ਜਲੰਧਰ: ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਅਟਵਾਲ ‘ਤੇ ਚਾਰ ਕਰੋੜ ਰੁਪਏ ਲੈਣ ਦੇ ਸਾਬਕਾ ਅਮਰਜੀਤ ਸਿੰਘ ਸਮਰਾ ਵੱਲੋਂ ਲਾਏ ਦੋਸ਼ਾਂ ਨੇ ਸੂਬਾ ਕਾਂਗਰਸ ਨੂੰ ਕਸੂਤੀ ਹਾਲਤ ਵਿਚ ਫਸਾ ਦਿੱਤਾ ਹੈ। ਸੱਤਾਧਾਰੀ ਧਿਰ ਅਕਾਲੀ-ਭਾਜਪਾ ਵਿਰੋਧੀ ਧਿਰ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਪਾਸੇ ਖੜ੍ਹ ਕੇ ਤਮਾਸ਼ਾ ਵੇਖ ਰਹੀ ਹੈ।
ਜ਼ਿਕਰਯੋਗ ਹੈ ਕਿ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਚੱਲ ਰਹੀ ਕਾਂਗਰਸ ਦੀ ਜਨ ਸੰਪਰਕ ਮੁਹਿੰਮ ਦੌਰਾਨ ਨਕੋਦਰ ਵਿਚ ਹੋਈ ਰੈਲੀ ਵਿਚ ਜਨਤਕ ਤੌਰ ‘ਤੇ ਸ਼ ਸਮਰਾ ਨੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਅਟਵਾਲ ‘ਤੇ ਦੋਸ਼ ਲਾਏ ਸਨ ਕਿ ਉਨ੍ਹਾਂ ਨੇ ਨਕੋਦਰ ਵਿਧਾਨ ਸਭਾ ਦੀ ਚੋਣ ਵਿਚ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਲਈ ਉਨ੍ਹਾਂ ਕੋਲੋਂ ਇਕ ਕਰੋੜ ਰੁਪਏ ਲਏ ਸਨ ਤੇ ਇਕ ਕਰੋੜ ਰੁਪਏ ਉਦੋਂ ਦੇ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਸਨ। ਸ਼ ਸਮਰਾ ਨੇ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਨੂੰ ਹਰਾਉਣ ਲਈ ਸ਼ ਅਟਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਵੀ ਦੋ ਕਰੋੜ ਰੁਪਏ ਲਏ ਸਨ।
ਪਾਰਟੀ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਅਟਵਾਲ ਨੇ ਸ਼ ਸਮਰਾ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਸ਼ਾਹਕੋਟ ਵਿਧਾਨ ਸਭਾ ਹਲਕੇ ਵਿਚ ਅਕਾਲੀ ਆਗੂ ਅਜੀਤ ਸਿੰਘ ਕੋਹਾੜ ਨੂੰ ਵੋਟਾਂ ਪੁਆਉਣ ਤੇ ਉਸ ਦੇ ਬਦਲੇ ਨਕੋਦਰ ਵਿਚ ਆਪਣੇ ਪੱਖ ਵਿਚ ਵੋਟਾਂ ਪੁਆਉਣ ਲਈ ਸ਼ ਸਮਰਾ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਲੰਘੀਆਂ ਨੂੰ ਡੇਢ ਸਾਲ ਬੀਤ ਗਿਆ ਹੈ ਤੇ ਸ਼ ਸਮਰਾ ਨੂੰ ਹੁਣ ਹੀ ਕਿਉਂ ਚੇਤਾ ਆਇਆ ਹੈ ਕਿ ਉਨ੍ਹਾਂ ਚਾਰ ਕਰੋੜ ਦੀ ਕਮਾਈ ਕੀਤੀ ਹੈ।
