ਅਸੀਂ ਵੱਡੇ ਹੋ ਗਏ ਹਾਂ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਅਸੀਂ ਵੱਡੇ ਹੋ ਗਏ ਹਾਂ। ਅਸੀਂ ਆਪਣੀ ਮਾਸੂਮੀਅਤ, ਕੋਮਲਤਾ, ਸਾਫ਼ਗੋਈ ਅਤੇ ਪਾਕੀਜ਼ਗੀ ਤੋਂ ਬਹੁਤ ਦੂਰ ਚਲੇ ਗਏ ਹਾਂ। ਸਾਡੀਆਂ ਸ਼ਰਾਰਤਾਂ ਵਿਚਲਾ ਭੋਲਾਪਣ, ਬੋਲਾਂ ਵਿਚਲਾ ਸੱਚ ਅਤੇ ਵਿਹਾਰ ਵਿਚਲੀ ਸਾਦਗੀ ਹੁਣ ਸਾਡੀ ਨਹੀਂ ਰਹੀ।

ਅਸੀਂ ਵੱਡੇ ਹੋ ਗਏ ਹਾਂ। ਅਸੀਂ ਆਪਣਾ ਦੁੱਖ ਅੰਦਰ ਪੀਂਦੇ ਹਾਂ ਪਰ ਬਾਹਰੋਂ ਹੱਸਦੇ ਹਾਂ। ਅਸੀਂ ਮਹਿਫ਼ਲਾਂ ਵਿਚ ਹਾਜ਼ਰ ਹੁੰਦਿਆਂ ਵੀ ਗੈਰਹਾਜ਼ਰ ਹੁੰਦੇ ਹਾਂ। ਆਪਣੇ ਸਾਥੀਆਂ ਵਿਚ ਰਹਿੰਦਿਆਂ ਵੀ ਉਨ੍ਹਾਂ ਤੋਂ ਬਹੁਤ ਦੂਰ। ਸਾਡੇ ਮਨਾਂ ਵਿਚ ਸਿਰਫ਼਼ ਕੋਲ ਕੋਲ ਹੋਣ ਦਾ ਭਰਮ ਹੀ ਰਹਿ ਗਿਆ ਅਤੇ ਇਸ ਭਰਮ ਨੂੰ ਅਸੀਂ ਆਪਣੀ ਜੀਵਨ-ਜਾਚ ਬਣਾ ਲਿਆ ਹੈ।
ਅਸੀਂ ਬਾਹਰੋਂ ਹੱਸਦਿਆਂ ਵੀ ਅੰਦਰੋਂ ਰੋਂਦੇ ਹਾਂ। ਪਰ ਅਸੀਂ ਇੰਨੇ ਵੱਡੇ ਹੋ ਗਏ ਹਾਂ ਕਿ ਅਸੀਂ ਆਪਣੇ ਹੰਝੂਆਂ ਨੂੰ ਨੈਣਾਂ ਵਿਚ ਜ਼ੀਰਨਾ, ਹੌਕਿਆਂ ਨੂੰ ਹਿੱਕ ਵਿਚ ਜ਼ਜਬ ਕਰਨਾ, ਆਪਣੀ ਪੀੜਾ ਨੂੰ ਖੁਦ ਹੀ ਪੀਣਾ ਅਤੇ ਆਪਣੇ ਜ਼ਖ਼ਮਾਂ ਨੂੰ ਰਿਸਣ ਲਈ ਖੁੱਲ੍ਹਾ ਛੱਡਣਾ ਸਿੱਖ ਲਿਆ ਏ।
ਅਸੀਂ ਵੱਡੇ ਹੋ ਗਏ ਹਾਂ ਅਤੇ ਬਹੁਤ ਤਮੀਜ਼ ਨਾਲ ਜਿਊਣ ਦਾ ਭੁਲੇਖਾ ਪਾਲ ਰਹੇ ਹਾਂ। ਸਾਨੂੰ ਭੁੱਲ ਹੀ ਗਿਆ ਇਕ ਬੱਟਾ ਤਿੰਨ ਕੱਪ ਚਾਹ ਪੀਣੀ। ਖੂਹ ਦੇ ਚੁਬੱਚੇ `ਤੇ ਬਹਿ ਕੇ ਇਕ ਹੀ ਗਲਾਸ ਵਿਚ ਸ਼ਰਾਬ ਪੀਣੀ ਤੇ ਲਲਕਾਰੇ ਮਾਰਨੇ। ਚੀਕ ਬੁੱਲਬੁੱਲੀ ਮਾਰਨ ਲੱਗਿਆਂ ਕੋਈ ਨਹੀਂ ਸੀ ਹੋੜਦਾ। ਅੱਧੀ-ਅੱਧੀ ਰਾਤ ਤੀਕ ਯਾਰਾਂ ਦੀ ਢਾਣੀ ਵਿਚ ਜਿ਼ੰਦਗੀ ਨੂੰ ਬੇਖੌ਼ਫ, ਬਾਦਸ਼ਾਹਤ ਅਤੇ ਬੇਲਾਗਤਾ ਨਾਲ ਜੀਵਨ ਦੀ ਬਹੁਰੰਗਤਾ ਨੂੰ ਬਾਖ਼ੂਬੀ ਮਾਣਦੇ ਸਾਂ।
