ਸੰਧੂਰ
ਕਰਮ ਸਿੰਘ ਮਾਨ
Pon:559-261-5024
ਪਿਛਲੇ ਤਿੰਨ ਦਿਨ ਤੋਂ ਰੋਜ਼ੀ ਕੰਮ ’ਤੇ ਆ ਨਹੀਂ ਰਹੀ। ਉਸ ਬਿਨ ਦਫਤਰ ਸੁੰਨਾਂ-ਸੁੰਨਾਂ ਲਗਦਾ ਹੈ। ਇਉਂ ਲਗਦਾ ਹੈ ਜਿਵੇਂ ਦਫਤਰ ਦੀ ਰੂਹ ਗਾਇਬ ਹੋ ਗਈ ਹੋਵੇ। ਦਫਤਰ ਕਲਬੂਤ ਰਹਿ ਗਿਆ ਹੋਵੇ। ਦਫ਼ਤਰ ਦੇ ਕਰਮਚਾਰੀਆਂ ਨੇ ਕਲਪਨਾ ਤੋ ਰੋਜ਼ੀ ਬਾਰੇ ਪੁੱਛਿਆ। ‘ਪਤਾ ਨਹੀਂ ਕਿਥੇ ਗਈ ਹੈ। ਫੋਨ ਕੀਤਾ ਸੀ। ਚੁੱਕਿਆ ਨਹੀਂ’ ਲੀਵ ਮੈਸੈਜ। ਕਾਲ ਯੂ ਬੈਕ’ ਕਲਪਨਾ ਨੇ ਨਿਰਾਸਤਾ ਨਾਲ ਕਿਹਾ।

ਕਲਪਨਾ ਤੇ ਰੋਜ਼ੀ ਪਿਛਲੇ ਸ਼ਨਿਚਰਵਾਰ ਦਫਤਰ ਬੰਦ ਹੋਣ ਪਿੱਛੋਂ ਦਫਤਰ ਦੇ ਗੈਸਟ ਰੂਮ ਵਿਚ ਬੈਠ ਗਈਆਂ ਸਨ। ਰੋਜ਼ੀ ਨੇ ਇੱਕ ਭਰਵਾਂ ਗਲਾਸ ਵਾਈਨ ਦਾ ਭਰ ਲਿਆ ਤੇ ਕਲਪਨਾ ਲਈ ਜੂਸ ਦਾ ਗਲਾਸ ਭਰ ਦਿੱਤਾ।
ਰੋਜ਼ੀ ਨੇ ਗਲਾਸ ਚੁੱਕਿਆ ਤੇ ਇੱਕ ਲੰਬਾ ਹਉਕਾ ਭਰਿਆ।
‘ਕੀ ਹੋ ਗਿਆ? ਲੁਕਿੰਗ ਸੋ ਸੈਡ। ਉਖੜੀ ਜਿਹੀ ਫਿਰਦੀ ਹੈਂ? ਕਲਪਨਾ ਨੇ ਰੋਜ਼ੀ ਦੇ ਚਿਹਰੇ ਵੱਲ ਨੀਝ ਨਾਲ ਵੇਖਿਆ।
ਰੋਜ਼ੀ ਨੇ ਚਿਹਰੇ ’ਤੇ ਝੂਠੀ ਮੁਸਕਰਾਹਟ ਲਿਆ ਕੇ ਕੁਝ ਕਹਿਣਾ ਚਾਹਿਆ। ਪਰ ਕਹਿ ਨਾ ਸਕੀ।
ਰੋਜ਼ੀ ਨੇ ਗਲਾਸ ਚੁੱਕਿਆ। ਇਕੇ ਸਾਹੇ ਗਲਾਸ ਅੱਧਾ ਕਰ ਦਿੱਤਾ। ਕਲਪਨਾ ਨੇ ਵੀ ਥੌੜ੍ਹਾ ਜਿਹਾ ਜੂਸ ਪੀ ਲਿਆ।
‘ਸਟੀਵਨ ਨੂੰ ਡਾਈਵੋਰਸ’ ਉਸਨੇ ਇਹ ਸ਼ਬਦ ਬੜੀ ਮੁਸ਼ਕਲ ਨਾਲ ਕਹੇ।
‘ਡਾਈਵੋਰਸ! ਬਕਵਾਸ! ਹਰਾਮਣ! ਕੋਈ ਚੱਜ ਦੀ ਗੱਲ ਕਰ।’
ਉੁੁਸਦੇ ਇਹ ਸ਼ਬਦ ਸੁਣ ਕੇ ਰੋਜੀ ਅੱਖਾਂ ਭਰ ਆਈ।

‘ਨਿੱਕੀ ਮੋਟੀ ਗੱਲ ਪਰਿਾਵਾਰਾਂ ’ਚ ਵਾਪਰ ਜਾਂਦੀ ਹੈ। ਆਈ ਮੀਨ ਨਾਟ ਟੂ ਟੇਕ ਹਰਟ। ਐਵੇਂ ਨੀ ਦਿਲ’ਤੇ ਲਾਈਦਾ’। ਨੋ, ਇਟ’ਜ ਸੀਰੀਅਸ।’ ਰੋਜ਼ੀ ਦੇ ਮੱਥੇ ਦੀਆਂ ਨਾੜਾਂ ਉਭਰ ਆਈਆਂ।
‘ਵਟ ਹੈਪੰਡ? ਚੰਗੇ ਭਲੇ ਵਕੇਸ਼ਨ ‘ਤੇ ਗਏ ਸੀ? ਕੀ ਸੱਪ ਸੁੰਘ ਗਿਆ ਤੈਨੂੰ?’
