ਨਵਜੋਤ ਸਿੰਘ ਸਿੱਧੂ-ਭੀੜ ਵਿਚ ਇਕੱਲਾ ਵੀ ਅਤੇ ਜਨਤਾ ਦਾ ਹਿੱਸਾ ਵੀ

ਕਰਮਜੀਤ ਸਿੰਘ
ਫੋਨ: 99150-91063
ਅਸਲ ਵਿਚ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਇਤਿਹਾਸਕ ਪ੍ਰਾਪਤੀ ਨੇ ਉਸ ਦੀ ਪ੍ਰਸਿੱਧੀ ਨੂੰ ਅਸਮਾਨ ਤਕ ਪਹੁੰਚਾ ਦਿੱਤਾ ਅਤੇ ਉਹ ਸਿਖਾਂ ਵਿਚ ਹਰਮਨ ਪਿਆਰਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗਲ ਨੂੰ ਜਿਵੇਂ ਉਹ ਉਭਾਰਦਾ ਹੈ, ਉਹ ਨਿਰਮਲ ਜਜ਼ਬਾ ਵੀ ਹੋਰ ਕਿਸੇ ਕੋਲ ਨਹੀਂ **

ਨਵਜੋਤ ਸਿੱਧੂ ਦੇ ਹੱਕ ਵਿਚ ਉਸ ਦੀ ਫੋਲਾ ਫਰੋਲੀ ਕਰਨ ਦਾ ਅੱਜ ਜੀਅ ਕਰ ਆਇਆ ਹੈ-ਖ਼ਾਸ ਕਰਕੇ ਉਸ ਸਮੇਂ ਜਦੋਂ ਸਾਰੀਆਂ ਸਿਆਸੀ ਪਾਰਟੀਆਂ, ਸਿਆਸਤਦਾਨ ਅਤੇ ਉਸ ਦੀ ਆਪਣੀ ਪਾਰਟੀ ਦੇ ਲੋਕ ਵੀ ਆਪਣੇ “ਬੌਣੇ ਕਾਰਨਾਂ” ਕਰਕੇ ਉਸ ਨੂੰ ਹੇਠਾਂ ਸੁੱਟਣ ਲਈ ਇਕੱਠੇ ਹੋ ਗਏ ਹਨ।
ਕੁਝ ਤਾਂ ਹੈ ਉਸ ਵਿਚ ਜੋ ਦਿਲ ਨੂੰ ਵੀ ਖਿੱਚ ਪਾਉਂਦਾ ਹੈ ਅਤੇ ਦਿਮਾਗ ਨੂੰ ਵੀ। ਉਸ ਨੂੰ ਬਹੁਤ ਸਾਰੇ ਤੋਹਫ਼ੇ ਮਿਲੇ ਹੋਏ ਹਨ-ਕੁਦਰਤ ਵੱਲੋਂ ਵੀ ਅਤੇ ਕਰੜੀ ਮਿਹਨਤ ਕਰਕੇ ਹਾਸਲ ਕੀਤੇ ਹੋਏ ਵੀ। ਉਹ ਇੱਕੋ ਸਮੇਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਜੋ ਹੁਨਰ ਰੱਖਦਾ ਹੈ ਅਤੇ ਜਿਵੇਂ ਉਹ ਇਸ ਕਲਾ ਨੂੰ ਪਰੋਸਦਾ ਹੈ, ਉਹ ਹਿੰਦੁਸਤਾਨ ਦੇ ਕਿਸੇ ਸਿਆਸਤਦਾਨ ਕੋਲ ਨਹੀਂ। ਉਸ ਦੇ ਬੋਲਾਂ ਵਿਚ ਆਪਣੀ ਹੀ ਕਿਸਮ ਦੀ ਮੌਲਿਕ ਤਾਜ਼ਗੀ ਤੇ ਮਨੋਰੰਜਨ ਤਾਂ ਹੁੰਦਾ ਹੀ ਹੈ, ਪਰ ਇਹ ਸਮੱਗਰੀ ਤਰਕ ਤੇ ਦਲੀਲ ਤੋਂ ਸੱਖਣੀ ਵੀ ਨਹੀਂ ਹੁੰਦੀ। ਮੁਹਾਵਰੇ ਤੇ ਸ਼ਿਅਰਾਂ ਦਾ ਇਸਤੇਮਾਲ ਤੁਹਾਡੇ ਅੰਦਰ ਰੌਣਕ ਮੇਲਾ ਲਾ ਦਿੰਦਾ ਹੈ। ਤੁਸੀਂ ਹੱਸਦੇ ਵੀ ਹੋ ਅਤੇ ਜੇਕਰ ਤੁਹਾਨੂੰ ਕਿਸੇ ਵਾਦ ਜਾਂ ਧਿਰ ਨੇ ਕੈਦ ਨਹੀਂ ਕੀਤਾ ਹੋਇਆ ਤਾਂ ਤੁਸੀਂ ਉਸ ਦੀਆਂ ਗੱਲਾਂ ਨਾਲ ਸਹਿਮਤ ਹੋਣ ਤੋਂ ਬਿਨਾਂ ਵੀ ਨਹੀਂ ਰਹਿ ਸਕਦੇ। ਫਿਲਮੀ ਕਲਾਕਾਰਾਂ, ਖਿਡਾਰੀਆਂ, ਸਿਆਸਤਦਾਨਾਂ ਅਤੇ ਆਮ ਬੰਦਿਆਂ ਤੋਂ ਲੈ ਕੇ ਉਹ ਹਰ ਨੁੱਕਰ ਵਿਚ ਆਕਾਸ਼ ਵਾਂਗ ਫੈਲਿਆ ਹੋਇਆ ਹੈ ਅਤੇ ਚਰਚਾ ਵਿਚ ਰਹਿੰਦਾ ਹੈ।
ਇਕ ਹੋਰ ਗੱਲ ਵੀ ਤੁਹਾਨੂੰ ਅਚੇਤ ਰੂਪ ਵਿਚ ਖਿੱਚ ਪਾਉਂਦੀ ਹੈ। ਉਹ ਹੈ-ਉਸ ਦੀ ਬਾਹਰਲੀ ਸ਼ਖ਼ਸੀਅਤ ਤੇ ਬਣ ਠਣ ਕੇ ਰਹਿਣ ਦਾ ਅਨੋਖਾ ਚਾਅ ਅਤੇ ਸ਼ੌਕ। ਉਹ ਬਿਨਾਂ ਸ਼ੱਕ ਸੁਹਣਾ ਹੈ,ਉਚਾ-ਲੰਮਾ ਕੱਦ ਹੋਣ ਦੀ ਕੁਦਰਤੀ ਸੌਗਾਤ ਵੀ ਉਸ ਕੋਲ ਹੈ। ਕ੍ਰਿਕਟ ਦੀ ਖੇਡ ਵਿਚ ਵੀ ਉਸ ਨੇ ਮੱਲਾਂ ਮਾਰੀਆਂ ਹਨ। ਪੱਗ ਵੀ ਉਹ ਗਚੋ ਕੇ ਬੰਨਦਾ ਹੈ। ਲੜਾਂ ਵਿਚ ਬਰਾਬਰ ਦਾ ਫ਼ਾਸਲਾ ਹੁੰਦਾ ਹੈ।
ਕਈ ਵਾਰ ਗ਼ੈਰਾਂ ਨੂੰ ਇਹ ਹੈਰਾਨੀ ਤੇ ਮਿੱਠਾ ਮਿੱਠਾ ਸਾੜਾ ਵੀ ਹੁੰਦਾ ਹੈ ਕਿ ਕੋਈ ਸਿੱਖ ਆਖਰ ਏਨਾ ਹਰਫਨਮੌਲਾ ਕਿਵੇਂ ਹੋ ਸਕਦਾ ਹੈ ਕਿ ਉਹ ਹਾਜ਼ਰ-ਜਵਾਬ ਵੀ ਪੁੱਜ ਕੇ ਹੋਵੇ, ਗੱਲਾਂ ਦਾ ਜਵਾਬ ਵੀ ਦਲੀਲ ਤੇ ਜਜ਼ਬੇ ਨਾਲ ਦੇਵੇ ਅਤੇ ਕਿਸੇ ਦੇ ਵਿਰੋਧ ਕਰਨ ਲੱਗਿਆਂ ਜਾਂ ਹੱਕ ਵਿਚ ਬੋਲਣ ਲੱਗਿਆਂ ਵੀ ਦਲੀਲਾਂ ਦਾ ਅੰਬਾਰ ਖੜ੍ਹਾ ਕਰ ਦੇਵੇ ਅਤੇ ਵਿਰੋਧੀ ਸੁਰ ਵਾਲੇ ਪੱਤਰਕਾਰਾਂ ਤੇ ਐਂਕਰਾਂ ਦੇ ਹੱਥ ਖੜ਼੍ਹੇ ਕਰਾ ਦੇਵੇ। ਕਿ੍ਕਟ ਦੀ ਕੁਮੈਂਟਰੀ ਕਰਨ ਲੱਗਿਆਂ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਉਸ ਦੀ ਸ਼ਬਦਾਵਲੀ ਵਿਚ ਸਾਹਿਤ ਦਾ ਮੇਲਾ ਲੱਗਿਆ ਹੁੰਦਾ ਹੈ।
