ਹਰਮੀਤ ਸਿੰਘ ਕਾਲਕਾ ਬਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਤੇ ਅੰਤਰਿੰਗ ਬੋਰਡ ਦੀਆਂ ਚੋਣ ਦੌਰਾਨ ਤਕਰੀਬਨ 11 ਘੰਟੇ ਚੱਲੇ ਹੰਗਾਮੇ ਤੋਂ ਬਾਅਦ ਵਿਰੋਧੀ ਧਿਰ ਦੀ ਗੈਰ ਮੌਜੂਦਗੀ ਵਿਚ ਹੋਈ ਚੋਣ ਦੌਰਾਨ ਹਰਮੀਤ ਸਿੰਘ ਕਾਲਕਾ ਨੂੰ ਦਿੱਲੀ ਕਮੇਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ।

ਇਸ ਤੋਂ ਇਲਾਵਾ ਜਗਦੀਪ ਸਿੰਘ ਕਾਹਲੋਂ ਨੂੰ ਜਨਰਲ ਸਕੱਤਰ, ਹਰਵਿੰਦਰ ਸਿੰਘ ਕੇ.ਪੀ. ਨੂੰ ਸੀਨੀਅਰ ਮੀਤ ਪ੍ਰਧਾਨ, ਆਤਮਾ ਸਿੰਘ ਲੁਬਾਣਾ ਨੂੰ ਜੂਨੀਅਰ ਮੀਤ ਪ੍ਰਧਾਨ ਤੇ ਸੰਯੁਕਤ ਸਕੱਤਰ ਲਈ ਜਸਮੇਨ ਸਿੰਘ ਨੌਨੀ ਨੂੰ ਚੁਣੇ ਜਾਣ ਦੇ ਨਾਲ ਹੀ ਕਾਰਜਕਾਰਨੀ ਕਮੇਟੀ ਦੇ 10 ਮੈਂਬਰ ਵੀ ਚੁਣੇ ਗਏ। ਇਸ ਤੋਂ ਪਹਿਲਾਂ ਪੁਲਿਸ ਦੇ ਭਾਰੀ ਬੰਦੋਬਸਤ ਦੌਰਾਨ ਬਾਹਰ ਕੱਢੇ ਗਏ ਵਿਰੋਧੀ ਧਿਰਾਂ ਵੱਲੋਂ ਸਰਕਾਰੀ ਦਬਾਅ ਅਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਹੋਏ ਇਨ੍ਹਾਂ ਚੋਣਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। 1 ਵੋਟ ਨੂੰ ਰੱਦ ਕਰਨ ਦੇ ਮਸਲੇ ਨੂੰ ਲੈ ਕੇ ਸ਼ੁਰੂ ਹੋਇਆ ਹੰਗਾਮਾ ਕਰੀਬ 11 ਘੰਟੇ ਅੜਿੱਕੇ ਦਾ ਕਾਰਨ ਬਣਿਆ ਰਿਹਾ। ਇਸ ਸਾਰੇ ਮਾਮਲੇ ‘ਚ ਕਰਾਸ ਵੋਟਿੰਗ ਹੋਣ ਦੇ ਖਦਸ਼ੇ ਨੂੰ ਇਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ‘ਚ ਅਸੱਭਿਅਕ ਭਾਸ਼ਾ ਦੀ ਵਰਤੋਂ ਅਤੇ ਧੱਕਾ-ਮੁੱਕੀ ਦੀਆਂ ਘਟਨਾਵਾਂ ਕਾਰਨ ਧਾਰਮਿਕ ਸੰਸਥਾ ਲਈ ਚੁਣੇ ਗਏ ਸਿੱਖ ਆਗੂਆਂ ਦੇ ਵਤੀਰੇ ਅਤੇ ਕਾਰਜਸ਼ੈਲੀ ਉਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਹਨ।
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਤੇ ਅੰਤਰਿੰਗ ਬੋਰਡ ਦੀ ਚੋਣਾਂ ਦੀ ਕਾਰਵਾਈ ਨੂੰ ਲੈ ਕੇ ਵਿਰੋਧੀ ਧਿਰ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉਤੇ ਤਿੱਖੇ ਹਮਲੇ ਕੀਤੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਜੀ.ਕੇ., ਤਰਵਿੰਦਰ ਸਿੰਘ ਮਰਵਾਹ ਤੇ ਹੋਰਨਾ ਨੇ ਸਾਂਝੇ ਤੌਰ ‘ਤੇ ਦੋਸ਼ ਲਾਇਆ ਕਿ ਅਹੁਦੇਦਾਰਾਂ ਦੀ ਚੋਣ ਦੌਰਾਨ ਜਮਹੂਰੀਅਤ ਦਾ ਕਤਲ ਕਰਕੇ ਵਿਰੋਧੀ ਧਿਰ ਨਾਲ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਮਸਲੇ ਨੂੰ ਲੈ ਕੇ ਅਕਾਲ ਤਖ਼ਤ ਅਤੇ ਅਦਾਲਤ ਤੱਕ ਪਹੁੰਚ ਕੀਤੀ ਜਾਵੇਗੀ। ਕਾਨਫਰੰਸ ਦੌਰਾਨ ਜੀ. ਕੇ. ਨੇ ਕਿਹਾ ਕਿ ਇਤਿਹਾਸ ‘ਚ ਪਹਿਲੀ ਵਾਰੀ ਹੋਇਆ ਹੈ ਕਿ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਨੂੰ ਹੀ ਆਪਣੀ ਵੋਟ ਪਾਉਣ ਤੋਂ ਪਹਿਲਾਂ ਹੀ ਪੁਲਿਸ ਬਾਹਰ ਲੈ ਗਈ।