‘ਵਕੇਸਨ! ਹੈਲ!’ ਰੋਜ਼ੀ ਨੇ ਕਚੀਚੀ ਵੱਟੀ। ਰੋਜ਼ੀ ਨੇ ਗਲਾਸ ਚੁੱਕਿਆ। ਅੱਧਾ ਗਲਾਸ ਇਕੋ ਸਾਹ’ਚ ਖਾਲੀ ਕਰਕੇ ਮੇਜ਼ ’ਤੇ ਧਰ ਦਿੱਤਾ।
‘ਆਈਜ਼ਰ ਨੂੰ ਵੀ ਨਾਲ ਲੈ ਚੱਲੀਏ’ ਮੈਂ ਸਟੀਵਨ ਨੂੰ ਕਿਹਾ।
‘ਆਈਜ਼ਰ! ਪਰਾਬਲਮ!’ ਸਟੀਵਨ ਚਿਲਾਇਆ।
‘ਵੱਟ! ਪਰਾਬਲਮ? ਆਈਜ਼ਰ ਤੈਨੂੰ ਪਰਾਬਲਮ ਲਗਦਾ?’
ਉਦੋ ਸੋਚਣਾ ਸੀ, ਸਟੀਵਨ ਬਾਰੇ? ਜਦੋਂ ਮਾਈਕਲ ਦੇ ਘਰੋਂ ਚੁੰਨੀ ਚੁੱਕ ਕੇ ਸਟੀਵਨ ਦੇ ਘਰ ਆ ਬੈਠੀ।’ ਕਲਪਨਾ ਬੋਲੀ। ਉਸਨੇ ਰੋਜ਼ੀ ਦੇ ਜ਼ਜ਼ਬਾਤਾਂ ਦਾ ਕੋਈ ਖਿਆਲ ਨਾ ਕੀਤਾ।
‘ਗੋਨ ਸੋ ਗੌਨ! (ਬੀਤੀ ਸੋ ਬੀਤੀ) ਰੋਜ਼ੀ ਨੇ ਲੰਬਾ ਹਉਕਾ ਲਿਆ।

ਰੋਜ਼ੀ ਸੋਲਾਂ ਸਾਲਾਂ ਦੀ ਸੀ ਜਦੋਂ ਉਹ ਆਪਣੇ ਬੁਆਏ ਫਰੈਂਡ ਮਾਈਕਲ ਨਾਲ ਘਰੋਂ ਮੂਵ ਹੋ ਗਈ। ਇੱਕ ਸਾਲ ਪਿਛੋਂ ਆਈਜਰ ਨੇ ਜਨਮ ਲਿਆ। ਇਹ ਪਿਆਰ ਵੀ ਚਾਰ ਦਿਨ ਦੀ ਚਾਨਣੀ ਸਾਬਤ ਹੋਇਆ। ਇਸ ਦਾ ਵੱਡਾ ਕਾਰਨ ਤੰਗੀ-ਤੁਰਸ਼ੀ ਸੀ।
ਮਾਈਕਲ ਪੰਜ ਦਿਨ ਸਟੋਰ ਵਿਚ ਕੰਮ ਕਰਦਾ। ਰੋਜ਼ੀ ਆਈਜ਼ਰ ਦੀ ਦੇਖਭਾਲ ਲਈ ਘਰ ਹੀ ਰਹਿੰਦੀ। ਮਾਈਕਲ ਕੰਮਚੋਰ ਹੋਣ ਕਰਕੇ ਖਿਝਿਆ ਰਹਿੰਦਾ। ਉਹ ਕਿੰਨੇ-ਕਿੰਨੇ ਦਿਨ ਘਰੋਂ ਬਾਹਰ ਰਹਿਣ ਲੱਗ ਪਿਆ। ਉਸ ਤੋਂ ਦੁਖੀ ਹੋ ਕੇ ਰੋਜ਼ੀ ਨਾਲ ਦੇ ਅਪਾਰਟਮੈਂਟ ਵਿੱਚ ਰਹਿੰਦੇ ਸਟੀਵਨ ਦੀਆਂ ਬਾਹਾਂ ਵਿਚ ਆ ਡਿੱਗੀ।
ਆਈਜ਼ਰ ਸਟੀਵਨ ਤੇ ਰੋਜ਼ੀ ਦੇ ਜੀਵਨ ਵਿਚ ਸੇਹ ਦਾ ਤੱਕਲਾ ਬਣਦਾ। ਜਿਨਾਂ ਉਹ ਆਈਜ਼ਰ ਵੱਲ ਵੱਧ ਧਿਆਨ ਦਿੰਦੀ। ਉਨ੍ਹਾਂ ਹੀ ਉਹ ਦੂਰ ਰਹਿੰਦਾ।
‘ਇਸ ਦਾ ਵਤੀਰਾ ਤਾਂ ਪਹਿਲਾਂ ਹੀ ਚੰਗਾ ਨਹੀਂ। ਜੇ ਮੈਂ ਇਸਦਾ ਬੱਚਾ ਜੰਮ ਦਿੱਤਾ ਤਾਂ ਆਈਜ਼ਰ ਦਾ ਬਹੁਤ ਹੀ ਭੈੜਾ ਹਾਲ ਹੋਜੂ। ਜੇ ਸਟੀਵਨ ਵੀ ਮਾਈਕਲ ਵਾਂਗ ਭੱਜ ਗਿਆ ਤਾਂ ਕਿਵੇ ਪਾਲੂੰਗੀ ਇਹ ਬੇਰੜਾ ਟੱਬਰ।’ ਇਸੇ ਕਾਰਨ ਹੀ ਉਹ ਸਟੀਵਨ ਦੀ ਜ਼ਿੱਦ ਅੱਗੇ ਝੁਕੀ ਨਹੀਂ ਸੀ। ਉਹ ਵੀ ਰੋਜ਼ੀ ਤੇ ਖ਼ਫਾ ਸੀ।
