ਰੂਸੀ ਫਿਲਮਾਂ ਨੇ ਜਾਦੂ ਧੂੜਿਆ…

ਬਲਰਾਜ ਸਾਹਨੀ
ਲੰਡਨ ਵਿਚ ਸ਼ੁਰੂ ਦੇ ਚਾਰ-ਪੰਜ ਮਹੀਨੇ ਰੌਣਕਾਂ ਈ ਰੌਣਕਾਂ ਵੇਖੀਆਂ। ਸਰਦੀਆਂ ਵਿਚ ਹਿਟਲਰ ਪੋਲੈਂਡ ਨੂੰ ਦਰੜ ਕੇ ਬਹਿ ਗਿਆ ਸੀ। ਫੇਰ ਅਗਲੀ ਬਹਾਰ ਸਗੋਂ ਹੁਨਾਲੇ ਤੀਕਰ ਉਸ ਨੇ ਹੋਰ ਕੋਈ ਕਦਮ ਨਾ ਚੁੱਕਿਆ। ਸਾਰਾ ਇੰਗਲੈਂਡ ਇਸ ਧੋਖੇ ਦਾ ਸ਼ਿਕਾਰ ਹੋਇਆ ਜਾਪਦਾ ਸੀ ਕਿ ਹਿਟਲਰ ਨੂੰ ਜੋ ਚਾਹੀਦਾ ਸੀ, ਉਹਨੇ ਲੈ ਲਿਆ ਸੀ, ਹੁਣ ਤਾਂ ਲੜਾਈ ਸਿਰਫ ਨਾਂ ਦੀ ਹੈ। ਲੋਕੀਂ ਚੈਨ ਦੇ ਚਿੜੇ ਉਡਾ ਰਹੇ ਸਨ।

ਚੈਂਬਰਲੇਨ-ਸਰਕਾਰ ਸੁਸਰੀ ਦੀ ਨੀਂਦਰ ਸੁੱਤੀ ਪਈ ਸੀ। ਇਤਨਾ ਧਨ-ਐਸ਼ਵਰਜ, ਇਤਨਾ ਹਾਸਾ-ਖੇੜਾ, ਇਤਨਾ ਰੱਜਿਆ-ਪੁੱਜਿਆ ਜੀਵਨ ਮੈਂ ਸੁਫਨਿਆਂ ਵਿਚ ਵੀ ਕਦੇ ਨਹੀਂ ਸੀ ਵੇਖਿਆ। ਵਧੀਆ ਜਿਊਣਾ, ਸੰਸਾਰਕ ਸੁੱਖਾਂ ਦਾ ਨਿਝੱਕ, ਬੇਰੋਕ, ਅਤੇ ਭਰਪੂਰ ਮਜ਼ਾ ਲੁਟਣਾ – ਇਹੋ ਹਰ ਕਿਸੇ ਦਾ ਜੀਵਨ ਮਨੋਰਥ ਜਾਪਦਾ ਸੀ। ਸੇਵਾਗਰਾਮ ਅਤੇ ਸ਼ਾਂਤੀ ਨਿਕੇਤਨ ਵਿਚ ਰਹਿ ਕੇ ਇਤਨਾ ਜ਼ਰੂਰ ਸਮਝ ਗਿਆ ਸਾਂ ਕਿ ਇਸ ਸਾਰੇ ਧਨ-ਐਸ਼ਵਰਜ ਨੂੰ ਸਾਡੇ ਦੇਸ਼ ਦੀ ਹੀ ਰੱਤ ਚੂਸ ਕੇ ਸਿੰਜਿਆ ਗਿਆ ਹੈ ਪਰ ਮਨ ਦੇ ਸੁਚੇਤ ਸੰਸਕਾਰਾਂ ਨਾਲੋਂ ਅਚੇਤ ਸੰਸਕਾਰ ਜ਼ਿਆਦਾ ਪਰਬਲ ਹੁੰਦੇ ਹਨ। ਹਿੰਦੋਸਤਾਨ ਵਿਚ ਸੁਨਹਿਰੀ ਵਾਲਾਂ ਵਾਲੀਆਂ ਅਪਸਰਾਵਾਂ ਦੂਰੋਂ-ਦੂਰੋਂ ਦਿਸਦੀਆਂ ਸਨ, ਇਥੇ ਭਾਵੇਂ ਝੁੱਟੀ ਮਾਰ ਕੇ ਜਿਤਨੀਆਂ ਬੋਚ ਲਓ। ਉਥੇ ਜੀਵਨ ਤੰਗੀਆਂ, ਚਿੰਤਾਵਾਂ, ਦੁਬਿਧਾਵਾਂ, ਥੁੜ੍ਹਾਂ, ਕੁਰਖਤਗੀਆਂ, ਖਿੱਚਾਂ ਤੇ ਕਲਹਿ ਨਾਲ ਭਰਿਆ ਪਿਆ ਸੀ, ਏਥੇ ਬਹੁਲਤਾਵਾਂ, ਬੇਪਰਵਾਹੀਆਂ, ਖੁੱਲ੍ਹਾਂ ਅਤੇ ਸਹੂਲਤਾਂ ਦਾ ਅੰਤ ਨਹੀਂ ਸੀ। ਵਗਦੀ ਗੰਗਾ ਵਿਚ ਨਹਾਣ ਨੂੰ ਕਿਸ ਦਾ ਜੀ ਨਹੀਂ ਲਲਚਾ ਪੈਂਦਾ!
ਏਥੇ ਮੇਰੇ ਲਈ ਉਤਮ ਦਰਜੇ ਦੀ ਕਲਾ ਨਾਲ ਵਾਕਫੀਅਤ ਹਾਸਲ ਕਰਨ ਦੇ ਵੀ ਚੰਗੇ ਮੌਕੇ ਸਨ, ਇਹ ਮੈਂ ਭੁੱਲ ਹੀ ਗਿਆ। ਮੈਂ ਨਾਟਕ ਵੇਖ ਸਕਦਾ ਸਾਂ, ਸ਼ਾਹਕਾਰ ਸੰਗੀਤ ਸੁਣ ਸਕਦਾ ਸਾਂ, ਚਿਤਰਸ਼ਾਲਾਵਾਂ ਦਾ ਅਧਿਐਨ ਕਰ ਸਕਦਾ ਸਾਂ ਪਰ ਇਹਨਾਂ ਲਈ ਮੈਨੂੰ ਵਿਹਲ ਨਹੀਂ ਸੀ। ਰੰਗ-ਰਲੀਆਂ ਮਨਾਣ ਵਿਚ ਮੇਰੀ ਤਨਖਾਹ ਦਾ ਇਤਨਾ ਵੱਡਾ ਹਿੱਸਾ ਖਰਚ ਹੋ ਜਾਂਦਾ ਸੀ ਕਿ ਸਿਨੇਮਾ ਅਤੇ ਨਾਚ-ਗਾਣੇ ਦੇ ਨਗਨ ‘ਰਿਵਯੂ’ ਵਰਗੇ ਸਸਤੇ ਤਮਾਸ਼ੇ ਵੇਖ ਕੇ ਹੀ ਮੈਂ ਸੰਤੁਸ਼ਟ ਹੋ ਜਾਂਦਾ ਸਾਂ।
ਤੇ ਫੇਰ ਅਕਸਮਾਤ ਅਸਮਾਨਾਂ ਤੋਂ ਹਿਟਲਰ ਦਾ ਕਹਿਰ ਟੁੱਟ ਪਿਆ। ਵੇਖਦਿਆਂ-ਵੇਖਦਿਆਂ ਸਭ ਖੁਸ਼ਹਾਲੀਆਂ ਨਸ਼ਟ-ਭ੍ਰਸ਼ਟ ਹੋਣ ਲਗ ਪਈਆਂ। ਜਵਾਨ ਉਮਰ ਵਿਚ ਓਸ ਤਬਾਹੀ ਦੇ ਤਾਂਡਵ ਦਾ ਵੀ ਆਪਣਾ ਨਸ਼ਾ ਸੀ ਪਰ ਜਦੋਂ ਮੌਤ ਨੇੜਿਓਂ ਆ ਕੇ ਮੁੜ-ਮੁੜ ਅੱਖਾਂ ਵਿਚ ਘੂਰਨ ਲੱਗਦੀ ਤਾਂ ਡਰ ਵੀ ਲੱਗਣ ਲੱਗ ਪੈਂਦਾ। ਡਰ ਮੌਤ ਦਾ ਇਤਨਾ ਨਹੀਂ ਸੀ, ਜਿਤਨਾ ਪਰਦੇਸ ਵਿਚ ਮਰਨ ਦਾ, ਬੇਮਤਲਬ ਮਰਨ ਦਾ। ਉਸ ਲੜਾਈ ਨਾਲ ਮੇਰਾ ਲਗਾਅ ਨਹੀਂ ਸੀ, ਨਾ ਮੇਰੇ ਦੇਸ ਦਾ। ਇਹ ਗੱਲ ਅੰਦਰ ਖਹੁ ਜਿਹੀ ਪੈਦਾ ਕੀਤੀ ਰੱਖਦੀ ਸੀ।
ਹੁਣ ਸਿਨੇਮਾ ਜਾਣ ਦਾ ਮਤਲਬ ਕੇਵਲ ਤਫਰੀਹ ਨਹੀਂ ਸੀ ਰਿਹਾ, ਮਨ ਦੀ ਚਿੰਤਾ ਅਤੇ ਘਬਰਾਹਟ ਤੋਂ ਕੁਝ ਚਿਰ ਲਈ ਨਿਜਾਤ ਲੈਣਾ ਵੀ ਲੋੜੀਂਦਾ ਸੀ। ਜਿਤਨਾ ਚਿਰ ਸਿਨੇਮਾ ਦੇ ਅੰਦਰ ਬੈਠਾ ਰਹਿੰਦਾ, ਮਨ-ਪਰਚਾਵਾ ਬਣਿਆ ਰਹਿੰਦਾ ਪਰ ਬਾਹਰ ਆ ਕੇ ਫੇਰ ਅਸਲੀਅਤ ਦੂਣੇ ਧਮਾਕੇ ਨਾਲ ਹਮਲਾ ਬੋਲ ਦੇਂਦੀ। ਕੋਈ ਵੇਲਾ ਸੀ ਜਦੋਂ ਫਿਲਮ ਵਿਚ ਵੇਖੇ ਪਰਛਾਵਿਆਂ ਦਾ ਅਸਰ ਕਿਤਨਾ-ਕਿਤਨਾ ਚਿਰ ਨਸ਼ਿਆਉਂਦਾ ਰਹਿੰਦਾ ਸੀ। ਹੁਣ ਬਾਹਰ ਆਉਂਦਿਆਂ ਸਾਰ ਉਹ ਪਰਛਾਵੇਂ ਬੇਮਤਲਬ ਅਤੇ ਫਿੱਕੇ ਮਹਿਸੂਸ ਹੋਣ ਲੱਗ ਪੈਂਦੇ। ਇੰਜ ਜਾਪਦਾ ਸੀ ਜਿਵੇਂ ਉਹ ਸਾਰਾ ਵਕਤ ਮੈਨੂੰ ਬੁੱਧੂ ਬਣਾਉਂਦੇ ਰਹੇ ਹੋਣ। ਕਦੇ ਫਿਲਮਾਂ ਨੂੰ ਮੈਂ ਇਤਨੀ ਵਡੀ ਅਹਿਮੀਅਤ ਦਿਤੀ ਹੋਈ ਸੀ, ਹੁਣ ਮੈਨੂੰ ਸਾਫ ਦਿਸ ਪਿਆ ਕਿ ਉਹ ਜੀਵਨ ਦੀਆਂ ਖਹੁਰੀਆਂ ਹਕੀਕਤਾਂ ਤੋਂ ਵਕਤੀ ਜਿਹਾ ਛੁਟਕਾਰਾ ਲੈਣ ਦਾ ਸਾਧਨ ਮਾਤਰ ਹੁੰਦੀਆਂ ਹਨ; ਸ਼ਰਾਬ, ਸਿਗਰਟ ਜਾਂ ਔਰਤਬਾਜ਼ੀ ਵਾਂਗ ਨਸ਼ਾ ਜਿਹਾ। ਕਦੇ ਫਿਲਮਾਂ ਮੇਰੀ ਨਜ਼ਰ ਵਿਚ ਆਰਟ ਸਨ, ਹੁਣ ਉਹ ਉਸ ਪੱਧਰ ਤੋਂ ਬਹੁਤ ਨੀਵੀਆਂ ਡਿੱਗ ਪਈਆਂ।
ਫੇਰ ਕੁਝ ਚਿਰ ਮਗਰੋਂ ਐਸਾ ਹਾਦਸਾ ਹੋਇਆ ਜਿਸ ਨੇ ਫੇਰ ਮੈਨੂੰ ਆਪਣੀ ਰਾਏ ਤਬਦੀਲ ਕਰਨ ਲਈ ਮਜਬੂਰ ਕਰ ਦਿਤਾ। ਰੂਸ ਹੁਣ ਲੜਾਈ ਵਿਚ ਆ ਗਿਆ ਸੀ, ਅੰਗਰੇਜ਼ਾਂ ਦਾ ਸਾਥੀ ਤੇ ਇਤਹਾਦੀ ਬਣ ਚੁੱਕਾ ਸੀ। ਟਾਟਨਹੈਮ ਕੋਰਟ ਰੋਡ ਦੇ ਇਕ ਸਿਨੇਮਾ ਵਿਚ ਰੂਸੀ ਫਿਲਮਾਂ ਵਿਖਾਈਆਂ ਜਾਣ ਲੱਗ ਪਈਆਂ।
ਪਹਿਲੀ ਫਿਲਮ ਜੋ ਮੈਂ ਵੇਖੀ ਉਸ ਦਾ ਨਾਂ ਸੀ ‘ਸਰਕਸ’। ਇਸ ਦੀ ਕਹਾਣੀ ਮੈਨੂੰ ਹੁਣ ਤਕ ਨਹੀਂ ਭੁੱਲੀ। ਅਮਰੀਕਾ ਤੋਂ ਇਕ ਸਰਕਸ ਮਾਸਕੋ ਆਉਂਦਾ ਹੈ ਜਿਸ ਦੀ ਖੇਡ ਲੋਕਾਂ ਵਿਚ ਅਤਿਅੰਤ ਮਕਬੂਲ ਹੋ ਜਾਂਦੀ ਹੈ। ਸਭ ਤੋਂ ਵਧ ਅਚੰਭੇ ਵਾਲੀ ਅਤੇ ਖਤਰਨਾਕ ਖੇਡ ਹੈ ਕੁੜੀ ਨੂੰ ਤੋਪ ਦੇ ਮੂੰਹ ਵਿਚ ਭਰ ਕੇ ਪਿਛੋਂ ਬਰੂਦ ਦਾ ਪਲੀਤਾ ਲਗਾ ਕੇ ਉਡਾ ਦੇਣਾ। ਕੁੜੀ ਉੱਡਦੀ-ਉੱਡਦੀ ਸਰਕਸ ਦੇ ਤੰਬੂ ਦੀ ਛੱਤ ਨਾਲ ਜਾ ਲਗਦੀ ਹੈ ਤੇ ਫੇਰ ਹੇਠਾਂ ਜਾਲ ਵਿਚ ਝੋਪ ਲਈ ਜਾਂਦੀ ਹੈ। ਬੜੀ ਖੂਬਸੂਰਤ ਸੀ ਉਹ ਕੁੜੀ। ਰੂਸੀ ਨੌਜਵਾਨ ਜੋ ਆਪ ਸਰਕਸ ਦਾ ਕਲਾਬਾਜ਼ ਸੀ, ਉਸ ਵਲ ਖਿੱਚਿਆ ਗਿਆ। ਉਹ ਉਹਨੂੰ ਮਿਲਣ ਦੀ ਹਰ ਸੰਭਵ ਕੋਸ਼ਸ਼ ਕਰਦਾ ਪਰ ਕੁੜੀ ਹਮੇਸ਼ਾ ਟਾਲ ਜਾਂਦੀ। ਉਹ ਕਦੇ ਆਪਣੇ ਕਮਰੇ ਵਿਚੋਂ ਬਾਹਰ ਈ ਨਹੀਂ ਸੀ ਨਿਕਲਦੀ। ਰੂਸੀ ਮੁੰਡਾ ਸਖਤ ਹੈਰਾਨ ਸੀ ਕਿ ਕਿਉਂ ਉਹ ਕੁੜੀ ਇਤਨੀ ਸ਼ਰਮਾਕਲ ਅਤੇ ਡਰੂ ਹੈ। ਇਕ ਦਿਨ ਉਹ ਚਲਾਕੀ ਨਾਲ ਚੋਰੀ ਉਹਦੇ ਕਮਰੇ ਵਿਚ ਜਾ ਵੜਿਆ। ਕੀ ਵੇਖਦਾ ਹੈ, ਉਹ ਕਾਲੇ ਸਿਆਹ ਨੀਗਰੋ ਬੱਚੇ ਨੂੰ ਛਾਤੀ ਨਾਲ ਲਾ ਕੇ ਦੁੱਧ ਪਿਆ ਰਹੀ ਹੈ। ਉਹ ਹੱਕਾ ਬੱਕਾ ਰਹਿ ਗਿਆ। ਪਹਿਲਾਂ ਤਾਂ ਕੁੜੀ ਨੇ ਉਸ ਨੂੰ ਡਾਂਟਿਆ-ਫਟਕਾਰਿਆ, ਫੇਰ ਫੁਟ-ਫੁਟ ਕੇ ਰੋਣ ਲੱਗ ਪਈ। ਉਸ ਰੂਸੀ ਮੁੰਡੇ ਵੱਲ ਉਹ ਆਪ ਵੀ ਖਿੱਚ ਮਹਿਸੂਸ ਕਰ ਰਹੀ ਸੀ, ਏਸੇ ਕਰਕੇ ਉਸ ਤੋਂ ਲੁਕਣ ਦੀ ਕੋਸ਼ਸ਼ ਕਰਦੀ ਸੀ। ਉਹਦਾ ਮਨ ਆਤਮ-ਗਲਾਨੀ ਦਾ ਸ਼ਿਕਾਰ ਸੀ। ਪਿੱਛੇ ਅਮਰੀਕਾ ਵਿਚ ਉਸ ਦਾ ਨੀਗਰੋ ਮੁੰਡੇ ਨਾਲ ਪਿਆਰ ਹੋਇਆ ਸੀ। ਦੋਵੇਂ ਬੜਾ ਲੁਕ-ਛਿਪ ਕੇ ਮਿਲਦੇ ਸਨ ਪਰ ਹਜ਼ਾਰ ਇਹਤਿਆਤ ਕਰਦਿਆਂ ਵੀ ਕੁੜੀ ਨੂੰ ਗਰਭ ਠਹਿਰ ਗਿਆ। ਭੈਭੀਤ ਹੋ ਕੇ ਉਹ ਘਰੋਂ ਨੱਠ ਗਈ। ਉਹ ਜਾਣਦੀ ਸੀ ਕਿ ਜੇ ਕਿਸੇ ਨੂੰ ਪਤਾ ਚੱਲ ਗਿਆ ਤਾਂ ਲੋਕੀਂ ਭਾਵੇਂ ਉਸ ਦੀ ਜਾਨ ਬਖਸ਼ ਦੇਣ ਪਰ ਉਸ ਦੇ ਨੀਗਰੋ ਪ੍ਰੇਮੀ ਨੂੰ ਜ਼ਰੂਰ ਜਾਨੋਂ ਮਾਰ ਛਡਣਗੇ।
ਔਖੇ ਵੇਲੇ ਇਕ ਚਲਾਕ ਆਦਮੀ ਉਸ ਦਾ ਸਹਾਇਕ ਬਣਦਾ ਹੈ ਅਤੇ ਝੂਠੇ ਸਬਜ਼ਬਾਗ ਵਿਖਾ ਕੇ ਉਸ ਨੂੰ ਇਕ ਸਰਕਸ ਦੇ ਮਾਲਕ ਅੱਗੇ ਵੇਚ ਛੱਡਦਾ ਹੈ। ਉਹ ਜ਼ਾਲਮ ਮਾਲਕ ਪਰਿਸਥਿਤੀ ਦਾ ਖੂਬ ਲਾਭ ਉਠਾਉਂਦਾ ਹੈ। ਉਹ ਉਸ ਦੁਖੀ ਕੁੜੀ ਅਤੇ ਉਸ ਦੇ ਕਾਲੇ ਕਲੂਟ ਬੱਚੇ ਨੂੰ ਸ਼ਰਨ ਤਾਂ ਅਵੱਸ਼ ਦੇਂਦਾ ਹੈ ਪਰ ਪੂਰੀ ਤਰ੍ਹਾਂ ਆਪਣਾ ਗੁਲਾਮ ਬਣਾ ਕੇ। ਉਹ ਹਰ ਵਕਤ ਉਸ ਨੂੰ ਡਰਾਉਂਦਾ ਰਹਿੰਦਾ ਹੈ ਕਿ ਜੇ ਉਸ ਨੇ ਜ਼ਰਾ ਵੀ ਬਾਹਰ ਦੀ ਦੁਨੀਆ ਵਿਚ ਕਦਮ ਧਰਿਆ ਤਾਂ ਉਹ ਉਸ ਦਾ ਰਾਜ਼ ਫਾਸ਼ ਕਰ ਦੇਵੇਗਾ, ਤੇ ਲੋਕੀਂ ਉਸ ਨੂੰ ‘ਲਿੰਚ’ ਕਰ ਦੇਣਗੇ। ਇਸੇ ਡਰਾਵੇ ਮਾਰਿਆਂ ਉਹ ਆਪਣੇ ਕਮਰੇ ਵਿਚੋਂ ਬਾਹਰ ਨਹੀਂ ਸੀ ਨਿਕਲਦੀ। ਏਸੇ ਕਰਕੇ ਉਹ ਉਸ ਰੂਸੀ ਨੌਜਵਾਨ ਦੀਆਂ ਪੇਸ਼ਕਦਮੀਆਂ ਤੋ ਡਰਦੀ ਸੀ।
