ਮਾਨਸ ਤੋਂ ਦੇਵਤਾ: ਕਿਥੇ ਗੁਆਚਿਆ ਰਿਹਾ ਵੇ ਮੇਰਿਆ ਸਰਵਣਾ ਵੀਰਾ!

ਗੁਰਬਚਨ ਸਿੰਘ ਭੁੱਲਰ
ਫੋਨ: +80763-63058
ਕੁਛ ਦਿਨ ਪਹਿਲਾਂ ਦੀ ਘਟਨਾ ਹੈ। ਮੈਂ ਦਿੱਲੀ ਆਪਣੇ ਘਰ ਦੇ ਸਾਹਮਣੇ ਗਲੀ ਵਿਚ ਕੁਛ ਗੁਆਂਢੀਆਂ ਨਾਲ ਖੜ੍ਹਾ ਗੱਲਾਂ ਕਰ ਰਿਹਾ ਸੀ। ਉਨ੍ਹਾਂ ਵਿਚੋਂ ਇਕ ਦਾ ਦਸ ਕੁ ਸਾਲ ਦਾ ਲੜਕਾ ਆਇਆ ਅਤੇ ਕਹਿੰਦਾ, “ਡੈਡੀ, ਆਪ ਕੀ ਸਿਸਟਰ ਆਈ ਹੈ, ਘਰ ਚਲੀਏ।”
ਏਨਾ ਕਹਿ ਕੇ ਵਾਪਸ ਭੱਜਣ ਲੱਗੇ ਦੀ ਮੈਂ ਬਾਂਹ ਫੜ ਲਈ ਅਤੇ ਕਿਹਾ, “ਬੇਟਾ, ਉਹ ਤੇਰੀ ਵੀ ਕੁਛ ਲਗਦੀ ਹੈ ਕਿ ਨਹੀਂ?”
ਉਹਨੇ ਰਿਸ਼ਤਾ ਯਾਦ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ, “ਲਗਤੀ ਹੈ…ਉਂ…ਉਂ…ਕਿਆ ਲਗਤੀ ਹੈ…ਉਂ…ਬੂਆ!” ਤੇ ਉਹ ਬਾਂਹ ਛੁਡਾ ਕੇ ਭੱਜ ਗਿਆ।
ਜੇ ਸਰਸਰੀ ਦੇਖੋ, ਗੱਲ ਛੋਟੀ ਜਿਹੀ ਹੈ ਪਰ ਜੇ ਧਿਆਨ ਨਾਲ ਸੋਚੋ, ਗੱਲ ਬਹੁਤ ਵੱਡੀ ਹੈ। ਇਹ ਸਾਡੇ ਸਮਾਜ ਵਿਚ ਰਿਸ਼ਤਿਆਂ ਦੀ ਪਛਾਣ ਅਤੇ ਪਕੜ ਮੱਧਮ ਪੈਂਦੀ ਜਾਣ ਦੀ ਨਿਸ਼ਾਨੀ ਹੈ।
