂ ਮਹੱਤਵਪੂਰਨ ਸਥਾਨ ਰੱਖਦੇ ਰਾਜ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣ ਕੇ ਹਿੰਦੂਤਵ ਦਾ ਮੁੱਖ ਚਿਹਰਾ ਬਣ ਕੇ ਉਭਰਨ ਦੇ ਸਿਆਸੀ ਸਫਰ ਉਪਰ ਝਾਤ ਪੁਆਉਂਦੀ ਹੈ। ਕਾਰਵਾਂ ਮੈਗਜ਼ੀਨ ਦੇ ਜਨਵਰੀ 2022 ਅੰਕ ਵਿਚ ਛਪੀ ਇਸ ਰਿਪੋਰਟ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।
ਅਦਿੱਤਿਆਨਾਥ ਨੇ ਯੂ.ਪੀ. ਦੇ ਮੁੱਖ ਮੰਤਰੀ ਦੇ ਤੌਰ ‘ਤੇ ਉਸ ਨੂੰ ਦਰਪੇਸ਼ ਜ਼ਿਆਦਾਤਰ ਸਮੱਸਿਆਵਾਂ ਦੇ ਰਾਜਨੀਤਕ ਹੱਲ ਵਜੋਂ ਹਿੰਸਾ ਨੂੰ ਹਥਿਆਰ ਬਣਾਇਆ। ਅਹੁਦਾ ਸੰਭਾਲਣ ਦੇ ਮਹੀਨਿਆਂ ਬਾਅਦ ਜਦੋਂ ਰਾਜ ਵਿਚ ਵਿਗੜ ਰਹੀ ਕਾਨੂੰਨ ਵਿਵਸਥਾਕਾਰਨ ਉਸ ਦੀ ਆਲੋਚਨਾ ਤਿੱਖੀ ਹੋ ਰਹੀ ਸੀ ਤਾਂ ਉਸ ਨੇ ਸਾਫ ਕਿਹਾ ਕਿ ਉਸ ਦਾ ਪ੍ਰਸ਼ਾਸਨ ਸੰਵਿਧਾਨਕ ਬੰਦਿਸ਼ਾਂ ‘ਚ ਬੱਝਿਆ ਨਹੀਂ ਰਹੇਗਾ। ਇਕ ਟੈਲੀਵਿਜ਼ਨ ਇੰਟਰਵਿਊ ‘ਚ ਉਸ ਨੇ ਐਲਾਨ ਕੀਤਾ, “ਅਗਰ ਅਪਰਾਧ ਕਰੇਂਗੇ, ਤੋ ਠੋਕ ਦੀਏ ਜਾਏਂਗੇ।”
ਇਸ ਤੋਂ ਬਾਅਦ ਪੂਰੇ ਰਾਜ ਵਿਚ ਪੁਲਿਸ ‘ਮੁਕਾਬਲਿਆਂ’ ਦੀ ਲੜੀ ਸ਼ੁਰੂ ਹੋਈ ਜਿਨ੍ਹਾਂ ਵਿਚੋਂ 432 ਇਸ ਕਵਾਇਦ ਦੇ ਪਹਿਲੇ ਮਹੀਨੇ ‘ਚ ਹੀ ਵਾਪਰੇ। ਇਕ ਸਾਲ ਬਾਅਦ ਅਗਸਤ 2018 ‘ਚ ਇੰਡੀਆ ਟੂਡੇ ਟੀ.ਵੀ. ਦੇ ਸਟਿੰਗ ਅਪ੍ਰੇਸ਼ਨ ਨੇ ਇਨ੍ਹਾਂ ਵਿਚੋਂ ਕੁਝ ਮੁਕਾਬਲਿਆਂ ਦੀ ਹਕੀਕਤ ਵੱਲ ਇਸ਼ਾਰਾ ਕੀਤਾ। ਖੁਲਾਸੇ ਹੋਇਆ ਕਿ ਕੁਝ ਪੁਲਿਸ ਅਧਿਕਾਰੀ ਬੇਕਸੂਰ ਲੋਕਕਾਂ ਨੂੰ ਝੂਠੇ ਕੇਸਾਂ ‘ਚ ਫਸਾ ਰਹੇ ਸਨ, ਵੱਢੀਆਂ ਤੇ ਤਰੱਕੀਆਂ ਦੇ ਬਦਲੇ ਝੂਠੇ ਮੁਕਾਬਲਿਆਂ ‘ਚ ਗੋਲੀਆਂ ਮਾਰ ਰਹੇ ਸਨ। ਇਸ ਨਾਲ ਹਲਚਲ ਮਚ ਗਈ ਪਰ ਅਦਿੱਤਿਆਨਾਥ ਆਪਣੀ ਗੱਲ ‘ਤੇ ਅੜਿਆ ਰਿਹਾ। ਉਂਝ, ਤਿੰਨ ਸਬ-ਇੰਸਪੈਕਟਰਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦੇਣੇ ਪਏ ਜੋ ਇਸ ਕੰਮ ਲਈ ਆਪਣੀਆਂ ਸੇਵਾਵਾਂ ਪੇਸ਼ ਕਰਦੇ ਗੁਪਤ ਕੈਮਰਿਆਂ ‘ਚ ਫੜੇ ਗਏ ਸਨ। ਸਰਕਾਰ ਨੇ ਭੇਤ ਖੋਲ੍ਹਣ ਵਾਲਿਆਂ ਖਿਲਾਫ ਵੀ ਜਾਂਚ ਦੇ ਹੁਕਮ ਦਿੱਤੇ ਪਰ ਸੌਦਾ ਕਰਨ ਵਾਲੇ ਪੁਲਿਸ ਵਾਲਿਆਂ ਨੇ ਜੋ ਭੇਤ ਖੋਲ੍ਹੇ ਸਨ, ਉਨ੍ਹਾਂ ਦੀ ਜਾਂ ਹੋਰ ਮੁਕਾਬਲਿਆਂ ‘ਚ ਸੰਭਾਵੀ ‘ਜ਼ਿਆਦਤੀਆਂ’ ਦੀ ਜਾਂਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।
ਇਸ ਦੀ ਬਜਾਇ ਹੋਇਆ ਇਹ ਕਿ ਮੁਕਾਬਲਿਆਂ ਦਾ ਸਿਲਸਿਲਾ ਹੋਰ ਤੇਜ਼ ਹੋ ਗਿਆ – ਅਣਅਧਿਕਾਰਕ ਤੌਰ ‘ਤੇ ਇਸ ਨੂੰ ‘ਅਪ੍ਰੇਸ਼ਨ ਲੰਗੜਾ’ ਕਿਹਾ ਜਾਂਦਾ ਹੈ, ਕਿਉਂਕਿ ਮੁਕਾਬਲਿਆਂ ‘ਚ ਜ਼ਿਆਦਾਤਰ ਜ਼ਖਮੀਆਂ ਨੂੰ ਉਨ੍ਹਾਂ ਦੀਆਂ ਲੱਤਾਂ ਵਿਚ ਗੋਲੀ ਮਾਰੀ ਗਈ। ਖੁਲਾਸੇ ਤੋਂ ਮਹੀਨਿਆਂ ਬਾਅਦ ਅਦਿੱਤਿਆਨਾਥ ਹਿੰਸਾ ਨੂੰ ਆਪਣੀ ਸਰਕਾਰ ਦੀ ਵੱਡੀ ਪ੍ਰਾਪਤੀ ਵਜੋਂ ਪ੍ਰਚਾਰਨ ਤੱਕ ਗਿਆ। 2019 ‘ਚ ਗਣਤੰਤਰ ਦਿਵਸ ਤੋਂ ਪਹਿਲਾਂ ਰਾਜ ਦੇ ਮੁੱਖ ਸਕੱਤਰ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ‘ਅਬ ਤਕ 3000’ ਦੇ ਨਾਅਰੇ ਦਾ ਪ੍ਰਚਾਰ ਕਰਨ ਲਈ ਕਿਹਾ – ਇਹ ਅਦਿੱਤਿਆਨਾਥ ਦੇ ਸੱਤਾ ਸੰਭਾਲਣ ਤੋਂ ਬਾਅਦ ਹੋਏ ਪੁਲਿਸ ਮੁਕਾਬਲਿਆਂ ਦੀ ਗਿਣਤੀ ਦਾ ਹਵਾਲਾ ਸੀ।
‘ਅਪ੍ਰੇਸ਼ਨ ਲੰਗੜਾ’ ਦੇ ਪੀੜਤਾਂ ਵਿਚੋਂ ਇਕ ਅਯੂਬ ਕੁਰੈਸ਼ੀ ਨੂੰ ਦੋ ਵਾਰ ਅਜਿਹੇ ‘ਮੁਕਾਬਲੇ’ ਦਾ ਸਾਹਮਣਾ ਕਰਨਾ ਪਿਆ। ਪਹਿਲੀ ਵਾਰ ਉਸ ਦੀ ਸੱਜੀ ਲੱਤ ਅਤੇ ਦੂਜੀ ਵਾਰ ਖੱਬੀ ਲੱਤ ‘ਚ ਗੋਲੀ ਮਾਰੀ ਗਈ। ਮੁਜ਼ੱਫਰਨਗਰ ਜ਼ਿਲ੍ਹੇ ਦੇ ਖਤੌਲੀ ਦੇ ਰਹਿਣ ਵਾਲੇ ਕੁਰੈਸ਼ੀ ਨੂੰ ਯਕੀਨ ਨਹੀਂ ਹੈ ਕਿ ਪੁਲਿਸ ਤੀਜੀ ਵਾਰ ਉਸ ਦਾ ‘ਐਨਕਾਊਂਟਰ’ ਨਹੀਂ ਕਰੇਗੀ। ਉਸ ਦੱਸਿਆ, “ਪਹਿਲਾਂ ਮੇਰੇ ਵਿਰੁੱਧ ਕੋਈ ਕੇਸ ਨਹੀਂ ਸੀ, ਮੈਂ ਆਪਣਾ ਡੇਅਰੀ ਦਾ ਕਾਰੋਬਾਰ ਕਰ ਰਿਹਾ ਸੀ। ਮੁਸੀਬਤ 2019 ਦੇ ਅੱਧ ‘ਚ ਸ਼ੁਰੂ ਹੋਈ, ਜਦੋਂ ਮੇਰਾ ਕਿਰਾਏਦਾਰ ਇਕ ਕੱਟਾ ਲਿਆਇਆ ਅਤੇ ਉਸ ਨੂੰ ਮੇਰੇ ਡੇਅਰੀ ਫਾਰਮ ਵਿਚ ਰੱਖਿਆ। ਉਸ ਨੇ ਵਾਅਦਾ ਕੀਤਾ ਕਿ ਉਹ ਅਗਲੇ ਦਿਨ ਲੈ ਜਾਵੇਗਾ। ਮੈਂ ਉਸ ਨੂੰ ਇਜਾਜ਼ਤ ਦੇ ਦਿੱਤੀ। ਰਾਤ ਨੂੰ ਪੁਲਿਸ ਦੀ ਟੀਮ ਨੇ ਮੇਰੀ ਡੇਅਰੀ ‘ਤੇ ਛਾਪਾ ਮਾਰਿਆ ਅਤੇ ਇਹ ਐਲਾਨ ਕਰਨ ਤੋਂ ਬਾਅਦ ਕਿ ਮੈਂ ਕੱਟਾ ਚੋਰੀ ਕੀਤਾ ਸੀ, ਇਸ ਨੂੰ ਕਬਜ਼ੇ ‘ਚ ਲੈ ਲਿਆ ਅਤੇ ਮੈਨੂੰ ਗ੍ਰਿਫਤਾਰ ਕਰ ਲਿਆ। ਮੈਂ ਹਾੜ੍ਹੇ ਕੱਢੇ ਕਿ ਕੱਟਾ ਮੇਰੇ ਕਿਰਾਏਦਾਰ ਦਾ ਸੀ ਪਰ ਉਨ੍ਹਾਂ ਮੇਰੀ ਗੱਲ ਨਹੀਂ ਸੁਣੀ। ਮੈਂ ਸਾਬਤ ਵੀ ਨਹੀਂ ਕਰ ਸਕਿਆ, ਮੇਰਾ ਕਿਰਾਏਦਾਰ ਭੱਜ ਗਿਆ ਸੀ।”
ਉਸ ਦੇ ਖਿਲਾਫ ਚੋਰੀ ਅਤੇ ਜਾਨਵਰਾਂ ‘ਤੇ ਅੱਤਿਆਚਾਰ ਦਾ ਮਾਮਲਾ ਦਰਜ ਕੀਤਾ ਅਤੇ ਉਸ ਦੀ ਜ਼ਿੰਦਗੀ ਨੇ ਭਿਆਨਕ ਮੋੜਾ ਕੱਟ ਲਿਆ। ਪੁਲਿਸ ਨੇ ਉਸ ਦੇ ਡੇਅਰੀ ਫਾਰਮ ‘ਤੇ ਗੇੜੇ ਸ਼ੁਰੂ ਕਰ ਦਿੱਤੇ, ਉਸ ਨੂੰ ਐਸੇ ਮਾਮਲਿਆਂ ਬਾਰੇ ਪੁੱਛਗਿੱਛ ਲਈ ਥਾਣੇ ਲਿਜਾਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਬਾਰੇ ਉਸ ਨੂੰ ਕੋਈ ਜਾਣਕਾਰੀ ਹੀ ਨਹੀਂ ਸੀ। ਕੁਰੈਸ਼ੀ ਨੇ ਦੱਸਿਆ, “ਇਕ ਵਾਰ ਉਹ ਮੇਰੀਆਂ ਮੱਝਾਂ ਲੈ ਗਏ ਅਤੇ 1.5 ਲੱਖ ਰੁਪਏ ਲੈਣ ਤੋਂ ਬਾਅਦ ਹੀ ਵਾਪਸ ਕੀਤੀਆਂ। ਜਿਉਂ-ਜਿਉਂ ਉਨ੍ਹਾਂ ਵਲੋਂ ਪਰੇਸ਼ਾਨੀ ਵਧਦੀ ਗਈ, ਮੈਂ ਜ਼ਿਆਦਾ ਵਕਤ ਆਸੇ-ਪਾਸੇ ਰਹਿਣਾ ਸ਼ੁਰੂ ਕਰ ਦਿੱਤਾ। ਇਸ ਨਾਲ ਮੇਰਾ ਡੇਅਰੀ ਕਾਰੋਬਾਰ ਪ੍ਰਭਾਵਿਤ ਹੋਇਆ। ਆਮਦਨ ਦਾ ਇਕੋ-ਇਕ ਵਸੀਲਾ ਹੋਣ ਦੇ ਬਾਵਜੂਦ ਮੈਨੂੰ ਇਹ ਕੰਮ ਬੰਦ ਕਰਨਾ ਪਿਆ।”
2019 ਦੇ ਅੰਤ ਵਿਚ ਜਦੋਂ ਉੱਤਰ ਪ੍ਰਦੇਸ਼ ‘ਚ ਮੁਕਾਬਲਿਆਂ ਦੇ ਮਾਮਲਿਆਂ ਦੀ ਗਿਣਤੀ ਵਧੀ ਤਾਂ ਕੁਰੈਸੀ ਦੀ ਮਾਂ ਜੋ ਇਹ ਨਹੀਂ ਸੀ ਜਾਣਦੀ ਕਿ ਆਪਣੇ ਪੁੱਤਰ ਨੂੰ ਕਿਵੇਂ ਬਚਾਉਣਾ ਹੈ, ਨੇ ਪੱਤਰ ਲਿਖ ਕੇ ਨਿਆਂ ਦੀ ਮੰਗ ਕੀਤੀ। ਜਿਨ੍ਹਾਂ ਨੂੰ ਇਹ ਪੱਤਰ ਭੇਜਿਆ, ਉਨ੍ਹਾਂ ਵਿਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ, ਨਰਿੰਦਰ ਮੋਦੀ, ਅਦਿੱਤਿਆਨਾਥ ਅਤੇ ਸੀਨੀਅਰ ਰਾਜ ਤੇ ਜ਼ਿਲ੍ਹਾ ਪੁਲਿਸ ਅਧਿਕਾਰੀ ਸ਼ਾਮਲ ਸਨ। ਚਿੱਠੀ ਵਿਚ ਲਿਖਿਆ ਹੈ, “ਪੁਲਿਸ ਦੀ ਪ੍ਰੇਸ਼ਾਨੀ ਕਾਰਨ ਅਯੂਬ ਦੀ ਰੋਜ਼ੀ-ਰੋਟੀ ਖੁੱਸ ਗਈ ਹੈ। ਪੂਰਾ ਪਰਿਵਾਰ ਅਤੇ ਅਯੂਬ ਦੇ ਬੱਚੇ ਭੁੱਖਮਰੀ ਦੀ ਕਗਾਰ ‘ਤੇ ਹਨ, ਤੇ ਪੁਲਿਸ ਲਗਾਤਾਰ ਮੇਰੇ ਮੁਹੱਲੇ ‘ਚ ਗੇੜੇ ਮਾਰਦੀ ਹੈ ਅਤੇ ਅਕਸਰ ਐਲਾਨ ਕਰਦੀ ਹੈ ਕਿ ਇਸ ਵਾਰ ਉਹ ਅਯੂਬ ਨੂੰ ਜੇਲ੍ਹ ਪਹੁੰਚਾਉਣ ਤੋਂ ਪਹਿਲਾਂ ਉਸ ਦਾ ਮੁਕਾਬਲਾ ਬਣਾਉਣਗੇ।”
ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਕੁਰੈਸੀ ਨੇ ਦੱਸਿਆ, “ਪੁਲਿਸ ਨੇ ਮੈਨੂੰ 5 ਅਕਤੂਬਰ 2020 ਨੂੰ ਗਾਂ ਨੂੰ ਮਾਰਨ ਦੇ ਦੋਸ਼ ‘ਚ ਚੁੱਕ ਲਿਆ। ਵਾਕਿਆ ਮੇਰਠ ਵਿਚ ਕਿਤੇ ਹੋਇਆ ਸੀ। ਉਹ ਮੈਨੂੰ ਕਿਸੇ ਸੁੰਨਸਾਨ ਜਗ੍ਹਾ ਲੈ ਗਏ ਅਤੇ ਭੁੰਜੇ ਸੁੱਟ ਦਿੱਤਾ ਤੇ ਐਨ ਨੇੜਿਓਂ ਮੇਰੀ ਖੱਬੀ ਲੱਤ ‘ਚ ਗੋਡੇ ਦੇ ਹੇਠਾਂ ਗੋਲੀ ਮਾਰ ਦਿੱਤੀ।”