ਅਸੀਂ ਵੱਡੇ ਹੋ ਗਏ ਹਾਂ ਤਾਂ ਹੀ ਅਸੀਂ ਆਪਣਿਆਂ ਦਾ ਸਿਵਾ ਸੇਕਣ ਵਿਚ ਮਸਰੂਫ। ਇਕ ਸਿਆੜ ਬਦਲੇ ਖੇਤ ਵਿਚ ਮਾਂ-ਜਾਏ ਦੀ ਕਬਰ ਪੁੱਟਣ ਲੱਗ ਪਏ ਹਾਂ। ਅਸੀਂ ਇਕ ਦੂਜੇ ਨੂੰ ਦੇਖ ਕੇ ਨਾ-ਸੁਖਾਣਾ ਸਿੱਖ ਲਿਆ ਏ।
ਅਸੀਂ ਵੱਡੇ ਜੁ ਹੋ ਗਏ ਹਾਂ ਤਾਂ ਹੀ ਅਸੀਂ ਸਰਬੱਤ ਦੇ ਭਲੇ ਨੂੰ ਭੁੱਲ ਕੇ ਨਿੱਜੀ ਮੁਫ਼ਾਦ ਨੂੰ ਆਪਣਾ ਰੂਹ-ਏ-ਮਕਸਦ ਬਣਾ ਲਿਆ ਏ। ਸਾਡੇ ਮਨਾਂ ਵਿਚ ਸਭ ਕੁਝ ਹੜੱਪਣ ਅਤੇ ਕਾਬਜ਼ ਹੋਣ ਦੀ ਲਾਲਸਾ ਕੇਹੀ ਭਾਰੂ ਹੋ ਗਈ ਕਿ ਸਾਨੂੰ ਆਪਣਾ ਅਤੀਤ ਯਾਦ ਹੀ ਨਹੀਂ ਰਿਹਾ। ਅਸੀਂ ਚਿਰੰਜੀਵ ਜਿਊਣ ਦਾ ਭਰਮ ਪਾਲੀ ਬੈਠੇ ਹਾਂ। ਸਾਨੂੰ ਤਾਂ ਚੇਤੇ ਹੀ ਨਹੀਂ ਰਿਹਾ ਕਿ ਅਸੀਂ ਤਾਂ ਸਾਢੇ ਤਿੰਨ ਹੱਥ ਜ਼ਮੀਂ ਵਿਚ ਸਦਾ ਦੀ ਨੀਂਦਰੇ ਸੌਂ ਜਾਣਾ ਏ।
ਅਸੀਂ ਵੱਡੇ ਹੋ ਗਏ ਹਾਂ। ਗਾਇਬ ਹੋ ਗਿਆ ਹੈ ਕੁਦਰਤੀ ਹਾਸਾ ਅਤੇ ਮੱਥੇ `ਤੇ ਚਿਪਕਾ ਲਈਆਂ ਨੇ ਤਿਊੜੀਆਂ। ਮੁਸਕਰਾਹਟ ਦਾ ਮੁਲੰਮਾ ਹਰ ਰੋਜ਼ ਬਦਲਦੇ ਹਾਂ। ਗਰੂਰ ਦਾ ਗ੍ਰਹਿਣ ਲੱਗ ਗਿਆ ਹੈ ਸਾਡੇ ਵਿਅਕਤੀਤਵ ਨੂੰ।
ਅਸੀਂ ਵੱਡੇ ਜੁ ਹੋ ਗਏ ਹਾਂ ਤਾਂ ਹੀ ਅਸੀਂ ਕਿਸੇ ਸੁਪਨਹੀਣ ਦੇ ਦੀਦਿਆਂ ਵਿਚ ਸੁਪਨੇ ਧਰਨ ਦੀ ਬਜਾਏ ਸੁਪਨੇ ਖੋਹਣ ਦੀ ਭਾਵਨਾ `ਚ ਗ੍ਰਸੇ ਹੋਏ ਹਾਂ। ਅਸੀਂ ਆਪਣਿਆਂ ਨੂੰ ਹੀ ਪੌਡੇ ਬਣਾ ਕੇ ਉਪਰ ਉਠਣ ਦੀ ਰੀਝ ਵਿਚ ਇੰਨੇ ਨੀਵੇਂ ਡਿੱਗ ਪਏ ਹਾਂ ਕਿ ਰਸਾਤਲ ਵਿਚ ਡਿਗਿਆਂ ਵੀ ਇਹ ਵਹਿਮ ਆ ਕਿ ਅਸੀਂ ਬਹੁਤ ਵੱਡੇ ਹੋ ਗਏ ਹਾਂ।
ਅਸੀਂ ਬਹੁਤ ਵੱਡੇ ਹੋ ਗਏ ਹਾਂ ਤਾਂ ਹੀ ਅਸੀਂ ਇਕ ਅਬਲਾ ਦੀ ਅਜ਼ਮਤ ਨੂੰ ਲੀਰਾਂ-ਲੀਰਾਂ ਕਰਨ ਲੱਗਿਆਂ ਦੇਰ ਨਹੀਂ ਲਾਉਂਦੇ। ਚੌਰਾਹੇ ਵਿਚ ਕਿਸੇ ਨਿਤਾਣੀ ਦੀ ਪੱਤ ਲਾਹੁਣ ਲੱਗਿਆਂ ਦਰਦ ਨਹੀਂ ਹੁੰਦਾ। ਸਾਨੂੰ ਯਾਦ ਹੀ ਨਾ ਰਿਹਾ ਕਿ ਔਰਤ ਦੀ ਕੁੱਖੋਂ ਜਨਮ ਲੈ ਕੇ ਉਸਨੂੰ ਬਾਜ਼ਾਰ ਵਿਚ ਬਿਠਾਉਂਦਿਆਂ ਜਾਂ ਜਿਸਮ-ਨਿਲਾਮੀ ਵਿਚ ਸ਼ਰੀਕ ਹੋ ਕੇ ਅਸੀਂ ਕਿਸ ਤਰ੍ਹਾਂ ਵੱਡੇ ਹੋਣ ਦੀ ਭਾਵਨਾ ਮਨ ਵਿਚ ਪਾਲਦੇ ਹਾਂ?
ਅਸੀਂ ਵੱਡੇ ਹੋ ਗਏ ਹਾਂ ਤਾਂ ਹੀ ਚਾਰ ਸਾਲ ਦੀ ਬੱਚੀ ਦਾ ਚੀਰ-ਹਰਨ ਕਰਨ ਲੱਗਿਆਂ, ਆਪਣੀ ਬੱਚੀ ਨੂੰ ਚੇਤੇ ਕਰ ਮਨ ਵਿਚ ਚੀਸ ਨਹੀਂ ਉਠਦੀ। ਬੱਚੀ ਦੇ ਵਿਰੋਧ ਕਾਰਨ, ਉਸਦੀ ਲਾਸ਼ ਵਗਦੇ ਪਾਣੀਆਂ ਦੇ ਹਵਾਲੇ ਕਰ ਕੇ ਖੁਦ ਨੂੰ ਦੁੱਧ ਧੋਤੇ ਹੋਣ ਦਾ ਐਲਾਨ ਕਰਦੇ ਹਾਂ।
ਅਸੀਂ ਵੱਡੇ ਹੋ ਗਏ ਹਾਂ ਤਾਂ ਹੀ ਅਸੀਂ ਗੱਦੀ ਨਸ਼ੀਨ ਹੋ ਕੇ ਆਪਣੇ ਚੇਲਿਆਂ ਦਾ ਮਾਨਸਿਕ, ਆਰਥਿਕ, ਸਰੀਰਕ ਅਤੇ ਭਾਵਨਾਤਮਕ ਸ਼ੋਸ਼ਣ ਕਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਾਂ। ਦਾਸੀ ਪ੍ਰਥਾ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ। ਪਰਮ ਪੁਰਖ ਦਾ ਬਾਣਾ ਪਾ ਕੇ, ਆਪਣੇ ਸ਼ਰਧਾਲੂਆਂ ਨੂੰ ਹਵਸ ਦਾ ਸਿ਼ਕਾਰ ਬਣਾਉਣ ਲੱਗਿਆਂ ਰਤਾ ਵੀ ਸ਼ਰਮ ਨਹੀਂ ਆਉਂਦੀ। ਜੇਲ੍ਹ ਵਿਚ ਕੈਦੀ ਹੁੰਦਿਆਂ ਵੀ ਨਜ਼ਰ ਵਿਚੋਂ ਜਾਂ ਆਪਣੇ ਵਿਹਾਰ ਵਿਚੋਂ ਪਛਤਾਵਾ ਕਰਨ ਜਾਂ ਝੂਰਨ ਦੀ ਬਜਾਏ ਇਸਨੂੰ ਆਪਣੀ ਮਰਦਾਨਗੀ ਦਾ ਪ੍ਰਮਾਣ ਸਮਝਦੇ ਹਾਂ।
ਅਸੀਂ ਵੱਡੇ ਜੁ ਹੋ ਗਏ ਹਾਂ। ਦਫ਼ਤਰ ਦੇ ਬਾਹਰ ਬੈਠੈ ਹੋਏ ਚਪੜਾਸੀ ਦੀ ਦਰਦ ਵੇਦਨਾ ਜਾਂ ਉਸ ਦੇ ਭੁੱਖੇ ਪੇਟ ਦੀ ਪ੍ਰਵਾਹ ਨਹੀਂ। ਉਸ ਦੇ ਆਦਰ ਤੇ ਸਤਿਕਾਰ ਨੂੰ ਅਣਗੌਲਿਆਂ ਕਰਕੇ ਉਸਦੇ ਸਲੂਟ ਦਾ ਜਵਾਬ ਦੇਣਾ ਵੀ ਗਵਾਰਾ ਨਹੀਂ ਸਮਝਦੇ। ਬੇਇਜ਼ਤੀ ਕਾਰਨ ਉਸ ਦੇ ਮਨ ਵਿਚ ਉਗੀ ਪੀੜਾ ਨੂੰ ਸਮਝਣ ਤੋਂ ਆਕੀ। ਗਰੂਰ ਵਿਚ ਉਸ ਦੀ ਲਾਚਾਰੀ ਤੇ ਨੀਵੇਂਪਣ ਨੂੰ ਆਪਣੀ ਹੈਂਕੜ ਵਿਚ ਰੋਲਦੇ, ਆਪਣੀ ਧੋਂਸ ਜਮਾਉਣ ਵਿਚ ਸਦਾ ਰੁਚਿਤ ਰਹਿੰਦੇ। ਸਾਨੂੰ ਯਾਦ ਹੀ ਨਹੀਂ ਰਿਹਾ ਕਿ ਕਦੇ ਇਸ ਚਪੜਾਸੀ ਨੂੰ ਪੁੱਛ ਕੇ ਹੀ ਅਸੀਂ ਵੱਡੇ ਸਾਹਿਬ ਨੂੰ ਮਿਲਣ ਜਾਂਦੇ ਸੀ। ਆਪਣੀ ਔਕਾਤ ਨੂੰ ਭੁੱਲ ਕੇ ਤੇ ਧਰਤੀ ਨੂੰ ਛੱਡ, ਉਚੇ ਅੰਬਰੀਂ ਉਡਣ ਦੀ ਧਾਰਨਾ ਮਨ ਵਿਚ ਪਾਲਣ ਵਾਲਿਆਂ ਨੂੰ ਡਿੱਗਦਿਆਂ ਧਰਤੀ ਵੀ ਥਾਂ ਨਹੀਂ ਦਿੰਦੀ। ਪਰ ਅਸੀਂ ਇਹ ਸਭ ਕੁਝ ਸਮਝਣ ਤੋਂ ਅਸਮਰੱਥ ਕਿਉਂਕਿ ਅਸੀਂ ਵੱਡੇ ਹੋ ਗਏ ਹਾਂ।