ਅਸਲ ਵਾਰਤਾ ਦੀ ਭੂਮਿਕਾ ਵਜੋਂ ਇਕ ਹੋਰ ਗੱਲ ਸੁਣਾਉਣੀ ਵੀ ਠੀਕ ਰਹੇਗੀ। ਕੋਈ ਅੱਧੀ ਸਦੀ ਪਹਿਲਾਂ ਦੀ ਗੱਲ ਹੈ। ਮੇਰੇ ਬਾਪੂ ਜੀ ਦਿੱਲੀ ਸਾਡੇ ਨਾਲ ਰਹਿੰਦਿਆਂ ਜਦੋਂ ਸਾਂਝੀ ਕੰਧ ਵਾਲੇ ਗੁਆਂਢੀਆਂ ਨੂੰ ਇਕ ਦੂਜੇ ਦੇ ਅੱਗੇ-ਪਿੱਛੇ ਬਾਰੇ ਬਿਲਕੁਲ ਬੇਪਤਾ ਦੇਖਦੇ ਤਾਂ ਬੜੇ ਹੈਰਾਨ ਹੁੰਦੇ। ਉਹ ਆਖਿਆ ਕਰਦੇ ਸਨ, ਸਾਡੇ ਜ਼ਮਾਨੇ ਵਿਚ ਲੋਕ ਅਣਜਾਣੇ ਬੰਦੇ ਨਾਲ ਪੈਦਲ ਰਾਹ ਤੁਰਦਿਆਂ ਜਾਂ ਰੇਲ-ਗੱਡੀ ਵਿਚ ਕੋਲ ਬੈਠਿਆਂ ਇਕ ਦੂਜੇ ਦਾ ਨਾਂ-ਪਤਾ, ਪਿੰਡ-ਗਰਾਂ ਤਾਂ ਪੁਛਦੇ ਹੀ, ਨਾਨਕਿਆਂ-ਦਾਦਕਿਆਂ, ਸਕੇ-ਸੰਬੰਧੀਆਂ, ਵਾਹੀ-ਖੇਤੀ ਤੱਕ ਹੋਰ ਸਾਰੀ ਜਾਣਕਾਰੀ ਦਾ ਵੀ ਲੈਣ-ਦੇਣ ਕਰ ਲੈਂਦੇ ਸਨ।
ਅਸੀਂ ਉਸ ਸਮੇਂ ਜਿਸ ਫ਼ਲੈਟ ਵਿਚ ਰਹਿੰਦੇ ਸੀ, ਉਹ ਪੌੜੀਆਂ ਚੜ੍ਹ ਕੇ ਖੱਬੇ ਪਾਸੇ ਸੀ ਅਤੇ ਸਾਹਮਣੇ ਸੱਜੇ ਪਾਸੇ ਇਕ ਹੋਰ ਪੰਜਾਬੀ ਪਰਿਵਾਰ ਰਹਿੰਦਾ ਸੀ। ਦੋਵਾਂ ਦਰਵਾਜ਼ਿਆਂ ਵਿਚਕਾਰ ਮਸਾਂ ਤਿੰਨ ਕੁ ਗ਼ਜ਼ ਦੀ ਵਿੱਥ ਸੀ। ਜਦੋਂ ਕਦੀ ਪੌੜੀਆਂ ਵਿਚ ਮੇਲ ਹੁੰਦਾ, ਮੈਂ ਉਹਨੂੰ ਮਦਾਨ ਸਾਹਿਬ ਆਖ ਕੇ ਦੁਆ-ਸਲਾਮ ਕਰ ਦਿੰਦਾ, ਉਹ ਮੈਨੂੰ ਭੁੱਲਰ ਸਾਹਿਬ ਆਖ ਕੇ ਜਵਾਬ ਦੇ ਦਿੰਦਾ। ਬਾਪੂ ਜੀ ਇਕ ਦਿਨ ਮੈਨੂੰ ਕਹਿੰਦੇ, “ਐਹ ਆਪਣੇ ਸਾਹਮਣੇ ਵਾਲੇ ਮਦਾਨ ਦਾ ਨਾਂ ਕੀ ਐ ਤੇ ਇਹ ਕਿਥੋਂ ਦੇ ਨੇ?”
