ਪ੍ਰੋ. ਹਰਗੁਣਪ੍ਰੀਤ ਸਿੰਘ
ਫੋਨ: 94636-19353.
ਸਰੀਰ ਦੇ ਸੈੱਲਾਂ ਦੇ ਅਨਿਸ਼ਚਿਤ ਰੂਪ ਵਿਚ ਵਧਣ ਨੂੰ ‘ਕੈਂਸਰ’ ਕਿਹਾ ਜਾਂਦਾ ਹੈ। ਭਾਵੇਂ ਵਿਗਿਆਨ ਅਜੇ ਤੱਕ ਕੈਂਸਰ ਦੇ ਮੁੱਖ ਕਾਰਨਾਂ ਦਾ ਚੰਗੀ ਤਰ੍ਹਾਂ ਪਤਾ ਨਹੀਂ ਲਗਾ ਸਕਿਆ ਪਰੰਤੂ ਫ਼ਿਰ ਵੀ ਕੁਝ ਕਾਰਨ ਜਿਵੇਂ ਸਿਗਰਟ, ਸ਼ਰਾਬ ਅਤੇ ਤੰਬਾਕੂ ਦਾ ਖੁੱਲ੍ਹਾ ਸੇਵਨ, ਕੀਟਨਾਸ਼ਕ ਦਵਾਈਆਂ ਦਾ ਛਿੜਕਾਅ, ਵਧ ਰਿਹਾ ਪ੍ਰਦੂਸ਼ਣ, ਪਰਾਵੈਂਗਣੀ ਕਿਰਨਾਂ, ਸਾਡਾ ਵਿਗੜ ਰਿਹਾ ਖਾਣ-ਪੀਣ ਅਤੇ ਰਹਿਣ-ਸਹਿਣ ਆਦਿ ਕੈਂਸਰ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਨ। ਵਰਲਡ ਹੈਲਥ ਔਰਗਨਾਈਜ਼ੇਸ਼ਨ ਨੇ ਦੁਨੀਆ ਭਰ ਵਿਚ ਸਭ ਤੋਂ ਵੱਧ ਮੌਤਾਂ ਲਈ ‘ਕੈਂਸਰ’ ਨੂੰ ਦੂਸਰਾ ਸਭ ਤੋਂ ਵੱਡਾ ਕਾਰਨ ਮੰਨਿਆ ਹੈ।
ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਦੀ ਰਿਪੋਰਟ ਮੁਤਾਬਿਕ ਭਾਰਤ ਵਿਚ ਹਰ ਸਾਲ ਲਗਭਗ ਨੌਂ ਲੱਖ ਵਿਅਕਤੀ ਕੈਂਸਰ ਕਾਰਨ ਆਪਣੀਆਂ ਜਾਨਾਂ ਗੁਆ ਬੈਠਦੇ ਹਨ, ਜਿਨ੍ਹਾਂ ਵਿਚ ਔਰਤਾਂ ਦੀ ਸੰਖਿਆ ਪੁਰਸ਼ਾਂ ਦੇ ਮੁਕਾਬਲੇ ਵੱਧ ਹੁੰਦੀ ਹੈ। ਇਸ ਰਿਪੋਰਟ ਨੇ ਛਾਤੀ ਦੇ ਕੈਂਸਰ ਨੂੰ ਔਰਤਾਂ ਦੀ ਮੌਤ ਲਈ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾਇਆ ਹੈ, ਜਦਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਦੂਸਰੇ ਸਥਾਨ `ਤੇ ਮੰਨਿਆ ਹੈ। ਔਰਤਾਂ ਵਿਚ ਛਾਤੀ ਦਾ ਕੈਂਸਰ ਸਾਰੇ ਕੈਂਸਰਾਂ ਦਾ 25-32% ਹੁੰਦਾ ਹੈ, ਸਰਵਾਈਕਲ ਜਾਂ ਸਰਵਿਕਸ ਕੈਂਸਰ ਔਰਤਾਂ ਵਿੱਚ ਦੂਸਰਾ ਸਭ ਤੋਂ ਆਮ ਕੈਂਸਰ ਹੈ ਅਤੇ ਕੈਂਸਰ ਦੇ ਮਾਮਲਿਆਂ ਦਾ 16.5% ਹਿੱਸਾ ਹੈ। ਓਵੇਰੀਅਨ ਕੈਂਸਰ ਤੀਸਰਾ ਪ੍ਰਮੁੱਖ ਕੈਂਸਰ ਹੈ ਅਤੇ ਦੇਸ਼ ਵਿਚ ਔਰਤਾਂ ਵਿਚ ਹੋਣ ਵਾਲੇ ਸਾਰੇ ਕੈਂਸਰ ਦਾ ਲਗਭਗ 6.2% ਹੈ। ਭਾਰਤ ਵਿਚ ਕੇਵਲ 1% ਔਰਤਾਂ 2 ਸਾਲਾਂ ਦੀ ਮਿਆਦ ਵਿਚ ਕਿਸੇ ਵੀ ਕਿਸਮ ਦੀ ਕੈਂਸਰ ਸਕ੍ਰੀਨਿੰਗ ਪ੍ਰਕਿਰਿਆ ਵਿਚੋਂ ਲੰਘਦੀਆਂ ਹਨ। ਇਸ ਲਈ ਔਰਤਾਂ ਵਿਚ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਕੈਂਸਰ ਪਰੀਵੈਨਸ਼ਨ ਐਂਡ ਰਿਸਰਚ ਨੋਇਡਾ ਦੀ ਰਿਪੋਰਟ ਅਨੁਸਾਰ ਵੀ 27 ਪ੍ਰਤੀਸ਼ਤ ਭਾਰਤੀ ਔਰਤਾਂ ਬਰੈਸਟ ਕੈਂਸਰ ਅਤੇ 23 ਪ੍ਰਤੀਸ਼ਤ ਔਰਤਾਂ ਸਰਵਿਕਸ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਇਸ ਰਿਪੋਰਟ ਮੁਤਾਬਿਕ ਸ਼ਹਿਰੀ ਔਰਤਾਂ ਦੇ ਮੁਕਾਬਲੇ ਪੇਂਡੂ ਔਰਤਾਂ ਵਿਚ ਸਰਵਿਕਸ ਕੈਂਸਰ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ। ਫ਼ੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਦੀ ਰਿਪੋਰਟ ਮੁਤਾਬਿਕ ਭਾਰਤ ਵਿਚ ਕੈਂਸਰ ਦੀ ਸਮੱਸਿਆ ਇਸ ਹੱਦ ਤੱਕ ਨਿਰੰਤਰ ਵੱਧਦੀ ਜਾ ਰਹੀ ਹੈ ਕਿ ਦੁਨੀਆ ਵਿਚ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਸਭ ਤੋਂ ਵੱਧ ਔਰਤਾਂ ਕੈਂਸਰ ਤੋਂ ਪੀੜਤ ਹਨ। ਇਸ ਰਿਪੋਰਟ ਨੇ ਬੜੇ ਹੈਰਾਨੀਜਨਕ ਤੱਥ ਪੇਸ਼ ਕੀਤੇ ਕਿ ਕੈਂਸਰ ਦਾ ਇਲਾਜ ਕਰਵਾ ਰਹੀਆਂ 2000 ਔਰਤਾਂ ਵਿਚੋਂ 1200 ਔਰਤਾਂ ਨੂੰ ਤੀਸਰੀ ਜਾਂ ਆਖਰੀ ਸਟੇਜ `ਤੇ ਕੈਂਸਰ ਹੋਣ ਬਾਰੇ ਪਤਾ ਚੱਲਿਆ।
ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੰਗਰੂਰ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਵਿਚ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਅਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਾਂਝੇ ਤੌਰ ਉਤੇ ਕਰਵਾਈਆਂ ਜਨਸੰਖਿਆ ਅਧਾਰਿਤ ਕੈਂਸਰ ਰਜਿਸਟਰੀਆਂ ਅਨੁਸਾਰ ਔਰਤਾਂ ਬਰੈਸਟ ਕੈਂਸਰ ਨਾਲ ਸਭ ਤੋਂ ਵੱਧ ਪੀੜਤ ਸਨ ਅਤੇ ਫ਼ਿਰ ਸਰਵਿਕਸ ਕੈਂਸਰ ਤੋਂ ਪੀੜਤ ਸਨ। ਇਨ੍ਹਾਂ ਰਜਿਸਟਰੀਆਂ ਦੁਆਰਾ ਇਹ ਵੀ ਪਤਾ ਲੱਗਿਆ ਕਿ ਜਿੱਥੇ ਔਰਤਾਂ ਵਿਚ ਕੈਂਸਰ ਹੋਣ ਦੀ ਸੰਭਾਵਨਾ 6% ਤੋਂ 13% ਤੱਕ ਹੁੰਦੀ ਹੈ ਉਥੇ ਮਰਦਾਂ ਵਿਚ ਇਸ ਬਿਮਾਰੀ ਦੇ ਹੋਣ ਦੀ ਸੰਭਾਵਨਾ ਘਟ ਕੇ 5% ਤੋਂ 11% ਤੱਕ ਹੀ ਰਹਿ ਜਾਂਦੀ ਹੈ।
ਏਮਜ਼ ਹਸਪਤਾਲ ਵਿਚ ਸਰਜੀਕਲ ਆਨਕਾਲੋਜੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਐਸ ਵੀ ਐਸ ਦੇਵ ਕਹਿੰਦੇ ਹਨ ਕਿ ਪਿਛਲੇ 10 ਤੋਂ 15 ਸਾਲਾਂ ਵਿਚ ਨੌਜਵਾਨ ਔਰਤਾਂ ਵਿਚ ਕੈਂਸਰ ਦੇ ਮਾਮਲੇ ਜ਼ਿਆਦਾ ਆ ਰਹੇ ਹਨ ਅਤੇ ਛਾਤੀ ਦੇ ਕੈਂਸਰ ਦੇ ਮਾਮਲਿਆਂ ਵਿਚ ਉਹ ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੱਛਮੀ ਦੇਸ਼ਾਂ ਵਿਚ ਔਰਤਾਂ ‘ਚ 40 ਦੀ ਉਮਰ ਤੋਂ ਬਾਅਦ ਬ੍ਰੈਸਟ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ 50-60 ਸਾਲ ਦੀ ਉਮਰ ਦੀਆਂ ਔਰਤਾਂ ‘ਚ ਕੈਂਸਰ ਦੇ ਮਾਮਲਿਆਂ ਵਿਚ ਵਾਧਾ ਦਿਖਾਈ ਦਿੰਦਾ ਹੈ। ਮੈਕਸ ਹਸਪਤਾਲ ਦੇ ਕੈਂਸਰ ਕੇਅਰ ਇੰਸਟੀਚਿਊਟ ‘ਚ ਮੈਡੀਕਲ ਆਨਕੋਲੌਜੀ ਵਿਭਾਗ ਦੇ ਨਿਰਦੇਸ਼ਕ ਡਾ. ਦੇਵਵ੍ਰਤ ਆਰਿਆ ਵੀ ਦੱਸਦੇ ਹਨ ਕਿ ਬ੍ਰੈਸਟ ਕੈਂਸਰ ਦੇ ਮਾਮਲੇ ਪਹਿਲਾਂ 50 ਤੋਂ 60 ਸਾਲ ਦੀ ਉਮਰ ਵਿਚ ਜ਼ਿਆਦਾ ਆਉਂਦੇ ਸਨ ਪਰ ਅਸੀਂ ਇਸ ਗੱਲ ਨੂੰ ਲੈ ਕੇ ਹੈਰਾਨ ਹਾਂ ਕਿ 20 ਸਾਲ ਦੀ ਉਮਰ ਤੋਂ ਉਤੇ ਦੀਆਂ ਕੁੜੀਆਂ ‘ਚ ਕਾਫੀ ਮਾਮਲੇ ਆ ਰਹੇ ਹਨ ਜੋ ਕਿ ਬਹੁਤ ਅਸਧਾਰਨ ਗੱਲ ਹੈ।
ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਅੰਬੈਸਡਰ ਸ. ਕੁਲਵੰਤ ਸਿੰਘ ਧਾਲੀਵਾਲ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਇਹ ਚਿੰਤਾ ਪ੍ਰਗਟਾਈ ਕਿ ਸੰਸਾਰ ਭਰ ਵਿਚ ਪੰਜਾਬ ਵਿਚ ਕੈਂਸਰ ਕਾਰਨ ਸਭ ਤੋਂ ਵੱਧ ਜਾਨਾਂ ਜਾ ਰਹੀਆਂ ਹਨ ਜਿਸ ਕਰਕੇ ਪੰਜਾਬ ‘ਵਰਲਡ ਕੈਂਸਰ ਕੈਪੀਟਲ’ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਰੋਜ਼ਾਨਾ 43 ਵਿਅਕਤੀ ਕੈਂਸਰ ਦੀ ਭੇਟ ਚੜ੍ਹ ਰਹੇ ਹਨ, ਜਿਨ੍ਹਾਂ ਵਿਚੋਂ 36 ਕੇਵਲ ਔਰਤਾਂ ਹੀ ਹਨ, ਜੋ ਬਰੈਸਟ ਅਤੇ ਸਰਵਿਕਸ ਕੈਂਸਰ ਦਾ ਸਹੀ ਸਮੇਂ ਉਤੇ ਇਲਾਜ ਨਾ ਕਰਵਾਉਣ ਕਰਕੇ ਆਪਣੀਆਂ ਜਾਨਾਂ ਗੁਆ ਰਹੀਆਂ ਹਨ। ਭਾਵੇਂ ਪੰਜਾਬ ਕੈਂਸਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰੰਤੂ ਇਸ ਨਾਲ ਇਹ ਆਧਾਰ ਰਹਿਤ ਧਾਰਨਾ ਜੋੜ ਦੇਣੀ ਠੀਕ ਨਹੀਂ ਕਿ ਇਹ ਇਕ ਲਾਇਲਾਜ ਅਤੇ ਜਾਨਲੇਵਾ ਬਿਮਾਰੀ ਹੈ ਜੋ ਬਹੁਤ ਜਲਦੀ ਫੈਲਦੀ ਹੈ ਅਤੇ ਇਸ ਨਾਲ ਮਰੀਜ਼ ਦਾ ਅੰਤ ਨਿਸ਼ਚਿਤ ਹੀ ਹੁੰਦਾ ਹੈ। ਇਸ ਧਾਰਨਾ ਨੂੰ ਬਦਲਣ ਅਤੇ ਲੋਕਾਂ ਵਿਚ ਜਾਗਰੂਕਤਾ ਫ਼ੈਲਾਉਣ ਲਈ ਮੀਡੀਆ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।
ਅਖਬਾਰਾਂ, ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈਟ ਰਾਹੀਂ ਕੈਂਸਰ ਦੇ ਕਾਰਨਾਂ ਅਤੇ ਬਚਾਓ ਸਬੰਧੀ ਡਾਕਟਰਾਂ ਤੇ ਬੁੱਧੀਜੀਵੀਆਂ ਦੇ ਉਪਯੋਗੀ ਲੇਖ ਅਤੇ ਇੰਟਰਵਿਊ ਜਿੱਥੇ ਸਕਾਰਾਤਮਕ ਭੂਮਿਕਾ ਨਿਭਾ ਸਕਦੇ ਹਨ ਉਥੇ ਇਸ ਬਿਮਾਰੀ ਉਤੇ ਜਿੱਤ ਪ੍ਰਾਪਤ ਕਰ ਚੁੱਕੇ ਕੈਂਸਰ ਸਰਵਾਈਵਰਾਂ ਦੇ ਤਜਰਬੇ ਸਾਂਝੇ ਕਰ ਕੇ ਵੀ ਸਮਾਜ ਦੀ ਇਸ ਬਿਮਾਰੀ ਪ੍ਰਤੀ ਸੋਚ ਨੂੰ ਬਦਲਿਆ ਜਾ ਸਕਦਾ ਹੈ।
ਪ੍ਰਸਿੱਧ ਸ਼ਖ਼ਸੀਅਤਾਂ ਜਿਵੇਂ ਭਾਰਤੀ ਫਿਲਮ ਅਦਾਕਾਰਾ ਮੁਮਤਾਜ਼, ਲੀਜ਼ਾ ਰੇਅ, ਸੋਨਾਲੀ ਬੇਂਦਰੇ ਅਤੇ ਮਨੀਸ਼ਾ ਕੋਇਰਾਲਾ ਤੋਂ ਇਲਾਵਾ ਹਾਲੀਵੁੱਡ ਅਦਾਕਾਰਾ ਸੁਜ਼ੈਨ ਸੋਮਰਜ਼, ਸਿਨਥੀਆ ਨਿਕਸਨ, ਮੈਲੀਸਾ ਐਥਰਿਜ, ਬਾਰਬਰਾ ਮੋਰੀ ਅਤੇ ਸ਼ੈਰਿਲ ਕਰੋਅ ਵਰਗੀਆਂ ਅਨੇਕਾਂ ਕੈਂਸਰ ਜੇਤੂ ਹਸਤੀਆਂ ਨੇ ਪੁਸਤਕਾਂ, ਫ਼ਿਲਮਾਂ ਅਤੇ ਡਾਕੂਮੈਂਟਰੀਆਂ ਦੁਆਰਾ ਮੀਡੀਆ ਦਾ ਉਸਾਰੂ ਉਪਯੋਗ ਕੀਤਾ ਅਤੇ ਕੈਂਸਰ ਨਾਲ ਜੂਝ ਰਹੇ ਲੋੜਵੰਦ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਲਈ ਸਮਾਜ ਸੇਵੀ ਸੰਸਥਾਵਾਂ ਬਣਾ ਕੇ ਇਕ ਮਿਸਾਲ ਕਾਇਮ ਕੀਤੀ। ਲੇਖਿਕਾ ਮਿਨਾਕਸ਼ੀ ਚੌਧਰੀ ਦੀ ਪੁਸਤਕ ‘ਸਨਸ਼ਾਈਨ: ਮਾਈ ਇਨਕਾਊਂਟਰ ਵਿਦ ਕੈਂਸਰ’, ਰਾਸ਼ਟਰੀ ਪੱਧਰ ਦੀ ਖਿਡਾਰਨ ਪ੍ਰੇਰਨਾ ਵਰਮਾ ਦੀ ਪੁਸਤਕ ‘ਪ੍ਰੇਰਨਾ’, ਨੀਲਮ ਕੁਮਾਰ ਦੀ ਪੁਸਤਕ ‘ਟੂ ਕੈਂਸਰ ਵਿਦ ਲਵ: ਮਾਈ ਜਰਨੀ ਆਫ਼ ਜੌਏ’ ਅਤੇ ਅਨੀਤਾ ਮੂਰਜਾਨੀ ਦੀ ਪੁਸਤਕ ‘ਡਾਈਂਗ ਟੂ ਬੀ ਮੀ: ਮਾਈ ਜਰਨੀ ਫ਼ਰੌਮ ਕੈਂਸਰ ਟੂ ਨੀਅਰ ਡੈਥ’ ਆਦਿ ਪ੍ਰੇਰਕ ਪੁਸਤਕਾਂ ਜੋ ਇੰਟਰਨੈਟ ਉਤੇ ਵੀ ਉਪਲਬਧ ਹਨ, ਕੈਂਸਰ ਦੇ ਮਰੀਜ਼ਾਂ ਅਤੇ ਵਿਸ਼ੇਸ਼ ਕਰਕੇ ਔਰਤਾਂ ਲਈ ਲਾਹੇਵੰਦ ਸਾਬਤ ਹੋ ਸਕਦੀਆਂ ਹਨ।