ਪ੍ਰਿੰ. ਸਰਵਣ ਸਿੰਘ
ਮਨਦੀਪ ਰਿੰਪੀ ਬਾਲ ਕਵਿਤਾਵਾਂ ਤੇ ਕਹਾਣੀਆਂ ਦੀ ਹੋਣਹਾਰ ਲੇਖਕਾ ਹੈ। ਉਸ ਦੀਆਂ ਦੋ ਕਹਾਣੀਆਂ ‘ਚੈਂਪੀਅਨ’ ਤੇ ‘ਹੁਣ ਨੀ ਹਾਰਦਾ ਮੇਰਾ ਪੁੱਤ’ ਖੇਡ-ਖਿਡਾਰੀਆਂ ਬਾਰੇ ਹਨ। ਉਸ ਤੋਂ ਭਵਿੱਖ ਵਿਚ ਹੋਰ ਖੇਡ ਕਹਾਣੀਆਂ ਦੀ ਵੀ ਆਸ ਰੱਖੀ ਜਾ ਸਕਦੀ ਹੈ। ਉਹ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਹੈ, ਜਿਸ ਨੇ 2019 ਤੋਂ ਲਿਖਣਾ ਸ਼ੁਰੂ ਕੀਤਾ। ਪਹਿਲਾਂ ਕਵਿਤਾਵਾਂ ਲਿਖੀਆਂ, ਫਿਰ ਕਹਾਣੀਆਂ।
ਉਸ ਦੇ ਕਾਵਿ-ਸੰਗ੍ਰਹਿ ਦਾ ਨਾਂ ‘ਜਦੋਂ ਤੂੰ ਚੁੱਪ ਸੀ’ ਤੇ ਕਹਾਣੀ ਸੰਗ੍ਰਹਿ ਦਾ ਨਾਂ ‘ਚਿੱਟੀ ਦੀ ਖੀਰ’ ਹੈ। ਉਸ ਨੇ ਕੋਵਿਡ-19 ਦੀ ਸਾੜ੍ਹਸਤੀ ਦੌਰਾਨ ਬੱਚਿਆਂ ਦੇ ਬਾਲ ਗੀਤ ਤੇ ਬਾਲ ਕਹਾਣੀਆਂ ਦੀਆਂ 500 ਤੋਂ ਵੱਧ ਵੀਡੀਓਜ਼ ਬਣਾ ਕੇ ਵੱਖ-ਵੱਖ ਥਾਈਂ ਭੇਜੀਆਂ। ਪੰਜਾਬ ਸਿੱਖਿਆ ਵਿਭਾਗ ਵੱਲੋਂ ‘ਨੰਨ੍ਹੇ ਉਸਤਾਦ’ ਪ੍ਰੋਗਰਾਮ ਵਿਚ ਤਿੰਨ ਬਾਲ ਕਹਾਣੀਆਂ ਡੀਡੀ ਪੰਜਾਬੀ ਜਲੰਧਰ ਦੂਰਦਰਸ਼ਨ `ਤੇ ਪੇਸ਼ ਕੀਤੀਆਂ ਗਈਆਂ। ਸਿਰਜਣਾਤਮਿਕ ਸਿੱਖਿਆ ਸੰਸਾਰ ਦੇ ‘ਪਰਵਾਜ਼’ ਚੈਨਲ `ਤੇ 34 ਬਾਲ ਕਹਾਣੀਆਂ, ਇੱਕ ਬਾਲ ਗੀਤ ਅਤੇ ‘ਨਿੱਕੀਆਂ ਕਰੂੰਬਲਾਂ’ ਚੈਨਲ `ਤੇ ਅੱਠ ਬਾਲ ਕਹਾਣੀਆਂ ਪੇਸ਼ ਕਰ ਚੁੱਕੀ ਹੈ। ਭਾਰਤ ਦੇ ਪੰਜਾਬੀ ਅਖ਼ਬਾਰਾਂ, ਰਸਾਲਿਆਂ ਤੋਂ ਲੈ ਕੇ ਲਾਹੌਰ ਦੇ ਪ੍ਰਸਿੱਧ ਬਾਲ ਮੈਗਜ਼ੀਨ ‘ਪੰਖੇਰੂ’ ਵਿਚ ਉਹਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ।
ਉਸ ਦਾ ਜਨਮ ਪਿੰਡ ਬੰਦੇ ਮਹਿਲ ਕਲਾਂ, ਜਿ਼ਲ੍ਹਾ ਰੂਪਨਗਰ ਵਿਖੇ 19 ਅਪ੍ਰੈਲ, 1979 ਨੂੰ ਮਾਤਾ ਰਣਵੀਰ ਕੌਰ ਤੇ ਪਿਤਾ ਰਤਨ ਸਿੰਘ ਸਾਬਕਾ ਸਰਪੰਚ ਦੇ ਘਰ ਹੋਇਆ। ਉਸ ਨੇ ਅੱਠਵੀਂ ਟੈਗੋਰ ਮਾਡਲ ਸਕੂਲ ਤੇ ਦਸਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਰੂਪਨਗਰ ਤੋਂ ਕੀਤੀ। ਡਿਪਲੋਮਾ ਇਨ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ, ਪੋਲੀਟੈਕਨੀਕਲ ਫ਼ਾਰ ਵਿਮੈੱਨ ਰੂਪਨਗਰ ਤੋਂ ਕੀਤਾ। ਈਟੀਟੀ ਡਾਇਟ ਰੂਪਨਗਰ ਤੋਂ, ਬੀ.ਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਐਮ.ਏ. ਹਿੰਦੀ ਤੇ ਐਮ.ਏ. ਹਿਸਟਰੀ ਅਤੇ ਬੀਐੱਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਉਸ ਦਾ ਪਤੀ ਡੀਸੀ ਦਫਤਰ ਰੂਪਨਗਰ ਵਿਚ ਸਰਕਾਰੀ ਕਰਮਚਾਰੀ ਹੋਣ ਕਾਰਨ ਰਿਹਾਇਸ਼ ਰੂਪਨਗਰ ਹੀ ਰੱਖੀ ਹੈ।
ਮਨਦੀਪ ਸੱਤਵੀ `ਚ ਪੜ੍ਹਦਿਆਂ ਆਪਣੇ ਅਧਿਆਪਕ ਅਰਵਿੰਦ ਸ਼ਰਮਾ ਦੀ ਪ੍ਰੇਰਨਾ ਨਾਲ ਸੁੰਦਰ ਲਿਖਾਈ, ਸ਼ਬਦ ਗਾਇਨ ਤੇ ਕਵਿਤਾ ਲਿਖਣ ਦੇ ਸਕੂਲੀ ਮੁਕਾਬਲਿਆਂ ਵਿਚ ਭਾਗ ਲੈਣ ਲੱਗੀ। ਉਸ ਦੀ ਪਹਿਲੀ ਰਚਨਾ ਸੀ:
ਮਨ ਦੇ ਜਜ਼ਬੇ ਮਨ ਦੇ ਅੰਦਰ
ਗੁੱਥਮ ਗੁੱਥੀ ਕਰਿਆ ਨਾ ਕਰ
ਲੋਕੀਂ ਪਿੱਠ ਦੇ ਪਿੱਛੇ ਹੱਸਦੇ
ਤੂੰ ਹਾਸੇ ਤੋਂ ਡਰਿਆ ਨਾ ਕਰ
ਜਜ਼ਬੇ ਤੇਰੇ ਸਮੁੰਦਰੋਂ ਡੂੰਘੇ
ਕੁੱਝ ਨੇ ਬੋਲ਼ੇ, ਕੁੱਝ ਨੇ ਗੂੰਗੇ
ਕੱਚਿਆਂ ਨੇ ਤਾਂ ਖੁਰ ਹੀ ਜਾਣਾ
ਕੱਚਿਆਂ `ਤੇ ਤਰਿਆ ਨਾ ਕਰ।
ਉਸ ਦੀਆਂ ਕੁਝ ਕਹਾਣੀਆਂ ਦੇ ਨਾਂ ਹਨ: ‘ਰਾਹੁਲ ਦਾ ਫੋਨ’, ‘ਤੇ ਕੰਧ ਬੋਲ ਪਈ’, ‘ਫਰਕ ਤਾਂ ਪੈਂਦਾ ਹੈ’, ‘ਕਰ ਭਲਾ ਹੋ ਭਲਾ’, ‘ਤੋਹਫ਼ਾ’, ‘ਮੈਂ ਡੀਸੀ ਲੱਗਣਾ’, ‘ਖ਼ਤਰਾ ਹਾਲੇ ਟਲਿਆ ਨਹੀਂ’, ‘ਮੈਂ ਕੁਝ ਨਹੀਂ ਸੁਣਿਆ’, ‘ਆਪਣਾ ਘਰ’, ‘ਮੇਰੀਆਂ ਅੱਖਾਂ ਨੀਵੀਆਂ ਕਿਉਂ?’, ‘ਲਾਗਣ’, ‘ਰਾਖ ਦੀ ਢੇਰੀ’, ‘ਮੋਟਾ ਚੂਹਾ’, ‘ਨਿੱਕੀ ਤਿਤਲੀ’, ‘ਮੇਰੇ ਆਪਣੇ’, ‘ਮੈਂ ਜਸਪਾਲ ਨਹੀਂ’ ਤੇ ‘ਇੰਦਰ ਦੀ ਸਾਈਕਲ’ ਆਦਿ। ਉਸ ਨੇ ਕਹਾਣੀਆਂ ਤੇ ਕਵਿਤਾਵਾਂ ਨਾਲ ਕੁਝ ਲੇਖ ਵੀ ਅਖ਼ਬਾਰਾਂ ਵਿਚ ਛਪਵਾਏ ਹਨ ਅਤੇ ਕੁਝ ਪੁਸਤਕਾਂ ਦੇ ਰੀਵੀਊ ਵੀ ਕੀਤੇ ਹਨ। ਪੇਸ਼ ਹੈ ਉਸ ਦੀ ਖੇਡ ਕਹਾਣੀ:
ਹੁਣ ਨੀ ਹਾਰਦਾ ਮੇਰਾ ਪੁੱਤ
ਅੱਜ ਟ੍ਰੇਨ `ਚ ਬੈਠਿਆਂ ਮੈਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਾ। ਮੈਂ ਤਾਂ ਪਿੱਛੇ ਵੱਲ ਦੌੜੇ ਜਾਂਦੇ ਰੁੱਖਾਂ ਵੱਲ ਵੇਖ ਰਿਹਾ ਸਾਂ। ਅੱਖ ਖੁੱਲ੍ਹਦੇ ਸਾਰ ਮੇਰੀ ਸੋਚਾਂ ਦੀ ਸੂਈ ਮੱਲੋ-ਮੱਲੀ ਅਤੀਤ ਵੱਲ ਘੁੰਮ ਗਈ। ਉਦੋਂ ਮਸਾਂ ਦਸਾਂ ਕੁ ਵਰ੍ਹਿਆਂ ਦਾ ਸਾਂ, ਜਦੋਂ ਪਿਉ ਨਾਲ ਪੰਜਾਬ ਆਇਆ। ਉੱਧਰ ਵੀ ਭੁੱਖੇ ਮਰਦੇ ਸਾਂ। ਨਾ ਦਿਹਾੜੀ ਪੱਲੇ ਪੈਂਦੀ ਸੀ ਤੇ ਨਾ ਦੋ ਵਕਤ ਦੀ ਰੋਟੀ। ਮੇਰੇ ਪਿਉ ਦਾ ਖ਼ਾਸ ਮਿੱਤਰ ਜਿਹਨੂੰ ਇੱਧਰ ਵਸਦਿਆਂ ਸੱਤ-ਅੱਠ ਵਰ੍ਹੇ ਹੋ ਗਏ ਸਨ, ਜਦੋਂ ਉਹ ਉੱਧਰ ਜਾਂਦਾ, ਉਹਦੇ ਬੱਚਿਆਂ ਦੇ ਸੋਹਣੇ-ਸੋਹਣੇ ਕੱਪੜਿਆਂ ਨਾਲ ਢਕੇ ਤਨ ਦੇਖਦੇ ਤਾਂ ਮੱਲੋ-ਮੱਲੀ ਸਾਡਾ ਧਿਆਨ ਆਪਣੇ ਤਨ `ਤੇ ਪਏ ਟਾਕੀਆਂ ਲੱਗੇ ਕੱਪੜਿਆਂ ਵਿਚ ਉਲਝ ਕੇ ਰਹਿ ਜਾਂਦਾ। ਭੁੱਖੀਆਂ ਆਂਦਰਾਂ ਨੂੰ ਖਿੱਚ ਪੈਂਦੀ ਤੇ ਮਨ ਮਸੋਸਿਆ ਜਾਂਦਾ।
ਮੇਰੀ ਮਾਂ ਮੇਰੇ ਪਿਉ ਨਾਲ ਲੜਦੀ ਤੇ ਕਈ ਵਾਰ ਆਖ ਦਿੰਦੀ, “ਤੂੰ ਨਹੀਂ ਜਾ ਸਕਦਾ ਉੱਧਰ ਦਿਹਾੜੀਆਂ ਲੱਭਣ ਜਿੱਥੇ ਉਹ ਜਾਂਦਾ। ਕਿਉਂ ਤੂੰ ਤਾਂ ਸਾਡੇ ਮਰਨ ਦੀ ਉਡੀਕ ਕਰਦਾ? ਇੱਥੇ ਤਾਂ ਅਸੀਂ ਉਂਜ ਈ ਭੁੱਖ ਨਾਲ ਮਰ ਜਾਣਾ।” ਨਿੱਤ ਦੇ ਕਲੇਸ਼ ਤੋਂ ਡਰਦਿਆਂ ਮੇਰੇ ਪਿਉ ਨੇ ਇੱਕ ਦਿਨ ਆਪਣੇ ਉਸ ਸਾਥੀ ਨਾਲ ਦਿਲ ਫਰੋਲ ਹੀ ਲਿਆ। ਉਹਨੇ ਵੀ ਹਾਮੀ ਭਰਨ ਲੱਗਿਆਂ ਦੇਰ ਨਾ ਲਾਈ ਆਪਣੇ ਨਾਲ ਲਿਆਉਣ ਦੀ ਤੇ ਅਸੀਂ ਇੱਥੇ ਆ ਗਏ ਪੰਜਾਬ ਦੇ ਸ਼ਹਿਰ ਰੋਪੜ। ਮੇਰੇ ਪਿਓ ਦਾ ਉਹ ਮਿੱਤਰ ਜਿਸ ਨੂੰ ਅਸੀਂ ਚਾਚਾ ਆਖਦੇ ਸਾਂ, ਰੇਲਵੇ ਫਾਟਕ ਕੋਲ ਰਹਿੰਦਾ ਸੀ ਤੇ ਉਹਨੇ ਸਾਨੂੰ ਵੀ ਇੱਕ ਛੋਟਾ ਜਿਹਾ ਕਮਰਾ ਕਿਰਾਏ `ਤੇ ਲੈ ਦਿੱਤਾ।
ਮੇਰੇ ਪਿਉ ਨੇ ਜਿਹਨੂੰ ਖੇਤੀਬਾੜੀ ਤੋਂ ਇਲਾਵਾ ਕੁੱਝ ਨਹੀਂ ਸੀ ਆਉਂਦਾ, ਆਪਣੇ ਮਿੱਤਰ ਨੂੰ ਤਰਲਾ ਕੀਤਾ ਕਿ ਉਹਨੂੰ ਕਿਧਰੇ ਦਿਹਾੜੀ `ਤੇ ਲਵਾ ਦੇਵੇ। ਮੇਰੇ ਪਿਓ ਦਾ ਮਿੱਤਰ ਜਿਸ ਨੂੰ ਅਸੀਂ ਚਾਚਾ ਆਖਦੇ ਸਾਂ ਨੇ ਆਪਣੇ ਨਾਲ ਹੀ ਉਸ ਨੂੰ ਕੰਮ `ਤੇ ਲਾ ਲਿਆ। ਮੇਰਾ ਪਿਉ ਉਹਦੇ ਨਾਲ ਮਾਲੀ ਲੱਗ ਕੇ ਮਾਲੀ ਦਾ ਕੰਮ-ਕਾਰ ਸਿੱਖ ਗਿਆ।
ਮੇਰਾ ਪਿਉ ਐਸ.ਐਚ.ਓ. ਸੁਖਵੀਰ ਰਾਣਾ ਦੇ ਘਰ ਮੌਸਮੀ ਫੁੱਲ ਲਾਉਂਦਾ ਅਤੇ ਉਨ੍ਹਾਂ ਦੀ ਦੇਖਭਾਲ ਕਰਦਾ। ਕਦੇ-ਕਦੇ ਮੈਂ ਵੀ ਉਸ ਨਾਲ ਚਲਿਆ ਜਾਂਦਾ ਉਹਦੇ ਕੰਮ `ਚ ਹੱਥ ਵਟਾਉਣ। ਜਦੋਂ ਮੈਂ ਉਨ੍ਹਾਂ ਦੇ ਘਰਾਂ ਦੇ ਬੱਚਿਆਂ ਨੂੰ ਵੇਖਦਾ ਤਾਂ ਆਪਣੇ ਆਪ ਵਿਚ ਅਜੀਬ ਜਿਹੀ ਭਾਵਨਾ ਨਾਲ ਭਰ ਜਾਂਦਾ। ਕਿੱਥੇ ਉਹ ਬੱਚੇ ਹੱਥਾਂ `ਚ ਚਾਕਲੇਟ ਤੇ ਕੁਰਕੁਰਿਆਂ ਦੇ ਪੈਕਟ ਚੁੱਕੀ ਆਪਣੇ ਖਿਡੌਣਿਆਂ ਨਾਲ ਗੱਲਾਂ ਕਰਦੇ ਆਪਣੇ ਵਿਹੜਿਆਂ `ਚ ਪੈਲਾਂ ਪਾਉਂਦੇ ਘੁੰਮਦੇ, ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ ਸਾਂਭ-ਸਾਂਭ ਰੱਖਦੇ ਕਿ ਕਿਧਰੇ ਮਿੱਟੀ ਨਾ ਲੱਗ ਜਾਏ ਤੇ ਕਿੱਥ ੇਮੈਂ? ਆਪਣੇ ਪਿਉ ਨਾਲ ਖੁਰਪਾ ਫੜੀ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ। ਉਨ੍ਹਾਂ ਬੱਚਿਆਂ ਦੇ ਖਿਡੌਣੇ ਅਤੇ ਕੱਪੜੇ ਵੇਖ ਮੇਰੇ ਦਿਲ `ਚ ਅਜੀਬ ਜਿਹੀ ਚੀਸ ਉੱਠਦੀ। ਮੇਰਾ ਜੀਅ ਕਰਦਾ ਮੇਰੀ ਜੀਭ ਵੀ ਚਾਕਲੇਟਾਂ ਦੇ ਸਵਾਦ ਵੇਖੇ ਤੇ ਮੇਰਾ ਮਨ ਆਪਣੇ ਆਪ ਉਸ ਚੀਜ਼ ਦੇ ਸੁਆਦ ਦੀ ਕਲਪਨਾ ਕਰਕੇ ਠੰਢਾ ਹੋ ਜਾਂਦਾ।
ਇੱਕ ਦਿਨ ਮੈਨੂੰ ਐੱਸ.ਐੱਚ.ਓ. ਸਾਹਿਬ ਆਪਣੇ ਨਾਲ ਸਟੇਡੀਅਮ ਵਿਚ ਲੈ ਗਏ। ਉਹ ਕੁਸ਼ਤੀ ਦੇ ਸ਼ੌਕੀਨ ਸਨ। ਉਨ੍ਹਾਂ ਕੋਲ ਖੜ੍ਹਾ ਮੈਂ ਵੀ ਬੱਚਿਆਂ ਦੇ ਘੋਲ ਵੇਖਣ ਲੱਗਾ। ਬੱਚਿਆਂ ਨੂੰ ਘੁਲਦੇ ਵੇਖ ਪਤਾ ਨਹੀਂ ਕਦੋਂ ਮੈਂ ਕਚੀਚੀਆਂ ਵੱਟਦਾ, ਜੋਸ਼ ਵਿਚ ਆਪਣੇ ਹੱਥ-ਪੈਰ ਮਾਰਨ ਲੱਗਿਆ। ਐਸ.ਐੱਚ.ਓ. ਸਾਹਿਬ ਮੈਨੂੰ ਵੇਖ ਕੇ ਹੱਸਣ ਲੱਗੇ। ਅਚਾਨਕ ਕਿਸੇ ਨੇ ਮੈਨੂੰ ਇਹ ਆਖਦੇ ਹੋਏ ਅਖਾੜੇ ਵਿਚ ਧੱਕ ਦਿੱਤਾ, “ਲੈ! ਹੁਣ ਮਾਰ ਹੱਥ-ਪੈਰ ਜਿਹੜੇ ਮਾਰਨੇ।” ਮੈਂ ਸੰਗਦਾ ਹੋਇਆ ਅੱਖਾਂ ਨੀਵੀਆਂ ਕਰੀ ਖੜ੍ਹ ਗਿਆ। ਇਸ ਤੋਂ ਪਹਿਲਾਂ ਕਿ ਮੈਂ ਕੁੱਝ ਕਹਿੰਦਾ, ਮੈਨੂੰ ਇੱਕ ਪਹਿਲਵਾਨ ਨੇ ਆ ਦਬੋਚਿਆ। ਘੋਲ ਸ਼ੁਰੂ ਹੋ ਗਿਆ। ਮੈਂ ਤਾਂ ਕਦੇ ਵੀ ਅਜਿਹੀ ਖੇਡ ਨਹੀਂ ਸਾਂ ਖੇਡਿਆ। ਮੈਥੋਂ ਉਮਰ `ਚ ਘੱਟ ਉਸ ਪਹਿਲਵਾਨ ਨੇ ਮੈਨੂੰ ਚੰਗੀ ਤਰ੍ਹਾਂ ਰਗੜਿਆ, ਮਰੋੜਿਆ ਤੇ ਮੈਂ ਥੱਕ-ਟੁੱਟ ਕੇ ਘਰ ਪਰਤਿਆ।
ਮੈਂ ਸਾਰੀ ਰਾਤ ਦੁਖਦੇ ਹੱਡੀਂ ਸੋਚਦਾ ਰਿਹਾ ਕਿ ਉਹ ਮੈਥੋਂ ਕਿਤੇ ਛੋਟਾ ਸੀ ਪਰ ਫੇਰ ਵੀ ਉਹਨੇ ਮੈਨੂੰ ਕਿੰਨੀ ਸੌਖ ਨਾਲ ਹਰਾ ਦਿੱਤਾ। ਮੇਰੇ ਸਰੀਰ ਦਾ ਹਰ ਅੰਗ ਪੀੜ ਨੇ ਮਿੱਧਿਆ ਹੋਇਆ ਸੀ ਪਰ ਫੇਰ ਵੀ ਇਹ ਪੀੜ ਮੈਨੂੰ ਉਸ ਪੀੜ ਨਾਲੋਂ ਕਿਤੇ ਘੱਟ ਜਾਪ ਰਹੀ ਸੀ ਜਿਹੜੀ ਪੀੜ ਮੈਂ ਉਸ ਸਮੇਂ ਝੱਲੀ ਜਦੋਂ ਉਹ ਨਿੱਕਾ ਪਹਿਲਵਾਨ ਮੈਨੂੰ ਵਾਰ-ਵਾਰ ਪਟਕ ਰਿਹਾ ਸੀ ਤੇ ਲੋਕ ਤਾੜੀਆਂ ਮਾਰ-ਮਾਰ ਹੱਸ ਰਹੇ ਸਨ।