ਮੈਂ ਕਿਹਾ, “ਪਤਾ ਨਹੀਂ, ਬਾਪੂ ਜੀ। ਕਦੇ ਕੁਛ ਜਾਣਨ ਦੀ ਲੋੜ ਹੀ ਨਹੀਂ ਪਈ। ਨਾਂ ਤਾਂ ਸਭ ਮਦਾਨ ਹੀ ਲੈਂਦੇ ਨੇ।”
ਉਹ ਹੈਰਾਨ ਹੋਏ, “ਹੱਦ ਹੋ ਗਈ! ਗੁਆਂਢੀ ਹਾਂ ਤੇ ਨਾਂ-ਥਾਂ ਦਾ ਪਤਾ ਨਹੀਂ।”
ਮੈਂ ਕੱਚਾ ਜਿਹਾ ਹੋ ਕੇ ਕਿਹਾ, “ਬਾਪੂ ਜੀ, ਵੱਡੇ ਸ਼ਹਿਰਾਂ ਦਾ ਜੀਵਨ ਆਪਣੇ ਪਿੰਡਾਂ ਨਾਲੋਂ ਬਿਲਕੁਲ ਵੱਖਰਾ ਹੈ। ਇਥੇ ਇਹੋ ਜਿਹੀ ਪੁੱਛ-ਦੱਸ ਦਾ ਲੋਕ ਬੁਰਾ ਮਨਾਉਂਦੇ ਨੇ। ਕਹਿੰਦੇ ਨੇ, ਕਿਸੇ ਦੂਜੇ ਨੂੰ ਇਨ੍ਹਾਂ ਗੱਲਾਂ ਨਾਲ ਕੀ ਮਤਲਬ।”
ਉਹ ਬੋਲੇ, “ਉਨ੍ਹਾਂ ਦੀ ਗੱਲ ਠੀਕ ਹੈ। ਜੋ ਕਿਸੇ ਹੈ, ਉਹਦਾ ਇਹ ਸਭ ਪੁੱਛਣ ਦਾ ਕੀ ਮਤਲਬ। ਪਰ ਅਸੀਂ ਕਿਸੇ ਥੋੜ੍ਹੋ ਹਾਂ, ਅਸੀਂ ਤਾਂ ਗੁਆਂਢੀ ਹਾਂ!”
ਇਸ ਮਾਨਵਵਾਦੀ ਤਰਕ ਦਾ ਕੀ ਜਵਾਬ ਹੋ ਸਕਦਾ ਸੀ, ਮੈਂ ਚੁੱਪ ਕਰਨਾ ਹੀ ਠੀਕ ਸਮਝਿਆ।
ਮੈਂ ਸੋਚਿਆ, ਗੱਲ ਮੁੱਕ ਗਈ ਪਰ ਮੁੱਕੀ ਹੈ ਨਹੀਂ ਸੀ। ਸ਼ਾਮ ਨੂੰ ਬਾਪੂ ਜੀ ਨੇੜਲੇ ਪਾਰਕ ਵਿਚ ਸੈਰ ਕਰ ਕੇ ਮੁੜੇ ਤਾਂ ਸਾਨੂੰ ਦੋਵਾਂ ਨੂੰ ਕੋਲ ਬੁਲਾ ਕੇ ਕਹਿੰਦੇ, “ਸੈਰ ਤੋਂ ਮੁੜਦਾ ਮੈਂ ਆਪਣੇ ਮਦਾਨ ਦੇ ਘਰ ਚਲਿਆ ਗਿਆ ਸੀ।” ਫੇਰ ਉਨ੍ਹਾਂ ਨੇ ਸਾਨੂੰ ਮਦਾਨ ਦਾ ਪੂਰਾ ਨਾਂ, ਉਨ੍ਹਾਂ ਦਾ ਪਾਕਿਸਤਾਨ ਦਾ ਪਿੱਛਾ, ਭਰਾ-ਭੈਣ, ਮਾਮੇ-ਭੂਆ, ਦਫ਼ਤਰ, ਵਗੈਰਾ ਦੀ ਸਾਰੀ ਜਾਣਕਾਰੀ ਦੇ ਦਿੱਤੀ ਅਤੇ ਬੋਲੇ, “ਮਦਾਨ ਦੇ ਘਰੋਂ ਬੀਬੀ ਬੜੀ ਭਲੀ ਹੈ, ਮੱਲੋਜ਼ੋਰੀ ਮਠਿਆਈ ਨਾਲ ਚਾਹ ਪਿਆਈ।”
ਇਕ ਰਿਸ਼ਤਾ ਸਕੇ-ਸੰਬੰਧੀਆਂ ਤੇ ਗੁਆਂਢੀਆਂ ਨਾਲ ਹੁੰਦਾ ਹੈ ਅਤੇ ਇਕ ਰਿਸ਼ਤਾ ਵਾਕਫ਼ਾਂ-ਦੋਸਤਾਂ ਤੇ ਸਹਿਕਰਮੀਆਂ ਨਾਲ ਹੁੰਦਾ ਹੈ। ਪਰ ਜੇ ਸਮਝੀਏ ਤਾਂ ਮਨੁੱਖ ਦੇ ਨਾਤੇ ਸਾਡਾ ਇਕ ਰਿਸ਼ਤਾ ਹਰ ਮਨੁੱਖ ਨਾਲ ਹੁੰਦਾ ਹੈ, ਉਹਨੂੰ ਅਸੀਂ ਜਾਣਦੇ ਹੋਈਏ ਜਾਂ ਨਾ। ਤੇ ਇਹੋ ਰਿਸ਼ਤਾ ਸਭ ਤੋਂ ਖ਼ੂਬਸੂਰਤ ਰਿਸ਼ਤਾ ਹੁੰਦਾ ਹੈ। ਜਾਨਵਰਾਂ ਨੂੰ ਕੁਦਰਤ ਨੇ ਇਹ ਸਮਰੱਥਾ ਨਹੀਂ ਦਿੱਤੀ ਪਰ ਅਸੀਂ ਕਿਸੇ ਵੀ ਮਨੁੱਖ ਦੇ ਸੁਖ ਵਿਚ ਸੁਖੀ ਅਤੇ ਦੁੱਖ ਵਿਚ ਦੁਖੀ ਮਹਿਸੂਸ ਕਰਨ ਦੇ ਸਮਰੱਥ ਹਾਂ ਅਤੇ ਸਾਨੂੰ ਕਰਨਾ ਚਾਹੀਦਾ ਵੀ ਹੈ!
