ਕੈਪਟਨ ਆਪਣੇ ਆਪ ਘਿਰਿਆ

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹੀਂ ਦਿਨੀਂ ਆਪਣੇ ਬਿਆਨਾਂ ਕਾਰਨ ਚਰਚਾ ਵਿਚ ਹੈ। ਆਪਣੇ ਸਿਆਸੀ ਵਿਰੋਧੀਆਂ ਨੂੰ ਪਾਕਿਸਤਾਨੀ ਹਮਾਇਤੀ ਅਤੇ ਆਪਣਾ ਆਪ ਨੂੰ ‘ਸੱਚਾ ਰਾਸ਼ਟਰਵਾਦੀ` ਸਾਬਤ ਕਰਨ ਦੇ ਚੱਕਰ ਵਿਚ ਕੈਪਟਨ ਖੁਦ ਹੀ ਘਿਰ ਗਿਆ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਸਰਕਾਰ ‘ਚ ਮੁੜ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਸਿਫਾਰਸ਼ਾਂ ਆਈਆਂ ਸਨ, ਕਿਉਂਕਿ ਸਿੱਧੂ ਉਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਰਾਣਾ ਦੋਸਤ ਹੈ। ਕੈਪਟਨ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਸਰਕਾਰ ‘ਚੋਂ ਨਵਜੋਤ ਸਿੱਧੂ ਨੂੰ ਹਟਾਇਆ ਗਿਆ ਤਾਂ ਮੈਨੂੰ ਪਾਕਿਸਤਾਨ ਤੋਂ ਸੁਨੇਹੇ ਮਿਲੇ। ਕੈਪਟਨ ਨੇ ਇਹ ਦਾਅਵਾ ਭਾਜਪਾ ਹੈੱਡਕੁਆਰਟਰ ‘ਤੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। ਹੁਣ ਜਿਥੇ ਕੌਮੀ ਮੀਡੀਆ ਵੱਲੋਂ ਕੈਪਟਨ ਨੂੰ ਘੇਰਿਆ ਜਾ ਰਿਹਾ ਹੈ, ਉਥੇ ਵਿਰੋਧੀ ਧਿਰਾਂ ਵੱਲੋਂ ਵੀ ਸਵਾਲ ਕੀਤੇ ਜਾ ਰਹੇ ਹਨ ਕਿ ਗੁਆਂਢੀ ਮੁਲਕ ਵਿਚੋਂ ਕੈਪਟਨ ਨੂੰ ਫੋਨ ਕਰਨ ਵਾਲੇ ਕਿਹੜੇ ਲੋਕ ਸਨ ਤੇ ਉਨ੍ਹਾਂ ਨੇ ਇਸ ਗੰਭੀਰ ਮੁੱਦੇ ਉਤੇ ਹੁਣ ਤੱਕ ਚੁੱਪ ਕਿਉਂ ਧਾਰੀ ਰੱਖੀ। ਸਭ ਤੋਂ ਵੱਡਾ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਕੈਪਟਨ ਵੱਲੋਂ ਭਾਜਪਾ ਦੇ ਮੰਚ ਤੋਂ ਹੀ ਅਜਿਹਾ ਖੁਲਾਸਾ ਕਿਉਂ ਕੀਤਾ ਗਿਆ?
ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਆਪਣੀ ਨਵੀਂ ਸਿਆਸੀ ਪਾਰਟੀ ‘ਪੰਜਾਬ ਲੋਕ ਕਾਂਗਰਸ` ਬਣਾ ਕੇ ਭਾਜਪਾ ਨਾਲ ਰਲ ਕੇ ਵਿਧਾਨ ਸਭਾ ਚੋਣਾਂ ਲੜ ਰਹੇ ਹਨ। ਭਾਜਪਾ ਨਾਲ ਸਾਂਝ ਤੋਂ ਬਾਅਦ ਕੈਪਟਨ ਵੀ ਭਗਵਾ ਧਿਰ ਦੇ ‘ਰਾਸ਼ਟਰਵਾਦ` ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਭਾਰ ਰਹੇ ਹਨ। ਭਾਜਪਾ ਵੀ ਹੁਣ ਤੱਕ ਇਹੀ ਦਾਅਵਾ ਕਰ ਰਹੀ ਹੈ ਕਿ ਕੈਪਟਨ ਦੀ ਸੱਚੇ ਰਾਸ਼ਟਰਵਾਦੀ ਵਾਲੀ ਸੋਚ ਉਸ ਨਾਲ (ਭਾਜਪਾ) ਮੇਲ ਖਾਂਦੀ ਹੈ ਤੇ ਉਸ ਨੂੰ ਅਜਿਹੀ ਭਾਈਵਾਲੀ ਉਤੇ ਮਾਣ ਹੈ।