ਇਸੇ ਕਾਟੋ-ਕਲੇਸ਼ ਤੋਂ ਤੰਗ ਆ ਕੇ ਰੋਜ਼ੀ ਦੇ ਲੱਖ ਰੋਕਣ ਦੇ ਬਾਵਜੂਦ ਵੀ ਸਟੀਵਨ ਫੌਜ ਵਿਚ ਭਰਤੀ ਹੋ ਗਿਆ। ਰੋਜ਼ੀ ਨੇ ਪਹਿਲਾਂ ਤਾ ਇਹ ਸਮਝਿਆ ਕਿ ਉਹ ਉਸਨੂੰ ਛੱਡ ਕੇ ਚਲਿਆ ਗਿਆ ਹੈ। ਪਰ ਉਸਦੇ ਵਤੀਰੇ ਨੇ ਉਸਦਾ ਇਹ ਭਰਮ ਦੂਰ ਕਰ ਦਿੱਤਾ। ਉਹ ਲਗਾਤਾਰ ਉਸਦੇ ਗੁਜਾਰੇ ਲਈ ਡਾਲਰ ਭੇਜਦਾ ਰਿਹਾ। ਚਿੱਠੀਆਂ ਲਿਖ ਕੇ ਤੇ ਲਗਾਤਾਰ ਫੋਨ ਕਰਦਾ ਰਿਹਾ। ਇਸ ਵਤੀਰੇ ਨੇ ਰੋਜ਼ੀ ਦਾ ਭਰਮ ਦੂਰ ਕਰੀ ਰੱਖਿਆ। ਉਹ ਤਿੰਨ ਸਾਲ ਪਿੱਛੋਂ ਵਾਪਸ ਮੁੜ ਆਇਆ।
‘ਹੁਣ ਕੀ ਹੋ ਗਿਆ?’ ਕਲਪਨਾ ਨੇ ਰੋਜ਼ੀ ਦੇ ਮੱਥੇ ਤੇ ਹੱਥ ਰੱਖ ਕੇ ਬੜੇ ਪਿਆਰ ਨਾਲ ਪੁਛਿਆ।’

‘ਹੁਣ ਫਿਰ ਚਲਿਆ ਗਿਆ। ਮਰੇ-ਖਪੇ, ਡਿੱਗੇ ਡੂੰਘੀ ਡਿੱਚ ਵਿਚ।’
‘ਇਹ ਵੀ ਕੀ ਗੱਲ ਹੋਈ। ਤੈਨੂੰ ਇਸ ‘ਤੇ ਮਾਣ ਹੋਣਾ ਚਾਹੀਦਾ।’
‘ਹੈਲ ਵਿਦ ਇਟ। ਡਿੱਗੇ ਢੱਠੇ ਖੂਹ ’ਚ। ਮੈਂ ਆਪਣੀ ਜਿੰਦਗੀ ਸਪਾਇਲ ਨਹੀਂ ਕਰਨੀ।’ ਰੋਜ਼ੀ ਦਾ ਤਣਿਆ ਚਿਹਰਾ ਉਸਦੇ ਮਨ ਦਾ ਅਕਸ ਸੀ।
‘ਤੂੰ ਸੈਨਿਕ ਦੀ ਪਤਨੀ ਹੈ। ਤੈਨੂੰ ਮਾਣ ਹੋਣਾ ਚਾਹੀਦਾ ਅਪਣੇ ਦੇਸ਼ਭਗਤ ਪਤੀ ‘ਤੇ।’
ਇਹ ਕਹਿੰਦੀ ਕਲਪਨਾ ਰੋਜ਼ੀ ਵੱਲ ਬੜੀ ਘਿਰਣਾ ਨਾਲ ਝਾਕੀ।
‘ਬਕਵਾਸ। ਸੋਲਜ਼ਰ। ਸੈਨਿਕ। ਡੈਸ਼ਭਗਟ।’
ਰੋਜੀ ਦੇ ਇਹ ਸਬਦ ਕਲਪਨਾ ਨੂੰ ਬਹੁਤ ਬੁਰੇ ਲੱਗੇ। ਪਰ ਫਿਰ ਵੀ ਉਸਨੇ ਆਪਣੇ ਆਪ ‘ਤੇ ਕਾਬੂ ਰੱਖਿਆ।
ਕੁਝ ਚਿਰ ਰੁਕ ਕੇ ਰੋਜ਼ੀ ਫਿਰ ਬੋਲੀ, ਗੋਲੀ ਖਾਣ ਵਾਲਾ ਵੀ ਦੇਸ਼ਭਗਤ ਤੇ ਗੋਲੀ ਮਾਰਨ ਵਾਲਾ ਵੀ ਦੇਸ਼ਭਗਤ। ਮਰਨਾ, ਮਾਰਨਾ। ਸਾਨ੍ਹਾਂ ਵਾਂਗੂੰ ਭਿੜਨਾ। ਇਹ ਲੜ੍ਹਦੇ ਨਹੀਂ ਲੜ੍ਹਾਉਂਦੇ ਨੇ ਹਾਕਮ-ਕਿੜਾਂ ਕੱਢਣ ਲਈ, ਰਾਜ ਵਧਾਉਣ ਲਈ, ਧਨ ਬਟੋਰਨ ਲਈ ਅਤੇ ਧੌਂਸ ਜਮਾਉਣ ਲਈ।
‘ਇਹ ਆਪਣੇ ਦੇਸ਼ ਲਈ ਲੜ੍ਹਦੇ ਹਨ। ਰੱਖਿਆ ਲਈ। ਔਰਤਾ ਦੀ ਤੇ ਸਾਡੀ ਸਭ ਦੀ। ਜਾਨਾਂ ਹੂਲ ਕੇ।’ ਭਰੀ-ਪੀਤੀ ਕਲਪਨਾ ਨੇ ਕਿਹਾ।
‘ਰੇਪਿਸਟ! ਮੈਨੂੰ ਤਾਂ ਉਸਦੇ ਸਾਹਾਂ ਵਿਚੋ ਬੋਅ ਮਾਰਦੀ ਆ।’ ਰੋਜ਼ੀ ਨਸ਼ੇ ਵਿਚ ਹੋਰ ਵੀ ਅਬਾ-ਤਬਾ ਬੋਲੀ ਗਈ।