ਅਸੀਂ ਵੱਡੇ ਜੋ ਹੋ ਗਏ ਹਾਂ ਅਤੇ ਵੱਡੇ ਨੇ ਸਾਡੇ ਘਰ ਆਪਣੇ ਗੁਆਂਢੀਆਂ ਤੋਂ। ਅਸੀਂ ਉਨ੍ਹਾਂ ਦੇ ਹਿੱਸੇ ਦਾ ਅੰਬਰ ਵੀ ਲੁਕਾ ਲਿਆ ਏ, ਧੁੱਪ ਵੀ ਅਤੇ ਛਾਂ ਵੀ। ਪੁੰਨਿਆ ਦਾ ਚੰਨ ਵੀ ਅਤੇ ਤਾਰਿਆਂ ਦੀਆਂ ਖਿੱਤੀਆਂ ਵੀ। ਤਾਰਿਆਂ ਦੀ ਲੋਅ ਵਿਚ ਅਲਾਣੇ ਮੰਜੇ `ਤੇ ਰਾਤ ਨੂੰ ਤਾਰੇ ਗਿਣਦਿਆਂ ਨੀਂਦ ਦੀ ਆਗੋਸ਼ ਵਿਚ ਜਾਣ ਦਾ ਹੁਲਾਸ ਵੀ। ਚਾਨਣੀ ਵਿਚ ਆਪਣੇ ਜਿਸਮਾਂ ਨੂੰ ਨਹਾਉਂਦੀਆਂ ਦੋ ਰੂਹਾਂ ਦੀ ਇਕਮਿਕਤਾ ਵਿਚ ਰੂਹ-ਏ-ਅਨੰਦ ਮਾਨਣ ਦਾ ਵਿਸਮਾਦ ਵੀ। ਅਸੀਂ ਤਾਂ ਉਨ੍ਹਾਂ ਦੇ ਹਿੱਸੇ ਦੀ `ਵਾ ਰੁਮਕਣੀ ਵੀ ਰੋਕ ਲਈ ਏ ਅਤੇ ਦੂਰ-ਦੂਰ ਤੀਕ ਚੌਗਿਰਦੇ ਨੂੰ ਨਿਹਾਰਨ ਦਾ ਅੰਦਾਜ਼ ਵੀ। ਸੋਚ ਦੀ ਪ੍ਰਵਾਜ਼ ਨੂੰ ਰੋਕਣ ਦੀ ਅਸਫ਼ਲ ਕੋਸਿ਼ਸ਼ ਕਰਦੇ ਹਾਂ। ਪਰ ਮਨ ਦੇ ਅਸੀਮਤ, ਅਥਾਹ ਅਤੇ ਉਚੇਰੇ ਅੰਬਰਾਂ ਵਿਚਲੀਆਂ ਸੁਪਨ ਉਡਾਰੀਆਂ ਨੂੰ ਕਿੰਝ ਰੋਕ ਸਕਣਗੇ ਇਹ ਕੋਠੀਆਂ, ਬੰਗਲੇ ਅਤੇ ਵੱਡੇ ਸਮਝਣ ਵਾਲੇ ਲੋਕ।
ਅਸੀਂ ਸੱਚੀਂ ਬਹੁਤ ਵੱਡੇ ਹੋ ਗਏ ਹਾਂ। ਸਾਡੇ ਆਲੇ-ਦੁਆਲੇ ਰਹਿੰਦੇ ਲੋਕ ਕਮੀਣ ਲੱਗਦੇ। ਗੰਦੇ, ਕੋਹਝੇ ਅਤੇ ਮੈਲ਼ ਨਾਲ ਲਿਬੜੇ। ਤਾਂ ਹੀ ਅਸੀਂ ਆਪਣੇ ਅੰਦਰਲੇ ਗੰਦ ਨੂੰ ਆਲੇ-ਦੁਆਲੇ ਵਿਚ ਖਿਲਾਰ, ਕੂੜ ਕਬਾੜ ਦੂਸਰਿਆਂ ਦੇ ਨਾਮ ਕਰ, ਖੁਦ ਨੂੰ ਸੁੱਚਮ ਦਾ ਸੰਦੇਸ਼ ਦੇ, ਆਪਣੇ ਆਪ ਨੂੰ ਵੱਡਾ ਰਾਹ-ਦਸੇਰਾ ਸਮਝਣ ਦਾ ਗੁਰ ਜਾਣ ਲਿਆ ਏ। ਆਪਣੀ ਮਾਲੀਨਤਾ ਨੂੰ ਦੂਸਰਿਆਂ ਦੀ ਗਲੀਜ਼ਤਾ ਬਣਾਉਣ ਵਾਲੇ ਇਹ ਲੋਕ ਦਰਅਸਲ ਬਹੁਤ ਵੱਡੇ ਹੋਣ ਦਾ ਭਰਮ ਇਸ ਲਈ ਪਾਲਦੇ ਨੇ ਕਿਉਂਕਿ ਬੌਣੇ ਲੋਕ ਸਦਾ ਵੀ ਵੱਡੇ ਹੋਣ ਦੇ ਬਾਵਜੂਦ ਵੀ ਬੌਣੇ ਹੀ ਰਹਿੰਦੇ ਨੇ।
ਅਸੀਂ ਵੱਡੇ ਹੋ ਗਏ ਹਾਂ ਤਾਂ ਹੀ ਅਸੀਂ ਆਪਣੇ ਰਾਹਾਂ ਵਿਚ ਉਗੇ ਕੰਡਿਆਂ ਦਾ ਦੂਸ਼ਣ ਵੀ ਅਣਭੋਲ ਲੋਕਾਂ ਦੇ ਨਾਮ ਲਾ ਕੇ ਖ਼ੁਦ ਨੂੰ ਪੈਗੰਬਰ ਸਮਝਦੇ ਹਾਂ। ਇਨ੍ਹਾਂ ਕੰਡਿਆਂ, ਵਾੜਾਂ, ਖੱਡਾਂ, ਖ਼ਾਲਾਂ ਅਤੇ ਖਾਈਆਂ ਦੀ ਭਰਪਾਈ ਲਈ ਗਰੀਬ ਲੋਕਾਂ ਦੀ ਮਿੱਝ ਦਾ ਇਸਤੇਮਾਲ ਕਰਦੇ ਹਾਂ ਕਿਉਂਕਿ ਵੱਡੇ ਲੋਕ ਤਾਂ ਕੁਝ ਵੀ ਕਰ ਸਕਦੇ ਨੇ।