ਲੱਗਭੱਗ ਮਹੀਨੇ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਪਰ ਪਹਿਲੀ ਮਾਰਚ 2021 ਨੂੰ ਪਹਿਲਾ ਜ਼ਖਮ ਠੀਕ ਹੋਣ ਤੋਂ ਪਹਿਲਾਂ ਹੀ ਉਸ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ‘ਚ ਮੁੜ ਗ੍ਰਿਫਤਾਰ ਕਰ ਲਿਆ। “ਇਕ ਵਾਰ ਫਿਰ, ਉਹ ਮੈਨੂੰ ਕਿਸੇ ਸੁੰਨਸਾਨ ਜਗ੍ਹਾ ਲੈ ਗਏ ਅਤੇ ਗੋਡੇ ਤੋਂ ਹੇਠਾਂ ਸੱਜੀ ਲੱਤ ‘ਚ ਗੋਲੀ ਮਾਰ ਦਿੱਤੀ। ਹੁਣ ਮੈਂ ਕਿਤੇ ਨਹੀਂ ਜਾਂਦਾ ਅਤੇ ਹਰ ਸਮੇਂ ਘਰ ‘ਚ ਰਹਿੰਦਾ ਹਾਂ। ਇਕ ਵਾਰ ਮੈਂ ਸੋਚਿਆ ਕਿ ਮੇਰੇ ਨਾਲ ਜੋ ਵੀ ਹੋਇਆ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਾਂ ਪਰ ਮੇਰੇ ਘਰ ਦੇ ਜੀਆਂ ਨੇ ਇਹ ਕਹਿ ਕੇ ਵਰਜ ਦਿੱਤਾ ਕਿ ਯੋਗੀ ਦੇ ਮੁੱਖ ਮੰਤਰੀ ਹੁੰਦਿਆਂ ਸਾਨੂੰ ਇਨਸਾਫ ਨਹੀਂ ਮਿਲੇਗਾ।”
ਅਕਤੂਬਰ 2021 ਵਿਚ ਤਿੰਨ ਮਨੁੱਖੀ ਅਧਿਕਾਰ ਗਰੁੱਪਾਂ ਨੇ ‘ਕਾਨੂੰਨ ਅਤੇ ਜ਼ਿੰਦਗੀ ਨੂੰ ਨਸ਼ਟ ਕਰਨਾ: ਉੱਤਰ ਪ੍ਰਦੇਸ਼ ਰਾਜ ਵਿਚ ਪੁਲਿਸ ਵੱਲੋਂ ਕਤਲ ਅਤੇ ਪਰਦਾਪੋਸ਼ੀ’ ਸਿਰਲੇਖ ਵਾਲੀ ਸਾਂਝੀ ਰਿਪੋਰਟ ਜਾਰੀ ਕੀਤੀ। ਇਸ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਮੁਕਾਬਲਿਆਂ ਦਾ ‘ਸਰਗਰਮ ਰੰਗ-ਮੰਚ’ ਹੈ ਅਤੇ ਇਹ ਦੱਸਦੀ ਹੈ ਕਿ ਅਦਿੱਤਿਆਨਾਥ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਰਾਜ ਵਿਚ 8472 ਪੁਲਿਸ ਮੁਕਾਬਲੇ ਹੋਏ। ਦਸਤਾਵੇਜ਼ ਵਿਚ ਕਿਹਾ ਗਿਆ ਹੈ, “146 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 3302 ਗੋਲੀਆਂ ਨਾਲ ਜ਼ਖਮੀ ਹੋਏ।” 17 ਐਨਕਾਊਂਟਰ ਕਤਲਾਂ ਦੀ ਆਪਣੀ ਜਾਂਚ ਦੇ ਵੇਰਵੇ ਦਿੰਦੇ ਹੋਏ, ਤਿੰਨ ਅਧਿਕਾਰ ਗਰੁੱਪਾਂ ਨੇ ਦਿਖਾਇਆ ਕਿ ਕਿਵੇਂ ਰਾਜ ਸਰਕਾਰ ਨੇ ਸੁਪਰੀਮ ਕੋਰਟ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੁਆਰਾ ਤੈਅ ਕੀਤੇ ਸੁਰੱਖਿਆ ਉਪਾਵਾਂ ਨੂੰ ਬਾਈਪਾਸ ਕੀਤਾ ਹੈ ਅਤੇ ਇਸ ਨੇ ਇਸ ਪ੍ਰਤੀ ਅੱਖਾਂ ਬੰਦ ਕਰਨ ‘ਚ ਮਨੁੱਖੀ ਅਧਿਕਾਰ ਕਮਿਸ਼ਨ ਦੀ ਮਿਲੀਭੁਗਤ ਦਾ ਪਰਦਾਫਾਸ਼ ਕੀਤਾ ਹੈ।
ਅਧਿਕਾਰਕ ਪ੍ਰਚਾਰ ਜਿਸ ਨੂੰ ਮੁੱਖ ਧਾਰਾ ਮੀਡੀਆ ਦੇ ਵੱਡੇ ਹਿੱਸੇ ਨੇ ਹੋਰ ਵਧਾ-ਚੜ੍ਹਾ ਕੇ ਪ੍ਰਚਾਰਿਆ, ਦਿਖਾਵਾ ਕਰਦਾ ਹੈ ਕਿ ਮੁਕਾਬਲਿਆਂ ਨੇ ਲੋਕਾਂ ਵਿਚ ਉਤਸ਼ਾਹ ਪੈਦਾ ਕੀਤਾ ਹੈ ਅਤੇ ਕਾਨੂੰਨ ਤੋੜਨ ਵਾਲੇ ਡਰੇ ਹਨ; ਹਾਲਾਂਕਿ ਜ਼ਮੀਨੀ ਪੱਧਰ ‘ਤੇ ਇਹ ਦਿਖਾਉਣ ਲਈ ਕੁਝ ਵੀ ਨਹੀਂ ਕਿ ਮੁਕਾਬਲਿਆਂ ਨੇ ਰੋਕਥਾਮ ਦੀ ਭੂਮਿਕਾ ਨਿਭਾਈ ਹੈ। ਇਸ ਦੀ ਬਜਾਇ ਪੂਰੀ ਰਾਜ ਮਸ਼ੀਨਰੀ ਨੇ ਪੱਖਪਾਤ ਨਾਲ ਕੰਮ ਕੀਤਾ ਅਤੇ ਇਸ ਨੇ ਕਾਨੂੰਨ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਹਿੰਸਾ ਕੀਤੀ।