ਕਲਪਨਾ ਨੂੰ ਇਹ ਪਤਾ ਵੀ ਨਾ ਲੱਗਿਆ ਰੋਜ਼ੀ ਕਿਸ ਵੇਲੇ ਉਠ ਕੇ ਤੁਰ ਗਈ।
ਘਰ ਆ ਉਹ ਹੱਥ-ਮੂੰਹ ਧੋ ਲੇਟ ਗਈ। ਰੋਜ਼ੀ ਨਾਲ ਹੋਈ ਗੱਲਬਾਤ ‘ਤੇ ਉਹ ਬਹੁਤ ਪਰੇਸ਼ਾਨ ਹੋਈ। ਸੋਚਦੀ-ਸੋਚਦੀ ਛੇਤੀ ਹੀ ਅਤੀਤ ਵਿੱਚ ਗੁੰਮ ਹੋ ਗਈ।
ਉਹ ਅਜੇ ਦੂਜੀ ਵਾਰੀ ਸਹੁਰੇ ਘਰ ਆਈ ਸੀ। ਅਜੇ ਉਸਦੇ ਹੱਥਾਂ ਦੀ ਮਹਿੰਦੀ ਦਾ ਰੰਗ ਫਿੱਕਾ ਨਹੀਂ ਪਿਆ ਸੀ।
‘ਹਰਪਾਲ, ਛੁੱਟੀ ਹੋਰ ਵਧਾ ਲੈ?’ ਕਲਪਨਾ ਨੇ ਕਿਹਾ ਸੀ।
‘ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ ਪੈਰ ਧਰਨ ਦੇ ਮੈਨੂੰ ਰਕਾਬ ਉਤੇ। ਸਰੂ ਵਰਗੀ ਜਵਾਨੀ ਫੂਕਣੀ ਏ ਬਹਿ’ਗੇ ਭੂੰਡ ਜੇ ਗੁਲਾਬ ਉਤੇ।’ ਹਰਪਾਲ ਠਹਾਕਾ ਮਾਰ ਕੇ ਹੱਸਿਆ ਸੀ।
‘ਜਨਾਬ, ਰਕਾਬ ਨਹੀਂ ਜਹਾਜ ਉਤੇ’ ਕਲਪਨਾ ਨੇ ਵੀ ਹੱਸ ਕੇ ਕਿਹਾ ਸੀ।
ਨਾ ਹੀ ਕੋਈ ਲੜਾਈ ਲੱਗੀ ਹੋਈ ਸੀ ਤੇ ਨਾਹੀ ਕਲਪਨਾ ਨੂੰ ਇਹ ਪਤਾ ਸੀ ਕਿ
ਫੌਜੀ ਦੀ ਛੁੱਟੀ ਸੌਖੀ ਤਰ੍ਹਾਂ ਵਧਾਈ ਜਾ ਸਕਦੀ ਹੈ।
ਹਰਪਾਲ ਛੁੱਟੀ ਕੱਟ ਕੇ ਛੇਤੀ ਹੀ ਵਾਪਸ ਮੁੜਨ ਦਾ ਵਾਅਦਾ ਕਰਕੇ ਚਲਿਆ ਗਿਆ।
ਪਲਟਣ ਵਿੱਚ ਹਾਜਰ ਹੋਣ ਤੋਂ ਕਈ ਦਿਨ ਬਾਅਦ ਹਰਪਾਲ ਨੇ ਦਰਦ ਤੇ ਬਿਰਹੋਂ ’ਚ ਭਿੱਜ ਕੇ ਮੋਹ ਤੇ ਉਦਾਸੀ ਭਰੀ ਚਿੱਠੀ ਲਿਖੀ। ਉਸ ਨੇ ਉਸ ਨੂੰ ਅਰਾਮ ਕਰਨ ਦੀ ਅਤੇ ਪੇਟ’ਚ ਪਲ ਰਹੇ ਬੱਚੇ ਵੱਲ ਵਿਸ਼ੇਸ ਧਿਆਨ ਦੇਣ ਲਈ ਕਿਹਾ ਸੀ।
ਕਲਪਨਾ ਵੀ ਹਰ ਹਫਤੇ ਉਸਨੂੰ ਚਿੱਠੀ ਲਿਖਦੀ-ਵਿਛੋੜੇ ਤੇ ਸੱਲ ਦੀਆਂ। ਕਾਰ ਵਿਹਾਰ ਦੀਆਂ ਚਿੱਠੀਆਂ। ਪੇਟ ਵਿਚ ਪਲਦੇ ਭਰੂਣ ਦੀਆਂ। ਰੰਗੀਨ ਸੁਪਨਿਆਂ ਦੀਆਂ।
‘ਦੁਸ਼ਮਣ ਨੇ ਅਚਾਨਕ ਸਾਡੇ ਦੇਸ ‘ਤੇ ਹਮਲਾ ਕਰ ਦਿੱਤਾ ਹੈ। ਸਾਡੀ ਪਲਟਣ ਫਰੰਟ ‘ਤੇ ਜਾ ਰਹੀ ਹੈ। ਸਾਡੀ ਟੁਕੜੀ ਵੀ ਜਾਨ ਹੂਲ ਰਹੀ ਹੈ।’ ਹਰਪਾਲ ਦੀ ਆਖਰੀ ਚਿੱਠੀ ਸੀ