ਅਸੀਂ ਬਹੁਤ ਵੱਡੇ ਹੋ ਗਏ ਹਾਂ। ਨਿਮਾਣਿਆਂ ਨੂੰ ਕੁਰਸੀਆਂ ਦੇ ਪਾਵੇ ਬਣਾ ਕੇ ਅਸੀਂ ਉਪਰ ਜੁ ਉਠਣਾ ਸਿੱਖ ਗਏ ਹਾਂ। ਪਾਵੇ ਬਣੇ ਇਹ ਲੋਕ ਸਿਰਫ਼ ਚੀਖ਼ਾਂ, ਕੁਰਲਾਹਟਾਂ, ਸਿਸਕੀਆਂ ਅਤੇ ਵੈਣਾਂ-ਵਿਰਲਾਪਾਂ ਵਿਚੋਂ ਹੀ ਸਾਹ ਵਰੋਲਣ ਜੋਗੇ ਰਹਿ ਗਏ। ਵੱਡਿਆਂ ਲੋਕਾਂ ਲਈ ਇਹ ਲੋਕ ਕੁਝ ਟੁੱਕਰ, ਪੈਸੇ ਦੀ ਖਣਕਾਰ ਜਾਂ ਨਿੱਕੀਆਂ ਨਿੱਕੀਆਂ ਲੋੜਾਂ-ਥੋੜ੍ਹਾਂ ਦੇ ਮੁਥਾਜ਼। ਤਾਂ ਹੀ ਅਸੀਂ ਇੰਨੇ ਵੱਡੇ ਹੋ ਗਏ ਹਾਂ। ਸਾਡੀ ਸੋਚ ਵਿਚ ਵਿਡੱਤਣ ਨਹੀਂ। ਸਿਰਫ਼ ਅਸੀਂ ਵੱਡੇ ਹੋਣ ਦਾ ਆਪਣੇ ਦੁਆਲੇ ਕੱਵਚ ਬਣਾ ਲਿਆ ਏ ਅਤੇ ਇਸ ਦੀ ਚਾਰਦੀਵਾਰੀ ਵਿਚ ਸਾਡੇ ਵੱਡੇ ਹੋਣ ਦਾ ਐਲਾਨਨਾਮਾ ਗੂੰਜਦਾ ਹੈ।
ਅਸੀਂ ਵੱਡੇ ਹੋ ਗਏ ਹਾਂ। ਵੱਡੀਆਂ-ਵੱਡੀਆਂ ਗੱਡੀਆਂ ਅਤੇ ਹਵਾਈ ਜਹਾਜ਼ਾਂ ਵਿਚ ਸਫ਼ਰ ਕਰਦੇ ਹਾਂ। ਸਾਨੂੰ ਯਾਦ ਹੀ ਨਹੀਂ ਰਿਹਾ ਕਿ ਕਦੇ ਨੰਗੇ ਪੈਰੀਂ ਤੁਰਦਿਆਂ ਖੁੱਭੇ ਕੰਡੇ ਦੀ ਪੀੜ ਵੀ ਹੰਢਾਈ ਸੀ। ਪੈਰਾਂ ਦੀ ਫੁੱਟੀਆਂ ਬਿਆਈਆਂ ਦੀ ਚਿੱਤਰਕਾਰੀ ਵਿਚੋਂ ਸੁਪਨਿਆਂ ਦੇ ਨਕਸ਼ ਦੇਖੇ ਸਨ। ਹੱਥਾਂ ਦੇ ਰੱਟਨਾਂ ਵਿਚੋਂ ਬਾਪ ਦੇ ਨੰਗੇ ਪਿੰਡੇ ਅਤੇ ਗਲ਼ ਵਿਚ ਪਏ ਪਰਨੇ ਦਾ ਦ੍ਰਿਸ਼ ਵੀ ਸਾਡੇ ਸਾਹਮਣੇ ਨਹੀਂ ਆਉਂਦਾ। ਅਸੀਂ ਇੰਨੇ ਵੱਡੇ ਹੋ ਗਏ ਹਾਂ ਕਿ ਕਾਲੇ ਸ਼ੀਸਿ਼ਆਂ ਵਾਲੀ ਗੱਡੀ ਵਿਚ ਬੈਠਿਆਂ ਸਾਈਕਲ ਜਾਂ ਪੈਦਲ ਜਾਂਦੇ ਲੋਕ ਕੀੜੇ-ਮਕੌੜੇ ਲੱਗਦੇ। ਫੁੱਟ-ਪਾਥ `ਤੇ ਸੁੱਤਿਆਂ ਨੂੰ ਕੁਚਲਣਾ ਸਾਡੇ ਲਈ ਕੋਈ ਵੱਡੀ ਗੱਲ ਨਹੀਂ। ਵੱਡੇ ਲੋਕਾਂ ਲਈ ਕਿਸੇ ਗਰੀਬ, ਬੇਕਸੂਰ, ਥੱਕੇ-ਹਾਰਿਆਂ ਅਤੇ ਬੇਘਰਿਆਂ ਨੂੰ ਫੁੱਟ ਪਾਥ `ਤੇ ਸੌਣ ਦਾ ਵੀ ਕੋਈ ਹੱਕ ਨਹੀਂ। ਅਸੀ ਵੱਡੇ ਹਾਂ ਅਤੇ ਫੁੱਟ ਪਾਥ `ਤੇ ਕਾਰ ਚੜ੍ਹਾਉਣੀ ਸਾਡਾ ਹੱਕ ਹੈ।
ਅਸੀਂ ਵੱਡੇ ਹੋ ਗਏ ਹਾਂ ਤਾਂ ਹੀ ਸਾਨੂੰ ਕਿਸੇ ਗਰੀਬ ਦੀ ਲਿੱਲਕੜੀ, ਅਬਲਾ ਦਾ ਇਨਸਾਫ਼ ਲਈ ਤਰਲਾ ਜਾਂ ਕਿਸੇ ਮਜ਼ਦੂਰ ਦਾ ਆਪਣੇ ਮਿਹਨਤਾਨੇ ਲਈ ਮਿੰਨਤਾਂ ਕਰਨਾ ਗਵਾਰਾ ਨਹੀਂ। ਸਾਨੂੰ ਹੱਕ ਹੈ ਕਿ ਕਿਸੇ ਨੂੰ ਕਿੰਨਾ ਮਿਹਨਤਾਨਾ ਦੇਣਾ ਹੈ ਜਾਂ ਵਗਾਰ ਹੀ ਕਰਵਾਉਣੀ ਹੈ। ਬੰਧੂਆ ਮਜ਼ਦੂਰ ਬਣਾ ਕੇ ਆਪਣੇ ਖੇਤਾਂ, ਕਾਰਖ਼ਾਨਿਆਂ, ਭੱਠਿਆਂ, ਘਰਾਂ ਅਤੇ ਹਵੇਲੀਆਂ ਵਿਚ ਨਿਤਾਣਿਆਂ ਤੇ ਲੋੜਵੰਦਾਂ ਨੂੰ ਵਰਗਲਾਉਣਾ ਅਤੇ ਉਨ੍ਹਾਂ ਦੀਆਂ ਮਸ਼ਕਾਂ ਬੰਨ੍ਹ ਕੇ ਨਿੱਤ ਨਿੱਤ ਮਰਨ ਲਈ ਮਜਬੂਰ ਕਰਨਾ, ਵੱਡਿਆਂ ਦਾ ਹੀ ਦਸਤੂਰ ਆ।