ਅਸਲ ਵਿਚ ਕਰਤਾਰ ਪੁਰ ਸਾਹਿਬ ਦੇ ਲਾਂਘੇ ਦੀ ਇਤਿਹਾਸਕ ਪਰਾਪਤੀ ਨੇ ਉਸ ਦੀ ਪ੍ਰਸਿੱਧੀ ਨੂੰ ਅਸਮਾਨ ਤਕ ਪਹੁੰਚਾ ਦਿੱਤਾ ਅਤੇ ਉਹ ਸਿਖਾਂ ਵਿਚ ਹਰਮਨ ਪਿਆਰਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗਲ ਨੂੰ ਜਿਵੇਂ ਉਹ ਉਭਾਰਦਾ ਹੈ, ਉਹ ਨਿਰਮਲ ਜਜ਼ਬਾ ਵੀ ਹੋਰ ਕਿਸੇ ਕੋਲ ਨਹੀਂ।
ਇਕ ਸਵਾਲ? ਉਸ ਦਾ ਏਨਾ ਜ਼ਬਰਦਸਤ ਵਿਰੋਧ ਕਿਉਂ ਹੁੰਦਾ ਹੈ? ਅੱਜ ਸਾਰੇ ਪਾਸੇ ਵੋਟਾਂ ਦੀਆਂ ਗੱਲਾਂ ਹੀ ਹੋ ਰਹੀਆਂ ਹਨ। ਪਰ ਨਵਜੋਤ ਇਕੱਲਾ ਹੈ ਭੀੜ ਵਿਚ ਇਕਲਾ-ਸ਼ਾਇਦ ਤਾਰਿਆਂ ਦੇ ਝੁਰਮਟ ਵਿਚ ਇਕੱਲੇ ਚੰਨ ਵਾਂਗ। ਉਹ ਕਿਸੇ ਮਾਡਲ ਦੀ ਅੱਜਕੱਲ੍ਹ ਗੱਲ ਕਰ ਰਿਹਾ ਹੈ ਅਤੇ ਇੰਜ ਉਹ ਕੁਰੱਪਸ਼ਨ ਨੂੰ ਜੜ੍ਹੋਂ ਫੜਨ ਦਾ ਇਰਾਦਾ ਰੱਖਦਾ ਹੈ, ਜਦਕਿ ਬਾਕੀ ਸਿਆਸਤਦਾਨ ‘ਟਾਹਣੀਆਂ ਤੇ ਪੱਤਿਆਂ’ ਤਕ ਹੀ ਆਪਣੀ ਦਿਲਚਸਪੀ ਤੇ ਜਾਣਕਾਰੀ ਰੱਖਦੇ ਹਨ। ਪੰਜਾਬ ਦੇ ਲੋਕ ਵੀ ਹਾਲ ਦੀ ਘੜੀ ਇਸ ਹੱਦ ਤਕ ਬੰਨ੍ਹ ਕੇ ਹੀ ਆਪਣੇ ਆਪ ਨੂੰ ਰੱਖਣਾ ਚਾਹੁੰਦੇਹਨ। ਇਹ ਸਾਡੇ ਸਮਿਆਂ ਦਾ ਦੁਖਾਂਤ ਹੈ।
ਹੈਰਾਨੀ ਨਹੀਂ ਹੋਵੇਗੀ, ਜੇਕਰ ਨਵਜੋਤ ਸਿੱਧੂ ਨੂੰ ਰਾਜਸੀ ਤੌਰ `ਤੇ ਅਲੱਗ-ਥਲੱਗ ਕਰ ਦਿੱਤਾ ਜਾਵੇ। ਪਰ ਕਈ ਵਾਰ ‘ਇਕੱਲਾ’ ਵੀ ‘ਬਹੁਗਿਣਤੀ’ ਹੁੰਦਾ ਹੈ ਜਦ ਕਿ ‘ਬਹੁਗਿਣਤੀ’ ਇਕੱਲ ਦੀ ਜੂਨ ਹੰਢਾ ਰਹੀ ਹੁੰਦੀ ਹੈ। ਪੰਜਾਬ ਵਿਚ ਇਸ ਸਮੇਂ ਨਾ ਕੋਈ ਸਿਆਸਤਦਾਨ ਹੈ ਨਾ ਕੋਈ ਸਾਹਿਤਕਾਰ ਹੈ ਜੋ ਉਸ ਦੀ ਵਿਲੱਖਣ ਸ਼ਖ਼ਸੀਅਤ ਦੇ ਧੁਰ ਅੰਦਰ ਤਕ ਪਹੁੰਚ ਸਕਦਾ ਹੋਵੇ।