ਜਦੋਂ ਕਦੇ ਅਜਿਹਾ ਜ਼ਿਕਰ ਚਲਦਾ ਹੈ, ਚਾਚਾ ਗੁਰਬਖ਼ਸ਼ ਸਿੰਘ ਯਾਦ ਆ ਜਾਂਦਾ ਹੈ। ਉਹ ਸਾਡੇ ਸਕੇ ਘਰਾਂ ਵਿਚੋਂ ਤਾਂ ਨਹੀਂ ਸੀ ਪਰ ਉਨ੍ਹਾਂ ਦਾ ਮਕਾਨ ਸਾਡੇ ਨੇੜੇ ਹੀ ਸੀ। ਚਾਚੇ ਦੀਆਂ ਤਿੰਨ ਭੈਣਾਂ ਸਨ, ਸਾਡੀਆਂ ਭੂਆ। ਉਸ ਦੇ ਦੁਖਦੇ-ਸੁਖਦੇ, ਖ਼ੁਸ਼ੀ-ਗ਼ਮੀ ਦੇ ਹਰ ਮੌਕੇ ਉਹ ਤਿੰਨੇ ਆ ਹਾਜ਼ਰ ਹੁੰਦੀਆਂ। ਜਦੋਂ ਮੈਂ ਕੁਛ ਵੱਡਾ ਹੋਇਆ ਤਾਂ ਇਕ ਦਿਨ ਉਨ੍ਹਾਂ ਦੇ ਟੱਬਰ ਦੀ ਅਤੇ ਚਾਚੇ ਦੇ ਚੰਗੇ ਸੁਭਾਅ ਦੀ ਗੱਲ ਚੱਲੀ ਤੋਂ ਮੇਰੀ ਮਾਂ ਕਹਿੰਦੀ, “ਸਕੀਆਂ ਭੈਣਾਂ ਤਾਂ ਤੇਰੇ ਚਾਚੇ ਦੀਆਂ ਦੋ ਹੀ ਨੇ, ਤੀਜੀ ਬੰਤੋ ਦੀ ਤਾਂ ਭਾਈ ਹੋਰ ਹੀ ਕਹਾਣੀ ਹੈ।”
ਜਦੋਂ ਮਾਂ ਨੇ ਪੂਰਾ ਕਿੱਸਾ ਸੁਣਾਇਆ, ਉਸ ਸਮੇਂ ਦੇ ਪੇਂਡੂ ਮਾਹੌਲ ਵਿਚ ਨੇਕ ਬੰਦਿਆਂ ਦੀ ਅਤੇ ਉਨ੍ਹਾਂ ਦੇ ਨਿਰਮਲ ਦਿਲਾਂ ਦੀਆਂ ਗੱਲਾਂ ਦੀ ਕੋਈ ਘਾਟ ਨਾ ਹੋਣ ਦੇ ਬਾਵਜੂਦ ਮੈਂ ਹੈਰਾਨ ਰਹਿ ਗਿਆ। ਮੇਰੇ ਮੂੰਹੋਂ ਸੁਤੇ-ਸਿਧ ਨਿੱਕਲ ਗਿਆ, “ਵਾਹ ਚਾਚਾ ਗੁਰਬਖ਼ਸ਼ ਸਿਆਂ, ਕਮਾਲ ਕਰ ਦਿੱਤੀ ਤੂੰ ਤਾਂ!”