ਅਸੀਂ ਵੱਡੇ ਹੋ ਗਏ ਹਾਂ ਸਾਨੂੰ ਯਾਦ ਹੀ ਨਹੀਂ ਰਿਹਾ ਕਿ ਕਦੋਂ ਜਿ਼ੰਦਗਾਨੀ ਆਈ, ਕਦੋਂ ਨਦਾਨੀ ਆਈ, ਕਦੋਂ ਜਵਾਨੀ ਆਈ ਅਤੇ ਕਦੋਂ ਇਹ ਸਭ ਕੁਝ ਬੇਗਾਨੀ ਹੋ ਗਈ। ਅਸੀਂ ਤਾਂ ਵੱਡੇ ਹੋਣ ਦੀ ਹੋੜ ਵਿਚ ਹੀ ਇਨ੍ਹਾਂ ਨਿੱਕੇ-ਨਿੱਕੇ ਪੜਾਵਾਂ ਨੂੰ ਵੀ ਆਪਣੀ ਦੌੜ ਵਿਚ ਅਜਿਹਾ ਮਸਲਿਆ ਕਿ ਸਾਡੇ ਲਈ ਵੱਡੇ ਹੋਣਾ ਹੀ ਜੀਵਨ ਦਾ ਸਭ ਤੋਂ ਮੁੱਖ ਮਕਸਦ ਬਣ ਗਿਆ।
ਅਸੀਂ ਵੱਡੇ ਹੋ ਗਏ। ਰੁਤਬੇ ਪ੍ਰਾਪਤ ਕਰ ਲਏ, ਉਚੇ ਦਿਸਹੱਦੇ ਤੇ ਆਪਣੇ ਸਿਲ਼ਾਲੇਖ ਖੁੱਣ ਲਏ, ਵੱਡੀਆਂ-ਵੱਡੀਆਂ ਮੰਜ਼ਲਾਂ ਸਰ ਕਰ ਲਈਆਂ ਪਰ ਸਾਡੇ ਹਮਸਫ਼ਰ ਗਵਾਚ ਗਏ। ਕੁਝ ਰਾਹਾਂ ਵਿਚ, ਕੁਝ ਛਾਂਵਾਂ ਵਿਚ, ਕੁਝ ਬਦ-ਦੁਆਵਾਂ ਵਿਚ ਅਤੇ ਕੁਝ ਮਰਨ ਹਾਰੀਆਂ ਥਾਵਾਂ ਵਿਚ। ਸਾਨੂੰ ਤਾਂ ਭੁੱਲ ਹੀ ਗਿਆ ਕਿ ਕੁਝ ਸਾਥੀ ਸਾਡੇ ਨਾਲ ਹੀ ਤੁਰੇ ਸਨ। ਅਸੀਂ ਉਨ੍ਹਾਂ ਦਾ ਹਾਲ-ਚਾਲ, ਸਿਹਤਯਾਬੀ, ਸੁਪਨਿਆਂ ਤੇ ਸਫ਼ਲਤਾਵਾਂ ਬਾਰੇ ਕੁਝ ਵੀ ਜਾਨਣ ਤੋਂ ਬੇਲਿਹਾਜ਼ ਹੋ ਗਏ। ਸਾਨੂੰ ਤਾਂ ਹੁਣ ਉਨ੍ਹਾਂ ਦੇ ਚਿਹਰਿਆਂ ਦਾ ਚੇਤਾ ਵੀ ਨਹੀਂ ਰਿਹਾ।
ਅਸੀਂ ਵੱਡੇ ਹੋ ਗਏ ਹਾਂ ਤਾਂ ਹੀ ਸਾਨੂੰ ਆਪਣੇ ਬੱਚਿਆਂ ਦਾ ਵੀ ਖਿ਼ਆਲ ਨਹੀਂ ਰਿਹਾ ਕਿ ਉਹ ਕਿਹੜੀ ਕਲਾਸ ਵਿਚ ਪੜ੍ਹਦੇ, ਕੀ ਕਰਦੇ, ਕੀ ਨੇ ਉਨ੍ਹਾਂ ਦੀਆਂ ਰੁਚੀਆਂ, ਕਿਹੜੇ ਨੇ ਉਨ੍ਹਾਂ ਦੇ ਮਿੱਤਰ ਅਤੇ ਕੌਣ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਸੱਚ ਕਰਨ ਦਾ ਅਹਿਦ ਕਰਨ ਵਾਲੇ। ਦਰਅਸਲ ਅਸੀਂ ਵੱਡੇ ਹੋ ਗਏ ਹਾਂ।
ਅਸੀਂ ਵੱਡੇ ਹੋ ਗਏ ਹਾਂ ਤਾਂ ਹੀ ਅਸੀਂ ਬਿਮਾਰ ਮਾਂ ਦੇ ਮੰਜੇ `ਤੇ ਬੈਠਣ ਤੋਂ ਉਕਤਾਉਂਦੇ ਹਾਂ। ਸਾਨੂੰ ਉਸ ਦੇ ਲੀੜਿਆਂ ਅਤੇ ਬਿਸਤਰੇ `ਚੋਂ ਬੋਅ ਆਉਂਦੀ ਏ। ਉਸਦੀ ਹਾਲਤ ਦੇਖ ਕੇ ਅਕਲਾਂਦ ਆਉਂਦੀ ਹੈ ਕਿਉਂਕਿ ਉਹ ਪਿੰਡ ਦੇ ਬੁੱਢੇ ਘਰ ਵਿਚ ਰਹਿੰਦੀ ਏ। ਮਾਂ ਤਾਂ ਉਸ ਘਰ ਵਿਚ ਹੀ ਰਹਿ ਰਹੀ ਏ ਜਿਥੇ ਸਾਡੇ ਪੋਤੜੇ ਬਦਲਦਿਆਂ ਮਾਂ ਨੇ ਮੱਥੇ ਵੱਟ ਨਹੀਂ ਸੀ ਪਾਇਆ। ਸਾਡੇ ਬਿਮਾਰ ਹੋਣ `ਤੇ ਮਾਂ ਨੇ ਰੱਬ ਕੋਲੋਂ ਵੀ ਰੋਅਬ ਨਾਲ ਸਾਡੀ ਸਿਹਤਮੰਦੀ ਦੀ ਅਰਦਾਸ ਕਬੂਲ ਕਰਵਾਈ ਸੀ। ਕੇਹਾ ਤਾਰ ਰਹੇ ਹਾਂ ਇਵਜ਼ ਮਾਂ ਦੀਆਂ ਉਨੀਂਦਰੀਆਂ ਰਾਤਾਂ, ਪੂੰਝੀਆਂ ਨਲੀਆਂ, ਸਰਬਸੁੱਖ ਦੀ ਕਾਮਨਾ ਅਤੇ ਘਰ ਤੋਂ ਬਾਹਰ ਜਾਣ ਲੱਗਿਆਂ ਮੱਥੇ `ਤੇ ਕਾਲਾ ਟਿੱਕਾ ਲਾਉਣ ਵਾਲੀ ਉਸ ਸੱਚੀ-ਸੁੱਚੀ ਮਮਤਾਈ ਲੋਰ ਦਾ।