ਸ਼ ਅਟਵਾਲ ਨੇ ਆਪਣੇ ਆਪ ਨੂੰ ਮਲੰਗ ਸਿਆਸਤਦਾਨ ਦੱਸਦਿਆਂ ਕਿਹਾ ਕਿ ਉਹ ਦਸਾਂ ਨਹੁੰਆਂ ਦੀ ਕਿਰਤ ਕਰਕੇ ਹੀ ਰੋਟੀ ਖਾਂਦੇ ਹਨ। ਸ਼ ਸਮਰਾ ਨੂੰ ਪਹਿਲੀ ਵਾਰ ਹਾਰ ਦਾ ਮੂੰਹ ਦੇਖਣਾ ਪਿਆ ਜਿਸ ਕਰਕੇ ਉਹ ਬੌਖਲਾਹਟ ਵਿਚ ਆਏ ਹੋਏ ਹਨ। ਉਹ ਆਪਣੀ ਹਾਰ ਨੂੰ ਕਬੂਲਣ ਦੀ ਥਾਂ ਇਸ ਦਾ ਦੋਸ਼ ਉਨ੍ਹਾਂ ‘ਤੇ ਮੜ੍ਹ ਰਹੇ ਹਨ। ਸ਼ ਸਮਰਾ ਤੇ ਅਟਵਾਲ ਨੇ ਇਕ-ਦੂਜੇ ‘ਤੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ਾਂ ਬਾਰੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੂੰ ਸ਼ਿਕਾਇਤ ਕੀਤੀ ਹੋਈ ਹੈ।
ਸ਼ਕੀਲ ਅਹਿਮਦ ਨੇ ਜਾਂਚ ਕਰਨ ਦੇ ਆਦੇਸ਼ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੇ ਹੋਏ ਹਨ। ਸ਼ ਬਾਜਵਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਕੋਲ ਇਹ ਮਾਮਲਾ ਜਾਂਚ ਕਰਨ ਲਈ ਆਇਆ ਹੋਇਆ ਹੈ ਤੇ ਉਹ ਛੇਤੀ ਹੀ ਇਸ ਦੀ ਰਿਪੋਰਟ ਹਾਈ ਕਮਾਂਡ ਨੂੰ ਸੌਂਪ ਦੇਣਗੇ। ਸਾਲ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਨਕੋਦਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੇ ਚਾਰ ਵਾਰ ਜੇਤੂ ਰਹੇ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਨੂੰ ਟਿਕਟ ਦਿੱਤੀ ਸੀ ਜਦਕਿ ਇਸ ਹਲਕੇ ਤੋਂ ਗੁਰਬਿੰਦਰ ਸਿੰਘ ਅਟਵਾਲ ਵੀ ਟਿਕਟ ਦੀ ਮੰਗ ਕਰਦੇ ਸਨ।
ਸ਼ ਅਟਵਾਲ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰ ਦਿੱਤੇ ਸਨ। ਉਨ੍ਹਾਂ ਨੂੰ ਬਿਠਾਉਣ ਲਈ ਤੇ ਪਾਰਟੀ ਦੇ ਹੱਕ ਵਿਚ ਤੋਰਨ ਲਈ ਹੀ ਸ਼ ਸਮਰਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇਕ ਕਰੋੜ ਰੁਪਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਕ ਕਰੋੜ ਰੁਪਏ ਉਨ੍ਹਾਂ ਨੂੰ ਦਿੱਤੇ ਸਨ। ਸ਼ ਸਮਰਾ ਨੇ ਇਹ ਦੋਸ਼ ਵੀ ਲਾਏ ਸਨ ਕਿ ਪੈਸੇ ਲੈਣ ਦੇ ਬਾਵਜੂਦ ਅਟਵਾਲ ਨੇ ਪਾਰਟੀ ਵਿਰੋਧੀ ਕਾਰਵਾਈ ਕਰਦਿਆਂ ਆਪਣੇ ਹਮਾਇਤੀਆਂ ਦੀਆਂ ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਵਾ ਕੇ ਉਸ ਨੂੰ ਜਿਤਾ ਦਿੱਤਾ ਸੀ। ਅਮਰਜੀਤ ਸਿੰਘ ਸਮਰਾ ਨੇ ਮੰਨਿਆ ਕਿ ਜਿਹੜੇ ਇਕ ਕਰੋੜ ਰੁਪਏ ਅਟਵਾਲ ਨੂੰ ਦਿੱਤੇ ਸਨ ਉਹ ਚੋਣ ਖਰਚਿਆਂ ਤੇ ਇਨਕਮ ਟੈਕਸ ਦੀ ਰਿਟਰਨ ਵਿਚ ਨਹੀਂ ਪਾਏ।
Leave a Reply