ਹੁਣ ਤਾਂ ਰੱਬ ਜਾਣੇ, ਉਸ ਤੋਂ ਵੀ ਵੱਡਾ ਜੰਕਸ਼ਨ ਹੋਰ ਕੋਈ ਹੋਰ ਕਿਤੇ ਬਣ ਗਿਆ ਹੈ ਕਿ ਨਹੀਂ, ਬਠਿੰਡਾ ਓਦੋਂ ਰੇਲਾਂ ਦਾ ਏਸ਼ੀਆ ਦਾ ਸਭ ਤੋਂ ਵੱਡਾ ਜੰਕਸ਼ਨ ਮੰਨਿਆ ਜਾਂਦਾ ਸੀ। ਉਥੋਂ ਸੱਤ ਪਾਸਿਆਂ ਨੂੰ ਰੇਲਾਂ ਜਾਂਦੀਆਂ ਹਨ। ਮਤਲਬ ਵਾਇਆ ਬਠਿੰਡਾ ਕਿਤੇ ਵੀ ਪਹੁੰਚਿਆ ਜਾ ਸਕਦਾ ਹੈ। ਸਾਡੇ ਪਿੰਡ ਵਾਸਤੇ ਬਠਿੰਡਾ-ਅੰਬਾਲਾ ਲਾਈਨ ਉਤੇ ਚੌਵੀ ਘੰਟਿਆਂ ਵਿਚ ਦੋ ਗੱਡੀਆਂ ਇਧਰ ਨੂੰ ਅਤੇ ਦੋ ਉਧਰ ਨੂੰ ਚਲਦੀਆਂ ਸਨ। ਅੱਜ ਦੇ ਮਾਰੋ-ਮਾਰ ਰੁਝੇਵੇਂ ਨਹੀਂ ਸਨ ਹੁੰਦੇ। ਇਕ ਰੇਲ ਖੁੰਝੀ ਤੋਂ ਲੋਕ ਪਲੇਟਫ਼ਾਰਮ ਉਤੇ ਬੈਠੇ ਆਰਾਮ ਨਾਲ ਗੱਲਾਂ ਮਾਰਦੇ ਹੋਏ ਜਾਂ ਲੰਮੇ ਪਏ ਹੋਏ ਅਗਲੀ ਗੱਡੀ ਦੀ ਉਡੀਕ ਕਰਦੇ ਰਹਿੰਦੇ।
ਇਕ ਦਿਨ ਚਾਚਾ ਗੁਰਬਖ਼ਸ਼ ਸਿੰਘ ਬਠਿੰਡੇ ਦੇ ਮੁਸਾਫ਼ਰਖਾਨੇ ਦੇ ਬੈਂਚ ਉਤੇ ਬੈਠਾ ਰੇਲ ਉਡੀਕ ਰਿਹਾ ਸੀ ਤਾਂ ਇਕ ਸੁਆਣੀ ਉਸੇ ਬੈਂਚ ਉਤੇ ਗਠੜੀ ਰੱਖ ਕੇ ਬੈਠ ਗਈ। ਗੱਲਾਂ ਤਾਂ ਚੱਲਣੀਆਂ ਹੀ ਹੋਈਆਂ। ਲੋਕ ਇਕ ਦੂਜੇ ਨਾਲ ਮਨੁੱਖੀ ਰਿਸ਼ਤਾ ਸਮਝਦਿਆਂ ਗੱਲੀਂ ਪੈਂਦੇ ਹੀ ਸਨ। ਸੁਆਣੀ ਨੇ ਆਪਣੇ ਪਿੰਡ ਜਾਣ ਵਾਸਤੇ ਮਾਨਸਾ ਵਾਲੀ ਗੱਡੀ ਫੜਨੀ ਸੀ।
ਚਾਚੇ ਨੂੰ ਲੱਗਿਆ, ਕੋਈ ਕਸਰ ਜ਼ਰੂਰ ਹੈ, ਉਹ ਕੁਛ ਢਿੱਲੀ ਜਿਹੀ ਹੈ। ਉਹਨੇ ਪੁੱਛਿਆ, “ਬੀਬੀ, ਤੇਰਾ ਕੁਛ ਦੁਖਦਾ ਹੈ?”