ਅਸੀਂ ਵੱਡੇ ਹੋ ਗਏ ਹਾਂ। ਗਿਆਨ `ਤੇ ਸਾਨੂੰ ਮਾਣ ਅਤੇ ਅਸੀਂ ਆਪਣੀ ਕੁਰਸੀ ਦਾ ਰੋਅਬ ਦਾਬ ਪਾਉਣ ਵਾਲੇ ਹੋ ਗਏ ਹਾਂ ਤਾਂ ਹੀ ਸਾਨੂੰ ਅਲਾਣੀ ਮੰਜੀ ਤੋਂ ਉਠਦੇ ਤੇ ਡੰਗੋਰੀ ਭਾਲਦੇ ਬਾਪ ਦਾ ਖਿ਼ਆਲ ਨਹੀਂ ਆਉਂਦਾ। ਨਾ ਹੀ ਅਸੀਂ ਕਦੇ ਖ਼ੈਰ-ਖ਼ੈਰੀਅਤ ਪੁੱਛਣ ਅਤੇ ਉਸ ਦੀਆਂ ਉਨ੍ਹਾਂ ਉਂਗਲਾਂ ਨੂੰ ਪਲੋਸਣ ਲਈ ਘਰ ਨੂੰ ਪਰਤਦੇ ਹਾਂ, ਜਿਸ ਉਂਗਲ ਨੂੰ ਫੜ ਕੇ ਬਾਪ ਪਹਿਲੇ ਦਿਨ ਸਾਨੂੰ ਸਕੂਲ ਦਾਖਲ ਕਰਵਾ ਕੇ ਆਇਆ ਸੀ। ਨਾ ਹੀ ਖਿਆਲ ਹੈ ਬਾਪ ਦੀਆਂ ਸੁੱਕੀਆਂ ਪਿੰਝਣੀਆਂ ਦਾ ਜਿਨ੍ਹਾਂ ਨੂੰ ਫੜ ਕੇ ਕਦੇ ਰਿਆੜ ਕਰਦੇ ਸਾਂ ਅਤੇ ਸੁਹਾਗੇ `ਤੇ ਝੂਟੇ ਲੈਣ ਲਈ ਇਨ੍ਹਾਂ ਦਾ ਹੀ ਆਸਰਾ ਲੈਂਦੇ ਸਾਂ। ਮਹਿੰਗੇ ਪ੍ਰਫਿਊਮ ਵਰਤਣ ਵਾਲਿਆਂ ਨੂੰ ਬਾਪ ਦੇ ਮੁੜ੍ਹਕੇ ਵਿਚੋਂ ਮੁਸ਼ਕ ਤਾਂ ਆਉਣਾ ਹੀ ਹੋਇਆ, ਜਿਸਦੀ ਮੁਸ਼ੱਕਤ ਨੇ ਸਾਡੀ ਮਹਿੰਗੀ ਪੜ੍ਹਾਈ ਦਾ ਖਰਚਾ ਉਠਾਇਆ ਸੀ।
ਅਸੀਂ ਸੱਚੀਂ ਬਹੁਤ ਵੱਡੇ ਹੋ ਗਏ ਹਾਂ। ਸਾਨੂੰ ਆਪਣੇ ਭੈਣ-ਭਰਾ ਵੀ ਭੁੱਲ ਗਏ ਨੇ। ਭੁੱਲ ਗਈਆਂ ਨੇ ਉਨ੍ਹਾਂ ਨਾਲ ਬਚਪਨੀ ਖੇਡਾਂ, ਲੜਾਈਆਂ, ਮਨ-ਮਨਾਈਆਂ, ਇਕ ਦੂਜੇ ਦੇ ਕੱਪੜੇ ਪਾਉਣੇ ਅਤੇ ਇਕ ਦੂਜੇ ਦਾ ਬਸਤਾ ਉਠਾਉਣਾ। ਕਦੇ ਪੂਰਨੇ ਪਾਉਣੇ ਤੇ ਕਦੇ ਲਿਖਾਈ ਕਰਨੀ। ਕਦੇ ਸਵਾਲ ਕੱਢਦਿਆਂ ਕੱਢਦਿਆਂ ਵੱਡੇ ਵੀਰੇ ਦੇ ਗੋਡੇ ਨਾਲ ਲੱਗ ਕੇ ਸੌਂ ਜਾਣਾ। ਉਹ ਦਿਨ ਭੁੱਲਣ ਵਾਲੇ ਅਸੀਂ ਬਹੁਤ ਵੱਡੇ ਲੋਕ ਜੁ ਹਾਂ। ਸਾਨੂੰ ਬੀਤੇ ਵਕਤਾਂ ਵਿਚ ਪਰਤਣਾ ਚੰਗਾ ਨਹੀਂ ਲੱਗਦਾ।
ਅਸੀਂ ਵੱਡੇ ਹੋ ਗਏ ਹਾਂ। ਅਸੀਂ ਆਪਣੇ ਪ੍ਰੋਫੈਸਰਾਂ ਤੇ ਅਧਿਆਪਕਾਂ ਨੂੰ ਪਛਾਨਣ ਤੋਂ ਮੁਨਕਰ ਹੋਣ ਲੱਗ ਪਏ ਹਾਂ ਕਿਉਂਕਿ ਉਹ ਤਾਂ ਕਿਸੇ ਟੁੱਟੀ ਜਿਹੀ ਸਾਈਕਲ `ਤੇ ਆਉਂਦਾ ਸੀ। ਸਕਿਉਰਿਟੀ ਨਾਲ ਜਾਣ ਵਾਲੇ ਸਾਡੇ ਵਰਗਿਆਂ ਦੇ ਸਾਹਮਣੇ ਉਨ੍ਹਾਂ ਦੀ ਕੀ ਔਕਾਤ ਆ? ਸਾਨੂੰ ਯਾਦ ਹੀ ਨਹੀਂ ਰਿਹਾ ਕਿ ਮਾਸਟਰ ਵਲੋਂ ਹੱਥ ਨਾਲ ਕਲਮ ਘੜ ਕੇ ਦੇਣੀ, ਪੂਰਨੇ ਪਾਉਣੇ ਅਤੇ ਸਾਡੀ ਲਿਖਤ ਦੇ ਨਿਖਾਰ ਲਈ ਜੀਅ ਤੋੜ ਕੇ ਮਿਹਨਤ ਕਰਨੀ। ਉਸਨੂੰ ਤਾਂ ਬੜਾ ਫ਼ਖਰ ਸੀ ਆਪਣੇ ਸ਼ਾਗਿਰਦ `ਤੇ। ਪਰ ਸ਼ਗਿਰਦ ਇੰਨਾ ਵੱਡਾ ਹੋ ਗਿਆ ਕਿ ਉਸਨੂੰ ਆਪਣਾ ਉਹ ਮਾਸਟਰ ਹੀ ਭੁੱਲ ਗਿਆ ਜੋ ਕਦੇ ਉਸਦਾ ਰੋਲ ਮਾਡਲ ਹੁੰਦਾ ਸੀ।