ਕੈਪਟਨ ਸ਼ੁਰੂ ਤੋਂ ਹੀ ਪਾਕਿਸਤਾਨ ਤੋਂ ਅਤਿਵਾਦ ਆਉਣ ਦਾ ਰੌਲਾ ਪਾ ਕੇ ਇਸ ਗੁਆਂਢੀ ਮੁਲਕ ਤੋਂ ਦੂਰੀ ਬਣਾ ਕੇ ਰੱਖਣ ਦੀਆਂ ਸਲਾਹਾਂ ਦਿੰਦੇ ਆਏ ਹਨ। ਇਥੋਂ ਤੱਕ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਵੇਲੇ ਵੀ ਕੈਪਟਨ ਨੇ ਕੁਝ ਭਾਜਪਾ ਆਗੂਆਂ ਦੀ ਹਾਂ ਵਿਚ ਹਾਂ ਵਿਚ ਮਿਲਾ ਕੇ ਇਸ ਦਾ ਵਿਰੋਧ ਕੀਤਾ ਸੀ। ਕੈਪਟਨ ਨੇ ਲਾਂਘਾ ਖੁੱਲ੍ਹਣ ਤੋਂ ਬਾਅਦ ਸਿੱਧੂ ਦੀ ਪਾਕਿਸਤਾਨ ਫੇਰੀ ਅਤੇ ਉਸ ਦੇ ਸਵਾਗਤ ਨੂੰ ਵੀ ਇਮਰਾਨ ਖਾਨ ਨਾਲ ਸਾਂਝ ਨਾਲ ਜੋੜਿਆ ਸੀ। ਹੁਣ ਕੈਪਟਨ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਸਿੱਧੂ ਲਈ ਮੈਨੂੰ ਪਾਕਿਸਤਾਨ ਤੋਂ ਸਿਫਾਰਸ਼ ਆਉਂਦੀਆਂ ਰਹੀਆਂ ਹਨ। ਕੈਪਟਨ ਦੇ ਇਸ ਬਿਆਨ ਪਿੱਛੋਂ ਭਾਜਪਾ ਨੇ ਚੁੱਪ ਧਾਰੀ ਹੋਈ ਹੈ।
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਕੈਪਟਨ ਦਾ ਜ਼ੋਰ ਇਹ ਸਾਬਤ ਕਰਨ ਉਤੇ ਲੱਗਾ ਹੋਇਆ ਹੈ ਕਿ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਜ਼ਿਆਦਾਤਰ ਮੰਤਰੀ ਭ੍ਰਿਸ਼ਟ ਸਨ ਤੇ ਉਨ੍ਹਾਂ ਵੱਲੋਂ (ਕੈਪਟਨ) ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸਾਰੀ ਗੱਲ ਦੱਸਣ ਦੇ ਬਾਵਜੂਦ ਕਾਰਵਾਈ ਤੋਂ ਰੋਕ ਦਿੱਤਾ ਗਿਆ। ਕੈਪਟਨ ਵੱਲੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਰੇਤ ਮਾਫੀਆ ਨਾਲ ਸਾਂਝ ਬਾਰੇ ਵੀ ਦਾਅਵਾ ਕੀਤਾ ਜਾ ਰਿਹਾ ਹੈ।
ਅਸਲ ਵਿਚ, ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵੱਲੋਂ ਕੈਪਟਨ ਦੇ ਪੌਣੇ ਪੰਜ ਸਾਲ ਤੇ ਚਰਨਜੀਤ ਚੰਨੀ ਦੇ ਸਾਢੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੀ ਤੁਲਨਾ ਕਰਕੇ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ। ਕਾਂਗਰਸ ਵੱਲੋਂ ਪੌਣੇ ਪੰਜ ਸਾਲ ਦੀਆਂ ਨਾਲਾਇਕੀਆਂ ਨੂੰ ਕੈਪਟਨ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਕੈਪਟਨ ਨੇ ਵੀ ਮੋਰਚਾ ਸੰਭਾਲਦੇ ਹੋਏ ਹਾਈਕਮਾਨ ਦੀ ਬੇਲੋੜੀ ਦਖਲਅੰਦਾਜ਼ੀ ਤੇ ਭ੍ਰਿਸ਼ਟ ਕਾਂਗਰਸੀ ਮੰਤਰੀ ਉਨ੍ਹਾਂ ਦੇ ਪੱਲੇ ਪਾਉਣ ਦਾ ਦਾਅਵਾ ਕਰਕੇ ਆਪਣਾ ਖਹਿੜਾ ਛੁਡਾਉਣ ਦੀ ਰਣਨੀਤੀ ਬਣਾਈ ਹੋਈ ਹੈ।