ਸਾਝ ਕਰੀਜੈ ਗੁਣਹ ਕੇਰੀ

ਡਾæ ਗੁਰਨਾਮ ਕੌਰ, ਕੈਨੇਡਾ
ਗੁਣ ਸੰਸਕ੍ਰਿਤ ਦਾ ਸ਼ਬਦ ਅਤੇ ਸੰਗਿਆ-ਵਿਸ਼ੇਸ਼ਣ ਹੈ। ਮਾਇਆ ਦੇ ਵੀ ਤਿੰਨ ਗੁਣ ਮੰਨੇ ਗਏ ਹਨ-ਸਤ, ਤਮ ਤੇ ਰਜ। ਇਸੇ ਲਈ ਮਾਇਆ ਨੂੰ ਤ੍ਰੈਗੁਣਾਤਮਕ ਵੀ ਕਿਹਾ ਜਾਂਦਾ ਹੈ। ਤਾਸੀਰ ਨੂੰ ਵੀ ਗੁਣ ਕਿਹਾ ਜਾਂਦਾ ਹੈ। ਵਿਹਾਰ ਜੋ ਕਿਸੇ ਦੇ ਗਲਤ ਜਾਂ ਸਹੀ ਹੋਣ ਦਾ ਪ੍ਰਮਾਣਤ ਮਾਪਦੰਡ ਹੈ, ਵੀ ਗੁਣ ਹੈ। ਗੁਣ ਕਿਸੇ ਵਸਤੂ ਦੀ ਵਿਸ਼ੇਸ਼ਤਾ, ਸੀਰਤ ਜਾਂ ਸੁਭਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ‘ਗੁਨ’ (ਪੰਜਾਬੀ ਵਿਚ ‘ਗੁਣ’) ਨੂੰ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਕਿਹਾ ਹੈ। ਇਸ ਨੂੰ ਸਿਫ਼ਤ ਵੀ ਕਿਹਾ ਹੈ (ਅਰਬੀ ਭਾਸ਼ਾ ਦਾ ਸ਼ਬਦ ਜਿਸ ਦਾ ਅਰਥ ਵੀ ਕਿਸੇ ਚੀਜ਼ ਦਾ ਗੁਣ ਹੈ), ਸ਼ੀਲ, ਸਦਵ੍ਰਿਤ, ਨੇਕ ਅਤੇ ਅਮਾਲ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦੋ ਸ਼ਬਦਾਂ ‘ਗੁਣ’ ਅਤੇ ਔਗੁਣ ਦਾ ਬਹੁਤ ਜ਼ਿਕਰ ਆਇਆ ਹੈ। ਗੁਣ ਦਾ ਅਰਥ ਚੰਗਿਆਈਆਂ ਅਤੇ ਔਗੁਣ ਦਾ ਅਰਥ ਬੁਰਾਈਆਂ ਹੈ। ਤੀਸਰਾ ਸ਼ਬਦ ਜੋ ਬਾਣੀ ਅਤੇ ਸਿੱਖ ਸਾਹਿਤ ਵਿਚ ਵਰਤਿਆ ਗਿਆ ਹੈ, ‘ਵਿਨਗੁਣ’ ਜਾਂ ‘ਬਿਨਗੁਣ’ ਹੈ, ਜਿਸ ਦਾ ਅਰਥ ਹੈ ਬਿਨਾ ਕਿਸੇ ਵਿਸ਼ੇਸ਼ਤਾ ਜਾਂ ਚੰਗਿਆਈ ਦੇ। ਗੁਰੂ ਨਾਨਕ ਸਾਹਿਬ ਅਨੁਸਾਰ ਜਿੰਨੇ ਵੀ ਔਗੁਣ ਅਤੇ ਇਨ੍ਹਾਂ ਤੋਂ ਪੈਦਾ ਹੋਣ ਵਾਲੇ ਵਿਕਾਰ ਮਨੁੱਖ ਕਰਦਾ ਹੈ, ਇਹ ਸਾਰੇ ਜ਼ੰਜ਼ੀਰਾਂ ਬਣ ਕੇ ਮਨੁੱਖ ਦੇ ਗਲ ਦੁਆਲੇ ਪੈ ਜਾਂਦੇ ਹਨ। ਇਹ ਜ਼ੰਜ਼ੀਰਾਂ ਉਦੋਂ ਹੀ ਕੱਟੀਆਂ ਜਾਂਦੀਆਂ ਹਨ ਜਦੋਂ ਮਨੁੱਖ ਦੇ ਅੰਦਰ ਗੁਣ ਪੈਦਾ ਹੁੰਦੇ ਹਨ। ਗੁਣ ਹੀ ਮਨੁੱਖ ਦੇ ਅਸਲ ਭਾਈ-ਬੰਦ ਅਤੇ ਮਿੱਤਰ ਹਨ। ਮਨੁੱਖ ਦੇ ਨਾਲ ਗਏ ਹੋਏ ਔਗੁਣ ਅਤੇ ਵਿਕਾਰ ਆਦਰ ਨਹੀਂ ਪਾਉਂਦੇ। ਇਸ ਲਈ ਇਨ੍ਹਾਂ ਨੂੰ ਇਥੇ ਹੀ ਮਾਰ-ਮੁਕਾ ਦੇਣਾ ਅਰਥਾਤ ਖ਼ਤਮ ਕਰ ਦੇਣਾ ਚਾਹੀਦਾ ਹੈ,
ਨਾਨਕ ਅਉਗਣ ਜੇਤੜੇ ਤੇਤੇ ਗਲੀ ਜੰਜੀਰ॥
ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ॥
ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ॥
(ਪੰਨਾ 595)
ਗੁਣਾਂ ਨੂੰ ਕਿਵੇਂ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ, ਇਹ ਗੁਰੂ ਨਾਨਕ ਸਾਹਿਬ ਦੀ ਅਗਲੀ ਰਚਨਾ ਤੋਂ ਸਪੱਸ਼ਟ ਹੋ ਜਾਂਦਾ ਹੈ ਜਿਸ ਵਿਚ ਉਨ੍ਹਾਂ ਨੇ ਮਨੁੱਖ ਨੂੰ ਆਪਣੇ ਮਨ ਨੂੰ ਹਾਲੀ ਅਰਥਾਤ ਖੇਤੀ ਕਰਨ ਵਾਲਾ ਉਦਮੀ, ਮਿਹਨਤੀ ਬਣਾਉਣ, ਉਚੇ ਆਚਰਣ ਨੂੰ ਵਾਹੀ (ਖੇਤੀ) ਦਾ ਕੰਮ ਸਮਝਣ, ਮਿਹਨਤ ਨੂੰ ਪਾਣੀ ਅਤੇ ਮਨੁੱਖੀ ਸਰੀਰ ਨੂੰ ਖੇਤ ਕਿਹਾ ਹੈ। ਇਸ ਸਰੀਰ-ਰੂਪ ਪੈਲੀ ਵਿਚ ਅਕਾਲ ਪੁਰਖ ਦਾ ਨਾਮ ਬੀਜਣ, ਉਸ ਦੇ ਨਾਮ ਦੀ ਖੇਤੀ ਕਰਨ ਅਤੇ ਸੰਤੋਖ ਦਾ ਸੁਹਾਗਾ ਫੇਰਨ (ਮਨ ਨੂੰ ਤ੍ਰਿਸ਼ਨਾਵਾਂ ਵੱਲੋਂ ਮੋੜੀ ਰੱਖਣ ਲਈ ਸੰਤੋਖ ਬਹੁਤ ਜ਼ਰੂਰੀ ਹੈ), ਸਾਦਾ ਜੀਵਨ ਇਸ ਖੇਤੀ ਨੂੰ ਬਚਾਉਣ ਲਈ ਇਸ ਦਾ ਰਾਖਾ ਕਿਹਾ ਹੈ। ਇਹ ਫ਼ਸਲ ਅਕਾਲ ਪੁਰਖ ਦੀ ਮਿਹਰ ਅਤੇ ਪ੍ਰੇਮ ਸਦਕਾ ਪੈਦਾ ਹੋਵੇਗੀ ਜਿਸ ਨਾਲ ਮਨੁੱਖ ਦਾ ਘਰ ਨਿਹਾਲ ਹੋ ਜਾਵੇਗਾ,
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠੁ ਦੇਖੁ॥
(ਪੰਨਾ 595)
ਸਿੱਖ ਧਰਮ ਵਿਚ ਆਤਮ ਦੇ ਪਰਮਾਤਮ ਨਾਲ ਸੁਮੇਲ ਦਾ ਆਦਰਸ਼ ਪ੍ਰਾਪਤ ਕਰਨ ਲਈ ਗੁਣਾਂ ਦਾ ਕਿੰਨਾ ਮਹੱਤਵ ਹੈ, ਇਹ ਬਾਣੀ ਤੋਂ ਸਪੱਸ਼ਟ ਹੋ ਜਾਂਦਾ ਹੈ ਜਿਸ ਵਿਚ ਗੁਰੂ ਨਾਨਕ ਸਾਹਿਬ ਖੇਤੀ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਉਂਦੇ ਹਨ ਕਿ ਮਨ ਨੂੰ ਕਿਰਸਾਣ ਅਤੇ ਕਰਮਾਂ ਨੂੰ ਖੇਤੀ ਬਣਾ। ਜਪੁਜੀ ਸਾਹਿਬ ਵਿਚ ਵੀ ਗੁਰੂ ਨਾਨਕ ਸਾਹਿਬ ਇਸ ਤੱਥ ਨੂੰ ਦ੍ਰਿੜ ਕਰਵਾਉਂਦੇ ਹਨ ਕਿ ਗੁਣ ਪੈਦਾ ਕੀਤੇ ਤੋਂ ਬਿਨਾ ਭਗਤੀ ਸੰਭਵ ਨਹੀਂ ਹੈ, “ਬਿਨੁ ਗੁਣ ਕੀਤੇ ਭਗਤਿ ਨ ਹੋਇ॥” ਇਸੇ ਸ਼ਬਦ ਵਿਚ ਵਪਾਰ ਦੇ ਦ੍ਰਿਸ਼ਾਂਤ ਰਾਹੀਂ ਸਮਝਾਇਆ ਹੈ ਕਿ ਪਰਮਾਤਮਾ ਦੇ ਨਾਮ ਦਾ ਸੌਦਾਗਰ ਬਣਨ ਲਈ ਧਰਮ ਗ੍ਰੰਥਾਂ (ਸਾਸਤ) ਦਾ ਉਪਦੇਸ਼ ਸੁਣਿਆ ਕਰ, ਇਹੀ ਪਰਮਾਤਮਾ ਦੇ ਨਾਮ ਦੀ ਸੌਦਾਗਰੀ ਹੈ। ਇਸ ਵਸਤੂ ਨੂੰ ਲੱਦਣ ਲਈ ਉਚੇ ਆਚਰਣ ਨੂੰ ਘੋੜੇ ਬਣਾ ਕੇ ਤੁਰ ਅਤੇ ਜ਼ਿੰਦਗੀ ਦੇ ਸਫ਼ਰ ਦੇ ਖ਼ਰਚੇ ਵਾਸਤੇ ਚੰਗੇ ਗੁਣ ਪੱਲੇ ਬੰਨ੍ਹ। ਮਨ ਨੂੰ ਸਮਝਾਇਆ ਹੈ ਕਿ ਇਸ ਵਪਾਰ ਨੂੰ ਕਲ੍ਹ ਤੇ ਨਾ ਪਾਈਂ, ਹੁਣੇ ਇਸੇ ਘੜੀ ਕਰ। ਇਸ ਵਣਜ ਨਾਲ ਜੇ ਤੂੰ ਅਕਾਲ ਪੁਰਖ ਦੇ ਦੇਸ਼ ਵਿਚ ਟਿਕ ਜਾਵੇਂ ਤਾਂ ਆਤਮਕ ਸੁੱਖ ਮਿਲੇਗਾ। ਪਰਮਾਤਮ-ਪ੍ਰੇਮ ਦੀ ਪ੍ਰਾਪਤੀ ਲਈ ਗੁਣ ਪੈਦਾ ਕਰਨ ਦੀ ਜੋ ਮਹੱਤਤਾ ਹੈ, ਉਹ ਗੁਰੂ ਨਾਨਕ ਸਾਹਿਬ ਦੇ ਇਸ ਕਥਨ ਤੋਂ ਸਪੱਸ਼ਟ ਹੋ ਜਾਂਦੀ ਹੈ ਜਦੋਂ ਉਹ ਕਹਿੰਦੇ ਹਨ ਕਿ ਜਿਨ੍ਹਾਂ ਸਖੀਆਂ ਨੇ ਉਸ ਦੇ ਪ੍ਰੇਮ ਨੂੰ ਪ੍ਰਾਪਤ ਕਰ ਲਿਆ ਹੈ, ਉਨ੍ਹਾਂ ਕੋਲੋਂ ਰਸਤਾ ਪੁੱਛਣ ‘ਤੇ ਪਤਾ ਲਗਦਾ ਹੈ ਕਿ ਉਸ ਦੇ ਪ੍ਰੇਮ ਨੂੰ ਗੁਣਾਂ ਰਾਹੀਂ ਹੀ ਪਾ ਸਕੀਦਾ ਹੈ,
ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ॥
ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ॥
(ਪੰਨਾ 725)
ਜਦੋਂ ਗੁਰੂ ਸਾਹਿਬ ‘ਸੁਹਾਗੇ’ ਅਤੇ ‘ਵਾੜ’ ਵੱਲ ਸੰਕੇਤ ਕਰਦੇ ਹਨ ਤਾਂ ਉਨ੍ਹਾਂ ਦੇ ਕਹਿਣ ਦਾ ਅਰਥ ਹੈ ਕਿ ਇਸ ਤਰ੍ਹਾਂ ਅਧਿਆਤਮਕ ਬੀਜ ਦਾ ਉਗ ਸਕਣਾ ਸੰਭਵ ਹੈ। ਗੁਰੂ ਸਾਹਿਬਾਨ ਅਨੁਸਾਰ ਇਹ ਗੁਰਮੁਖਾਂ, ਗੁਣਵਾਨ ਮਨੁੱਖਾਂ ਦੀ ਸੰਗਤਿ ਵਿਚ ਜਾਇਆਂ ਸੰਭਵ ਹੈ ਕਿ ਮਨੁੱਖ ਆਪਣੇ ਅੰਦਰ ਗੁਣ ਪੈਦਾ ਕਰਨੇ ਸਿੱਖਦਾ ਹੈ। ਇਸ ਦਾ ਅਰਥ ਇਹੀ ਬਣਦਾ ਹੈ ਕਿ ਸਿੱਖ ਧਰਮ ਅਨੁਸਾਰ ਅਧਿਆਤਮਕ ਗੁਣ ਸਮਾਜਿਕ ਸਹਿਚਾਰ ਅਤੇ ਸੰਵਾਦ ਰਾਹੀਂ ਪੈਦਾ ਹੁੰਦੇ ਹਨ। ਇਕੱਲੇ ਬੈਠ ਕੇ ਕਿਸੇ ਕਿਸਮ ਦੇ ਹਠ-ਯੋਗ ਜਾਂ ਕਰਮ-ਕਾਂਡ ਰਾਹੀਂ ਪੈਦਾ ਨਹੀਂ ਹੁੰਦੇ, ਸੰਗਤਿ ਵਿਚ ਵੀਚਾਰ ਕੀਤਿਆਂ ਪੈਦਾ ਹੁੰਦੇ ਹਨ, ਕਿਉਂਕਿ ਗੁਰਮੁਖਾਂ ਦੀ ਸੰਗਤਿ ਵਿਚ ਮਨੁੱਖ ਗੁਰਮੁਖਿ ਬਣਦਾ ਹੈ। ਗੁਣਾਂ ਨੂੰ ਦੂਸਰਿਆਂ ਨਾਲ ਵੰਡਣ ਦੀ ਪ੍ਰਸ਼ੰਸਾ ਹੀ ਨਹੀਂ ਕੀਤੀ ਬਲਕਿ ਇਸ ਨੂੰ ਉਤਸ਼ਾਹਿਤ ਕੀਤਾ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਜੇ ਕਿਸੇ ਕੋਲ ਸੁਗੰਧੀ ਵਾਲੀਆਂ ਚੀਜ਼ਾਂ ਦਾ ਡੱਬਾ ਹੋਵੇ ਤਾਂ ਉਨ੍ਹਾਂ ਨੂੰ ਬਾਹਰ ਕੱਢ ਕੇ ਖ਼ੁਸ਼ਬੂ ਲੈ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਵੇ ਤਾਂ ਉਹ ਡੱਬਾ ਖੋਲ੍ਹ ਕੇ ਸੁਗੰਧੀ ਲੈ ਲੈਣੀ ਚਾਹੀਦੀ ਹੈ। ਜੇ ਕਿਸੇ ਕੋਲ ਗੁਣ ਹੋਣ ਤਾਂ ਦੂਸਰਿਆਂ ਨਾਲ ਵੰਡ ਲੈਣੇ ਚਾਹੀਦੇ ਹਨ। ਇਸ ਤਰ੍ਹਾਂ ਔਗੁਣਾਂ ਦਾ ਤਿਆਗ ਕਰਕੇ ਜੀਵਨ ਦੇ ਰਸਤੇ ‘ਤੇ ਤੁਰ ਸਕੀਦਾ ਹੈ। ਸਭ ਨਾਲ ਪ੍ਰੇਮ ਵਾਲਾ ਵਰਤਾਉ ਕਰਕੇ, ਆਪਣੇ ਅੰਦਰੋਂ ਵਿਕਾਰਾਂ ਨੂੰ ਖ਼ਤਮ ਕਰਕੇ, ਭਲਾਈ ਦਾ ਉਦਮ ਕਰਕੇ ਜੀਵਨ-ਸੰਗਰਾਮ ਨੂੰ ਜਿੱਤਿਆ ਜਾ ਸਕਦਾ ਹੈ,
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸਿ ਲਈਜੈ॥
ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ॥
(ਪੰਨਾ 766)
ਸਿੱਖ ਨੈਤਿਕਤਾ ਵਿਚ ਜੀਵ ਦੇ ਆਤਮ-ਅਨੁਭਵ ਦੇ ਸਫ਼ਰ ਲਈ ਆਪਣੇ ਅੰਦਰ ਗੁਣ ਪੈਦਾ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਕੁੱਝ ਗੁਣ, ਜਿਨ੍ਹਾਂ ਨੂੰ ਨੈਤਿਕ-ਉਤਮਤਾ ਦੇ ਸੰਕੇਤਕ ਮੰਨਿਆ ਗਿਆ ਹੈ, ਇਹ ਹਨ-ਸਿਆਣਪ, ਸਤਿ, ਸੰਜਮ, ਉਦਮ, ਨਿਆਉਂ, ਹਲੀਮੀ ਅਤੇ ਸੰਤੋਖ।
ਸਿਆਣਪ: ਸਿਆਣਪ ਮੁੱਢਲਾ ਗੁਣ ਹੈ ਜੋ ਸਿੱਖ ਨੈਤਿਕ ਸ਼ਾਸਤਰ ਅਨੁਸਾਰ ਆਤਮ-ਅਨੁਭਵ ਦੇ ਰਸਤੇ ‘ਤੇ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ। ਸਿਆਣਪ ਦਾ ਅਰਥ ਹੈ-ਸੁਜਾਨਤਾ, ਦਾਨਾਈ, ਅਨੁਭਵ। ਗੁਰਬਾਣੀ ਵਿਚ ਸਿਆਣਪ ਦੇ ਦੋ ਪੱਧਰ ਮੰਨੇ ਜਾਂਦੇ ਹਨ, ਪਹਿਲੇ ਪੱਧਰ ਦਾ ਜ਼ਿਕਰ ਉਪਰ ਹੋ ਚੁੱਕਾ ਹੈ। ਹੇਠਲੇ ਪੱਧਰ ‘ਤੇ ਇਸ ਨੂੰ ਚਤੁਰਾਈ ਵੀ ਮੰਨਿਆ ਗਿਆ ਹੈ ਜਿਸ ਦੀ ਗੁਰਮਤਿ ਵਿਚ ਸਿਫਾਰਸ਼ ਨਹੀਂ ਕੀਤੀ ਗਈ। ਸਿਆਣਪ ਦੇ ਗੁਣ ਵਾਲੇ ਨੂੰ ਸਿਆਣਾ ਜਾਂ ਗਿਆਨੀ, ਗੁਣਵਾਨ ਕਹਿੰਦੇ ਹਨ ਅਤੇ ਸੁਜਾਨ, ਦੂਰ-ਦ੍ਰਿਸ਼ਟੀ ਵਾਲਾ ਵੀ ਕਿਹਾ ਜਾਂਦਾ ਹੈ। ਗੁਰਮਤਿ ਵਿਚ ਆਮ ਤੌਰ ‘ਤੇ ਸਿਆਣਪ ਅਤੇ ਸਿਆਣੇ ਲਈ ਸ਼ਬਦ ਗਿਆਨ ਅਤੇ ਗਿਆਨੀ ਵਰਤਿਆ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ‘ਸਿਆਣਾ’ ਸ਼ਬਦ ਅਰਬੀ ਦੇ ਸ਼ਬਦ ‘ਸ਼ਾਨ’ ਤੋਂ ਆਇਆ ਹੈ ਜਿਸ ਦਾ ਅਰਥ ਹੈ ਦੀਰਘ ਦ੍ਰਿਸ਼ਟੀ ਅਤੇ ਵਿਸ਼ਾਲ ਨਜ਼ਰੀਏ ਦਾ ਮਾਲਕ ਮਨੁੱਖ। ਸਿਆਣਪ ਦੇ ਆਦਰਸ਼ ਨੂੰ ਬਿਆਨ ਕਰਨ ਲਈ ਹੋਰ ਸ਼ਬਦ ਮਤਿ, ਮਨ, ਬੁਧਿ ਅਤੇ ਵਿਵੇਕ ਵਰਤੇ ਜਾਂਦੇ ਹਨ। ਗੁਰਮਤਿ ਵਿਚ ਸਿਆਣਪ ਨੂੰ ਸੋਚ, ਵੀਚਾਰ ਅਤੇ ਅਕਲ ਨਾਲ ਜੋੜਿਆ ਗਿਆ ਹੈ। ਸਿਆਣਾ ਮਨੁੱਖ ਵੀਚਾਰ ਜਾਂ ਅਕਲ ਦੀ ਵਰਤੋਂ ਚੀਜ਼ਾਂ ਨੂੰ ਉਨ੍ਹਾਂ ਦੇ ਸਹੀ ਸੰਦਰਭ ਵਿਚ ਸਮਝਣ ਲਈ ਕਰਦਾ ਹੈ। ਸਿਆਣਾ ਮਨੁੱਖ ਆਪਣੇ ਵੀਚਾਰ ਦੀ ਵਰਤੋਂ ਦੋ ਤਰ੍ਹਾਂ ਨਾਲ ਕਰਦਾ ਹੈ-ਇੱਕ, ਵੀਚਾਰ ਰਾਹੀਂ ਆਪਣੇ ਆਲੇ-ਦੁਆਲੇ ਦੀ ਦੁਨੀਆਂ ਨੂੰ ਸਮਝਣਾ, ਜਿਸ ਦਾ ਸਬੰਧ ਕਾਰਨ ਅਤੇ ਕਾਰਜ ਨਾਲ ਹੈ। ਦੂਸਰਾ, ਉਸ ਸਤਿ ਨੂੰ ਸਮਝਣਾ, ਜਿਸ ਦਾ ਪ੍ਰਕਾਸ਼ਨ ਸ਼ਬਦ ਜਾਂ ਬਾਣੀ ਰਾਹੀਂ ਹੋਇਆ ਹੈ। ਉਹ ਵੀਚਾਰ ਰਾਹੀਂ ਉਚਤਮ ਸਤਿ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਸਿੱਖ ਧਰਮ ਅਨੁਸਾਰ ਅਹਿਮ ਨੁਕਤਾ ਇਹ ਹੈ ਕਿ ਸਿਆਣਪ ਜਾਂ ਗੁਣਾਂ ਨੂੰ ਆਪਣੇ ਕਾਰਜਾਂ ਜਾਂ ਕੀਤੇ ਜਾਣ ਵਾਲੇ ਕੰਮਾਂ ਵਿਚ ਅਨੁਵਾਦ ਕਰਨਾ ਹੈ ਅਰਥਾਤ ਸਿਆਣਪ ਜਾਂ ਕਿਸੇ ਵੀ ਗੁਣ ਨੇ ਉਸ ਦੇ ਕੰਮਾਂ ਵਿਚ ਪ੍ਰਗਟ ਹੋਣਾ ਹੈ। ਗੁਰੂ ਨਾਨਕ ਜੀਵਨ ਦੀਆਂ ਵੱਖ ਵੱਖ ਅਵਸਥਾਵਾਂ ਦੀ ਗੱਲ ਕਰਦਿਆਂ ਕਹਿੰਦੇ ਹਨ ਕਿ ਮਨੁੱਖ ਦੀ ਸਿਆਣਪ ਦੋ ਤਰ੍ਹਾਂ ਨਾਲ ਕੰਮ ਕਰਦੀ ਹੈ। ਜਦੋਂ ਮਨੁੱਖ ਦੀ ਸਿਆਣਪ ਤੁਰੰਤ ਪ੍ਰਾਪਤੀਆਂ ਦੇ ਅਧੀਨ ਹੋ ਕੇ ਕੰਮ ਕਰਦੀ ਹੈ ਤਾਂ ਉਸ ਦੀ ਬੁੱਧ ਜਾਂ ਸਿਆਣਪ ਉਸ ਦਾ ਸਾਥ ਛੱਡ ਦਿੰਦੀ ਹੈ ਪਰ ਜਦੋਂ ਉਹ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਿਆਂ ਆਪਣੇ ਵੀਚਾਰ ਦੀ ਵਰਤੋਂ ਕਰਦਾ ਹੈ ਤਾਂ ਉਹ ਉਚੇ ਪੱਧਰ ਦੀ ਸਿਆਣਪ ਪ੍ਰਾਪਤ ਕਰ ਲੈਂਦਾ ਹੈ,
ਬੁਧਿ ਵਿਸਰਜੀ ਗਈ ਸਿਆਣਪ
ਕਰਿ ਅਵਗੁਣ ਪਛੁਤਾਇ॥
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ
ਪ੍ਰਭ ਚੇਤਹੁ ਲਿਵ ਲਾਇ॥
(ਪੰਨਾ 76)
ਗੁਰੂ ਅਰਜਨ ਦੇਵ ਵੀਚਾਰ ਅਤੇ ਉਚੀ ਸਿਆਣਪ ਦੀ ਗੱਲ ਕਰਦਿਆਂ ਕਹਿੰਦੇ ਹਨ ਕਿ ਇਸ ਕਿਸਮ ਦੀ ਸਿਆਣਪ ਅਕਾਲ ਪੁਰਖ ਦੀ ਮਿਹਰ ਰਾਹੀਂ ਪ੍ਰਾਪਤ ਹੁੰਦੀ ਹੈ। ਸਿਆਣਪ, ਜਿਸ ਦਾ ਇੱਕ ਸੰਦਰਭ ਦਿਮਾਗੀ ਯੋਗਤਾ ਹੈ, ਉਥੇ ਦੂਸਰੇ ਸੰਦਰਭ ਵਿਚ ਮਨੁੱਖ ਦੀ ਅਜਿਹੀ ਸ਼ਕਤੀ ਹੈ ਜੋ ਅਕਾਲ ਪੁਰਖ ਦੀ ਮਿਹਰ ਰਾਹੀਂ ਪ੍ਰਾਪਤ ਹੁੰਦੀ ਹੈ ਜੋ ਉਚਤਮ ਪੱਧਰ ‘ਤੇ ਪਹੁੰਚ ਕੇ ਪਰਮਾਤਮਾ ਦੇ ਭਾਣੇ ਨੂੰ ਸਮਝਣ ਦੇ ਸਮਰੱਥ ਹੈ।
ਸੱਚਾਈ: ਸੱਚਾਈ ਇੱਕ ਅਜਿਹਾ ਗੁਣ ਹੈ ਜਿਸ ਦੀ ਸਿੱਖ ਨੈਤਿਕਤਾ ਵਿਚ ਬਹੁਤ ਮਹੱਤਤਾ ਹੈ। ਸੱਚਾਈ ਅਤੇ ਸਤਿ ਵਿਚ ਅੰਤਰ ਹੈ। ਸਤਿ ਉਸ ਅਕਾਲ ਪੁਰਖ ਦਾ ਗੁਣ ਹੈ ਜੋ ਉਸ ਦੀ ਸਦੀਵੀ ਕਾਰਜਸ਼ੀਲ ਹੋਂਦ ਦਾ ਸੂਚਕ ਹੈ। ਦੂਸਰੇ ਪਾਸੇ ਇਹ ਸਤਿ ਜੀਵ ਲਈ ਉਚਤਮ ਆਦਰਸ਼ ਹੈ ਜੋ ਉਸ ਨੇ ਪ੍ਰਾਪਤ ਕਰਨਾ ਹੈ। ਸਿੱਖ ਧਰਮ ਵਿਚ ਸੱਚ ਜਾਂ ਸਤਿ ਨੂੰ ਤਿੰਨ ਵੱਖ ਵੱਖ ਅਰਥਾਂ ਵਿਚ ਵਰਤਿਆ ਗਿਆ ਹੈ। ਪਹਿਲਾ ਉਹ ਉਸ ਪਰਮਸਤਿ ਦਾ ਗੁਣ ਹੈ ਜੋ ਸਦੀਵੀ ਕਾਰਜਸ਼ੀਲ ਹੈ, ਕਰਤਾ ਪੁਰਖ ਹੈ। ਕਰਤਾ ਪੁਰਖ ਹੋਣਾ ਉਸ ਦੀ ਸਦੀਵੀ ਕਾਰਜਸ਼ੀਲਤਾ ਨੂੰ ਦਰਸਾਉਂਦਾ ਹੈ। ਪਰਾਭੌਤਿਕ ਅਰਥਾਂ ਵਿਚ ਸਤਿ ਪਰਮਸਤਿ ਦਾ ਉਹ ਗੁਣ ਹੈ ਜੋ ਜੀਵ ਵਾਸਤੇ ਆਦਰਸ਼ ਹੈ ਜੋ ਉਸ ਨੇ ਪ੍ਰਾਪਤ ਕਰਨਾ ਹੈ। ਦੂਸਰੇ ਅਰਥਾਂ ਵਿਚ ਇਹ ਵਚਨ ਅਰਥਾਤ ਉਕਤੀ ਦਾ ਗੁਣ ਹੈ ਜਿਸ ਵਿਚ ਵਿਹਾਰ ਦੀ ਅਗਵਾਈ ਕਰਨ ਦੀ ਸਮਰੱਥਾ ਹੈ। ਤੀਸਰੇ ਅਰਥਾਂ ਵਿਚ ਇਹ ਨੈਤਿਕ ਗੁਣ ਹੈ। ਸੱਚਾਈ ਨੂੰ ਮਨੁੱਖ ਦੇ ਵਤੀਰੇ ਦਾ ਹਿੱਸਾ ਮੰਨਦੇ ਹੋਏ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਸਤਿ ਦਾ ਅਨੁਭਵ ਸਭ ਤੋਂ ਉਤੇ ਹੈ ਪਰ ਉਸ ਤੋਂ ਵੀ ਉਤੇ ਸੱਚੀ ਰਹਿਣੀ ਹੈ,
ਮਨ ਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰੁ॥
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥
(ਪੰਨਾ 62)