ਇਹ ਖਾਸ ਤੌਰ ‘ਤੇ ਔਰਤਾਂ ਵਿਰੁੱਧ ਜੁਰਮਾਂ ਦੇ ਸੰਬੰਧ ‘ਚ ਸੱਚ ਹੈ। ਅਜਿਹੇ ਜੁਰਮ, ਖਾਸਕਰ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ, ਉੱਤਰ ਪ੍ਰਦੇਸ਼ ‘ਚ ਆਮ ਹਨ। ਸਭ ਤੋਂ ਬਦਨਾਮ ਮਿਸਾਲਾਂ ਵਿਚ ਉਨਾਓਂ ‘ਚ 17 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਤੇ ਕਤਲ, ਜਿੱਥੇ ਮੁੱਖ ਦੋਸ਼ੀ ਭਾਜਪਾ ਆਗੂ ਕੁਲਦੀਪ ਸਿੰਘ ਸੈਂਗਰ ਅਤੇ ਸਾਬਕਾ ਭਾਜਪਾ ਨੇਤਾ ਚਿਨਮਯਾਨੰਦ ਦੁਆਰਾ ਸ਼ਾਹਜਹਾਂਪੁਰ ਵਿਚ ਕਾਲਜ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਸ਼ਾਮਿਲ ਹੈ (ਸ਼ਿਕਾਇਤਕਰਤਾ ਵੱਲੋਂ ਅਦਾਲਤ ‘ਚ ਆਪਣਾ ਦੋਸ਼ ਵਾਪਸ ਲੈਣ ਤੋਂ ਬਾਅਦ ਉਸ ਨੂੰ ਬਰੀ ਕਰ ਦਿੱਤਾ ਗਿਆ)। ਹਾਥਰਸ ‘ਚ ਦਲਿਤ ਔਰਤ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ, ਜਿਸ ਦੀ ਲਾਸ਼ ਦਾ ਪੁਲਿਸ ਵੱਲੋਂ ਉਸ ਦੇ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਕਾਹਲੀ-ਕਾਹਲੀ ਸੰਸਕਾਰ ਕਰ ਦਿੱਤਾ ਗਿਆ ਸੀ ਅਤੇ ਦਲਿਤ ਸਮੂਹਿਕ ਬਲਾਤਕਾਰ ਪੀੜਤ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਕਤਲ ਦੇ ਘਿਨਾਉਣੇ ਕਾਂਡ ਵਾਪਰੇ ਹਨ।
ਉੱਤਰ ਪ੍ਰਦੇਸ਼ ‘ਚ ਮਨੁੱਖੀ ਅਧਿਕਾਰਾਂ ਅਤੇ ਸਿਆਸੀ-ਕਾਨੂੰਨੀ ਪੈਰਵਾਈ ਗਰੁੱਪ, ਰਿਹਾਈ ਮੰਚ ਦੇ ਜਨਰਲ ਸਕੱਤਰ ਰਾਜੀਵ ਯਾਦਵ ਨੇ ਦੱਸਿਆ, “ਔਰਤਾਂ ਵਿਰੁੱਧ ਲਗਾਤਾਰ ਜੁਰਮਾਂ ਤੋਂ ਇਲਾਵਾ, ਪੁਲਿਸ ਮੁਕਾਬਲਿਆਂ ਵਿਚ ਬੇਕਸੂਰ ਲੋਕਾਂ ਦੇ ਮਾਰੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮੁਕਾਬਲਿਆਂ ਨੇ ਨਾਗਰਿਕ ਅਤੇ ਮਨੁੱਖੀ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਹੈ। ਅਦਿੱਤਿਆਨਾਥ ਵੱਲੋਂ ਵਿਕਸਤ ਸ਼ਾਸਨ ਮਾਡਲ ਇਸ ਵਿਸ਼ਵਾਸ ‘ਤੇ ਆਧਾਰਿਤ ਹੈ ਕਿ ਉਨ੍ਹਾਂ ਜੁਰਮਾਂ ‘ਚ, ਜੋ ਕੀਤੇ ਹੋਣ ਦਾ ਸਰਕਾਰ ਦਾਅਵਾ ਕਰਦੀ ਹੈ, ਨਿਆਂ ਯਕੀਨੀ ਬਣਾਉਣ ਦਾ ਉਪਾਅ ਕਾਨੂੰਨ ਲਾਗੂ ਕਰਨਾ ਨਹੀਂ ਸਗੋਂ ਸਖਤ ਸਜ਼ਾ ਦੇਣਾ ਹੈ, ਭਾਵੇਂ ਉਹ ਅਸਲ ਵਿਚ ਕੀਤੇ ਗਏ ਹਨ ਜਾਂ ਨਹੀਂ।”
11 ਦਸੰਬਰ 2019 ਨੂੰ, ਮੋਦੀ ਸਰਕਾਰ ਨੇ ਨਾਗਰਿਕਤਾ (ਸੋਧ) ਕਾਨੂੰਨ ਥੋਪ ਦਿੱਤਾ। ਪੂਰੇ ਮੁਲਕ ‘ਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋਏ। ਉੱਤਰ ਪ੍ਰਦੇਸ ਵਿਚ ਪ੍ਰਦਰਸ਼ਨਾਂ ਨੂੰ ਵਹਿਸ਼ੀ ਜਬਰ ਦਾ ਸਾਹਮਣਾ ਕਰਨਾ ਪਿਆ। ਮੁਜ਼ੱਫਰਨਗਰ ਸਭ ਤੋਂ ਪ੍ਰਭਾਵਤ ਖੇਤਰਾਂ ਵਿਚੋਂ ਇਕ ਸੀ। ਸਥਾਨਕ ਨਿਵਾਸੀ ਮੁਹੰਮਦ ਇੰਤਾਸਰ ਨੇ ਦੱਸਿਆ, “20 ਦਸੰਬਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਪੂਰੇ ਸ਼ਹਿਰ ‘ਚੋਂ ਲੋਕ ਸੀ.ਏ.ਏ. ਖਿਲਾਫ ਆਪਣਾ ਵਿਰੋਧ ਪ੍ਰਗਟ ਕਰਨ ਲਈ ਮੀਨਾਕਸ਼ੀ ਚੌਕ ਵਿਖੇ ਇਕੱਠੇ ਹੋਏ।” ਇਹ ਸ਼ਾਂਤਮਈ ਪ੍ਰਦਰਸ਼ਨ ਸੀ ਅਤੇ ਕੁਝ ਕੁ ਨਾਅਰੇਬਾਜ਼ੀ ਤੋਂ ਬਾਅਦ ਭੀੜ ਖਿੰਡਣੀ ਸ਼ੁਰੂ ਹੋ ਗਈ। ਅਚਾਨਕ ਪਥਰਾਅ ਸ਼ੁਰੂ ਹੋ ਗਿਆ ਅਤੇ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਪੱਥਰ ਕਿੱਧਰੋਂ ਮਾਰੇ ਗਏ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਪਥਰਾਓ ਪ੍ਰਦਰਸ਼ਨਕਾਰੀਆਂ ਨੇ ਕੀਤਾ ਸੀ ਪਰ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਨੇਤਾ ਸੰਜੀਵ ਬਾਲਿਆਨ ਅਤੇ ਉਸ ਦੇ ਆਦਮੀਆਂ ਵੱਲ ਉਂਗਲ ਕੀਤੀ ਜੋ ਜ਼ਾਹਰਾ ਤੌਰ ‘ਤੇ ਪੁਲਿਸ ਨਾਲ ਮੌਜੂਦ ਸਨ। ਜੋ ਵੀ ਸੀ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਸ਼ਾਮ 5 ਵਜੇ ਤੱਕ ਇਲਾਕੇ ਵਿਚ ਅਮਨ-ਅਮਾਨ ਬਹਾਲ ਹੋ ਗਿਆ।
ਰਾਤ ਕਰੀਬ 11 ਵਜੇ ਪੁਲਿਸ ਨੇ ਮੁਸਲਿਮ ਨਿਵਾਸੀਆਂ ਦੇ ਘਰਾਂ ‘ਤੇ ਧਾਵਾ ਬੋਲ ਦਿੱਤਾ। ਇੰਤਾਸਰ ਨੇ ਦੱਸਿਆ, “ਪੁਲਿਸ ਲਗਭਗ ਦੋ ਸੌ ਬੰਦਿਆਂ ਦਾ ਟੋਲਾ ਬਣਾ ਕੇ ਆਈ ਅਤੇ ਲੋਕਾਂ ਦੀਆਂ ਜਾਇਦਾਦਾਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ। ਉਹ ਦਰਵਾਜ਼ਾ ਤੋੜ ਕੇ ਮੇਰੇ ਘਰ ‘ਚ ਵੜੇ ਅਤੇ ਮੇਰੀ ਕਾਰ, ਖਿੜਕੀਆਂ, ਫਰਨੀਚਰ, ਰਸੋਈ ਸਭ ਕੁਝ ਨਸ਼ਟ ਕਰ ਦਿੱਤਾ। ਉਨ੍ਹਾਂ ਦੇ ਹੱਥ ਜੋ ਕੁਝ ਵੀ ਆਇਆ, ਸਭ ਕੁਝ ਤਬਾਹ ਕਰ ਦਿੱਤਾ।” ਇੰਤਾਸਰ ਨੇ ਇਹ ਵੀ ਦੱਸਿਆ ਕਿ ਉਸ ਰਾਤ ਮੁਜ਼ੱਫਰਨਗਰ ਵਿਚ ਸੈਂਕੜੇ ਹੋਰ ਘਰਾਂ ਵਿਚ ਵੀ ਭੰਨ-ਤੋੜ ਕੀਤੀ ਗਈ ਸੀ।