‘ਦੇਹੁ ਸ਼ਿਵਾ ਵਰ ਮੁਹਿ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ। ਜਵ ਆਵ ਕੀ ਅਉਧ ਨਿਧਾਨ ਬਣੇ ਅਤਿ ਹੀ ਰਣ ਮੇਂ ਤਬ ਜੂਝ ਮਰੋਂ’ ਦੇ ਸ਼ਬਦ ਸੈਨਿਕਾਂ ਦਾ ਮਨੋਬਲ ਉਚਾ ਕਰਦੇ।
ਕਲਪਨਾ ਦਾ ਦਿਲ ਧੜਕਦਾ। ਉਹ ਹਰ ਰੋਜ ਉਸਦੀ ਜਿੱਤ ਦੀ ਕਾਮਨਾ ਕਰਦੀ। ਉਸਦੇ ਸਹੀ ਸਲਾਮਤ ਵਾਪਸ ਮੁੜਨ ਦੀ ਅਰਦਾਸ ਕਰਦੀ।
ਉਹ ਅੰਦਰੋਂ ਰੋਂਦੀ ਪਰ ਹਰਪਾਲ ਦੇ ਬੁੱਢੇ ਮਾਂ-ਪਿਉ ਨੂੰ ਦਿਲਾਸਾ ਦਿੰਦੀ।
ਆਖਰ ਨੂੰ ਹਰਪਾਲ ਦੀ ਮੌਤ ਦੀ ਖਬਰ ਆ ਗਈ। ਇੱਕ-ਦੂਜੇ ਨੂੰ ਧਰਵਾਸਾ ਦੇਣ ਵਾਲਾ ਬਚਿਆ ਨਹੀਂ ਸੀ। ‘ਸ਼ਹੀਦ ਦੀ ਪਤਨੀ ਏ ਤੂੰ ਸ਼ਹੀਦ ਦੀ। ਸੂਰਬੀਰ ਬਹਾਦਰ ਦੀ।’ ਹੁਣ ਹਰਪਾਲ ਦੀ ਯਾਦ ਈ ਰਹਿ ਗਈ ਸੀ। ਉਹ ਆਪਣੇ ਸਾਰੇ ਅਰਮਾਨਾਂ ਨੂੰ ਲਾਂਬੂ ਲਾ ਕੇ ਚੁੱਪ ਦੀ ਮੂਰਤ ਬਣ ਗਈ। ਉਸ ਨਾਲ ਲੜ੍ਹਦਾ ਸਿਪਾਹੀ ਇੱਕ ਮਹੀਨੇ ਪਿੱਛੋਂ ਉਸਦੇ ਕੋਲ ਅਫਸੋਸ ਕਰਨ ਆਇਆ। ਉਸਨੇ ਕਲਪਨਾ ਨੂੰ ਦੱਸਿਆ ਕਿ ਹਰਪਾਲ ਮੈਨੂੰ ਬਚਾਉਂਦਾ ਆਪ ਸ਼ਹੀਦ ਹੋ ਗਿਆ ਸੀ।
‘ਅਸੀਂ ਦੋਵੇਂ ਇੱਕ ਬੈਂਕਰ ਵਿਚ ਸਾਂ। ਗੋਲੀ-ਸਿੱਕਾ ਮੁੱਕ ਜਾਣ ਕਰਕੇ ਲੜ੍ਹਾਈ ਹੱਥੋ-ਹੱਥੀ ਹੋ ਗਈ। ਦੁਸ਼ਮਣ ਦੇ ਇੱਕ ਸਿਪਾਹੀ ਦੀ ਬੰਦੂਕ ਦੀ ਨੋਕ ਮੇਰੇ ਵੱਲ ਵਧੀ। ਉਸਨੇ ਮੈਨੂੰ ਜ਼ਖਮੀ ਕਰ ਦਿੱਤਾ। ਹਰਪਾਲ ਨੇ ਅੱਖ ਦੇ ਫੋਰ ਵਿਚ ਉਸ ’ਤੇ ਹਮਲਾ ਕਰ ਦਿੱਤਾ। ਦੋਵੇਂ ਗੁੱਥਮ-ਗੁੱਥਾ ਹੋਏ ਡਿੱਗ ਪਏ। ਮੇਰੇ ਵਾਰ ਕਰਨ ਤੋਂ ਪਹਿਲਾਂ ਹੀ ਭਾਣਾ ਵਰਤ ਗਿਆ।
ਦੋਵੇਂ ਇਕੱਠੇ ਪਏ ਸਨ-ਅਸਮਾਨ ਵੱਲ਼ ਝਾਕਦੀਆਂ ਪਥਰਾਈਆਂ ਅੱਖਾਂ, ਲਹੂ-ਲੁਹਾਣ ਗੜੁੱਚ ਹੋਏ। ਸਿਪਾਹੀ ਨੇ ਭਰੇ ਮਨ ਨਾਲ ਰੁੱਕ-ਰੁੱਕ ਕੇ ਸਾਰੀ ਕਹਾਣੀ ਸੁਣਾਈ।
‘ਮੈਂ ਬਚ ਗਿਆ, ਯਾਰ ਤੁਰ ਗਿਆ। ਸਾਨੂੰ ਸਿਖਾਇਆ ਈ ਇਹ ਜਾਂਦਾ ਹੈ ‘ਦੁਸ਼ਮਣ ਨੂੰ ਮਾਰੋ ਤੇ ਸਾਥੀ ਨੂੰ ਬਚਾਓ’।
ਗੁੰਮ-ਸੁੰਮ ਹੋਈ ਕਲਪਨਾ ਉਸਦੇ ਵੱਲ ਝਾਕੀ। ਸ਼ਾਇਦ ਉਸਦੀਆਂ ਹੰਝੂਆਂ ਨਾਲ ਛਲਕਦੀਆਂ ਅੱਖਾਂ ਸਵਾਲ ਕਰ ਰਹੀਆਂ ਸਨ ਕਿ ਮਰਨ ਤੋਂ ਪਹਿਲਾਂ ਮੇਰਾ ਨਾਂਅ ਉਸਦੇ ਬੁਲ੍ਹਾਂ ‘ਤੇ ਆਇਆ ਸੀ?