ਰੂਸੀ ਨੌਜਵਾਨ ਉਸ ਦੀ ਕਰੁਣ ਕਹਾਣੀ ਸੁਣ ਕੇ ਜ਼ੋਰ ਦਾ ਹੱਸ ਪੈਂਦਾ ਹੈ। ਉਹ ਉਸ ਨੂੰ ਦੱਸਦਾ ਹੈ ਕਿ ਇਨਕਲਾਬੀ ਸੋਵੀਅਤ ਦੇਸ਼ ਵਿਚ ਕਾਲੇ-ਗੋਰੇ, ਜ਼ਾਤ-ਪਾਤ, ਊਚ-ਨੀਚ ਅਤੇ ਧਰਮ-ਮਜ਼ਹਬ ਦੇ ਸਭ ਵਿਤਕਰੇ ਸਦਾ ਲਈ ਖਤਮ ਹੋ ਚੁੱਕੇ ਹਨ, ਸਭ ਇਨਸਾਨ ਮੁਕੰਮਲ ਤੌਰ ਤੇ ਬਰਾਬਰ ਹਨ। ਉਹਨੂੰ ਏਥੇ ਕਿਸੇ ਕਿਸਮ ਦਾ ਡਰ ਨਹੀਂ।
ਕੁੜੀ ਨੂੰ ਯਕੀਨ ਨਹੀਂ ਆਉਂਦਾ ਕਿ ਕੋਈ ਗੋਰੀ ਕੌਮ ਕਦੇ ਕਾਲੀ ਨਸਲ ਦੇ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇ ਸਕਦੀ ਹੈ। ਝਕ-ਝਕ ਅਤੇ ਲੁਕ-ਲੁਕ ਕੇ ਉਹ ਮੁੰਡੇ ਨਾਲ ਮਾਲਕ ਤੋਂ ਚੋਰੀ ਮਾਸਕੋ ਸ਼ਹਿਰ ਵਿਚ ਫਿਰਦੀ-ਤੁਰਦੀ ਹੈ। ਉਹਨੂੰ ਗਿਆਨ ਹੁੰਦਾ ਹੈ ਕਿ ਮੁੰਡਾ ਦਰਅਸਲ ਸੱਚ ਕਹਿ ਰਿਹਾ ਸੀ। ਉਹ ਉਸ ਦੇ ਮਾਂ-ਬਾਪ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਪਹਿਲਾਂ ਤੋਂ ਪਤਾ ਹੈ ਕਿ ਉਹ ਕਾਲੇ ਬੱਚੇ ਦੀ ਮਾਂ ਹੈ। ਉਹਨਾਂ ਤੋਂ ਵੀ ਉਸ ਨੂੰ ਅਤੇ ਉਸ ਦੇ ਬੱਚੇ ਨੂੰ ਰਜਵਾਂ ਪਿਆਰ ਤੇ ਮਾਣ ਮਿਲਦਾ ਹੈ। ਹੌਲੀ-ਹੌਲੀ ਕੁੜੀ ਵਿਚ ਹਿੰਮਤ ਆ ਜਾਂਦੀ ਹੈ। ਕੁਝ ਦਿਨਾਂ ਅੰਦਰ ਹੀ ਦੋਵਾਂ ਦੀ ਦੋਸਤੀ ਪ੍ਰੇਮ ਵਿਚ ਬਦਲ ਜਾਂਦੀ ਹ, ਅਤੇ ਉਹ ਨਿਧੜਕ ਸਰਕਸ ਦੇ ਮਾਲਕ ਕੋਲ ਜਾ ਕੇ ਆਪਣੇ ਸ਼ਾਦੀ ਕਰਨ ਦੇ ਫੈਸਲੇ ਦਾ ਐਲਾਨ ਕਰ ਦੇਂਦੇ ਹਨ ਜਿਸ ਦਾ ਅੰਤਰ-ਰਾਸ਼ਟਰੀ ਕਾਨੂੰਨ ਅਨੁਸਾਰ ਉਹ ਕੋਈ ਵਿਰੋਧ ਨਹੀਂ ਕਰ ਸਕਦਾ।
ਅਮਰੀਕਨ ਸਰਕਸ ਚਲੀ ਜਾਂਦੀ ਹੈ। ਕੁੜੀ-ਮੁੰਡਾ ਦੋਵੇਂ ਹੁਣ ਇਕ ਰੂਸੀ ਸਰਕਸ ਵਿਚ ਕੰਮ ਕਰਨ ਲਗ ਜਾਂਦੇ ਹਨ; ਤੇ ਫਿਲਮ ਦੇ ਅਖੀਰ ਵਿਚ ਵਿਖਾਇਆ ਜਾਂਦਾ ਹੈ ਕਿ ਕਿਵੇਂ ਉਸ ਕੁੜੀ ਦਾ ਨੀਗਰੋ ਬਾਲ ਨਾ ਕੇਵਲ ਸਰਕਸ ਦੇ ਸਾਥੀਆਂ ਦਾ ਸਗੋਂ ਸਾਰੇ ਮਾਸਕੋ, ਸਾਰੇ ਰੂਸ, ਸਾਰੇ ਸੋਵੀਅਤ ਯੂਨੀਅਨ ਦੀਆਂ ਕੌਮਾਂ – ਉਜ਼ਬੇਕ, ਤਾਜਿਕ, ਤੁਰਕਮਾਨੀ, ਮੰਗੋਲੀ, ਆਰਮੀਨੀ ਆਦਿ ਦੀਆਂ ਅੱਖਾਂ ਦਾ ਤਾਰਾ ਬਣ ਜਾਂਦਾ ਹੈ। ਇਹ ਅਖੀਰਲਾ ਸੀਨ ਇਤਨੇ ਕਮਾਲ ਦੇ ਅੰਦਾਜ਼ ਨਾਲ ਵਿਖਾਇਆ ਗਿਆ ਸੀ ਕਿ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ।