ਉਹਨੇ ਨਹੀਂ ਵਿਚ ਸਿਰ ਫੇਰਿਆ।
ਚਾਚਾ ਕਹਿੰਦਾ, “ਫੇਰ ਭਾਈ ਤੂੰ ਉਦਾਸੀ ਜਿਹੀ ਕਿਉਂ ਹੈਂ?”
ਉਹ ਬੋਲੀ, “ਕੀ ਦੱਸਾਂ ਭਾਈ, ਮਹੀਨੇ ਕੁ ਨੂੰ ਮੇਰੀ ਧੀ ਦਾ ਵਿਆਹ ਐ। ਅੱਜ ਸੁਨਿਆਰ ਨੂੰ ਕੁਛ ਟੂਮ-ਟੱਲਾ ਬਣਨਾ ਦੇ ਕੇ ਆਈ ਆਂ ਤੇ ਐਹ ਕੁਛ ਲੀੜੇ-ਲੱਤੇ ਲੈ ਕੇ ਚੱਲੀ ਆਂ। ਵਿਆਹ ਦੀ ਖਰੀਦ ਵਿਚ ਲੱਗੀ ਦੀ ਮੇਰੀ ਸੁਰਤ ਮੁੜ-ਮੁੜ ਪੇਕਿਆਂ ਵੰਨੀਂ ਭਟਕਦੀ ਰਹੀ। ਮੇਰੇ ਕੋਈ ਭਰਾ ਨਹੀਂ। ਮੈਨੂੰ ਇਹੋ ਵਿਗੋਚਾ ਖਾਈ ਜਾਂਦਾ ਐ ਭਾਈ, ਨਾਨਕੇ ਵਿਹਾਰ ਕਿਵੇਂ ਨਿਭਣਗੇ! ਜੇ ਰੱਬ ਨੇ ਮੇਰੀ ਧੀ ਦਾ ਕੋਈ ਸਕਾ ਮਾਮਾ ਦਿੱਤਾ ਹੁੰਦਾ, ਹੁੱਬ ਕੇ ਵਿਆਹ ਆਉਂਦਾ ਤੇ ਸਾਰੇ ਵਿਹਾਰ ਨਿਭਾਉਂਦਾ!” ਉਹਦੀਆਂ ਅੱਖਾਂ ਭਿੱਜ ਗਈਆਂ ਤੇ ਉਹ ਹੌਕਾ ਲੈ ਕੇ ਚੁੱਪ ਕਰ ਗਈ।
ਚਾਚੇ ਨੇ ਉਹਦਾ ਉਦਾਸਿਆ ਚਿਹਰਾ ਗਹੁ ਨਾਲ ਦੇਖਿਆ ਤੇ ਕਹਿੰਦਾ, “ਕੁੜੀਏ ਕੌਣ ਕਹਿੰਦਾ ਹੈ, ਤੇਰੇ ਭਰਾ ਨਹੀਂ, ਐਹ ਦੇਖ ਬੈਠਾ ਤੇਰਾ ਭਰਾ, ਤੇਰਾ ਸਕਾ ਭਰਾ! ਗੁਰਬਖ਼ਸ਼ ਸਿਉਂ ਨਾਂ ਹੈ ਮੇਰਾ ਤੇ ਪਿੰਡ ਪਿੱਥੋ। ਪੂਰੇ ਪਿੰਡ ਵਿਚ ਹੋਰ ਕੋਈ ਗੁਰਬਖ਼ਸ਼ ਸਿਉਂ ਹੈ ਹੀ ਨਹੀਂ। ਦੋ ਅੱਖਰ ਲਿਖਾ ਕੇ ਡਾਕਖਾਨੇ ਦਾ ਕੱਚਾ ਕਾਟ ਨਾ ਪਾ ਦੇਈਂ, ਨਾਈ ਹੱਥ ਪੱਕੀ ਗੰਢ ਭੇਜੀਂ। ਨਾਈ ਨੂੰ ਉਹਦਾ ਵਿਹਾਰ ਦੇਊਂ। ਵਿਆਹ ਵੇਲੇ ਜੋ ਟੂਮ-ਟਾਕੀ ਸਰੀ, ਮੈਂ ਤੇਰੀ ਭਰਜਾਈ ਤੇ ਹੋਰ ਸਾਰੇ ਮਹੈਣ ਨਾਲ ਨਾਨਕ-ਛੱਕ ਲੈ ਕੇ ਆਊਂਗਾ। ਨਾਨਕਿਆਂ ਵਾਲੇ ਪੂਰੇ ਵਿਹਾਰ ਕਰਾਂਗੇ ਅੱਗੇ ਹੋ-ਹੋ! ਐਵੇਂ ਨਾ ਉਦਾਸ ਬੈਠ। ਮੇਰੀ ਭਾਣਜੀ ਦਾ ਸਾਹਾ ਐ, ਖ਼ੁਸ਼ੀ ਦਾ ਮੌਕਾ ਐ, ਖ਼ੁਸ਼ ਹੋ ਕਮਲੀਏ!”
ਬੇਯਕੀਨੀ ਜਿਹੀ ਨਾਲ ਸੁਣਦੀ ਰਹੀ ਬੀਬੀ ਦਾ ਜਿਵੇਂ ਕੜ ਪਾਟ ਗਿਆ ਹੋਵੇ। ਉਹ ਉਠ ਕੇ ਚਾਚੇ ਦੇ ਗਲ਼ ਨੂੰ ਚਿੰਬੜ ਕੇ ਧਾਹਾਂ ਮਾਰਨ ਲੱਗੀ, “ਕਿਥੇ ਗੁਆਚਿਆ ਰਿਹਾ ਵੇ ਮੇਰਿਆ ਸਰਵਣਾ ਵੀਰਾ!”