ਉਸ ਦਿਨ ਤੋਂ ਪਿੱਛੋਂ ਜਦ ਵੀ ਉਹ ਸਾਹਮਣੇ ਲਿਸ਼ਕਦੀ ਪਹਾੜੀ ਵੱਲ ਵੇਖਦੀ ਉਸਨੂੰ ਇਉਂ ਲਗਦਾ ਜਿਵੇਂ ਉਸਦੀ ਮਾਂਗ ਵਿਚਲਾ ਸੰਧੂਰ ਹਰਪਾਲ ਦੇ ਵਹੇ ਖ਼ੂਨ ਵਿਚ ਇੱਕ ਮਿੱਕ ਹੋ ਗਿਆ ਹੋਵੇ। ਉਸ ਵਿਚ ਵਿਰੋਧੀ ਸੈਨਿਕ ਦਾ ਖ਼ੂਨ ਤੇ ਉਸਦੀ ਪਤਨੀ ਦਾ ਸੰਧੂਰ ਇੱਕ ਮਿੱਕ ਹੋਏ ਹੋਣ ਤੇ ਸਰਹੱਦੀ ਰੇਖਾ ਅਜੇ ਵੀ ਡੂੰਘੀ ਅਣਭਰੀ ਹੋਵੇ।
ਉਹ ਅੱਜ ਬੈਡ ‘ਤੇ ਪਈ ਉਸਲਵੱਟੇ ਲੈਂਦੀ ਹੈ। ਹਰਪਾਲ ਦੀ ਯਾਦ ਉਸਦਾ ਖਹਿੜਾ ਨਹੀਂ ਸੀ ਛੱਡ ਰਹੀ। ‘ਵਿਚ ਰੰਗ ਦੇ ਦੇਵੀ ਹੈ ਨਾਰ ਸਾਡੀ। ਵਿਚ ਜੰਗ ਦੇ ਦੇਵੀ ਹੈ ਕਟਾਰ ਸਾਡੀ’ ਇਹ ਸ਼ਬਦ ਉਸਦੇ ਕੰਨਾਂ ਵਿਚ ਗੂੰਜਦੇ ਹਨ। ਉਸਦੀ ਹੂਕ ਨਿਕਲਦੀ ਹੈ।
‘ਉਸਨੂੰ ਰੋਜ਼ੀ ਨਾਲ ਗੁਸਤਾਖ਼ ਨਹੀਂ ਸੀ ਹੋਣਾ ਚਾਹੀਦਾ। ਉਹ ਰੋਜ਼ੀ ਨਾਲ ਕੀਤੇ ਵਿਵਹਾਰ ‘ਤੇ ਪਛਤਾ ਰਹੀ ਸੀ।
‘ਸੱਚੀ ਤਾਂ ਸੀ ਉਸਦੀ ਗੱਲ। ਦੋਵੇਂ ਪਾਸੇ ਔਰਤ ਦਾ ਬਲਾਤਕਾਰ। ਦੋਵੇਂ ਪਾਸੇ ਔਰਤ ਦਾ ਹੀ ਤਿਆਗ। ਮੈਂ ਕਿਉਂ ਤੜਪੀ ਸੀ ਸੁਣ ਕੇ ਉਸਦਾ ਤਰਕ-ਸਾਰੀ ਉਮਰ ਵਿੱਛੜ ਗਏ ਦੇ ਦੁੱਖ ਵਿਚ ਧੁੱਖ ਕੇ ਮਰਨਾ। ਇਸੇ ਕਰਕੇ ਉਸਨੇ ਮੈਨੂੰ ਸਲੇਵ ਮਟੈਲਿਟੀ’ ਕਿਹਾ ਸੀ। ਕੀ ਮੇਰੀ ਸਾਰੀ ਉਮਰ ਕੰਡਿਆਂ ਦੀ ਸੇਜ ਨਹੀਂ?