ਇਸ ਫਿਲਮ ਦਾ ਮੇਰੇ ਉਪਰ ਕਿਤਨਾ ਡੂੰਘਾ ਪ੍ਰਭਾਵ ਪਿਆ ਕਿ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਜਦੋਂ ਬਾਹਰ ਨਿਕਲਿਆ ਤਾਂ ਹਵਾਈ ਹਮਲੇ ਦਾ ਸਾਇਰਨ ਵੱਜ ਚੁੱਕਿਆ ਸੀ। ਘੁੱਪ ਹਨੇਰੇ ਵਿਚ ਮੇਰੀਆਂ ਅੱਖਾਂ ਅਤੇ ਮੂੰਹ ਨੂੰ ਹਵਾ ਵਿਚ ਕੁਝ ਚੁੱਭਦਾ-ਚੁੱਭਦਾ ਮਹਿਸੂਸ ਹੋਇਆ। ਵਾਲਾਂ ਵਿਚ ਵੀ ਕੱਚ ਦੇ ਨਿੱਕੇ-ਨਿੱਕੇ ਟੁਕੜਿਆਂ ਭਰੀ ਮਿੱਟੀ ਡਿੱਗ ਰਹੀ ਸੀ। ਕਿਤੇ ਨੇੜੇ ਹੀ ਬੰਬ ਡਿੱਗਿਆ ਸੀ ਸ਼ਾਇਦ ਪਰ ਮੈਂ ਇਹਨਾਂ ਸਾਰੀਆਂ ਕੁਲਫਤਾਂ ਤੋਂ ਬੇਖਬਰ ਸਾਂ। ਮੇਰੇ ਅੰਦਰ ਅਜੀਬ ਅਹਿਸਾਸ ਠਾਠਾਂ ਮਾਰ ਰਿਹਾ ਸੀ। ਇਨਸਾਨ ਕਿਤਨਾ ਮਹਾਨ ਹੈ। ਜ਼ਿੰਦਗੀ ਕਿਤਨੀ ਮਹਾਨ ਹੈ ਤੇ ਕਿਤਨੀ ਜਿਊਣਯੋਗ ਹੈ, ਮੈਂ ਆਪਣੇ ਅੰਦਰ ਫੌਲਾਦ ਜਿਹਾ ਮਹਿਸੂਸ ਕਰ ਰਿਹਾ ਸਾਂ। ਮੇਰੇ ਸਾਰੇ ਡਰ-ਭੌ ਲਹਿ ਗਏ ਸਨ।
ਇਹ ਪ੍ਰਭਾਵ ਅਮਰੀਕਨ ਫਿਲਮਾਂ ਦੇ ਪ੍ਰਭਾਵ ਤੋਂ ਇਕਦਮ ਉਲਟ ਸੀ। ਅਮਰੀਕਨ ਫਿਲਮਾਂ ਇਨਸਾਨ ਨੂੰ ਘਟੀਆ, ਆਪਣੀਆਂ ਪਰਿਸਥਿਤੀਆਂ ਅਤੇ ਬਿਰਤੀਆਂ ਦਾ ਗੁਲਾਮ ਵਿਖਾਉਂਦੀਆ ਸਨ, ਤੇ ਉਸ ਦੀਆਂ ਅੰਦਰੂਨੀ ਤਾਕਤਾਂ ਦੇ ਨਹੀਂ, ਉਸ ਦੀਆਂ ਕਮਜ਼ੋਰੀਆਂ ਦੇ ਰਾਗ ਅਲਾਪਦੀਆਂ ਸਨ।
ਦੋ-ਤਿੰਨ ਦਿਨਾਂ ਪਿਛੋਂ ਇਸ ਫਿਲਮ ਨੂੰ ਦੁਬਾਰਾ ਵੇਖਣ ਦੀ ਮੇਰੀ ਇੱਛਾ ਹੋਈ। ਜਦੋਂ ਮੈਂ ਹਾਲ ਵਿਚ ਵੜਿਆ ਤਾਂ ਫਿਲਮ ਸ਼ੁਰੂ ਹੋ ਚੁੱਕੀ ਸੀ। ਮੈਂ ਨਹੀਂ ਵੇਖ ਸਕਿਆ ਕਿ ਮੇਰੇ ਆਲੇ-ਦੁਆਲੇ ਕੌਣ ਬੈਠੇ ਹੋਏ ਸਨ ਪਰ ਜਦੋਂ ਫਿਲਮ ਖਤਮ ਹੋਈ ਅਤੇ ਰੌਸ਼ਨੀਆਂ ਜਗੀਆਂ ਤਾਂ ਮੈਂ ਵੇਖਿਆ, ਫੌਜੀ ਵਰਦੀਆਂ ਪਾਈ ਅਮਰੀਕਨ ਨੀਗਰੋ ਸਿਪਾਹੀਆਂ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ। ਉਹਨਾਂ ਦੇ ਚਿਹਰਿਆਂ ਉਪਰ ਵੀ ਉਹੀ ਚਮਕ ਸੀ ਜੋ ਮੈਂ ਆਪਣੇ ਚਿਹਰੇ ਉਤੇ ਮਹਿਸੂਸ ਕਰ ਰਿਹਾ ਸਾਂ। ਉਹਨਾਂ ਨਾਲ ਵੀ ਆਪਣੇ ਦੇਸ ਵਿਚ ਉਸੇ ਕਿਸਮ ਦਾ ਸਲੂਕ ਹੁੰਦਾ ਸੀ ਜੋ ਕਾਲੇ ਆਦਮੀ ਦੀ ਹੈਸੀਅਤ ਵਿਚ ਮੈਂ ਸਹਿੰਦਾ ਆਇਆ ਸਾਂ।