ਇਕ ਵਿਰੋਧਤਾਈ ਵੀ ਉਸ ਨੂੰ ਹੇਠਾਂ ਸੁੱਟ ਕੇ ਰੱਖਦੀ ਹੈ। ਉਹ ਕਿਸੇ ਬੰਦੇ ਦੇ ਹੱਕ ਵਿਚ ਜਦੋਂ ਬੋਲਦਾ ਹੈ ਤਾਂ ਉਹ ਸਾਰੀਆਂ ਹੱਦਾਂ ਤੋਂ ਪਾਰ ਕਰ ਕੇ ਉਲਾਰ ਹੋ ਜਾਂਦਾ ਹੈ ਅਤੇ ਜਦੋਂ ਉਸੇ ਬੰਦੇ ਦਾ ਵਿਰੋਧ ਕਰਨਾ ਹੋਵੇ ਤਾਂ ਵੀ ਵਿਰੋਧ ਕਰਨ ਲੱਗਿਆਂ ਸਭ ਹੱਦਾਂ ਬੰਨੇ ਟੱਪ ਜਾਂਦਾ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਉਸ ਨੂੰ ਅਜਿਹੇ ਸਮੇਂ ‘ਖੁਸ਼ਾਮਦ’ ਹੋਣ ਦੇ ਵਰਗ ਵਿਚ ਰਖਣਾ ਉਸ ਨਾਲ ਅਨਿਆਂ ਹੋਵੇਗਾ। ਦਾਸਤੋਵਸਕੀ ਵਰਗਾ ਸੰਸਾਰ ਪ੍ਰਸਿਧ ਸਾਹਿਤਕਾਰ ਹੀ ਉਸ ਦੀਆਂ ਇਨ੍ਹਾਂ ਉਲਝਣਾਂ ਨਾਲ ਇਨਸਾਫ ਕਰ ਸਕਦਾ ਹੈ ਜਿਸ ਵਿਚ ਜ਼ਿੰਦਗੀ ਦੇ ਹਨੇਰੇ ਪਖ ਨੂੰ ਰੌਸ਼ਨ ਕਰਨ ਅਤੇ ਉਸ ਨੂੰ ਬਿਆਨ ਕਰਨ ਦੀ ਰੱਬੀ ਤਾਕਤ ਸੀ।
ਵੈਸੇ ਇਹ ਦੋਸ਼ ਕੋਈ ਖ਼ਾਸ ਮਾਅਨੇ ਨਹੀਂ ਰੱਖਦੇ ਕਿ ਉਹ ਪਾਰਟੀ ਪ੍ਰਤੀ ਵਫ਼ਾਦਾਰ ਨਹੀਂ, ਉਸ ਵਿਚ ਸਹਿਣਸ਼ੀਲਤਾ ਨਹੀਂ, ਉਸ ਨੂੰ ਅਹੁਦੇ ਦੀ ਲਾਲਸਾ ਹੈ, ਉਸ ਨੂੰ ਬੋਲਣ ਦੀ ਤਮੀਜ਼ ਨਹੀਂ ਆਦਿ ਆਦਿ। ਪਰ ਜਿਹੜੇ ਲੋਕ ਪਵਿੱਤਰ ਗੁੱਸੇ ਨਾਲ ਲੈਸ ਹੁੰਦੇ ਹਨ, ਉਨ੍ਹਾਂ ਲਈ ਇਹ ਦੋਸ਼ ਜਾਂ ਕਮਜ਼ੋਰੀਆਂ ਕੀ ਜਾਇਜ਼ ਨਹੀਂ ਹੁੰਦੀਆਂ? ਸੰਸਾਰ ਪ੍ਰਸਿੱਧ ਸ਼ਾਇਰ ਪਾਬਲੋ ਨਰੂਦਾ ਵੀ ਇਹੋ ਜਿਹੀਆਂ ਗੱਲਾਂ ਦੀ ਪਰਵਾਹ ਨਹੀਂ ਸੀ ਕਰਦਾ।