ਅਗਲੇ ਦਿਨ ਮੈਂ ਮੁੜ ਸਟੇਡੀਅਮ ਜਾਣ ਦੀ ਗੱਲ ਦੁਹਰਾਈ ਤਾਂ ਮੇਰਾ ਪਿਓ ਮੈਨੂੰ ਝਈਆਂ ਲੈ ਕੇ ਪਿਆ, “ਸਾਥੋਂ ਨਹੀਂ ਪੁੱਗਣੇ ਇਹ ਕੁੱਤੇ ਸ਼ੌਕ। ਜੇ ਕਿਤੇ ਤੇਰੀ ਲੱਤ-ਬਾਂਹ ਟੁੱਟ ਗਈ ਤਾਂ ਕੌਣ ਦੇਖੂ? ਸਾਥੋਂ ਤਾਂ ਦਾਲ-ਰੋਟੀ ਨੀਂ ਤੁਰਦੀ। ਸੁੱਕੀਆਂ ਰੋਟੀਆਂ ਨਾਲ ਪਹਿਲਵਾਨੀ ਨਹੀਂ ਹੁੰਦੀ।”
ਪਿਉ ਨੇ ਤਾਂ ਆਪਣਾ ਫੈਸਲਾ ਸੁਣਾ ਦਿੱਤਾ ਪਰ ਮੈਨੂੰ ਮਨਜ਼ੂਰ ਨਹੀਂ ਸੀ। ਮੇਰਾ ਪਿਉ ਤੜਕੇ ਉੱਠ ਕੇ ਆਪਣੇ ਕੰਮ `ਤੇ ਜਾਣ ਦੀ ਤਿਆਰੀ ਕਰਨ ਲੱਗਦਾ। ਮੇਰੀ ਵੀ ਅੱਖ ਖੁੱਲ੍ਹ ਜਾਂਦੀ ਪਰ ਮੈਂ ਮਚਲਾ ਹੋਇਆ ਅੱਖਾਂ ਬੰਦ ਕਰੀ ਪਿਆ ਰਹਿੰਦਾ। ਮੇਰੇ ਪਿਉ ਦੀ ਘਰੋਂ ਪੈਰ ਪੁੱਟਣ ਦੀ ਦੇਰ ਹੁੰਦੀ, ਮੈਂ ਵੀ ਕਾਹਲ਼ੀ ਨਾਲ ਉੱਠ ਪਿਉ ਦੇ ਮਗਰ ਹੀ ਘਰੋਂ ਬਾਹਰ ਨਿਕਲ ਜਾਂਦਾ। ਸਾਰਾ ਟੱਬਰ ਘੂਕ ਸੁੱਤਾ ਹੁੰਦਾ ਤੇ ਮੈਂ ਸਟੇਡੀਅਮ ਵੱਲ ਦੌੜਿਆ ਹੁੰਦਾ। ਉੱਥੇ ਪੁੱਜ ਕੇ ਅਭਿਆਸ ਕਰਦੇ ਬੱਚਿਆਂ ਵੱਲ ਵੇਖਦਾ ਤਾਂ ਲੂਹਰੀਆਂ ਉੱਠਦੀਆਂ। ਮੈਨੂੰ ਉੱਥੇ ਅਖਾੜੇ ਦੇ ਉਸਤਾਦ ਜੀ ਰੋਜ਼ ਵੇਖਦੇ ਪਰ ਮੇਰੀ ਹਿੰਮਤ ਨਾ ਹੁੰਦੀ ਉਨ੍ਹਾਂ ਨੂੰ ਆਖਣ ਦੀ ਕਿ ਮੈਨੂੰ ਵੀ ਆਪਣਾ ਸ਼ਾਗਿਰਦ ਬਣਾ ਲਓ। ਉਸਤਾਦ ਜੀ ਵੀ ਜਿਵੇਂ ਮੇਰਾ ਇਮਤਿਹਾਨ ਲੈਂਦੇ ਹੋਣ। ਉਹ ਮੈਨੂੰ ਨਿੱਤ ਅਣਦੇਖਿਆ ਕਰ ਛੱਡਦੇ ਜਦੋਂਕਿ ਮੈਂ ਚਾਹੁੰਦਾ ਸੀ ਉਹ ਮੈਨੂੰ ਵੇਖਣ ਤੇ ਆਖਣ, “ਆ ਪੁੱਤਰਾ! ਤੂੰ ਵੀ ਆਜਾ। ਤੈਨੂੰ ਵੀ ਪਹਿਲਵਾਨੀ ਦੇ ਗੁਰ ਸਿਖਾਈਏ।”
ਮੈਂ ਘੁਲਦੇ ਪਹਿਲਵਾਨਾਂ ਨੂੰ ਵੇਖਦਾ ਰਹਿੰਦਾ ਤੇ ਸ਼ਾਇਦ ਉਸਤਾਦ ਜੀ ਮੈਨੂੰ। ਮੈਂ ਰਾਤ ਨੂੰ ਸੁੱਤਿਆਂ-ਸੁੱਤਿਆਂ ਵੀ ਉਨ੍ਹਾਂ ਦੇ ਦੱਸੇ ਦਾਅ-ਪੇਚਾਂ ਨਾਲ ਗੁੱਥਮ-ਗੁੱਥੀ ਹੁੰਦਾ ਹੋਇਆ ਆਪਣੇ ਭਰਾ ਨਾਲ ਘੁਲਣ ਲੱਗਦਾ ਤੇ ਉਦੋਂ ਮੇਰੀ ‘ਹਾਏ’ ‘ਹਾਏ’ ਕਰਦੇ ਦੀ ਜਾਗ ਖੁੱਲ ੍ਹਜਾਂਦੀ ਜਦੋਂ ਉਹ ਮੇਰੇ ਜੋਰ ਦੇਣੀ ਕੱਸ ਕੇ ਗੁੱਸੇ ਨਾਲ ਲੱਤ ਮਾਰਦਾ। ਮੇਰੀ ਮਾਂ ਫ਼ਿਕਰ ਕਰਦੀ ਪਿਉ ਨੂੰ ਆਖਦੀ, “ਮੁੰਡਾ ਕਿਸੇ ਓਪਰੀ ਕਸਰ `ਚ ਲੱਗਦੈ, ਕਿਧਰੇ ਝਾੜਾ ਕਰਵਾ ਲਓ।” ਮੈਂ ਮਾਂ ਦੀਆਂ ਗੱਲਾਂ ਸੁਣ ਕੇ ਡਰ ਜਾਂਦਾ ਕਿਉਂਕਿ ਮੈਨੂੰ ਤਾਂ ਪਤਾ ਸੀ ਕਿ ਮੈਨੂੰ ਕਿਹੜੀ ਕਸਰ ਐ। ਮੇਰੇ ਸਿਰ `ਤੇ ਤਾਂ ਪਹਿਲਵਾਨੀ ਦਾ ਭੂਤ ਸਵਾਰ ਸੀ। ਮੈਂ ਦਿਨੇ ਵੀ ਆਪਣੇ ਭਰਾ ਨਾਲ ਹੇਠ-ਉੱਪਰ ਹੁੰਦਾ ਦਾਅ ਅਜ਼ਮਾਉਂਦਾ ਰਹਿੰਦਾ। ਸਕੂਲ ਵਿਚ ਵੀ ਜਦੋਂ ਮੌਕਾ ਮਿਲਦਾ ਹੋਰ ਬੱਚਿਆਂ ਨਾਲ ਘੁਲਣ ਲੱਗਦਾ।
ਮੈਂ ਔਖਿਆਂ-ਸੌਖਿਆਂ ਪੰਜਵੀਂ ਤਾਂ ਪਾਸ ਕਰ ਲਈ ਪਰ ਅੱਗੇ ਕੋਈ ਰਾਹ ਨਹੀਂ ਸੀ ਲੱਭ ਰਿਹਾ ਕਿ ਕਿਵੇਂ ਅਖਾੜਿਆਂ ਦੀ ਮਿੱਟੀ ਨੂੰ ਮੱਥੇ ਲਾਵਾਂ। ਮੈਂ ਪਹਿਲਵਾਨਾਂ ਨਾਲ ਘੁਲਦੇ ਹੋਏ ਮਿੱਟੀ ਦੀ ਮਹਿਕ ਨੂੰ ਆਪਣੀ ਰੂਹ ਤਕ ਖਿੱਚ ਲੈ ਜਾਣਾ ਚਾਹੁੰਦਾ ਸਾਂ। ਮੇਰੇ ਲਈ ਅਖਾੜੇ `ਚ ਵੜਨਾ ਮੇਰਾ ਸੁਪਨਾ ਸੀ ਤੇ ਸ਼ਾਇਦ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਵੀ।
ਫਿਰ ਮੇਰੇ ਪਿਓ ਨੇ ਮੈਨੂੰ ਗਾਂਧੀ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ। ਮੇਰਾ ਪਿਓ ਇਸੇ ਸਕੂਲ ਦੇ ਮਾਸਟਰ ਮੋਹਨ ਲਾਲ ਚੋਪੜਾ ਦੇ ਘਰ ਮਾਲੀ ਦਾ ਕੰਮ ਕਰਦਾ ਸੀ। ਜਦੋਂ ਮੈਂ ਗਾਂਧੀ ਸਕੂਲ `ਚ ਦਾਖਲ ਹੋਇਆ ਤਾਂ ਮੇਰੇ ਸੁਪਨਿਆਂ ਨੇ ਮੇਰੀ ਨੀਂਦ ਖੋਹ ਲਈ। ਮੈਂ ਸਕੂਲੀ ਖੇਡਾਂ `ਚ ਆਪਣੇ ਪਿਉ ਤੋਂ ਬਾਗੀ ਹੋ, ਆਪਣਾ ਨਾਂ ਪਹਿਲਵਾਨੀ `ਚ ਲਿਖਵਾ ਦਿੱਤਾ। ਜਦੋਂ ਮੇਰੇ ਪਿਓ ਨੂੰ ਪਤਾ ਲੱਗਿਆ ਤਾਂ ਉਹਨੇ ਪਿਆਰ ਨਾਲ ਸਮਝਾਉਣਾ ਚਾਹਿਆ ਪਰ ਜਦੋਂ ਉਸ ਦੇ ਸਮਝਾਉਣ ਦਾ ਅਸਰ ਨਾ ਹੋਇਆ ਤਾਂ ਪਹਿਲਾਂ ਵਾਂਗੂੰ ਹੀ ਭੜਕ ਪਿਆ ਪਰ ਪਿਓ ਦੀਆਂ ਝਿੜਕਾਂ ਦਾ ਮੇਰੇ `ਤੇ ਕੋਈ ਅਸਰ ਨਾ ਹੁੰਦਾ। ਮੈਂ ਸੌਂਦਾ-ਜਾਗਦਾ ਹਰ ਵੇਲੇ ਅਖਾੜੇ `ਚ ਹੀ ਘੁੰਮਦਾ ਰਹਿੰਦਾ। ਮੈਂ ਸਟੇਡੀਅਮ ਜਾਣਾ ਕਦੇ ਨਾ ਛੱਡਿਆ। ਆਖ਼ਰ ਉਸਤਾਦ ਨੇ ਮੇਰੀ ਬਾਂਹ ਫੜ ਹੀ ਲਈ ਤੇ ਮੈਨੂੰ ਆਪਣਾ ਪੱਠਾ ਬਣਾ ਲਿਆ। ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਸੀ ਜਦੋਂ ਮੇਰੇ ਉਸਤਾਦ ਜੀ ਮੇਰੇ ਵੱਲ ਕਿੰਨੀ ਦੇਰ ਤਕ ਨੀਝ ਲਗਾ ਕੇ ਤੱਕਦੇ ਰਹੇ ਤੇ ਫਿਰ ਆਖਣ ਲੱਗੇ, “ਅਖਾੜੇ ਦੇ ਬਾਹਰ ਖੜ੍ਹ ਕੇ ਪਹਿਲਵਾਨੀ ਨਹੀਂ ਸਿੱਖੀ ਜਾਂਦੀ। ਆ, ਅਖਾੜੇ `ਚ ਆ।” ਉਸਤਾਦ ਦੇ ਮੂੰਹੋਂ ਨਿਕਲੇ ਇਹ ਸ਼ਬਦ ਰੱਬ ਦੇ ਮੂੰਹੋਂ ਨਿਕਲੇ ਸ਼ਬਦਾਂ ਨਾਲੋਂ ਘੱਟ ਨਹੀਂ ਸਨ।
ਮੈਂ ਕੁੱਦ ਕੇ ਅਖਾੜੇ `ਚ ਜਾ ਵੜਿਆ। ਅਖਾੜੇ ਦੀ ਜਿਸ ਮਿੱਟੀ ਦੀ ਮਹਿਕ ਮੈਨੂੰ ਸੌਣ ਨਹੀਂ ਸੀ ਦਿੰਦੀ, ਉਸੇ ਮਿੱਟੀ ਵਿਚ ਮੈਂ ਆਪਣੇ ਸੁਪਨਿਆਂ ਦੀਆਂ ਕਲੀਆਂ ਮਹਿਕਦੀਆਂ ਮਹਿਸੂਸ ਕਰਨ ਲੱਗਿਆ। ਮੈਂ ਉਸਤਾਦ ਜੀ ਤੋਂ ਸਿੱਖੇ ਦਾਅ-ਪੇਚ ਏਨੀ ਜੁਗਤ ਨਾਲ ਵਰਤ ਰਿਹਾ ਸਾਂ ਕਿ ਨਾਲਦੇ ਹੋਰ ਪਹਿਲਵਾਨ ਸਾਡੇ ਆਲੇ-ਦੁਆਲੇ ਇਕੱਠੇ ਹੋ ਗਏ। ਕਿੱਥੇ ਉਸਤਾਦ ਜੀ ਦੇ ਪੁਰਾਣੇ ਸ਼ਾਗਿਰਦ ਤੇ ਕਿੱਥੇ ਮੈਂ ਨਵਾਂ ਸਿਖਾਂਦਰੂ! ਸਭ ਦੇ ਸਾਹ ਰੁਕੇ ਹੋਏ ਸਨ ਤੇ ਮੈਂ ਆਖ਼ਰੀ ਦਾਅ ਨਾਲ ਸਭ ਤੋਂ ਤਕੜੇ ਪਹਿਲਵਾਨ ਨੂੰ ਚਿੱਤ ਕਰ ਹੀ ਦਿੱਤਾ। ਉਸਤਾਦ ਜੀ ਨੇ ਭੱਜ ਕੇ ਮੈਨੂੰ ਕਲਾਵੇ `ਚ ਲੈ ਲਿਆ। ਮੈਨੂੰ ਇੰਜ ਲੱਗਿਆ ਜਿਵੇਂ ਮੈਂ ਜ਼ਿੰਦਗੀ ਦੀ ਬਾਜ਼ੀ ਜਿੱਤ ਲਈ ਹੋਵੇ ਪਰ ਅਸਲੀ ਮਾਲੀ ਤਾਂ ਹਾਲੇ ਬਾਕੀ ਸੀ।
ਜਦੋਂ ਮੈਂ ਘਰ ਆ ਕੇ ਚਾਈਂ-ਚਾਈਂ ਇਹ ਗੱਲ ਆਪਣੀ ਮਾਂ ਨਾਲ ਸਾਂਝੀ ਕੀਤੀ ਤਾਂ ਮੇਰਾ ਪਿਓ ਭੜਕ ਪਿਆ, “ਤੂੰ ਕਿਹੜੇ ਰਾਹ ਤੁਰ ਪਿਆਂ? ਤੈਨੂੰ ਕਿੰਨੀ ਵਾਰ ਸਮਝਾਇਆ ਭਲਵਾਨੀ ਸ਼ੌਕ ਸਾਡੇ ਵਰਗਿਆਂ ਤੋਂ ਨੀ ਪੁੱਗਣੇ। ਅਖਾੜਿਆਂ ਨੇ ਤੈਨੂੰ ਰੋਲ਼ ਦੇਣਾ। ਦਿਹਾੜੀਆਂ ਕਰਨ ਜੋਗਾ ਵੀ ਨਹੀਂ ਛੱਡਣਾ। ਦੋ ਅੱਖਰ ਪੜ੍ਹ ਕੇ ਤੇਰਾ ਦਿਮਾਗ ਖ਼ਰਾਬ ਹੋ ਗਿਆ। ਕੱਲ ੍ਹਤੋਂ ਤੇਰਾ ਸਕੂਲ ਜਾਣਾ ਬੰਦ।”