ਉਹਨਾਂ ਅਮਰੀਕਨ ਨੀਗਰੋ ਸਿਪਾਹੀਆਂ ਦੀ ਭਾਰੀ ਸੰਖਿਆ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਜੇ ਇਹ ਰੂਸੀ ਫਿਲਮ ‘ਪ੍ਰਾਪੇਗੰਡਾ’ ਸੀ ਤਾਂ ਉਸ ਪ੍ਰਾਪੇਗੰਡੇ ਵਿਚ ਬੜੀ ਸਚਿਆਈ ਸੀ। ਮੈਨੂੰ ਉਦੋਂ ਅਹਿਸਾਸ ਹੋਇਆ ਕਿ ਪ੍ਰਾਪੇਗੰਡਾ ਝੂਠਾ ਵੀ ਹੋ ਸਕਦਾ ਹੈ ਤੇ ਸੱਚਾ ਵੀ। ਪ੍ਰਾਪੇਗੰਡਾ ਹਰ ਹਾਲਤ ਵਿਚ ਬੁਰੀ ਚੀਜ਼ ਨਹੀਂ, ਉਹ ਚੰਗੀ ਚੀਜ਼ ਵੀ ਹੋ ਸਕਦਾ ਹੈ। ਉਸ ਤੋਂ ਬਾਅਦ ਜਿਹੜੀ ਵੀ ਰੂਸੀ ਫਿਲਮ ਉਸ ਸਿਨੇਮਾ ਵਿਚ ਆਉਂਦੀ, ਮੈਂ ਉਸ ਨੂੰ ਜ਼ਰੂਰ ਵੇਖਣ ਜਾਂਦਾ ਕਿਉਂਕਿ ਉਹ ਮੈਨੂੰ ਘੱਟ ਤੋਂ ਘੱਟ ਕੁਝ ਦਿਨਾਂ ਲਈ ਡਰ ਤੋਂ ਨਿਜਾਤ ਦਿਵਾ ਦੇਂਦੀ ਸੀ। ਉਹ ਫਿਲਮਾਂ ਵੇਖ ਕੇ ਮੇਰਾ ਮਨੁੱਖਤਾ ਵਿਚ ਵਿਸ਼ਵਾਸ ਵਧਦਾ ਸੀ। ਮੈਂ ਬਲਵਾਨ ਹੋ ਜਾਂਦਾ ਸਾਂ। ‘ਅਲੈਗਜ਼ਾਂਡਰ ਨੈਵਸਕੀ’, ‘ਬੈਟਲਸ਼ਿਪ ਪੋਟਾਮਕਿਨ’, ‘ਬਾਲਟਿਕ ਡੈਪਯੂਟੀ’, ‘ਚੇਪਾਯੇਵ’, ‘ਸ਼ਾਰਜ਼’, ‘ਮਾਂ’, ‘ਗੋਰਕੀ ਦੀ ਜੀਵਨ ਕਥਾ’, ‘ਵਾਲਗਾ-ਵਾਲਗਾ’ ਅਤੇ ਕਿਤਨੀਆਂ ਹੋਰ ਰੂਸੀ ਫਿਲਮਾਂ ਮੈਂ ਵੇਖੀਆਂ।
ਮੈਨੂੰ ਸੋਵੀਅਤ ਫਿਲਮ ਕਲਾ ਬਾਰੇ ਹੋਰ ਜਾਣਨ ਦੀ ਖਾਹਸ਼ ਪੈਦਾ ਹੋਈ। ਮੈਂ ਕਿਤਾਬਾਂ ਪੜ੍ਹੀਆਂ ਅਤੇ ਮੈਨੂੰ ਪਤਾ ਲੱਗਾ ਕਿ ਇਹ ਫਿਲਮਾਂ ਕੇਵਲ ਮੈਨੂੰ ਹੀ ਚੰਗੀਆਂ ਨਹੀਂ ਸਨ ਲੱਗੀਆਂ ਸਗੋਂ ਸੰਸਾਰ ਭਰ ਦੇ ਫਿਲਮਕਾਰਾਂ ਨੇ ਮੁਕਤ-ਕੰਠ ਨਾਲ ਉਹਨਾਂ ਦੀ ਪ੍ਰਸੰਸਾ ਕੀਤੀ ਸੀ ਅਤੇ ਉਹਨਾਂ ਨੂੰ ਫਿਲਮੀ ਇਤਿਹਾਸ ਵਿਚ ਸ਼ਾਹਕਾਰ ਫਿਲਮਾਂ ਦਾ ਦਰਜਾ ਦਿੱਤਾ ਸੀ। ਮੈਂ ਆਈਜ਼ਨਸਟਾਈਨ, ਪੁਦਾਵਕਿਨ ਆਦਿ ਦੇ ਨਾਵਾਂ ਤੋਂ ਵਾਕਫ ਹੋਇਆ। ਚਰਖਾਸੋਵ ਦੀ ਐਕਟਿੰਗ ਦਾ ਮੈਂ ਦਿਲੋਂ-ਮਨੋਂ ਸ਼ੈਦਾਈ ਹੋ ਗਿਆ। ਉਦੋਂ ਮੈਨੂੰ ਕਲਪਨਾ ਵੀ ਨਹੀਂ ਸੀ ਹੋ ਸਕਦੀ ਕਿ ਇਕ ਦਿਨ ਮੈਂ ਆਪ ਚਰਖਾਸੋਵ ਅਤੇ ਪੁਦਾਵਕਿਨ ਦੇ ਦੇਸ਼ ਜਾਵਾਂਗਾ ਤੇ ਜਿਵੇਂ ਮੈਂ ਉਹਨਾਂ ਦੀਆਂ ਫਿਲਮਾਂ ਵੇਖੀਆਂ ਹਨ, ਉਹ ਵੀ ਮੇਰੀ ਫਿਲਮ ‘ਦੋ ਬੀਘਾ ਜ਼ਮੀਨ’ ਵੇਖਣਗੇ ਤੇ ਉਤਨੀ ਹੀ ਤਾਰੀਫ ਕਰਨਗੇ ਅਤੇ ਉਹ ਵੀ ਹਿੰਦੁਸਤਾਨ ਆਉਣਗੇ ਤੇ ਅਸੀਂ ਇਕ-ਦੂਜੇ ਨੂੰ ਗਲਵਕੜੀ ਪਾ ਸਕਾਂਗੇ।
ਇਸ ਤਰ੍ਹਾਂ ਸੋਵੀਅਤ ਯੂਨੀਅਨ ਨਾਲ, ਮਾਰਕਸਵਾਦ ਤੇ ਲੈਨਿਨਵਾਦ ਨਾਲ, ਮੇਰੀ ਪਛਾਣ ਪਹਿਲਾਂ ਫਿਲਮਾਂ ਰਾਹੀਂ ਹੀ ਹੋਈ। ਮੈਂ ਉਸ ਦੇਸ਼ ਬਾਰੇ ਜਾਣਨ ਲਈ ਉਤਸੁਕ ਹੋ ਗਿਆ ਜਿਹੜਾ ਇਤਨੀਆਂ ਵਧੀਆ ਫਿਲਮਾਂ ਬਣਾਉਂਦਾ ਸੀ। ਅਮਰੀਕਨ ਫਿਲਮਾਂ ਬਾਰੇ ਮੇਰਾ ਤਲਿੱਸਮ ਉਤਰ ਗਿਆ। ਉਹ ਮੈਨੂੰ ਸੋਵੀਅਤ ਫਿਲਮਾਂ ਦੇ ਮੁਕਾਬਲੇ ਫਿੱਕੀਆਂ ਤੇ ਘਟੀਆ ਜਾਪਣ ਲਗ ਪਈਆਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਹੁਣ ਵੀ ਹਰ ਸੋਵੀਅਤ ਫਿਲਮ ਨੂੰ ਸ਼ਾਹਕਾਰ ਮੰਨਦਾ ਹਾਂ।
ਅਜੀਬ ਜਿਹੀ ਗੱਲ ਹੈ ਕਿ ਲੜਾਈ ਤੋਂ ਬਾਅਦ ਦੇ ਜ਼ਮਾਨੇ ਵਿਚ ਸੋਵੀਅਤ ਫਿਲਮਾਂ ਦਾ ਮਿਆਰ ਇਕਦਮ ਡਿੱਗ ਗਿਆ ਸੀ, ਅਤੇ ਇਸ ਗੱਲ ਨੂੰ ਰੂਸੀ ਵੀ ਮੰਨਦੇ ਹਨ। ਉਹ ਇਸ ਦਾ ਦੋਸ਼ ਸਟਾਲਿਨ ਦੀ ਧੱਕੇਸ਼ਾਹੀ ਨੂੰ ਦੇਂਦੇ ਹਨ। ਇਸ ਵਿਚ ਕਿਤਨਾ ਕੁ ਸੱਚ ਹੈ, ਉਹੋ ਜਾਣਨ; ਮੇਰਾ ਆਪਣਾ ਅਨੁਭਵ ਇਹ ਹੈ ਕਿ ਜਿਤਨਾ ਪ੍ਰਭਾਵ ਮੇਰੇ ਉਪਰ ਸੋਵੀਅਤ ਫਿਲਮਾਂ ਦਾ ਉਦੋਂ ਪਿਆ ਸੀ, ਉਹ ਅੱਜ ਕੱਲ੍ਹ ਦੀਆਂ ਸੋਵੀਅਤ ਫਿਲਮਾਂ ਦਾ ਨਹੀਂ ਪੈਂਦਾ ਪਰ ਇਸ ਵਿਚ ਵੀ ਸ਼ੱਕ ਨਹੀਂ ਕਿ ਜਿਤਨੀਆਂ ਸੋਵੀਅਤ ਫਿਲਮਾਂ ਵੇਖਣ ਦਾ ਮੌਕਾ ਮੈਨੂੰ ਲੰਡਨ ਵਿਚ ਮਿਲਦਾ ਸੀ, ਉਹ ਅੱਜ ਕੱਲ੍ਹ ਹਿੰਦੋਸਤਾਨ ਵਿਚ ਨਹੀਂ ਮਿਲਦਾ। ਏਸ ਲਈ, ਹੋ ਸਕਦਾ ਹੈ ਕਿ ਮੇਰਾ ਅਨੁਮਾਨ ਗਲਤ ਵੀ ਹੋਵੇ। (ਚੱਲਦਾ)