ਪੁਲਿਸ ਨੇ ਇਨ੍ਹਾਂ ਹਮਲਿਆਂ ਉਪਰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਬਾਦ ਵਿਚ ਚਸ਼ਮਦੀਦ ਗਵਾਹਾਂ ਦੀਆਂ ਰਿਪੋਰਟਾਂ ਅਤੇ ਉਨ੍ਹਾਂ ਦੁਆਰਾ ਕੀਤੀ ਤਬਾਹੀ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ; 20 ਦਸੰਬਰ ਦੀ ਰਾਤ ਨੂੰ ਰਿਕਾਰਡ ਕੀਤੀ ਵੀਡੀਓ ‘ਚ ਪੁਲਿਸ ਕਰਮਚਾਰੀ ਜਾਇਦਾਦਾਂ ਦੀ ਭੰਨਤੋੜ ਕਰਦੇ ਸਾਫ ਦਿਖਾਈ ਦਿੰਦੇ ਹਨ। ਸਪਸ਼ਟ ਸੀ ਕਿ ਪੁਲਿਸ ਦੇ ਹਮਲਿਆਂ ਦਾ ਰਾਜਨੀਤਿਕ ਮਨੋਰਥ ਸੀ: ਮੁਸਲਮਾਨਾਂ ਨੂੰ ਇੰਨਾ ਡਰਾਉਣਾ ਕਿ ਉਹ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਆਪਣੇ ਸੰਵਿਧਾਨਕ ਅਧਿਕਾਰ ਨੂੰ ਤਿਆਗ ਦੇਣ। ਇਹ ਪੈਟਰਨ ਮੇਰਠ, ਕਾਨਪੁਰ, ਲਖਨਊ ਅਤੇ ਬਿਜਨੌਰ ਸਮੇਤ ਰਾਜ ਦੇ ਕਈ ਹੋਰ ਹਿੱਸਿਆਂ ‘ਚ ਦੁਹਰਾਇਆ ਗਿਆ।
ਦਸੰਬਰ ਦੇ ਅੰਤ ਤੱਕ, ਘੱਟੋ-ਘੱਟ 19 ਲੋਕ ਪੁਲਿਸ ਦੀ ਕਾਰਵਾਈ ਅਤੇ ਉਸ ਤੋਂ ਬਾਅਦ ਹੋਈ ਹਿੰਸਾ ‘ਚ ਮਾਰੇ ਗਏ, ਜ਼ਿਆਦਾਤਰ ਗੋਲੀ ਨਾਲ ਜ਼ਖਮੀ ਹੋ ਕੇ। ਇਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੰਜ ਹਜ਼ਾਰ ਤੋਂ ਵੱਧ ਨੂੰ ਇਹਤਿਆਤੀ ਹਿਰਾਸਤ ਵਿਚ ਰੱਖਿਆ। 27 ਦਸੰਬਰ ਨੂੰ ਅਦਿੱਤਿਆਨਾਥ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜੇਤੂ ਸੰਦੇਸ਼ ਜਾਰੀ ਕੀਤਾ: “ਹਰ ਦੰਗਾਕਾਰੀ ਸਦਮੇ ‘ਚ ਹੈ। ਹਰ ਗੜਬੜ ਕਰਨ ਵਾਲਾ ਹੈਰਾਨ ਹੈ। ਯੋਗੀ ਸਰਕਾਰ ਦੇ ਸਖਤ ਰਵੱਈਏ ਨੂੰ ਦੇਖ ਕੇ ਹਰ ਕੋਈ ਖਾਮੋਸ਼ ਹੈ।”
ਪਰ ਵਿਰੋਧ ਪ੍ਰਦਰਸਨ 2020 ਦੇ ਸ਼ੁਰੂ ਤੱਕ ਤੇਜ਼ ਹੁੰਦੇ ਰਹੇ। ਆਜ਼ਮਗੜ੍ਹ ਜ਼ਿਲ੍ਹੇ ਦੇ ਬਿਲਰੀਆਗੰਜ ਬਲਾਕ ਵਿਚ ਪੁਲਿਸ ਨੇ ਸ਼ਾਂਤਮਈ ਸੀ.ਏ.ਏ. ਵਿਰੋਧੀ ਪ੍ਰਦਰਸਨਕਾਰੀਆਂ ਉੱਪਰ ਹਮਲਾ ਕੀਤਾ ਅਤੇ ਉਨ੍ਹਾਂ ਉਪਰ ਦੇਸ਼ਧ੍ਰੋਹ ਦੇ ਸਖਤ ਕਾਨੂੰਨਾਂ ਤਹਿਤ ਕੇਸ ਦਰਜ ਕੀਤੇ। ਬਿਲਰੀਆਗੰਜ ਦੇ ਇਸਲਾਮੀ ਵਿਦਵਾਨ ਮੁਹੰਮਦ ਤਾਹਿਰ ਮਦਨੀ ਨੇ ਮੈਨੂੰ ਦੱਸਿਆ, “4 ਫਰਵਰੀ, 2020 ਨੂੰ ਦੁਪਹਿਰ ਦੇ ਕਰੀਬ, ਔਰਤਾਂ ਮੌਲਾਨਾ ਜੌਹਰ ਅਲੀ ਪਾਰਕ ਵਿਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਉਹ ਸ਼ਾਹੀਨ ਬਾਗ ਵਰਗਾ ਵਿਰੋਧ ਪ੍ਰਦਰਸ਼ਨ ਕਰਨਾ ਚਾਹੁੰਦੀਆਂ ਸਨ। ਘੰਟਿਆਂ ‘ਚ ਹੀ ਉੱਚ ਜ਼ਿਲ੍ਹਾ ਅਧਿਕਾਰੀ ਪੁਲਿਸ ਬਲਾਂ ਦੀ ਬੱਸ ਲੈ ਕੇ ਬਲਾਕ ਦਫਤਰ ਪਹੁੰਚ ਗਏ। ਪਹਿਲਾਂ, ਉਨ੍ਹਾਂ ਨੇ ਮੈਨੂੰ ਔਰਤ ਪ੍ਰਦਰਸ਼ਨਕਾਰੀਆਂ ਨੂੰ ਜੌਹਰ ਅਲੀ ਪਾਰਕ ਖਾਲੀ ਕਰਨ ਲਈ ਮਨਾਉਣ ਲਈ ਆਪਣਾ ਪ੍ਰਭਾਵ ਵਰਤਣ ਲਈ ਕਿਹਾ। ਮੈਂ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ, ਤੇ ਉਹ ਘਰ ਪਰਤਣਾ ਮੰਨ ਗਏ, ਜੇ ਉਨ੍ਹਾਂ ਨੂੰ ਲਿਖਤੀ ਭਰੋਸਾ ਦਿੱਤਾ ਜਾਵੇ ਕਿ ਉਨ੍ਹਾਂ ਨੂੰ ਕਿਸੇ ਹੋਰ ਦਿਨ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਲਿਖਤੀ ਭਰੋਸਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਗੱਲਬਾਤ ਫੇਲ੍ਹ ਹੋ ਗਈ।”
ਮਦਨੀ ਨੂੰ ਉਸ ਸ਼ਾਮ ਦੋ ਹੋਰ ਕੋਸ਼ਿਸ਼ਾਂ ਕਰਨ ਲਈ ਮਜਬੂਰ ਕੀਤਾ ਗਿਆ ਪਰ ਉਹ ਅਸਫਲ ਰਿਹਾ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਸਿਰਫ ਜ਼ੁਬਾਨੀ ਭਰੋਸਾ ਦਿੰਦਾ ਸੀ। ਉਸ ਨੇ ਦੱਸਿਆ, “ਮੈਂ ਫਿਰ ਬਲਾਕ ਦਫਤਰ ਵਾਪਸ ਆਇਆ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਸਫਲ ਗੱਲਬਾਤ ਬਾਰੇ ਸੂਚਿਤ ਕੀਤਾ। ਮੈਨੂੰ ਕਿਹਾ ਗਿਆ ਕਿ ਮੈਂ ਉਥੋਂ ਨਾ ਜਾਵਾਂ। ਜਲਦੀ ਹੀ ਮੈਨੂੰ ਸੂਚਿਤ ਕੀਤਾ ਗਿਆ ਕਿ ਮੇਰੇ ਨਾਲ ਆਏ ਮੇਰੇ ਦੋਸਤਾਂ ਸਮੇਤ ਮੈਨੂੰ ਹਿਰਾਸਤ ‘ਚ ਲੈ ਲਿਆ ਹੈ।”
ਦੇਰ ਰਾਤ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਟੁੱਟ ਪਈ। ਉਨ੍ਹਾਂ ਨੇ ਔਰਤ ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕਰਕੇ ਦਰਜਨ ਤੋਂ ਵੱਧ ਆਦਮੀਆਂ ਨੂੰ ਚੁੱਕ ਲਿਆ, ਸਿਆਲ ਦੇ ਮੌਸਮ ‘ਚ ਉਨ੍ਹਾਂ ਨੇ ਪਾਣੀ ਦੀਆਂ ਬੌਛਾੜਾਂ ਮਾਰੀਆਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਅਗਲੇ ਦਿਨ ਐਫ.ਆਈ.ਆਰ. ਦਰਜ ਕੀਤੀ ਅਤੇ ਹਿਰਾਸਤ ‘ਚ ਲਏ ਸਾਰੇ ਲੋਕਾਂ ‘ਤੇ ਰਾਜਧ੍ਰੋਹ ਦਾ ਦੋਸ਼ ਲਗਾਇਆ ਗਿਆ। ਮਦਨੀ ਨੂੰ ਮਨਸੂਰ ਅਲੀ ਪਾਰਕ ਵਿਚ ਜੁੜੀ ‘ਦੰਗਾਕਾਰੀ ਭੀੜ’ ਨੂੰ ‘ਭੜਕਾਉਣ ਵਾਲਾ ਅਤੇ ਆਗੂ’ ਵਜੋਂ ਦਰਸਾਇਆ ਗਿਆ ਜਦੋਂ ਕਿ ਹਿਰਾਸਤ ‘ਚ ਲਏ ਹੋਰਾਂ ਨੂੰ ਉਸ ਦੀ ਕਮਾਨ ਹੇਠ ਮੁੱਖ ਦੰਗਾਕਾਰੀਆਂ ਵਜੋਂ ਨਾਮਜ਼ਦ ਕੀਤਾ ਗਿਆ। ਰਾਜਧ੍ਰੋਹ ਕਾਨੂੰਨ ਦੀ ਵਰਤੋਂ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਉਹ ਸਾਰੇ ਚਾਰ ਮਹੀਨੇ ਦੇ ਕਰੀਬ ਜੇਲ੍ਹ ‘ਚ ਰਹਿਣ। (ਚੱਲਦਾ)