ਮੇਰੇ ਪਿਓ ਦਾ ਇਹ ਹੁਕਮ ਮੈਨੂੰ ਫਾਹੇ ਲਾਉਣ ਵਰਗਾ ਸੀ। ਮੇਰੇ ਸੁਫ਼ਨਿਆਂ ਦੀ ਮੌਤ! ਹਾਲੇ ਹੁਣੇ ਤਾਂ ਮੇਰੇ ਸੁਪਨੇ ਸਾਹ ਲੈਣ ਲੱਗੇ ਸਨ ਤੇ ਐਨੀ ਛੇਤੀ ਕਿਵੇਂ ਦਮ ਤੋੜ ਦਿੰਦੇ। ਮੇਰਾ ਪਿਉ ਮੈਨੂੰ ਆਪਣੇ ਨਾਲ ਦਿਹਾੜੀ `ਤੇ ਲਿਜਾਣ ਲੱਗਿਆ। ਉਹਨੇ ਹੱਥ ਖੜ੍ਹੇ ਕਰ ਦਿੱਤੇ ਮੇਰੀ ਫੀਸ ਤੇ ਕਿਤਾਬਾਂ ਦਾ ਖਰਚਾ ਝੱਲਣ ਤੋਂ। ਮੇਰੇ ਹੱਥਾਂ ਵਿਚੋਂ ਕਿਤਾਬਾਂ ਖੋਹ ਰੰਬਾ ਫੜਾ ਦਿੱਤਾ।
ਜਦੋਂ ਮੈਂ ਤਿੰਨ-ਚਾਰ ਦਿਨ ਸਕੂਲ ਨਾ ਗਿਆ ਤਾਂ ਮਾਸਟਰ ਜੀ ਪੁੱਛਦੇ-ਪੁਛਾਉਂਦੇ ਸਵੱਖਤੇ ਹੀ ਸਾਡੇ ਘਰ ਆ ਪਹੁੰਚੇ। ਮੇਰਾ ਪਿਓ ਸਾਈਕਲ ਦੇ ਟਾਇਰ `ਚ ਹਵਾ ਭਰ ਰਿਹਾ ਸੀ ਤੇ ਮੈਂ ਪੌਦੇ ਟੋਕਰੀ `ਚ ਰੱਖ ਰਿਹਾ ਸਾਂ। ਉਨ੍ਹਾਂ ਆਉਂਦੇ ਸਾਰ ਮੈਨੂੰ ਸਕੂਲ ਨਾ ਆਉਣ ਦਾ ਕਾਰਨ ਪੁੱਛਿਆ। ਮੈਂ ਕੁੱਝ ਨਾ ਬੋਲ ਸਕਿਆ ਪਰ ਮੈਨੂੰ ਇੰਜ ਲੱਗਿਆ ਜਿਵੇਂ ਮੇਰੀ ਖ਼ਾਮੋਸ਼ੀ ਤੇ ਭਿੱਜੀਆਂ ਅੱਖਾਂ ਨੇ ਉਨ੍ਹਾਂ ਨੂੰ ਸਭ ਕੁੱਝ ਸਮਝਾ ਦਿੱਤਾ ਹੋਵੇ। ਉਹ ਮੇਰੇ ਪਿਓ ਦੇ ਮੂੰਹ `ਤੇ ਨੀਝ ਲਾ ਕੇ ਵੇਖਣ ਲੱਗੇ ਤੇ ਮੇਰਾ ਪਿਓ ਹੱਥ ਜੋੜ ਕੇ ਆਖਣ ਲੱਗਿਆ, ‘ਮਾਸਟਰ ਜੀ! ਤੁਹਾਨੂੰ ਸਾਡੀ ਹਾਲਤ ਦਾ ਪਤਾ ਈ ਐ, ਤੁਹਾਡੇ ਕੋਲੋਂ ਕੀ ਲੁਕਿਆ? ਮੈਂ ਤਾਂ ਦਿਹਾੜੀ-ਦੱਪੇ ਦੇ ਸਿਰ `ਤੇ ਬੱਚੇ ਪਾਲ ਰਿਹਾਂ। ਦੋ ਵਕਤਦੀ ਰੋਟੀ ਲਈ ਤਰਲੇ ਕਰਦਾਂ ਤੇ ਇਹ ਗ਼ਲਤ ਕੰਮਾਂ `ਚ ਪੈ ਗਿਆ। ਭਲਾ ਇਹਨੂੰ ਕੀ ਮਿਲਣਾ ਅਖਾੜਿਆਂ `ਚੋਂ? ਜੇ ਕੱਲ੍ਹ ਨੂੰ ਕੋਈ ਵੱਡੀ ਸੱਟ-ਫੇਟ ਲੱਗ ਗਈ ਤਾਂ ਮੈਂ ਕੀ ਕਰੂੰ? ਇਹਨੇ ਦੋ ਵਕਤ ਦੀ ਰੋਟੀ ਕਮਾਉਣ ਜੋਗਾ ਵੀ ਨਹੀਂ ਰਹਿਣਾ। ਸਾਡੇ ਵੱਸ ਦੀ ਗੱਲ ਨਹੀਂ ਪਹਿਲਵਾਨੀ। ਉਂਜ ਵੀ ਮੈਂ ਹੁਣ ਕਿਤਾਬਾਂ ਕਾਪੀਆਂ ਦੇ ਖਰਚੇ ਦਾ ਬੋਝ ਨਹੀਂ ਚੁੱਕ ਸਕਦਾ। ਕਿਹਦੇ ਅੱਗੇ ਹੱਥ ਅੱਡਾਂ? ਇਹ ਕਿਹੜਾ `ਕੱਲਾ ਈ ਐ, ਮੈਂ ਦੂਜੇ ਜੁਆਕਾਂ ਨੂੰ ਵੀ ਵੇਖਣਾ। ਉਨ੍ਹਾਂ ਦੀ ਰੋਟੀ ਦਾ ਜੁਗਾੜ ਵੀ ਕਰਨਾ। ਤੁਸੀਂਓ ਸਮਝਾਓ ਇਹਨੂੰ। ਤੁਹਾਡੀ ਗੱਲ ਛੇਤੀ ਸਮਝੂ। ਪੰਜ ਜਮਾਤਾਂ ਜੋ ਪੜ੍ਹ ਗਿਆ, ਅਨਪੜ੍ਹ ਪਿਓ ਦੀ ਗੱਲ ਹੁਣ ਇਹਦੇ ਕਿੱਥੇ ਪੱਲੇ ਪੈਂਦੀ?”
ਮਾਸਟਰਜੀ ਚੁੱਪ-ਚਾਪ ਮੇਰੇ ਪਿਓ ਦੀਆਂ ਗੱਲਾਂ ਸੁਣਦੇ ਰਹੇ ਤੇ ਫੇਰ ਸਮਝਾਉਣ ਦੇ ਲਹਿਜ਼ੇ ਵਿਚ ਆਖਣ ਲੱਗੇ,”ਤੂੰ ਫ਼ਿਕਰਨਾ ਕਰ। ਅੱਜ ਤੋਂ ਇਹ ਤੇਰਾ ਹੀ ਨਹੀਂ, ਮੇਰਾ ਵੀ ਪੁੱਤ ਐ। ਮੈਂ ਆਪੇ ਝੱਲੂੰ ਇਹਦੀ ਪੜ੍ਹਾਈ ਦਾ ਖ਼ਰਚ।”
ਫੇਰ ਪਰਤ ਕੇ ਮੇਰੇ ਵੱਲ ਵੇਖ ਕੇ ਆਖਣ ਲੱਗੇ, “ਅੱਜ ਤੋਂ ਤੈਨੂੰ ਜਿਹੜੀ ਚੀਜ਼ ਦੀ ਲੋੜ ਹੋਵੇ, ਮੈਨੂੰ ਆਖੀਂ। ਆਪਣੇ ਪਿਉ ਨੂੰ ਤੰਗ ਨਾ ਕਰੀਂ।”
ਮਾਸਟਰ ਜੀ ਹਾਲੇ ਮੈਨੂੰ ਇਹ ਆਖ ਈ ਰਹੇ ਸਨ ਕਿ ਮੇਰਾ ਪਿਓ ਉਨ੍ਹਾਂ ਨੂੰ ਵਿਚੋਂ ਈ ਟੋਕਦੇਹੋਏ ਆਖਣ ਲੱਗਾ, “ਜੇ ਲੱਤ-ਬਾਂਹ ਤੁੜਾ ਬੈਠਾ ਫੇਰ?”
ਮੇਰੇ ਭੋਲ਼ੇ ਪਿਉ ਦੇ ਮੋਢੇ `ਤੇ ਹੱਥ ਰੱਖ ਮਾਸਟਰ ਜੀ ਕਹਿਣ ਲੱਗੇ, “ਨਾ ਭਾਈ! ਘਬਰਾ ਨਾ! ਮੈਂ ਕਿਹਾ ਤਾਂ ਹੈ, ਮੈਂ ਹੈਗਾਂ। ਹੁਣ ਤਾਂ ਮੰਨ ਲੈ ਭਰਾਵਾ ਚੱਲ ਤੋਰ ਮੁੰਡੇ ਨੂੰ ਮੇਰੇ ਨਾਲ।”
ਮਾਸਟਰ ਜੀ ਮੇਰੇ ਵੱਲ ਵੇਖਦੇ ਹੋਏ ਆਖਣ ਲੱਗੇ, “ਚੱਲ ਪੁੱਤ! ਚੱਕ ਬਸਤਾ।” ਮਾਸਟਰ ਜੀ ਦੀ ਗੱਲ ਸੁਣ ਮੈਂ ਚਾਅ ਨਾਲ ਭਰ ਗਿਆ। ਮੈਂ ਝੱਟ ਦੇਣੀ ਆਪਣਾ ਬੈਗ ਮੋਢਿਆਂ `ਤੇ ਪਾ ਬਿਨਾਂ ਕੁੱਝ ਕਹੇ-ਸੁਣੇ ਮਾਸਟਰ ਜੀ ਦੇ ਸਕੂਟਰ ਵੱਲ ਤੁਰ ਪਿਆ।
ਜਦੋਂ ਮੈਂ ਸਕੂਲ ਪਹੁੰਚਿਆ ਮੈਨੂੰ ਇੰਜ ਲੱਗਿਆ ਜਿਵੇਂ ਮੈਂ ਸਾਰੀ ਦੁਨੀਆ ਜਿੱਤ ਲਈ ਹੋਵੇ। ਮੇਰਾ ਸਕੂਲ ਵਿਚ ਦਿਨ ਬਹੁਤ ਵਧੀਆ ਰਿਹਾ ਪਰ ਜਦੋਂ ਸ਼ਾਮ ਨੂੰ ਘਰ ਪਹੁੰਚਿਆ ਤਾਂ ਪਿਉ ਦੀਆਂ ਘੂਰਦੀਆਂ ਅੱਖਾਂ `ਚ ਗੁੱਸੇ ਦੇ ਅੰਗਾਰ ਵੇਖ ਮੇਰੀ ਰੂਹ ਕੰਬ ਗਈ। ਭਾਵੇਂ ਮੇਰੇ ਪਿਉ ਨੇ ਮੂੰਹੋਂ ਤਾਂ ਕੁੱਝ ਨਾ ਆਖਿਆ ਪਰ ਉਸਦੀ ਘੂਰੀ ਮੈਨੂੰ ਹਮੇਸ਼ਾਂ ਘੇਰੀ ਰੱਖਦੀ। ਅਗਲੇ ਦਿਨ ਸਕੂਲ ਜਾਣ ਲਈ ਸਵੱਖਤੇ ਹੀ ਤਿਆਰ ਹੋਇਆ। ਜਦੋਂ ਮੈਂ ਤੜਕੇ-ਤੜਕੇ ਅਖਾੜੇ ਵੱਲ ਭੱਜਦਾ ਜਾ ਰਿਹਾ ਸਾਂ ਤਾਂ ਇੱਕ ਵਾਰ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਮਾਸਟਰ ਜੀ ਦਾ ਹੌਸਲਾ ਮੇਰੇ ਨਾਲ-ਨਾਲ ਭੱਜ ਰਿਹਾ ਹੋਵੇ ਪਰ ਦੂਜੇ ਹੀ ਪਲ ਇੰਜ ਜਾਪਣ ਲੱਗਾ ਜਿਵੇਂ ਮੇਰੇ ਪਿਉ ਦੀ ਘੂਰੀ ਮੇਰੇ ਪੈਰਾਂ ਨੂੰ ਬੰਨ੍ਹਣ ਦੀ ਕੋਸ਼ਿਸ਼ ਕਰਦੀ ਹੋਵੇ। ਮੇਰੇ ਪੈਰ ਥਾਏਂ ਰੁਕ ਗਏ ਕਿਉਂਕਿ ਮੇਰੇ ਪਿਉ ਦੇ ਗੁੱਸੇ ਵਿਚ ਮੇਰੇ ਲਈ ਫ਼ਿਕਰ ਦਾ ਅਥਾਹ ਪਿਆਰ ਵੀ ਸੀ। ਦਿਨ ਲੰਘਦੇ ਗਏ।
ਮਾਸਟਰ ਜੀ ਨੇ ਮੇਰਾ ਨਾਂ ਪਹਿਲਵਾਨੀ ਦੇ ਮੁਕਾਬਲਿਆਂ ਲਈ ਭੇਜ ਦਿੱਤਾ। ਇੱਕ ਪਾਸੇ ਮੈਂ ਅਖਾੜੇ ਵਿਚ ਪਹਿਲਵਾਨ ਨਾਲ ਘੁਲ ਰਿਹਾ ਸਾਂ ਤੇ ਦੂਜੇ ਪਾਸੇ ਆਪਣੇ ਪਿਉ ਦੀਆਂ ਘੂਰਦੀਆਂ ਅੱਖਾਂ ਨਾਲ। ਫੇਰ ਵੀ ਮੈਂ ਪਹਿਲਵਾਨ ਨੂੰ ਚਿੱਤ ਕਰ ਦਿੱਤਾ। ਇਸ ਤਰ੍ਹਾਂ ਸੈਂਟਰ `ਚ ਜੇਤੂ ਰਿਹਾ। ਫੇਰ ਬਲਾਕ ਦੇ ਮੁਕਾਬਲਿਆਂ ਵਿਚ ਵੀ ਮੇਰੀ ਬੱਲੇ-ਬੱਲੇ ਹੋ ਗਈ। ਜ਼ਿਲ੍ਹੇ ਤਕ ਪਹੁੰਚਦੇ-ਪਹੁੰਚਦੇ ਮੇਰੀ ਵੱਖਰੀ ਪਛਾਣ ਬਣ ਗਈ। ਹੁਣ ਮੈਂ ਸਟੇਟ ਦੇ ਮੁਕਾਬਲਿਆਂ ਵਿਚ ਜਾਣਾ ਸੀ ਪਰ ਮੇਰੇ ਪਿਉ ਦੀਆਂ ਗੁੱਸੇ ਭਰੀਆਂ ਖੁਸ਼ਕ ਅੱਖਾਂ ਮੈਥੋਂ ਝੱਲੀਆਂ ਨਹੀਂ ਸਨ ਜਾ ਰਹੀਆਂ। ਹਰ ਵੇਲੇ ਇੰਜ ਲੱਗਦਾ ਜਿਵੇਂ ਮੇਰਾ ਪਿਉ ਮੈਨੂੰ ਭੋਰਾ ਪਿਆਰ ਨਹੀਂ ਕਰਦਾ।
