ਚੰਡੀਗੜ੍ਹ: ‘ਨਵਾਂ ਚੰਡੀਗੜ੍ਹ’ ਬਣਾਉਣ ਦਾ ਐਲਾਨ ਕਰਨ ਵਾਲੀ ਪੰਜਾਬ ਸਰਕਾਰ ਮੁੱਲਾਂਪੁਰ ਵਿਚ ਮਿੰਨੀ ਪੀæਜੀæਆਈæ ਲਈ ਥਾਂ ਦੇਣ ਤੋਂ ਟਾਲਾ ਵੱਟ ਰਹੀ ਹੈ। ਗਰੇਟਰ ਮੁਹਾਲੀ ਵਿਕਾਸ ਅਥਾਰਟੀ (ਗਮਾਡਾ) ਨੇ ਪੀæਜੀæਆਈæ ਪ੍ਰਸ਼ਾਸਨ ਦੀਆਂ ਮਿੰਨੀ ਪੀæਜੀæਆਈæ ਨਾਲ ਸਬੰਧਤ ਚਿੱਠੀਆਂ ਦਾ ਜਵਾਬ ਦੇਣਾ ਬੰਦ ਕਰ ਦਿੱਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੀæਜੀæਆਈæ ਨੇ ਪੰਜਾਬ ਸਰਕਾਰ ਨਾਲ ਇਸ ਸਬੰਧੀ ਹੋਰ ਗੱਲਬਾਤ ਨਾ ਕਰਨ ਦਾ ਫ਼ੈਸਲਾ ਲੈ ਲਿਆ ਹੈ। ਇੰਜਨੀਅਰਿੰਗ ਵਿਭਾਗ ਵੱਲੋਂ ਪ੍ਰਾਜੈਕਟ ਦਾ ਨਕਸ਼ਾ ਤਿਆਰ ਕਰ ਲਿਆ ਗਿਆ ਹੈ।
ਕੇਂਦਰੀ ਸਿਹਤ ਮੰਤਰੀ ਗ਼ੁਲਾਮ ਨਬੀ ਆਜ਼ਾਦ ਨੇ ਸੱਤ ਜੁਲਾਈ 2012 ਨੂੰ ਪੀæਜੀæਆਈæ ਦੇ 50ਵੇਂ ਸਥਾਪਨਾ ਦਿਵਸ ਮੌਕੇ ਚੰਡੀਗੜ੍ਹ ਨੇੜੇ ਮਿੰਨੀ ਪੀæਜੀæਆਈæ ਬਣਾਉਣ ਦਾ ਐਲਾਨ ਕੀਤਾ ਸੀ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਲਾਂਪੁਰ ਵਿਚ ਮਿੰਨੀ ਪੀæਜੀæਆਈæ ਲਈ 25 ਏਕੜ ਥਾਂ ਦੇਣ ਦੀ ਪੇਸ਼ਕਸ਼ ਕੀਤੀ ਸੀ। ਨਾਲ ਹੀ ਕੇਂਦਰੀ ਸਿਹਤ ਮੰਤਰੀ ਨੇ ਸੰਗਰੂਰ ਵਿਚ ਦੋ ਸੌ ਬੈੱਡ ਤੇ ਫਿਰੋਜ਼ਪੁਰ ਵਿਚ ਸੌ ਬੈੱਡ ਦਾ ਹਸਪਤਾਲ ਬਣਾਉਣ ਦਾ ਐਲਾਨ ਵੀ ਕੀਤਾ ਸੀ।
ਇਸ ਤੋਂ ਸਾਲ ਬਾਅਦ ਛੇ ਜੁਲਾਈ, 2013 ਨੂੰ ਸਥਾਪਨਾ ਜਸ਼ਨਾਂ ਦੇ ਆਖ਼ਰੀ ਸਮਾਗਮ ਮੌਕੇ ਗ਼ੁਲਾਮ ਨਬੀ ਆਜ਼ਾਦ ਵੱਲੋਂ ਸੰਗਰੂਰ ਦੇ ਹਸਪਤਾਲ ਨੂੰ ਦੋ ਸੌ ਤੋਂ ਵਧਾ ਕੇ ਪੰਜ ਸੌ ਬੈੱਡ ਦਾ ਕਰਨ ਦਾ ਐਲਾਨ ਕਰ ਦਿੱਤਾ। ਇਨ੍ਹਾਂ ਦੋਵੇਂ ਸੈਂਟਰਾਂ ਨੂੰ ਪੀæਜੀæਆਈæ ਦੇ ਸੈਟੇਲਾਈਟ ਸੈਂਟਰ ਦਾ ਨਾਂ ਦਿੱਤਾ ਗਿਆ ਸੀ। ਇਸ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਲਾਂਪੁਰ ਵਿਖੇ 25 ਏਕੜ ਥਾਂ ਦੇਣ ਦਾ ਵਾਅਦਾ ਦੁਹਰਾ ਦਿੱਤਾ ਸੀ।
