ਪ੍ਰਧਾਨ ਮੰਤਰੀ, ਗਣਤੰਤਰ ਦਿਵਸ ਦੇ ਮਾਸਕ

ਗੁਲਜ਼ਾਰ ਸਿੰਘ ਸੰਧੂ
1954 ਤੋਂ 1984 ਤਕ ਦਿੱਲੀ ਦਾ ਵਸਨੀਕ ਰਿਹਾ ਹੋਣ ਕਾਰਨ ਮੈਂ 26 ਜਨਵਰੀ ਦੀ ਗਣਤੰਤਰ ਦਿਵਸ ਪਰੇਡ ਦੇ ਬੜੇ ਰੰਗ ਵੇਖੇ ਹਨ। ਨਵੀਂ ਦਿੱਲੀ ਦੇ ਇੰਡੀਆ ਗੇਟ ਪਹੁੰਚੇ ਦੂਰ ਨੇੜੇ ਦੇ ਦਰਸ਼ਕਾਂ ਵਿਚ ਸ਼ਾਮਲ ਹੋ ਕੇ ਵੀ ਅਤੇ ਘਰਾਂ ਦੇ ਬੰਦ ਕਮਰਿਆਂ ਵਿਚ ਬੈਠ ਟੈਲੀਵਿਜ਼ਨ ਉੱਤੇ ਵੀ। ਏਸ ਵਾਰੀ ਕੋਵਿਡ ਦੀਆਂ ਪਾਬੰਦੀਆਂ ਅਤੇ ਕੜਾਕੇ ਦੀ ਠੰਢ ਕਾਰਨ ਆਮ ਜਨਤਾ ਦੀ ਹਾਜ਼ਰੀ ਬੜੀ ਘੱਟ ਸੀ।

ਉਂਝ ਵੀ ਰਾਸ਼ਟਰਪਤੀ ਤੇ ਉੱਚੀ ਪਦਵੀ ਵਾਲੇ ਮੰਤਰੀਆਂ ਜਾਂ ਫ਼ੌਜੀ ਅਧਿਕਾਰੀਆਂ ਦੇ ਮਾਸਕ ਪਹਿਨੇ ਹੋਣ ਕਾਰਨ ਚਿਹਰੇ ਨਹੀਂ ਸਨ ਦਿਖਾਈ ਦੇ ਰਹੇ ਪਰ ਸਭ ਤੋਂ ਹੈਰਾਨੀ ਵਾਲੀ ਗਲ ਇਹ ਕਿ ਏਨੀ ਵੱਡੀ ਗਣਤੰਤਰ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰਾ ਸਮਾਂ ਮਾਸਕ ਨਹੀਂ ਪਹਿਨਿਆ। ਏਥੋਂ ਤਕ ਕਿ ਭਾਰਤੀ ਸੈਨਾ ਦੇ ਮਹਾਰਥੀਆਂ ਨੇੜੇ ਜਾ ਕੇ ਵਿਦਾ ਲੈਣ ਸਮੇਂ ਵੀ ਉਨ੍ਹਾਂ ਮਾਸਕ ਨਹੀਂ ਪਹਿਨੇ। ਹੈ ਕੋਈ ਜਵਾਬ?

