ਲੇਖਕ:ਰਿਚਰਡ ਰਾਈਟ
ਪੰਜਾਬੀ ਅਨੁਵਾਦ: ਕੇ.ਐਲ .ਗਰਗ
ਅਮਰੀਕਾ ਦੇ ਪ੍ਰਬੁੱਧ ਨਾਵਲਕਾਰ, ਕਵੀ ਤੇ ਕਹਾਣੀਕਾਰ ਰਿਚਰਡ ਰਾਈਟ ਦੀ ਸਵੈ-ਜੀਵਨੀ ‘ਕਾਲਾ ਮੁੰਡਾ’ ਦਾ ਸ਼ੁਮਾਰ ਦੁਨੀਆ ਭਰ ਦੇ ਪਾਠਕਾਂ ਵੱਲੋਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਸਵੈ-ਜੀਵਨੀਆਂ ਵਿਚ ਹੈ। ਇਹ ਸਵੈ-ਜੀਵਨੀ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਸਮਝੇ ਜਾਣ ਵਾਲੇ ਮੁਲਕ ਅਮਰੀਕਾ ਵਿਚ 20ਵੀਂ ਸਦੀ ਦੇ ਅਰੰਭਲੇ ਦਹਾਕਿਆਂ ਦੌਰਾਨ ਵਾਪਰਦੇ ਰਹੇ ਨਸਲਵਾਦ ਨਾਲ ਸਬੰਧਤ ਉਨ੍ਹਾਂ ਨਫ਼ਰਤੀ ਵਰਤਾਰਿਆਂ ਨੂੰ ਆਪਣੇ ਕੇਂਦਰ ਵਿਚ ਰੱਖਦੀ ਹੈ, ਜਿਨ੍ਹਾਂ ਕਾਲੇ ਜਾ ਨਿੱਗਰ ਕਹੇ ਜਾਣ ਵਾਲੇ ਲੋਕਾਂ ਤੋਂ ਉਨ੍ਹਾਂ ਦੇ ਮਨੁੱਖੀ ਢੰਗ ਨਾਲ ਜਿਊਣ ਦੇ ਸਾਰੇ ਅਧਿਕਾਰ ਲਗਭਗ ਖੋਹ ਹੀ ਲਏ ਸਨ।
ਉਸ ਸਮੇਂ ਜੇ ਕੋਈ ਕਾਲੀ ਨਸਲ ਦਾ ਨੀਗਰੋ ਆਪਣੀ ਸਮਾਜਿਕ ਜਾਂ ਆਰਥਿਕ ਹੋਂਦ ਨੂੰ ਵਿਸਥਾਰਣ ਦਾ ਯਤਨ ਕਰਦਾ ਤਾਂ ਉਸਦੀ ਜਾਨ ਨੂੰ ਖਤਰਾ ਹੋ ਜਾਂਦਾ ਸੀ। ਲੇਖਕ ਰਿਚਰਡ ਨੇ ਇਸ ਸਵੈ-ਜੀਵਨੀ ਰਾਹੀਂ ਆਪਣੇ ਸੁਰਤ ਸੰਭਾਲਣ ਦੀ ਉਮਰ ਤੋਂ ਲੈ ਕੇ ਚੜ੍ਹਦੀ ਜੁਆਨੀ ਤੱਕ ਸਹਿਣ ਕੀਤੇ ਨਸਲੀ ਅਪਮਾਨ ਦੇ ਵੇਰਵਿਆਂ ਦਾ ਬਿਰਤਾਂਤ ਪੇਸ਼ ਕਰਨ ਦੇ ਨਾਲ ਨਾਲ ਆਪਣੇ ਵੱਲੋਂ ਭੋਗੇ ਗਏ ਗਰੀਬੀ ਤੇ ਭੁੱਖ ਨਾਲ ਲੜਨ ਦੇ ਯਥਾਰਥ ਨੂੰ ਇਕ ਇਤਿਹਾਸਕ ਦਸਤਾਵੇਜ਼ ਦੀ ਤਰ੍ਹਾਂ ਕਲਮਬੱਧ ਕੀਤਾ ਹੈ। ਇਹ ਸਵੈ ਜੀਵਨੀ ਵਿਚਲੇ ਨਸਲੀ ਵਿਤਕਰੇ ਲੇਖਕ ਰਿਚਰਡ ਸਮੇਤ ਸਮੂਹ ਕਾਲੀ ਰੰਗਤ ਦੇ ਲੋਕਾਂ ਨੂੰ ਆਪਣੇ ਆਤੰਕ ਦਾ ਸ਼ਿਕਾਰ ਬਣਾਉਂਦੇ ਰਹੇ। ਇਸ ਤਰ੍ਹਾਂ ਇਹ ਸਵੈ-ਜੀਵਨੀ ਕਿਸੇ ਵਿਅਕਤੀ ਵਿਸ਼ੇਸ਼ ਦੇ ਜੀਵਨ ਨਾਲ ਜੁੜੇ ਯਥਾਰਥ ਦਾ ਬਿਰਤਾਂਤ ਸਿਰਜਦਿਆਂ ਵੀ ਸਮੂਹ ਕਾਲੇ ਲੋਕਾਂ ਦੇ ਜੀਵਨ ਯਥਾਰਥ ਨੂੰ ਰੂਪਮਾਨ ਕਰਨ ਦਾ ਇਤਿਹਾਸਕ ਕਾਰਜ਼ ਕਰਦੀ ਜਾਪਦੀ ਹੈ।
ਚਾਰ ਸਾਲ ਦੀ ਉਮਰ ਦੀ ਅਭੋਲ ਉਮਰ ਵਿਚ ਹੀ ਪੈਦਾ ਹੋਈ ‘ਕੀ ਕਿਵੇਂ ਤੇ ਕਿਉਂ? ਨੂੰ ਜਾਨਣ ਦੀ ਜਗਿਆਸਾ ਰਿਚਰਡ ਨੂੰ ਦੂਸਰੇ ਕਾਲੇ ਬੱਚਿਆ ਤੋਂ ਥੋੜਾ ਵੱਖਰਾ ਕਰਕੇ ਪੇਸ਼ ਕਰਦੀ ਹੈ। ਉਸਦੀ ਬਾਲ ਉਮਰ ਇਸ ਜਗਿਆਸਾ ਨੂੰ ਸ਼ਾਂਤ ਕਰਨ ਲਈ ਕੀਤੇ ਜਾਣ ਵਾਲੇ ਯਤਨਾਂ ਵਿਚੋਂ ਉਸਦੇ ਕੁਝ ਕਰ ਗੁਜਰਣ ਦੇ ਇਰਾਦਿਆਂ ਦੀ ਝਲਕ ਵੀ ਸਪਸ਼ਟ ਰੂਪ ਵਿਚ ਮਿਲਦੀ ਹੈ। ਕਾਲੇ ਵਰਗ ਦੇ ਹੋਰ ਲੋਕਾਂ ਵਾਂਗ ਉਸਨੂੰ ਵੀ ਆਪਣੇ ਜੀਵਨ ਵਿਚ ਭੁੱਖਾਂ ਦੁੱਖਾਂ ਤੇ ਨਸਲੀ ਵਿਤਕਿਰਿਆਂ ਦੇ ਘੋਰ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣੀ ਜ਼ਮੀਰ ਮਾਰ ਕੇ ਵੀ ਬਹੁਤ ਸਾਰੇ ਸਮਝੌਤੇ ਕਰਨੇ ਪੈਂਦੇ ਹਨ ਪਰ ਗੁਲਾਮੀ ਤੋਂ ਮੁਕਤ ਹੋਣ ਦੀ ਇੱਛਾ ਹਮੇਸ਼ਾ ਹੀ ਉਸਦੇ ਅਵਚੇਤਨ ਦਾ ਹਿੱਸਾ ਬਣੀ ਰਹਿੰਦੀ ਹੈ। ਆਪਣੇ ਬਾਪ ਦੇ ਪਰਿਵਾਰਕ ਜਿੰਮੇਵਾਰੀਆਂ ਤੋਂ ਭੱਜ ਜਾਣ ਕਾਰਨ ਉਸ ਨੂੰ ਆਣਚਾਹੇ ਤੋਰ ਤੇ ਕੁਝ ਸਮਾਂ ਯਤੀਮਖਾਨੇ ਰਹਿਣਾ ਪੈਂਦਾ ਹੈ ਤਾਂ ਉਥੋਂ ਦੀ ਅਮਾਨਵੀ ਵਿਵਸਥਾ ਉਸਨੂੰ ਮਾਨਸਿਕ ਤੌਰ ‘ਤੇ ਲਗਾਤਾਰ ਬੇ-ਚੈਨ ਰੱਖਦੀ ਹੈ। ਆਪਣੇ ਪਰਿਵਾਰ ਦੀ ਪੇਟ ਪੂਰਤੀ ਲਈ ਉਸਨੂੰ ਅਕਸਰ ਗੋਰਿਆਂ ਦੇ ਘਰਾਂ ਵਿਚ ਤਰ੍ਹਾਂ ਤਰ੍ਹਾਂ ਦੀਆਂ ਨੌਕਰੀਆਂ ਕਰਨੀਆਂ ਪੈਂਦੀਆਂ ਹਨ, ਪਰ ਗੁਲਾਮੀ ਤੋਂ ਮੁਕਤ ਹੋਣ ਦੇ ਇਰਾਦੇ ਨੂੰ ਉਹ ਔਖੇ ਤੋਂ ਔਖੇ ਸਮੇਂ ਵਿਚ ਵੀ ਨਹੀਂ ਤਿਆਗਦਾ।
ਨਿਰਾਸ਼ ਤੇ ਬੇਵਸ ਹੋਏ ਲੋਕ ਅਕਸਰ ਰੱਬ ਤੇ ਧਰਮ ‘ਤੇ ਏਨੇ ਨਿਰਭਰ ਹੋ ਜਾਂਦੇ ਨੇ ਕਿ ਉਨ੍ਹਾ ਨੂੰ ਆਪਣੀ ਹਰ ਸਮੱਸਿਆ ਦਾ ਹੱਲ ਰੱਬੀ ਰਹਿਮਤ ਵਿਚ ਹੀ ਵਿਖਾਈ ਦੇਣ ਲੱਗ ਪੈਂਦਾ ਹੈ। ਰਿਚਰਡ ਦਾ ਨਾਨਕਾ ਘਰ ਵੀ ਚਰਚ ਤੇ ਉਸ ਨਾਲ ਜੁੜੇ ਕਰਮ ਕਾਂਡ ਵਿਚ ਗਹਿਰੀ ਆਸਥਾ ਰੱਖਦਾ ਹੈ। ਉਸਦੀ ਨਾਨੀ ਤੇ ਪਰਿਵਾਰ ਦੇ ਹੋਰ ਮੈਂਬਰ ਉਸ ‘ਤੇ ਆਪਣੀ ਧਾਰਿਮਕ ਆਸਥਾ, ਰੱਬ ਦਾ ਭੈਅ ਤੇ ਹੱਠ ਕਰਮ ਜਬਰੀ ਥੋਪਣਾ ਚਾਹੁੰਦੇ ਹਨ ਪਰ ਉਸਨੂੰ ਇਹ ਸਾਰਾ ਕੁਝ ਮਨੁੱਖ ਨੂੰ ਮਾਨਸਿਕ ਤੋਰ ਤੇ ਹੋਰ ਕਮਜੋਰ ਕਰਨ ਵਾਲਾ ਹੀ ਜਾਪਦਾ ਹੈ। ਉਹ ਆਪਣੇ ਪਰਿਵਾਰ ਦੀ ਸਹਾਇਤਾ ਲਈ ਸ਼ਿਕਾਗੋ ਤੋਂ ਨਿਕਲਦੇ ਇਕ ਅਖ਼ਬਾਰ ਦਾ ਹਾਕਰ ਬਣਦਾ ਹੈ ਪਰ ਜਦੋਂ ਉਸਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਅਖਬਾਰ ਮੂਲ ਰੂਪ ਵਿਚ ਰੰਗਭੇਦ ਦੀ ਨੀਤੀ ਦਾ ਹੀ ਪੱਖ ਪੂਰਦਾ ਹੈ ਤਾਂ ਉਸਦੀ ਜਾਗਦੀ ਜ਼ਮੀਰ ਉਸਨੂੰ ਆਪਣਾ ਇਹ ਨਵਾਂ ਰੁਜ਼ਗਾਰ ਛੱਡਣ ਲਈ ਮਜਬੂਰ ਕਰ ਦਿੰਦੀ ਹੈ। ਉਸ ਅੰਦਰ ਪੈਦਾ ਹੋਈ ਅਜ਼ਾਦੀ ਦੀ ਇੱਛਾ ਹੀ ਉਸਦੇ ਬਾਲ ਮਨ ਵਿਚ ਲੇਖਕ ਬਨਣ ਦਾ ਅਜਿਹਾ ਸੁਪਨਾ ਪੈਦਾ ਕਰਦੀ ਹੈ, ਜਿਸ ਦੀ ਪੂਰਤੀ ਉਸ ਸਮੇਂ ਬਿਲਕੁਲ ਅਸੰਭਵ ਹੀ ਵਿਖਾਈ ਦਿੰਦੀ ਸੀ। ਭਾਵੇਂ ਆਪਣੀ ਮਾਂ ਤੋਂ ਬਿਨਾ ਨਾਨਕੇ ਘਰ ਦਾ ਕੋਈ ਵੀ ਮੈਂਬਰ ਉਸ ਨਾਲ ਮਾਨਸਿਕ ਸਾਂਝ ਨਹੀਂ ਰੱਖਦਾ ਤੇ ਮਾਸੀ ਐਡੀ ਸਮੇਤ ਪਰਿਵਾਰ ਦੇ ਕਈ ਮੈਂਬਰਾਂ ਵੱਲੋਂ ਉਸਨੂੰ ਵਾਰ ਵਾਰ ਅਪਮਾਨਿਤ ਵੀ ਕੀਤਾ ਜਾਂਦਾ ਹੈ, ਫਿਰ ਵੀ ਉਹ ਗੁਲਾਮੀ ਤੋਂ ਮੁਕਤ ਹੋਣ ਸਬੰਧੀ ਬਣਾਏ ਆਪਣੇ ਇਰਾਦੇ ਤੋਂ ਥਿੜਕਦਾ ਨਹੀਂ।
ਰਿਚਰਡ ਨਸਲੀ ਰੰਗਭੇਦ ਸਬੰਧੀ ਉਦਾਰ ਨੀਤੀ ਰੱਖਣ ਵਾਲੇ ਉਤਰੀ ਖੇਤਰ ਵਿਚ ਜਾਣ ਦੀ ਤਿਆਰੀ ਵਜੋਂ ਪਹਿਲੇ ਪੜਾਅ ‘ਤੇ ਮੈਮਸਿਫ ਕਸਬੇ ਵਿਚ ਠਹਿਰ ਕਰਦਾ ਹੈ ਤਾਂ ਉਥੇ ਮਕਾਨ ਮਾਲਕਿਨ ਮੌਸ ਤੇ ਉਸਦੀ ਬੇਟੀ ਬੈਸ ਦਾ ਮਾਨਵੀ ਵਤੀਰਾ ਉਸਨੂੰ ਆਪਣੇਪਣ ਦਾ ਨਿੱਘਾ ਅਹਿਸਾਸ ਕਰਾਉਂਦਾ ਹੈ। ਬਜ਼ੁਰਗ ਮੌਸ ਦੀ ਇੱਛਾ ਹੈ ਕਿ ਉਹ ਉਸਦੀ ਬੇਟੀ ਨਾਲ ਵਿਆਹ ਕਰਵਾ ਕੇ ਉਸਦੇ ਮਕਾਨ ਦਾ ਮਾਲਕ ਵੀ ਬਣ ਜਾਵੇ ਪਰ ਉਸ ਅੰਦਰਲੀ ਗੈਰਤ ਉਸਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੀ। ਉਹ ਬੈਸ ਨਾਲ ਜੁੜ ਸਕਦੇ ਰਿਸ਼ਤੇ ਨੂੰ ਵੀ ਨਵੀਂ ਗੁਲਾਮੀ ਦਾ ਹੀ ਹਿੱਸਾ ਮੰਨਦਾ ਹੈ, ਜੋ ਉਸ ਨੂੰ ਉਸਦੀ ਮੰਜ਼ਲ ਤੋਂ ਦੂਰ ਲਿਜਾ ਸਕਦਾ ਹੈ। ਇੱਥੇ ਰਹਿੰਦਿਆਂ ਪਹਿਲਾਂ ਉਸ ਵੱਲੋਂ ਸਾਹਿਤ ਦੇ ਗੰਭੀਰ ਪਾਠਕ ਬਨਣ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਫਿਰ ਉਹ ਲੇਖਕ ਬਣ ਕੇ ਆਪਣੀਆਂ ਅਜ਼ਾਦੀ ਪੱਖੀ ਭਾਵਨਾਵਾਂ ਦੀ ਅਭਿਵਿਅਕਤੀ ਦਾ ਰਾਹ ਵੀ ਤਿਆਰ ਕਰ ਲੈਂਦਾ ਹੈ। ਭੁੱਖ ਤੇ ਦੁੱਖ ਕੱਟ ਕੇ ਜੋੜੇ ਪੈਸਿਆਂ ਨਾਲ ਆਖਿਰ ਉਹ ਉਤਰ ਖੇਤਰ ਦੀ ਉਸ ਯਾਤਰਾ ਵੱਲ ਰਵਾਨਾ ਹੋ ਜਾਂਦਾ ਹੈ ਜਿਹੜੀ ਉਸਨੂੰ ਉਸਦੇ ਮਨੁੱਖੀ ਹੱਕਾਂ ਦੀ ਪ੍ਰਾਪਤੀ ਸਬੰਧੀ ਨਵੀਂ ਆਸ ਜਗਾਉਂਦੀ ਹੈ।
ਨਾਵਲ ਗੋਰੀ ਨਸਲ ਦੇ ਲੋਕਾਂ ਵੱਲੋਂ ਕਾਲੀ ਨਸਲ ਦੇ ਲੋਕਾਂ ਪ੍ਰਤੀ ਪ੍ਰਗਟਾਈ ਜਾਣ ਵਾਲੀ ਨਫਰਤ ਦੀ ਇਹੋ ਜਿਹੀ ਸ਼ਿੱਦਤ-ਬਿਆਨੀ ਕਰਦਾ ਹੈ ਕਿ ਪਾਠਕੀ ਮਨ ਉਸ ਨਫ਼ਰਤ ਖਿਲਾਫ ਮੋੜਵੀਂ ਨਫ਼ਰਤ ਨਾਲ ਭਰ ਜਾਂਦਾ ਹੈ। ਕੇਵਲ ਆਪਣੀ ਮਾਨਸਿਕ ਤ੍ਰਿਪਤੀ ਜਾਂ ਮਨੋਰੰਜਨ ਲਈ ਕਾਲੇ ਨੌਜਵਾਨਾਂ ਨੂੰ ਆਪਸ ਵਿਚ ਕੁੱਕੜਾਂ ਵਾਗ ਲੜਾਉਣ, ਜਾਨ ਲੇਵਾ ਹਮਲੇ ਕਰਨ ਲਈ ਉਕਸਾਉਣ, ਇਕ ਚੁਆਨੀ ਬਦਲੇ ਗੋਰੇ ਲੋਕਾਂ ਵੱਲੋਂ ਕਾਲੇ ਲੋਕਾਂ ਦੇ ਚਿੱਤੜਾਂ ਤੇ ਠੁੱਡਾ ਮਾਰਨ ਜਾਂ ਰਸਤੇ ਵਿਚ ਖੜ੍ਹਨ ਤੇ ਉਨ੍ਹਾਂ ਦੀ ਮਾਰ ਕੁਟਾਈ ਕਰਨ ਆਦਿ ਅਨੇਕਾਂ ਘਟਨਾਵਾਂ ਪਾਠਕਾਂ ਨੂੰ ਮਾਨਸਿਕ ਤੌਰ ਤੇ ਵਿਚਲਿਤ ਕਰਦੀਆਂ ਹਨ। ਇਹ ਘਟਨਾਵਾਂ ਸਵੈ-ਜੀਵਨੀ ਦੇ ਪਾਠਕਾਂ ਨੂੰ ਅਜੇ ਤੱਕ ਵੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰੰਗ-ਭੇਦ ਦੇ ਗੈਰ ਮਨੁੱਖੀ ਵਰਤਾਰੇ ਦਾ ਵਿਰੋਧ ਕਰਨ ਲਈ ਵੀ ਪ੍ਰੇਰਿਤ ਕਰਦੀਆਂ ਹਨ। ਉਘੇ ਗਲਪਕਾਰ ਤੇ ਅਨੁਵਾਦਕ ਕੇ. ਐਲ. ਗਰਗ ਵੱਲੋਂ ਅੰਗਰੇਜ਼ੀ ਭਾਸ਼ਾ ਤੋਂ ਇਸ ਸਵੈ-ਜੀਵਨੀ ਦਾ ਪੰਜਾਬੀ ਵਿਚ ਕੀਤਾ ਅਨੁਵਾਦ ਬਹੁਤ ਸੁਚੱਜਾ ਹੈ। ਪਾਠਕ ਇਸਨੂੰ ਮੂਲ ਰੂਪ ਵਿਚ ਪੰਜਾਬੀ ਵਿਚ ਹੀ ਲਿਖੀ ਕਿਸੇ ਸਵੈ-ਜੀਵਨੀ ਵਾਂਗ ਪੜ੍ਹ ਸਕਦਾ ਹੈ। ਦੋਹਾਂ ਭਾਸ਼ਾਵਾਂ ‘ਤੇ ਕਮਾਲ ਦੀ ਪਕੜ ਹੋਣ ਕਾਰਨ ਗਰਗ ਆਪਣੀ ਅਨੁਵਾਦ ਕਲਾ ਦਾ ਚੰਗਾ ਸਿੱਕਾ ਜਮਾਉਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ। ਇਸ ਸਵੈ-ਜੀਵਨੀ ਵਿਚ ਕਿਸੇ ਦਿਲਚਸਪ ਗਲਪੀ ਰਚਨਾ ਜਿਹਾ ਕਹਾਣੀ ਰਸ ਹੈ ਇਸ ਲਈ ਇਸ ਦਾ ਪਾਠ ਬਹੁਤ ਸਹਿਜਤਾ ਤੇ ਦਿਲਚਸਪੀ ਨਾਲ ਕੀਤਾ ਜਾ ਸਕਦਾ ਹੈ। 304 ਪੰਨਿਆਂ ‘ਤੇ ਅਧਾਰਿਤ 600 ਰੁਪਏ ਮੁੱਲ ਦੀ ਇਸ ਸਵੈ ਜੀਵਨੀ ਨੂੰ ਨਵਯੁਗ ਪਬਲਿਸ਼ਰਜ਼ , ਨਵੀਂ ਦਿੱਲੀ ਨੇ ਛਾਪਿਆ ਹੈ।
ਨਿਰੰਜਨ ਬੋਹਾ
ਮੋਬਾਈਲ- 89682-82700