ਅਸੀਂ ਸੱਚੀਂ ਬਹੁਤ ਵੱਡੇ ਹੋ ਗਏ ਹਾਂ ਤਾਂ ਹੀ ਸਾਨੂੰ ਸਾਡਾ ਸੀਰੀ ਵੀ ਭੁੱਲ ਗਿਆ ਏ ਜੋ ਕਦੇ ਛੱਲੀਆਂ ਭੁੰਨ ਕੇ ਦਿੰਦਾ ਸੀ, ਗਾਜਰਾਂ ਪੁੱਟ ਕੇ ਤੇ ਧੋ ਕੇ ਖਾਣ ਲਈ ਦਿੰਦਾ ਸੀ। ਮੋਢੇ `ਤੇ ਚੁੱਕ ਕੇ ਅਮਰੂਦ ਤੋੜਨ ਵਿਚ ਮਦਦ ਕਰਦਾ ਸੀ। ਜਿਹੜਾ ਕਦੇ ਗੰਨੇ ਦੀ ਪੋਰੀ ਕਰਕੇ ਵੀ ਦਿੰਦਾ ਸੀ ਅਤੇ ਤੱਤੇ ਗੁੜ ਨੂੰ ਪੱਤੇ `ਤੇ ਪਾ ਕੇ ਖਾਣ ਲਈ ਦਿੰਦਾ ਹੁੰਦਾ ਸੀ। ਨੌਕਰਾਂ-ਚਾਕਰਾਂ ਵਿਚ ਘਿਰੇ ਹੋਏ ਕਦ ਯਾਦ ਰੱਖਦੇ ਨੇ ਆਪਣੇ ਮੁੱਢਲੇ ਦਿਨਾਂ ਵਿਚ ਸੀਰੀ ਨਾਲ ਬਿਤਾਈ ਅਪਣੱਤ ਅਤੇ ਉਸਦੀ ਸੰਗਤ ਵਿਚੋਂ ਜੀਵਨ ਦੀਆਂ ਕਦਰਾਂ-ਕੀਮਤਾਂ ਸੰਗ ਜਿਊਣ ਦਾ ਪਹਿਲਾ ਪਾਠ।
ਅਸੀਂ ਵੱਡੇ ਹੋ ਗਏ ਹਾਂ। ਸਾਡੇ ਦੋਸਤਾਂ ਅਤੇ ਦੁਸ਼ਮਣਾਂ ਦੀ, ਦਰਿਆਦਿਲੀ ਤੇ ਦਗੇਬਾਜ਼ੀ, ਦਰਦ ਤੇ ਦਵਾ ਅਤੇ ਦਿਲ ਅਤੇ ਦੁੱਖ ਦੀ ਪਰਿਭਾਸਾ ਹੀ ਬਦਲ ਗਈ ਏ। ਅਸੀਂ ਆਪਣੇ ਹਿੱਤਾਂ ਮੁਤਾਬਕ ਆਪਣੀਆਂ ਤਰਜੀਹਾਂ ਅਤੇ ਤਦਬੀਰਾਂ ਸਿਰਜਣ ਲਈ ਕਾਹਲੇ ਅਤੇ ਆਪਣੀਆਂ ਕਮੀਨਗੀਆਂ ਵਿਚੋਂਂ ਕਰੂਰਤਾ ਭਰੇ ਵਰਤਾਰਿਆਂ ਦਾ ਵਰਣਨ ਹਾਂ।
ਅਸੀਂ ਬਹੁਤ ਹੀ ਵੱਡੇ ਹੋ ਗਏ ਹਾਂ ਸਾਨੂੰ ਤਾਂ ਯਾਦ ਹੀ ਨਹੀਂ ਰਿਹਾ ਦਿਲਲੱਗੀ ਕਰਨਾ, ਦਿਲਦਾਰਾਂ ਨੂੰ ਮਿਲਣਾ, ਦਿਲਰੁਬਾ ਦੀ ਕੋਸੀ ਕੋਸੀ ਧੁੱਪ ਵਿਚ ਆਪਣੇ ਠਰੇ ਭਾਵਾਂ ਨੂੰ ਸੇਕਣਾ, ਪਿਆਰੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕਣਾ। ਦਿਲਾਂ ਦੇ ਡੂੰਘੇ ਸਮੁੰਦਰਾਂ ਵਿਚ ਤਾਰੀਆਂ ਲਾਉਣਾ ਅਤੇ ਮੋਤੀਆਂ ਨੂੰ ਹੰਘਾਲਣਾ। ਸੱਜਣਾਂ ਨਾਲ ਰਾਤ ਨੂੰ ਚਾਨਣੀ ਦੀ ਬੁੱਕਲ ਮਾਰਨਾ ਅਤੇ ਚਮਕਦੇ ਤਾਰਿਆਂ ਦੀ ਮਹਿਫ਼ਲ ਦਾ ਹਿੱਸਾ ਬਣਨਾ। ਅੰਬਰ ਨੂੰ ਕਲਾਵੇ ਵਿਚ ਲੈਣਾ ਅਤੇ ਆਪਣੇ ਹਿੱਸੇ ਦੇ ਅਸਮਾਨ ਨੂੰ ਆਪਣੀਆਂ ਬਰੂਹਾਂ ਦੇ ਨਾਮ ਕਰਨਾ। ਮਿੱਠੜੇ ਬੋਲਾਂ ਦੀ ਸੰਗਤੀ ਚਾਸ਼ਣੀ ਵਿਚ ਖੁਦ ਨੂੰ ਲਬਰੇਜ਼ ਕਰਨਾ ਅਤੇ ਇਸ ਦੀ ਲਜ਼ੀਜ਼ਤਾ ਵਿਚ ਜੀਵਨ-ਅਨੰਦਤਾ ਦਾ ਰਾਗ ਅਲਾਪਣਾ। ਮਿੱਤਰ-ਪਿਆਰਿਆਂ ਸੰਗ ਲਿਪਟਣਾ ਅਤੇ ਜੀਵਨੀ ਪੱਤਝੜ ਵਿਚ ਬਹਾਰਾਂ ਦੀ ਦਸਤਕ ਬਨਣਾ।
ਕੀ ਤੁਸੀਂ ਵੀ ਵੱਡੇ ਹੋਏ ਹੋ?