ਹਮ ਘਰ ਬਾਦਲ ਆਏ ਨਾ ਆਏ
ਸ਼੍ਰੋਮਣੀ ਅਕਾਲੀ ਦਲ ਦੇ ਮਹਾਰਥੀ ਪ੍ਰਕਾਸ਼ ਸਿੰਘ ਬਾਦਲ ਵਲੋਂ 94 ਸਾਲ ਦੀ ਉਮਰ ਵਿਚ ਕਰੋਨਾ ਨੂੰ ਪਛਾੜਨਾ ਚੰਗਾ ਲੱਗਿਆ। ਉਨ੍ਹਾਂ ਨੂੰ ਮਹਾਮਾਰੀ ਨਾਲ ਵੀ ਰਾਜਨੀਤੀ ਵਾਂਗ ਨਜਿੱਠਣਾ ਆਉਂਦਾ ਹੈ। ਮੇਰੇ ‘ਦੇਸ਼ ਸੇਵਕ’ ਦੇ ਸੰਪਾਦਕ ਹੁੰਦਿਆਂ ਉਹ ਦੀਵਾਲੀ ਵਾਲੇ ਦਿਨ ਆਪਣੇ ਪੁੱਤਰ ਸੁਖਬੀਰ ਨੂੰ ਨਾਲ ਲੈ ਕੇ ਮੇਰੇ ਘਰ ਆਏ ਤਾਂ ਮੇਰੇ ਪਿਤਾ ਜੀ ਘਰ ਦੇ ਲਾਅਨ ਵਿਚ ਜ਼ਰਾ ਹਟਵੇਂ ਬੈਠੇ ਸਨ। ਉਨ੍ਹਾਂ ਨੂੰ ਪਤਾ ਲੱਗਿਆ ਤਾਂ ਬਾਪੂ ਜੀ ਦੇ ਗੋਡੀਂ ਹੱਥ, ਲਾ ਕੇ ਅੱਗੇ ਵਧੇ। ਮੇਰੇ ਪਿਤਾ ਨੇ ਸਾਡੇ ਜੱਦੀ ਪਿੰਡ ਜਾ ਕੇ ਇਹ ਗੱਲ ਆਪਣੇ ਪਿੰਡ ਵਾਲਿਆਂ ਨੂੰ ਹੀ ਨਹੀਂ ਦੂਰ ਨੇੜੇ ਦੇ ਮਿੱਤਰ ਪਿਆਰਿਆਂ ਨੂੰ ਵੀ ਦੱਸੀ। ਉਹ ਮੁੜ ਸਾਡੇ ਘਰ ਆਉਣ ਨਾ ਆਉਣ, ਤੰਦਰੁਸਤ ਰਹਿਣ।
ਸੰਤ ਸਿੰਘ ਸੇਖੋਂ ਯਾਦਗਾਰੀ ਲਾਇਬਰੇਰੀ
ਪੰਜਾਬੀ ਸਾਹਿਤ ਦੇ ਮਹਾਨਾਇਕ ਸੰਤ ਸਿੰਘ ਸੇਖੋਂ ਦੇ ਅਕਾਲ ਚਲਾਣੇ ਤੋਂ 32 ਸਾਲ ਪਿੱਛੋਂ ਉਸ ਦੇ ਜੱਦੀ ਪੁਸ਼ਤੀ ਪਿੰਡ ਦਾਖਾ ਵਿਚ ਉਨ੍ਹਾਂ ਦੀ ਯਾਦ ਵਿਚ ਲਾਇਬਰੇਰੀ ਸਥਾਪਤ ਕੀਤੀ ਗਈ ਹੈ। ਇਸ ਉੱਤਮ ਕਾਰਜ ਦਾ ਸਿਹਰਾ ਸੰਦੀਪ ਸੰਧੂ ਦੇ ਸਿਰ ਬੱਝਦਾ ਹੈ, ਜਿਹੜਾ ਵਿਧਾਨ ਸਭਾ ਚੋਣ ਹਲਕੇ ਤੋਂ ਚੋਣ ਲੜ ਰਿਹਾ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਉਸ ਦਾ ਵਿਸ਼ੇਸ਼ ਸਿਆਸੀ ਸਕੱਤਰ ਰਹਿ ਚੁੱਕਿਆ ਹੈ ਤੇ ਹੁਣ ਕੁੱਲ ਹਿੰਦ ਕਾਂਗਰਸ ਕਮੇਟੀ ਦਾ ਉਮੀਦਵਾਰ ਹੈ। ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਸੀ। ਉਹ ਚਾਰ ਦਰਜਨ ਪੁਸਤਕਾਂ ਦਾ ਰਚੇਤਾ ਸੀ ਤੇ ਦਰਜਨ ਤੋਂ ਵੱਧ ਰਾਸ਼ਟਰੀ ਤੇ ਅੰਤਰਰਾਸ਼ਟਰੀ ਪਦਵੀਆਂ ਤੇ ਪੁਰਸਕਾਰਾਂ ਦਾ ਪ੍ਰਾਪਤ ਕਰਤਾ। ਪੰਜਾਬੀ ਸਾਹਿਤ ਨੂੰ ਉਸ ਦੀ ਬਹੁ-ਵਿਧੀ ਦੇਣ ਸਦਕਾ ਉਸ ਦੀ ਪੰਜਾਬੀ ਨੂੰ ਦੇਣ ਬਾਰੇ ਅੱਧੀ ਦਰਜਨ ਪੁਸਤਕਾਂ ਉਸ ਦੇ ਜੀਉਂਦੇ ਜੀ ਲਿਖੀਆਂ ਗਈਆਂ। ਮੈਨੂੰ ਮਾਣ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਸੰਚਾਰ ਕੇਂਦਰ ਦਾ ਮੁਖੀ ਹੁੰਦਿਆਂ ਮੈਂ ਉਸ ਨੂੰ ਯੂਨੀਵਰਸਟੀ ਵਲੋਂ ਪ੍ਰੋਫ਼ੈਸਰ ਐਮੀਰੇਟਸ ਦੀ ਉਪਾਧੀ ਸਵੀਕਾਰ ਕਰਨ ਲਈ ਮਨਾਇਆ, ਜਿਸ ਉੱਤੇ ਉਹ ਅੰਤਮ ਸਾਹਾਂ ਤਕ ਬਿਰਾਜਮਾਨ ਰਹੇ। ਸੰਦੀਪ ਸੰਧੂ ਦੇ ਸੱਜਰੇ ਉਦਮ ਦਾ ਸਤਿਕਾਰ ਕਰਨਾ ਬਣਦਾ ਹੈ।
ਲਖਵਿੰਦਰ ਜੌਹਲ ਨੂੰ ਮੁਬਾਰਕਾਂ
ਸਾਹਿਤ ਜਗਤ ਵਿਚ ਪੰਜਾਬੀ ਕਵੀ ਲਖਵਿੰਦਰ ਜੌਹਲ ਦਾ ਸਰਬ ਸੰਮਤੀ ਨਾਲ ਪੰਜਾਬੀ ਸਾਹਿਤ ਅਕਾਦਮੀ ਦਾ ਪ੍ਰਧਾਨ ਚੁਣੇ ਜਾਣਾ ਬੜੀ ਤਸੱਲੀ ਵਾਲੀ ਖਬਰ ਹੈ। ਪਿਛਲੇ ਸਮਿਆਂ ਵਿਚ ਸਾਹਿਤ ਤੇ ਕਲਾ ਦੇ ਖੇਤਰ ਵਿਚ ਅਜਿਹਾ ਵਰਤਾਰਾ ਘੱਟ ਹੀ ਸੁਣਨ ਵਿਚ ਆਇਆ ਹੈ।
ਤੇਰਾ ਸਿੰਘ ਚੰਨ ਨੂੰ ਚੇਤੇ ਕਰਦਿਆਂ
ਪੰਜਾਬ ਦੀਆਂ ਸਾਹਿਤਕ ਜਥੇਬੰਦੀਆਂ ਦੇ ਬਹੁ-ਵਿਸ਼ੇ ਕਰਤਾ ਧਰਤਾ ਰਹੇ ਤੇਰਾ ਸਿੰਘ ਚੰਨ ਦਾ 101ਵਾਂ ਜਨਮ ਦਿਨ ਇਸ ਵਰ੍ਹੇ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਠੰਢ ਨੇ ਦਬਾ ਲਿਆ। ਮੇਰੀ ਉਮਰ ਦੇ ਬੰਦਿਆਂ ਨੂੰ ਤਾਂ ਹੁਣ ਆਪਣਾ ਜਨਮ ਦਿਨ ਵੀ ਚੇਤੇ ਨਹੀਂ ਰਹਿੰਦਾ। ਚੰਨ ਹੁਰਾਂ ਦੀ ਸਭ ਤੋਂ ਵੱਡੀ ਧੀ ਸੁਲੇਖਾ ਨੂੰ ਵੀ ਠੰਢ ਨੇ ਜਕੜ ਲਿਆ ਜਾਪਦਾ ਹੈ, ਜਿਹੜੀ ਇਨ੍ਹੀਂ ਦਿਨੀਂ ਆਪਣੇ ਜੀਵਨ ਸਾਥੀ ਰਘਬੀਰ ਸਿੰਘ ਸਿਰਜਣਾ ਨਾਲ ਆਪਣੀ ਬੇਟੀ ਰਚਨਾ ਸਿੰਘ ਕੋਲ ਕੈਨੇਡਾ ਰਹਿ ਰਹੀ ਹੈ। ਓਥੋਂ ਦੀ ਠੰਢ ਨੇ ਵੀ 30 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਚੇਤੇ ਰਹੇ ਕਿ ਲੰਮਾ ਸਮਾਂ ਪੰਜਾਬੀ ਸਾਹਿਤ ਦਾ ਸਾਂਝਾ ਚਿਹਰਾ ਰਹੇ ਸਰਵਗਵਾਸੀ ਤੇਰਾ ਸਿੰਘ ਚੰਨ ਦਾ 101ਵਾਂ ਜਨਮ ਦਿਨ 6 ਜਨਵਰੀ ਨੂੰ ਸੀ।
ਅੰਤਿਕਾ
ਦਾਮਨ
ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ।