ਸ਼ਾਮ ਦਾ ਸਮਾਂ ਹੈ। ਪਿੰਡ ਦੇ ਸਰਪੰਚ ਦੇ ਘਰ ਅੱਜ ਕੁਝ ਵਿਸ਼ੇਸ਼ ਆਯੋਜਨ ਜਾਪਦਾ ਹੈ। ਕੁਝ ਹੋਰ ਮੋਹਤਬਰ ਵੀ ਹਾਜ਼ਰ ਹਨ। ਪਿੰਡ ਦਾ ਚੌਕੀਦਾਰ ਜੈਲਾ ਇੱਕ ਪਾਸੇ ਆਪਣੀ ਖਾਸ ਡਿਊਟੀ ਨਿਭਾਉਂਦਿਆਂ ਮੁਰਗਾ ਰਿੰਨ ਰਿਹਾ ਹੈ। ਉਸ ਦਾ ਬਣਾਇਆ ਮੀਟ ਇਲਾਕੇ ਦੇ ਆਲਾ ਅਫਸਰਾਂ ਦੀ ਵਾਹਵਾ ਪ੍ਰਸ਼ੰਸਾ ਖੱਟ ਚੁੱਕਿਆ ਹੈ। ਲਉ ਜੀ ਸਮੇਂ ਸਿਰ ਹੀ ਸ਼ਰਾਬ ਠੇਕੇਦਾਰ ਨੇ ਚਾਰ ਬੋਤਲਾਂ ਵਿਸਕੀ ਦੀਆਂ ਪਹੁੰਚਾ ਦਿੱਤੀਆਂ ਹਨ।
ਇੱਕ ਕਮਰੇ ਵਿਚ ਵੱਡੇ ਮੇਜ ਦੁਆਲੇ ਕੁਰਸੀਆਂ ਸਜੀਆਂ ਹਨ ਅਤੇ ਇੱਕ ਸੇਵਕ ਨੇ ਲਿਸ਼ਕਦੇ ਗਲਾਸਾਂ ਨਾਲ ਕੁਝ ਸਲਾਦ ਆਦਿ ਦੀਆਂ ਪਲੇਟਾਂ ਲਿਆ ਰੱਖੀਆਂ ਹਨ। ਖਾਸ ਮਹਿਮਾਨਾਂ ਵਿਚੋਂ ਸਭ ਤੋਂ ਪਹਿਲਾਂ ਖੇਤਰ ਦੇ ਬੀ.ਡੀ.ਓ. ਸਾਹਿਬ ਪਧਾਰੇ ਹਨ। ਛੇਤੀ ਹੀ ਸਰਕਾਰੀ ਤਾਕਤ ਦੀ ਹੇਠਲੀ ਸਭ ਤੋਂ ਅਹਿਮ ਕੜੀ ਥਾਣੇਦਾਰ ਹੁਰੀਂ ਵੀ ਆ ਵਿਰਾਜਮਾਨ ਹੋ ਗਏ ਹਨ। ਮੌਸਮ ਅਤੇ ਨਿੱਘਰਦੇ ਜਾ ਰਹੇ ਸਿਆਸੀ ਮਿਆਰ ਨਾਲ ਅਰੰਭ ਹੋਈ ਚਰਚਾ ਦੂਜੇ ਪੈੱਗ ਨਾਲ ਅਸਲ ਮੰਤਵ ਵੱਲ ਆਉਣੀ ਸ਼ੁਰੂ ਹੋ ਗਈ।
ਇਲਾਕੇ ਦੇ ਵਿਧਾਇਕ ਦੀ ਗੈਰਹਾਜ਼ਰੀ ਮਹਿਸੂਸ ਕੀਤੀ ਜਾ ਰਹੀ ਸੀ ਪਰ ਸਰਪੰਚ ਸਾਹਿਬ ਦੇ ਦੱਸਣ ਮੁਤਾਬਕ ਉਹ ਹੁਣ ਬਹੁਤ ਘੱਟ ਇਹੋ ਜਿਹੇ ਮੌਕਿਆਂ `ਤੇ ਹਾਜ਼ਰ ਹੁੰਦੇ ਸਨ। ਠੀਕ ਵੀ ਸੀ ਕਿਉਂਕਿ ਅੱਗ ਲੱਗਣੀ ਵੀਡੀਓ ਰਿਕਾਰਡਿੰਗ ਦੀ ਖੋਜ ਨੇ ਸਭ ਨੂੰ ਆਪਣਾ ਦਾਮਨ ਬਚਾ ਰੱਖਣਾ ਬੜਾ ਔਖਾ ਕਰ ਦਿੱਤਾ ਸੀ, ਜਦ ਪੱਤਰਕਾਰ ਸਰਕਾਰੀ ਮਸ਼ੀਨਰੀ ਵਿਚ ਸੰਨ੍ਹ ਲਾਉਣ ਵਾਲੀਆਂ ਖਬਰਾਂ ਹਾਸਲ ਕਰਨ ਲਈ ਆਦਮ-ਬੋ ਆਦਮ-ਬੋ ਕਰਦੇ ਰਹਿੰਦੇ ਹਨ। ਖੈਰ ਵਿਧਾਇਕ ਸਾਹਿਬ ਸੁਨੇਹਾ ਘੱਲ ਦਿੱਤਾ ਸੀ ਕਿ ਉਨ੍ਹਾਂ ਦੀ ਸਰਪ੍ਰਸਤੀ ਨੂੰ ਹਾਜ਼ਰ ਜਾਣ ਮਸਲੇ ਨਬੇੜ ਲਏ ਜਾਣ। ਸੋ ਕਈ ਮਸਲੇ ਹੱਲ ਕੀਤੇ ਗਏ। ਛੋਟੀਆਂ ਮੋਟੀਆਂ ਕਈ ਸਮੱਸਿਆਵਾਂ ਦੇ ਤੋੜ ਕੱਢੇ ਗਏ। ਖਾਸ ਮੁੱਦਾ ਸੀ ਸਰਕਾਰ ਵੱਲੋਂ ਆਈ ਕਿਸਾਨੀ ਸਹਾਇਤਾ ਦੀ ਵੰਡ ਵਿਚ ਹੋਇਆ ਘਪਲਾ। ਸਭ ਦੇ ਸਹਿਯੋਗ ਨਾਲ ਨੇਪਰੇ ਚੜ੍ਹੇ ਇਸ ਘਪਲੇ ਨਾਲ ਸੱਤਾਧੀਨ ਪਾਰਟੀ ਦਾ ਵੋਟ ਬੈਂਕ ਵਧਿਆ ਸੀ ਨਾਲ ਹੀ ਫੁੱਟੀ ਭੇਲੀ ਵਿਚੋਂ ਸਭ ਨੂੰ ਚੁੰਝ ਭਰਨ ਦਾ ਮੌਕਾ ਮਿਲਿਆ ਸੀ। ਇਸ ਮਸਲੇ ਨੂੰ ਨਜਿੱਠਣ ਲਈ ਠਾਣੇਦਾਰ ਹੁਰਾਂ ਬੜੀ ਸੂਝ-ਬੂਝ ਨਾਲ ਇਲਾਕੇ ਦੇ ਪੱਤਰਕਾਰ ਨੂੰ ਕਾਬੂ ਕਰਨ ਦੇ ਨਾਲ ਕੁਝ ਵਿਰੋਧੀਆਂ ਨੂੰ ਖੱਸੀ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਸੀ। ਸਰਕਾਰੀ ਰਿਕਾਰਡ ਦੁੱਧ ਧੋਤਾ ਰੱਖਣਾ ਬੀ ਡੀ ਓ ਸਾਹਿਬ ਲਈ ਖੱਬੇ ਹੱਥ ਦੀ ਖੇਡ ਸੀ। ਇੱਕ ਹੋਰ ਮੁਸੀਬਤ ਨੂੰ ਦੂਰ ਕਰ ਥਾਣੇਦਾਰ ਹੁਰਾਂ ਆਪਣਾ ਫਰਜ਼ ਨਿਭਾਇਆ ਸੀ। ਪਿੰਡ ਦਾ ਇੱਕ ਸਕੂਲ ਟੀਚਰ ਜੋ ਵਿਧਾਇਕ ਹੁਰਾਂ ਦੀ ਖਾਸ ਰਿਸ਼ਤੇਦਾਰੀ ਵਿਚੋਂ ਸੀ ਇੱਕ ਦਲਿਤ ਸੇਵਾਦਾਰਨੀ ਨਾਲ ਕੋਝੀ ਹਰਕਤ ਕਰ ਬੈਠਾ। ਗੱਲ ਠਾਣੇ ਅੱਪੜ ਗਈ। ਠਾਣੇਦਾਰ ਨੇ ਸਰਕਾਰ `ਤੇ ਲੱਗਣ ਜਾ ਰਹੇ ਇਸ ਦਾਗ ਨੂੰ ਵੀ ਬੜੀ ਹੁਸਿ਼ਆਰੀ ਨਾਲ ਧੋ ਦਿੱਤਾ। ਸ਼ਰਾਬ ਠੇਕੇਦਾਰ ਦੁਆਰਾ ਮੌਕੇ ਬੇ ਮੌਕੇ ਉਪਲੱਬਧ ਕਰਾਈ ਜਾਂਦੀ ਮੁਫਤ ਅੰਗਰੇਜ਼ੀ ਸ਼ਰਾਬ ਦਾ ਮੁੱਲ ਠਾਣੇਦਾਰ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਠੱਲ੍ਹ ਪਾ ਚੁਕਾ ਦਿੰਦਾ ਸੀ। ਹੋਰ ਵੀ ਕਈ ਮਸਲਿਆਂ ਵਿਚ ਸਰਕਾਰ ਦੇ ਇਨ੍ਹਾਂ ਅਹਿਮ ਥੰਮ੍ਹਾਂ ਦੀ ਬੁੱਕਲ ਸਾਂਝੀ ਸੀ। ਜੈਲੇ ਦੇ ਬਣਾਏ ਮੁਰਗੇ ਦੀ ਤਾਰੀਫ ਕਰਦਿਆਂ ਇਹ ਮਹਿਫਲ ਬਰਖਾਸਤ ਹੋਈ। ਅਗਲੀ ਮਿਲਣੀ ਵਿਚ ਅੱਜ ਹਾਜ਼ਰ ਨਾ ਹੋ ਸਕੇ ਤਹਿਸੀਲਦਾਰ ਦੀ ਹਾਜ਼ਰੀ ਯਕੀਨੀ ਬਣਾਉਣ ਦਾ ਨਿਸ਼ਚਾ ਕੀਤਾ ਗਿਆ, ਜਿਸ ਨਾਲ ਉਨ੍ਹਾਂ ਨਾਲ ਸਬੰਧਤ ਮਸਲੇ ਨਿਬੇੜੇ ਜਾਣ। ਘਰ ਮੁੜਦਿਆਂ ਵਧੀਆ ਵਿਸਕੀ ਅਤੇ ਮੁਰਗੇ ਨਾਲ ਨਿਹਾਲ ਹੋਇਆ ਜੈਲਾ ਗੁਣਗੁਣਾ ਰਿਹਾ ਸੀ ‘ਵੋਟ ਹਮੇਂ ਹੀ ਦੇਨਾ ਇਸ ਬਾਰ, ਕਿਉਂਕਿ ਹਮਾਰੀ ਸਰਕਾਰ ਹਮੇਸ਼ਾ ਰਹੇਗੀ ਆਪ ਕੇ ਦੁਆਰ’।
-ਹਰਜੀਤ ਦਿਓਲ, ਬਰੈਂਪਟਨ