ਮੇਰੀ ਮਾਂ ਮੈਨੂੰ ਸਮਝਾਉਂਦੀ ਹੰਭ ਜਾਂਦੀ ਕਿ ਮੈਂ ਆਪਣੇ ਪਿਉ ਵੱਲ ਵੇਖਾਂ। ਉਹ ਮੇਰਾ ਦੋਖੀ ਨਹੀਂ। ਮੇਰੀ ਭਲਾਈ ਬਾਰੇ ਈ ਸੋਚਦਾ। ਪਰ ਮੇਰੇ ਲਈ ਤਾਂ ਅਖਾੜਾ ਹੀ ਸਭ ਕੁੱਝ ਬਣ ਗਿਆ ਸੀ। ਮੈਨੂੰ ਇੰਜ ਲੱਗਣ ਲੱਗਿਆ ਜਿਵੇਂ ਮੈਂ ਰਾਤ ਕੱਟਣ ਲਈ ਹੀ ਘਰ ਆਉਂਦਾ ਹੋਵਾਂ। ਜਦੋਂ ਮੇਰਾ ਪਿਉ ਘਰ ਹੁੰਦਾ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਉਹਦੇ ਸਾਹਮਣੇ ਨਾ ਹੋਵਾਂ ਕਿਉਂਕਿ ਮੈਨੂੰ ਆਪਣੇ ਪਿਉ ਦੀਆਂ ਅੱਖਾਂ ਵਿਚ ਆਈ ਉਹ ਘੂਰੀ, ਜਿਸ ਦਿਨ ਮਾਸਟਰ ਜੀ ਮੈਨੂੰ ਘਰ ਲੈਣ ਆਏ ਸਨ, ਹਾਲੇ ਤੱਕ ਨਹੀਂ ਸੀ ਭੁੱਲੀ। ਉਸ ਦਿਨ ਤੋਂ ਮੈਂ ਆਪਣੇ ਪਿਉ ਦੇ ਮੂੰਹੋਂ ਆਪਣਾ ਨਾਂ ਨਹੀਂ ਸੀ ਸੁਣਿਆ। ਉਹ ਮੈਨੂੰ ਕਦੇ ਨਾ ਬੁਲਾਉਂਦਾ। ਸਗੋਂ ਮੇਰੇ ਭੈਣ-ਭਰਾਵਾਂ ਨਾਲ ਹੀ ਗੱਲੀਂ ਰੁੱਝਿਆ ਰਹਿੰਦਾ। ਮੈਂ ਤਾਂ ਜਿਵੇਂ ਉਸ ਘਰ `ਚ ਮੌਜੂਦ ਹੀ ਨਾ ਹੋਵਾਂ। ਮੈਂ ਉਸ ਘਰ `ਚ ਹਾਜ਼ਰ ਹੋ ਕੇ ਵੀ ਪਿਉ ਲਈ ਗ਼ੈਰ-ਹਾਜ਼ਰ ਹੀ ਸਾਂ।
ਜਦੋਂ ਮੈਂ ਸਟੇਟ ਚੈਂਪੀਅਨਸਿ਼ਪ `ਚ ਜਾਣਾ ਸੀ ਤਾਂ ਮਾਸਟਰ ਮੋਹਨ ਲਾਲ ਜੀ ਨੇ ਹਰ ਤਰ੍ਹਾਂ ਦੀ ਤਿਆਰੀ ਕਰਵਾ ਦਿੱਤੀ। ਮੈਂ ਸਟੇਟ ਮੁਕਾਬਲੇ `ਚ ਜਾਣ ਦੀ ਗੱਲ ਆਪਣੇ ਪਿਉ ਨਾਲ ਸਾਂਝੀ ਨਹੀ ਕਰ ਸਕਿਆ ਭਾਵੇਂ ਕਿ ਆਪਣੀ ਮਾਂ ਦੇ ਕੰਨ ਜ਼ਰੂਰ ਇਹ ਗੱਲ ਪਾ ਦਿੱਤੀ ਸੀ। ਮੈਂ ਆਪਣੇ ਲੀੜੇ ਕੱਪੜੇ ਇੱਕ ਬੈਗ ਵਿਚ ਪਾ ਲਏ। ਮੈਨੂੰ ਸਾਰੀ ਰਾਤ ਨੀਂਦ ਨਾ ਆਈ ਤੇ ਮੈਂ ਸੋਚਦਾ ਰਿਹਾ ਕਾਸ਼! ਮੇਰਾ ਪਿਉ ਵੀ ਹੋਰਾਂ ਵਾਂਗੂੰ ਮੇਰੀ ਜਿੱਤ `ਤੇ ਖ਼ੁਸ਼ੀ ਮਨਾਉਂਦਾ। ਮੈਨੂੰ ਸ਼ਾਬਾਸ਼ ਦਿੰਦਾ! ਮੇਰੇ ਕਾਲਜੇ `ਚੋਂ ਹੂਕ ਨਿਕਲਦੀ ਤੇ ਮੈਂ ਮਸੋਸ ਕੇ ਰਹਿ ਜਾਂਦਾ।
ਅਗਲੇ ਦਿਨ ਮੈਂ ਤੜਕੇ ਨਹਾ-ਧੋ ਕੇ ਆਪਣਾ ਬੈਗ ਚੁੱਕ ਸਟੇਸ਼ਨ `ਤੇ ਚਲਾ ਗਿਆ। ਸਾਰੇ ਖਿਡਾਰੀ ਪਹੁੰਚ ਚੁੱਕੇ ਸਨ ਪਰ ਮਾਸਟਰ ਜੀ ਹਾਲੇ ਤੱਕ ਨਹੀਂ ਸਨ ਆਏ। ਸਭ ਨੂੰ ਫ਼ਿਕਰ ਹੋਣ ਲੱਗਾ ਕਿਉਂਕਿ ਅੱਗੇ ਕਦੇ ਅਜਿਹਾ ਨਹੀਂ ਸੀ ਹੋਇਆ। ਸਾਡੇ ਦਿਲਾਂ ਦੀਆਂ ਧੜਕਨਾਂ ਹੋਰ ਵਧਣ ਲੱਗੀਆਂ ਪਰ ਮਾਸਟਰ ਜੀ ਨੂੰ ਆਉਂਦਿਆਂ ਵੇਖ ਕੇ ਸਭ ਦੇ ਸਾਹਾਂ `ਚ ਸਾਹ ਆ ਗਏ। ਅਸੀਂ ਟ੍ਰੇਨ `ਚ ਜਾ ਬੈਠੇ। ਮੈਂ ਖਿੜਕੀ ਵੱਲ ਬੈਠਾ ਆਪਣੇ ਪਿਉ ਬਾਰੇ ਹੀ ਸੋਚਦਾ ਰਿਹਾ ਕਿ ਮੇਰਾ ਪਿਉ ਐਨਾ ਪੱਥਰ ਦਿਲ ਕਿਉਂ ਹੈ? ਅਚਾਨਕ ਮੈਂ ਆਪਣੀਆਂ ਸੋਚਾਂ `ਚੋਂ ਵਾਪਸ ਪਰਤ ਆਇਆ ਜਦੋਂ ਕਿਸੇ ਨੇ ਮੇਰੇ ਮੋਢੇ `ਤੇ ਹੱਥ ਧਰਿਆ। ਮੇਰੇ ਪਿਉ ਦੇ ਹੱਥ `ਚ ਮੇਰੇ ਲਈ ਰੋਟੀ ਦਾ ਡੱਬਾ ਵੇਖ ਮੇਰੀਆਂ ਅੱਖਾਂ ਭਰ ਆਈਆਂ ਤੇ ਰੋਕਦੇ-ਰੋਕਦੇ ਵੀ ਛਲਕ ਪਈਆਂ। ਮੇਰੇ ਪਿਉ ਦੀਆਂ ਨਜ਼ਰਾਂ ਨੂੰ ਅੱਜ ਘੂਰੀ ਦੀ ਥਾਂ ਪਿਆਰ ਦੇ ਹੰਝੂਆਂ ਨੇ ਮੱਲਿਆ ਹੋਇਆ ਸੀ। ਮੇਰੇ ਪਿਉ ਦਾ ਗਲਾ ਰੁੰਦਿਆ ਗਿਆ ਤੇ ਉਹ ਮੈਨੂੰ ਕਲਾਵੇ `ਚ ਲੈ ਕੇ ਆਖਣ ਲੱਗਾ, “ਝੱਲਿਆ! ਕਿੰਨੀ ਕੁ ਦੇਰ ਨਾਰਾਜ਼ ਰਹਿੰਦਾ ਮੈਂ? ਆਖ਼ਰ ਹਾਂ ਤਾਂ ਤੇਰਾ ਪਿਉ। ਲੈ ਫੜ ਰੋਟੀ! ਖਾ ਲਈਂ ਰਾਹ `ਚ। ਨਾਲੇ ਜਿੱਤ ਕੇ ਆਵੀਂ ਪੁੱਤ!”
ਮੈਂ ਭਰੀਆਂ ਅੱਖਾਂ ਪੂੰਝਦਿਆਂ ਹੌਂਸਲੇ ਨਾਲ ਕਿਹਾ, “ਬਾਪੂ! ਦੇਖਦਾ ਰਹੀਂ! ਹੁਣ ਤੇਰੇ ਪੁੱਤ ਨੂੰ ਕੋਈ ਨਹੀਂ ਹਰਾ ਸਕਦਾ।”
ਬਾਪੂ ਦੀਆਂ ਅੱਖਾਂ ਵੀ ਲਿਸ਼ਕ ਪਈਆਂ, “ਹੁਣ ਨੀ ਹਾਰਦਾ ਮੇਰਾ ਪੁੱਤ!”