‘ਰੰਗ ਤਾਂ ਤੂੰ ਨਾਲ ਹੀ ਲੈ ਗਿਆ? ਮੇਰੇ ਸੀਨੇ ਵਿਚ ਵੀ ਕਟਾਰ ਖੁਭੋ ਜਾਂਦਾ। ਇੱਕ ਹੂਕ ਉਸਦੇ ਧੁਰ ਅੰਦਰੋ ਨਿਕਲਦੀ ਹੈ-ਦਿਲ ਤੇ ਦਿਮਾਗ ’ਚੋਂ’
ਉਸਦੀਆਂ ਭਾਰੀਆਂ ਤੇ ਸੁੱਜੀਆਂ ਅੱਖਾ ਅੱਗੇ ਹਰਪਾਲ ਖੜ੍ਹਾ ਸੀ। ‘ਕਲਪਨਾ ਮੇਰੇ ਵਿਛੋੜੇ ਦੇ ਗ਼ਮ ਨੂੰ ਹੱਡੀਆਂ ਦਾ ਰੋਗ ਨਾ ਬਣਾ? ਮਰੇ ਹੋਏ ਕਦ ਵਾਪਸ ਆਉਂਦੇ ਹਨ?’ ਉਸਦੀ ਅੱਖ ਖੁੱਲ੍ਹੀ। ਹਰਪਾਲ ਕਿਤੇ ਵੀ ਨਹੀਂ ਸੀ।
ਇਹ ਹਰਪਾਲ ਦੀ ਅਵਾਜ ਸੀ ਜਾ ਇੱਕ ਸੁਪਨਾ?
ਸਵੇਰ ਦੇ ਚਾਰ ਵੱਜ ਗਏ ਸਨ। ਉਹ ਸਾਰੀ ਸੁਪਨਮਈ ਅਵਸਥਾ ਵਿਚ ਘਿਰੀ ਰਹੀ ਸੀ। ਉਹ ਤਾਂ ਕੈਲੇਫੋਰਨੀਆਂ ਦੇ ਸ਼ਹਿਰ ਮਡੈਸਟੋ ਵਿਚ ਆਪਣੀ ਮਹਿੂਰਮ ਮਾਸੀ ਦੇ ਨਾਲ ਦੇ ਘਰ ਵਿਚ ਇਕੱਲੀ ਪਈ ਸੀ-ਮਾਸੀ ਜਿਸਨੇ ਉਸਦੀ ਪਟੀਸ਼ਨ ਕਰ ਦਿੱਤੀ ਸੀ ਤੇ ਉਹਦੋ ਕੋਲ ਅਪਣੇ ਸੱਤ ਸਾਲ ਦੇ ਪੁੱਤਰ ਸਨੇਹਪਾਲ ਨਾਲ ਆ ਗਈ।
ਸਨੇਹਪਾਲ ਅਜੇ ਕਿਸ਼ੋਰ ਅਵਸਥਾ ਵਿਚ ਸੀ ਜਦੋਂ ਉਹ ਆਪਣੀ ਗਰਲ ਫਰੈਂਡ ਨਾਲ ਵਿਆਹ ਕਰਾ ਕੇ ਨਿਊਜਰਸੀ ਰਹਿਣ ਲੱਗ ਪਿਆ। ਉਸ ਦੀ ਜਿੱਦੀ ਔਰਤ ਦੇ ਸਾਹਮਣੇੇ ਕੋਈ ਪੇਸ਼ ਨਹੀਂ ਚੱਲੀ ਸੀ।
ਕਲਪਨਾ ਦੀ ਸਾਰੀ ਦੁਨੀਆਂ ਰੋਜ਼ੀ ਸੀ। ਉਹ ਹੀ ਉਸਦੀ ਰਾਜ਼ਦਾਨ ਸੀ। ਜਿਸਨੂੰ ਬੋਲ-ਕਬੋਲ ਕਰਕੇ ਉਸਦਾ ਕਾਲਜਾ ਲੂਹ ਦਿੱਤਾ ਸੀ।
ਅਗਲੀ ਸਵੇਰ ਕਲਪਨਾ ਉਠੀ। ਕੰਸ ਤੋਂ ਹਰਪਾਲ ਦੀ ਫੋਟੋ ਲਾਹੀ ਤੇ ਪੂਰੀ ਤਰ੍ਹਾਂ ਝਾੜ ਪੰਝੂ ਕੇ ਅਲਮਾਰੀ ਵਿਚ ਰੱਖ ਦਿੱਤੀ। ਉਸ ਨੇ ਆਪਣਾ ਚਿਹਰਾ ਸ਼ੀਸ਼ੇ ਵਿਚ ਵੇਖਿਆ ਉਸ ਨੂੰ ਅੱਖਾਂ ਵਿਚ ਖੁਮਾਰੀ ਕੁਝ ਕਹਿੰਦੀ ਦਿਸੀ। ਉਸਦੇ ਮਨ ’ਚੋਂ ਇੱਕ ਲਹਿਰ ਉਠੀ ਜਿਸ ਨਾਲ ਉਹ ਲਰਜ਼ਾ ਗਈ। ਇਕ ਵਿਸਮਾਦ ’ਚ ਉਹ ਨਸ਼ਿਆ ਗਈ।
ਉਸਨੇ ਹੱਥਾਂ ਦੀ ਕਰੰਘੜੀ ਪਾਈ। ਸੋਚਿਆ ਉਹ ਵਾਈਨਰੀ ’ਚ ਜਾ ਕੇ ਰੋਜ਼ੀ ਨੂੰ ਜੱਫੀ ਪਾ ਕੇ ਉਸਦੀ ਦੀ ਜਾਨ ਕੱਢ ਦੇਵੇਗੀ।