ਵਿਆਹ ਦਾ ਦਿਨ ਨੇੜੇ ਆਉਂਦਾ ਜਾਂਦਾ ਸੀ। ਰਿਸ਼ਤੇਦਾਰੀਆਂ ਵਿਚ ਗੰਢਾਂ ਭੇਜੀਆਂ ਜਾਣ ਲੱਗੀਆਂ। ਇਕ ਦਿਨ ਜਦੋਂ ਜੱਗਰ ਨਾਈ ਨੇ ਬੰਤੋ ਨੂੰ ਪੁੱਛਿਆ, ਅੱਜ ਗੰਢ ਕਿਹੜੀ ਰਿਸ਼ਤੇਦਾਰੀ ਵਿਚ ਲੈ ਕੇ ਜਾਣੀ ਹੈ, ਉਹ ਮੁਸਕਰਾਈ, “ਭਾਈ ਜੱਗਰਾ, ਅੱਜ ਗੰਢ ਮੇਰੇ ਸਕੇ ਭਰਾ ਨੂੰ ਰਾਮਪੁਰੇ ਨੇੜੇ ਪਿੱਥੋ ਦੇਣ ਜਾਣਾ ਹੈ।”
ਸਕਾ ਭਰਾ? ਜੱਗਰ ਹੈਰਾਨ! ‘ਮੁੱਦਤਾਂ ਪਹਿਲਾਂ ਵਿਆਹ ਕੇ ਲਿਆਂਦੀ ਬੰਤੋ ਵੀ ਏਸੇ ਪਿੰਡ ਵਿਚ ਰਹਿੰਦੀ ਹੈ ਤੇ ਮੈਂ ਵੀ ਇਥੇ ਹੀ ਰਹਿੰਦਾ ਹਾਂ। ਹਰੇਕ ਘਰ ਦੀ ਇਕ-ਇਕ ਰਿਸ਼ਤੇਦਾਰੀ ਦਾ ਮੈਨੂੰ ਪਤਾ ਹੈ। ਬੰਤਕੁਰ ਦੇ ਭਰਾ-ਵਿਰਵੇ ਪੇਕਿਆਂ ਤੋਂ ਨਾ ਕੋਈ ਕਦੇ ਆਇਆ, ਨਾ ਗਿਆ। ਹੁਣ ਇਹਦੇ ਇਹ ਦੂਜੇ ਪੇਕੇ ਪਿੱਥੋ ਪਿੰਡ ਕਿਥੋਂ ਨਿੱਕਲ ਆਏ! ਤੇ ਪੇਕੇ ਵੀ ਭਰਾ ਵਾਲ਼ੇ!’
ਬੰਤੋ ਉਹਦੀ ਉਲਝਨ ਦੇਖ ਕੇ ਕਹਿੰਦੀ, “ਤੂੰ, ਭਾਈ ਜੱਗਰਾ, ਸੋਚਾਂ ਵਿਚ ਨਾ ਪੈ। ਜਾ ਕੇ ਦੇਖੀਂ, ਤੈਨੂੰ ਕਿਵੇਂ ਹੱਥਾਂ ’ਤੇ ਚਕਦੇ ਐ ਤੇ ਵਧੀਆ ਲਾਗ ਦਿੰਦੇ ਐ!”
ਨਾਈ ਗੰਢ ਲਿਆਇਆ, ਚਾਚੀ ਨੇ ਉਹਨੂੰ ਖੇਸ ਤੇ ਪੰਜ ਰੁਪਈਏ ਦਿੱਤੇ। ਭਾਣਜੀ ਦੇ ਵਿਆਹ ਦਾ ਸਾਰਾ ਲੈਣ-ਦੇਣ ਉਸੇ ਹਿਸਾਬ ਨਾਲ ਕੀਤਾ ਜਿਵੇਂ ਦੋਵਾਂ ਸਕੀਆਂ ਭੈਣਾਂ ਦੀਆਂ ਧੀਆਂ ਦੇ ਵਿਆਹਾਂ ਵੇਲੇ ਕੀਤਾ ਸੀ। ਉਸ ਦਿਨ ਤੋਂ ਚਾਚੇ ਦੀਆਂ ਦੋ ਦੀ ਥਾਂ ਤਿੰਨ ਸਕੀਆਂ ਭੈਣਾਂ ਤਾਂ ਹੋ ਹੀ ਗਈਆਂ, ਉਸ ਮਗਰੋਂ ਉਹਦੀ ਔਲਾਦ ਲਈ ਵੀ ਉਹ ਤਿੰਨੇ ਬਰਾਬਰ ਦੀਆਂ ਸਕੀਆਂ ਭੂਆ ਰਹੀਆਂ।
ਇਉਂ ਜੇ ਬੰਦਾ ਸਮਝੇ-ਪਛਾਣੇ, ਇਕ ਮਨੁੱਖ ਦਾ ਦੂਜੇ ਮਨੁੱਖ ਨਾਲ ਸਭ ਤੋਂ ਸੰਘਣਾ ਰਿਸ਼ਤਾ ਮਨੁੱਖਤਾ ਦਾ ਰਿਸ਼ਤਾ ਹੀ ਹੁੰਦਾ ਹੈ!