ਇਹ ਮਨੁੱਖ ਦੇ ਕਥਨ ਅਤੇ ਵੀਚਾਰ ਦਾ ਸੁਮੇਲ ਹੈ, ਕਹਿਣੀ ਅਤੇ ਕਰਨੀ ਦੀ ਇੱਕਸੁਰਤਾ ਹੈ, ਅਹਿਦ ਹੈ। ਗੁਰੂ ਰਾਮਦਾਸ ਇਸ ਨੂੰ ਵੱਖਰੇ ਅੰਦਾਜ਼ ਵਿਚ ਬਿਆਨ ਕਰਦੇ ਹਨ, ਜਦੋਂ ਉਹ ਕਹਿੰਦੇ ਹਨ ਕਿ ਹੇ ਸਰਬ-ਵਿਆਪਕ ਅਕਾਲ ਪੁਰਖ ਤੂੰ ਸਦੀਵੀ ਪਵਿੱਤਰ ਹੈਂ ਪਰ ਅਸੀਂ ਮੈਲੇ ਜੀਵਨ ਵਾਲੇ ਹਾਂ, ਅਸੀਂ ਤੈਨੂੰ ਕਿਵੇਂ ਮਿਲ ਸਕਦੇ ਹਾਂ? ਸਾਡੇ ਦਿਲ ਵਿਚ ਕੁੱਝ ਹੋਰ ਹੁੰਦਾ ਹੈ ਅਤੇ ਸਾਡੀ ਜ਼ੁਬਾਨ ‘ਤੇ ਕੁੱਝ ਹੋਰ। ਅਸੀਂ ਮੰਦਭਾਗੇ ਹਾਂ ਜੋ ਕੂੜੀ ਮਾਇਆ ਦੇ ਗਾਹਕ ਬਣੇ ਰਹਿੰਦੇ ਹਾਂ,
ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ
ਹਮ ਕਿਉ ਕਰਿ ਮਿਲੈ ਜੂਠਾਰੀ॥
ਹਮਰੈ ਜੀਇ ਹੋਰ ਮੁਖਿ ਹੋਰ ਹੋਤ ਹੈ
ਹਮ ਕਰਮਹੀਣ ਕੂੜਿਆਰੀ॥
(ਪੰਨਾ 62)
ਨਿਆਉਂ: ਨਿਆਉਂ ਇੱਕ ਹੋਰ ਅਹਿਮ ਗੁਣ ਹੈ ਜਿਸ ਨੂੰ ਸਿੱਖ ਧਰਮ ਚਿੰਤਨ ਵਿਚ ਅਹਿਮ ਸਥਾਨ ਪ੍ਰਪਤ ਹੈ। ਸਿੱਖ ਧਰਮ ਚਿੰਤਨ ਅਨੁਸਾਰ ਪਰਮਾਤਮਾ ਇੱਕੋ-ਇੱਕ ਪਰਮਸਤਿ ਹੈ ਬਾਕੀ ਸਾਰਾ ਸੰਸਾਰ ਉਸ ਦੀ ਰਚਨਾ ਹੈ। ਉਹ ਸਾਰਿਆਂ ‘ਤੇ ਆਪਣੀ ਮਿਹਰ ਕਰਦਾ ਹੈ। ਇਸ ਤਰ੍ਹਾਂ ਉਸ ਦੀ ਰਚਨਾ ਹੋਣ ਦੇ ਨਾਤੇ ਸਾਰੇ ਉਸ ਦੀ ਬਖਸ਼ਿਸ਼ ਦੇ ਇੱਕੋ ਜਿੰਨੇ ਅਧਿਕਾਰੀ ਹਨ। ਇਸ ਲਈ ਧਰਮ, ਜਾਤ, ਜਨਮ, ਨਸਲ ਜਾਂ ਇਸਤਰੀ-ਪੁਰਸ਼ ਹੋਣ ਦਾ ਕੋਈ ਵਿਤਕਰਾ ਨਹੀਂ। ਅਸਲ ਵਿਚ ਨਿਆਉਂ ਦਾ ਸਬੰਧ ਸਮਾਜਿਕ ਬਰਾਬਰੀ ਨਾਲ ਹੈ। ਸਿੱਖ ਧਰਮ ਚਿੰਤਨ ਸਮਾਜਿਕ ਬਰਾਬਰੀ ਨੂੰ ਯਕੀਨੀ ਬਣਾਉਣਾ ਚਾਹੁੰਦਾ ਹੈ ਜਦੋਂ ਉਹ ਜਾਤੀ ਪ੍ਰਬੰਧ ਨੂੰ ਨਕਾਰਦਾ ਹੈ। ਜਾਤੀ ਪ੍ਰਬੰਧ ਦੀ ਸਮਾਜਿਕ ਵੰਡ ਦੇ ਅਰੰਭ ਦਾ ਕਾਰਨ ਜੋ ਵੀ ਰਿਹਾ ਹੋਵੇ ਪਰ ਇਹ ਸਮਾਜਿਕ ਨਾ-ਬਰਾਬਰੀ ਦਾ ਪ੍ਰਤੀਕ ਬਣ ਗਿਆ ਹੈ। ਗੁਰੂ ਸਾਹਿਬ ਅਨੁਸਾਰ ਸਮਾਜਿਕ ਬਰਾਬਰੀ ਤੋਂ ਬਿਨਾ ਨਿਆਉਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਨਿਆਉਂ ਇੱਕ ਐਸਾ ‘ਗੁਣ’ ਹੈ ਜਿਸ ਰਾਹੀਂ ਇੱਕ ਮਨੁੱਖ ਦੂਸਰੇ ਮਨੁੱਖਾਂ ਨੂੰ ਹਰ ਪੱਧਰ ‘ਤੇ ਬਰਾਬਰ ਸਮਝਦਾ ਹੈ-ਇਹ ਸਮਾਜਿਕ ਰਿਸ਼ਤਿਆਂ ਦਾ ਇੱਕ ਜ਼ਰੂਰੀ ਚਲਨ ਹੈ। ਗੁਰੂ ਨਾਨਕ ਸਾਹਿਬ ਜਾਤੀ ਪ੍ਰਬੰਧ ਨੂੰ ਨਕਾਰਦਿਆਂ ਕਹਿੰਦੇ ਹਨ ਕਿ ਮੇਰਾ ਸਾਥ ਉਨ੍ਹਾਂ ਨਾਲ ਹੈ ਜੋ ਨੀਵੀਂ ਤੋਂ ਨੀਵੀਂ ਜਾਤ ਦੇ ਕਹੇ ਜਾਂਦੇ ਹਨ ਕਿਉਂਕਿ ਪਰਮਾਤਮਾ ਦੀ ਬਖ਼ਸ਼ਿਸ਼, ਉਸ ਦੀ ਮਿਹਰ ਦੀ ਨਜ਼ਰ ਉਥੇ ਹੈ ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ,
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ
ਤਿਥੈ ਨਦਰਿ ਤੇਰੀ ਬਖਸੀਸ॥4॥3॥
(ਪੰਨਾ 15-16)
ਭਗਤ ਕਬੀਰ ਰਾਗੁ ਆਸਾ ਵਿਚ ਕਹਿੰਦੇ ਹਨ ਕਿ ਸਾਰੀ ਮਨੁੱਖ ਜਾਤ ਦੀਆਂ ਨਾੜਾਂ ਵਿਚ ਇੱਕੋ ਰੰਗ ਦਾ ਖ਼ੂਨ ਵਹਿੰਦਾ ਹੈ। ਫਿਰ ਕਿਸੇ ਨੂੰ ਵੀ ਜਨਮ ਦੇ ਆਧਾਰ ‘ਤੇ ਛੋਟਾ ਜਾਂ ਵੱਡਾ ਕਿਵੇਂ ਕਿਹਾ ਜਾ ਸਕਦਾ ਹੈ? ਇਹ ਤਾਂ ਨਹੀਂ ਹੈ ਕਿ ਬ੍ਰਾਹਮਣ ਦੀਆਂ ਨਾੜਾਂ ਵਿਚ ਦੁੱਧ ਵਗਦਾ ਹੈ ਅਤੇ ਦੂਸਰਿਆਂ ਦੀਆਂ ਵਿਚ ਖ਼ੂਨ, ਫਿਰ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਉਹ ਉਚੀ ਜਾਤ ਦਾ ਹੈ ਅਤੇ ਬਾਕੀ ਅਛੂਤ ਹਨ। ਜੇ ਉਹ ਦੂਸਰੇ ਲੋਕਾਂ ਤੋਂ ਵੱਖਰਾ ਹੈ ਫਿਰ ਉਹ ਆਮ ਲੋਕਾਂ ਦੀ ਤਰ੍ਹਾਂ ਕਿਉਂ ਪੈਦਾ ਹੋਇਆ ਹੈ, ਉਸ ਦਾ ਜਨਮ ਕਿਸੇ ਹੋਰ ਰਸਤੇ ਤੋਂ ਕਿਉਂ ਨਹੀਂ ਹੋਇਆ? ਨਿਆਉਂ ਦਾ ਅਰਥ ਹੈ ਦੂਸਰਿਆਂ ਦੇ ਹੱਕ ਦਾ ਮਾਣ ਕਰਨਾ, ਦੂਸਰਿਆਂ ਦੇ ਹੱਕ ਨਾ ਖੋਹਣਾ। ਇਸ ਬਾਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਕਿਸੇ ਦਾ ਹੱਕ ਖੋਹਣਾ ਇਸ ਤਰ੍ਹਾਂ ਹੈ ਜਿਵੇਂ ਹਿੰਦੂ ਲਈ ਗਊ ਦੀ ਆਣ ਅਤੇ ਮੁਸਲਮਾਨ ਲਈ ਸੂਰ। ਇਸੇ ਤਰ੍ਹਾਂ ਇਸਤਰੀ ਦੇ ਬਰਾਬਰ ਦਰਜੇ ਦੀ ਗੱਲ ਕਰਦਿਆਂ ਦੱਸਿਆ ਹੈ ਕਿ ਸਾਰਾ ਸਮਾਜਿਕ ਢਾਂਚਾ ਇਸਤਰੀ ਨਾਲ ਹੀ ਉਸਰਦਾ ਹੈ ਅਤੇ ਮਨੁੱਖ ਇਸਤਰੀ ਰਾਹੀਂ ਹੀ ਸੰਸਾਰ ‘ਤੇ ਜਨਮ ਲੈਂਦਾ ਹੈ। ਫਿਰ ਉਸ ਨੂੰ ਮੰਦਾ ਕਿਵੇਂ ਕਿਹਾ ਜਾ ਸਕਦਾ ਹੈ।
(ਚਲਦਾ)

Be the first to comment

Leave a Reply

Your email address will not be published.