ਉਹ ਵਾਈਨਰੀ ਵਿਚ ਗਈ। ਰੋਜ਼ੀ ਉਥੇ ਨਹੀਂ ਸੀ। ਉਸਦਾ ਚਿੱਤ ਕਿਰਕਰਾ ਹੋ ਗਿਆ। ਰੋਜ਼ੀ ਦੂਜੇ ਦਿਨ ਅਤੇ ਤੀਜੇ ਦਿਨ ਵੀ ਨਾ ਆਈ। ਚੌਥੇ ਦਿਨ ਰੋਜ਼ੀ ਆ ਗਈ।
ਦਫਤਰ ਬੰਦ ਹੋਣ ਪਿੱਛੋਂ ਕਾਫੀ ਹਾਊਸ ਵਿਚ ਬੜੀ ਬੇਤਾਬੀ ਨਾਲ ਮਿਲੀਆਂ। ਜਿਵੇਂ ਉਨ੍ਹਾਂ ਨੂੰ ਮਿਲਿਆਂ ਯੁੱਗ ਬੀਤ ਗਿਆ ਹੋਵੇ।
‘ਕਿੱਥੇ ਰਹੀ ਸੀ ਇੰਨੇ ਦਿਨ? ਕਿੰਨਾਂ ਫਿਕਰ ਸੀ ਤੇਰਾ ਮੈਨੂੰ?’ ਕਲਪਨਾ ਨੇ ਪੁੱਛਿਆ।
‘ਤੇਰੇ ਡੇਸ਼ਬਗਟ ਸਟੀਵਨ ਦੀ ਮਾਮ ਨੂੰ ਮਿਲ ਕੇ ਆਈ ਆਂ। ਮੇਰਾ ਫਰਜ ਬਣਦਾ ਹੈ ਸਟੀਵਨ ਦੀ ਮਾਮ ਨੂੰ ਮਿਲਣ ਦਾ। ਮੈਨੂੰ ਉਸਦੀ ਤਾਕਤ ਬਣਨਾ ਚਾਹੀਦਾ ਹੈ। ਉਹ ਲੋਨਲੀ ਫੀਲ ਨਾ ਕਰੇ। ਸਟਰੈਸਡ ਨਾ ਹੋਵੇ। ਡੀਪਰੈਸ਼ਨ ਦਾ ਸ਼ਿਕਾਰ ਨਾ ਹੋ ਜਾਵੇ। ਮੈਂ ਹੋਈ ਨਾ ਸੈਨਕ ਦੀ ਵਾਈਫ।’ ਰੋਜ਼ੀ ਦੇ ਚਿਹਰੇ ਦੇ ਹਾਵ-ਭਾਵ ਉਸਦੀ ਬੋਲਚਾਲ ਤੋਂ ਕਿਤੇ ਵੱਧ ਉਸਦੇ ਜ਼ਜਬਾਤਾਂ ਦੀ ਤਰਜਮਾਨੀ ਕਰ ਰਹੇ ਸਨ।
ਕਲਪਨਾ ਨੇ ਪੈਸੇ ਦੇਣ ਸਮੇ ਆਪਣਾ ਪਰਸ ਲੋੜ ਨਾਲੋਂ ਵੱਧ ਈ ਖੋਲ੍ਹ ਲਿਆ। ਉਸਦੇ ਪਰਸ ਵਿਚ ਸਤਵੰਤ ਦੀ ਤਸਵੀਰ ਸੀ-ਸਤਵੰਤ ਕਲਪਨਾ ਦਾ ਕਾਲਜ ਦੇ ਸਮੇ ਦਾ ਦੋਸਤ ਸੀ। ਉਸਦੀ ਪਤਨੀ ਪਿਛਲੇ ਸਾਲ ਉਸਨੂੰ ਸਦੀਵੀ ਵਿਛੋੜਾ ਦੇ ਗਈ ਸੀ। ਦੋਵਾਂ ਦੇ ਇੱਕ ਸਾਂਝੇ ਦੋਸਤ ਨੇ ਕਲਪਨਾ ਨਾਲ ਗੱਲ ਕੀਤੀ, ਪਰ ਕਲਪਨਾ ਨੇ ਕੋਈ ਹੁੰਗਾਰਾ ਨਹੀ ਦਿੱਤਾ ਸੀ।
ਰੋਜ਼ੀ ਕਲਪਨਾ ਦੇ ਪਰਸ ਦੇ ਵਿਚ ਸਤਵੰਤ ਦੀ ਫੋਟੋ ਵੇਖ ਕੇ ਚਾਂਭਲ ਈ ਗਈ।
‘ਲੱਭ ਲਿਆ?’ ਰੋਜ਼ੀ ਦੇ ਚਿਹਰੇ ‘ਤੇ ਖੁਸ਼ੀ ਭੰਗੜਾ ਪਾਉਣ ਲੱਗੀ, ਕਲਪਨਾ ਨੇ ਮੁਸਕਰਾ ਕੇ ਨੀਵੀਂ ਪਾ ਲਈ।
‘ਲੱਭ ਦੇ ਕੋਈ, ਹਰਾਮਣੇ?’ ‘ਮੇਰੇ ਲੱਭੇ ਨਾਲ ਤਾਂ ਚਾਰ ਦਿਨ ਵੀ ਨੀ ਕੱਟਣੇ।
‘ਆਹ ਤਾਂ ਹੈ।’
ਕਲਪਨਾ ਦੇ ਬੁੱਲ੍ਹਾਂ ‘ਤੇ ਮੁਸਕਰਾਹਟ ਤੇ ਚਿਹਰੇ ‘ਤੇ ਲਾਲੀ ਪਸਰ ਗਈ। ਸਤਵੰਤ ਦੀ ਤਸਵੀਰ ਪਰਸ ‘ਚੋਂ ਕੱਢ ਕੇ ਹਿੱਕ ਨਾਲ ਲਾ ਵਿਸਮਾਦ ਵਿਚ ਅੱਖਾਂ ਮੀਚ ਲਈਆਂ।