ਪੀæਜੀæਆਈæ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮਿੰਨੀ ਪੀæਜੀæਆਈæ ਲਈ ਥਾਂ ਦੇਣ ਦਾ ਵਾਰ ਵਾਰ ਐਲਾਨ ਕਰ ਰਹੇ ਹਨ ਪਰ ਦੂਜੇ ਪਾਸੇ ਗਮਾਡਾ ਵੱਲੋਂ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਥਾਂ ਦੇਣ ਬਾਰੇ ਦੋ ਵਾਰ ਲਿਖੇ ਪੱਤਰਾਂ ਦਾ ਉੱਤਰ ਦੇਣ ਦੀ ਲੋੜ ਨਹੀਂ ਸਮਝੀ ਜਾ ਰਹੀ ਹੈ। ਮਿੰਨੀ ਪੀæਜੀæਆਈæ ਸਮੇਤ ਦੂਜੇ ਦੋਵੇਂ ਸੈਟੇਲਾਈਟ ਸੈਂਟਰਾਂ ਵਾਸਤੇ ਥਾਂ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਜਦਕਿ ਉਸਾਰੀ ਸਮੇਤ ਬਾਕੀ ਸਾਰਾ ਖਰਚਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਣਾ ਹੈ।
ਪੀæਜੀæਆਈæ ਵੱਲੋਂ ਇਸ ਪ੍ਰਾਜੈਕਟ ਵਿਚ ਕੈਂਸਰ ਰਿਸਰਚ ਸੈਂਟਰ, ਨਵੀਂ ਓæਪੀæਡੀæ, ਇਮੇਜਿੰਗ ਡਾਇਗੌਨਸਟਿਕ ਸੈਂਟਰ ਤੇ ਸੈਂਟਰ ਫਾਰ ਸਪੋਰਟਸ ਇੰਜਰੀ ਸੈਂਟਰ ਸਥਾਪਤ ਕਰਨ ਦੀ ਵੀ ਯੋਜਨਾ ਹੈ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਨਵੇਂ ਚੰਡੀਗੜ੍ਹ ਦੇ ਪ੍ਰਚਾਰ ਲਈ ਪ੍ਰਸਤਾਵਿਤ ਮੈਡੀਸਿਟੀ ਦਾ ਸਹਾਰਾ ਲਿਆ ਜਾ ਰਿਹਾ ਹੈ ਜਦਕਿ ਅਸਲੀਅਤ ਵਿਚ ਇਸ ਲਈ ਥਾਂ ਦੇਣ ਤੋਂ ਵੀ ਟਾਲਾ ਵੱਟਿਆ ਜਾ ਰਿਹਾ ਹੈ।
ਪੀæਜੀæਆਈæ ਦੇ ਇੰਜਨੀਅਰਿੰਗ ਵਿੰਗ ਦੇ ਸੂਤਰਾਂ ਅਨੁਸਾਰ ਗਮਾਡਾ ਵੱਲੋਂ ਪ੍ਰਾਜੈਕਟ ਵਿਚ ਕੋਈ ਰੁਚੀ ਨਹੀਂ ਦਿਖਾਈ ਜਾ ਰਹੀ ਹੈ। ਇਥੋਂ ਤੱਕ ਕਿ ਪੱਤਰਾਂ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਪੀæਜੀæਆਈæ ਦੀ ਬੁਲਾਰਾ ਮੰਜੂ ਵਾਡਵੇਲਕਰ ਨੇ ਕਿਹਾ ਕਿ ਸਰਕਾਰ ਚੁੱਪ ਵੱਟੀ ਬੈਠੀ ਹੈ, ਇਸ ਕਰਕੇ ਹਾਲੇ ਤੱਕ ਕੁਝ ਨਹੀਂ ਹੋਇਆ ਹੈ। ਗਮਾਡਾ ਦੇ ਪ੍ਰਸ਼ਾਸਕ ਅਜੋਏ ਕੁਮਾਰ ਸਿਨਹਾ ਦਾ ਕਹਿਣਾ ਹੈ ਕਿ ਉਨਾਂ੍ਹ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਸਰਕਾਰ ਨੇ ਮਿੰਨੀ ਪੀæਜੀæਆਈæ ਵਾਸਤੇ ਥਾਂ ਦੀ ਚੋਣ ਜਾਂ ਅਲਾਟ ਕਰਨ ਬਾਰੇ ਕੋਈ ਹਦਾਇਤ ਦਿੱਤੀ ਹੈ।
Leave a Reply